Share on Facebook

Main News Page

ਖਾਲਸਾ ਪੰਥ ਹੁਣ ਜਥੇਦਾਰ ਗੁਰਬਚਨ ਸਿੰਘ ਨੂੰ ‘‘ਨਰਸਿੰਘ ਅਵਤਾਰ’’ ਦੇ ਖਿਤਾਬ ਨਾਲ ਸਨਮਾਨਿਤ ਕਰੇ !
-: ਗੁਰਿੰਦਰਪਾਲ ਸਿੰਘ ਧਨੌਲਾ 93161 76519

ਪਿਛਲੇ ਕੁੱਝ ਦਿਨਾਂ ਤੋਂ ਮੈਂ (ਦਾਸ ਲੇਖਕ) ਇੱਕ ਬੜੀ ਉਲਝਣ ਤਾਣੀ ਵਿੱਚ ਫਸਿਆ ਹੋਇਆ ਸੀ ਅਤੇ ਹਰ ਵੇਲੇ ਮਨ ਵਿੱਚ ਇੱਕ ਚਿੰਤਾ ਸੀ ਕਿ ਸਾਡੇ ਅਪੰਥਕ ਨਿਜ਼ਾਮ ਦਾ ਕੋਈ ਪਤਾ ਨਹੀਂ, ਕਿਸ ਵੇਲੇ ਜਥੇਦਾਰਾਂ ਦੀ ਬਲੀ ਦੇ ਦਿੰਦਾ ਹੈ, ਅਤੇ ਜਥੇਦਾਰ ਨੂੰ ਏਨਾਂ ਵੀ ਮੌਕਾ ਨਹੀਂ ਦਿੱਤਾ ਜਾਂਦਾ ਕਿ ਉਹ ਆਪਣਾ ਕਪੜਾ ਲੀੜਾ ਜਾਂ ਕੋਈ ਹੋਰ ਲੋੜੀਂਦੀ ਆਪਣੀ ਵਸਤੂ ਚੁੱਕ ਸਕਣ, ਹਾਲੇ ਮਤੇ ਉੱਤੇ ਦਸਖਤ ਹੋਣੇ ਹੁੰਦੇ ਹਨ, ਇਧਰ ਟਾਸਕ ਫੋਰਸ ਜਥੇਦਾਰ ਦੇ ਬਿਸਤਰੇ ਵਿੱਚ ਰੱਸੀ ਪਾਈ ਜਾਂਦੀ ਹੁੰਦੀ ਅਤੇ ਜਿਉਂ ਹੀ ਕੋਈ ਮੋਬਾਇਲ ਫੋਨ ਉੱਤੇ ਦੱਸਦਾ ਹੈ ਕਿ ਹੋ ਗਿਆ ਕੰਮ, ਤਾਂ ਜਥੇਦਾਰ ਦਾ ਬਿਸਤਰਾ ਗਲੀ ਵਿੱਚ ਪਿਆ ਹੁੰਦਾ ਹੈ ਅਤੇ ਉਸ ਰਹਾਇਸ਼ ਨੂੰ ਕੱਚੀ ਲੱਸੀ ਨਾਲ ਧੋਣ ਲੱਗ ਪੈਂਦੇ ਹਨ ਤਾਂ ਕਿ ਨਵੇ ਜਥੇਦਾਰ ਦਾ ਸਵਾਗਤ ਕੀਤਾ ਜਾ ਸਕੇ।

ਇਹ ਕੋਈ ਪਤਾ ਨਹੀਂ ਹੁੰਦਾ ਕਿ ਕਿਸ ਦੀ ਵਾਰੀ ਕਦੋ ਆ ਜਾਣੀ ਹੈਬੇਸ਼ੱਕ ਅੱਜ ਜਥੇਦਾਰ ਗੁਰਬਚਨ ਸਿੰਘ ਦੀਆਂ ਚੰਮ ਦੀਆਂ ਚੱਲਦੀਆਂ ਹਨ, ਕੋਈ ਵੀ ਵੱਡਾ ਆਕੀ ਖਾਂ ਰਾਹ ਨਹੀਂ ਰੋਕ ਸਕਦਾ। ਸਾਰੇ ਪਾਸੇ ਬਹੁਤ ਵਾਹ ਵਾਹ ਹੋ ਰਹੀ ਹੈ। ਇਸ ਕਰਕੇ ਮੈਂ ਚਿੰਤਤ ਸੀ ਕਿ ਜਥੇਦਾਰ ਜੀ ਨੂੰ ਵੀ ਕੋਈ ਖਿਤਾਬ ਤਾ ਪੰਥ ਵੱਲੋਂ ਇਸ ਰੁਤਬੇ ਉਤੇ ਹੁੰਦਿਆਂ ਜਰੁਰ ਮਿਲਣਾ ਚਾਹੀਦਾ ਹੈ, ਕਿਉਂਕਿ ਜੋ ਸੇਵਾਵਾਂ ਉਹਨਾਂ ਨੇ ਨਿਭਾਈਆਂ ਹਨ, ਉਹ ਪਹਿਲਾਂ ਕਿਸੇ ਜਥੇਦਾਰ ਨੇ ਨਹੀਂ ਨਿਭਾਈਆਂ। ਅੱਜ ਤੱਕ ਇਤਿਹਾਸ ਗਵਾਹ ਹੈ ਕਿ ਅਕਾਲੀਆਂ ਨੇ ਕਿੰਨੇ ਮੋਰਚੇ ਲਾਏ, ਕਿੱਡੇ ਮਹਾਬਲੀ ਅਕਾਲੀ ਦਲ ਦੇ ਪ੍ਰਧਾਨ ਰਹੇ ਚੁੱਕੇ ਹਨ, ਕਦੇ ਚੱਜ ਨਾਲ ਕਿਸੇ ਅਕਾਲੀ ਪ੍ਰਧਾਨ ਨੂੰ ਜਥੇਦਾਰ ਅਕਾਲ ਤਖਤ ਸਾਹਿਬ ਪਾਸੋਂ ਸਿਰਪਾਓ ਵੀ ਨਸੀਬ ਨਹੀਂ ਹੋਇਆ ਸੀ, ਲੇਕਿਨ ਇਹ ਜਥੇਦਾਰ ਗਰੁਬਚਨ ਸਿੰਘ ਦੀ ਹੀ ਹਿੰਮਤ ਹੈ ਕਿ ਸਾਰੀ ਕੌਮ ਦੀਆਂ ਭਾਵਨਾਵਾਂ ਦੀ ਪ੍ਰਵਾਹ ਕੀਤੇ ਬਿਨਾਂ, ਉਹਨਾਂ ਨੇ ਕਾਲੀ (ਅਕਾਲੀ) ਦਲ ਬਾਦਲ ਦੇ ਪ੍ਰਧਾਨ ਨੂੰ ਫਖਰ-ਏ-ਕੌਮ ਦੇ ਖਿਤਾਬ ਨਾ ਨਿਵਾਜਿਆ ਹੈ। ਸਿੱਖ ਕੌਮ ਦੀ ਦੇਸ਼ ਵਿਦੇਸ਼ ਵਿੱਚ ਕਿੰਨੀ ਇਜ਼ਤ ਬਣੀ ਹੈ ਕਹਿਣ ਸੁਨਣ ਤੋਂ ਹੀ ਪਰੇ ਹੈ।

ਜਥੇਦਾਰ ਗੁਰਬਚਨ ਸਿੰਘ ਨੇ ਹੁਕਮਨਾਮਾ ਜਾਰੀ ਕੀਤਾ ਸੀ ਸੌਦਾ ਸਾਧ ਨਾਲ ਰੋਟੀ ਬੇਟੀ ਦੀ ਸਾਂਝ ਨਹੀਂ ਪਾਉਣੀ, ਹੁਣ ਸਾਰਾ ਸਿੱਖ ਜਗਤ ਜਾਣਦਾ ਹੈ ਕਿ ਕਦੇ ਸ. ਬਾਦਲ ਨੇ ਅਕਾਲੀ ਦਲ ਦੇ ਪ੍ਰਧਾਨ ਹੁੰਦਿਆਂ, ਦੱਸੋ ਜੇ ਸੌਦਾ ਸਾਧ ਦੀ ਰੋਟੀ ਖਾਧੀ ਹੋਵੇ, ਸਿਰਫ ਵੋਟਾਂ ਹੀ ਖਾਂਦੇ ਹਨ ਅਤੇ ਮਜਾਲ ਹੈ ਕਦੇ ਜਥੇਦਾਰ ਜੀ ਨੂੰ ਇਸ ਦੀ ਕੋਈ ਸ਼ਕਾਇਤ ਹੋਈ ਹੋਵੇ, ਇਸ ਤਰਾਂ ਦਾ ਸਾਉ ਜਥੇਦਾਰ ਕਦੇ ਕੌਮ ਨੂੰ ਨਹੀਂ ਮਿਲ ਸਕਦਾ, ਜਿਸ ਨੇ ਕਦੇ ਕਾਲੀ (ਅਕਾਲੀ) ਦਲ ਦੀਆਂ ਵੋਟਾਂ ਖਰਾਬ ਨਹੀਂ ਕੀਤੀਆਂ, ਬੇਸ਼ੱਕ ਪੰਥ ਨੂੰ ਸਾਹ ਆਵੇ ਜਾ ਨਾ ਆਵੇ। ਇਹ ਵੱਖਰੀ ਗੱਲ ਹੈ ਕਿਤੇ ਵੀ ਕੋਈ ਸਿੱਖ ਭੇਖ ਵਿੱਚ ਬੈਠਾ, ਸਿੱਖੀ ਦੀਆਂ ਜੜਾਂ ਵੱਢ ਰਿਹਾ ਹੋਵੇ ਜਥੇਦਾਰ ਜੀ ਨੇ ਕਦੇ ਮਾੜਾ ਨਹੀਂ ਆਖਿਆ, ਸਗੋਂ ਅਜਿਹੇ ਡੇਰੇਨੁਮਾ ਗੁਰਦਵਾਰਿਆਂ ਵਿੱਚ ਜਾਕੇ ਕਿੰਨਾਂ ਮਾਨ ਸਨਮਾਨ ਪ੍ਰਾਪਤ ਕੀਤਾ ਹੈ, ਇਸ ਕਰਕੇ ਸਿਰਫ ਸਿੱਖਾਂ ਵਿੱਚ ਹੀ ਨਹੀਂ ਸਗੋਂ ਅਕਾਲ ਤਖਤ ਸਾਹਿਬ ਵੱਲੋਂ ਪ੍ਰਵਾਨਿਤ ਰਹਿਤ ਮਰਯਾਦਾ ਨੂੰ ਨਾ ਮੰਨਨ ਵਾਲੇ ਡੇਰੇਦਾਰ ਵੀ ਜਥੇਦਾਰ ਸਾਹਿਬ ਦੇ ਸੋਹਲੇ ਗਾਉਂਦੇ ਹਨ।

ਦੂਸਰਾ ਵੱਡਾ ਕਾਰਜ਼ ਹੁਣੇ ਹੁਣ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸ. ਅਵਤਾਰ ਸਿੰਘ ਮੱਕੜ ਜੀ ਦੀਆਂ ਕੌਮ ਪ੍ਰਤੀ ਸੇਵਾਵਾਂ ਨੂੰ ਧਿਆਨ ਵਿੱਚ ਰੱਖਦਿਆਂ ਉਹਨਾਂ ਨੂੰ "ਸ਼੍ਰੋਮਣੀ ਸੇਵਕ" ਦਾ ਖਿਤਾਬ ਦੇ ਕੇ ਨਿਵਾਜਸ਼ ਕੀਤੀ ਹੈ। ਸ. ਮੱਕੜ ਅਜਿਹੇ ਪਹਿਲੇ ਪ੍ਰਧਾਨ ਹਨ, ਜਿਹਨਾਂ ਨੂੰ ਏਡਾ ਵੱਡਾ ਖਿਤਾਬ ਹਾਸਿਲ ਹੋਇਆ ਹੈ। ਇਸ ਤੋਂ ਪਹਿਲਾਂ ਜਥੇਦਾਰ ਗੁਰਚਰਨ ਸਿੰਘ ਟੌਹੜਾ ਸਤਾਈ ਵਰੇ ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਕਰਦੇ ਰਹੇ ਹਨ, ਪਰ ਕਦੇ ਉਹਨਾਂ ਨੂੰ ਕਿਸੇ ਅਕਾਲ ਤਖਤ ਦੇ ਜਥੇਦਾਰ ਨੇ ਇਸ ਯੋਗ ਨਹੀਂ ਸਮਝਿਆ। ਇਹ ਜਥੇਦਾਰ ਗੁਰਬਚਨ ਸਿੰਘ ਦੀ ਪਾਰਖੂ ਅੱਖ਼ ਦਾ ਕ੍ਰਿਸ਼ਮਾ ਹੈ ਕਿ ਮੱਕੜ ਸਾਹਬ ਦੀ ਸੇਵਾ ਪ੍ਰਵਾਨ ਚੜੀ ਹੈ। ਜਥੇਦਾਰ ਟੌਹੜਾ ਨੂੰ ਤਾਂ ਅਕਾਲ ਚਲਾਣੇ ਪਿੱਛੋਂ ਮਸਾਂ "ਪੰਥ ਰਤਨ" ਜੁੜਿਆ ਸੀ, ਜਿਉਂਦੇ ਜੀ ਅਜਿਹਾ ਮਾਨ ਮਿਲਣਾ ਵੱਡੇ ਭਾਗਾਂ ਦੀ ਨਿਸ਼ਾਨੀ ਹੀ ਨਹੀਂ, ਸਗੋਂ ਕੌਮ ਦੀ ਅਗਵਾਈ ਯੋਗ ਹੱਥਾਂ ਵਿੱਚ ਹੋਣ ਦਾ ਸੰਕੇਤ ਵੀ ਮਿਲਦਾ ਹੈ।

ਵੱਡੀ ਕੁਰਬਾਨੀ ਦੇ ਪੁੰਜ, ਭਾਈ ਰਣਜੀਤ ਸਿੰਘ ਵਰਗੇ ਵੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਰਹਿ ਚੁੱਕੇ ਹਨ ਅਤੇ ਉਹਨਾਂ ਦੀ ਜਥੇਦਾਰੀ ਵਿੱਚ ਬੇਸ਼ੱਕ ਕਿੰਨੇ ਵੀ ਵਧੀਆ ਪੰਥਕ ਕਾਰਜ਼ ਕਿਉਂ ਨਾ ਹੋਏ ਹੋਣ, ਲੇਕਿਨ ਇਹ ਸਿਰਫ ਤੇ ਸਿਰਫ ਜਥੇਦਾਰ ਗੁਰਬਚਨ ਸਿੰਘ ਜੀ ਦੇ ਹਿੱਸੇ ਹੀ ਆਇਆ ਹੈ ਕਿ ਉਹਨਾਂ ਨੇ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਪ੍ਰੋਫੈਸਰ ਦਰਸ਼ਨ ਸਿੰਘ ਨੂੰ ਪੰਥ ਵਿਚੋਂ ਛੇਕ ਕੇ ਭਾਰਤੀ ਨਿਜ਼ਾਮ ਦੀ ਖੁਸ਼ੀ ਹਾਸਲ ਕੀਤੀ ਹੈ, ਕਿਸੇ ਵੀ ਵਿਦਵਾਨ ਨੂੰ ਅੱਜ ਤੱਕ ਜਥੇਦਾਰ ਗੁਰਬਚਨ ਸਿੰਘ ਨੇ ਸਿਰ ਨਹੀਂ ਚੁੱਕਣ ਦਿੱਤਾ, ਇਹ ਵੀ ਕਿਸੇ ਐਰੇ ਗੈਰੇ ਨੱਥੁ ਖੈਰੇ ਦਾ ਕੰਮ ਨਹੀਂ, ਅਜਿਹੇ ਕਾਰਜ਼ ਕਰਨ ਵਾਸਤੇ ਦਿਲ ਉੱਤੇ ਵੱਡੇ ਪੱਥਰ ਰੱਖਣੇ ਪੈਦੇ ਹਨ, ਪਰ ਸਦਕੇ ਜਾਈਏ ਜਥੇਦਾਰ ਗੁਰਬਚਨ ਸਿੰਘ ਜੀ ਦੇ ਜਿਹੜੇ ਪਹਾੜ ਹੀ ਦਿਲ ਉੱਤੇ ਰੱਖੀ ਬੈਠੇ ਹਨ ਅਤੇ ਜਥੇਦਾਰੀ ਦੀਆਂ ਸੇਵਾਵਾਂ ਵੀ ਕਿੱਡੀ ਜਿਮੇਂਵਾਰੀ ਨਾਲ ਨਿਭਾ ਰਹੇ ਹਨ ਕਿ ਭਾਰਤੀ ਨਿਜ਼ਾਮ ਨਿਉਂ ਨਿਉਂ ਸਿਜਦੇ ਕਰਦਾ ਹੈ।

ਨਾਨਕਸ਼ਾਹੀ ਕੈਲੰਡਰ ਦਾ ਕਿੱਡਾ ਵੱਡਾ ਭੰਬਲਭੂਸਾ ਸੀ, 2003 ਤੋਂ ਅੜਿਆ ਆਉਂਦਾ ਸੀ। ਸਾਰੀ ਸਾਧ ਯੂਨੀਅਨ ਅਤੇ ਭਗਵਾਂ ਬ੍ਰਿਗੇਡ ਕਿੰਨੇ ਔਖੇ ਸਾਹ ਲੈ ਰਿਹਾ ਸੀ। ਸਿੱਖ ਦਾ ਫਰਜ਼ ਨਹੀਂ ਭਲਾ ਕਿ ਸਾਡੇ ਗਵਾਂਢੀ ਕਿਸੇ ਗੱਲ ਤੋਂ ਔਖੇ ਹੋਣ ਤੇ ਸਿੱਖ ਚੁੱਪ ਕਰਕੇ ਬੈਠੇ ਰਹਿਣ? ਫਿਰ ਇਸ ਤੋਂ ਵੀ ਵੱਡੀ ਗੱਲ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਜੀ ਦਾ ਕੀਹ ਰੋਲ ਹੋਇਆ ਜੇ ਇੱਕ ਕੈਲੰਡਰ ਪਿੱਛੇ ਗੇਰੂ ਰੰਗੇ ਸਾਧ ਰੁੱਸ ਜਾਣ ਅਤੇ ਪੰਥ ਨੂੰ ਕੋਈ ਸਰਾਪ ਦੇ ਦੇਣ, ਜਿਸ ਨਾਲ ਕੌਮ ਕਿਸੇ ਕਰੋਪੀ ਦਾ ਸ਼ਿਕਾਰ ਹੋ ਜਾਵੇ, ਪਤਾ ਨਹੀਂ ਪਹਿਲਾਂ ਵੀ ਕੋਈ ਅਜਿਹਾ ਸੀ ਸਰਾਪ ਲੱਗਿਆ ਲੱਗਦਾ ਹੈ, ਜਥੇਦਾਰ ਜੀ ਦਾ ਤਾਂ ਅਹਿਸਾਨ ਕੌਮ ਕਦੇ ਵੀ ਨਹੀਂ ਦੇ ਸਕਦੀ, ਜਿਹਨਾਂ ਨੇ ਕੌਮ ਦੀ ਰੱਖਿਆ ਕਰਦਿਆਂ ਗੇਰੂ ਰੰਗੇ ਅਤੇ ਦੁੱਧ ਚਿੱਟੇ ਸਰਾਪ ਤੋਂ ਬਚਾਉਣ ਵਾਸਤੇ ਕੈਲੰਡਰ ਦਾ ਫਸਤਾ ਹੀ ਵੱਢ ਦਿੱਤਾ ਹੈ, ਭਾਵੇਂ ਉਹਨਾਂ ਨੂੰ ਆਪਣੇ ਲੰਬੇ ਸਮੇ ਤੋਂ ਨਾਲ ਰਹੇ ਸਾਥੀ ਜਥੇਦਾਰ ਬਲਵੰਤ ਸਿੰਘ ਨੰਦਗੜ੍ਹ ਨੂੰ ਵੀ ਹੱਥੀ ਹਲਾਲ ਕਰਨਾ ਪਿਆ? ਹੁਣ ਕਿੱਡਾ ਵੱਡਾ ਜ਼ੇਰਾ ਹੈ, ਪਤਾ ਨਹੀਂ ਕੌਮ ਕਿਉਂ ਨਹੀਂ ਸੋਚਦੀ ਹੋਰ ਅਨੇਕਾਂ ਅਜਿਹੇ ਕਾਰਜ਼ ਹਨ, ਸਾਰਿਆਂ ਦਾ ਵਰਣਨ ਕਰਨਾ ਮੁਸ਼ਕਿਲ ਹੈ।

ਲੇਕਿਨ ਹੁਣ ਇਹ ਵੀ ਬੜਾ ਮੁਸ਼ਕਿਲ ਕਾਰਜ਼ ਹੈ ਕਿ ਜਥੇਦਾਰ ਸਾਹਿਬ ਨੂੰ ਖਿਤਾਬ ਕਿਹੜਾ ਦਿੱਤਾ ਜਾਵੇ? ਇਹ ਸੋਚ ਸੋਚ ਕੇ ਦਿਮਾਗ ਪਾਗਲ ਹੋਣ ਵਾਲਾ ਹੋਇਆ ਪਿਆ ਸੀ ਕਿ ਜਥੇਦਾਰ ਸਾਹਿਬ ਫਖਰ-ਏ-ਕੌਮ ਦੇ ਹੱਕਦਾਰ ਹਨ, ਪਰ ਤਿਆਗ ਦੀ ਮੂਰਤੀ ਹੋਣ ਕਰਕੇ ਉਹ ਤਾਂ ਪਹਿਲਾਂ ਹੀ ਸ. ਪ੍ਰਕਾਸ਼ ਸਿੰਘ ਬਾਦਲ ਨੂੰ ਦੇ ਬੈਠੇ ਹਨ, ਫਿਰ ਮਨ ਵਿੱਚ ਆਇਆ ਕਿ ਚੱਲੋ ਸ਼੍ਰੋਮਣੀ ਸੇਵਕ ਵੀ ਵਧੀਆ ਹੈ, ਲੇਕਿਨ ਜਥੇਦਾਰ ਸਾਹਿਬ ਨੇ ਕਦੇ ਕੋਲ ਕੁੱਝ ਰੱਖਿਆ ਹੀ ਨਹੀਂ, ਉਹ ਵੀ ਸ. ਅਵਤਾਰ ਸਿੰਘ ਮੱਕੜ ਨੂੰ ਦੇ ਦਿੱਤਾ ਹੈ।

ਜਥੇਦਾਰ ਜੀ ਦੀਆਂ ਪ੍ਰਾਪਤੀਆਂ ਦਾ ਖਿਆਲ ਕਰੀਏ ਕਿ ਜਥੇਦਾਰ ਸਾਹਿਬ ਨੇ ਪੰਥ ਦੇ ਰਾਹ ਵਿਚੋਂ ਕਿੱਡੇ ਕਿੱਡੇ ਰੋੜੇ ਹਟਾ ਦਿੱਤੇ ਹਨ, ਪ੍ਰੋ. ਦਰਸ਼ਨ ਸਿੰਘ, ਜਥੇਦਾਰ ਬਲਵੰਤ ਸਿੰਘ ਨੰਦਗੜ੍ਹ, ਨਾਨਕਸ਼ਾਹੀ ਕੈਲੰਡਰ ਅਤੇ ਵੋਟਾਂ ਦਾ ਢੇਰ ਲਾ ਦਿੱਤਾ ਹੈ ਸੌਦਾ ਸਾਧ ਦੇ ਚੇਲਿਆਂ ਉੱਤੇ ਕਿਤੇ ਕੋਈ ਕੇਸ ਦਰਜ਼ ਨਹੀਂ ਹੁੰਦਾ, ਨਾ ਨੂਰਮਹਿਲੀਆਂ ਉੱਤੇ ਹੋਵੇ, ਹੁਣ ਏਡੇ ਵੱਡੇ ਕਾਰਜਾਂ ਬਦਲੇ ਕੀਹ ਸਨਮਾਨ ਦਿੱਤਾ ਜਾਵੇ ਤਾਂ ਇੱਕ ਦਮ ਖਿਆਲ ਆਇਆ ਕਿ ਕਿਉਂ ਨਾ ਜਥੇਦਾਰ ਜੀ ਨੂੰ ‘‘ਨਰਸਿੰਘ ਅਵਤਾਰ’’ ਦੇ ਖਿਤਾਬ ਨਾਲ ਨਿਵਾਜਿਆ ਜਾਵੇ।

ਲੇਕਿਨ ਮਨ ਅੰਦਰ ਦੋ ਵਿਚਾਰ ਆਏ ਕਿ ਇੱਕ ਤਾਂ ਨਰਸਿੰਘ ਰੂਪ ਭਗਵਾਨ ਨੇ ਖੁਦ ਧਾਰਿਆ ਸੀ ਅਤੇ ਦੂਜਾ ਉਹਨਾਂ ਨੇ ਹਰਨਾਖਸ਼ ਨੇ ਮਾਰਕੇ ਪ੍ਰਹਿਲਾਦ ਦੀ ਰੱਖਿਆ ਕੀਤੀ ਸੀ। ਹੁਣ ਪ੍ਰਹਿਲਾਦ ਕੌਣ ਹੈ? ਹਰਨਾਖਸ਼ ਕਿਸ ਨੂੰ ਆਖਾਂ? ਇਹ ਵੀ ਬੜੀ ਪੇਚੀਦਗੀ ਵਾਲੀ ਹਾਲਤ ਸੀ ਤਾਂ ਇਕ ਦਮ ਗੁਰੂ ਦੀ ਬਖਸ਼ਿਸ਼ ਹੋਈ ਕਿ ਭੋਲਿਆ ਅੱਖਾਂ ਖੋਲ ਇਹ ਸਤਿਯੁਗ ਨਹੀਂ, ਕਲਯੁਗ ਹੈ, ਹੁਣ ਪ੍ਰਹਿਲਾਦ ਦਾ ਜਮਾਨਾਂ ਨਹੀਂ ਹੈ, ਅੱਜ ਨਰਸਿੰਘ ਅਵਤਾਰ ਪਹ੍ਰਿਲਾਦ ਦੀ ਰੱਖਿਆ ਵਾਸਤੇ ਨਹੀਂ ਆਉਂਦੇ, ਹੁਣ ਤਾਂ ਹਰਨਾਖਸ਼ ਦਾ ਜੋਰ ਹੈ, ਇਸ ਵਾਸਤੇ ਚਿੰਤਾਂ ਨਾ ਕਰ ਇਹ ਹੀ ਖਿਤਾਬ ਉੱਤਮ ਹੈ, ਬਿਨਾਂ ਕਿਸੇ ਦੇਰੀ ਤੋਂ ਦੇ ਦੇਣਾ ਚਾਹੀਦਾ ਹੈ। ਜੇ ਤੂੰ (ਲੇਖਕ ਨੇ) ਹੁਣ ਇਸ ਪਾਸਿਓ ਆਨਾ ਕਾਨੀ ਕੀਤੀ ਤਾਂ ਯਾਦ ਰੱਖੀ, ਜਿਵੇ ਪ੍ਰੋ ਦਰਸ਼ਨ ਸਿੰਘ ਅਤੇ ਜਥੇਦਾਰ ਨੰਦਗੜ ਨੂੰ ਗੋਡਿਆਂ ਉੱਤੇ ਰੱਖਕੇ ਛਾਤੀ ਤੋਂ ਚੀਰਿਆ ਹੈ, ਤੈਨੂੰ ਵੀ ਤ੍ਰਿਸੂਲ ਦੀ ਤੀਹਰੀ ਨੋਕ ਨਾਲ ਪੰਥ ਦੀ ਦਹਿਲੀਜ਼ ਦੇ ਅੱਧਾ ਅੰਦਰ ਅਤੇ ਅੱਧਾ ਬਾਹਰ ਰੱਖ ਕੇ ਲੇਖਾ ਲਿਆ ਜਾਣਾ ਹੈ। ਇਸ ਲਈ ਪੰਥ ਜੀ ਮੈਨੂੰ ਤਾਂ ਬੜਾ ਡਰ ਲੱਗਿਆ, ਮੇਰੀ ਕੋਈ ਔਕਾਤ ਹੀ ਨਹੀਂ ਕਿ ਮੈਂ ਜਥੇਦਾਰ ਸਾਹਿਬ ਨੂੰ ਅਜਿਹੇ ਖਿਤਾਬ ਤੋਂ ਵਾਂਝਿਆਂ ਰੱਖ ਸਕਾਂ, ਹੱਕ ਤਾਂ ਬਣਦਾ ਹੀ ਹੈ ਜਥੇਦਾਰ ਜੀ ਦਾ, ਅੱਗੇ ਹੁਣ ਤੁਹਾਡੀ ਮਰਜ਼ੀ ਹੈ। ਗੁਰੂ ਰਾਖਾ !!


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top