Share on Facebook

Main News Page

ਸਮਾਗਮ ਵਿੱਚ ਸੰਗਤ ਦੀ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਅਤੇ ਉਤਸ਼ਾਹ ਨੂੰ ਵੇਖ ਕੇ,  ਭਾਈ ਪੰਥਪ੍ਰੀਤ ਸਿੰਘ ਦਾ ਸਮਾਗਮ ਨਾ ਹੋਣ ਦੀ ਧਮਕੀ ਦੇਣ ਵਾਲਿਆਂ ਦੀ ਚੇਤਾਵਨੀ ਹੋਈ ਠੁਸ

* ਜਿਹੜੇ ਪੜ੍ਹਦੇ ਤਾਂ ਗੁਰਬਾਣੀ ਹਨ, ਪਰ ਉਸ ਦੇ ਅਰਥ ਸਨਾਤਨੀ ਮਤ ਵਾਲੇ ਕਰਦੇ ਹਨ, ਉਹ ਗੁਰੂ ਨਾਲ ਧ੍ਰੋਹ ਕਰਦੇ ਹਨ
* ਸਨਾਤਨੀ ਅਰਥ ਕਰਨ ਵਾਲਿਆਂ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਕੈਦ ਕਰ ਰੱਖਿਆ ਹੈ: ਭਾਈ ਪੰਥਪ੍ਰੀਤ ਸਿੰਘ

ਬਠਿੰਡਾ, 16 ਮਾਰਚ (ਕਿਰਪਾਲ ਸਿੰਘ): ਜਿਹੜੇ ਪੜ੍ਹਦੇ ਤਾਂ ਗੁਰਬਾਣੀ ਹਨ ਪਰ ਉਸ ਦੇ ਅਰਥਸ ਮਤ ਵਾਲੇ ਕਰਦੇ ਹਨ ਉਹ ਗੁਰੂ ਨਾਲ ਧ੍ਰੋਹ ਕਰਦੇ ਹਨ। ਇਹ ਸ਼ਬਦ ਫਰੀਦਕੋਟ ਨਜ਼ਦੀਕ ਪਿੰਡ ਮੋਰਾਂਵਾਲੀ ਵਿਖੇ ਚੱਲ ਰਹੇ ਤਿੰਨ ਦਿਨਾਂ ਗੁਰਮਤਿ ਸਮਾਗਮਾਂ ਦੇ ਅਖੀਰਲੇ ਸਮਾਗਮ ਵਿੱਚ ਗੁਰਮਤਿ ਵਖਿਆਨ ਕਰਦਿਆਂ ਭਾਈ ਪੰਥਪ੍ਰੀਤ ਸਿੰਘ ਖ਼ਾਲਸਾ ਭਾਈ ਬਖ਼ਤੌਰ ਵਾਲਿਆਂ ਨੇ ਬੀਤੇ ਦਿਨ ਕਹੇ। ਇਸ ਨੂੰ ਖੋਲ੍ਹ ਕੇ ਦੱਸਣ ਲਈ ਉਨ੍ਹਾਂ ਜਪੁਜੀ ਸਾਹਿਬ ਦੀ ਪਾਉੜੀ ‘ਏਕਾ ਮਾਈ, ਜੁਗਤਿ ਵਿਆਈ; ਤਿਨਿ ਚੇਲੇ ਪਰਵਾਣੁ ॥ ਇਕੁ ਸੰਸਾਰੀ, ਇਕੁ ਭੰਡਾਰੀ; ਇਕੁ ਲਾਏ ਦੀਬਾਣੁ ॥’ ਦੀ ਉਦਾਰਹਣ ਦਿੰਦੇ ਹੋਏ ਕਿਹਾ ਜੇ ਕੋਈ ਜਾਣੇ-ਅਣਜਾਣੇ ਵਿੱਚ ਇਸ ਦੇ ਇਹ ਅਰਥ ਕਰੇ ਕਿ ਗੁਰੂ ਨਾਨਕ ਸਾਹਿਬ ਜੀ ਵੀ ਮੰਨ ਰਹੇ ਹਨ ਕਿ ‘‘ਕਿਸੇ ਜੁਗਤੀ ਨਾਲ ਮਾਇਆ ਪ੍ਰਸੂਤ ਹੋ ਗਈ ਜਿਸ ਨੇ ਤਿੰਨ ਪੁੱਤਰਾਂ ਨੂੰ ਜਨਮ ਦਿੱਤਾ ਜਿਨ੍ਹਾਂ ਵਿੱਚੋਂ ਇਕ ‘ਬ੍ਰਹਮਾ’ ਬਣ ਗਿਆ ਜਿਸ ਦੇ ਜਿੰਮੇ ਜੀਵਾਂ ਨੂੰ ਪੈਦਾ ਕਰਨ ਦੀ ਜਿੰਮੇਵਾਰੀ ਹੈ, ਇੱਕ ਵਿਸ਼ਨੂੰ ਬਣ ਗਿਆ ਜਿਸ ਨੂੰ ਜੀਵਾਂ ਨੂੰ ਰਿਜ਼ਕ ਦੇਣ ਦੀ ਜਿੰਮੇਵਾਰੀ ਮਿਲੀ ਅਤੇ ਤੀਜਾ ਮਹੇਸ਼ ਭਾਵ ਸ਼ਿਵ ਜੀ ਬਣ ਗਿਆ ਜਿਸ ਨੂੰ ਜੀਵਾਂ ਦਾ ਸੰਘਾਰ ਕਰਨ ਦੀ ਜਿੰਮੇਵਾਰੀ ਮਿਲੀ।” ਇਹ ਸਨਾਤਨੀ ਅਰਥ ਹਨ ਜੋ ਪਿਛਲੀਆਂ ਪ੍ਰਚਲਤ ਮਾਨਤਾਵਾਂ ਦੇ ਅਧਾਰਤ ਹਨ। ਪਰ ਗੁਰੂ ਨਾਨਕ ਸਾਹਿਬ ਜੀ ਨੇ ਇਨ੍ਹਾਂ ਵੀਚਾਰਾਂ ਦੀ ਪ੍ਰੋੜਤਾ ਨਹੀਂ ਕੀਤੀ ਸਗੋਂ ਉਦਾਰਹਣ ਦਿੱਤੀ ਹੈ ਕਿ ਇਹ ਗੱਲ ਪ੍ਰਚਲਤ ਹੈ ਕਿ ਬ੍ਰਹਮਾ, ਵਿਸ਼ਨੂੰ ਅਤੇ ਸ਼ਿਵ ਜੀ ਨੂੰ ਵੱਖ ਵੱਖ ਮਹਿਕਮੇ ਵੰਡ ਦਿੱਤੇ ਜਿਸ ਵਿੱਚ ਉਹ ਆਪਣੀ ਮਨਮਰਜੀ ਨਾਲ ਕੰਮ ਕਰ ਰਹੇ ਹਨ।

ਇਹ ਉਦਾਹਰਣ ਦੇਣ ਪਿੱਛੋਂ ਗੁਰੂ ਸਾਹਿਬ ਜੀ ਨੇ ਆਪਣਾ ਮਤ ਇਉਂ ਲਿਖਿਆ ਹੈ: ‘‘ਜਿਵ ਤਿਸੁ ਭਾਵੈ, ਤਿਵੈ ਚਲਾਵੈ; ਜਿਵ ਹੋਵੈ ਫੁਰਮਾਣੁ ॥ ਓਹੁ ਵੇਖੈ, ਓਨਾ ਨਦਰਿ ਨ ਆਵੈ; ਬਹੁਤਾ ਏਹੁ ਵਿਡਾਣੁ ॥ ਆਦੇਸੁ ਤਿਸੈ ਆਦੇਸੁ ॥ ਆਦਿ ਅਨੀਲੁ ਅਨਾਦਿ ਅਨਾਹਤਿ; ਜੁਗੁ ਜੁਗੁ ਏਕੋ ਵੇਸੁ ॥30॥” ਭਾਵ ਅਸਲ ਗੱਲ ਇਹ ਹੈ ਕਿ ਜਿਵੇਂ ਅਕਾਲ ਪੁਰਖ਼ ਨੂੰ ਭਾਉਂਦਾ ਉਸੇ ਤਰ੍ਹਾਂ ਹੀ ਜਗਤ ਦੀ ਕਾਰ ਚਲਾ ਰਿਹਾ ਹੈ; ਇਸ ਤ੍ਰੈਮੂਰਤੀ ਦੇ ਹੱਥ-ਵੱਸ ਕੁਝ ਵੀ ਨਹੀਂ ਹੈ। ਇਹ ਬੜੀ ਅਸਰਜ ਕੌਤਕ ਦੀ ਗੱਲ ਹੈ ਕਿ ਉਹ (ਅਕਾਲ ਪੁਰਖ਼) ਤਾਂ ਸਭ ਨੂੰ ਵੇਖ ਰਿਹਾ ਹੈ ਪਰ ਉਸ (ਕਲਪਿਤ ਤ੍ਰੈਮੂਰਤੀ) ਨੂੰ ਉਹ ਨਜ਼ਰ ਨਹੀਂ ਆਉਂਦਾ। (ਸੋ ਬ੍ਰਹਮਾ, ਵਿਸ਼ਨੂੰ, ਸ਼ਿਵ ਆਦਿਕ ਦੇ ਥਾˆ) ਕੇਵਲ ਉਸ (ਅਕਾਲ ਪੁਰਖ) ਨੂੰ ਪ੍ਰਣਾਮ ਕਰੋ ਜੋ (ਸਭ ਦਾ) ਮੁੱਢ ਹੈ, ਜੋ ਸ਼ੁੱਧ ਸਰੂਪ ਹੈ, ਜਿਸ ਦਾ ਕੋਈ ਮੁੱਢ ਨਹੀਂ (ਲੱਭ ਸਕਦਾ), ਜੋ ਨਾਸ ਰਹਿਤ ਹੈ ਅਤੇ ਜੋ ਸਦਾ ਹੀ ਇਕੋ ਜਿਹਾ ਰਹਿੰਦਾ ਹੈ। (ਇਹੀ ਹੈ ਵਸੀਲਾ ਉਸ ਪ੍ਰਭੂ ਨਾਲੋਂ ਵਿੱਥ ਦੂਰ ਕਰਨ ਦਾ)।

ਸੋ ਦਰੁ ਵਾਲੀ ਪਾਉੜੀ ਵਿੱਚ ਤਾਂ ਗੁਰੂ ਸਾਹਿਬ ਜੀ ਨੇ ਕਮਾਲ ਹੀ ਕਰ ਦਿੱਤੀ ਜਦੋਂ ‘ਗਾਵਨ੍‍ ਤੁਧਨੋ ਜੋਧ ਮਹਾਬਲ ਸੂਰਾ ਗਾਵਨ੍‍ ਤੁਧਨੋ ਖਾਣੀ ਚਾਰੇ ॥’ ਕਹਿ ਕੇ ਇਹ ਸਿੱਧ ਕਰ ਦਿੱਤਾ ਕਿ ਜਿਥੇ ਤੈਨੂੰ ਬ੍ਰਹਮਾ, ਈਸ਼ਰ, ਇੰਦਰ ਆਦਿਕ ਹੋਰ ਕਿਤਨੇ ਹੀ ਗਾ ਰਹੇ ਹਨ ਉਥੇ ਚਾਰੇ ਖਾਣੀਆਂ ਦੇ ਜੀਵ ਭੀ ਗਾ ਰਹੇ ਹਨ। ਚਾਰੇ ਖਾਣੀਆਂ ਵਿੱਚ ਕੀੜੇ ਮਕੌੜੇ ਵੀ ਆ ਜਾਂਦੇ ਹਨ। ਸੋ ਇਸ ਪਾਉੜੀ ਵਿੱਚ ਬ੍ਰਹਮਾ, ਈਸ਼ਰ, ਇੰਦਰ ਆਦਿਕ ਨੂੰ ਕੀੜਿਆਂ ਦੇ ਬਰਾਬਰ ਹੀ ਵਿਖਾ ਦਿੱਤਾ। ਸੋ ਇਸ ਪਾਉੜੀ ਵਿੱਚੋਂ ਸਾਨੂੰ ਸੇਧ ਲੈਣੀ ਚਾਹੀਦੀਹੈ ਕਿ ਜੇ ਕੀੜੇ ਮਕੌੜੇ ਵੀ ਬ੍ਰਹਮਾ, ਈਸ਼ਰ, ਇੰਦਰ ਆਦਿਕ ਜਸ ਨਹੀਂ ਗਾਉਂਦੇ ਬਲਕਿ ਉਸ ਅਕਾਲ ਪੁਰਖ਼ ਨਹੀਂ ਗਾਉੁਂਦੇ ਹਨ ਤਾਂ ਅਸੀਂ ਬ੍ਰਹਮਾ, ਈਸ਼ਰ, ਇੰਦਰ ਆਦਿਕ ਦਾ ਜਸ ਗਾ ਕੇ ਜਾਂ ਉਨ੍ਹਾਂ ਦੀ ਪੂਜਾ ਕਰਕੇ ਕੀੜੇ ਮਕੌੜਿਆਂ ਤੋਂ ਵੀ ਨਖਿੱਧ ਕਿਉਂ ਬਣਨਾ ਚਾਹੁੰਦੇ ਹਾਂ?

ਸੋ ਜੇ ਜਿਹੜੇ ਪ੍ਰਚਾਰਕ ਗੁਰੂ ਸਾਹਿਬ ਜੀ ਦਾ ਅਸਲ ਭਾਵ ਸਮਝਣ ਦੀ ਤਾਂ ਸਿਰਫ ਉਨ੍ਹਾਂ ਵਲੋਂ ਸਮਝਾਉਣ ਹਿਤ ਦਿੱਤੀ ਗਈ ਉਦਾਹਰਣ ਦੇ ਹੀ ਸ਼ਨਾਤਨੀ ਅਰਥਾਂ ਰਾਹੀਂ ਗੁਰੂ ਜੀ ਦੇ ਵੀਚਾਰ ਦੱਸਣ ਦੀ ਕੋਸ਼ਿਸ਼ ਕਰਦੇ ਹਨ ਉਹ ਗੁਰੂ ਸਾਹਿਬ ਜੀ ਦੀ ਵੀਚਾਰਧਾਰਾ ਨਾਲ ਧ੍ਰੋਹ ਕਰ ਰਹੇ ਹਨ। ਕਿਉਂਕਿ ਇਹ ਅਰਥ ਸੁਣ ਕੇ ਆਮ ਜਗਿਆਸੂ ਦੁਬਿਧਾ ਵਿੱਚ ਫਸ ਜਾਵੇਗਾ ਕਿ ਕਿਤੇ ਤਾਂ ਗੁਰੂ ਸਾਹਿਬ ਜੀ ਤਿੰਨਾਂ ਦੀ ਗੱਲ ਕਰ ਰਹੇ ਹਨ ਅਤੇ ਕਦੀ ਕਹਿੰਦੇ ਹਨ: ‘ਸਰਬੰ ਸਾਚਾ ਏਕੁ ਹੈ; ਦੂਜਾ ਨਾਹੀ ਕੋਇ ॥’ (ਮ: 1 ਪੰਨਾ 660) ; ‘ਕਰਣ ਕਾਰਣ ਪ੍ਰਭੁ ਏਕੁ ਹੈ; ਦੂਸਰ ਨਾਹੀ ਕੋਇ ॥’(ਮ: 5 ਪੰਨਾ 276)

ਭਾਈ ਪੰਥ ਪ੍ਰੀਤ ਸਿੰਘ ਨੇ ਕਿਹਾ ਸ਼ਨਾਤਨੀ ਅਰਥ ਕਰਨ ਵਾਲਿਆਂ ਨੇ ਤਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ ਕੈਦ ਕਰ ਰੱਖਿਆ ਹੈ; ਭਾਵ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰਨ ਸਮੇਂ ਗੁਰੂ ਗ੍ਰੰਥ ਸਾਹਿਬ ਜੀ ਦੇ ਦੁਆਲੇ ਘਿਉ ਦੀ ਜੋਤ, ਧੂਪ, ਕੁੰਭ, ਨਾਰੀਅਲ ਆਦਿਕ ਰੱਖੇ ਹਨ। ਘਰ ਵਾਲਿਆਂ ਨੂੰ ਪਾਠ ਧਿਆਨ ਨਾਲ ਸੁਣਨ ਦੀ ਬਜਾਏ ਕਹਿੰਦੇ ਹਨ ਇੱਕ ਨੇ ਜੋਤ ਵਿੱਚ ਧਿਆਨ ਰੱਖਣਾ ਹੈ ਕਦੀ ਬੁਝ ਨਾ ਜਾਵੇ ਇੱਕ ਨੇ ਧੂਪ ਦਬਾ ਦਬ ਸੁੱਟੀ ਜਾਣਾ ਹੈ। ਇੱਕ ਨਾਲ ਨਾਲ ਜਪੁਜੀ ਸਾਹਿਬ ਦਾ ਪਾਠ ਜਾਰੀ ਰੱਖੇ। ਸੋ ਉਨ੍ਹਾਂ ਦੀ ਸੁਰਤੀ ਤਾਂ ਇਸੇ ਪਾਸੇ ਹੀ ਰਹਿੰਦੀ ਹੈ ਕਿ ਕਦੀ ਜੋਤ ਨਾ ਬੁਝ ਜਾਵੇ ਜਾਂ ਧੂਪ ਦਾ ਧੂੰਆਂ ਬੰਦ ਨਾ ਹੋ ਜਾਵੇ; ਇਸ ਲਈ ਉਨ੍ਹਾਂ ਨੂੰ ਧਿਆਨ ਨਾਲ ਪਾਠ ਕਿੱਥੇ ਸੁਣਨ ਦੀ ਵਿਹਲ ਮਿਲਦੀ ਹੈ। ਉਹ ਅਰਦਾਸ ਵਿੱਚ ਤਾਂ ਕਹਿੰਦੇ ਹਨ ‘ਦਸਾਂ ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ!’ ਪਰ ਅਸਲੀ ਜੋਤ ਦਾ ਧਿਆਨ ਕਰਨ ਦੀ ਬਜਾਏ, ਉਨ੍ਹਾਂ ਦਾ ਧਿਆਨ ਤਾਂ ਘਿਉ ਦੀ ਜੋਤ ਵਿੱਚ ਲੱਗਾ ਰਹਿੰਦਾ ਹੈ ਕਿਉਂਕਿ ਸਨਾਮਤੀ ਮਤ ਵਾਲੇ ਸਿੱਖਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਜੋਤ, ਧੂਪ, ਕੁੰਭ, ਨਾਰੀਅਲ ਆਦਿਕ ਦੀ ਕੈਦ ਵਿੱਚ ਰੱਖਿਆ ਹੈ।

ਭਾਈ ਪੰਥਪ੍ਰੀਤ ਸਿੰਘ ਜੀ ਨੇ ਕਿਹਾ ਸਿੱਖ ਨੇ ਕੋਈ ਵੀ ਕੰਮ ਭਾਵ ਨਾਮ ਸੰਸਕਾਰ, ਅੰਮ੍ਰਿਤ ਸੰਚਾਰ, ਆਨੰਦ ਸੰਸਕਾਰ ਕਰਨਾ ਹੋਵੇ ਜਾਂ ਸਹਿਜ ਪਾਠ/ਅਖੰਡ ਪਾਠ ਕਰਨਾ ਹੋਵੇ ਤਾਂ ਸ਼੍ਰੋਮਣੀ ਕਮੇਟੀ ਵੱਲੋਂ ਛਪਵਾ ਕੇ ਵੰਡੀ ਜਾ ਰਹੀ ਸਿੱਖ ਰਹਿਤ ਮਰਿਆਦਾ ਪੜ੍ਹ ਕੇ ਵੇਖੇ ਅਤੇ ਉਸ ਅਨੁਸਾਰ ਸਾਰੇ ਸੰਸਕਾਰ ਨਿਭਾਏ ਜਾਣ। ਸਿੱਖ ਰਹਿਤ ਮਰਿਆਦਾ ਵਿੱਚ ਸਾਫ ਤੌਰ ’ਤੇ ਲਿਖਿਆ ਹੈ "ਅਖੰਡ ਪਾਠ ਜਾਂ ਹੋਰ ਕਿਸੇ ਤਰ੍ਹਾਂ ਦੇ ਪਾਠ ਵੇਲੇ ਕੁੰਭ, ਜੋਤ, ਨਲੀਏਰ ਆਦਿ ਰੱਖਣਾ ਜਾਂ ਨਾਲ ਨਾਲ ਜਾਂ ਵਿਚ ਵਿਚ ਕਿਸੇ ਹੋਰ ਬਾਣੀ ਦਾ ਪਾਠ ਜਾਰੀ ਰੱਖਣਾ ਮਨਮੱਤ ਹੈ।" ਭਾਈ ਪੰਥਪ੍ਰੀਤ ਸਿੰਘ ਨੇ ਕਿਹਾ ਸੋ ਗੁਰੂ ਦੇ ਸਿੱਖਾਂ ਨੂੰ ਚਾਹੀਦਾ ਹੈ ਕਿ ਉਹ ਮਨਮੱਤ ਕਰਨ ਤੋਂ ਬਚ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਆਲੇ ਦੁਆਲੇ ਤੋਂ ਜੋਤ, ਧੂਪ, ਕੁੰਭ, ਨਾਰੀਅਲ ਆਦਿਕ ਚੁੱਕ ਕੇ ਮੰਦਰ ਵਿੱਚ ਰੱਖ ਆਉਣ ਤੇ ਕਹਿ ਦੇਣ ਸਾਡੇ ਕੁਝ ਭੁੱਲੜ ਭਰਾ ਗਲਤੀ ਨਾਲ ਮੰਦਰ ਵਿੱਚੋਂ ਚੁੱਕ ਕੇ ਲੈ ਗਏ ਸੀ, ਸੋ ਇਹ ਵਾਪਸ ਲੈ ਲਵੋ ਅਤੇ ਇਨ੍ਹਾਂ ਨੂੰ ਸਾਂਭੋ; ਸਾਨੂੰ ਇਨ੍ਹਾਂ ਦੀ ਕੋਈ ਲੋੜ ਨਹੀਂ ਹੈ। ਜੇ ਸੂਝਵਾਨ ਸਿੱਖ ਇਸ ਤਰ੍ਹਾਂ ਕਰਨ ਲੱਗ ਪੈਣ ਤਾਂ ਸਮਝੋ ਸਿੱਖ ਇਨਕਲਾਬ ਆ ਜਾਵੇਗਾ ਤੇ ਗੁਰੂ ਗ੍ਰੰਥ ਸਾਹਿਬ ਜੀ ਸ਼ਨਾਤਨੀ ਮੱਤ ਵਾਲਿਆਂ ਦੀ ਸੋਚ ਅਤੇ ਜੋਤ, ਧੂਪ, ਕੁੰਭ, ਨਾਰੀਅਲ ਆਦਿਕ ਕਰਮਕਾਂਡਾਂ ਤੋਂ ਅਜਾਦ ਹੋ ਜਾਵੇਗਾ। ਭਾਈ ਸਾਹਿਬ ਜੀ ਵੱਲੋਂ ਪੇਂਡੂ ਭਾਸ਼ਾ ਵਿੱਚ ਇਨ੍ਹਾਂ ਇਨਕਲਾਬੀ ਵੀਚਾਰਾਂ ਨੂੰ ਸੰਗਤ ਨੇ ਬਹੁਤ ਹੀ ਸਰਾਹਿਆ।

ਭਾਈ ਪੰਥਪ੍ਰੀਤ ਸਿੰਘ ਜੀ ਤੋਂ ਪਹਿਲਾਂ ਕਿਰਪਾਲ ਸਿੰਘ ਬਠਿੰਡਾ ਨੇ ਬਿਕ੍ਰਮੀ ਕੈਲੰਡਰ ਅਤੇ ਨਾਨਕਸ਼ਾਹੀ ਕੈਲੰਡਰ ਸਬੰਧੀ ਸੰਖੇਪ ਜਾਣਕਾਰੀ ਦੇ ਕੇ ਦੱਸਿਆ ਕਿ ਨਾਨਕਸ਼ਾਹੀ ਕੈਲੰਡਰ ਹੀ ਸਿੱਖ ਪੰਥ ਲਈ ਸਭ ਤੋਂ ਵੱਧ ਢੁਕਵਾਂ ਹੈ ਕਿਉਂਕਿ ਗੁਰਬਾਣੀ ਵਿੱਚ ਦਰਜ ਬਾਰਹ ਮਾਹਾਂ ਅਤੇ ਰੁਤੀ ਸਲੋਕ ਵਿੱਚ ਵਰਨਣ ਰੁੱਤਾਂ ਨਾਲ ਹਮੇਸ਼ਾਂ ਲਈ ਜੁੜਿਆ ਰਹੇਗਾ ਜਦੋਂ ਕਿ ਬਿਕ੍ਰਮੀ ਕੈਲੰਡਰ ਮੌਸਮੀ ਸਾਲ ਨਾਲੋ 20 ਮਿੰਟ ਵੱਡਾ ਹੋਣ ਕਰਕੇ ਰੁੱਤਾਂ ਨਾਲ ਪਛੜ ਰਿਹਾ ਹੈ। ਦੂਸਰਾ ਬਿਕ੍ਰਮੀ ਕੈਲੰਡਰ ਵਿੱਚ ਗੁਰਪੁਰਬ ਕਦੀ ਵੀ ਸਥਿਰ ਤਰੀਖਾਂ ਨੂੰ ਨਹੀਂ ਆਉਂਦੇ ਭਾਵ ਹਰ ਸਾਲ ਬਦਲਵੀਆਂ ਤਰੀਖਾਂ ਨੂੰ ਆਉਂਦੇ ਰਹਿੰਦੇ ਹਨ ਜਦੋਂ ਕਿ ਨਾਨਕਸ਼ਾਹੀ ਕੈਲੰਡਰ ਵਿੱਚ ਹਮੇਸ਼ਾਂ ਲਈ ਸਥਿਰ ਤਰੀਖਾਂ ਨੂੰ ਆਉਂਦੇ ਰਹਿਣਗੇ। ਸਮਾਗਮ ਦੀ ਸਮਾਪਤੀ ਉਪ੍ਰੰਤ ਪ੍ਰਬੰਧਕਾਂ ਵੱਲੋਂ ਵੱਡੀ ਗਿਣਤੀ ਵਿੱਚ ਨਾਨਕਸ਼ਾਹੀ ਕੈਲੰਡਰ ਸੰਗਤਾਂ ਵਿੱਚ ਵੰਡੇ ਗਏ।

ਇਹ ਦੱਸਣਯੋਗ ਹੈ ਕਿ 14 ਮਾਰਚ ਨੂੰ ਡੇਰਾਵਾਦੀ ਸੋਚ ਵਾਲੇ ਕੁਝ ਭੁੱਲੜ ਸਿੱਖਾਂ ਨੇ ਭਾਈ ਪੰਥਪ੍ਰੀਤ ਸਿੰਘ ਨੂੰ ਚੇਤਾਵਨੀ ਦਿੱਤੀ ਸੀ ਕਿ ਉਹ 15 ਮਾਰਚ ਵਾਲੇ ਗੁਰਮਤਿ ਸਮਾਗਮ ਵਿੱਚ ਉਨ੍ਹਾਂ ਨੂੰ ਗੁਰਮਤਿ ਵਖਿਆਨ ਕਰਨ ਦੀ ਇਜਾਜ਼ਤ ਨਹੀਂ ਦੇਣਗੇ। ਉਨ੍ਹਾਂ ਦੀ ਇਸ ਚੇਤਾਵਨੀ ਉਪ੍ਰੰਤ ਇਲਾਕੇ ਦੀ ਸਿੱਖ ਸੰਗਤ ਵਿੱਚ ਰੋਹ ਫੈਲ ਗਿਆ ਤੇ ਉਹ ਵੱਡੀ ਗਿਣਤੀ ਵਿੱਚ ਸਮਾਗਮ ਵਿੱਚ ਸ਼ਾਮਲ ਹੋਏ ਜਿਸ ਸਦਕਾ ਦੀਵਾਨ ਵਿੱਚ ਸੰਗਤ ਦੀ ਹਾਜਰੀ ਪਿਛਲੇ ਦਿਨ ਨਾਲੋਂ ਗਲਪਗ ਦੁੱਗਣੀ ਸੀ। ਸੰਗਤ ਦੇ ਇਸ ਵਿਸ਼ਾਲ ਇਕੱਠ ਨੂੰ ਵੇਖਦਿਆਂ ਕਿਸੇ ਦੀ ਜੁਰ੍ਹਤ ਨਹੀਂ ਪਈ ਕਿ ਉਹ ਸਮਾਗਮ ਵਿੱਚ ਕੋਈ ਗੜਬੜ ਕਰ ਸਕੇ। ਇਸ ਲਈ ਸਮਾਗਮ ਪੂਰੀ ਤਰ੍ਹਾਂ ਚੜ੍ਹਦੀ ਕਲਾ ਵਿੱਚ ਸੰਪੰਨ ਹੋਇਆ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top