Share on Facebook

Main News Page

ਮਾਹਰਾਂ ਦੀ ਕਮੇਟੀ ਬਣਾਉਣ ਵਾਲਿਆਂ ਅਤੇ ਕੈਲੰਡਰ ਤਿਆਰ ਕਰਨ ਵਾਲਿਆਂ ਨੂੰ ਨਹੀਂ ਸੁਝ ਰਿਹਾ ਕੋਈ ਜਵਾਬ, ਕਿ ਉਨ੍ਹਾਂ ਨੇ ਕੈਲੰਡਰ ਵਿੱਚ ਦਰਜ ਤਰੀਖਾਂ ਕਿਸ ਸ੍ਰੋਤ ਤੋਂ ਲਈਆਂ ਹਨ

ਬਠਿੰਡਾ, 16 ਮਾਰਚ (ਕਿਰਪਾਲ ਸਿੰਘ): ਨਾਨਕਸ਼ਾਹੀ ਕੈਲੰਡਰ ਨੂੰ ਰੱਦ ਕਰਕੇ ਬਿਕ੍ਰਮੀ ਕੈਲੰਡਰ ਲਾਗੂ ਕਰਨ ਦੀ ਕਾਹਲ ਵਿੱਚ ਮਾਹਰਾਂ ਦੀ ਕਮੇਟੀ ਬਣਾਉਣ ਵਾਲਿਆਂ ਅਤੇ ਕੈਲੰਡਰ ਤਿਆਰ ਕਰਨ ਵਾਲਿਆਂ ਨੂੰ ਨਹੀਂ ਸੁਝ ਰਿਹਾ ਕੋਈ ਜਵਾਬ, ਕਿ ਉਨ੍ਹਾਂ ਨੇ ਕੈਲੰਡਰ ਵਿੱਚ ਦਰਜ ਤਰੀਖਾਂ ਕਿਸ ਸ੍ਰੋਤ ਤੋਂ ਲਈਆਂ ਹਨ। ਦੱਸਣਯੋਗ ਹੈ ਕਿ 1 ਚੇਤ/ 14 ਮਾਰਚ ਨੂੰ ਸੰਮਤ 547 ਲਈ ਕੈਲੰਡਰ ਰੀਲੀਜ਼ ਕਰਨ ਸਮੇਂ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਮੀਡੀਏ ਨੂੰ ਸੰਬੋਧਨ ਕਰਦੇ ਹੋਏ ਸਪਸ਼ਟ ਸ਼ਬਦਾਂ ਵਿੱਚ ਕਿਹਾ ਸੀ, ਕਿ ਇਹ ਕੈਲੰਡਰ ਅਕਾਲ ਤਖਤ ਸਾਹਿਬ ਦੇ ਆਦੇਸ਼ ’ਤੇ, ਪ੍ਰਧਾਨ ਸ਼੍ਰੋਮਣੀ ਗੁਰਦਵਾਰਾ ਕਮੇਟੀ ਵੱਲੋਂ ਬਣਾਈ ਗਈ 11 ਮੈਂਬਰੀ ਕਮੇਟੀ ਵੱਲੋਂ ਗੁਰਬਾਣੀ ਅਤੇ ਗੁਰਇਤਿਹਾਸ ਨੂੰ ਧਿਆਨ ਵਿਚ ਰੱਖ ਕੇ ਤਿਆਰ ਕੀਤਾ ਗਿਆ ਹੈ।

ਦੋ ਦਿਨਾਂ ਦੀ ਕੋਸ਼ਿਸ਼ ਉਪ੍ਰੰਤ ਅੱਜ ਗਿਆਨੀ ਗੁਰਬਚਨ ਸਿੰਘ ਨਾਲ ਸੰਪਰਕ ਹੋ ਸਕਿਆ, ਜਿਸ ਦੌਰਾਨ ਉਨ੍ਹਾਂ ਤੋਂ ਪੁੱਛਿਆ ਗਿਆ ਕਿ 9 ਮਾਰਚ ਨੂੰ ਪੰਜ ਸਿੰਘ ਸਾਹਿਬਾਨਾਂ ਦੀ ਮੀਟਿੰਗ ਹੋਈ ਸੀ, ਜਿਸ ਵਿੱਚ ਤੁਸੀਂ ਸ਼੍ਰੋਮਣੀ ਕਮੇਟੀ ਨੂੰ ਆਦੇਸ਼ ਦਿੱਤਾ ਸੀ ਕਿ ਉਹ ਗੁਰਬਾਣੀ ਅਤੇ ਸਿੱਖ ਇਤਿਹਾਸ ਨੂੰ ਮੁਖ ਰੱਖ ਕੇ 1 ਚੇਤ/14 ਮਾਰਚ ਤੱਕ ਨਵੇਂ ਵਰ੍ਹੇ (ਸੰਮਤ 547) ਦਾ ਕੈਲੰਡਰ ਛਪਵਾਏ।

10 ਮਾਰਚ ਨੂੰ ਇਹ ਖ਼ਬਰ ਆਈ ਸੀ ਕਿ ਸ਼੍ਰੋਮਣੀ ਕਮੇਟੀ ਦੁਬਿਧਾ ਦਾ ਸ਼ਿਕਾਰ ਹੈ ਕਿ ਕਿਹੜਾ ਕੈਲੰਡਰ (ਨਾਨਕਸ਼ਾਹੀ, ਧੁਮੱਕੜਸ਼ਾਹੀ ਜਾਂ ਬਿਕ੍ਰਮੀ) ਛਾਪਿਆ ਜਾਵੇ। ਇਸ ਸਬੰਧੀ ਕਮੇਟੀ ਨੇ ਫੈਸਲਾ ਕੀਤਾ ਕਿ ਜਥੇਦਾਰ ਗਿਆਨੀ ਗੁਰਬਚਨ ਸਿੰਘ ਜੀ ਨੂੰ ਮਿਲ ਕੇ ਸਪਸ਼ਟ ਹਦਾਇਤਾਂ ਲਈ ਜਾਣ।

ਬੁਧਵਾਰ 11 ਮਾਰਚ ਨੂੰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਨੇ ਤੁਹਾਡੇ ਨਾਲ ਬੰਦ ਕਮਰਾ ਮੀਟਿੰਗ ਕੀਤੀ ਅਤੇ ਨਵੇਂ ਛਪਣ ਵਾਲੇ ਕੈਲੰਡਰ ਦੀ ਰੂਪ ਰੇਖਾ ਤਿਆਰ ਕੀਤੀ। ਫਿਰ ਤੁਸੀਂ ਹੀ ਦੱਸੋ ਕਿ 12 ਤੇ 13 ਮਾਰਚ ਦੇ ਵਿੱਚ ਕਿਸ ਨੇ ਕਿਹੜੀ ਕਮੇਟੀ ਬਣਾਈ; ਉਸ ਦੇ 11 ਮੈਂਬਰ ਕਿਹੜੇ ਕਿਹੜੇ ਸਨ, ਉਨ੍ਹਾਂ ਨੇ ਕਿੱਥੇ ਅਤੇ ਕਦੋਂ ਮੀਟਿੰਗ ਕੀਤੀ ਤੇ ਉਸ ਕਮੇਟੀ ਨੇ ਕੀ ਰੀਪੋਰਟ ਦਿੱਤੀ ਜਿਸ ਦੇ ਅਧਾਰ’ਤੇ 13 ਮਾਰਚ ਨੂੰ ਕੈਲੰਡਰ ਛਪ ਕੇ ਤਿਆਰ ਵੀ ਹੋ ਗਿਆ ਜਿਸ ਨੂੰ ਤੁਸੀਂ 14 ਮਾਰਚ/1 ਚੇਤ ਨੂੰ ਰੀਲੀਜ਼ ਕੀਤਾ। ਪ੍ਰਧਾਨ ਮੱਕੜ ਦਾ ਵੀ ਇਹੋ ਕਹਿਣਾ ਹੈ ਕਿ ਜਿਸ ਤਰ੍ਹਾਂ ਦਾ ਕੈਲੰਡਰ ਛਾਪਣ ਸਬੰਧੀ ਸਿੰਘ ਸਾਹਿਬ ਨੇ ਹਦਾਇਤ ਕੀਤੀ ਉਸੇ ਤਰ੍ਹਾਂ ਦਾ ਉਨ੍ਹਾਂ ਨੇ ਛਪਵਾ ਦਿੱਤਾ। ਇਸ ਲਈ ਉਹ ਤਾਂ ਸਾਰੀ ਜਿੰਮੇਵਾਰੀ ਤੁਹਾਡੇ ’ਤੇ ਸੁੱਟ ਰਹੇ ਹਨ, ਹੁਣ ਤੁਸੀਂ ਹੀ ਦੱਸੋ ਕਿ ਇਹ ਕੈਲੰਡਰ ਕਿਹੜੇ ਵਿਦਵਾਨਾਂ ਨੇ ਤਿਆਰ ਕੀਤਾ ਅਤੇ ਗੁਰਪੁਰਬਾਂ ਦੀਆਂ ਨਵੀਂਆਂ ਤਰੀਖਾਂ ਉਨ੍ਹਾਂ ਨੇ ਕਿਹੜੇ ਇਤਿਹਾਸਕ ਸ੍ਰੋਤਾਂ ਤੋਂ ਲਈਆਂ ਹਨ। ਉਨ੍ਹਾਂ ਨੂੰ ਚੇਤਾ ਕਰਵਾਇਆ ਗਿਆ ਕਿ ਸ਼੍ਰੋਮਣੀ ਕਮੇਟੀ ਦੀ ਆਫੀਸ਼ਲ ਵੈੱਬਸਾਈਟ ਵਿੱਚ ਗੁਰੂ ਹਰਿ ਰਾਇ ਸਾਹਿਬ ਜੀ ਦਾ ਗੁਰਗੱਦੀ ਦਿਵਸ 3 ਮਾਰਚ 1644 ਦਰਜ ਹੈ। ਪਰ ਸ਼੍ਰੋਮਣੀ ਕਮੇਟੀ ਵੱਲੋਂ ਛਾਪੇ ਅਤੇ ਤੁਹਾਡੇ ਵੱਲੋਂ ਰੀਲੀਜ਼ ਕੀਤੇ ਨਵੇਂ ਕੈਲੰਡਰ ਵਿੱਚ 5 ਚੇਤ 18 ਮਾਰਚ ਦਰਜ ਕੀਤਾ ਗਿਆ ਹੈ। ਤੁਸੀਂ ਦੱਸੋ ਕਿ ਇਹ ਤਰੀਖਾਂ ਕਿਹੜੇ ਇਤਿਹਾਸਕ ਸ੍ਰੋਤ ਤੋਂ ਲਈਆਂ ਹਨ। ਕੈਲੰਡਰ ਸਬੰਧੀ ਅੰਤਿਮ ਨਿਰਣਾ ਦੇਣ ਦੀ ਹੈਸੀਅਤ ਰੱਖਣ ਵਾਲਾ ਗਿਆਨੀ ਗੁਰਬਚਨ ਸਿੰਘ ਇਸ ਦਾ ਢੁਕਵਾਂ ਉੱਤਰ ਨਾ ਦੇ ਸਕੇ ਅਤੇ ਸਿਰਫ ਇਹ ਹੀ ਕਿਹਾ ਕਿ ਇਹ ਤਾਂ ਕੈਲੰਡਰ ਬਣਾਉਣ ਵਾਲੇ ਹੀ ਦੱਸ ਸਕਦੇ ਹਨ। ਜਦੋਂ ਪੁੱਛਿਆ ਗਿਆ ਕਿ ਇਹ ਕੈਲੰਡਰ ਤਿਆਰ ਕਰਨ ਵਾਲੇ ਕੌਣ ਹਨ? ਤਾਂ ਇਸ ਦਾ ਵੀ ਕੋਈ ਜਵਾਬ ਨਾ ਦੇ ਸਕੇ।

ਅਗਲਾ ਸਵਾਲ ਪੁੱਛਿਆ ਗਿਆ ਕਿ ਇਸੇ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਸ਼੍ਰੋਮਣੀ ਕਮੇਟੀ ਦੀ ਵੈੱਬਸਾਈਟ ਵਿੱਚ 23 ਪੋਹ ਸੰਮਤ 1723/ 22 ਦਸੰਬਰ 1666 ਵਿਖਾਇਆ ਗਿਆ ਹੈ ਪਰ ਸੰਮਤ 547 ਦੇ ਕੈਲੰਡਰ ਵਿੱਚ ਇਹ ਦਿਹਾੜਾ 3 ਮਾਘ/ 16 ਜਨਵਰੀ ਵਿਖਾਇਆ ਗਿਆ ਹੈ। ਦੱਸੋ ਇਹ ਤਰੀਖਾਂ ਤੁਸੀਂ ਕਿਸ ਇਤਿਹਾਸਕ ਸ੍ਰੋਤ ਤੋਂ ਲਈਆਂ ਹਨ। ਫਿਰ ਉਹੀ ਜਵਾਬ ਮਿਲਿਆ ਕਿ ਇਹ ਤਾਂ ਕੈਲੰਡਰ ਬਣਾਉਣ ਵਾਲੇ ਹੀ ਦੱਸ ਸਕਦੇ ਹਨ

ਅਗਲਾ ਸਵਾਲ ਸੀ ਕਿ ਸ਼ਾਇਦ ਉਹ ਕਹਿ ਸਕਦੇ ਹਨ ਕਿ ਪੋਹ ਸੁਦੀ 7 ਇਸ ਸਾਲ 3 ਮਾਘ, 16 ਜਨਵਰੀ ਨੂੰ ਆਵੇਗੀ; ਇਸ ਲਈ ਇਹ ਤਰੀਖਾਂ ਲਈਆਂ ਗਈਆਂ ਹਨ। ਜੇ ਉਨ੍ਹਾਂ ਦਾ ਜਾਂ ਤੁਹਾਡਾ ਇਹੀ ਜਵਾਬ ਹੈ ਤਾਂ ਤੁਸੀਂ ਦੱਸੋ ਕਿ ਕੈਲੰਡਰ ਵਿੱਚ ਤੁਸੀਂ ਚੰਦ੍ਰਮਾਂ ਦੀਆਂ ਤਿਥਾਂ ਹੀ ਲਿਖੀਆਂ ਹੀ ਨਹੀਂ ਹਨ; ਫਿਰ ਇਨ੍ਹਾਂ ਤਿਥਾਂ ਦੇ ਹਿਸਾਬ ਗੁਰਪੁਰਬ ਨਿਸਚਿਤ ਕਰਨ ਦੀ ਕੀ ਲੋੜ ਪੈ ਗਈ? ਕੀ ਚੰਦ੍ਰਮਾਂ ਦੇ ਹਿਸਾਬ ਤਰੀਖਾਂ ਤੁਸੀਂ ਇਸ ਕਾਰਣ ਨਹੀਂ ਲਿਖੀਆਂ ਤਾ ਕਿ ਆਮ ਸਿੱਖ ਸੰਗਤ ਨੂੰ ਇਹ ਪਤਾ ਨਾ ਲਗ ਜਾਵੇ ਕਿ ਇਹ ਤਾਂ ਬਿਕ੍ਰਮੀ ਕੈਲੰਡਰ ਹੈ। ਜੇ ਸਿੱਖ ਸੰਗਤ ਤੋਂ ਪਰਦਾ ਰੱਖਣ ਲਈ ਐਸਾ ਕੀਤਾ ਜਾ ਰਿਹਾ ਤਾਂ ਕੀ ਤੁਸੀਂ ਬਿਕ੍ਰਮੀ ਕੈਲੰਡਰ ਨੂੰ ਨਾਨਕਸ਼ਾਹੀ ਕੈਲੰਡਰ ਕਹਿ ਕੇ ਸੰਗਤ ਨੂੰ ਧੋਖਾ ਨਹੀਂ ਦੇ ਰਹੇ? ਇਸ ਨੂੰ ਦੂਜੇ ਸ਼ਬਦਾਂ ਵਿੱਚ ਇਹ ਵੀ ਕਿਹਾ ਜਾ ਸਕਦਾ ਹੈ ਕਿ ਖੋਤੇ ’ਤੇ ਸ਼ੇਰ ਦੀ ਖੱਲ ਪਾ ਕੇ ਸ਼ੇਰ ਦਾ ਭੁਲੇਖਾ ਪਾਇਆ ਜਾ ਰਿਹਾ ਹੈ? ਕੀ ਜਦੋਂ ਤਰੀਖਾਂ ਦੀ ਪੜਤਾਲ ਕੀਤੀ ਗਈ ਭਾਵ ਜਦੋਂ ਖੋਤਾ ਹਿਣਕਿਆ ਤਾਂ ਸਿੱਖ ਸੰਗਤ ਨੂੰ ਪਤਾ ਨਹੀਂ ਲੱਗੇਗਾ ਕਿ ਅਸੀਂ ਤਾਂ ਐਵੇਂ ਹੀ ਨਾਨਕਸ਼ਾਹੀ ਕੈਲੰਡਰ (ਸ਼ੇਰ) ਹੋਣ ਦੇ ਭੁਲੇਖੇ ਵਿੱਚ ਰਹੇ ਪਰ ਇਹ ਤਾਂ ਬਿਕ੍ਰਮੀ ਕੈਲੰਡਰ ਭਾਵ ਖੋਤਾ ਹੀ ਹੈ। ਇਸ ਦੇ ਜਵਾਬ ਵਿੱਚ ਵੀ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਉਨ੍ਹਾਂ ਤੋਂ ਪੁੱਛ ਲੈਂਦੇ ਹਾਂ ਕਿ ਉਨ੍ਹਾਂ ਨੇ ਐਸਾ ਕਿਉਂ ਕੀਤਾ ਹੈ? ਪਰ ਦੱਸਿਆ ਕਿ ਇਹ ਬਿਕ੍ਰਮੀ ਕੈਲੰਡਰ ਨਹੀਂ ਸਿਰਫ ਇਕ ਸਾਲ ਲਈ ਆਰਜੀ ਕੈਲੰਡਰ ਹੈ।

ਹੋਰ ਸਵਾਲ ਪੁੱਛਿਆ ਗਿਆ ਕਿ ਤੁਸੀਂ ਵਾਰ ਵਾਰ ਕਹਿ ਰਹੋ ਕਿ ਕੈਲੰਡਰ ਵਿਵਾਦ ਸਦਾ ਲਈ ਹੱਲ ਕਰਨ ਲਈ ਬਣਾਈ ਗਈ ਕਮੇਟੀ ਵਿੱਚ ਦੋਵਾਂ ਧਿਰਾਂ ਨੂੰ ਬਰਾਬਰ ਦੀ ਪ੍ਰਤੀਨਿਧਤਾ ਦਿੱਤੀ ਗਈ ਹੈ। ਕੀ ਇਹ ਸਰਾ ਸਰ ਝੂਠ ਨਹੀਂ ਹੈ? ਕੀ ਇਸ ਸਿਰਮੌਰ ਅਹੁਦੇ ’ਤੇ ਸ਼ੁਸੋਭਿਤ ਜਥੇਦਾਰ ਲਈ ਏਡਾ ਵੱਡਾ ਝੂਠ ਬੋਲਣਾ ਸ਼ੋਭਾ ਦਿੰਦਾ ਹੈ? ਕਿਉਂਕਿ ਸ: ਪਾਲ ਸਿੰਘ ਪੁਰੇਵਾਲ ਤੋਂ ਬਿਨਾਂ 18 ਮੈਂਬਰੀ ਕਮੇਟੀ ਵਿੱਚ ਹੋਰ ਇੱਕ ਵੀ ਨੁੰਮਾਇੰਦਾ ਦੱਸੋ ਜਿਹੜਾ ਨਾਨਕਸ਼ਾਹੀ ਕੈਲੰਡਰ ਦਾ ਹਮਾਇਤੀ ਹੋਵੇ? ਤੁਸੀਂ ਸੰਤ ਸਮਾਜ ਦੇ ਤਾਂ 2 ਨੁੰਮਾਇੰਦੇ ਸ਼ਾਮਲ ਕਰ ਲਏ ਹਨ, ਜਦੋਂ ਕਿ ਪਾਕਿਸਤਾਨ ਗੁਰਦੁਆਰਾ ਕਮੇਟੀ, ਆਲ ਅਮੈਰਿਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪਹਿਲੀ ਜਨਵਰੀ 2015 ਨੂੰ ਤੁਹਾਨੂੰ ਮੈਮੋਰੰਡਮ ਦੇਣ ਵਾਲੀਆਂ ਤਕਰੀਬਨ 5 ਦਰਜਨ ਜਥੇਬੰਦੀਆਂ ਵਿੱਚੋਂ ਤੁਸੀਂ ਇੱਕ ਵੀ ਨੁੰਮਾਇੰਦਾ ਨਹੀਂ ਲਿਆ। ਇਸ ਦੇ ਜਵਾਬ ਵਿੱਚ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਜਿਹੜੇ 4 ਵਿਦਵਾਨ ਸ਼ਾਮਲ ਕੀਤੇ ਗਏ ਹਨ ਉਹ ਸਾਰੇ ਸ਼ੁਰੂ ਤੋਂ ਹੀ ਨਾਨਕਸ਼ਾਹੀ ਕੈਲੰਡਰ ਦੀ ਬਣਤਰ ਵਿੱਚ ਭਾਈਵਾਲ ਰਹੇ ਹਨ। ਇਹ ਪਹਿਲੀ ਵਾਰ ਹੋਇਆ ਹੈ ਕਿ ਵਿਦੇਸ਼ਾਂ ਦੇ ਨੁੰਮਾਇੰਦੇ ਸ਼ਾਮਲ ਕੀਤੇ ਗਏ ਹਨ। ਅਪ੍ਰੈਲ ਵਿੱਚ ਕਮੇਟੀ ਹੋਂਦ ਵਿੱਚ ਆ ਜਾਵੇਗੀ ਜਿਸ ਦੀ ਕਾਰਵਾਈ ਦੀ ਸਾਰੀ ਕਾਰਵਾਈ ਰੀਕਾਰਡ ਕੀਤੀ ਜਾਵੇਗੀ।

ਜਦੋਂ ਪੁੱਛਿਆ ਗਿਆ ਕਿ ਉਨ੍ਹਾਂ ਚਾਰਾਂ ਵਿਦਵਾਨਾਂ ਵਿੱਚੋਂ ਵੀ ਤਿੰਨ ਬਿਕ੍ਰਮੀ ਕੈਲੰਡਰ ਦੇ ਹਮਾਇਤੀ ਹਨ। ਜੇ ਉਸ ਧਿਰ ਦੇ ਤਿੰਨ ਵਿਦਵਾਨ ਸ਼ਾਮਲ ਕੀਤੇ ਗਏ ਹਨ ਤਾਂ ਨਾਨਕਸ਼ਾਹੀ ਕੈਲੰਡਰ ਪੱਖੀ ਵੀ ਤਿੰਨ ਵਿਦਵਾਨ ਕਿਉਂ ਨਹੀਂ ਲਏ ਗਏ? ਤੁਸੀਂ ਅਮਰੀਕਾ, ਕੈਨੇਡਾ, ਆਸਟ੍ਰੇਲੀਆ, ਇੰਗਲੈਂਡ, ਯੂਰਪ ਦੀ ਸੰਗਤ ਨੂੰ ਕਹਿ ਦਿੱਤਾ ਕਿ ਉਹ ਆਪਣਾ ਇੱਕ-ਇੱਕ ਨੁੰਮਾਇੰਦਾ ਭੇਜੇ। ਸਾਰੇ ਹੀ ਦੇਸ਼ਾਂ ਵਿੱਚ ਦੋਵਾਂ ਧਿਰਾਂ ਦੀ ਸੰਗਤ ਮਿਲ ਜਾਂਦੀ ਹੈ। ਦੱਸੋ ਤੁਸੀਂ ਕਿਹੜੀ ਸੰਗਤ ਨੂੰ ਮਾਣਤਾ ਦੇਵੋਗੇ। ਜੇ ਇਸ ਤਰ੍ਹਾਂ ਸੰਗਤ ਨੂੰ ਹੀ ਸੱਦਾ ਦੇਣਾ ਸੀ ਤਾਂ ਤੁਸੀ ਪੰਜਾਬ ਦੀ ਸੰਗਤ ਨੂੰ ਸੱਦਾ ਕਿਉਂ ਨਹੀਂ ਦਿੱਤਾ। ਇਥੇ ਤਾਂ ਤੁਸੀਂ ਸ਼੍ਰੋਮਣੀ ਕਮੇਟੀ ਨੂੰ ਦੋ, ਸੰਤ ਸਮਾਜ ਨੂੰ ਦੋ, ਨਿਰਮਲ ਭੇਖ ਨੂੰ ਇੱਕ, ਉਦਾਸੀ ਭੇਖ ਨੂੰ ਇੱਕ, ਨਿਹੰਗ ਸਿੰਘਾਂ ਨੂੰ ਇੱਕ ਨੁੰਮਾਇੰਦਾ ਭੇਜਣ ਲਈ ਕਹਿ ਦਿੱਤਾ ਹੈ। ਪਰ ਇਸੇ ਪੰਜਾਬ ਵਿੱਚ ਤਿੰਨ ਮਿਸ਼ਨਰੀ ਕਾਲਜ, ਅਖੰਡ ਕੀਰਤਨੀ ਜਥੇ, ਗੁਰਮਤਿ ਸੇਵਾ ਲਹਿਰ, ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ, ਸੁਖਮਨੀ ਸਾਹਿਬ ਸੁਸਾਇਟੀਆਂ ਤੋਂ ਇਲਾਵਾ ਹੋਰ ਕਿਤਨੀਆਂ ਹੀ ਜਥੇਬੰਦੀਆਂ ਹਨ; ਉਨ੍ਹਾਂ ਵਿੱਚੋਂ ਕੋਈ ਨੁੰਮਾਇੰਦੇ ਕਿਉਂ ਨਹੀਂ ਲਏ ਗਏ? ਇਹ ਵਿਤਕਰਾ ਕਿਉਂ? ਇਸ ਦਾ ਵੀ ਬੜੀ ਢੀਠਤਾਈ ਨਾਲ ਜਵਾਬ ਦਿੰਦਿਆਂ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਪਹਿਲੀ ਜਨਵਰੀ ਨੂੰ ਯਾਦ-ਪੱਤਰ ਦੇਣ ਵਾਲਿਆਂ ਵਿੱਚ ਦਮਦਮੀ ਟਕਸਾਲ ਦਾ ਇੱਕ ਧੜਾ ਵੀ ਸ਼ਾਮਲ ਸੀ ਜਿਹੜਾ ਸੰਤ ਸਮਾਜ ਵਿੱਚ ਸ਼ਾਮਲ ਹੈ। ਤੁਸੀਂ ਉਸ ਨੂੰ ਨਾਮਜ਼ਦ ਕਰਵਾ ਲਵੋ!

ਆਖਰੀ ਸਵਾਲ ਪੁੱਛਿਆ ਗਿਆ ਕਿ ਕੀ ਇਸ ਤਰ੍ਹਾਂ ਇੱਕ ਪਾਸੜ ਕਮੇਟੀ ਬਣਾਉਣ ਨਾਲੋਂ ਚੰਗਾ ਨਹੀਂ ਕਿ ਕਿਸੇ ਵੀ ਜਥੇਬੰਦੀ ਜਾਂ ਸੰਸਥਾ ਨੂੰ ਕਮੇਟੀ ਵਿੱਚ ਕੋਈ ਥਾਂ ਨਾ ਦਿੱਤਾ ਜਾਵੇ, ਕਿਉਂਕਿ ਉਨ੍ਹਾਂ ਵਿੱਚੋਂ ਬਹੁਤਿਆਂ ਨੂੰ ਕੈਲੰਡਰ ਵਿਗਿਆਨ ਦੀ ਕੋਈ ਸੂਝ ਨਹੀਂ ਹੈ। ਇਸ ਦੀ ਬਜਾਏ ਕਮੇਟੀ ਵਿੱਚ ਸਿਰਫ ਦੋਵਾਂ ਧਿਰਾਂ ਦੇ ਬਰਾਬਰ ਦੀ ਗਿਣਤੀ ਦੇ ਵਿਦਵਾਨ ਲਏ ਜਾਣ ਜਿਸ ਦੀਆਂ ਮੀਟਿੰਗਾਂ ਦੀ ਪ੍ਰਧਾਨਗੀ ਸਾਬਕਾ ਜਸਟਿਸ ਕੁਲਦੀਪ ਸਿੰਘ ਵਰਗੀ ਸਖ਼ਸ਼ੀਅਤ ਕਰਨ। ਵੱਖ ਵੱਖ ਜਥੇਬੰਦੀਆਂ ਜਾਂ ਸੰਸਥਾਵਾਂ ਸਿਰਫ ਆਪਣੇ ਸੁਝਾਉ ਅਤੇ ਮੰਗ ਪੱਤਰ ਇਸ ਕਮੇਟੀ ਅੱਗੇ ਪੇਸ਼ ਕਰਨ ਪਰ ਵੋਟਾਂ ਪਾ ਕੇ ਫੈਸਲਾ ਲੈਣ ਵਾਲੀ ਕਮੇਟੀ ਦੀ ਮੀਟਿੰਗ ਵਿੱਚ ਸ਼ਾਮਲ ਨਾ ਹੋ ਸਕਣ। ਇਹ ਵੀ ਧਿਆਨ ਰੱਖਿਆ ਜਾਵੇ ਕਿ ਸੁਝਾਉ ਸਿਰਫ ਨਾਨਕਸ਼ਾਹੀ ਕੈਲੰਡਰ ਵਿੱਚ ਸੋਧ ਸਬੰਧੀ ਹੀ ਹੋਣ ਨਾ ਕਿ ਇਸ ਨੂੰ ਮੁੱਢੋਂ ਰੱਦ ਕਰਕੇ ਮੁੜ ਬਿਕ੍ਰਮੀ ਕੈਲੰਡਰ ਲਾਗੂ ਕਰਨ ਲਈ। ਉਨ੍ਹਾਂ ਦੇ ਸੁਝਾਵਾਂ ਨੂੰ ਮਾਹਰਾਂ ਦੀ ਮੀਟਿੰਗਾਂ ਵਿੱਚ ਵੀਚਾਰ ਕੇ ਸਹੀ ਫੈਸਲਾ ਲਿਆ ਜਾਵੇ। ਜਦ ਤੱਕ ਫੈਸਲਾ ਨਹੀਂ ਹੁੰਦਾ ਉਤਨੀ ਦੇਰ ਮੌਜੂਦਾ ਮੂਲ ਨਾਨਕਸ਼ਾਹੀ ਕੈਲੰਡਰ ਹੀ ਲਾਗੂ ਰਹੇ। ਗਿਆਨੀ ਗੁਰਬਚਨ ਸਿੰਘ ਨੇ ਕਿਹਾ ਤੁਹਾਡਾ ਸੁਝਾਉ ਨੋਟ ਕਰ ਲਿਆ ਗਿਆ ਹੈ ਪਰ ਇਸ ਸਬੰਧੀ ਫੈਸਲਾ ਪੰਜਾਂ ਦੀ ਮੀਟਿੰਗ ਵਿੱਚ ਹੀ ਕੀਤਾ ਜਾਵੇਗਾ; ਮੈਂ ਇਕੱਲੇ ਤੌਰ ’ਤੇ ਕੁਝ ਨਹੀਂ ਕਰ ਸਕਦਾ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top