Share on Facebook

Main News Page

ਕ੍ਰਿਸ਼ਨਾਵਤਾਰ’ ਅਤੇ ‘ਜਾਪੁ’ (ਨਿੱਤ-ਨੇਮ) ਇੱਕ ਅਧਿਐਨ
(ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਸ਼ਵੱਟੀ 'ਤੇ) - ਭਾਗ ਪਹਿਲਾ
-: ਪ੍ਰੋ. ਕਸ਼ਮੀਰਾ ਸਿੰਘ, ਯੂ.ਐਸ.ਏ.

ਸੰਨ 1875 ਵਿੱਚ ਅੰਗ੍ਰੇਜ਼ੀ ਰਾਜ ਸਮੇਂ ‘ਦਸ਼ਮ ਗ੍ਰੰਥ’ (ਪਹਿਲਾ ਨਾਂ ਬਚਿਤ੍ਰ ਨਾਟਕ) ਦੀ ਇੱਕ ਪੁਸਤਕ ਰੂਪ ਵਿੱਚ ਹੋਂਦ ਬਣੀ। ਇੱਸ ਵਿੱਚ ‘ਕ੍ਰਿਸ਼ਨਾਵਤਾਰ’ (ਭਾਗਵਤ ਪੁਰਾਣ ਵਿੱਚੋਂ ਸ੍ਰੀ ਕ੍ਰਿਸ਼ਨ ਜੀ ਦੇ ਕੌਤਕ) ਨਾਂ ਦੀ 2492 ਛੰਦਾਂ ਵਾਲ਼ੀ ਸਯਾਮ ਕਵੀ ਦੀ ਲਿਖੀ ਰਚਨਾ ਹੈ। ਰਚਨਾ ਵਿੱਚ ਸਯਾਮ ਕਵੀ ਦੀ ਮੁਹਰ ਛਾਪ ਦੇ ਕੁਝ ਪ੍ਰਮਾਣ-

ੳ) ਅੰਤ ਖਿਸਾਇ ਚਲ ਫਿਰ ਕੈ ਕਬਿ ਸਯਾਮ ਕਹੈ ਸੋਊ ਭੁਪਤਿ ਆਯੋ। 2283
ਅ) ਸ੍ਰੀ ਬਿਜ ਨਾਇਕ ਕੋ ਜਿਨ ਹੂ ਕਬਿ ਸਯਾਮ ਭਨੈ ਨਹੀ ਧਯਾਨ ਲਗਾਯੋ।---
ੲ) ਲੋਕ ਪ੍ਰਲੋਕ ਕਹੈ ਕਬਿ ਸਯਾਮਸਦਾ ਤਿਹ ਆਪਨੋ ਜਨਮ ਗਵਾਯੋ। 2284
ਸ) ਜੁਧ ਭਯੋ ਤਿਹ ਠਉਰ ਘਨੋ ਸੋਊ ਯੌ ਮੁਖ ਤੇ ਕਬਿ ਸਯਾਮ ਉਚਾਰਿਯੋ। 2290
ਹ) ਅਉਰ ਨਿਹਾਰਿ ਭਜੇ ਭਟ ਯੌ ਉਪਮਾ ਤਿਨ ਕੀ ਕਬਿ ਸਯਾਮ ਉਚਾਰੇ। 2293
ਕ) ਪ੍ਰੇਮ ਬਿਨਾ ਕਬਿ ਸਯਾਮ ਭਨੈ ਕਰਿ ਕਾਹੂ ਕੇ ਮੈ ਬ੍ਰਿਜ ਨਾਇਕ ਆਯੋ। 2487
ਖ) ਸਯਾਮ ਭਨੈ ਸਭ ਬੇਦ ਕਤੇਬਨ ਸੰਤਨ ਕੇ ਮਤਿ ਯੌ ਠਹਰਾਏ। 2488

ਇਹ ਰਚਨਾ ਭਾਗਵਤ ਪੁਰਾਣ ਦੇ ਦਸਮੇ ਸਕੰਧ ਦਾ ਅਨੁਵਾਦ ਹੈ {ਇਤੀ ਸ੍ਰੀ ਦਸਮ ਸਿਕੰਧ ਪੁਰਾਣੇ ਬਚਿਤ੍ਰ ਨਾਟਕ ਗ੍ਰੰਥੇ ਕ੍ਰਿਸਨਾਵਤਾਰੇ ਧਯਾਇ ਇਕੀਸਵੋ ਸਮਾਪਤਮ ਸਤੁ ਸੁਭਮ ਸਤੁ।} ਭਾਵ, ‘ਦਸਮ ਕਥਾ ਭਗੌਤ ਕੀ’ ਹੈ। ‘ਦਸਮ ਕਥਾ’ ਦਾ ਸਪੱਸ਼ਟ ਅਰਥ ਹੈ- ਭਾਗਵਤ ਪੁਰਾਣ ਦੇ ‘ਦਸਮ ਸਕੰਧ’ ਦੀ ਕਥਾ, ਭਾਵੇਂ ਇਸ ਲੰਬੀ ਰਚਨਾ ਨੂੰ ਪੜ੍ਹੇ ਵਿਚਾਰੇ ਬਿਨਾਂ ਕਈ ਪ੍ਰਾਣੀ ‘ਦਸਮ ਕਥਾ’ ਦੇ ‘ਦਸਮ’ ਸ਼ਬਦ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ਼ ਅਕਾਰਥ ਹੀ ਜੋੜ ਕੇ ਅਣਭੋਲ਼ੇ ਹੀ ਗੁਰੂ ਪਦਵੀ ਦੀ ਨਿਰਾਦਰੀ ਦੇ ਭਾਗੀ ਬਣ ਰਹੇ ਹਨ‘ਦਸਮ ਗ੍ਰੰਥ’ ਦਾ ਅਰਥ ਹੈ- ਭਾਗਵਤ ਪੁਰਾਣ ਦੇ ਦਸਵੇਂ ਸਕੰਧ ਦੀ ਕਥਾ ਵਾਲ਼ਾ ਗ੍ਰੰਥ। ਇੱਸ ਬਚਿੱਤ੍ਰ ਨਾਟਕ ਵਿੱਚ ਹੀ ‘ਜਾਪੁ’ ਨਾਂ ਦੀ ਰਚਨਾ ਹੈ ਜਿਸ ਦੇ 199 ਛੰਦ ਹਨ {ਡਾ. ਰਤਨ ਸਿੰਘ ਜੱਗੀ ਅਨੁਸਾਰ ਕਿਸੇ ਲਿਖਤ ਵਿੱਚ ਇਹ ਗਿਣਤੀ 196 ਤੇ ਕਿਤੇ 198 ਹੈ}।

ਕ੍ਰਿਸ਼ਨਾਵਤਾਰਵਿੱਚ, ਸ੍ਰੀ ਕ੍ਰਿਸ਼ਨ ਦੇ ਚਰਿਤ੍ਰ ਲਿਖਦਿਆਂ ਹੋਇਆਂ, ਕਵੀ ਨੇ ਦੁਰਗਾ ਮਾਈ (ਦੇਵੀ ਜੂ) ਦੀ ਵੀ ਉਸਤਤਿ ਕੀਤੀ ਹੈ ਜਿਸ ਤੋਂ ਕਵੀ ਦੇ ਇਸ਼ਟ (ਦੁਰਗਾ ਹੋਣ) ਦੀ ਸੂਚਨਾ ਮਿਲ਼ਦੀ ਹੈ। ਦੁਰਗਾ ਦੇਵੀ ਦੀ ਸਿਫ਼ਤਿ ਵਿੱਚ ਉਚਾਰੇ ਛੰਦਾਂ ਵਿੱਚ ਜੋ ਗੁਣ ਕਵੀ ਨੇ ਦੇਵੀ ਵਾਸਤੇ ਵਰਤੇ ਹਨ ਉਹ ‘ਜਾਪੁ’ ਨਾਂ ਦੀ ਰਚਨਾ ਵਿੱਚ ਵੀ ਮਿਲ਼ਦੇ ਹਨ। ਇੱਸ ਪੱਖ ਤੋਂ ਦੋਹਾਂ ਰਚਨਾਵਾਂ ਦੀ ਤੁਲਨਾ ਇੱਸ ਲੇਖ ਵਿੱਚ ਕੀਤੀ ਗਈ ਹੈ। ਤੁਲਨਾ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤੋਂ ਅਗਵਾਈ ਲਈ ਗਈ ਹੈ। ਕ੍ਰਿਸ਼ਨਾਵਤਾਰ ਵਿੱਚੋਂ ਉਹ ਛੰਦ ਹੀ ਵਿਚਾਰ ਅਧੀਨ ਰੱਖੇ ਹਨ, ਜਿਨ੍ਹਾਂ ਉੱਤੇ ਸਿਰਲੇਖ ਵਜੋਂ ‘ਅਥ ਦੇਵੀ ਜੂ ਕੀ ਉਸਤਤ ਕਥਨੰ’ ਸੂਚਨਾ ਦਿੱਤੀ ਗਈ ਹੈ। ਇਹ ਸੂਚਨਾ ਛੰਦ ਨੰਬਰ 5 ਤੋਂ 8 ਅਤੇ 421 ਤੋਂ 440 ਤਕ ਦੇ ਛੰਦਾਂ ਪ੍ਰਤਿ ਦਿੱਤੀ ਗਈ ਹੈ।

ਛੰਦ ਨੰਬਰ 5 ਤੋਂ 8
ਕ੍ਰਿਸ਼ਨਾਵਤਾਰ’ ਦਾ ਕਵੀ ਸਯਾਮ ਚੰਡੀ (ਦੁਰਗਾ) ਤੋਂ ਆਸ਼ੀਰਵਾਦ ਲੈਂਦਾ ਹੋਇਆ ਛੰਦ ਨੰਬਰ 5 ਵਿੱਚ ਲਿਖਦਾ ਹੈ:
‘ਬਿਨੁ ਚੰਡਿ ਕ੍ਰਿਪਾ ਤੁਮਰੀ ਕਬਹੂੰ ਮੁਖ ਤੇ ਨਹੀ ਅਛਰ ਹਉ ਕਰਿ ਹੋ’।5।
ਸਯਾਮ ਕਵੀ ਆਖਦਾ ਹੈ- ਹੇ ਮਨ! ਤੂੰ ਸ਼ਾਰਦਾ (ਦੁਰਗਾ) ਨੂੰ ਯਾਦ ਕਰ ਜਿਸ ਦੇ ਅਣਗਿਣਤ ਗੁਣ ਹਨ। ਇਹ ਭਾਗਵਤ ਗ੍ਰੰਥ ਉਸ ਸ਼ਾਰਦਾ ਭਵਾਨੀ ਦੀ ਕਿਰਪਾ ਨਾਲ਼ ਹੀ ਰਚਿਆ ਜਾਣਾ ਹੈ॥

ਕਵੀ ਛੰਦ ਨੰਬਰ 6 ਵਿੱਚ ਲਿਖਦਾ ਹੈ-
ਰੇ ਮਨ ਭਜ ਤੂੰ ਸਾਰਦਾ ਅਨਗੁਨ ਗੁਨ ਹੈ ਜਾਹਿ।
ਰਚੋ ਗ੍ਰੰਥ ਇਹ ਭਾਗਵਤ ਜਉ ਵੈ ਕ੍ਰਿਪਾ ਕਰਾਹਿ।6।

ਇਹ ਗੱਲ ਸਪੱਸ਼ਟ ਹੈ ਕਿ ਸਯਾਮ ਕਵੀ ਦਾ ਇਸ਼ਟ ਦੁਰਗਾ ਹੈ ਜਿਸ ਨੁੰ ‘ਸ਼ਾਰਦਾ’ ਨਾਂ ਨਾਲ਼ ਵੀ ਲਿਖਿਆ ਹੈ। ਦੁਰਗਾ ਦਾ ਪੁਜਾਰੀ ਕਿਸੇ ਹੋਰ ਰੱਬ ਨੂੰ ਨਹੀਂ ਮੰਨਦਾ ਕਿਉਂਕਿ ਦੁਰਗਾ ਹੀ ਉਸ ਦਾ ਰੱਬ ਹੈ। ਭਾਗਵਤ ਪੁਰਾਣ ਵਿੱਚੋਂ ਕਥਾ ਲਿਖਣ ਲਈ ਦੁਰਗਾ ਅੱਗੇ ਕਵੀ ਦੀ ਇਹ ਬੇਨਤੀ ਹੈ।

ਕ੍ਰਿਸ਼ਨਵਤਾਰ: ਸੰਕਟ ਹਰਨ ਸਭ ਸਿੱਧਕੀ ਕਰਨ ਚੰਡ ਤਾਰਨ ਤਰਨ ਸ਼ਰਨ ਲੋਚਨ ਬਿਸਾਲ ਹੈ। ਦੇਵੀ ਬਰ ਲਾਇਕ ਸੁਬੁਧਿ ਹੂ ਕੀ ਦਾਇਕ ਸੁ ਦੇਹ ਬਰ ਪਾਇਕ ਬਨਾਵੈ ਗ੍ਰੰਥ ਹਾਲ ਹੈ।7।
ਜਾਪੁ: ਸਦਾ ਸਿਧਿਦਾ ਬੁਧਿਦਾ ਬ੍ਰਿਧ ਕਰਤਾ।16। ਸਦਾ ਸਰਬਦਾ ਸਿਧਿ ਦਾਤਾ ਦਿਆਲੰ।17।

ਸੋਚ ਵਿਚਾਰ: ‘ਕ੍ਰਿਸ਼ਨਾਵਤਾਰ’ ਵਿੱਚ ਦੇਵੀ ਦੁਰਗਾ ‘ਸਿਧਕੀ ਕਰਨ’ (ਸਿੱਧੀਆਂ ਦੇਣ ਵਾਲ਼ੀ) ਤੇ ਸੁ ਬੁਧਿ ਹੂ ਕੀ ਦਾਇਕ’ ( ਬੁਧੀ ਦੇਣ ਯੋਗ) ਹੈ।‘ਜਾਪੁ’ ਵਿੱਚ ਦੁਰਗਾ ਦੇ ਇਹ ਗੁਣ ‘ਸਿਧਿਦਾ’ (ਸਿੱਧੀਆਂ ਦੇਣ ਯੋਗ) ‘ਬੁਧਿਦਾ’ (ਬੁਧੀ ਦੇਣ ਯੋਗ) ਕਰਕੇ ਲਿਖਿਆ ਹੈ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਲੋਂ ਸੇਧ: ਦੋਹਾਂ ਰਚਨਾਵਾਂ ਵਿੱਚ ਸਾਂਝੇ ਗੁਣ ਇੱਕੋ ਹਸਤੀ ਦੇ ਹਨ। ‘ਕ੍ਰਿਸ਼ਨਾਵਤਾਰ’ ਵਿੱਚ ਲਿਖੀ ਇਹ ਹਸਤੀ ਦੁਰਗਾ ਹੈ।

ਕ੍ਰਿਸ਼ਨਾਵਤਾਰ: ਆਦਿ ਜਾਕੈ ਆਹਮ ਹੈ ਅੰਤ ਕੋ ਨ ਪਾਰਾਵਾਰ ਸ਼ਰਨ ਉਬਾਰਨ ਕਰਨ ਪ੍ਰਤਿਪਾਲ ਹੈ ॥7।
ਜਾਪੁ: ਅਨਾਦਿ ਹੈਂ।33। ਅਨੰਤ ਹੈਂ।38। ---ਸਰਬ ਪਾਲਕ--।79। ਕਿ ਸਰਬਤ੍ਰ ਪਾਲੈ।114।

ਸੋਚ ਵਿਚਾਰ: ‘ਕ੍ਰਿਸ਼ਨਾਵਤਾਰ’ ਵਿੱਚ ਦੁਰਗਾ ਨੂੰ ‘ਆਦਿ ਜਾ ਕੈ ਆਹਮ’ ਹੈ, ‘ਅੰਤ ਕੋ ਨ ਪਾਰਾਵਾਰ’ ਤੇ ‘ਪ੍ਰਤਿਪਾਲ’ ਕਿਹਾ ਹੈ। ‘ਜਾਪੁ’ ਵਿੱਚ ‘ਅਨਾਦਿ’ ਹੈ, ‘ਅਨੰਤ ਹੈ’ ਅਤੇ ‘ਸਰਬ ਪਾਲਕ’ ਤੇ ‘ਸਰਬਤ੍ਰ ਪਾਲੈ’ ਕਿਹਾ ਹੈ। ਅਰਥ ਸਮਾਨ ਹਨ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਲੋਂ ਸੇਧ: ਗੁਰਬਾਣੀ ਵਿੱਚ ਇਹ ਗੁਣ –ਆਦਿ, ਅਨੰਤ ਆਦਿਕ ਰੱਬ ਦੇ ਹਨ । ਕਵੀ ਨੇ ‘ਕ੍ਰਿਸ਼ਨਾਵਤਾਰ’ ਵਿੱਚ ਇਹ ਗੁਣ ਦੁਰਗਾ ਨੂੰ ਦਿੱਤੇ ਹਨ ਜੋ ‘ਜਾਪੁ’ ਵਿੱਚ ਵੀ ਹਨ।

ਕ੍ਰਿਸ਼ਨਾਵਤਾਰ: ਲੋਕ ਬਿਖੈ ਉਹ ਕੀ ਸਮਤੁਲ ਬਰੀਬ ਨਿਵਾਜ ਨ ਦੂਸਰ ਕੋਊ।8।
ਜਾਪੁ: ਗਰੀਬੁਲ ਨਿਵਾਜ ਹੈਂ।153। ਗਰੀਬੁਲ ਪ੍ਰਸਤੇ।122।

ਸੋਚ-ਵਿਚਾਰ:- ਸਯਾਮ ਕਵੀ ‘ਕ੍ਰਿਸ਼ਨਾਵਤਾਰ’ ਵਿੱਚ ਕਹਿੰਦਾ ਹੈ ਕਿ ਦੁਰਗਾ ਦੇਵੀ ਦੇ ਬਰਾਬਰ ਦਾ ਹੋਰ ਕੋਈ ‘ਗਰੀਬ ਨਿਵਾਜ’ ਨਹੀਂ ਹੈ। ਇਹ ਗੁਣ ‘ਜਾਪੁ’ ਵਿੱਚ ‘ਗਰੀਬੁਲ ਨਿਵਾਜ ਹੈਂ’ ਤੇ ‘ਗਰੀਬੁਲ ਪ੍ਰਸਤੇ’ ਕਰਕੇ ਲਿਖਿਆ ਹੈ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਲੋਂ ਸੇਧ: ਸੱਭ ਤੋਂ ਵੱਡਾ ‘ਗ਼ਰੀਬ ਨਿਵਾਜ਼’ ਤਾਂ ਰੱਬ ਆਪ ਹੈ, ਦੁਰਗਾ ਨਹੀਂ। ਕਵੀ ਦਾ ਇਸ਼ਟ ਦੁਰਗਾ ਹੈ ਤੇ ਉਹ ਦੁਰਗਾ ਨੂੰ ਹੀ ਰੱਬ ਸਮਝਦਾ ਹੈ ਜਿਸ ਨੂੰ ਗੁਰਬਾਣੀ ਨਹੀਂ ਮੰਨਦੀ। ‘ਜਾਪੁ’ ਵਿੱਚ ਕਵੀ ਨੇ ਦੁਰਗਾ ਨੂੰ ਹੀ ‘ਗਰੀਬ ਨਿਵਾਜ’ ਕਿਹਾ ਹੈ।

ਗੁਰਬਾਣੀ ਵਿੱਚ ਲਿਖਿਆ ਹੈ-
ਗਰੀਬ ਨਿਵਾਜੁ ਗੁਸਈਆ ਮੇਰਾ ਮਾਥੈ ਛਤ੍ਰ ਧਰੈ॥-(ਅੰਕ ਗਗਸ 1106)।
ਨਿਧਰਿਆ ਧਰ ਪਨਹ ਖੁਦਾਇ॥ ਗਰੀਬ ਨਿਵਾਜੁ ਦਿਨੁ ਰੈਣਿ ਧਿਆਇ॥-(ਅੰਕ ਗਗਸ 1138)
ਛੰਦ ਨੰਬਰ 8 ਤੋਂ ਅੱਗੇ ਲਿਖਿਆ ਹੈ- ਇਤੀ ਸ੍ਰੀ ਦੇਵੀ ਜੂ ਕੀ ਉਸਤਤਿ ਸਮਾਪਤੰ ।
ਛੰਦ ਨੰਬਰ 421 ਤੋਂ 440
‘ਅਥ ਸ੍ਰੀ ਦੇਵੀ ਜੂ ਕੀ ਉਸਤਤ ਕਥਨੰ’ ਵਾਕ ਨਾਲ਼ ਇਹ ਛੰਦ ਸੰਗ੍ਰਿਹ ਸ਼ੁਰੂ ਹੁੰਦਾ ਹੈ।


ਕ੍ਰਿਸ਼ਨਾਵਤਾਰ: ਤੂੰ ਹੀ ਅਸਤ੍ਰਣੀ ਸਸਤ੍ਰਣੀ ਆਪ ਰੂਪਾ।---- ਅਨੂਪਾ। ਪ੍ਰਿਥਵੀ ਭੂਮਿ ਅਕਾਸ ਤੈਹੀ ਕੀਆ ਹੈ।421।
ਤੁਹੀ ਰਿਸਟਣੀ ਪੁਸਟਣੀ ਸਸਤ੍ਰਣੀ ਹੈ।ਤੁਹੀ ਕਸਟਣੀ ਹਰਤਨੀ ਅਸਤ੍ਰਣੀ ਹੈ।424। ਮਹਾ ਬਾਹਣੀ ਅਸਤ੍ਰਣੀ ਸਸਤ੍ਰ ਧਾਰੀ।ਤੁਹੀ ਤੀਰ ਤਰਵਾਰ ਕਾਤੀ ਕਟਾਰੀ।427।
ਜਾਪੁ: ਨਮੋ ਸਸਤ੍ਰ ਪਾਣੇ। ਨਮੋ ਅਸਤ੍ਰ ਮਾਣੇ।52। ਆਪ ਰੂਪ ਅਮੀਕ----।85। ਅਨੂਪ ਹੈਂ।30। ਸਰਬ ਬਿਸ੍ਵ ਰਚਿਓ ਸੁਯੰਭਵ ਗੜਨ ਭੰਜਨਹਾਰ।83।

ਸੋਚ-ਵਿਚਾਰ: ਸਯਾਮ ਕਵੀ ਨੇ ਦੁਰਗਾ ਨੂੰ ‘ਕ੍ਰਿਸ਼ਨਾਵਤਾਰ’ ਵਿੱਚ ‘ਅਸਤ੍ਰਣੀ ਸਸਤ੍ਰਣੀ’, ‘ਤੀਰ’, ‘ਤਰਵਾਰ’, ‘ਕਾਤੀ’ ਤੇ ‘ਕਟਾਰੀ’ ਲਿਖਿਆ ਹੈ। ‘ਜਾਪੁ’ ਵਿੱਚ ‘ਸਸਤ੍ਰ ਪਾਣੇ ਅਸਤ੍ਰ ਮਾਣੇ’ ਲਿਖ ਕੇ ਦੁਰਗਾ ਦਾ ਹੀ ਗੁਣ ਪ੍ਰਗਟ ਕੀਤਾ ਹੈ। ‘ਆਪ ਰੂਪ’ ਤੇ ‘ਅਨੂਪ’ ਗੁਣ ਵੀ ਦੋਹਾਂ ਰਚਨਾਵਾਂ ਵਿੱਚ ਸਾਂਝੇ ਹਨ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਲੋਂ ਅਗਵਾਈ: ਰੱਬ ਨੂੰ ਅਸਤ੍ਰ ਤੇ ਸ਼ਸਤ੍ਰ ਰੱਖਣ ਵਾਲ਼ਾ ਨਹੀਂ ਕਿਹਾ ਜਾ ਸਕਦਾ ਕਿਉਂਕਿ ਰੱਬ ਦੇਹ ਧਾਰੀ ਨਹੀਂ ਹੈ। ਰੱਬ ਤੀਰ, ਤਰਵਾਰ, ਕਾਤੀ ਤੇ ਕਟਾਰੀ ਨਹੀਂ ਹੈ {‘ਅਸ ਕਿਰਪਾਣ ਖੰਡੋ ਖੜਗ ਤੁਪਕ ਕਬਰ ਅਰੁ ਤੀਰ’ ਵਾਲ਼ਾ ਛੰਦ ਰੱਬ ਲਈ ਨਹੀਂ ਸਗੋਂ ਦੁਰਗਾ ਦੀ ਸਿਫ਼ਤ ਵਿੱਚ ਹੀ ਲਿਖਿਆ ਗਿਆ ਹੈ ਜਿਸ ਨੂੰ ਰਾਗੀ ਅਗਿਆਨਤਾ ਅਧੀਨ ਰੱਬ ਨਾਲ਼ ਅਕਾਰਥ ਹੀ ਜੋੜਕੇ ਨਿਸਫਲ ਗਾਉਂਦੇ ਹਨ ਤੇ ਸ਼੍ਰੋਤਿਆਂ ਨੂੰ ਅਗਿਆਨਤਾ ਦੇ ਅੰਨ੍ਹੇ ਖੂਹ ਵਿੱਚ ਧੱਕਾ ਮਾਰ ਕੇ ਸੁਟ ਰਹੇ ਹਨ} ।ਹਥਿਆਰ ਦੁਰਗਾ ਨੇ ਦੈਂਤਾਂ ਨੂੰ ਮਾਰਨ ਲਈ ਫੜੇ ਸਨ ਕਿਉਂਕਿ ਦੁਰਗਾ ਨੂੰ ਦੈਂਤਾਂ ਹੱਥੋਂ ਆਪੂੰ ਮਾਰੇ ਜਾਣ ਦਾ ਖ਼ਤਰਾ ਸੀ ਤੇ ਉਹ ਸ਼ਿਵ ਜੀ ਦੀ ਪਤਨੀ ਦੇਹ ਧਾਰੀ ਪਾਰਬਤੀ ਸੀ। ਰੱਬ ਨੂੰ ਕਿਸੇ ਤੋਂ ਡਰ ਨਹੀਂ ਹੈ ਕਿਉਂਕਿ ਉਹ ‘ਨਿਰਭਉ’ ਹੈ। ਰੱਬ ਨੂੰ ਹਥਿਆਰਾਂ ਦੀ ਲੋੜ ਨਹੀਂ। ਸਪੱਸ਼ਟ ਹੈ ਕਿ ਕਵੀ ਨੇ ‘ਜਾਪੁ’ ਵਿੱਚ ਦੁਰਗਾ ਦਾ ਹੀ ਗੁਣ ਲਿਖਿਆ ਹੈ, ਰੱਬ ਦਾ ਇਹ ਗੁਣ ਹੈ ਹੀ ਨਹੀਂ। ਸਯਾਮ ਕਵੀ ਨੇ ‘ਕ੍ਰਿਸ਼ਨਾਵਤਾਰ’ ਵਿੱਚ ਦੁਰਗਾ ਨੂੰ ਹੀ ਦੁਨੀਆਂ ਦਾ ਕਰਤਾ ਮੰਨਿਆ ਹੈ ਪਰ ਗੁਰਬਾਣੀ ਨਹੀਂ ਮੰਨਦੀ। ‘ਜਾਪੁ’ ਵਿੱਚ ਵੀ ਇਸੇ ਕਰਤਾ ਭਾਵ ਦੇ ਗੁਣ ਨੂੰ ਦੁਰਗਾ ਨਾਲ਼ ਹੀ ਜੋੜਿਆ ਗਿਆ ਹੈ। ਗੁਰਬਾਣੀ ਅਨੁਸਾਰ ਰੱਬ ਹੀ ‘ਅਨੂਪ’, ‘ਆਪ ਰੂਪ’ ਤੇ ‘ਕਰਤਾ ਪੁਰਖ’ ਹੈ ਹੋਰ ਕੋਈ ਨਹੀਂ। ਗੁਰਬਾਣੀ ਦੱਸਦੀ ਹੈ- ਜੈਸਾ ਤੂ ਤੈਸਾ ਤੁਹੀ ਕਿਆ ਉਪਮਾ ਦੀਜੈ॥-(ਅੰਕ 858)


ਕ੍ਰਿਸ਼ਨਾਵਤਾਰ: ਤੁਹੀ ਮੋਹ ਸੋ ਚਉਦਹ ਲੋਕ ਛਾਇਆ।-- ਤੁਹੀ ਚਉਦਹੁੰ ਲੋਕ ਕੀ ਜੋਤਿ ਜਾਨੀ।423।
ਜਾਪੁ: ਲੋਕ ਚਉਦਹ ਕੈ ਬਿਖੈ ਜਗ ਜਾਪੁਹੀ ਜਿਹ ਜਾਪੁ।83। ਤ੍ਰਿਮਾਨ ਹੈਂ।32। ਨਮਸਤੰ ਤ੍ਰਿਮਾਨੇ।13।

ਸੋਚ-ਵਿਚਾਰ:- ‘ਕ੍ਰਿਸ਼ਨਾਵਤਾਰ ਵਿੱਚ’ ਵਿੱਚ ਦੁਰਗਾ ਨੂੰ ਤਿੰਨਾਂ ਲੋਕਾਂ ਵਿੱਚ ਮੰਨੀ ਪ੍ਰਮੰਨੀ ਲਿਖਿਆ ਹੈ ਤੇ ‘ਜਾਪੁ’ ਵਿੱਚ ਵੀ ਦੁਰਗਾ ਦਾ ਇਹੀ ਗੁਣ ਬਿਆਨ ਕੀਤਾ ਗਿਆ ਹੈ। ਤ੍ਰਿਮਾਨ- ਜੋ ਤਿੰਨਾਂ ਲੋਕਾਂ ਵਿੱਚ ਪ੍ਰਸਿੱਧ ਹੈ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਲੋਂ ਸੇਧ: ਤਿੰਨਾਂ ਲੋਕਾਂ ਵਿੱਚ ਦੁਰਗਾ ਦੀ ਜੋਤਿ ਨਹੀਂ, ਰੱਬ ਦੀ ਜੋਤਿ ਹੈ। ਦੁਰਗਾ ਵਿੱਚ ਵੀ ਰੱਬ ਦੀ ਜੋਤਿ ਹੈ।
ਗੁਰਬਾਣੀ ਮੰਨਦੀ ਹੈ- ‘ਸਭ ਮਹਿ ਜੋਤਿ ਜੋਤਿ ਹੈ ਸੋਇ॥ ਤਿਸ ਦੈ ਚਾਨਣਿ ਸਭ ਮਹਿ ਚਾਨਣੁ ਹੋਇ’॥-ਧਨਾਸਰੀ ਮਹਲਾ 1॥
ਕਵੀ ਨੇ ਦੁਰਗਾ ਨੂੰ ਰੱਬ ਮੰਨ ਕੇ ‘ਜਾਪੁ’ ਵਿੱਚ ਵੀ ਦੁਰਗਾ ਦੇ ਹੀ ਗੁਣ ਲਿਖੇ ਹਨ।


ਕ੍ਰਿਸ਼ਨਾਵਤਾਰ: ਭਵੀ ਭਾਵਨੀ ਭੂਤ ਭਬਿਅੰ ਭਵਾਨੀ। ਚਰੀ ਆਚਰਣੀ ਖੇਚਰਣੀ ਭੂਪਣੀ ਹੈ। ਮਹਾ ਬਾਹਣੀ ਆਪਨੀ ਰੂਪਣੀ ਹੈਂ।425।
ਜਾਪੁ : ਨਮੋ ਸਰਬ ਕਾਲੇ।18। ਨਮੋ ਭੂਪ ਭੂੁਪੇ।55। ਨਮੋ ਜੁਧ ਜੁਧੇ।187। ਆਪ ਰੂਪ ਅਮੀਕ-।85। ਜਲੇ ਹੈਂ।ਥਲੇ ਹੈਂ।ਅਭੀਤ ਹੈਂ ਅਭੇ ਹੈਂ।62।

ਸੋਚ-ਵਿਚਾਰ:- ‘ਕ੍ਰਿਸ਼ਨਾਵਤਾਰ’ ਵਿੱਚ ਦੁਰਗਾ ਤਿੰਨਾਂ ਕਾਲਾਂ ਵਿੱਚ ਹਾਜ਼ਰ ਰਹਿੰਦੀ ਹੈ, ਭੂਪਣੀ ਹੈ, ਭਾਰੀ ਸੈਨਾ ਵਾਲ਼ੀ ਤੇ ਬਿਅੰਤ ਰੂਪ ਵਾਲ਼ੀ ਹੈ। ‘ਜਾਪੁ’ ਵਿੱਚ ਦੁਰਗਾ ਦੇ ਇਹ ਗੁਣ ਦੱਸਣ ਲਈ ਕਵੀ ਨੇ ‘ਤ੍ਰਿਕਾਲੇ’, ‘ਭੂਪ ਭੂਪੇ’, ‘ਜੁਧ ਜੁਧੇ’ ਤੇ ‘ਆਪ ਰੂਪ’ ਸ਼ਬਦ ਸਮਾਨ ਅਰਥਾਂ ਵਿੱਚ ਵਰਤੇ ਹਨ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਲੋਂ ਅਗਵਾਈ: ਦੁਰਗਾ ਤਾਂ ਮਹਾਂ ਬਾਹਣੀ ਹੈ, ਰੱਬ ਨਹੀਂ । ਰੱਬ ‘ਜੁਧ ਜੁਧੇ’ ਨਹੀਂ ਹੈ। ਰੱਬ ਨੇ ਕਿਸੇ ਨਾਲ਼ ਕੋਈ ਜੁੱਧ ਨਹੀਂ ਕਰਨਾ। ਸਾਰੀ ਦੁਨੀਆਂ ਹੀ ਉਸ ਦੇ ਅਧੀਨ ਹੈ। ‘ਜਾਪੁ’ ਵਿੱਚ ‘ਜੁਧ ਜੁਧੇ’ ਵਾਲ਼ਾ ਗੁਣ ਦੁਰਗਾ ਦਾ ਹੈ ਰੱਬ ਦਾ ਨਹੀਂ।


ਕ੍ਰਿਸ਼ਨਾਵਤਾਰ: ਜਯਾ ਆਜਯਾ ਹਿੰਗੁਲਾ ਪਿੰਗੁਲਾ ਹੈ। ਸਿਵਾ ਸੀਤਲਾ ਮੰਗਲਾ ਤੋਤਲਾ ਹੈ।426।
ਜਾਪੁ: ਅਰਿ ਗੰਜਨ ਹੈਂ।182। ਅਗੰਜ ਹੈਂ।35। ਅਜੈ ਹੈਂ।189।

ਸੋਚ-ਵਿਚਾਰ: ਕ੍ਰਿਸ਼ਨਾਵਤਾਰ’ ਵਿੱਚ ਦੁਰਗਾ ਜਯਾ( ਜਿੱਤਣ ਯੋਗ) ਅਤੇ ਆਜਯ (ਅਜਿੱਤ) ਹੈ ਤੇ ‘ਜਾਪੁ’ ਵਿੱਚ ਵੀ ਇਹ ਗੁਣ ਅਰਿ ਅਗੰਜ(ਜਿੱਤਣ ਜੋਗ) ਅਤੇ ਅਗੰਜ/ਅਜੈ( ਅਜਿੱਤ) ਕਰਕੇ ਲਿਖੇ ਹਨ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਲੋਂ ਸੇਧ: ਦੁਰਗਾ ਤੇ ਰੱਬ ਬਰਾਬਰ ਨਹੀਂ ਹਨ। ‘ਜਾਪੁ’ ਵਿੱਚ ਵੀ ਦੁਰਗਾ ਦੇ ਗੁਣ ਦੁਹਰਾਏ ਗਏ ਹਨ। ਦੁਰਗਾ ਨੂੰ ਸ਼ਿਵਾ ਵੀ ਕਿਹਾ ਹੈ{ ਇਸੇ ਸ਼ਿਵਾ ਤੋਂ ਕਵੀ ਨੇ ਕਈ ਵਰ ਵੀ ਮੰਗੇ ਹਨ ਜਿਵੇਂ ‘ਦੇਹਿ ਸ਼ਿਵਾ ਬਰ ਮੋਹਿ---ਟਰੋਂ’- ਚੰਡੀ ਚਰਿਤ੍ਰ ਉਕਤਿ ਬਿਲਾਸ}


ਕ੍ਰਿਸ਼ਨਾਵਤਾਰ: ਤੁਹੀ ਅੱਛਰਾ ਪੱਛਰਾ ਬੁਧਿ ਬ੍ਰਿਧਿਆ। ਤੁਹੀ ਭੈਰਵੀ ਭੂਪਣੀ ਸੁਧ ਸਿਧਿਆ।427।
ਜਾਪੁ: ਸਦਾ ਸਿਧਿਦਾ ਬੁਧਿਦਾ ਬ੍ਰਿਧਿ ਕਰਤਾ।59। ਨਮੋ ਭੂਪ ਭੂਪੇ।55।

ਸੋਚ-ਵਿਚਾਰ:- ‘ਕ੍ਰਿਸ਼ਨਾਵਤਾਰ’ ਵਿੱਚ ਦੁਰਗਾ ਨੂੰ ‘ਬੁੱਧੀ ਵਧਾਉਣ ਵਾਲੀ’, ਸ਼ੁੱਧ ਸਿੱਧੀਆਂ ਵਾਲ਼ੀ ਤੇ ਮਹਾਂਰਾਣੀ ਕਿਹਾ ਹੈ। ‘ਜਾਪੁ’ ਵਿੱਚ ਦੁਰਗਾ ਦੇ ਇਨ੍ਹਾਂ ਗੁਣਾਂ ਨੂੰ ‘ਸਿਧਿਦਾ’, ‘ਬੁਧਿਦਾ ਬ੍ਰਿਧ ਕਰਤਾ’ ਤੇ ‘ਭੂਪ ਭੂਪੇ’ ਕਰਕੇ ਲਿਖਿਆ ਹੈ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਲੋਂ ਸੇਧ: ਦੁਰਗਾ ਦੇ ‘ਅੱਛਰਾ’, ‘ਪੱਛਰਾ’ ਤੇ ‘ਭੈਰਵੀ’ ਆਦਿਕ ਗੁਣ ਜਾਪੁ ਵਿੱਚ ਲਿਖਣੇ ਛੱਡੇ ਗਏ ਹਨ। ਬਾਕੀ ਗੁਣ ਸਾਂਝੇ ਹਨ ਜੋ ਦੁਰਗਾ ਦੇਵੀ ਲਈ ਹੀ ਸਯਾਮ ਕਵੀ ਨੇ ਵਰਤੇ ਹਨ।


ਕ੍ਰਿਸ਼ਨਾਵਤਾਰ: ਤੁਹੀ ਰਾਜਸੀ ਸਾਤਕੀ ਤਾਮਸੀ ਹੈ।428।
ਜਾਪੁ: ਨਮੋ ਰਾਜਸੰ ਤਾਮਸੰ ਸਾਂਤ ਰੂਪੇ।186।

ਸੋਚ-ਵਿਚਾਰ:- ‘ਕ੍ਰਿਸ਼ਨਾਵਤਾਰ’ ਵਿੱਚ ਦੁਰਗਾ ਨੂੰ ਰਜੋ, ਸਤੋ ਅਤੇ ਤਮੋ ਗੁਣਾਂ ਵਾਲ਼ੀ ਲਿਖਿਆ ਹੈ ਤੇ ਸ਼ਬਦ ਵਰਤੇ ਹਨ- ਰਾਜਸੀ, ਸਾਤਕੀ ਤੇ ਤਾਮਸੀ। ‘ਜਾਪੁ’ ਵਿੱਚ ਇਹ ਗੁਣ ‘ਰਾਜਸੰ’, ‘ਤਾਮਸੰ’ ਤੇ ‘ਸਾਂਤ ਰੂਪੇ’ ਕਰਕੇ ਲਿਖੇ ਹਨ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਲੋਂ ਅਗਵਾਈ: ਰੱਬ ਰਜੋ, ਤਮੋ ਤੇ ਸਤੋ ਗੁਣਾਂ ਵਾਲ਼ਾ ਨਹੀਂ ਹੈ।
ਗੁਰਬਾਣੀ ਦੱਸਦੀ ਹੈ- ਰੂਪੁ ਨ ਰੇਖ ਨ ਰੰਗੁ ਕਿਛੁ ਤ੍ਰਿਹੁ ਗੁਣ ਤੇ ਪ੍ਰਭ ਭਿੰਨ॥- (ਸੁਖਮਨੀ)

ਜਾਪੁ’ ਵਿੱਚ ਇਹ ਤਿੰਨ ਗੁਣ ਕਵੀ ਨੇ ਰੱਬ ਦੇ ਨਹੀਂ ਲਿਖੇ ਸਗੋਂ ਦੁਰਗਾ ਦੇ ਲਿਖੇ ਹਨ ਕਿਉਂਕਿ ਰੱਬ ਤਿੰਨਾਂ ਗੁਣਾਂ ਤੋਂ ਨਿਰਲੇਪ ਹੈ। ਇਸ ਤੋਂ ਭਲੀ ਭਾਂਤਿ ਸਪੱਸ਼ਟ ਹੈ ਕਿ ‘ਜਾਪੁ’ ਰਚਨਾ ਵਿੱਚ ਰੱਬ ਦੇ ਨਹੀਂ ਸਗੋਂ ਦੁਰਗਾ ਮਾਈ ਦੇ ਹੀ ਗੁਣ ਦੁਹਰਾਏ ਗਏ ਹਨ।


ਕ੍ਰਿਸ਼ਨਾਵਤਾਰ: ਤੁਹੀ ਰਾਜ ਰਾਜੇਸਵਰੀ ਜੋਗ ਮਾਯਾ।429।
ਜਾਪੁ : ਨਮੋ ਜੋਗ ਜੋਗੇਸ੍ਵਰੰ ਪਰਮ ਸਿਧੇ।ਨਮੋ ਰਾਜ ਰਾਜੇਸਵਰੰ ਪਰਮ ਬ੍ਰਿਧੇ।51।

ਸੋਚ-ਵਿਚਾਰ: ‘ਕ੍ਰਿਸ਼ਨਾਵਤਾਰ’ ਵਿੱਚ ਦੁਰਗਾ ਨੂੰ ‘ਰਾਜ ਰਾਜੇਸਵਰੀ’ ਅਤੇ ‘ਜਾਪੁ’ ਵਿੱਚ ‘ਰਾਜ ਰਾਜੇਸਵਰੰ’ ਲਿਖਿਆ ਹੈ, ਅਰਥ ਸਮਾਨ ਹਨ। ‘ਜੋਗ’ ਸ਼ਬਦ ਵੀ ਸਾਂਝਾ ਹੈ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਲੋਂ ਅਗਵਾਈ: ਸ਼ਬਦਾਂ ਦੀ ਸ਼ਾਂਝ ਤੇ ਗੁਣਾਂ ਦੀ ਸਾਂਝ ਪ੍ਰਗਟ ਕਰਦੀ ਹੈ ਕਿ ਇਹ ਗੁਣ ਇੱਕੋ ਹੀ ਹਸਤੀ ਦੇ ਹਨ ਤੇ ਉਹ ਹੈ -ਦੁਰਗਾ ਮਾਈ ਪਾਰਬਤੀ।


ਕ੍ਰਿਸ਼ਨਾਵਤਾਰ: ਤੁਮ ਹੋ ਸਭ ਰਾਜਨ ਕੇ ਰਾਜਾ। ਆਪੇ ਆਪੁ ਗਰੀਬ ਨਿਵਾਜਾ।438।
ਜਾਪੁ: ਨਮੋ ਰਾਜ ਰਾਜੇ।67। ਨਮੋ ਭੂਪ ਭੂਪੇ।55। ਗਰੀਬੁਲ ਨਿਵਾਜ ਹੈਂ।153।

ਸੋਚ-ਵਿਚਾਰ: ਦੁਰਗਾ ਨੂੰ ਕਵੀ ਸਯਾਮ ਨੇ ‘ਕ੍ਰਿਸ਼ਨਾਵਤਾਰ’ ਵਿੱਚ ‘ਰਾਜਨ ਕੇ ਰਾਜਾ’ ਅਤੇ ‘ਗਰੀਬ ਨਿਵਾਜ’ ਲਿਖਿਆ ਹੈ। ‘ਜਾਪੁ’ ਵਿੱਚ ਇਹੀ ਗੁਣ ਕਵੀ ਨੇ ‘ਨਮੋ ਰਾਜ ਰਾਜੇ’ ਅਤੇ ‘ਗਰੀਬੁਲ ਨਿਵਾਜ’ ਕਰਕੇ ਲਿਖੇ ਹਨ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਲੋਂ ਸੇਧ: ਸਯਾਮ ਕਵੀ ਨੇ ਦੁਰਗਾ ਨੂੰ ਆਪਣਾ ਇਸ਼ਟ ਮੰਨਿਆਂ ਹੈ। ਕਵੀ ਲਈ ਦੁਰਗਾ ਤੋਂ ਵੱਡਾ ਹੋਰ ਕੋਈ ਰੱਬ ਨਹੀਂ ਹੈ। ਇਸੇ ਕਰਕੇ ਦੁਰਗਾ ਦੇ ਗੁਣਾਂ ਨੂੰ ਹੀ ‘ਜਾਪੁ’ ਰਚਨਾ ਵਿੱਚ ਬਿਆਨ ਕੀਤਾ ਗਿਆ ਹੈ। ਦੁਰਗਾ ਕਵੀ ਲਈ ਗ਼ਰੀਬ ਨਿਵਾਜ਼ ਹੈ, ਦੋਹਾਂ ਰਚਨਾਵਾਂ ਵਿੱਚ।


ਛੰਦ ਨੰਬਰ 431:
ਤੁਮੀ ਬਰਾਹਮਣੀ ਹ੍ਵੈ ਹਿਰਨਾਛ ਮਾਰਿਯੋ। ਹਰਨਾਕਸੰ ਸਿੰਘਣੀ ਹ੍ਵ੍ਵੈ ਪਛਾਰਿਯੋ। 431। ਅਰਥ- ਕਵੀ ਨੇ ਕਿਹਾ ਹੈ ਕਿ ਦੁਰਗਾ ਨੇ ਹੀ ਪ੍ਰਹਲਾਦ ਦੀ ਰੱਖਿਆ ਕੀਤੀ ਸੀ ਤੇ ਹਰਨਾਖਸ਼ ਨੂੰ ਮਾਰਿਆ ਸੀ। ‘ਜਾਪੁ’ ਵਿੱਚ ਇਸ ਤੱਥ ਨੂੰ ਲਿਖਣੋਂ ਛੱਡਿਆ ਗਿਆ ਹੈ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਲੋਂ ਸੇਧ: ਗੁਰਬਾਣੀ ਅਨੁਸਾਰ ਹਰਿ/ ਰੱਬ ਨੇ ਪ੍ਰਹਲਾਦ ਦੀ ਲਾਜ ਰੱਖੀ ਸੀ ਦੁਰਗਾ ਨੇ ਨਹੀਂ। ਪ੍ਰਹਲਾਦ ਰਾਮ ਰਾਮ ਜੱਪਦਾ ਸੀ, ਦੁਰਗਾ ਦੁਰਗਾ ਨਹੀਂ ਕਹਿੰਦਾ ਸੀ।
ਜਿਵੇਂ- ਹਰਣਾਖਸੁ ਦੁਸਟੁ ਹਰਿ ਮਾਰਿਆ ਪ੍ਰਹਲਾਦੁ ਤਰਾਇਆ॥-(ਅੰਕ ਗਗਸ 451)
ਰਾਮ ਜਪਉ ਜੀਅ ਐਸੇ ਐਸੇ॥ ਧ੍ਰੂ ਪ੍ਰਹਿਲਾਦੁ ਜਪਿਓ ਹਰਿ ਜੈਸੇ॥---(ਅੰਕ 337)
ਹਰਿ- ਰਾਮ, ਰੱਬ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top