Share on Facebook

Main News Page

ਧਰਮ ਓਹਲੇ ਕੁਕਰਮ
ਜਥੇਦਾਰ ਲੰਗਰ ਦਾ ‘‘ਮਿਸ਼ਨ ਚੋਰੀ’’ ਫੇਲ, ਫਲਾਇੰਗ ਸਕੁਆਡ ਨੇ ਰੰਗੇ ਹੱਥੀਂ ਦਬੋਚਿਆ

- ਜਥੇਦਾਰ ਸਮੇਤ ਅੱਠ ਮੁਲਾਜ਼ਮ ਮੁਅੱਤਲ
- ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ - ਸਤਿੰਦਰ ਸਿੰਘ ਪੀ.ਏ.
- ਦੋਸ਼ੀਆਂ ਨੂੰ ਪੁਲੀਸ ਦੇ ਹਵਾਲੇ ਕੀਤਾ ਜਾਵੇ - ਸਿਰਸਾ

ਅੰਮ੍ਰਿਤਸਰ 17 ਮਾਰਚ (ਜਸਬੀਰ ਸਿੰਘ ਪੱਟੀ): ਵੱਖ ਵੱਖ ਘੱਪਲਿਆਂ ਤੇ ਘੁਟਾਲਿਆਂ ਨੂੰ ਲੈ ਕੇ ਹਮੇਸ਼ਾਂ ਚਰਚਾ ਵਿੱਚ ਰਹਿਣ ਵਾਲੀ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਹੇਠ ਚੱਲਦੇ ਸ੍ਰੀ ਗੁਰੂ ਰਾਮਦਾਸ ਲੰਗਰ ਦੇ ਰਾਤ ਦੇ ਜਥੇਦਾਰ ਮੇਜਰ ਸਿੰਘ ਹੇਰ ਦਾ ‘‘ਮਿਸ਼ਨ ਚੋਰੀ’’ ਉਸ ਵੇਲੇ ਫੇਲ ਹੋ ਗਿਆ, ਜਦੋਂ ਸ਼੍ਰੋਮਣੀ ਕਮੇਟੀ ਦੇ ਫਲਾਇੰਗ ਵਿਭਾਗ ਦੇ ਇੰਚਾਰਜ ਸਕੱਤਰ ਸਿੰਘ ਨੇ ਲੰਗਰ ਵਿੱਚੋਂ ਸਮਾਨ ਚੋਰੀ ਕਰਕੇ ਬਾਹਰ ਲਿਜਾ ਕੇ ਵੇਚਣ ਤੋਂ ਪਹਿਲਾਂ ਹੀ ਉਸ ਨੂੰ ਦਬੋਚ ਕੇ, ਇੱਕ ਕਮਰੇ ਵਿੱਚ ਮੁਜਰਿਮਾਂ ਦੀ ਤਰ੍ਹਾਂ ਬੰਦ ਕਰ ਦਿੱਤਾ, ਜਿਸ ਨੂੰ ਵੇਖਣ ਲਈ ਭਾਰੀ ਗਿਣਤੀ ਵਿੱਚ ਸੰਗਤਾਂ ਲੰਗਰ ਹਾਲ ਵਿਖੇ ਪੁੱਜੀਆ। ਕੁਝ ਦਿਨ ਪਹਿਲਾਂ ਵੀ ਮੇਜਰ ਸਿੰਘ ਵੱਲੋਂ ਸਮਾਨ ਚੋਰੀ ਕਰਨ ਦੇ ਚਰਚੇ ਹੋਏ ਸਨ, ਪਰ ਉਸ ਵੇਲੇ ਸ਼੍ਰੋਮਣੀ ਕਮੇਟੀ ਦੇ ਕੰਮ ਚਲਾਊ ਪ੍ਰਧਾਨ ਸ੍ਰੀ ਅਵਤਾਰ ਸਿੰਘ ਮੱਕੜ ਨੇ ਉਸ ਨੂੰ ਬਖਸ਼ ਦਿੱਤਾ ਸੀ।

ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਬੀਤੀ ਰਾਤ ਕਰੀਬ ਸਵਾ ਨੌ ਵਜੇ ਦੇ ਕਰੀਬ ਸ੍ਰੀ ਗੁਰੂ ਰਾਮਦਾਸ ਲੰਗਰ ਦੇ ਰਾਤ ਦੇ ਜਥੇਦਾਰ ਮੇਜਰ ਸਿੰਘ ਤੇ ਦੋ ਹੋਰ ਸਾਥੀ ਕਰਮ ਸਿੰਘ ਤੇ ਹਰਪਾਲ ਸਿੰਘ ਸੰਗਤਾਂ ਵੱਲੋਂ ਦਾਨ ਕੀਤੇ ਗਏ ਵੱਖ ਵੱਖ ਖਾਧ ਪਦਾਰਥਾਂ ਨੂੰ ਚੋਰੀ ਕਰਕੇ ਬਾਹਰ ਵੇਚਣ ਜਾ ਰਹੇ ਸਨ, ਪਰ ਲੰਗਰ ਤੋਂ ਬਾਹਰ ਹੀ ਫਲਾਇੰਗ ਸਕੂਐਡ ਵੱਲੋਂ ਲਗਾਏ ‘‘ਐਂਬੂਲੰਸ’’ ਦੀ ਲਪੇਟ ਵਿੱਚ ਆਉਣ ਕਾਰਨ ਮੇਜਰ ਸਿੰਘ ਦਾ ਇਹ ‘‘ਮਿਸ਼ਨ ਚੋਰੀ’’ ਫੇਲ ਹੋ ਗਿਆ।

ਫਲਾਇੰਗ ਸਕੂਐਡ ਦੇ ਇੰਚਾਰਜ ਸ੍ਰ ਸਕੱਤਰ ਸਿੰਘ ਨੇ ਜਦੋਂ ਚੋਰੀ ਦਾ ਮਾਲ ਲਿਜਾ ਰਹੀ ਗੱਡੀ ਨੂੰ ਰੋਕਿਆ ਤਾਂ ਉਸ ਦੀ ਤਲਾਸ਼ੀ ਲੈਣ 'ਤੇ ਉਸ ਵਿੱਚੋਂ

- 50 ਕਿਲੋ ਖੰਡ,
- 50 ਕਿਲੋ ਦਾਲ,
- ਇੱਕ ਟੀਨ ਦੇਸੀ ਘਿਉ ਅਤੇ
- ਇੱਕ ਥੈਲਾ ਚਾਹ ਪੱਤੀ ਦਾ ਬਰਾਮਦ ਕੀਤਾ।

ਇਥੇ ਹੀ ਮੇਜਰ ਸਿੰਘ ਦੀ ਕਹਾਣੀ ਖਤਮ ਨਹੀਂ ਹੋ ਜਾਂਦੀ, ਉਸ ਕੋਲੋ ਇੱਕ ਥਾਨ ਸਿਰੋਪਿਆ ਦੇ ਕੱਪੜੇ ਦਾ ਵੀ ਬਰਾਮਦ ਕੀਤਾ ਗਿਆ, ਜਿਹੜਾ ਸ੍ਰੀ ਦਰਬਾਰ ਸਾਹਿਬ ਵਿਖੇ ਦਰਸ਼ਨ ਕਰਨ ਆਉਣ ਵਾਲੇ ਸ਼ਰਧਾਲੂਆਂ ਨੂੰ ਸਿਰੋਪੇ ਬਣਾ ਕੇ ਦਿੱਤਾ ਜਾਣਾ ਸੀ। ਮੇਜਰ ਸਿੰਘ ਨੂੰ ਤੁਰੰਤ ਫੜ ਕੇ ਲੰਗਰ ਹਾਲ ਦੇ ਨਾਲ ਲੱਗਦੇ ਕਮਰੇ ਵਿੱਚ ਬਿਠਾ ਦਿੱਤਾ ਗਿਆ, ਜਿਥੇ ਸਾਰੀ ਰਾਤ ਲੰਗਰ ਦੇ ਬਾਕੀ ਸਮਾਨ ਦੀ ਪੜਤਾਲ ਹੁੰਦੀ ਰਹੀ। ਸੰਗਤਾਂ ਨੂੰ ਮੇਜਰ ਸਿੰਘ ਵੱਲੋਂ ਚਲਾਏ ਜਾਂਦੇ ਇਸ ਗੋਰਖ ਧੰਦੇ ਦਾ ਉਸ ਵੇਲੇ ਪਤਾ ਲੱਗਾ, ਜਦੋਂ ਸ੍ਰੀ ਦਰਬਾਰ ਸਾਹਿਬ ਵਿਖੇ ਵੱਖ ਵੱਖ ਇਲਾਕਿਆਂ ਤੋਂ ਸੇਵਾ ਕਰਨ ਵਾਲੀਆਂ ਬੀਬੀਆਂ ਲੰਗਰ ਹਾਲ ਵਿੱਚ ਜੂਠੇ ਬਰਤਨਾਂ ਦੀ ਸੇਵਾ ਕਰਨ ਲਈ ਪੁੱਜੀਆਂ। ਇਸ ਕਾਂਡ ਦੀ ਅਵਾਜ਼ ਬਿਨਾਂ ਕੋਈ ਪ੍ਰਚਾਰ ਕੀਤੇ ਜਦੋ ਸੰਗਤਾਂ ਵਿੱਚ ਜੰਗਲ ਦੀ ਅੱਗ ਵਾਂਗ ਪੁੱਜੀ ਤਾਂ ਸੰਗਤਾਂ ਸ਼੍ਰੋਮਣੀ ਕਮੇਟੀ ਦੇ ਭ੍ਰਿਸ਼ਟ ਨਿਜ਼ਾਮ ਨੂੰ ਪਾਣੀ ਪੀ ਪੀ ਕੇ ਕੋਸ ਰਹੀਆਂ ਸਨ, ਪਰ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਕੋਲ ਸੰਗਤਾਂ ਦੇ ਸਵਾਲਾਂ ਦਾ ਕੋਈ ਜਵਾਬ ਨਹੀਂ ਸੀ।

ਸ਼੍ਰੋਮਣੀ ਕਮੇਟੀ ਵਿੱਚ ਅਜਿਹੇ ਘੁੱਪਲੇ ਹੋਣੇ ਕਈ ਨਵੀ ਕਹਾਣੀ ਨਹੀਂ ਹੈ, ਸਗੋ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀਆਂ ਗੱਡੀਆਂ ਦੇ ਤੇਲ ਦਾ ਖਰਚਾ ਵੀ ਇੰਨਾ ਜ਼ਿਆਦਾ ਆਇਆ, ਕਿ ਜੇਕਰ ਗੱਡੀਆਂ ਦਿਨ ਰਾਤ ਲਗਾਤਾਰ ਚੱਲਦੀਆਂ ਰਹਿਣ ਤਾਂ ਵੀ ਤੇਲ ਨਹੀਂ ਖਾ ਸਕਦੀਆਂ ਸਨ। ਉਸ ਸਮੇਂ ਵੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਮੱਕੜ ਕੋਲ ਕੋਈ ਜਵਾਬ ਨਹੀਂ ਸੀ, ਸਗੋ ਜ਼ਾਅਲਸਾਜ਼ੀ ਕਰਕੇ ਤੇਲ ਦੇ ਬਿੱਲ ਬਣਾਉਣ ਵਾਲੇ ਡਰਾਈਵਰ ਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਗਈ। ਮੱਕੜ ਨੇ ਤਾਂ ਭਾਂਵੇ ਆਪਣੇ ਇਸ ਕਮਾਊ ਪੁੱਤਰ ਡਰਾਈਵਰ ਬਖਸ਼ ਦਿੱਤਾ, ਪਰ ਕਹਿੰਦੇ ਹਨ ਕਿ ਰੱਬ ਦੀ ਲਾਠੀ ਵੱਜਦੀ ਜਰੂਰ ਹੈ, ਪਰ ਉਸ ਦਾ ਅਵਾਜ਼ ਨਹੀਂ ਆਉਦੀ ਤੇ ਉਹ ਡਰਾਈਵਰ ਅੱਜ ਇਸ ਦੁਨੀਆ ਵਿੱਚ ਨਹੀਂ ਹੈ। ਬੀਤੇ ਦਿਨੀ ਸ਼੍ਰੋਮਣੀ ਕਮੇਟੀ ਵਿੱਚ ਕੜਾਹ ਪ੍ਰਸਾਦ ਦੇ ਘੱਪਲੇ ਦੀ ਵੀ ਚਰਚਾ ਹੋਈ ਸੀ, ਪਰ ਉਸ ਨੂੰ ਮੀਡੀਆ ਵਿੱਚ ਜਾਣ ਤੋਂ ਪਹਿਲਾਂ ਹੀ ਦਬਾ ਦਿੱਤਾ ਗਿਆ।

ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸ੍ਰ ਅਵਤਾਰ ਸਿੰਘ ਮੱਕੜ ਦੇ ਨਿੱਜੀ ਸਹਾਇਕ ਸਤਿੰਦਰ ਸਿੰਘ ਨਾਲ ਜਦੋ ਰਾਬਤਾ ਕਾਇਮ ਕੀਤਾ, ਤਾਂ ਉਹਨਾਂ ਦੱਸਿਆ ਕਿ ਮਾਮਲੇ ਦੀ ਬੜੀ ਹੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ। ਜਦੋਂ ਉਹਨਾਂ ਨੂੰ ਪੁੱਛਿਆ ਗਿਆ ਇਸ ਗੋਰਖ ਧੰਦੇ ਵਿੱਚ ਕਿੰਨੇ ਵਿਅਕਤੀ ਸ਼ਾਮਲ ਹਨ, ਤਾਂ ਉਹਨਾਂ ਜਵਾਬ ਦਿੱਤਾ ਕਿ ਇਸ ਵਿੱਚ ਅੱਧੀ ਦਰਜਨ ਤੋਂ ਵਧੇਰੇ ਵਿਅਕਤੀ ਸ਼ਾਮਲ ਹਨ ਤੇ ਉਹਨਾਂ ਖਿਲਾਫ ਪਹਿਲੇ ਫੇਸ ਵਿੱਚ ਮੁਅੱਤਲੀ ਦੀ ਕਾਰਵਾਈ ਕੀਤੀ ਜਾਵੇਗੀ ਤੇ ਉਸ ਬਾਅਦ ਬਾਕੀ ਕਾਰਵਾਈ ਕਰਕੇ ਇਹਨਾਂ ਨੂੰ ਨੌਕਰੀ ਤੋਂ ਵਿਹਲੇ ਵੀ ਕੀਤਾ ਜਾ ਸਕਦਾ ਹੈ। ਉਹਨਾਂ ਕਿਹਾ ਕਿ ਮੇਜਰ ਸਿੰਘ ਸਮੇਤ ਅੱਠ ਮੁਲਾਜਮਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।

ਸ਼੍ਰੋਮਣੀ ਕਮੇਟੀ ਦੇ ਘੁਟਾਲਿਆਂ ਤੇ ਘੱਪਲਿਆਂ ਨੂੰ ਉਜਾਗਰ ਕਰਕੇ ਵੱਖ ਵੱਖ ਅਦਾਲਤਾਂ ਤੱਕ ਵੀ ਲਿਜਾਣ ਵਾਲੇ ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਦੇ ਮੀਤ ਪ੍ਰਧਾਨ ਸ੍ਰ. ਬਲਦੇਵ ਸਿੰਘ ਸਿਰਸਾ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਅਧਿਕਾਰੀ ਅਸਲੀ ਦੋਸ਼ੀਆਂ ਨੂੰ ਬਚਾ ਰਹੇ ਹਨ ਅਤੇ ਛੇਟੋ ਮੋਟੋ ਪੂੰਗਾਂ ਦੇ ਖਿਲਾਫ ਕਾਰਵਾਈ ਕਰਕੇ ਪੱਲਾ ਝਾੜਣ ਦੀ ਕੋਸ਼ਿਸ਼ ਕਰ ਰਹੇ ਹਨ। ਉਹਨਾਂ ਕਿਹਾ ਕਿ ਇਸ ਗੋਰਖ ਧੰਦੇ ਦੇ ‘‘ਮਿਸ਼ਨ ਚੋਰੀ’’ ਵਿੱਚ ਸ਼ਾਮਲ ਵਿਅਕਤੀਆਂ ਦੇ ਖਿਲਾਫ ਪੁਲੀਸ ਕਾਰਵਾਈ ਕੀਤੀ ਜਾਵੇ ਤਾਂ ਸੱਚਾਈ ਸਾਹਮਣੇ ਆ ਜਾਵੇਗੀ। ਉਹਨਾਂ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਦੋਸ਼ੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਗਈ, ਤਾਂ ਉਹ ਆਪਣੇ ਪੱਧਰ 'ਤੇ ਮਾਮਲਾ ਅਦਾਲਤ ਵਿੱਚ ਲਿਜਾ ਕੇ ਕਾਰਵਾਈ ਨੂੰ ਯਕੀਨੀ ਬਣਾਉਣਗੇ।


ਟਿੱਪਣੀ:

ਇਨ੍ਹਾਂ ਛੋਟੇ ਚੋਰਾਂ ਨੂੰ ਤਾਂ ਫੜ੍ਹ ਲਿਆ ਜਾਂਦਾ ਹੈ, ਪਰ ਬਾਅਦ ਵਿੱਚ ਕਿਸੇ ਦੀ ਸਿਫਾਰਿਸ਼ 'ਤੇ ਛੱਡ ਦਿੱਤਾ ਜਾਂਦਾ ਹੈ, ਜਾਂ ਤਬਾਦਲੀ ਕਰ ਦਿੱਤੀ ਜਾਂਦੀ ਹੈ। ਇਨ੍ਹਾਂ ਤੋਂ ਉੱਪਰ ਬੈਠੇ ਵੱਡੇ ਚੋਰ ਜੋ ਕਿ ਵੱਢੇ ਵੱਢੇ ਘਪਲੇ ਕਰਦੇ ਹਨ, ਜਿਨ੍ਹਾਂ 'ਚ ਅਵਤਾਰ ਮੱਕਾਰ ਵੀ ਸ਼ਾਮਿਲ ਹਨ, ਪੱਪੂ ਵੀ ਸ਼ਾਮਿਲ ਹਨ, ਉਨ੍ਹਾਂ 'ਤੇ ਕੋਈ ਕਾਰਵਾਈ ਨਹੀਂ ਹੁੰਦੀ... ਸੰਗਤਾਂ ਵੀ ਬੇਤਹਾਸ਼ਾ ਪੈਸਾ ਅਤੇ ਸਮਾਨ ਗੁਰਦੁਆਰਿਆਂ (ਗੋਲਕਦੁਆਰਿਆਂ) 'ਚ ਚੜ੍ਹਾਈ ਜਾਂਦੀਆਂ ਹਨ, ਜਿਨ੍ਹਾਂ ਦਾ ਨਾਜਾਇਜ਼ ਫਾਇਦਾ ਇਹ ਸ਼੍ਰੋਮਣੀ ਗੋਲਕ ਚੋਰ ਕਮੇਟੀ ਵਾਲੇ ਉਠਾਉਂਦੇ ਹਨ... Root Cause ਇੱਕ ਹੀ ਹੈ... ਗੋਲਕ ਦਾ ਪੈਸਾ... ਜਦੋਂ ਤੱਕ ਸਿੱਖ ਆਪਣਾ ਪੈਸਾ ਅਤੇ ਸਮਾਂ ਸਹੀ ਜਗ੍ਹਾ ਇਸਤੇਮਾਲ ਨਹੀਂ ਕਰਦੇ, ਉਨ੍ਹਾਂ ਦਾ ਸ਼ੋਸ਼ਣ ਹੁੰਦਾ ਰਹੇਗਾ

- ਸੰਪਾਦਕ ਖ਼ਾਲਸਾ ਨਿਊਜ਼


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top