ਵੈਸਾਖੀ 'ਤੇ ਵਿਸ਼ੇਸ਼
-: ਮੁਹਿੰਦਰ ਸਿੰਘ ਘੱਗ
(530) 695-1318
ਭਾਰਤ ਦੇ ਬਹੁਤ ਸਾਰੇ ਮੇਲਿਆਂ ਵਾਂਗ ਵੈਸਾਖੀ ਵੀ ਇਕ ਮੌਸਮੀ ਮੇਲਾ ਹੈ।
ਕਣਕ ਦੀ ਫਸਲ ਨਾਲ ਇਸ ਦਾ ਸਬੰਧ ਹੋਣ ਕਾਰਣ, ਜ਼ਿਮੀਂਦਾਰ ਆੜਤੀਆਂ, ਲਾਗੀ ਚੋਗੀ ਸੇਪੀ ਵਾਲੇ ਸਭ
ਇਸ ਦੀ ਤੀਬਰਤਾ ਨਾਲ ਉਡੀਕ ਕਰਦੇ ਹਨ। ਕੋਈ ਦਸ ਹਜ਼ਾਰ ਸਾਲ ਹੋਏ ਮਿਸਰ ਵਾਲਿਆਂ ਨੇ ਕਣਕ ਦੀ ਫਸਲ
ਦੀ ਕਾਸਤਕਾਰੀ ਦੀ ਸਫਲਤਾ ਹੋਣ ਤੇ ਮਿਨ ਦੇਵਤੇ ਦੀ ਪੂਜਾ ਕੀਤੀ, ਜਿਸ ਦਾ ਜ਼ਿਕਰ ਬਾਈਬਲ ‘ਓਲਡ
ਟੈਸਟੇਮੈਂਟ’ ਵਿਚ ਹਜ਼ਰਤ ਮੂਸਾ ਆਪਣੇ ਪੈਰੋਕਾਰਾਂ ਨੂੰ 19 ਮਾਰਚ ਤੋਂ ਲੈ ਕੇ 30 ਮਾਰਚ ਤੱਕ
ਖੁਸ਼ੀਆਂ ਮਨਾਉਣ ਲਈ ਆਖਦਾ ਹੋਇਆ, ਇਹ ਵੀ ਦਸ ਦਿੰਦਾ ਹੈ ਕਿ ਇਹ ਤੁਹਾਡਾ ਧਾਰਮਕ ਮੇਲਾ ਨਹੀਂ,
ਪਰ ਤੁਸੀ ਵੀ ਇਸ ਵਕਤ ਬਾਕੀ ਲੋਕਾਂ ਨਾਲ ਰਲ ਕੇ ਖੁਸ਼ੀਆਂ ਮਨਾਓ, ਅਤੇ ਨਾਲ ਹੀ ਕਣਕ ਦੀ ਫਸਲ ਦੀ
ਵਾੱਢੀ ਬਾਰੇ ਕੁਝ ਹਦਾਇਤਾਂ ਹਨ। ਫਸਲ ਵੱਢਣ ਸਮੇਂ ਫਸਲ ਐਨ ਬਨੀ ਤਕ ਨਾਂ ਵੱਢੋ, ਕੁੱਝ ਹਿੱਸਾ
ਗਰੀਬ ਗੁਰਬੇ ਲਈ ਛੱਡਣਾ ਚਾਹੀਦਾ ਹੈ। ਪੰਜਾਬ ਵਿੱਚ ਵੀ ਵਾਢੀ ਸਮੇਂ ਮੁਰੀਂਡਾ ਛਡਿੱਆ ਜਾਂਦਾ
ਸੀ। ਅਤੇ ਦੂਸਰੀ ਹਦਾਇਤ ਹੈ ਕਿ ਵਾੱਢੀ ਸਮੇਂ ਹਥੋਂ ਡਿਗਿਆ ਹੋਇਆ ਸਿੱਟਾ (ਕਣਕ ਦੀ ਬਾਲੀ)
ਗਰੀਬ ਗੁਰਬੇ ਦੇ ਚੁੱਗਣ ਲਈ ਛੱਡ ਦਿਉ।
ਪੰਜਾਬ ਵਿੱਚ ਵੈਸਾਖੀ
ਦੀ ਸ਼ੁਰੂਆਤ
ਪੰਜਾਬ
ਵਿਚ ਕਣਕ ਦੀ ਕਾਸ਼ਤ ਆਰੀਆਂ ਨਾਲ ਸ਼ੁਰੂ ਹੁੰਦੀ ਹੈ। ਆਰੀਆਂ ਦੇ ਨਾਲ ਹੀ ਕੁਝ ਮਿਸਰ ਦੇ
ਪੁਜਾਰੀ ਵੀ ਆਏ, ਜਿਹਨਾਂ ਨੂੰ ਮਿਸਰ ਕਰਕੇ ਜਾਣਿਆਂ ਜਾਂਦਾ ਸੀ। ਤਕਰੀਬਨ ਹਰ ਪਿੰਡ ਵਿੱਚ
ਇੱਕ ਮਿਸਰ ਪਰਵਾਰ ਹੁੰਦਾ ਸੀ। ਮਿਸਰ ਪਿਰਵਾਰ ਨੂੰ ਹੀ ਬ੍ਰਾਹਮਣ ਕਹਿਣ ਲਗ ਪਏ। ਥਿਤ ਵਾਰਾਂ
ਦਾ ਹਿਸਾਬ ਕਿਤਾਬ ਰਖਣਾ ਗਮੀ ਖੁਸ਼ੀ ਦੀਆਂ ਰਸਮਾਂ ਨਿਭਾਉਣੀਆਂ ਉਸੇ ਦੀ ਜ਼ਿਮੇਵਾਰੀ ਸੀ।
ਪੰਜਾਬ ਵਿੱਚ ਵੈਸਾਖੀ ਦੀ ਸ਼ੁਰੂਆਤ ਵੀ
ਮਿਸਰ (ਬ੍ਰਾਹਮਣ) ਵਲੋਂ ਹੀ ਕੀਤੀ ਗਈ ਹੈ। ਇਸੇ ਲਈ ਮੇਲਿਆਂ ਤਿਉਹਾਰਾਂ ਦੀ ਵੰਡ
ਸਮੇਂ ਉਸ ਨੇ ਵੈਸਾਖੀ 'ਤੇ ਆਪਣਾ ਹੱਕ ਜਤਾਇਆ, ਦੁਸਿਹਰਾ ਰਾਮਚੰਦਰ ਜੀ ਨਾਲ ਸਬੰਧਤ ਹੈ (ਰਾਮਚੰਦਰ
ਖਤਰੀ ਸੀ) ਇਸ ਲਈ ਦੁਸਿਹਰਾ ਖਤਰੀਆਂ ਦੇ ਹਿੱਸੇ ਆਇਆ, ਦੀਵਾਲੀ ਵੈਸ਼ ਦੇ ਹਿੱਸੇ ਆਈ (ਵੈਸ਼
ਹੀ ਖਾਣ ਪੀਣ ਦੇ ਸਮਾਨ ਦੀ ਉਪਜ ਕਰਦਾ ਹੇ) ਅਤੇ ਹੋਲੀ ਨੂੰ ਸ਼ੂਦਰਾਂ (ਕ੍ਰਿਸ਼ਨ ਜੀ ਜਾਦਵ
ਸਨ, ਹੋਲੀ ਕ੍ਰਿਸ਼ਨ ਜੀ ਨਾਲ ਜੁੜੀ ਹੋਈ ਹੈ) ਦਾ ਤਿਉਹਾਰ ਆਖਿਆ।
ਪੰਜਾਬ ਤੋਂ ਸ਼ੁਰੂ ਹੋਇਆ ਵੈਸਾਖੀ ਮੇਲਾ ਹੌਲੀ ਹੌਲੀ ਕਣਕ ਦੀ
ਫਸਲ ਅਤੇ ਪੰਜਾਬੀਆਂ ਦਾ ਦੂਸਰੇ ਸੂਬਿਆਂ ਅਤੇ ਦੇਸ਼ਾਂ ਵਿੱਚ ਵਸਣ ਨਾਲ ਪੰਜਾਬ ਤੋਂ ਬਾਹਰ
ਭਾਰਤ ਅਤੇ ਸੰਸਾਰ ਭਰ ਵਿੱਚ ਮਨਾਇਆ ਜਾਣ ਲਗਾ। ਸ਼ੁਰੂ ਸ਼ੁਰੂ ਵਿਚ ਇਹ ਮੇਲਾ ਦਰਿਆਵਾਂ
'ਤੇ ਇਸ਼ਨਾਨ ਕਰਨ ਤਕ ਹੀ ਸੀਮਤ ਸੀ। ਜਿਊਂ ਜਿਊਂ ਖੁਸ਼ਹਾਲੀ ਆਈ ਮੇਲੇ ਦਾ ਤੌਰ ਤਰੀਕਾ ਵੀ
ਬਦਲਿਆ। ਗਭਰੂਆਂ ਵਲੋਂ ਭੰਗੜਾ ਅਤੇ ਮੁਟਿਆਰਾਂ ਵਲੋਂ ਗਿੱਧਾ ਵੀ ਵੈਸਾਖੀ ਦੀਆਂ ਖੁਸ਼ੀਆਂ
ਦਾ ਹਿਸਾ ਬਣ ਗਿਆ। ਪੰਜਾਬੀ ਗਭਰੂਆਂ ਦੇ ਖੁਲੇ ਜੁਸੇ ਦੱਗ ਦੱਗ ਕਰਦੇ ਚੇਹਰੇ ਹੱਥ ਸਮਾਂ
ਵਾਲੀ ਡਾਂਗ ਜਾਂ ਖੂੰਡਾ ਧਰਤੀ ਹੂੰਝਦੇ ਚਾਦਰੇ ਸਰਦੇ ਪੁਜਦਿਆਂ ਦੇ ਗਲੀਂ ਕੈਂਠੇ, ਮੇਲੇ
ਵਿੱਚ ਟੋਲੀਆਂ ਬਣਾ ਕੇ ਮਸਤ ਹਾਥੀਆਂ ਵਾਂਗ ਝੂਮਦੇ ਫਿਰਨਾ, ਮੇਲੇ ਦੇ ਛਿੜਨ ਵੇਲੇ ਤੱਕ
ਪਕੌੜਿਆਂ ਦੇ ਨਾਲ ਤਿਪ ਤਿਪ ਅੰਦਰ ਜਾਣ ਨਾਲ ਚੋਬਰਾਂ ਦੀਆਂ ਅੱਖਾਂ ਵਿੱਚ ਲਾਲੀ ਦੇ ਡੋਰੇ,
ਮੱਘੇ ਅਤੇ ਬੁਲਬੁਲੀਆਂ ਦੇ ਰੂਪ ਵਿੱਚ ਅੰਗੜਾਈਆਂ ਲੈਂਦੀ ਜਵਾਨੀ, ਬਸ ਕਿਸੇ ਪਾਸਿਓਂ ਇਕ
ਖੰਘੂਰਾ ਹੀ ਖੂੰਡੇ ਖੜਕਣ ਦੀ ਕਿਰਿਆ ਅਰੰਭ ਦਿੰਦਾ।
ਇਕ ਪਾਸੇ ਇਹ ਆਪਮੁਹਾਰੀ ਤਾਕਤ ਦੀ ਪ੍ਰਦਰਸ਼ਨੀ ਦੂਜੇ ਪਾਸੇ ਸਾਧਾਂ ਦੇ ਭੇਸ ਵਿਚ ਠਗਾਂ ਦੇ
ਟੋਲੇ। ਬ੍ਰਾਹਮਣ ਬਰਾਦਰੀ ਦਾ ਵਰਣ ਵੰਡ ਤੇ ਜ਼ੋਰ। ਭੋਲੇ ਭਾਲੇ ਲੋਕ ਭਰਮਾਂ, ਵਹਿਮਾਂ,
ਟੂਣਿਆਂ, ਤਵੀਤਾਂ ਦੇ ਚਕ੍ਰ ਵਿਚ ਗ੍ਰਸੇ ਹੋਏ ਠਗੇ ਜਾ ਰਹੇ ਸਨ। ਦੈਵੀ ਪੁਰਸਾਂ ਦਾ ਕੰਮ
ਹੁੰਦਾ ਹੈ ਕਿ ਲੋਕਾਈ ਨੂੰ ਗਿਆਨਵਾਨ ਕਰਨਾ, ਇਜਾਈਂ ਜਾਂਦੀ ਤਾਕਤ ਨੂੰ ਸੇਧ ਦੇ ਕੇ ਉਸਾਰੂ
ਕੰਮਾਂ ਵੱਲ ਲਾਉਣਾ। ਇਸੇ ਕੰਮ ਲਈ ਬਾਬੇ ਨਾਨਕ ਜੀ ਨੇ ਹਰਿਦਵਾਰ ਦੀ ਵੈਸਾਖੀ 'ਤੇ ਜੁੜੇ
ਇਕੱਠ ਨਾਲ ਸੰਵਾਦ ਰਚਾਉਣ ਲਈ ਬੜੇ ਹੀ ਨਵੇਕਲੇ ਢੰਗ ਨਾਲ ਲੋਕਾਈ ਤੋਂ ਉਲਟ ਲਹਿੰਦੇ ਪਾਸੇ
ਨੂੰ ਪਾਣੀ ਦੇ ਕੇ ਫੋਕਟ ਕਰਮਾਂ ਬਾਰੇ ਲੋਕਾਈ ਨੂੰ ਸਮਝਾਇਆ। ਹਰਿਦਵਾਰ ਦੀ ਵੈਸਾਖੀ 'ਤੇ
ਹੀ ਗੁਰੂ ਬਾਬੇ ਨੇ ਵਿਦਵਾਨ ਪੰਡਤਾਂ ਨਾਲ ਵੀ ਗੋਸ਼ਟੀਆਂ ਕੀਤੀਆਂ। ਮੇਹਰਬਾਨ ਜੀ ਨੇ ਸਾਖੀ
ਵਿੱਚ ਲਿਖਿਆ ਹੈ ਕਿ ਜਦ ਗੁਰੂ ਨਾਨਕ ਜੀ ਨੇ ‘ਸਚੁ ਸੰਜਮੁ ਕਰਣੀ
ਕਾਰਾਂ, ਨਾਵਣ ਨਾਉ ਜਪਾਇਆ ਤਾਂ ਯਾਤਰੂਆਂ ਨੇ ਜਨੇਊ ਲਾਹਿ ਕੇ ਗੰਗਾ ਬੀਚ ਡਾਰੇ। ਉਨ੍ਹਾਂ
ਦੀ ਚੰਮ ਦ੍ਰਿਸ਼ਟੀ ਦੂਰ ਹੋਈ। ਬਾਬੇ ਦੀ ਰਹਿਮਤ ਨਾਲ ਦਿਬ ਦ੍ਰਿਸ਼ਟੀ ਮਿਲੀ। ਜੀਵਨ ਤਤ
ਦੱਸਦਟ ਕਿਹਾ’
ਗੁਰੂ ਘਰਾਂ ਵਿੱਚ
ਵੈਸਾਖੀ
ਇਸ ਤੋਂ ਅਗੇ ਗੁਰੂ ਅਮਰਦਾਸ ਜੀ ਦੇ ਸਮੇਂ ਗੁਰੂ ਜੀ ਦੇ ਸੇਵਕ ਭਾਈ
ਪਾਰੋ ਨੇ ਗੁਰੂ ਅਮਰਦਾਸ ਜੀ ਨੂੰ ਬੇਨਤੀ ਕੀਤੀ ਕਿ ਸਾਰੇ ਤੀਰਥ ਦੇਵ ਲੋਕ ਵਿਚ ਹਨ (ਕੁਰੂਕੁਸ਼ੇਤਰ
ਤੋਂ ਅਗੇ ਦੇਵ ਲੋਕ ਗਿਣਿਆਂ ਜਾਂਦਾ ਸੀ ਅਤੇ ਪੰਜਾਬ ਨੂੰ ਮਦ੍ ਲੋਕ ਕਹਿੰਦੇ ਸਨ) ਮਦ੍ ਲੋਕ
ਵਿਚ ਵੀ ਕਿਸੇ ਤੀਰਥ ਦੀ ਅਸਥਾਪਨਾ ਕੀਤੀ ਜਾਵੇ, ਤਾਂ 1558 ਈਸਵੀ ਨੂੰ ਗੋਇਂਦਵਾਲ ਵਿਚ ਬਣ
ਰਹੀ ਬੌਲੀ ਦਾ ਉਦਘਾਟਨ ਵੈਸਾਖੀ ਵਾਲੇ ਦਿਨ ਕੀਤਾ ਗਿਆ। ਭਾਈ ਪਾਰੋ ਦੀ ਬੇਨਤੀ ਨੂੰ ਪਰਵਾਨ
ਕਰਦਿਆਂ ਗੁਰੂ ਜੀ ਨੇ ਵੈਸਾਖੀ ਦਾ ਪੁਰਬ ਬਾਉਲੀ 'ਤੇ ਸਫੇਦ ਝੰਡਾ ਲਾ ਕੇ ਮਨਾਇਆ। ਨਾਨਕ
ਨਾਮ ਲੇਵਾ ਦੀ ਇਕ ਵੱਖਰੀ ਪਛਾਣ ਬਣਨੀ ਸ਼ੁਰੂ ਹੋ ਗਈ, ਗੁਰੂ ਜੀ ਦੀ ਸਿੱਖੀ ਸੇਵਕੀ ਲਈ
ਵੈਸਾਖੀ ਹੁਣ ਮੇਲੇ ਤੋਂ ਪੁਰਬ ਬਣ ਗਿਆ।
1634 ਈਸਵੀ ਦੀ ਵੈਸਾਖੀ ਗੁਰੂ ਹਰਗੋਬਿੰਦ ਜੀ ਨੇ ਕਰਤਾਰ ਪੁਰ ਵਿਚ ਬੜੀ ਧੂਮਧਾਮ ਨਾਲ
ਮਨਾਈ, ਦੂਰ ਦੁਰਾਡੇ ਤੋਂ ਗੂਰੂ ਦੀ ਸਿੱਖੀ ਸੇਵਕੀ ਪ੍ਰਵਾਰਾਂ ਸਮੇਤ ਇਕਤ੍ਰ ਹੋਈ । ਸੇਵਾ
ਅਤੇ ਸਿਮਰਨ ਦਾ ਪ੍ਰਵਾਹ ਚਲਦਾ ਰਿਹਾ। ਇਸੇ ਤਰਾਂ ਗੁਰੂ ਹਰਿਰਾਏ ਜੀ ਦੇ ਸਮੇਂ ਵੀ ਵੈਸਾਖੀ
ਬੜੀ ਧੂਮ ਧਾਮ ਨਾਲ ਮਨਾਈ ਗਈ।
ਵਡੇ ਵਡੇ ਇਕੱਠ ਜੁੜੇ, ਦੂਰ ਦੂਰ ਤੱਕ ਸਿੱਖੀ ਦਾ ਪਰਚਾਰ ਹੋਇਆ। ਬਰਾਬਰਤਾ ਦੇ ਅਧਾਰ 'ਤੇ
ਨਿਰਵੈਰ ਅਤੇ ਨਿਰਭੌ ਸਮਾਜ ਦੀ ਉਸਾਰੀ ਸ਼ੁਰੂ ਹੋ ਗਈ।
ਖਾਲਸੇ ਦੀ ਸਿਰਜਨਾ
30
ਮਾਰਚ 1699 ਵਾਲੀ ਵੈਸਾਖੀ ਨੇ ਤਾਂ ਦੁਨੀਆਂ ਦੇ ਇਤਿਹਾਸ ਵਿਚ ਇਕ ਨਵੇਕਲੀ ਅਸਥਾਨ ਬਣਾ ਲਈ।
ਸਾਰੇ ਸੰਸਾਰ ਵਿੱਚ ਕੋਈ ਐਸਾ ਦਿਨ ਨਹੀਂ, ਜਿਸ ਦੀ ਤੁਲਨਾ ਵੈਸਾਖੀ ਨਾਲ ਕੀਤੀ ਜਾ ਸਕੇ।
ਕੋਹ ਸ਼ਿਵਾਲਕ ਦੇ ਰਮਣੀਕ ਵਾਤਾਵਰਨ ਵਿੱਚ ਗੁਰੂ ਅਮਰਦਾਸ ਜੀ, ਗੁਰੂ ਹਰਗੋਬਿੰਦ ਜੀ ਅਤੇ
ਗੁਰੂ ਹਰਿਰਾਏ ਜੀ ਵਲੋਂ ਮਨਾਈ ਗਈ ਵੈਸਾਖੀ ਵਾਂਗ ਹੀ ਬਹੁਤ ਵਡਾ ਇਕੱਠ ਜੁੜਿਆ ਹੋਇਆ ਸੀ।
ਸਾਂਝੇ ਲੰਗਰ ਵੀ ਉਸੇ ਤਰ੍ਹਾਂ ਚਲ ਰਹੇ ਸਨ, ਸੰਗਤਾਂ ਸੇਵਾ ਅਤੇ ਸਿਮਰਨ ਵਿੱਚ ਜੁੜੀਆਂ
ਹੋਈਆਂ ਸਨ।
ਫੇਰ 30 ਮਾਰਚ ਦੀ ਸਵੇਰ ਕੀਰਤਨ ਉਪਰੰਤ, ਗੁਰੂ ਗੋਬਿੰਦ ਰਾਏ ਨੇ
ਲਿਸ਼ਕਦੀ ਕਿਰਪਾਨ ਲਹਿਰਾ ਕੇ, ਗਰਜ਼ਵੀਂ ਆਵਾਜ਼ ਵਿੱਚ ਅਨੋਖੀ ਮੰਗ ਕਰ ਦਿਤੀ। "ਮੈਨੂੰ ਇਕ
ਸਿਰ ਦੀ ਲੋੜ ਹੈ।" ਪੰਡਾਲ ਵਿਚ ਜੁੜੇ ਇਕੱਠ ਵਿੱਚ ਸੰਨਾਟਾ ਛਾ ਗਿਆ। ਇਕ, ਦੋ, ਤੀਸਰੀ
ਆਵਾਜ਼ 'ਤੇ ਲਾਹੌਰ ਵਾਸੀ "ਦਇਆ ਰਾਮ" (ਖਤਰੀ) ਹਾਜ਼ਰ
ਹੁੰਦਾ ਹੈ। ਗੁਰੂ ਗੋਬਿੰਦ ਰਾਏ ਉਸ ਨੂੰ ਤੰਬੂ ਵਿੱਚ ਲੈ ਜਾਂਦੇ ਹਨ। ਕੁੱਝ ਦੇਰ ਬਾਅਦ
ਤੰਬੂ ਤੋਂ ਬਾਹਰ ਗੁਰੂ ਗੋਬਿੰਦ ਰਾਏ ਇੱਕ ਸਿਰ ਦੀ ਹੋਰ ਮੰਗ ਕਰ ਦੇ ਹਨ। ਤਲਵਾਰ ਦੀ ਧਾਰ
ਚੋਂ ਟਪਕਦਾ ਲਹੂ ਦੇਖ ਕੇ ਪੰਡਾਲ ਵਿਚ ਬੈਠੇ ਸੇਵਕ ਤੰਬੂ ਅੰਦਰ ਵਾਪਰੀ ਘਟਨਾ ਦਾ ਅੰਦਾਜ਼ਾ
ਲਾਉਂਦੇ ਹਨ। ਇਕ ਸੋਚ ਜਨਮ ਲੈਂਦੀ ਹੈ। ਹੈਂ ! ਇਹ ਕੀ? ਗੁਰੂ ਨੂੰ ਕੀ ਹੋ ਗਿਆ, ਆਪਣੇ ਹੀ
ਸਿੱਖਾਂ ਦਾ ਕਤਲ ਕਰਨ ਲਗ ਪਿਆ। ਦੂਜੀ ਆਵਾਜ਼ 'ਤੇ ਹਸਤਿਨਾਪੁਰ
ਦਾ "ਧਰਮ ਦਾਸ" ਜੱਟ ਵੀ ਗੁਰੂ ਗੋਬਿੰਦ ਰਾਏ ਨਾਲ ਤੰਬੂ ਵਿੱਚ ਜਾਂਦਾ ਹੈ। ਫੇਰ
ਉਸੇ ਤਰਾਂ ਗਰਜ਼ਵੀਂ ਆਵਾਜ਼, ਲਹੂ ਭਿਜੀ ਤਲਵਾਰ, ਇੱਕ ਸਿਰ ਦੀ ਹੋਰ ਮੰਗ। ਪੰਡਾਲ ਵਿੱਚ
ਵਿਰਲ ਪੈਣ ਲਗੀ। ਤੀਸਰੀ ਵੇਰ ਜਗਨ ਨਾਥ (ਗੁਜਰਾਤ) ਦੇ ਰਹਿਣ
ਵਾਲਾ "ਹਿੰਮਤ ਰਾਏ" (ਝੀਵਰ ਜਾਤੀ ਨਾਲ ਸਬੰਧ ਰਖਣ ਵਾਲਾ) ਹਾਜ਼ਰ ਹੁੰਦਾ ਹੈ। ਚੌਥੀ
ਵਾਰੀ "ਮੋਹਕਮ ਚੰਦ" (ਛੀਂਬਾ), ਦਵਾਰਕਾ ਨਿਵਾਸੀ ਅਤੇ
ਪਜਵੀਂ ਵਾਰੀ "ਸਾਹਿਬ ਚੰਦ", ਬਿਦਰ (ਆਂਧਰਾ) ਨਿਵਾਸੀ
ਨੂੰ ਤੰਬੂ ਵਿਚ ਲੈ ਜਾਣ ਉਪਰੰਤ, ਕੁੱਝ ਦੇਰ ਲਈ ਖਾਮੋਸ਼ੀ... ਫੇਰ ਪੰਜੇ ਹੀ ਗੁਰੂ ਗੋਬਿੰਦ
ਵਰਗਾ ਪਹਿਰਾਵਾ ਪਾਈ, ਗੁਰੂ ਮਹਾਰਾਜ ਦੇ ਪਿੱਛੇ ਪਿੱਛੇ ਤੰਬੂ ਤੋਂ ਬਾਹਰ ਆਊਂਦੇ ਤੱਕ ਕੇ,
ਮਨਾਂ 'ਤੇ ਹੈਰਾਨੀ ਹਾਵੀ ਹੋ ਜਾਂਦੀ ਹੈ। ਅੰਮ੍ਰਿਤ ਸੰਚਾਰ ਹੁੰਦਾ ਹੈ, ਪੰਜਾਂ ਦੇ ਨਾਮ
ਨਾਲ "ਸਿੰਘ" ਸ਼ਬਦ ਜੁੜਦਾ ਹੈ ਅਤੇ ਅੰਤ ਵਿੱਚ ਗੁਰੂ ਮਹਾਰਾਜ ਖੁਦ ਪੰਜਾਂ ਤੋਂ ਅੰਮ੍ਰਿਤ
ਪਾਨ ਕਰਕੇ, "ਗੋਬਿੰਦ ਰਾਏ" ਤੋਂ "ਗੋਬਿੰਦ ਸਿੰਘ" ਬਣ ਜਾਂਦੇ ਹਨ। ਰਾਗੀ, ਢਾਡੀ, ਕੀਰਤਨ
ਕਰਨ ਵਾਲੇ, ਕਥਾਕਾਰ ਲੇਖਕ ਅਤੇ ਧਾਰਮਿਕ ਪਰਚਾਰਕ, ਹਰ ਸਾਲ ਬੜੇ ਹੀ ਢੁਕਵੇਂ ਸ਼ਬਦਾਂ ਨਾਲ
1699 ਦੀ ਵੈਸਾਖੀ ਦਾ ਵਰਨਣ ਕਰਦੇ ਹਨ, ਅਖੰਡਪਾਠਾਂ ਦੀਆਂ ਲੜੀਆਂ ਚਲਦੀਆਂ ਹਨ, ਨਗਰ
ਕੀਰਤਨ ਹੁੰਦੇ ਹਨ ਅਤੇ ਇਸ ਸਾਰੇ ਜਾਹੋ ਜਲਾਲ ਦੇ ਬਾਵਜੂਦ, ਅਸੀਂ ਵੈਸਾਖੀ ਦੇ ਅਸਲ ਮੰਤਵ
ਤੋਂ ਕੋਹਾਂ ਦੂਰ ਹੁੰਦੇ ਜਾ ਰਹੇ ਹਾਂ। ਸਭਿਆਚਾਰ ਨੂੰ ਸੰਭਾਲਣ ਦੀ ਗੱਲ ਚਲਦੀ ਹੈ ਤਾਂ
ਗਾਉਣ ਵਜਾਉਣ ਦੀਆਂ ਮਹਿਫਲਾਂ ਦਾ ਕੀਤਾ ਪਰਬੰਧ ਸਿਰਫ ਅਸ਼ਲੀਲ ਮਨੋਰੰਜਨ ਅਤੇ ਪੈਸੇ ਬਟੋਰਨ
ਤੋਂ ਪਰੇ ਕੁੱਝ ਨਹੀਂ ਰਹਿ ਜਾਂਦਾ।
ਸੰਸਾਰ ਵਿੱਚ ਚਾਹੇ ਕੋਈ ਸੰਤ ਹੈ, ਸਾਧ ਹੈ, ਜਾਂ ਕੋਈ ਰਾਜਸੀ ਨੇਤਾ ਹੈ, ਸਭ ਤਾਕਤ ਨੂੰ
ਆਪਣੇ ਕਲਾਵੇ ਵਿੱਚ ਰੱਖਣ ਦੇ ਆਹਰ ਵਿੱਚ ਲਗੇ ਰਹਿੰਦੇ ਹਨ। ਬੇ ਮੁਹਾਰੀ ਤਾਕਤ ਉਸ ਵਾਢੂ
ਊਂਠ ਵਰਗੀ ਹੁੰਦੀ ਹੈ, ਜੋ ਆਪਣੇ ਮਾਲਕ ਨੂੰ ਵੀ ਚੱਕ ਮਾਰ ਲੈਂਦਾ ਹੈ। ਕਿਸੇ ਇੱਕ ਹੱਥ
ਤਾਕਤ ਆ ਜਾਣ ਨਾਲ, ਤਾਕਤ ਦੀ ਦੁਰਵਰਤੋਂ ਹੋਣ ਲਗ ਜਾਂਦੀ ਹੈ। ਕਮਜ਼ੋਰ ਦਾ ਜੀਣਾ ਦੁਭਰ ਹੋ
ਜਾਂਦਾ ਹੈ। ਬ੍ਰਾਹਮਣ ਨੇ ਤਾਕਤ ਹਥਿਆ ਕੇ, ਨਫਰਤ ਦੇ ਛੱਟੇ ਦਿੱਤੇ। ਹਲਾਕੂ, ਚੰਗੇਜ਼,
ਹਿਟਲਰ ਅਤੇ ਕਿੰਨੇ ਹੀ ਹੋਰ, ਚਾਹੇ ਉਹ ਡਿਕਟੇਟਰ ਸਨ, ਜਾਂ ਚੁਣੇ ਹੋਏ ਲੀਡਰ, ਬੇਰੋਕ
ਤਾਕਤ ਮਿਲਣ 'ਤੇ ਉਸ ਦੀ ਅਯੋਗ ਵਰਤੋਂ ਕਰਨੋਂ ਨਾ ਟਲੇ, ਜ਼ਾਲਮ ਬਣ ਗਏ, ਖੂਨ ਖਰਾਬਾ ਹੋਇਆ।
ਸਿਰਫ ਸਿੱਖ ਗੁਰੂਆਂ ਨੇ ਹੀ ਸੰਗਤ ਨੂੰ ਮਾਣ ਦਿੱਤਾ। ਗੁਰੂ ਨਾਨਕ ਜੀ ਤੋਂ ਲੈ ਕੇ ਗੁਰੂ
ਗੋਬਿੰਦ ਸਿੰਘ ਜੀ ਤੱਕ ਲੋਕਾਈ ਨੂੰ ਨਿਰਭੌ ਅਤੇ ਨਿਰਵੈਰ ਕਰਨ ਦੀ ਕਿਰਿਆ ਚਲਦੀ ਰਹੀ। ਗੁਰੂ
ਗੋਬਿੰਦ ਰਾਏ ਜੀ ਨੇ ਅਨੁਭਵ ਕੀਤਾ ਕਿ ਸਿੱਖ ਇੱਕ ਤਾਕਤ ਬਣਨ ਜਾ ਰਹੇ ਹਨ, ਇਹਨਾਂ ਨੇ ਵੱਡੇ
ਵੱਡੇ ਫੈਸਲੇ ਕਰਨੇ ਹਨ। ਇਹ ਵੱਧ ਰਹੀ ਤਾਕਤ ਬਗੈਰ ਕਿਸੇ ਨਿਯਮਾਂਵਲੀ ਤੋਂ ਬਾਕੀਆਂ ਵਾਂਗਰ
ਜ਼ਾਲਮ ਵੀ ਬਣ ਸਕਦੀ ਹੈ। ਇਸ ਵੱਧ ਰਹੀ ਤਾਕਤ ਨੂੰ ਆਪਮੁਹਾਰੀ ਹੋਣ 'ਤੇ ਰੋਕ ਲਾਉਣ ਲਈ ਗੁਰੂ
ਗੋਬਿੰਦ ਸਿੰਘ ਜੀ ਨੇ ਬਹੁਤ ਹੀ ਸੋਚ ਵਿਚਾਰ ਉਪਰੰਤ ਕੁਝ ਨਿਯਮ ਬਣਾਏ।
ਸਭ ਤੋਂ ਪਹਿਲਾਂ ਤਾਕਤ ਦਾ ਵਿਕੇਂਦਰੀ ਕਰਨ ਕੀਤਾ।
ਆਪਣੀ ਤਾਕਤ ਪੰਜਾਂ ਪਿਆਰਿਆਂ ਵਿੱਚ ਵੰਡ ਦਿਤੀ। ਖੁਦ ਸਰਵਸ਼ਕਤੀ ਮਾਨ ਹੁੰਦਿਆਂ ਹੋਇਆਂ ਆਪਣੇ
ਸੇਵਕਾਂ ਅੱਗੇ ਹੱਥ ਜੋੜ ਕੇ ਅੰਮ੍ਰਿਤ ਦੀ ਦਾਤ ਮੰਗ ਕੇ, ਇਹ ਸਾਬਤ ਕਰ ਦਿੱਤਾ ਕਿ ਕੀ ਵੱਡਾ
ਕੀ ਛੋਟਾ, ਨਿਯਮ ਸਭ 'ਤੇ ਲਾਗੂ ਹੁੰਦਾ ਹੈ।
ਦੂਸਰਾ ਤਲਵਾਰ ਦੀ ਨੋਕ 'ਤੇ ਪੰਜਾਂ ਪਿਆਰਿਆਂ ਦੀ ਚੋਣ
ਕੀਤੀ, ਤਾਂ ਉਹ ਹੀ ਅਗੇ ਆਏ ਜਿਹਨਾਂ ਨੇ ਤਨ ਵੀ ਤੇਰਾ ਅਤੇ ਮਨ ਵੀ ਤੇਰਾ ਸਮਝਦਿਆਂ, ਆਪਣਾ
ਆਪ ਗੁਰੂ ਮਹਾਰਾਜ ਨੂੰ ਅਰਪਨ ਕੀਤਾ ਸੀ।
ਇਸ ਤਰਾਂ ਦੀ ਚੋਣ ਕਰ ਕੇ ਗੁਰੂ ਮਹਾਰਾਜ ਨੇ ਆਪਣੇ ਖਾਲਸੇ ਨੂੰ ਇਹ ਦਰਸਾਉਣ ਦਾ ਯਤਨ ਕੀਤਾ
ਸੀ ਕਿ ਆਗੂਆਂ ਦੀ ਚੋਣ ਸਮੇਂ ਨਾ ਜਾਤ ਪਾਤ ਦੀ ਬੰਦਸ਼ ਅਤੇ ਨਾ ਧੜੇਬਾਜ਼ੀ ਦੇ ਪਰਭਾਵ ਥਲੇ
ਕੋਈ ਫੈਸਲਾ ਲੈਣਾ ਚਾਹੀਦਾ ਹੈ। ਚੋਣ ਸਮੇਂ ਕਿਸੇ ਦੀ ਆਰਥਕ ਸਥਿਤੀ ਨਹੀਂ, ਉਸ ਦਾ ਚਰਿਤ੍ਰ
ਦੇਖਿਆ ਜਾਣਾ ਚਾਹੀਦਾ ਹੈ। ਲੋਕਤੰਤਰ ਤਦੇ ਹੀ ਲੋਕਾਂ ਵਲੋਂ ਲੋਕਾਂ ਲਈ ਚੁਣੀ ਸਰਕਾਰ ਬਣ
ਸਕੇਗਾ, ਜੇ ਹਾਈ ਕੰਮਾਡ ਦੀ ਬਜਾਏ, ਲੋਕ ਆਪਣੇ ਆਗੂ ਦੀ ਚੋਣ ਆਪ ਕਰਨਗੇ। ਪੈਸੇ
ਦੇ ਜ਼ੋਰ 'ਤੇ ਅਗੇ ਆਇਆ ਆਗੂ ਲੋਕਾਈ ਦੀ ਸੇਵਾ ਕਰਨ ਦੀ ਬਜਾਏ, ਕੁਨਬਾ ਪਰਵਾਰ ਹੀ ਬਣੇਗਾ।
ਗੁਰੂ ਜੀ ਦੇ ਦਰਸਾਏ ਰਾਹ ਤੋਂ ਉਖੜ ਕਾਰਨ ਹੀ ਅੱਜ ਚੋਰ, ਠੱਗ, ਧਾੜਵੀ, ਕਾਤਲ ਚੋਣਾਂ ਲਈ
ਟਿਕਟਾਂ ਪਰਾਪਤ ਕਰ ਲੈਂਦੇ ਹਨ। ਸ਼ਰਾਬ - ਕਬਾਬ 'ਤੇ ਰੀਝ ਕੇ, ਮਤ ਦਾਤਾ ਆਪਣੇ ਲਈ ਆਪ ਹੀ
ਨਰਕ ਸਹੇੜ ਲੈਂਦਾ ਹੈ। ਲੋਕ ਰਾਜ ਦਾ ਪਵਿਤ੍ਰ ਕੇਂਦਰ ਪਾਰਲੀਮੈਂਟ ਠਗਵਾੜਾ ਬਣ ਕੇ ਰਹਿ
ਜਾਂਦਾ ਹੈ।
1699 ਦੀ ਵੈਸਾਖੀ ਤੋਂ ਕੋਈ ਸੱਤਰ ਬਹੱਤਰ ਸਾਲ ਬੀਤ ਜਾਣ ਬਾਅਦ,
ਅਮਰੀਕਾ ਦਾ ਵਿਧਾਨ ਲਿਖਿਆ ਗਿਆ। ਉਸ ਦੀ ਬੁਨਿਆਦ ਵੀ ਗੁਰੂ ਗੋਬਿੰਦ ਸਿੰਘ ਜੀ ਦੇ ਨਕਸ਼ੇ
ਕਦਮ 'ਤੇ ਤਾਕਤ ਦਾ ਵਿਕੇਂਦਰੀ ਕਰਨ ਹੀ ਹੈ।
1699 ਦੀ ਵੈਸਾਖੀ ਵਾਲੇ ਦਿਨ ਖਾਲਸੇ ਦੀ
ਸ੍ਰਿਜਣਾ ਇਕ ਅਜੂਬਾ ਸੀ। ਸੰਤ ਸਿਪਾਹੀਆਂ ਦੀ ਜਮਾਤ ਜਿਸ ਦਾ ਧੁਰਾ ਸੀ ਆਪਸੀ
ਸ਼ਾਂਝ, ਪਿਆਰ, ਬਰਾਬਰਤਾ, ਸਤਿਕਾਰ ਅਤੇ ਫੈਸਲੇ ਕਰਨ ਸਮੇਂ ਡਰਨ ਡਰਾਉਣ ਤੋਂ ਰਹਿਤ ਹੋਣਾ।
ਵੈਸਾਖੀ ਜੋ ਕਦੇ ਮੇਲਾ ਸੀ, ਫੇਰ ਉਹ ਪੁਰਬ ਬਣਿਆਂ ਅਤੇ 1699 ਦੀ ਵੈਸਾਖੀ ਤੋਂ ਬਾਅਦ
ਵੈਸਾਖੀ ਰਾਜਸੀ ਫੈਸਲੇ ਕਰਨ ਯੋਗ ਹੋ ਗਈ। ਵੈਸਾਖੀ 'ਤੇ ਖਾਲਸਾ ਆਪਣੇ ਤੀਰਥ ਅਸਥਾਨ
ਅੰਮ੍ਰਿਤਸਰ ਜੁੜ ਬੈਠਦਾ। ਗੁਰਬਾਣੀ ਕੀਰਤਨ ਦਵਾਰਾ ਆਪਣੇ ਧੁਰੇ ਨਾਲ ਜੁੜਿਆ ਹੋਇਆ, ਪੰਥ
ਲਈ ਦਰਪੇਸ਼ ਮਸਲਿਆਂ 'ਤੇ ਵਿਚਾਰਾਂ ਕਰਦਾ। ਜੋ ਵੀ ਗੁਰਮਤਾ ਪਾਸ ਹੁੰਦਾ, ਉਹ ਸਭ ਤੇ ਇਕੋ
ਜਿਹਾ ਲਾਗੂ ਹੁੰਦਾ।
ਕੌਮੀ ਜਥੇਬੰਦੀ ਨੂੰ ਨਰੋਆ ਨਿਗਰ ਕਰਨ ਲਈ, ਮਾਰਚ 1747 ਦੀ
ਵੈਸਾਖੀ ਨੂੰ ਨਵਾਬ ਕਪੂਰ ਸਿੰਘ ਨੇ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਸਰਬੱਤ ਖਾਲਸਾ ਬੁਲਾ
ਕੇ, ਇਕੋ ਆਗੂ, ਇਕੋ ਅਰਦਾਸ ਅਤੇ ਇੱਕ ਜਥੇਬੰਦੀ ਦੀ ਨੀਂਹ ਰਖੀ। 83 ਦਲ, ਇੱਕ
ਜਥੇਬੰਦੀ ਦਲ ਖਾਲਸਾ ਵਿੱਚ ਸਮੋਂ ਗਏ। ਖਾਲਸਾ ਇਕ ਸ਼ਕਤੀ ਬਣ ਕੇ ਉਭਰਿਆ। ਉਸੇ ਸ਼ਕਤੀ ਦਾ
ਸਦਕਾ ਬਾਅਦ ਵਿਚ ਮਹਾਰਾਜਾ ਰਣਜੀਤ ਸਿੰਘ ਨੇ 12 ਮਿਸਲਾਂ ਦੀ ਸ਼ਕਤੀ ਨੂੰ ਇਕ ਲੜੀ ਵਿਚ ਪਰੋ
ਕੇ, ਇਕ ਸ਼ਕਤੀਸ਼ਾਲੀ "ਖਾਲਸਾ ਰਾਜ" ਕਾਇਮ ਕੀਤਾ। ਚੰਗਾ ਵਾਰਸ ਨਾ ਹੋਣ ਕਾਰਨ ਆਪੋ ਧਾਪ ਰਾਜ
ਖੁਸਣ ਦਾ ਕਾਰਨ ਬਣੀ।
ਬਰਤਾਨੀਆਂ ਸਰਕਾਰ ਨੇ ਪੰਜਾਬ ਨੁੰ ਵੀ ਆਪਣੇ ਰਾਜ ਵਿਚ ਮਿਲਾ ਲਿਆ। ਮੁਗਲਾਂ, ਅੰਗਰੇਜ਼ਾ ਅਤੇ
ਵੇਦਾਂਤ ਮਤ ਵਾਲਿਆਂ ਨੇ ਸਿੱਖ ਇਤਿਹਾਸ ਨਾਲ ਛੇੜਖਾਨੀ ਕੀਤੀ, ਕੁੱਝ ਸਿੱਖ ਵਿਦਵਾਨ ਵੀ ਇਸ
ਕਾਰਜ ਵਿੱਚ ਸ਼ਰੀਕ ਹੋਏ, ਬਾਅਦ ਵਿੱਚ ਆਉਣ ਵਾਲੇ ਵਿਦਵਾਨਾਂ ਨੇ ਕੋਈ ਕਿੰਤੂ ਪਰਤੂੰ ਕਰਨ
ਦੀ ਬਜਾਏ, ਸਿਰਫ ਹਾਂ ਵਿੱਚ ਹਾਂ ਰਲਾਈ, ਜਿਸ ਕਾਰਨ ਸਿੱਖ ਕੌਮ ਮੁੜ ਬ੍ਰਾਹਮਣ ਦੇ ਚੁੰਗਲ
ਵਿੱਚ ਫਸ ਗਈ। ਜਾਤ ਪਾਤ ਦਾ ਫੇਰ ਬੋਲ ਬਾਲਾ ਹੋ ਗਿਆ, ਅਤੇ ਸਿੱਖ ਕੌਮ ਜਗੀਰਦਾ੍ਰਾਂ ਦੀ
ਕੌਮ ਬਣ ਗਈ। ਸ਼ਰਾਬ ਪਰਧਾਨ ਹੋ ਗਈ, ਬਰਾਬਰਤਾ ਦਾ ਵਿਧਾਨ ਸਿਰਫ ਕਹਿਣ ਸੁਨਣ ਦੀ ਗੱਲ ਬਣ
ਕੇ ਰਹਿ ਗਿਆ।
ਸਿੱਖ ਧਰਮ ਅੰਦਰ ਆ ਗਈਆਂ ਕਮਜ਼ੋਰੀਆਂ ਨੂੰ ਦੇਖਦੇ ਹੋਏ 1857 ਦੀ ਵੈਸਾਖੀ ਵਾਲੇ ਦਿਨ ਬਾਬਾ
ਰਾਮ ਸਿੰਘ ਨਾਮਧਾਰੀ ਨੇ ਸੁਧਾਰ ਲਹਿਰ ਚਲਾਈ। ਬਰਤਾਨੀਆਂ ਸਰਕਾਰ ਨੇ ਉਸ ਦਾ ਨੋਟਿਸ ਲਿਆ,
ਬਾਬਾ ਰਾਮ ਸਿੰਘ 'ਤੇ ਨਜ਼ਰ ਰਖਣੀ ਸ਼ੁਰੂ ਹੋ ਗਈ। ਬਾਬਾ ਰਾਮ ਸਿੰਘ ਜਦ 1860 ਦੀ ਵੈਸਾਖੀ
ਅੰਮ੍ਰਿਤਸਰ ਮਨਾਉਂਣ ਲਈ ਆਏ, ਤਾਂ ਅੰਗਰੇਜ਼ ਸਰਕਾਰ ਦੀਆਂ ਪਾਬੰਦੀਆਂ ਨੂੰ ਨਾ ਸਹਾਰਦੇ ਹੋਏ,
ਵਿਦਰੋਹ ਕਰ ਦਿੱਤਾ, ਜਿਸ ਕਾਰਨ "ਕੂਕਾ ਲਹਿਰ" ਨੇ ਜਨਮ ਲਿਆ। ਅੱਸ਼ਕੇ ਜਾਈਏ ਉਹਨਾਂ
ਜਾਂਬਾਜ਼ ਸੂਰਮਿਆਂ ਦੇ, ਜਿਹਨਾਂ ਨੇ ਅੰਗਰੇਜ਼ ਸਰਕਾਰ ਅੱਗੇ ਸਿਰ ਨੀਵਾਂ ਕਰਨ ਦੀ ਬਜਾਏ,
ਸ਼ਹੀਦੀਆਂ ਪਾਉਂਣ ਨੂੰ ਤਰਜੀਹ ਦਿਤੀ।
1919 ਸ਼ਹਿਰ ਅੰਮ੍ਰਿਤਸਰ ਸਥਾਨ ਜਲਿਆਂਵਾਲਾ ਬਾਗ ਇੱਕ
ਪਾਸੇ ਅੰਗਰੇਜ਼ ਸਰਕਾਰ, ਦੂਜੇ ਪਾਸੇ ਵੈਸਾਖੀ 'ਤੇ ਜੁੜਿਆ ਹੋਇਆ ਇਕੱਠ, ਜੋ ਗੁਲਾਮੀ ਦਾ
ਜੂਲਾ ਸਹਾਰਨ ਤੋਂ ਇਨਕਾਰੀ ਹੋਣ ਦੇ ਯਤਨ ਕਰ ਰਿਹਾ ਸੀ, ਪੁਰ ਅਮਨ ਜਲਸੇ 'ਤੇ ਹਕੂਮਤ
ਬਰਤਾਨੀਆਂ ਨੇ ਗੋਲੀਆਂ ਦੀ ਵਰਖਾ ਕੀਤੀ, ਲਹੂ ਨਾਲ ਧਰਤੀ ਲਾਲ ਹੋ ਗਈ। ਭਾਰਤ ਵਾਸੀਆਂ ਦਾ
ਸ਼ਾਂਝਾ ਖੂਨ ਡੁਲਿਆ, ਜਿਸ ਨੇ ਜੰਗੇ ਆਜ਼ਾਦੀ ਲਈ ਇਰਾਦੇ ਹੋਰ ਮਜ਼ਬੂਤ ਕਰ ਦਿਤੇ। ਮੁਗਲ ਜ਼ੁਲਮ
ਕਰਦੇ ਸਨ, ਤਾਂ ਖਾਲਸਾ ਨਾਹਰਾ ਦਿੰਦਾ ਸੀ, "ਮੰਨੂ ਸਾਡੀ ਦਾਤਰੀ, ਅਸੀਂ ਮੰਨੂ ਦੇ ਸੋਏ,
ਜਿਊਂ ਜਿਊਂ ਸਾਨੂੰ ਵੱਢਦਾ, ਅਸੀਂ ਦੂਣ ਸਵਾਏ ਹੋਏ। ਅੰਗਰੇਜ਼ ਦੀ ਵਾਰੀ ਆਈ ਤਾਂ ਨੀਲੀਆਂ,
ਕਾਲੀਆਂ ਪੱਗਾਂ ਦਾ ਸਮੁੰਦਰ ਠਾਠਾਂ ਮਾਰਨ ਲੱਗਾ। ਜਾਇਦਾਦਾਂ ਕੁਰਕ ਹੋਈਆਂ, ਕਾਲੇ ਪਾਣੀ
ਦਾ ਨਰਕ ਭੋਗਿਆ ਅਤੇ ਫਾਸੀਆਂ ਦੇ ਰਸੇ ਚੁੰਮੇਂ। ਪਰ ਦਿਨੇ ਰਾਤੀਂ ਸੁਪਨਾ ਇਕੋ, ‘ਇਨਕਲਾਬ’,
ਰਾਤੀਂ ਸੁਤੇ ਪਏ ਮੈਨੂੰ ਇਕ ਖੁਆਬ ਆ ਗਿਆ, ਭੱਜੇ ਜਾਣ ਫਰੰਗੀ ਇਨਕਲਾਬ ਆ ਗਿਆ।
ਐਮਰਜੈਂਸੀ ਦੌਰਾਨ ਸਾਰਾ ਭਾਰਤ ਇੰਦਰਾ ਅੱਗੇ ਗੋਡੇ
ਟੇਕ ਗਿਆ, ਪਰ ਪੰਜਾਬ ਵਿੱਚ ਅਕਾਲੀ ਦਲ ਨੇ ਜਿਨ੍ਹਾਂ ਚਿਰ ਐਮਰਜੈਂਸੀ ਦਾ ਭੋਗ ਨਹੀਂ ਪਿਆ,
ਦਮ ਨਹੀਂ ਛੱਡਿਆ।
1941 ਦੀ ਵੈਸਾਖੀ ਵਾਲੇ ਦਿਨ
ਸਿੱਖ ਰੈਜਮੈਂਟ ਦੇ ਸਿਰਲੱਥ ਸੂਰਮਿਆਂ ਨੇ ਫੋਰਟ ਵਿਲੀਅਮ, ਕਲਕੱਤਾ ਤੋਂ ਯੂਨੀਅਨ ਜੈਕ
ਉਤਾਰ ਕੇ, ਕਾਂਗਰਸ ਦਾ ਤਿਰੰਗਾ ਲਹਿਰਾ ਦਿੱਤਾ ਅਤੇ ਅਮਲੀ ਤੌਰ 'ਤੇ ਭਾਰਤ ਦੀ ਸੁਤੰਤਰਤਾ
ਦਾ ਐਲਾਨ ਕਰ ਦਿੱਤਾ। ਆਜ਼ਾਦੀ ਵਿੱਚ ਗਾਂਧੀ ਦੇ ਯੋਗਦਾਨ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ,
ਪਰ ਜੇ ਆਖੋ ਸਿਰਫ ਸਤਿਆ ਗਿ੍ਰਹ, ਜਾਂ ਚਰਖੇ ਦੀ ਘੂਕ ਨਾਲ ਆਜ਼ਾਦੀ ਪਰਾਪਤ ਹੋਈ ਹੈ, ਤਾਂ
ਇਸ ਤੋਂ ਵਡਾ ਦੁਨੀਆਂ 'ਤੇ ਕੋਈ ਝੂਠ ਨਹੀਂ ਹੋ ਸਕਦਾ। ਗਦਰੀ ਬਾਬਿਆਂ ਤੋਂ ਲੈ ਕੇ ਹੋਰ
ਜਾਨਾਂ ਨਿਸ਼ਾਵਰ ਕਰਨ ਵਾਲਿਆਂ ਨਾਲ ਧਰੋਹ ਹੈ। ਇਤਿਹਾਸ ਗਵਾਹ ਹੈ, ਖੈਬਰ ਵਲੋਂ ਆਉਂਦੇ
ਹਮਲਾਵਰਾਂ ਨੂੰ ਠੱਲ ਪਾਉਣ ਵਾਲੇ ਵੀ ਗੁਰੂ ਗੋਬਿੰਦ ਸਿੰਘ ਵਲੋਂ ਵਰਸਾਏ ਸਿੱਖ, ਬਰਤਾਨੀਆਂ
ਸਰਕਾਰ ਖਿਲਾਫ ਜੰਗੇ ਆਜ਼ਾਦੀ ਦੌਰਾਨ ਭਾਰਤ ਦੀ ਆਜ਼ਾਦੀ ਦਾ 2% ਹਿਸਾ ਸਿੱਖ, ਕੁਰਬਾਨੀ 85
ਤੋਂ 90% ਜੰਗ ਚਾਹੇ ਚੀਨ ਨਾਲ ਹੈ ਜਾਂ ਪਾਕਿਸਤਾਨ ਨਾਲ 2% ਸਿੱਖਾਂ ਦੀ ਗਿਣਤੀ ਮੋਹਰਲੀ
ਕਤਾਰ ਵਿੱਚ ਖੜੀ ਨਜ਼ਰ ਆਂਉਂਦੀ ਹੈ। ਇਸ ਸਭ ਕੁਝ ਕਿਉਂ? ਇਸ ਸੱਭ ਕੁਝ ਦਾ ਸਿਹਰਾ ਗੁਰੂ
ਗੋਬਿੰਦ ਸਿੰਘ ਜੀ ਵਲੋਂ ਮਨਾਈ 1699 ਦੀ ਵੈਸਾਖੀ ਨੂੰ ਜਾਂਦਾ ਹੈ।
1978 ਦੀ ਵੈਸਾਖੀ ਦਾ ਨਿਰੰਕਾਰੀ ਕਾਂਡ ਤੋਂ ਸ਼ੁਰੂ
ਹੋਇਆ ਖੂਨੀ ਕਾਂਡ, ਪੂਰਾ ਅੱਸੀਆਂ ਦਾ ਦਹਾਕਾ ਚਲਦਾ ਰਿਹਾ, ਜਿਸ ਨੇ ਪੰਜਾਬ ਦੀ ਜਵਾਨੀ
ਨਿਗਲ ਲਈ, ਪੰਜਾਬ ਨੂੰ ਕੰਗਾਲ ਕਰ ਦਿੱਤਾ। '84 ਦੌਰਾਨ ਦਿੱਲੀ ਸਰਕਾਰ ਨੇ ਇਕ ਵੇਰ ਫੇਰ
ਦਸ ਦਿੱਤਾ ਕਿ ਮੁਗਲ ਅਤੇ ਅੰਗਰੇਜ਼ ਵਾਂਗ ਆਜ਼ਾਦ ਭਾਰਤ ਦੀ ਹਕੂਮਤ ਨੇ ਵੀ ਖਾਸ ਕਰਕੇ ਸਿੱਖਾਂ
ਨੂੰ ਇਹ ਦਸ ਦਿੱਤਾ ਕਿ ਤੁਸੀਂ ਦੂਜੇ ਦਰਜੇ ਦੇ ਸ਼ਹਿਰੀ ਹੋ। '84 ਦਾ ਲਗਾ ਜ਼ਖਮ ਭਰਨ ਦਾ
ਨਾਂ ਹੀ ਨਹੀਂ ਲੈਂਦਾ, ਜਦ ਕਦੇ ਥੋਹੜਾ ਘਨਾਂ ਭਰਨ ਲਗਦਾ ਹੈ, ਤਾਂ ਕਿਤੋਂ ਨਾ ਕਿਤੋਂ ਫੇਰ
ਨਸ਼ਤਰ ਲਗ ਜਾਂਦੀ ਹੈ। ਆਸ ਹੈ ਕਿ ਭਾਰਤ ਵਾਸੀ ਹਰ ਵੈਸਾਖੀ 'ਤੇ ਪ੍ਰਣ ਕਰਨਗੇ ਕਿ ਗੁਰੂ
ਗੋਬਿੰਦ ਸਿੰਘ ਜੀ ਦੇ ਦਰਸਾਏ ਰਾਹ 'ਤੇ ਚਲ ਕੇ ਕੌਮ 'ਤੇ ਆਪਾ ਨਿਸ਼ਾਵਰ ਕਰਨ ਵਾਲੇ ਸੁਲਝੇ
ਹੋਏ ਆਗੂ ਹੀ ਅਗੇ ਲਿਆਦੇ ਜਾਣਗੇ। ਤਾਂ ਹੀ ਭਾਰਤ ਦਾ ਭਵਿੱਖ ਉੱਜਲਾ ਹੋ ਸਕਦਾ ਹੈ
ਇਤਿਹਾਸ ਦੀ ਜਾਂਚ ਕੀਤਿਆਂ ਵੈਸਾਖੀ ਨੂੰ ਸਿੱਖ ਇਤਿਹਾਸ ਅਤੇ
ਭਾਰਤ ਦੀ ਜੰਗੇ ਆਜ਼ਾਦੀ ਤੋਂ ਵਖਰਿਆਂ ਨਹੀਂ ਕੀਤਾ ਜਾ ਸਕਦਾ।
ਵੈਸਾਖੀ ਨੂੰ ਮਨੁੱਖਤਾ ਦਾ ਦਿਵਸ ਆਖਣਾ,
ਅਤਕਥਨੀ ਨਹੀਂ ਹੋਵੇਗੀ।
|