Share on Facebook

Main News Page

 ਸ਼੍ਰੋਮਣੀ ਕਮੇਟੀ ਨੇ ਸੰਮਤ 547 ਨਾਨਕਸ਼ਾਹੀ (ਬਿਕਰਮੀ) ਕੈਲੰਡਰ ਛਾਪਣ ‘ਤੇ ਲਗਾਈ ਰੋਕ

ਅੰਮ੍ਰਿਤਸਰ 21 ਮਾਰਚ (ਜਸਬੀਰ ਸਿੰਘ ਪੱਟੀ): ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਭਾਂਵੇ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਵੱਲੇ ਪੇਸ਼ ਕੀਤਾ ਗਿਆ ਬਿਕਰਮੀ ਕੈਲੰਡਰ ਦੇ ਰੂਪ ਵਿੱਚ ਨਾਨਕਸ਼ਾਹੀ ਕੈਲੰਡਰ ਸੰਮਤ ਨਾਨਕਸ਼ਾਹੀ 547 ਪਹਿਲੀ ਚੇਤ 14 ਮਾਰਚ 2015 ਨੂੰ ਜਾਰੀ ਕਰਕੇ, ਸੰਗਤਾਂ ਨੂੰ ਭੇਂਟ ਕਰ ਦਿੱਤਾ, ਪਰ ਵਿਧਾਨ ਸਭਾ ਤੇ ਲੋਕ ਸਭਾ ਵਿੱਚ ਕੈਲੰਡਰ ਨੂੰ ਲੈ ਕੇ ਪਏ ਰੌਲੇ ਰੱਪੇ ਤੋਂ ਬਾਅਦ ਸ਼੍ਰੋਮਣੀ ਕਮੇਟੀ ਨੇ ਹਾਲ ਦੀ ਘੜੀ ਹੋਰ ਕੈਲੰਡਰ ਛਾਪਣ 'ਤੇ ਹਾਲ ਦੀ ਘੜੀ ਰੋਕ ਲਗਾ ਦਿੱਤੀ ਹੈ, ਤੇ ਦਿੱਲੀ ਕਮੇਟੀ ਨੂੰ ਵੀ ਕੈਲੰਡਰ ਛਾਪਣ ਤੋਂ ਰੋਕ ਦਿੱਤਾ ਗਿਆ ਹੈ, ਜਿਸ ਕਾਰਨ ਸਿੱਖ ਸੰਗਤਾਂ ਦੁਬਿੱਧਾ ਵਿੱਚ ਹਨ, ਕਿ ਉਹ ਕਿਹੜੇ ਕੈਲੰਡਰ ਅਨੁਸਾਰ ਇਤਿਹਾਸਕ ਤੇ ਗੁਰੂ ਸਾਹਿਬ ਦੇ ਦਿਹਾੜੇ ਮਨਾਉਣ।

ਸ਼੍ਰੋਮਣੀ ਕਮੇਟੀ ਦੇ ਅੰਦਰੂਨੀ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਜਿਹੜਾ ਨਾਨਕਸ਼ਾਹੀ ਕੈਲੰਡਰ 14 ਮਾਰਚ ਨੂੰ ਜਾਰੀ ਕੀਤਾ ਗਿਆ ਹੈ, ਉਹ ਸੰਤ ਸਮਾਜ ਦੇ ਖਾਤੇ ਵਿੱਚੋ ਸ਼੍ਰੋਮਣੀ ਅਕਾਲੀ ਦਲ ਬਾਦਲ ਕੋਲੋ ਟਿਕਟ ਲੈ ਕੇ ਚੋਣ ਲੜੇ ਇੱਕ ਸ਼੍ਰੋਮਣੀ ਕਮੇਟੀ ਮੈਂਬਰ ਨੇ ਸੰਤ ਸਮਾਜ ਦੁਆਰਾ ਨਿਰਧਾਰਿਤ ਕੀਤੇ ਗਏ ਕੈਲੰਡਰ ਦੀਆਂ ਸੌ ਕਾਪੀਆਂ ਹੀ ਛਾਪੀਆਂ ਸਨ, ਜਿਸ ਕੈਲੰਡਰ ਨੂੰ ਲੈ ਕੇ ਲੋਕ ਸਭਾ ਵਿੱਚ ਦੇਸ਼ ਦੀ ਮਰਹੂਮ ਪ੍ਰਧਾਨ ਮੰਤਰੀ ਸ੍ਰੀਮਤੀ ਇੰਦਰਾ ਗਾਂਧੀ ਦੇ ਕਾਤਲਾਂ (ਸਤਵੰਤ ਸਿੰਘ, ਬੇਅੰਤ ਸਿੰਘ ਤੇ ਕੇਹਰ ਸਿੰਘ) ਨੂੰ ਸ਼ਹੀਦਾਂ ਦੀ ਸ਼੍ਰੇਣੀ ਵਿੱਚ ਦਰਜ ਕਰਨ ਨੂੰ ਲੈ ਕੇ, ਪੰਜਾਬ ਦੇ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦੇ ਪੋਤਰੇ ਰਵਨੀਤ ਸਿੰਘ ਬਿੱਟੂ ਨੇ ਮੁੱਦਾ ਲੋਕ ਸਭਾ ਵਿੱਚ ਉਠਾਇਆ, ਤਾਂ ਕਾਂਗਰਸ ਨਾਲ ਸਬੰਧਿਤ ਲੋਕ ਸਭਾ ਮੈਂਬਰਾਂ ਨੇ ਹੰਗਾਮਾ ਖੜਾ ਕਰ ਦਿੱਤਾ ਸੀ। ਕਾਂਗਰਸੀ ਆਗੂ ਅੰਬਿਕਾ ਸੋਨੀ ਨੇ ਵੀ ਇਸ ਮੁੱਦੇ ਨੂੰ ਲੈ ਕੇ ਕਿੰਤੂ ਪਰੰਤੂ ਕੀਤਾ ਸੀ।

ਇਸੇ ਤਰ੍ਹਾਂ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਸੁਨੀਲ ਜਾਖੜ ਨੇ ਵੀ ਇਸ ਮੁੱਦੇ ‘ਤੇ ਜਦੋਂ ਗਰਮਾਹਟ ਲਿਆਂਦੀ, ਤਾਂ ਪੰਜਾਬ ਸਰਕਾਰ ਨੂੰ ਇਹ ਕਹਿ ਕੇ ਭੱਜਣਾ ਪਿਆ ਕਿ ਉਹਨਾਂ ਦਾ ਇਸ ਕੈਲੰਡਰ ਨਾਲ ਕੋਈ ਸਰੋਕਾਰ ਨਹੀਂ ਹੈ ਜਦ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਨਿਯੁਕਤੀ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਦੁਆਰਾ ਹੀ ਕੀਤੀ ਜਾਂਦੀ ਹੈ ਅਤੇ ਉਹ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਮੈਬਰ ਹੁੰਦਾ ਹੈ, ਜੋ ਕਦੇ ਵੀ ਅਕਾਲੀ ਦਲ ਦੇ ਪ੍ਰਧਾਨ ਦੇ ਹੁਕਮਾਂ ਤੋਂ ਬਾਹਰ ਨਹੀਂ ਹੋ ਸਕਦਾ।

ਨਾਨਕਸ਼ਾਹੀ ਕੈਲੰਡਰ ਬਾਰੇ ਜਦੋਂ ਸ਼੍ਰੋਮਣੀ ਕਮੇਟੀ ਦੇ ਇੱਕ ਅਧਿਕਾਰੀ ਨੂੰ ਪੁੱਛਿਆ, ਤਾਂ ਉਹਨਾਂ ਨੇ ਪਹਿਲਾਂ ਤਾਂ ਇਹ ਕਿਹਾ ਕਿ ਉਹਨਾਂ ਨੂੰ ਇਸ ਬਾਰੇ ਕੋਈ ਵੀ ਜਾਣਕਾਰੀ ਨਹੀਂ ਤੇ ਫਿਰ ਉਹਨਾਂ ਨੇ ਸੱਚ ਬੋਲਦਿਆਂ ਕਿਹਾ ਕਿ ਸਰਕਾਰ ਨੇ ਹੋਰ ਕੈਲੰਡਰ ਛਾਪਣ 'ਤੇ ਹਾਲ ਦੀ ਘੜੀ ਰੋਕ ਲਗਾ ਦਿੱਤੀ ਗਈ ਹੈ, ਤੇ ਇਸ ਵਾਰੀ ਸ਼ਾਇਦ ਹੀ ਸ਼੍ਰੋਮਣੀ ਕਮੇਟੀ ਵੱਲੋ ਜਾਰੀ ਕੀਤਾ ਗਿਆ ਨਾਨਕਸ਼ਾਹੀ ਕੈਲੰਡਰ ਸੰਗਤਾਂ ਤੱਕ ਪਹੁੰਚ ਸਕੇ।

ਦਿੱਲੀ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਹਾਲੇ ਤੱਕ ਕੈਲੰਡਰ ਨਹੀਂ ਛਾਪਿਆ ਹੈ ਤੇ ਉਹ ਵੀ ਸ਼੍ਰੋਮਣੀ ਕਮੇਟੀ ਵੱਲ ਵੇਖ ਰਹੀ ਹੈ, ਕਿ ਸ਼੍ਰੋਮਣੀ ਕਮੇਟੀ ਕਿਹੜਾ ਕੈਲੰਡਰ ਛਾਪਦੀ ਹੈ। ਦਿੱਲੀ ਕਮੇਟੀ ਹਰ ਸਾਲ ਸੱਤਵੇ ਪਾਤਸ਼ਾਹ ਦਾ ਗੁਰਗੱਦੀ ਦਿਵਸ 'ਤੇ ਤੀਸਰੇ ਪਾਤਸ਼ਾਹ ਦਾ ਗੁਰਗੱਦੀ ਦਿਵਸ ਦੇ ਦਿਹਾੜੇ ਵੀ ਮਨਾਉਦੀ ਆ ਰਹੀ ਹੈ, ਪਰ ਕੈਲੰਡਰ ਦੇ ਭੰਬਲਭੂਸੇ ਕਾਰਨ ਇਸ ਵਾਰੀ ਦਿੱਲੀ ਕਮੇਟੀ ਦੋਵੇ ਦਿਹਾੜੇ ਨਹੀਂ ਮਨਾ ਸਕੀ ਅਤੇ ਦਿੱਲੀ ਦੀ ਬਹੁਤ ਸਾਰੀਆਂ ਸਿੰਘ ਸਭਾਵਾਂ ਵੱਲੋਂ ਵੀ ਮੂਲ ਨਾਨਕਸ਼ਾਹੀ ਕੈਲੰਡਰ ਅਨੁਸਾਰ ਦੀ ਇਤਿਹਾਸਕ 'ਤੇ ਧਾਰਮਿਕ ਦਿਹਾੜੇ ਮਨਾਏ ਜਾ ਰਹੇ ਹਨ।

ਦਿੱਲੀ ਕਮੇਟੀ ਦੇ ਇੱਕ ਅਧਿਕਾਰੀ ਨਾਲ ਜਦੋਂ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਦਿੱਲੀ ਕਮੇਟੀ ਉਹੀ ਕੈਲੰਡਰ ਛਾਪੇਗੀ, ਜਿਹੜਾ ਸ਼ਰੋਮਣੀ ਕਮੇਟੀ ਵੱਲੋ ਛਾਪਿਆ ਜਾਵੇਗਾ। ਉਹਨਾਂ ਕਿਹਾ ਕਿ ਉਹਨਾਂ ਕੋਲ ਕੈਲੰਡਰ ਦਾ ਫਰਮਾ ਤਿਆਰ ਹੈ ਤੇ ਮਾਰਕੀਟ ਵਿੱਚ ਕੈਲੰਡਰ ਦੀ ਕੀਮਤ ਪ੍ਰਤੀ ਕੈਲੰਡਰ ਉਹਨਾਂ ਨੂੰ ਸਾਢੇ ਛੇ ਰੁਪਏ ਪੈ ਰਹੀ ਹੈ। ਉਹਨਾਂ ਕਿਹਾ ਕਿ ਜਲਦੀ ਹੀ ਕੈਲੰਡਰ ਛਾਪ ਕੇ ਸੰਗਤਾਂ ਦੇ ਹਵਾਲੇ ਕੀਤਾ ਜਾਵੇਗਾ।


ਟਿੱਪਣੀ:

ਪੱਪੂ ਖੜਾ ਹੋ, ਪੱਪੂ ਬੈਠ ਜਾ... ਇਹ ਹੋ ਰਿਹਾ ਹੈ ਅੱਜ ਸਿਰਮੌਰ ਕਹਾਉਣ ਵਾਲੇ ਅਖੌਤੀ ਜਥੇਦਾਰ ਦੇ ਬਿਆਨਾਂ ਨਾਲ... ਪਹਿਲਾਂ ਸਾਧ ਲਾਣੇ ਦੇ ਆਖੇ ਮੂਲ ਨਾਨਕਸ਼ਾਹੀ ਕੈਲੰਡਰ ਨੂੰ ਕਤਲ ਕੀਤਾ, ਤੇ ਬਿਕਰਮੀ ਕੈਲੰਡਰ ਲਾਗੂ ਕੀਤਾ... ਫਿਰ ਹੁਣ ਵਿਧਾਨ ਸਭਾ 'ਚ ਹੋਏ ਡਰਾਮੇ ਕਰਕੇ, ਉਸ 'ਤੇ ਵੀ ਰੋਕ ਲਗਾਈ... ਹੈ ਨਾ ਡਰਾਮਾ... ਹੁਣ ਕਿੱਥੇ ਗਈ ਅਖੌਤੀ ਜਥੇਦਾਰ ਦੀ ਸਰਵਉੱਚਤਾ, ਸ਼ਕਤੀ... ਇਹ ਸ਼ਕਤੀ ਸਿਰਫ ਉਦੋਂ ਤੱਕ ਹੈ, ਜਦੋਂ ਤੱਕ ਇਨ੍ਹਾਂ ਦਾ ਕੰਮ ਸਰੀ ਜਾਂਦਾ ਹੈ...

ਕਈ ਲੋਕਾਂ ਨੂੰ ਖ਼ਾਲਸਾ ਨਿਊਜ਼ ਵਲੋਂ ਅਖੌਤੀ ਜਥੇਦਾਰ ਨੂੰ ਪੱਪੂ ਲਿਖਿਆ ਜਾਣਾ ਅਖਰਦਾ ਹੈ... ਪੱਪੂ ਦਾ ਮਤਲਬ ਹੈ ਪੱਪਟ Puppet... ਪੱਪਟ ਨੂੰ ਜਿਸ ਤਰ੍ਹਾਂ ਮਰਜ਼ੀ ਨਚਾ ਲਵੋ... ਜਦੋਂ ਮਰਜ਼ੀ ਖੜਾ ਕਰ ਲਵੋ, ਜਦੋਂ ਮਰਜ਼ੀ ਬਿਠਾ ਲਵੋ... ਹੈ ਨਾ ਪੱਪੂ...

- ਸੰਪਾਦਕ ਖ਼ਾਲਸਾ ਨਿਊਜ਼


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top