Share on Facebook

Main News Page

ਦਿੱਲੀ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜੂਰੀ ਵਿੱਚ ਵਿਅਕਤੀ ਵਿਸ਼ੇਸ਼ ਨੂੰ "ਸਤਿਗੁਰੂ" ਕਹੇ ਜਾਣ ਦਾ ਪਾਕਿਸਤਾਨ ਕਮੇਟੀ ਨੇ ਲਿਆ ਗੰਭੀਰ ਨੋਟਿਸ, ਦੋਸ਼ੀ ਨੂੰ ਅਕਾਲ ਤਖਤ ‘ਤੇ ਤਲਬ ਕਰਨ ਦੀ ਕੀਤੀ ਮੰਗ

ਅੰਮ੍ਰਿਤਸਰ 22 ਮਾਰਚ (ਜਸਬੀਰ ਸਿੰਘ ਪੱਟੀ) ਪਾਕਿਸਤਾਨ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਸ੍ਰ. ਗੋਪਾਲ ਸਿੰਘ ਚਾਵਲਾ ਨੇ ਬੀਤੇ ਕਲ ਦਿੱਲੀ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਵੱਲੋ ਕਰਵਾਏ ਗਏ ਫਤਹਿ ਦਿਵਸ ਦੇ ਸਮਾਗਮ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਇੱਕ ਸੰਪਰਦਾ ਦੇ ਮੁੱਖੀ ਨੂੰ "ਸਤਿਗੁਰੂ" ਸੰਬੋਧਨ ਕਰਕੇ ਇੱਕ ਵਿਅਕਤੀ ਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਤੁਲਨਾ ਕਰਨ ਦੀ ਕੀਤੀ ਬੱਜਰ ਗਲਤੀ ਦੀ ਨਿਖੇਧੀ ਕਰਦਿਆਂ ਜਥੇਦਾਰ ਅਕਾਲ ਤਖਤ ਗਿਆਨੀ ਗੁਰਬਚਨ ਸਿੰਘ ਤੋਂ ਮੰਗ ਕੀਤੀ ਕਿ ਗੁਰੂ ਸਾਹਿਬ ਦਾ ਨਿਰਾਦਰ ਕਰਨ ਵਾਲੇ ਵਿਅਕਤੀ ਨੂੰ ਤੁਰੰਤ ਅਕਾਲ ਤਖਤ ਸਾਹਿਬ ‘ਤੇ ਤਲਬ ਕਰਕੇ ਕਾਰਵਾਈ ਕੀਤੀ ਜਾਵੇ।

ਪਾਕਿਸਤਾਨ ਤੋਂ ਟੈਲੀਫੋਨ ਤੇ ਗੱਲਬਾਤ ਕਰਦਿਆਂ ਸ੍ਰ. ਗੋਪਾਲ ਸਿੰਘ ਚਾਵਲਾ ਨੇ ਕਿਹਾ ਕਿ ਦਿੱਲੀ ਕਮੇਟੀ ਵੱਲੇ ਦਿੱਲੀ ਫਤਹਿ ਦਿਵਸ ਮਨਾਇਆ ਗਿਆ ਤੇ ਇਸ ਸਮੇਂ ਸਟੇਜ 'ਤੇ ਉਹੀ ਸਾਧ ਲਾਣਾ ਬੈਠਾ ਸੀ, ਜਿਹੜਾ ਸਿੱਖਾਂ ਦੇ ਦੁਰਲੱਭ ਦਸਤਾਵੇਜ਼ ਨਾਨਕਸ਼ਾਹੀ ਕੈਲੰਡਰ ਦਾ ਕਤਲ ਕਰਨ ਦੀ ਸਾਜਿਸ਼ ਕਰਨ ਦਾ ਦੋਸ਼ੀ ਹੈ। ਉਹਨਾਂ ਕਿਹਾ ਕਿ ਇਸ ਸਾਧ ਲਾਣੇ ਦੀ ਖੁਸ਼ਨੰਦੀ ਹਾਸਲ ਕਰਨ ਲਈ ਦਿੱਲੀ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਘਿਨਾਉਣੀ ਹਰਕਤ ਕਰਦਿਆਂ ਨਾਮਧਾਰੀ ਸੰਪਰਦਾ ਦੇ ਮੁੱਖੀ ਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਤੁਲਨਾ ਕਰਦਿਆਂ ਸਤਿਗੁਰੂ ਸ਼ਬਦ ਦਾ ਇਸਤੇਮਾਲ ਕੀਤਾ, ਜਿਹੜਾ ਸ਼ਬਦ ਸਿਰਫ ਸਿੱਖ ਸ੍ਰੀ ਗੁਰੂ ਗ੍ਰੰਥ ਸਾਹਿਬ ਲਈ ਹੀ ਵਰਤਿਆ ਜਾਂਦਾ ਹੈ।

ਉਹਨਾਂ ਕਿਹਾ ਕਿ ਅਫਸੋਸ ਇਸ ਗੱਲ ਦਾ ਹੈ ਕਿ ਉਸ ਸਮੇ ਸਟੇਜ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਮੇਤ ਬਾਕੀ ਤਖਤਾਂ ਦੇ ਜਥੇਦਾਰ ਵੀ ਮੌਜੂਦ ਸਨ, ਪਰ ਸਿਰਸਾ ਵੱਲੋ ਗੁਰੂ ਸਾਹਿਬ ਦਾ ਨਿਰਾਦਰ ਕੀਤੇ ਜਾਣ ਦਾ ਕਿਸੇ ਵੀ ਜਥੇਦਾਰ ਨੇ ਨੋਟਿਸ ਲੈਣ ਦੀ ਹਿੰਮਤ ਨਹੀਂ ਜੁਟਾਈ। ਉਹਨਾਂ ਕਿਹਾ ਕਿ ਜਿਹੜੇ ਜਥੇਦਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤ ਦੀ ਰਾਖੀ ਨਹੀਂ ਕਰ ਸਕਦੇ, ਉਹਨਾਂ ਨੂੰ ਜਥੇਦਾਰ ਅਖਵਾਉਣ ਦਾ ਕੋਈ ਅਧਿਕਾਰ ਨਹੀਂ ਹੈ। ਉਹਨਾਂ ਕਿਹਾ ਕਿ ਉਹ ਕਿਸੇ ਵੀ ਸੰਪਰਦਾ ਦੇ ਖਿਲਾਫ ਨਹੀਂ ਹਨ, ਪਰ ਪੰਥਕ ਮਰਿਆਦਾ ਤੇ ਪਰੰਪਰਾਵਾਂ ਅਨੁਸਾਰ ਕਿਸੇ ਵੀ ਵਿਅਕਤੀ ਵਿਸ਼ੇਸ਼ ਦੀ ਤੁਲਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਨਹੀਂ ਕੀਤੀ ਜਾ ਸਕਦੀ। ਉਹਨਾਂ ਕਿਹਾ ਕਿ ਹੁਣ ਵੀ ਜੇਕਰ ਜਥੇਦਾਰ ਅਕਾਲ ਤਖਤ ਗਿਆਨੀ ਗੁਰਬਚਨ ਸਿੰਘ ਵਿੱਚ ਗੁਰੂ ਨੂੰ ਸਮੱਰਪਿੱਤ ਦੀ ਭਾਵਨਾ ਤੇ ਇਖਲਾਕ ਨਾ ਦੀ ਕੋਈ ਕਣੀ ਹੈ, ਤਾਂ ਜਥੇਦਾਰ ਬਿਨਾਂ ਕਿਸੇ ਦੇਰੀ ਤੋਂ ਦੋਸ਼ੀ ਨੂੰ ਅਕਾਲ ਤਖਤ ਸਾਹਿਬ ਤੇ ਤਲਬ ਕਰਕੇ ਤਨਖਾਹ ਲਗਾਏ ਵਰਨਾ ਜਥੇਦਾਰੀ ਤੋਂ ਅਸਤੀਫਾ ਦੇ ਕੇ ਘਰੇ ਬੈਠ ਜਾਵੇ।

ਨਾਨਕਸ਼ਾਹੀ ਕੈਲੰਡਰ ਬਾਰੇ ਉਹਨਾਂ ਕਿਹਾ ਕਿ ਪਾਕਿਸਤਾਨ ਕਮੇਟੀ ਮੂਲ ਨਾਨਕਸ਼ਾਹੀ ਕੈਲੰਡਰ 2003 'ਤੇ ਹੀ ਪਹਿਰਾ ਦੇ ਰਹੀ ਹੈ ਅਤੇ ਸਭ ਤੋਂ ਵੱਧ ਗੁਰੂਦੁਆਰਿਆਂ ਦੀ ਸੇਵਾ ਸੰਭਾਲ ਕਰ ਰਹੀ ਹੈ। ਉਹਨਾਂ ਕਿਹਾ ਕਿ ਜਿਹੜੇ ਆਰ.ਐਸ.ਐਸ ਦੇ ਟਾਊਟਾਂ ਨੇ ਨਾਨਕਸ਼ਾਹੀ ਕੈਲੰਡਰ ਨੂੰ ਖਤਮ ਕਰਕੇ ਗੁਰੂ ਨਾਨਕ ਪਾਤਸ਼ਾਹ ਦੇ ਨਾਮ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਹੈ, ਉਸ ਨੂੰ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

ਉਹਨਾਂ ਕਿਹਾ ਕਿ ਪੰਥ ਦੋਖੀਆਂ ਨੂੰ ਗੁਰੂ ਸਾਹਿਬ ਨੇ ਕੜਾਹੇ ਵਿੱਚ ਪਾ ਕੇ ਤਲਿਆ ਸੀ, ਉਹ ਸਮਾਂ ਵੀ ਇਹਨਾਂ ਭੁੱਲਣਾ ਨਹੀਂ ਚਾਹੀਦਾ। ਉਹਨਾਂ ਕਿਹਾ ਕਿ ਪਾਕਿਸਤਾਨ ਵਿੱਚ ਇੱਕ ਮਹੰਤ ਨਰੈਣ ਭਜਨ ਨੇ ਗਲਤੀ ਕੀਤੀ, ਤਾਂ ਪਾਕਿਸਤਾਨ ਦੇ ਸਿੱਖਾਂ ਨੇ ਉਸ ਕੋਲੋ ਨੱਕ ਨਾਲ ਲਕੀਰਾਂ ਕੱਢਵਾਈਆਂ ਸਨ ਤੇ ਉਸ ਕੋਲੋ ਮੁਆਫੀ ਮੰਗਵਾਈ ਸੀ ਅਤੇ ਖੁਦ ਗਲ ਵਿੱਚ ਪੱਲਾ ਪਾ ਕੇ, ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਨਮੁੱਖ ਖਲੋ ਕੇ ਖਿਮਾ ਜਾਚਨਾ ਦੀ ਅਰਦਾਸ ਕੀਤੀ ਸੀ। ਉਹਨਾਂ ਕਿਹਾ ਕਿ ਜਦੋਂ ਦੂਸਰੀ ਵਾਰੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਸੀ ਤਾਂ ਪਾਕਿਸਤਾਨ ਦੇ ਸਿੱਖਾਂ ਨੇ ਪਾਰਲੀਮੈਂਟ 'ਤੇ ਹਮਲਾ ਕਰ ਦਿੱਤਾ ਸੀ, ਤਾਂ ਸਰਕਾਰ ਨੇ ਪਾਰਲੀਮੈਂਟ ਦੇ ਅੰਦਰ ਤੇ ਬਾਹਰ ਸਿੱਖਾਂ ਨੂੰ ਪੂਰਣ ਭਰੋਸਾ ਦਿੱਤਾ ਸੀ, ਕਿ ਉਹ ਭਵਿੱਖ ਅਜਿਹੀ ਕੋਈ ਵੀ ਕੁਤਾਹੀ ਨਹੀਂ ਹੋਣ ਦੇਵੇਗੀ ਅਤੇ ਦਿੱਲੀ ਕਮੇਟੀ ਵਾਲੇ ਕਿਹੜੇ ਬਾਗ ਮੂਲੀ ਹਨ। ਉਹਨਾਂ ਕਿਹਾ ਕਿ ਪਾਕਿਸਤਾਨ ਕਮੇਟੀ ਕਿਸੇ ਵੀ ਸੂਰਤ ਵਿੱਚ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਤੌਹੀਨ ਬਰਦਾਸ਼ਤ ਨਹੀਂ ਕਰੇਗੀ ਤੇ ਦੋਸ਼ੀਆ ਖਿਲਾਫ ਕੜੀ ਕਾਰਵਾਈ ਕਰਨ ਨੂੰ ਯੀਕੀਨੀ ਬਣਾਏਗੀ।

ਉਹਨਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਕਾਰਗੁਜਾਰੀ 'ਤੇ ਵੀ ਪ੍ਰਸ਼ਨ ਚਿੰਨ ਲਗਾਉਦਿਆਂ ਕਿਹਾ ਕਿ ਪਾਕਿਸਤਾਨ ਦੇ ਸਿੱਖ ਗੁਰੂ ਘਰ ਨੂੰ ਪੂਰੀ ਤਰ੍ਹਾਂ ਸਮੱਰਪਿੱਤ ਹਨ ਤੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਨਤਮਸਤਕ ਹਨ, ਪਰ ਜਦੋਂ ਵੀ ਕੋਈ ਸ੍ਰੀ ਅਕਾਲ ਤਖਤ ਸਾਹਿਬ ਤੋਂ ਕਮੇਟੀ ਬਣਦੀ ਹੈ, ਜਾਂ ਫੈਸਲਾ ਲਿਆ ਜਾਂਦਾ ਹੈ ਤਾਂ ਪਾਕਿਸਤਾਨ ਦੇ ਸਿੱਖਾਂ ਨੂੰ ਵਿਸ਼ਵਾਸ਼ ਵਿੱਚ ਲੈਣ ਦੀ ਬਜਾਏ ਪੂਰੀ ਤਰ੍ਹਾਂ ਅੱਖੋ ਪਰੋਖੇ ਕੀਤਾ ਜਾਂਦਾ ਹੈ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਉਹਨਾਂ ਕਿਹਾ ਕਿ ਸ੍ਰੀ ਅਕਾਲ ਤਖਤ ਦੀ ਮਾਣ ਮਰਿਆਦਾ ਨੂੰ ਕਾਇਮ ਰੱਖਣ ਲਈ ਫੈਸਲੇ ਸਿਆਸੀ ਆਗੂਆਂ ਦੀ ਖੁਸ਼ਨੰਦੀ ਹਾਸਲ ਕਰਨ ਲਈ ਨਹੀਂ, ਸਗੋਂ ਪਾਰਦਰਸ਼ੀ ਤੇ ਨਿਰਪੱਖ ਲੈ ਜਾਣੇ ਚਾਹੀਦੇ ਹਨ, ਤਾਂ ਕਿ ਸਿੱਖ ਪੰਥ ਦੇ ਵਕਾਰ ਨੂੰ ਢਾਹ ਨਾ ਲੱਗਣ ਤੋਂ ਬਚਾਇਆ ਜਾ ਸਕੇ।


ਟਿੱਪਣੀ:

ਪਾਕਿਸਤਾਨ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਸ੍ਰ. ਗੋਪਾਲ ਸਿੰਘ ਚਾਵਲਾ ਦੀ ਇਹ ਗੱਲ ਕਿੰਨੀ ਹਾਸੋਹੀਣੀ ਜਾਪਦੀ ਹੈ ਕਿ, ਇੱਕ ਪਾਸੇ ਤੁਸੀਂ ਅਖੌਤੀ ਜਥੇਦਾਰ ਪੱਪੂ ਗੁਰਬਚਨ ਸਿੰਘ ਨੂੰ ਬੇਨਤੀ ਕਰ ਰਹੇ ਹੋ ਕਿ ਸਿਰਸਾ ਵਿਰੁੱਧ ਕਾਰਵਾਈ ਕਰੋ... ਇਹ ਜਾਣਦੇ ਹੋਏ ਕਿ ਇਹ ਪੱਪੂ ਉਸ ਸਮੇਂ ਸਟੇਜ 'ਤੇ ਬੈਠਾ ਸੀ ਜੋ ਕਿ ਇਨ੍ਹਾਂ ਨੇ ਆਪ ਹੀ ਲਿਖਿਆ ਹੈ "ਉਹਨਾਂ ਕਿਹਾ ਕਿ ਅਫਸੋਸ ਇਸ ਗੱਲ ਦਾ ਹੈ ਕਿ ਉਸ ਸਮੇ ਸਟੇਜ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਮੇਤ ਬਾਕੀ ਤਖਤਾਂ ਦੇ ਜਥੇਦਾਰ ਵੀ ਮੌਜੂਦ ਸਨ, ਪਰ ਸਿਰਸਾ ਵੱਲੋ ਗੁਰੂ ਸਾਹਿਬ ਦਾ ਨਿਰਾਦਰ ਕੀਤੇ ਜਾਣ ਦਾ ਕਿਸੇ ਵੀ ਜਥੇਦਾਰ ਨੇ ਨੋਟਿਸ ਲੈਣ ਦੀ ਹਿੰਮਤ ਨਹੀਂ ਜੁਟਾਈ।"...

ਐਨਾ ਪਤਾ ਹੋਣ ਦੇ ਬਾਵਜ਼ੂਦ ਕਿ ਇਸ ਪੱਪੂ ਗੁਰਬਚਨ ਸਿੰਘ ਦੀ ਕੋਈ ਔਕਾਤ ਨਹੀਂ, ਇਹ ਤਾਂ ਸਿਰਫ ਮੋਹਰੇ ਹਨ, ਫਿਰ ਵੀ ਇਸ ਨੂੰ ਬੇਨਤੀਆਂ??? ਜੇ ਇਸ ਪੱਪੂ 'ਚ ਕੋਈ ਸ਼ਰਮ, ਹਯਾ, ਗੁਰੂ ਪ੍ਰਤੀ ਸਮਰਪਣ ਭਾਵਨਾ ਹੁੰਦੀ, ਤਾਂ ਇਹ ਉਥੇ ਹੀ ਬੋਲਦਾ...

ਹੁਣ ਜੋ ਹੋਣਾ ਹੈ ਉਹ ਸਭ ਨੂੰ ਪਤਾ ਹੈ... ਪੰਜ ਪੱਪੂਆਂ ਦੀ ਮਿਟਿੰਗ ਅਗਲੇ ਮਹੀਨੇ ਹੋਣੀ ਹੈ, ਉਦੋਂ ਤੱਕ ਸਾਰਾ ਡਰਾਮਾ ਬਾਦਲ ਵਲੋਂ ਰੱਚ ਦਿੱਤਾ ਜਾਣਾ ਹੈ, ਸਿਰਸਾ ਨੇ ਆਕੇ ਸਿੱਖਾਂ ਦੇ ਅੱਖੀਂ ਘੱਟਾ ਪਾਉਣ ਲਈ ਇਨ੍ਹਾਂ ਦੇ ਸਾਹਮਣੇ ਪੇਸ਼ ਹੋ ਕੇ ਮੁਆਫੀ ਮੰਗ ਲੈਣੀ ਹੈ, ਤੇ ਇਨ੍ਹਾਂ ਨੇ ਪ੍ਰਸ਼ਾਦ ਕਰਵਾਉਣ ਦੀ, ਪਾਠ - ਕੀਰਤਨ ਸੁਣਨ ਦੀ, ਜੋੜੇ ਸਾਫ ਕਰਨ ਦੀ, ਭਾਂਡੇ ਮਾਂਜਣ ਦੀ "ਸਜ਼ਾ" ਲਾ ਕੇ ਇਸ ਨੂੰ ਮੁਆਫ ਕਰ ਦੇਣਾ ਹੈ... ਕਿ ਨਹੀਂ?

- ਸੰਪਾਦਕ ਖ਼ਾਲਸਾ ਨਿਊਜ਼


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top