Share on Facebook

Main News Page

ਮਾਮਲਾ ਗੁਰੂ ਸਾਹਿਬਾਨ ਦੇ ਬਿੰਬ ਦੀ ਨਾਟਕੀ ਪੇਸ਼ਕਾਰੀ ਦਾਰੂਹਾਨੀ ਖੁਦਕੁਸ਼ੀ ਦਾ ਰਾਹ ਨਾ ਫੜਿਆ ਜਾਵੇ
-: ਪਰਮਜੀਤ ਸਿੰਘ (ਗਾਜ਼ੀ)

"ਨਾਨਕ ਸ਼ਾਹ ਫਕੀਰ" ਫਿਲਮ ਬਾਰੇ ਬੀਤੇ ਕੁਝ ਦਿਨਾਂ ਤੋਂ ਚਰਚਾ ਸ਼ੁਰੂ ਹੋਈ ਹੈ ਕਿ ਫਿਲਮਾਂ ਵਿਚ ਗੁਰੂ ਸਾਹਿਬਾਨ ਦੇ ਬਿੰਬ ਦੀ ਕੀਤੀ ਜਾ ਰਹੀ ਨਾਟਕੀ ਪੇਸ਼ਕਾਰੀ ਸਿੱਖ ਸਿਧਾਂਤਾਂ ਦੇ ਉਲਟ ਹੈ।

ਜੇਕਰ ਇਸ ਮਾਮਲੇ ਦੀ ਪੈੜ ਨੱਪੀ ਜਾਵੇ ਤਾਂ ਫਿਲਮਾਂ ਵਿਚ ਸਿੱਖ ਗੁਰੂ ਸਾਹਿਬਾਨ ਜਾਂ ਉਨ੍ਹਾਂ ਦੇ ਪਰਵਾਰਾਂ ਨੂੰ ਦ੍ਰਿਸ਼ਮਾਨ ਕਰਨ ਦਾ ਕੰਮ ਕਾਰਟੂਨ ਫਿਲਮ “ਸਾਹਿਬਜ਼ਾਦੇ” (2005) ਨਾਲ ਸ਼ੁਰੂ ਹੋਇਆ ਸੀ, ਜਿਸ ਵਿਚ ਛੋਟੇ ਸਾਹਿਬਜ਼ਾਦਿਆਂ ਨੂੰ ਕਾਰਟੂਨ ਵਿਧੀ ਰਾਹੀਂ ਦ੍ਰਿਸ਼ਮਾਨ ਕੀਤਾ ਗਿਆ ਸੀ। ਇਸ ਤੋਂ ਬਾਅਦ ਮੂਲਾ ਖੱਤਰੀ (2008) ਫਿਲਮ ਵਿਚ ਗੁਰੂ ਨਾਨਕ ਸਾਹਿਬ ਨੂੰ ਕਾਰਟੂਨ ਵਿਧੀ ਰਾਹੀਂ ਦ੍ਰਿਸ਼-ਮਾਨ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਇਹ ਫਿਲਮਾਂ ਛੋਟੇ ਪਰਦੇ ਦੀਆਂ ਸਨ।

ਪਰ ਚਾਰ ਸਾਹਿਬਜ਼ਾਦੇ ਫਿਲਮ ਰਾਹੀਂ ਸਾਹਿਬਜ਼ਾਦਿਆਂ, ਗੁਰੂ-ਮਾਤਾ (ਮਾਤਾ ਗੁਜਰੀ ਜੀ) ਅਤੇ ਗੁਰੂ ਸਾਹਿਬ ਦੇ ਪਰਵਾਰ ਨੂੰ ਸੰਜੀਵ ਐਨੀਮੇਸ਼ਨ/ ਕਾਰਟੂਨ ਵਿਧੀ ਰਾਹੀਂ ਦ੍ਰਿਸ਼ਮਾਨ ਕੀਤਾ ਗਿਆ ਸੀ, ਜਦਕਿ ਇਸੇ ਫਿਲਮ ਵਿਚ ਥੋੜੇ ਜਿਹੇ ਫਰਕ ਨਾਲ ਐਨੀਮੇਸ਼ਨ ਚਿਤਰ ਦੀ ਵਰਤੋਂ ਕਰਕੇ ਗੁਰੂ ਗੋਬਿੰਦ ਸਿੰਘ ਜੀ ਨੂੰ ਵੀ ਦ੍ਰਿਸ਼ਮਾਨ ਕੀਤਾ ਗਿਆ ਸੀ।

ਹੁਣ “ਨਾਨਕ ਸ਼ਾਹ ਫਕੀਰ” ਨਾਮੀ ਫਿਲਮ ਵਿਚ ਗੁਰੂ ਨਾਨਕ ਪਾਤਸ਼ਾਹ ਦੇ ਬਿੰਬ ਨੂੰ ਇਕ ਵਿਅਕਤੀ/ ਪਾਤਰ ਦੇ ਤੌਰ ਉੱਤੇ ਦ੍ਰਿਸ਼ਮਾਨ ਕੀਤਾ ਗਿਆ ਹੈ। ਭਾਵੇਂ ਇਹ ਪੇਸ਼ਕਾਰੀ ਮਨੁੱਖੀ ਪਾਤਰ ਰਾਹੀਂ ਕੀਤੀ ਗਈ ਹੋਵੇ ਤੇ ਚਾਹੇ ਇਸ ਮਨੋਰਥ ਲਈ ਕਾਰਟੂਨ/ ਐਨੀਮੇਸ਼ਨ/ ਤਸਵੀਰ ਜਾਂ ਕਿਸੇ ਹੋਰ ਵਿਧੀ ਜਾਂ ਢੰਗ ਤਰੀਕੇ ਦੀ ਵਰਤੋਂ ਕੀਤੀ ਗਈ ਹੋਵੇ, ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਅਜਿਹੇ ਕਿਸੇ ਵੀ ਤਰੀਕੇ ਨਾਲ ਗੁਰੂ ਸਾਹਿਬ ਦਾ ਪਾਤਰ ਤਾਂ ਦਿਖਾਇਆ ਹੀ ਜਾ ਰਿਹਾ ਹੈ।

ਕੁਝ ਹੋਰ ਗਹੁ ਨਾਲ ਵਾਚਿਆ ਜਾਵੇ ਤਾਂ ਇਸ ਪੇਸ਼ਕਾਰੀ ਦੇ ਬੀਜ਼ ਗੁਰੂ ਸਾਹਿਬਾਨ ਦੀਆਂ ਮਨੋਕਲਪਤ ਤਸਵੀਰਾਂ ਨੂੰ ਮਿਲੀ ਮਾਨਤਾ ਵਿਚ ਹੀ ਪਏ ਸਨ, ਜਿਵੇਂ ਕਿ “ਨਾਨਕ ਸ਼ਾਹ ਫਕੀਰ” ਜਿਹੀ ਫਿਲਮ ਦੇ “ਸਾਹਮਣੇ ਆਉਣ” (ਸਿਨੇਮਿਆਂ ਵਿਚ ਰਿਲੀਜ਼ ਕੀਤੇ ਜਾਣ) ਦੇ ਬੀਜ਼ “ਚਾਰ ਸਾਹਿਬਜ਼ਾਦੇ” ਫਿਲਮ ਨੂੰ ਦਿੱਤੀ ਗਈ ਮਾਨਤਾ ਵਿਚ ਹੀ ਪਏ ਹੋਏ ਸਨ।

ਅਸੀਂ ਸਿੱਖ ਸਟੂਡੈਂਟਸ ਫੈਡਰੇਸ਼ਨ ਵਿਚ ਵਿਚਰਦਿਆਂ ਇਸ ਪਿਰਤ ਦਾ “ਸਾਹਿਬਜ਼ਾਦੇ” (2005) ਅਤੇ ਮੂਲਾ ਖੱਤਰੀ (2008) ਫਿਲਮਾਂ ਵੇਲੇ ਵੀ ਵਿਰੋਧ ਕੀਤਾ ਸੀ ਤੇ ਮਾਮਲਾ ਸ਼੍ਰੋਮਣੀ ਕਮੇਟੀ ਤੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਦੇ ਧਿਆਨ ਵਿਚ ਲਿਆਂਦਾ ਸੀ ਤੇ ਕਿਹਾ ਸੀ ਕਿ ਇਹ ਪਿਰਤ ਸਿੱਖੀ ਸਿਧਾਂਤਾਂ ਦੇ ਉਲਟ ਹੈ ਤੇ ਇਸ ਬਾਰੇ ਕਾਰਵਾਈ ਕੀਤੀ ਜਾਵੇ। ਪਰ ਅਫਸੋਸ ਉਸ ਸਮੇਂ ਇਹ ਗੱਲ ਅਣਗੌਲੀ ਕਰ ਦਿੱਤੀ ਗਈ ਸੀ।

ਫਿਲਮ "ਚਾਰ ਸਾਹਿਬਜ਼ਾਦੇ" ਵੇਲੇ ਸਿੱਖ ਸਿਆਸਤ ਵਲੋਂ ਸਿੱਖ ਵਿਦਵਾਨ ਤੇ ਚਿੰਤਕ ਸ: ਅਜਮੇਰ ਸਿੰਘ ਨਾਲ ਵਿਚਾਰ-ਚਰਚਾ ਕੀਤੀ ਗਈ ਸੀ ਕਿ ਚਾਰ ਸਾਹਿਬਜ਼ਾਦੇ ਫਿਲਮ ਵਿਚ ਕੀਤੀ ਗਈ ਪੇਸ਼ਕਾਰੀ ਸਿੱਖ ਸਿਧਾਂਤਾਂ ਦੀ ਉਲੰਘਣਾ ਕਿਵੇਂ ਹੈ? ਉਨ੍ਹਾਂ ਪ੍ਰੋ: ਪੂਰਨ ਸਿੰਘ, ਭਾਈ ਰਣਧੀਰ ਸਿੰਘ, ਭਾਈ ਵੀਰ ਸਿੰਘ ਤੇ ਪ੍ਰੋ: ਹਰਿੰਦਰ ਸਿੰਘ ਮਹਿਬੂਬ ਦੇ ਹਵਾਲੇ ਨਾਲ ਸਪਸ਼ਟ ਕੀਤਾ ਸੀ ਕਿ ਨਾਵਲਾਂ, ਤਸਵੀਰਾਂ ਤੇ ਨਾਟਕਾਂ ਆਦਿ ਵਿਧੀਆਂ ਰਾਹੀਂ ਗੁਰੂ ਸਾਹਿਬ ਦੇ ਜੀਵਨ ਜਾਂ ਬਿੰਬ ਨੂੰ ਕਲਪਤ ਕਰਨਾ ਪੰਥ ਦੀ ਪ੍ਰੰਪਰਾ ਨਹੀਂ ਹੈ ਸਗੋਂ ਅਜਿਹਾ ਕਰਨ ਦੀ ਸਿੱਖੀ ਸਿਧਾਂਤਾਂ ਵਿਚ ਮਨਾਹੀ ਹੈ।

“ਨਾਨਕ ਸ਼ਾਹ ਫਕੀਰ” ਫਿਲਮ ਵੱਲ ਮੁੜਿਆ ਜਾਵੇ ਤਾਂ ਹਾਲ ਵਿਚ ਹੀ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਸਪਸ਼ਟ ਕੀਤਾ ਹੈ ਕਿ ਸ਼੍ਰੋਮਣੀ ਕਮੇਟੀ ਇਸ ਫਿਲਮ ਨੂੰ ਰੱਦ ਕਰ ਚੁੱਕੀ ਹੈ। ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨ ਗੁਰਬਚਨ ਸਿੰਘ ਨੇ ਸਿੱਖ ਸਿਆਸਤ ਨਾਲ ਫੋਨ ਉੱਤੇ ਗੱਲਬਾਤ ਕਰਦਿਆਂ ਕਿਹਾ ਹੈ ਕਿ ਅਕਾਲ ਤਖ਼ਤ ਸਾਹਿਬ ਨੇ “ਨਾਨਾਕ ਸ਼ਾਹ ਫਕੀਰ” ਫਿਲਮ ਨੂੰ ਕੋਈ ਮਨਜੂਰੀ ਨਹੀਂ ਦਿੱਤੀ ਜਿਹਾ ਕਿ ਫਿਲਮ ਦੇ ਨਿਰਮਾਤਾਵਾਂ ਵਲੋਂ ਪ੍ਰਚਾਰਿਆ ਜਾ ਰਿਹਾ ਸੀ। ਇਸ ਸਵਾਗਤਯੋਗ ਬਿਆਨ ਹਨ ਅਤੇ ਲੋੜ ਹੈ ਕਿ ਸ਼੍ਰੋਮਣੀ ਕਮੇਟੀ ਇਸ ਗੱਲ ਉੱਤੇ ਦ੍ਰਿੜਤਾ ਨਾਲ ਕਾਇਮ ਰਹੇ ਤੇ “ਚਾਰ ਸਾਹਿਬਜ਼ਾਦੇ” ਸਮੇਤ ਪਿਛਲੀਆਂ ਫਿਲਮਾਂ ਬਾਰੇ ਵੀ ਆਪਣੇ ਫੈਸਲਿਆਂ ਦੀ ਸਿੱਖੀ ਸਿਧਾਂਤਾਂ ਦੀ ਰੌਸ਼ਨੀ ਵਿਚ ਮੁੜ ਪੜਚੋਲ ਕਰੇ।

ਜਿਥੋਂ ਤੱਕ ਫਿਲਮਾਂ ਰਾਹੀਂ ਗੁਰੂ ਬਿੰਬ ਦੀ ਪੇਸ਼ਕਾਰੀ ਦਾ ਮਾਮਲਾ ਹੈ ਅਸੀਂ ਚਾਹੁੰਦੇ ਹਾਂ ਕਿ ਪੰਥ ਗੁਰੂ ਬਿੰਬ ਦੀ ਅਜਿਹੀ ਪੇਸ਼ਕਾਰੀ ਖਿਲਾਫ ਆਪਣੇ ਪਹਿਲਾਂ ਤੋਂ ਲਏ ਗਏ ਫੈਸਲੇ ਉੱਤੇ ਕਾਇਮ ਰਹੇ ਕਿਉਂਕਿ ਅਜਿਹੇ ਫੈਸਲਿਆਂ ਤੋਂ ਥਿੜਕਨਾ ਰੂਹਾਨੀ ਖੁਦਕੁਸ਼ੀ ਹੋਵੇਗੀ।

ਇਹ ਰੂਹਾਨੀ ਖੁਦਕੁਸ਼ੀ ਕਿਉਂ ਅਤੇ ਕਿਵੇਂ ਹੋਵੇਗੀ, ਇਸ ਬਾਰੇ ਕੁਝ ਸਪਸ਼ਟਤਾ ਪਾਠਕਾਂ ਇਹ ਵੀਡੀਓ ਵਿਚਲੇ ਵਿਚਾਰਾਂ ਤੋਂ ਮਿਲ ਸਕਦੀ ਹੈ (ਬਾਕੀ ਤੁਸੀਂ ਖੁਦ ਇਸ ਮਾਮਲੇ ਨੂੰ ਨਿੱਠ ਕੇ ਵਿਚਾਰ ਸਕਦੇ ਹੋ ਕਿ ਕਿਉਂ ਵਕਤੀ ਸਰੋਕਾਰਾਂ ਦੇ ਭਰਮ ਭਾਵ ਪ੍ਰਚਾਰ ਦੀ ਲੋੜ ਦੇ ਭੁਲਾਵੇ ਨੂੰ ਸਿਧਾਂਤ ਉੱਤੇ ਹਾਵੀ ਨਹੀਂ ਹੋਣ ਦੇਣਾ ਚਾਹੀਦਾ।

ਧੰਨਵਾਦ,
- ਪਰਮਜੀਤ ਸਿੰਘ (ਗਾਜ਼ੀ)
ਸੰਪਾਦਕ, ਸਿੱਖ ਸਿਆਸਤ ਨਿਊਜ਼


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top