Share on Facebook

Main News Page

ਗੁਰਬਚਨ ਸਿੰਘ ਦੀ ਹਾਜ਼ਰੀ ਵਿੱਚ, ਗੁਰੂ ਗ੍ਰੰਥ ਸਾਹਿਬ ਦੀ ਗੁਰਤਾ ਨੂੰ ਹੋਇਆ ਚੈਲਿੰਜ... !
-: ਗੁਰਿੰਦਰਪਾਲ ਸਿੰਘ ਧਨੌਲਾ 93161 76519

ਸਿੱਖ ਧਰਮ ਇੱਕ ਨਵੀਨਤਮ ਅਤੇ ਸਿਧਾਂਤਕ ਧਰਮ ਹੈ। ਗੁਰੂ ਨਾਨਕ ਪਾਤਸ਼ਾਹ ਨੇ, ਕੁੱਝ ਧਰਮਚਾਰਿਆਂ ਵੱਲੋਂ ਰੱਬ ਦੇ ਸ਼ਰੀਕ ਬਣ ਕੇ ਕੀਤੀ ਜਾ ਰਹੀ, ਸਧਾਰਨ ਲੋਕਾਂ ਦੀ ਆਰਥਿਕ ਲੁੱਟ ਅਤੇ ਮਾਨਸਿਕ ਸੋਸ਼ਣ ਨੂੰ ਵੇਖਦਿਆਂ, ਇੱਕ ਨਵੀ ਵਿਚਾਰਧਾਰਾ ਨੂੰ ਪ੍ਰਗਟ ਕੀਤਾ ਸੀ, ਜਿਸ ਵਿਚ ਦੇਹਾਂ ਦੀ ਹੋਂਦ ਨੂੰ ਖਤਮ ਕਰ ਦਿੱਤਾ। ਗੁਰੂ ਨਾਨਕ ਨੇ ਦਸ ਸਰੀਰਾਂ ਵਿੱਚ ਦੋ ਉਨਤਾਲੀ ਸਾਲ ਦੀ ਰੂਹਾਨੀ ਘਾਲਣਾ ਕਰਕੇ ਸ਼ਬਦ ਗੁਰੂ ਦਾ ਸਿਧਾਂਤ ਦ੍ਰਿੜ ਕਰਵਾਇਆ। ਕੁੱਝ ਲੋਕਾਂ ਨੂੰ ਜਾਂ ਸਿੱਖ ਵਿਚਾਰਧਾਰਾ ਤੋਂ ਸਖਣੇ ਕੁੱਝ ਸਿੱਖਾਂ ਨੂੰ ਵੀ ਭੁਲੇਖਾ ਹੋਵੇਗਾ ਕਿ ਦਸਵੇ ਪਾਤਸ਼ਾਹ ਨੇ ਸ਼ਬਦ ਗੁਰੂ, ਗੁਰੂ ਗਰੰਥ ਸਾਹਿਬ ਨੂੰ ਗੁਰਗੱਦੀ ਬਖਸ਼ਿਸ਼ ਕੀਤੀ ਹੈ, ਲੇਕਿਨ ਉਹਨਾਂ ਭੁੱਲੜ ਵੀਰਾਂ ਨੂੰ ਇੱਕ ਗੱਲ ਬੜੀ ਗੰਭੀਰਤਾ ਨਾਲ ਸਮਝਣੀ ਪਵੇਗੀ ਕਿ ਗੁਰੂ ਨਾਨਕ ਨੇ ਤਾਂ ਆਰੰਭ ਵਿਚ ਹੀ ਉਚਾਰਨ ਕਰ ਦਿੱਤਾ ਸੀ ‘‘ਸਬਦੁ ਗੁਰੂ ਸੁਰਤਿ ਧੁਨਿ ਚੇਲਾ’’ ਅਤੇ ਆਪਣੇ ਆਪ ਨੂੰ ਉਹਨਾਂ ਨੇ ਇੱਕ ਮਨੁਖ ਆਖਿਆ। ਇਹ ਉਸ ਵੇਲੇ ਦੇ ਦਾਨਸ਼ਮੰਦ ਪਾਰਖੂਆਂ ਦੀ ਸੋਚ ਸੀ ਕਿ ਉਹਨਾਂ ਨੇ ਗੁਰੂ ਨਾਨਕ ਦੇ ਫਲਸਫੇ ਨੂੰ ਸਮਝਿਆ ਅਤੇ ਆਪਣੇ ਮੱਤ ਅਨੁਸਾਰ ਨਾਮ ਦਿੱਤੇ ਕਿਸੇ ਨੇ, ਗੁਰੂ ਨਾਨਕ, ਕਿਸੇ ਨੇ ਨਾਨਕ ਸ਼ਾਹ, ਕਿਸੇ ਨਾਨਕ ਫਕੀਰ, ਕਿਸੇ ਨੇ ਨਾਨਕ ਲਾਮਾ ਅਤੇ ਹੋਰ ਵੀ ਬਹੁਤ ਨਾਮ ਦਿੱਤੇ, ਪਰ ਗੁਰੂ ਨਾਨਕ ਪਾਤਸ਼ਾਹ ਨੇ ਆਪਣੇ ਆਪ ਨੂੰ ਰੱਬ ਹੋਣ ਦਾ ਕਿਤੇ ਜ਼ਿਕਰ ਨਹੀਂ ਕੀਤਾ, ਸਗੋਂ ਇੱਕ ਅਕਾਲ ਪੁਰਖ ਦੀ ਸੱਚੀ ਅਤੇ ਸਦੀਵੀ ਹੋਂਦ ਦਾ ਪ੍ਰਚਾਰ ਕਰਦਿਆਂ ਮਨੁੱਖ ਨੂੰ ਮਨੁੱਖ ਦੀ ਗੁਲਾਮੀ ਤੋਂ ਵਰਜਿਆ ਅਤੇ ਸ਼ਬਦ ਨੂੰ ਪਰਧਾਨ ਦੱਸਿਆ

ਪੰਜਵੇਂ ਨਾਨਕ ਨੇ ਪੋਥੀ ਸਾਹਿਬ (ਗੁਰੂ ਗਰੰਥ ਸਾਹਿਬ) ਦੀ ਸਿਰਜਨਾ ਕਰਕੇ ਉਸ ਨੂੰ 1604 ਈ: ਵਿੱਚ ਦਰਬਾਰ ਸਾਹਿਬ ਅਮ੍ਰਿਤਸਰ ਸਾਹਿਬ ਵਿਖੇ ਪੀੜਾ ਸਾਹਿਬ ਉੱਤੇ ਸ਼ੁਸ਼ੋਭਿਤ ਕਰਕੇ, ਆਪ ਭੁੰਜੇ ਬੈਠਣਾ ਆਰੰਭ ਕਰ ਦਿੱਤਾ ਸੀ, ਅਤੇ ਨਾਲ ਹੀ ਸ਼ਬਦ ਗੁਰੂ ਦੇ ਸਿਧਾਂਤ ਨੂੰ ਹੋਰ ਨਿਖਾਰਣ ਵਾਸਤੇ ਉਚਾਰਨ ਕਰ ਦਿੱਤਾ ਕਿ ‘‘ਪੋਥੀ ਪਰਮੇਸਰ ਕਾ ਥਾਨੁ’’ ਤਾਂ ਕਿ ਕਿਸੇ ਨੂੰ ਭੁਲੇਖਾ ਹੀ ਨਾ ਰਹੇ ਕਿ ਸ਼ਬਦ ਗੁਰੂ ਨਾਲੋ ਦੇਹੀ ਕਦੇ ਵੀ ਉੱਤਮ ਨਹੀਂ ਹੈ। ਇਸ ਸਿਧਾਂਤ ਨੂੰ ਪਾਲਣ ਵਾਸਤੇ ਪੰਜਵੇ ਸਤਿਗੁਰੁ ਗੁਰੂ ਅਰਜਨ ਪਾਤਸ਼ਾਹ ਨੂੰ ਬੜਾ ਕਰੜਾ ਇਮਤਿਹਾਨ ਦੇਣਾ ਪਿਆ। ਇਕ ਐਸੇ ਪੈਗੰਬਰ ਨੂੰ ਸ਼ਬਦ ਗੁਰੂ ਦਾ ਸੰਗ੍ਰਹਿ ਸੰਪਾਦਤ ਕਰਨ ਬਦਲੇ ਹਾੜ ਦੀ ਗਰਮੀ ਵਿੱਚ ਤੱਤੀ ਤਵੀ ਉੱਤੇ ਬੈਠਕੇ ਅਤੇ ਸਿਰ ਵਿੱਚ ਤੱਤਾ ਰੇਤਾ ਪਵਾ ਕੇ, ਭੱਠ ਦੇ ਦਾਣਿਆਂ ਵਾਂਗੂੰ ਭੁੱਜਣਾ ਪਿਆ। ਇੱਥੇ ਵੀ ਬੱਸ ਨਹੀਂ ਅੱਗੋਂ ਇਸ ਮਰਿਯਾਦਾ ਅਤੇ ਸਿਧਾਂਤ ਨੂੰ ਸਾਡੇ ਤੱਕ ਪਹੁੰਚਾਉਣ ਵਾਸਤੇ, ਦਸਵੇਂ ਨਾਨਕ ਨੇ ਸਾਰਾ ਸਰਬੰਸ ਹੀ ਲੇਖੇ ਲਾ ਦਿੱਤਾ ਅਤੇ ਜਿਸ ਵੇਲੇ ਇਸ ਫਾਨੀ ਸੰਸਾਰ ਤੋਂ ਸਰੀਰਕ ਰੂਪ ਵਿੱਚ ਰੁਖਸਤ ਹੋਣ ਦਾ ਸਮਾਂ ਆਇਆ, ਤਾਂ ਇੱਕ ਜਗਿਆਸੂ ਸਿੱਖ ਵੱਲੋਂ ਕੀਤੀ ਬੇਨਤੀ ਤੇ ਸਤਿਗੁਰ ਨੇ ਫੁਰਮਾਇਆ ਕਿ ਅੱਜ ਤੋਂ ਸਾਡੀ ਆਤਮਾਂ ਗੁਰੂ ਗਰੰਥ ਵਿੱਚ ਅਤੇ ਪ੍ਰਾਣ ਗੁਰੂ ਪੰਥ ਵਿੱਚ ਹੋਣਗੇ, ਕਿਸੇ ਇੱਕ ਦੇਹ ਦੀ ਗੱਲ ਹੀ ਖਤਮ ਕਰ ਦਿੱਤੀ ਕਿ ਸ਼ਬਦ ਗੁਰੂ ਦੀ ਤਾਬਿਆ, ਜਦੋਂ ਪੰਥ ਮਿਲ ਬੈਠਕੇ ਕੋਈ ਫੈਸਲਾ ਕਰੇਗਾ ਤਾਂ ਉਥੇ ਅਸੀਂ ਹਾਜਰ ਹੋਵਾਂਗੇਸਤਿਗੁਰੁ ਜੀ ਨੇ ਕਿਸੇ ਇੱਕ ਦੇਹੀ ਨੂੰ ਮਾਨਤਾ ਨਹੀਂ ਦਿੱਤੀ, ਸਗੋਂ ਗੁਰੂ ਪਿਆਰ ਵਿੱਚ ਭਿੱਜੀਆਂ ਰੂਹਾਂ ਨੂੰ ਪੰਥ ਆਖਕੇ ਕਿਸੇ ਇੱਕ ਖਾਸ ਦੇਹ ਤੋਂ ਸਦਾ ਵਾਸਤੇ ਖਹਿੜਾ ਛੁਡਵਾ ਦਿੱਤਾ ਸੀ।

ਲੇਕਿਨ ਇਹ ਗੱਲ ਬਿਪਰਵਾਦ ਅਤੇ ਸਮੇਂ ਦੀਆਂ ਹਕੂਮਤਾਂ ਦੇ ਗਲੋਂ ਕਿਵੇ ਉੱਤਰ ਸਕਦੀ ਸੀ, ਉਹਨਾਂ ਨੇ ਹਰ ਹਾਲ ਸ਼ਬਦ ਗੁਰੂ ਦੇ ਸ਼ਰੀਕ ਖੜੇ ਕਰਨੇ ਸਨ ਕਿ ਸਿੱਖ ਕਿਤੇ ਸ਼ਬਦ ਗੁਰੂ ਵਿੱਚ ਹੀ ਪੱਕੇ ਨਾ ਹੋ ਜਾਣ, ਫਿਰ ਇਹਨਾਂ ਨੂੰ ਅਕੀਦੇ ਤੋਂ ਮੋੜਣਾ ਕਿਸੇ ਦੇ ਵੱਸਦਾ ਰੋਗ ਨਹੀਂ ਰਹੇਗਾ ਅਤੇ ਉਸ ਵੇਲੇ ਹੀ ਬੜੇ ਸਾਜਿਸ਼ੀ ਢੰਗ ਨਾਲ ਇਰ ਪ੍ਰਚਾਰ ਕੀਤਾ ਗਿਆ ਕਿ ਗੁਰੂ ਗੋਬਿੰਦ ਸਿੰਘ ਜੀ ਅੱਗੋਂ ਕਿਸੇ ਵਿਅਕਤੀ ਵਿਸ਼ੇਸ਼ ਨੂੰ ਗੱਦੀ ਦੇ ਕੇ ਆਪ ਕਿਸੇ ਅਗਿਆਤ ਨਾਮ ਹੇਠ ਜੀਵਨ ਬਸਰ ਕਰਦੇ ਰਹੇ ਅਤੇ ਉਹਨਾਂ ਲੋਕਾਂ ਨੇ ਜਿਹੜੇ ਨਾਮਧਾਰੀ ਜਾਂ ਕੂਕੇ ਅਖਵਾਉਂਦੇ ਅੱਗੋਂ ਬਾਰਵੀ ਪਾਤਸ਼ਾਹੀ ਤੇ ਤੇਰਵੀ ਚੌਧਵੀ ਅਤੇ ਅਖੀਰ ਹੁਣ ਠਾਕੁਰ ਉਦੇ ਸਿੰਘ, ਗੁਰੂ ਗਰੰਥ ਸਾਹਿਬ ਦੇ ਬਰਾਬਰ ਗੱਦੀ ਲਗਾ ਕੇ ਬੈਠਦੇ ਹਨ। ਉਹਨਾਂ ਦੇ ਪਿਤਾ ਜਗਜੀਤ ਸਿੰਘ ਵੀ ਆਪਣੇ ਨਾਮ ਨਾਲ ਸਤਿਗੁਰੁ ਲਿਖਦੇ ਸਨ ਅਤੇ ਆਮ ਤੌਰ ਉੱਤੇ ਸਾਰੇ ਨਾਮਧਾਰੀ ਉਹਨਾਂ ਨੂੰ "ਸੱਚੇ ਪਾਤਸ਼ਾਹ" ਜਾਂ "ਪਾਤਸ਼ਾਹ ਜੀ" ਆਖ ਕੇ ਸੰਬੋਧਨ ਕਰਦੇ ਸਨ। ਠਾਕੁਰ ਉਦੇ ਸਿੰਘ ਨੇ ਗੱਦੀ ਸੰਭਾਲਦਿਆਂ ਇੱਕ ਵਾਰ ਤਾਂ ਐਲਾਨ ਕੀਤਾ ਸੀ ਕਿ ਗੁਰੂ ਗਰੰਥ ਸਾਹਿਬ ਹੀ ਗੁਰੂ ਹਨ, ਪਰ ਭਾਰਤੀ ਨਿਜ਼ਾਮ ਨੂੰ ਅਜਿਹੀ ਗੱਲ ਕਿਵੇ ਹਜਮ ਹੋ ਸਕਦੀ ਹੈ, ਕਿ ਗੁਰੂ ਗਰੰਥ ਸਾਹਿਬ ਦੇ ਸ਼ਰੀਕ ਬਨਣ ਵਾਲੇ ਵੀ ਗੁਰੂ ਦੀ ਸ਼ਰਨ ਵਿੱਚ ਆ ਜਾਣ, ਬਿਪਰਵਾਦ ਨੇ ਫਿਰ ਉਹੀ ਸਤਿਗੁਰੁ ਵਾਲਾ ਰਿਵਾਜ਼ ਅੱਗੇ ਚੱਲਦਾ ਰੱਖਣ ਵਿੱਚ ਕਾਮਯਾਬੀ ਹਾਸਲ ਕਰ ਲਈ ਹੈ।

ਲੇਕਿਨ ਸਿੱਖ ਸਿਆਸਤ ਇੱਕ ਅਜਿਹੇ ਪਰਿਵਾਰ ਦੇ ਹੱਥ ਆ ਚੁੱਕੀ ਹੈ ਕਿ ਉਸ ਨੂੰ ਕੁਰਸੀ ਤੋਂ ਉੱਪਰ ਕੁੱਝ ਨਜਰ ਹੀ ਨਹੀਂ ਆਉਂਦਾ ਅਤੇ ਪੰਜਾਬ ਦੀ ਸਿਆਸਤ ਉੱਤੇ ਕਾਬਜ਼ ਸ. ਪ੍ਰਕਾਸ਼ ਸਿੰਘ ਬਾਦਲ ਖੁਦ ਨਾਮਧਾਰੀ ਮੁਖੀ ਜਗਜੀਤ ਸਿੰਘ ਨੂੰ "ਸਤਿਗੁਰ" ਆਖ ਕੇ ਸੰਬੋਧਨ ਕਰਦੇ ਸਨ ਅਤੇ ਹੋਰ ਵੀ ਹੈਰਾਨੀ ਦੀ ਗੱਲ ਵੇਖੋ ਕਿ ਅਮ੍ਰਿਤਸਰ ਸਾਹਿਬ ਸਥਿਤ ਯੂਨੀਵਰਸਿਟੀ ਦਾ ਨਾਮ ਤਾਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਹੈ, ਪਰ ਉਸ ਵਿੱਚ ਸਥਾਪਤ ਇੱਕ ਚੇਅਰ ਦਾ ਨਾਮ ‘‘ਸਤਿਗੁਰ ਰਾਮ ਸਿੰਘ ਚੇਅਰ ਹੈ’’ ਗੁਰੂ ਨਾਨਕ ਦੇ ਨਾਮ ਨਾਲ ਤਾਂ ਸਿਰਫ ਗੁਰੂ ਅਤੇ ਰਾਮ ਸਿੰਘ ਨਾਮਧਾਰੀ ਦੇ ਨਾਮ ਨਾਲ ਸਤਿਗੁਰੁ?

ਹੁਣ ਦਿੱਲੀ ਸਿੱਖ ਗੁਰਦਵਾਰਾ ਕਮੇਟੀ ਉੱਤੇ ਵੀ ਬਾਦਲ ਧੜੇ ਦਾ ਕਬਜਾ ਹੈ ਅਤੇ ਉਥੇ ਦਿੱਲੀ ਫਤਹਿ ਦਿਵਸ ਮਨਾਇਆ ਜਾ ਰਿਹਾ ਸੀ ਤਾਂ ਨਾਮਧਾਰੀਆਂ ਨੂੰ ਸੱਦਾ ਦੇਣਾ ਹੀ ਉਚਿਤ ਨਹੀਂ ਸੀ, ਜਦੋਂ ਉਹ ਆਪਣੀ ਦੇਹਧਾਰੀ ਪ੍ਰਥਾ ਨੂੰ ਨਹੀਂ ਛੱਡਦੇ ਤਾਂ ਫਿਰ ਪੰਥ ਨੂੰ ਨਾਮਧਾਰੀਆਂ ਨੂੰ ਅਲਵਿਦਾ ਆਖ ਦੇਣਾ ਚਾਹੀਦਾ ਹੈ। ਫਤਿਹ ਦਿਵਸ ਸਮਾਗਮ ਉੱਤੇ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਜਾਣ ਤੋਂ ਪਹਿਲਾਂ ਸਮਾਗਮ ਦੀ ਜਾਣਕਾਰੀ ਲੈਣੀ ਚਾਹੀਦੀ ਹੈ ਕਿ ਉਥੇ ਕੌਣ ਕੌਣ ਆ ਰਿਹਾ ਹੈ, ਪਰ ਅਜੋਕੇ ਜਥੇਦਾਰ ਤਾਂ ਖੁਦ ਗੋਟੇ ਕਿਨਾਰੀ ਵਾਲੇ ਰੇਸ਼ਮੀ ਸਿਰਪਾਓ ਅਤੇ ਲਾਲ ਇਮਲੀ ਦੀਆਂ ਗਰਮ ਲੋਈਆਂ ਦੇ ਨਾਲ ਬੰਦ ਲਿਫਾਫੇ ਲੈਣ ਵਾਸਤੇ ਹਰ ਡੇਰੇ ਉੱਤੇ ਜਾ ਸਕਦੇ ਹਨ, ਫਿਰ ਕਿਸੇ ਨੂੰ ਭੈਅ ਕਿਉਂ ਰਹੇਗਾ। ਇਸ ਸਮਾਗਮ ਉੱਤੇ ਦਿੱਲੀ ਕਮੇਟੀ ਦੇ ਜਰਨਲ ਸਕੱਤਰ ਅਤੇ ਬਾਦਲ ਦਲ ਦੇ ਦਿੱਲੀ ਦੇ ਉਚਕੋਟੀ ਦੇ ਨੇਤਾ ਸ. ਮਨਜ਼ਿੰਦਰ ਸਿੰਘ ਸਿਰਸਾ ਨੇ ਵੀ ਗੁਰੂ ਗਰੰਥ ਸਾਹਿਬ ਦੀ ਹਜੂਰੀ ਅਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਅਤੇ ਦੂਜੇ ਜਥੇਦਾਰਾਂ ਦੀ ਮੌਜੂਦਗੀ ਵਿਚ ਠਾਕੁਰ ਉਦੇ ਸਿੰਘ ਨੂੰ ਸਤਿਗੁਰ ਆਖ ਕੇ ਸੰਬੋਧਨ ਕੀਤਾ ਹੈ, ਇਹ ਬੜੀ ਵੱਡੀ ਅਵੱਗਿਆ ਹੋਈ ਹੈ। ਪਹਿਲੀ ਗੱਲ ਤਾਂ ਇਹ ਕਿ ਦਿੱਲੀ ਸਿੱਖ ਗੁਰਦਵਾਰਾ ਕਮੇਟੀ ਦੇ ਜਰਨਲ ਸਕੱਤਰ ਨੂੰ ਇਹ ਵੀ ਨਹੀਂ ਪਤਾ ਕਿ ਸਤਿਗੁਰੁ ਕਿਸ ਨੂੰ ਆਖੀਦਾ ਹੈ, ਦੂਜੀ ਗੱਲ ਇਹ ਕਿ ਜੋ ਸ. ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਹੈ ਉਸਦਾ ਕਸੂਰ ਵੀ ਕੀਹ ਹੈ, ਉਹ ਜਿਸ ਧੜੇ ਦਾ ਵਰਕਰ ਹੈ, ਉਸਦਾ ਮੁਖੀ ਰੋਜ਼ ਨਾਮਧਾਰੀਆਂ ਦੇ ਸਮਾਗਮਾਂ ਉੱਤੇ ਜਾ ਕੇ ਉਹਨਾਂ ਦੇ ਮੁਖੀ ਨੂੰ ਸਤਿਗੁਰੂ ਆਖਦਾ ਹੈ।

ਰਾਜਨੀਤਿਕ ਬੰਦਿਆਂ ਤੋਂ ਤਾਂ ਕੋਈ ਆਸ ਕਰਨੀ ਫਜੁਲ ਹੈ, ਪਰ ਸਾਡੇ ਜਥੇਦਾਰ ਕੀਹ ਕਰ ਰਹੇ ਹਨ। ਹੁਣ ਸਿੱਖਾਂ ਨੂੰ ਸੋਚਣਾ ਚਾਹੀਦਾ ਹੈ ਕਿ ਇਹ ਸਭ ਕੁੱਝ ਕੀਹ ਹੋ ਰਿਹਾ ਹੈ। ਪਾਠਕਾਂ ਨੂੰ ਯਾਦ ਹੋਵੇਗਾ ਕਿ ਜਦੋਂ ਤਖਤ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਨੇ ਸੁਭਾਵਿਕ ਆਖ ਦਿੱਤਾ ਸੀ ਕਿ 28 ਦਸੰਬਰ ਨੂੰ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਦਿਹਾੜਾ ਮਨਾਉਣ ਵਾਸਤੇ ਕੀਤੇ ਜਾ ਰਹੇ ਨਗਰ ਕੀਰਤਨ ਆਰ.ਐਸ.ਐਸ. ਦੇ ਇਸ਼ਾਰੇ ਉੱਤੇ ਹੋ ਰਹੇ ਹਨ, ਤਾਂ ਬਾਦਲ ਦਲ ਦੇ ਜਾਹਲੀ ਸ਼੍ਰੋਮਣੀ ਕਮੇਟੀ ਮੈਂਬਰਾਂ ( ਸੁਪ੍ਰੀਮ ਕੋਰਟ ਵੱਲੋਂ ਰੱਦ ਹੋ ਚੁੱਕੇ ) ਨੇ ਜਥੇਦਾਰ ਨੰਦਗੜ੍ਹ ਦੇ ਖਿਲਾਫ਼ ਝੂਠ ਦਾ ਚਿੱਠਾ ਲਿਖ ਕੇ ਅਕਾਲ ਤਖਤ ਦੇ ਜਥੇਦਾਰ ਨੂੰ ਦਿੱਤਾ, ਜਿਸ ਕਰਕੇ ਜਥੇਦਾਰ ਨੰਦਗੜ੍ਹ ਉੱਤੇ ਮਹਾਦੋਸ਼ ਲਾ ਕੇ ਜਥੇਦਾਰੀ ਤੋਂ ਹੀ ਹਟਾ ਦਿੱਤਾ ਅਤੇ ਦਿੱਲੀ ਵਿਖੇ ਗੁਰੂ ਗਰੰਥ ਸਾਹਿਬ ਦੀ ਗੁਰਤਾ ਨੂੰ ਸਿੱਧਾ ਚੈਲਿੰਜ ਕਰਨ ਵਾਲੀ ਕਾਲੀ ਕਰਤੂਤ ਹੋਣ ਵੇਲੇ, ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਨਾਲ ਦਮਦਮਾ ਸਾਹਿਬ ਤਖਤ ਦਾ ਆਰਜ਼ੀ ਜਥੇਦਾਰ ਗਿਆਨੀ ਗੁਰਮੁਖ ਸਿੰਘ ਵੀ ਹਾਜਰ ਸੀ। ਕੀਹ ਹੁਣ ਬਾਦਲ ਦਲ ਦੇ ਜਾਹਲੀ ਮੈਂਬਰਾਂ ਨੂੰ ਨਜਰ ਨਹੀਂ ਆਇਆ ਜਾਂ ਕੀਹ ਹੁਣ ਇਹ ਮਹਾਦੋਸ਼ ਅਕਾਲ ਤਖਤ ਦੇ ਜਥੇਦਾਰ ਜਾਂ ਗਿਆਨੀ ਗੁਰਮੁਖ ਸਿੰਘ ਉੱਤੇ ਲਾਗੂ ਨਹੀਂ ਹੁੰਦਾ ?

ਇੱਕ ਨੂੰ ਕੀਹ ਰੋਈਏ ਸਾਰਾ ਆਵਾ ਹੀ ਊਤ ਗਿਆ ਹੈ, ਸਰਮ ਧਰਮ ਦੀ ਗੱਲ ਹੀ ਨਹੀਂ ਰਹੀ। ਨਾਮਧਾਰੀ ਆਪਣੀ ਸੰਪਰਦਾ ਚਲਾਉਣ, ਉਹਨਾਂ ਨੂੰ ਮੁਬਾਰਿਕ ਹੈ। ਸਿੱਖ ਪੰਥ ਦਾ ਕਿਸੇ ਨਾਲ ਵੈਰ ਨਹੀਂ, ਪਰ ਉਸ ਨਾਲ ਜਿਹੜਾ ਗੁਰੂ ਗਰੰਥ ਸਾਹਿਬ ਦੀ ਬਰਾਬਰੀ ਨਾ ਕਰਦਾ ਹੋਵੇ ਅਤੇ ਸਿੱਖ ਸਿਧਾਂਤਾਂ ਨੂੰ ਚੈਲਿੰਜ ਨਾ ਕਰੇ। ਨਾਮਧਾਰੀ ਗੁਰੂ ਗਰੰਥ ਸਾਹਿਬ ਦਾ ਪ੍ਰਕਾਸ਼ ਕਰਨਾ ਬੰਦ ਕਰਨ ਸਰਸੇ ਵਾਲੇ ਜਾਂ ਰਾਧਾ ਸਵਾਮੀ ਵਾਂਗੂੰ ਆਪਣਾ ਡੇਰਾ ਚਲਾਉਣ ਸਿੱਖਾਂ ਨੂੰ ਕੀਹ ਇਤਰਾਜ਼ ਹੈ? ਪਰ ਜੇ ਸਿੱਖ ਪੰਥ ਨਾਲ ਰਹਿਣਾ ਹੈ ਜਾਂ ਗੁਰੂ ਗਰੰਥ ਸਾਹਿਬ ਦੀ ਹਜੂਰੀ ਦੀ ਲੋੜ ਹੈ ਤਾਂ ਫਿਰ ਢੇਕ ਚਾਲੀਆਂ ਨਹੀਂ ਚੱਲ ਸਕਦੀਆਂ। ਚਾਹੀਦਾ ਤਾਂ ਇਹ ਸੀ ਕਿ ਅਕਾਲ ਤਖਤ ਸਾਹਿਬ ਉੱਤੇ ਖਾਲਸਾ ਪੰਥ ਇਕੱਠਾ ਹੋ ਕੇ ਇਹ ਫੈਸਲਾ ਲਵੇ ਕਿ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਗੱਦੀ ਲਾ ਕੇ ਬੈਠਣ ਵਾਲੇ ਸਿੱਖ ਪੰਥ ਦਾ ਅੰਗ ਨਹੀਂ ਹਨ ਅਤੇ ਅਜਿਹੀਆਂ ਸੰਪ੍ਰਦਾਵਾਂ ਜਾਂ ਸੰਗਠਨਾਂ ਨੂੰ ਗੁਰੂ ਗਰੰਥ ਸਾਹਿਬ ਦੇ ਸਰੂਪ ਪ੍ਰਕਾਸ਼ ਕਰਨ ਦੀ ਪੱਕੇ ਤੌਰ ਉੱਤੇ ਮਨਾਹੀ ਹੋਣੀ ਚਾਹੀਦੀ ਹੈ, ਕਿਉਂਕਿ ਗੁਰੂ ਗਰੰਥ ਸਾਹਿਬ ਦੇ ਬਰਾਬਰ ਕਿਸੇ ਦੇਹਧਾਰੀ ਨੂੰ ਸਤਿਗੁਰੂ ਕਹਿਣਾ ਜਾਂ ਕਿਸੇ ਹੋਰ ਗਰੰਥ ਦਾ ਪ੍ਰਕਾਸ਼ ਕਰਨਾ ਸਿੱਧੇ ਰੂਪ ਵਿੱਚ ਗੁਰੂ ਗਰੰਥ ਸਾਹਿਬ ਦਾ ਅਪਮਾਨ ਅਤੇ ਪੰਥ ਵਿਰੁੱਧ ਨੰਗੀ ਚਿੱਟੀ ਬਗਾਵਤ ਹੈ, ਜਿਹੜੀ ਕਿਸੇ ਕੀਮਤ ਉੱਤੇ ਵੀ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ।

ਗੁਰੂ ਰਾਖਾ !!

ਇਨ੍ਹਾਂ ਨਾਮਧਾਰੀਆਂ 'ਚ ਫੁੱਟ ਪਵਾਉਣ ਵਾਲਾ ਵੀ ਬਾਦਲ ਹੀ ਹੈ... --->


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top