Share on Facebook

Main News Page

ਭਗਤ ਸਿੰਘ ਨੂੰ ਫ਼ਾਂਸੀ: ਕਹਾਣੀ ਭਾਈਏ ਤੇ ਸ਼ੇਰ ਦੀ
-: ਸ੍ਰ. ਗੁਰਤੇਜ ਸਿੰਘ Ex. IAS

ਭਾਈਆ ਸਾਡਾ ਬੜਾ ਸ਼ਿਕਾਰੀ। ਓਸ ਦੀ ਬਗਲ ਵਿੱਚ ਚਰਚਲ ਐਂਡ ਚਰਚਲ ਦੀ ਦੋ-ਨਾਲੀ, ਓਸ ਦੇ ਵਿੱਚ ਜ਼ੀਰੋ ਨੰਬਰ ਦੇ ਹਾਥੀ ਮਾਰਨ ਵਾਲੇ ਕਾਰਤੂਸ। ਸਾਹਮਣਿਓਂ ਆ ਗਿਆ ਸ਼ੇਰ। ਭਾਈਏ ਨੇ ਸ਼ੇਰ ਨੂੰ ਵੇਖ ਲਿਆ, ਸ਼ੇਰ ਨੇ ਭਾਈਏ ਨੂੰ। ਭਾਈਆ ਬੰਦੂਕ ਤਾਣ ਕੇ ਅੱਗੇ ਵਧਣ ਲੱਗਾ, ਸ਼ੇਰ ਵੀ। ਇੱਕ ਕਦਮ ਭਾਈਆ ਅੱਗੇ ਇੱਕ ਕਦਮ ਸ਼ੇਰ। ਭਾਈਆ ਅੱਗੇ ….. ਸ਼ੇਰ ਅੱਗੇ; ਭਾਈਆ….. ਸ਼ੇਰ। ਸਮਾਂ ਆ ਗਿਆ। ਭਾਈਏ ਦੀ ਬੰਦੂਕ ਦੀ ਨਾਲ ਸ਼ੇਰ ਦੇ ਨੱਕ ਨਾਲ ਲੱਗਣ ਵਾਲੀ ਹੋ ਗਈ। ਭਾਈਏ ਉਂਗਲ ਘੋੜੇ ਉੱਤੇ ਰੱਖੀ। ਘੋੜਾ ਵਰ੍ਨ ਹੀ ਵਾਲਾ ਸੀ ਕਿ ਅਚਨਚੇਤ ਸ਼ੇਰ ਏਧਰ ਨੂੰ ਮੁੜ ਗਿਆ ਅਤੇ ਭਾਈਆ ਓਧਰ ਨੂੰ। ਦੇਵਨੇਤ ਨਾਲ ਭਾਈਆ ਤੇ ਸ਼ੇਰ ਦੋਨੋਂ ਵਾਲ-ਵਾਲ ਬਚ ਗਏ।

ਭਗਤ ਸਿੰਘ ਅਤੇ ਇੰਨਕਲਾਬੀਆਂ ਦੀ ਫ਼ਾਂਸੀ ਨੂੰ ਲੈ ਕੇ ਤਕਰੀਬਨ ਏਹੋ ਕੁਝ ਗਾਂਧੀ ਅਤੇ ਇਰਵਿਨ ਦੇ ਟਾਕਰੇ ਵਿੱਚ ਵਾਪਰਿਆ।

ਭਗਤ ਸਿੰਘ ਦੀ ਫ਼ਾਂਸੀ ਸਮੇਂ ਹੋਈ ਬਹਿਸ ਦਾ ਸਮੁੱਚਾ ਅਸਰ ਇਹ ਸੀ ਕਿ ਗਾਂਧੀ ਆਪਣੇ ਕਿਰਦਾਰ ਰਾਹੀਂ ਹਿੰਦ ਦੀ ਜਨਤਾ ਦੇ ਮਨਾਂ ਵਿੱਚ ਅਹਿੰਸਾ ਨੂੰ ਵਸਾ ਦੇਣਾ ਚਾਹੁੰਦਾ ਸੀ। ਉਹ ਅੰਗ੍ਰੇਜ਼ੀ ਸਰਕਾਰ ਨੂੰ ਯਕੀਨ ਦਿਵਾਉਣਾ ਚਾਹੁੰਦਾ ਸੀ ਕਿ ਉਹ ਪੱਕਾ-ਪੀਢਾ ਅਹਿੰਸਾ ਨੂੰ ਪ੍ਰਣਾਇਆ ਹੋਇਆ ਹੈ ਅਤੇ ਇੰਨਕਲਾਬ ਰਾਹੀਂ ਆਜ਼ਾਦੀ ਲੈਣ ਦੇ ਵਿਰੁੱਧ ਹੈ। ਅੰਗ੍ਰੇਜ਼ੀ ਰਾਜ ਲਈ ਇਹ ਦੋਨੋ ਲਾਹੇਵੰਦ ਵਿਚਾਰ ਸਨ; ਵਰਦਾਨ ਸਨ।

11ਫਰਵਰੀ 1931 ਨੂੰ ਪ੍ਰਿਵੀ ਕਾਊਂਸਲ ਨੇ ਭਗਤ ਸਿੰਘ ਅਤੇ ਸਾਥੀਆਂ ਦੀ ਫ਼ਾਂਸੀ ਨੂੰ ਬਰਕਰਾਰ ਰੱਖਣ ਦਾ ਫ਼ੈਸਲਾ ਸੁਣਾ ਦਿੱਤਾ। 17 ਫ਼ਰਵਰੀ ਨੂੰ ਗਾਂਧੀ ਦੀ ਇਰਵਿਨ ਨਾਲ ਮੁਲਾਕਾਤ ਹੋਈ ਜਿਸ ਨੇ ਅਪ੍ਰੈਲ ਵਿੱਚ ਸੇਵਾ-ਮੁਕਤ ਹੋ ਜਾਣਾ ਸੀ। 5 ਮਾਰਚ 1931 ਨੂੰ ਗਾਂਧੀ-ਇਰਵਿਨ ਸਮਝੌਤਾ ਹੋਇਆ। ਸਮਝੌਤੇ ਵਿੱਚ ਮੁਕੱਦਮੇ ਵਾਪਸ ਲੈਣ, ਕੈਦੀ ਛੱਡਣ ਦੀ ਗੱਲ ਮੱਦ 12 ਅਤੇ 13 ਨੰਬਰ ਉੱਤੇ ਲਿਖੀ ਸੀ ਜਿਸ ਦਾ ਤੁਅੱਲਕ ਸ਼ਾਂਤਮਈ ਅੰਦੋਲਨਕਾਰੀਆਂ ਨਾਲ ਸੀ। 6 ਮਾਰਚ ਦੀ ਪ੍ਰੈੱਸ ਕੌਨਫ਼ਰੰਸ ਅਤੇ 7 ਮਾਰਚ ਦੇ ਆਮ ਜਲਸੇ ਵਿੱਚ ਗਾਂਧੀ ਨੇ ਪ੍ਰਭਾਵ ਦਿੱਤਾ ਕਿ ਓਸ ਨੇ ਇਨਕਲਾਬੀਆਂ ਦੀ ਜਾਨ ਬਚਾਉਣ ਲਈ ਪੂਰਾ ਜ਼ੋਰ ਲਾਇਆ ਹੈ। ਅਸਲੀਅਤ 1970 ਵਿੱਚ ਮੁਲਾਕਾਤਾਂ ਦੇ ਦਸਤਾਵੇਜ਼ ਪ੍ਰਾਪਤ ਹੋਣ ਨਾਲ ਉਜਾਗਰ ਹੋਈ।

ਇਰਵਿਨ ਨੇ ਗਾਂਧੀ ਨੂੰ ਸਾਫ਼ ਆਖਿਆ ਸੀ ਕਿ ਭਗਤ ਸਿੰਘ ਵਗੈਰਾ ਨੂੰ ਫ਼ਾਂਸੀ ਲੱਗੇਗੀ। ਗਾਂਧੀ ਨੇ ਅਸਲ ਵਿੱਚ ਓਸ ਨੂੰ ਤਕਰੀਬਨ ਫ਼ਾਂਸੀ ਲਗਾਉਣ ਲਈ ਹੱਲਾ-ਸ਼ੇਰੀ ਦਿੱਤੀ ਸੀ। ਮਾਧਵ ਦੇਸਾਈ ਦੀ ਡਾਇਰੀ ਅਨੁਸਾਰ ਗਾਂਧੀ ਨੇ ਇਰਵਿਨ ਨੂੰ ਆਖਿਆ, “ਮੈਂ ਤਾਂ ਭਗਤ ਸਿੰਘ ਨੂੰ ਛੱਡ ਦੇਣਾ ਸੀ ਪਰ ਮੈਂ ਕਿਸੇ ਵੀ ਸਰਕਾਰ ਕੋਲੋਂ ਇਹ ਉਮੀਦ ਨਹੀਂ ਰੱਖਦਾ ਕਿ ਉਹ ਓਸ ਨੂੰ ਛੱਡ ਦੇਵੇ।” ਜ਼ੁਬਾਨੀ ਸਮਝੌਤਾ ਸਿਰਫ਼ ਇਹ ਸੀ ਕਿ ਗਾਂਧੀ ਅਤੇ 23 ਮਾਰਚ ਨੂੰ ਹੋਣ ਵਾਲਾ ਕੌਂਗਰਸ ਦਾ ਕਰਾਚੀ ਸੈਸ਼ਨ ਏਸ ਵਿਰੁੱਧ ਰੌਲਾ ਨਹੀਂ ਪਾਏਗਾ ਅਤੇ ਇਰਵਿਨ ਗਾਂਧੀ ਦੇ ਏਸ ਦਾਅਵੇ ਦੀ ਤਰਦੀਦ ਨਹੀਂ ਕਰੇਗਾ ਕਿ ਗਾਂਧੀ ਨੇ ਭਗਤ ਸਿੰਘ ਦੀ ਫ਼ਾਂਸੀ ਤੁੜਵਾਉਣ ਲਈ ਪੂਰਾ ਜ਼ੋਰ ਲਾਇਆ ਹੈ।

ਗਾਂਧੀ 19 ਮਾਰਚ ਨੂੰ ਇਰਵਿਨ ਨੂੰ ਫ਼ੇਰ ਮਿਲਿਆ। ਓਸ ਨੂੰ ਪਤਾ ਸੀ ਕਿ ਭਗਤ ਸਿੰਘ ਨੂੰ ਫ਼ਾਂਸੀ 24 ਮਾਰਚ ਨੂੰ ਦਿੱਤੀ ਜਾ ਰਹੀ ਹੈ। ਓਸ ਦਿਨ ਵੀ ਓਸ ਨੇ ਫ਼ਾਂਸੀ ਤੋੜਨ ਜਾਂ ਪਿੱਛੇ ਪਾਉਣ ਦਾ ਮਸਲਾ ਉਠਾਇਆ। ਓਸੇ ਸ਼ਾਮ ਗਾਂਧੀ ਨੇ ਗ੍ਰਹਿ ਸਕੱਤਰ ਹਰਬਰਟ ਐਮਰਸਨ ਨਾਲ ਤਿੰਨ ਘੰਟੇ ਗੱਲ ਕੀਤੀ ਪਰ ਭਗਤ ਸਿੰਘ ਬਾਰੇ ਕੁਝ ਨਾ ਆਖਿਆ। ਸਕੱਤਰ ਦੇ ਪੁੱਛਣ ਉੱਤੇ ਗਾਂਧੀ ਨੇ ਦੱਸਿਆ ਕਿ ਫ਼ਾਂਸੀ ਦੇਣ ਲਈ ‘ਇੰਤਜ਼ਾਰ ਨਹੀਂ ਕਰਨਾ ਚਾਹੀਦਾ’। ਅੱਧੇ ਕੁ ਮਨ ਨਾਲ ਓਸ ਨੇ ਬੇਪਰਵਾਹੀ ਨਾਲ ਆਖਿਆ, ‘ਚੰਗਾ ਹੁੰਦਾ ਜੇ ਫ਼ਾਂਸੀ ਮਨਸੂਖ ਕਰ ਕੇ ਉਮਰ ਕੈਦ ਕਰ ਦਿੱਤੀ ਜਾਂਦੀ।’ ਸਕੱਤਰ ਲਿਖਦਾ ਹੈ ਕਿ ਗਾਂਧੀ ਸਜ਼ਾ ਮਨਸੂਖ ਕਰਨ ਜਾਂ ਪਿੱਛੇ ਪਾਉਣ ਵਿੱਚ ਉੱਕਾ ਦਿਲਚਸਪੀ ਨਹੀਂ ਸੀ ਰੱਖਦਾ। 20 ਮਾਰਚ 1931 ਨੂੰ ਗਾਂਧੀ ਨੇ ਐਮਰਸਨ ਨੂੰ ਪੱਤਰ ਵਿੱਚ ਲਿਖਿਆ ਕਿ , ‘ਮੈਂ ਹਰ ਕਿਸਮ ਦੀ ਰੋਕਥਾਮ ਕਰ ਚੁੱਕਿਆ ਹਾਂ। ਉਮੀਦ ਰੱਖਦਾ ਹਾਂ ਕਿ (ਫ਼ਾਂਸੀ ਦੇਣ ਕਾਰਣ) ਕੋਈ ਅਣਸੁਖਾਵੀਂ ਘਟਨਾ ਨਹੀਂ ਵਾਪਰੇਗੀ।’ ਗਾਂਧੀ ਸਰਕਾਰ ਨੂੰ ਤਕਰੀਬਨ ਸਲਾਹ ਦੇ ਰਿਹਾ ਹੈ ਕਿਵੇਂ ਉਹ ਘੱਟ ਤੋਂ ਘੱਟ ਰੋਸ ਭੜਕਾ ਕੇ ਫ਼ਾਂਸੀ ਦੇ ਸਕਦੀ ਹੈ।

ਪੱਟਾਭੀ ਸੀਤਾ ਰਾਮੱਈਆ ਵੀ ਲਿਖਦਾ ਹੈ ਕਿ ਇਰਵਿਨ ਫ਼ਾਂਸੀ ਪਿੱਛੇ ਪਾਉਣ ਲਈ ਰਜ਼ਾਮੰਦ ਸੀ; ਗਾਂਧੀ ਹੀ ਚਾਹੁੰਦਾ ਸੀ ਕਿ ਕਰਾਚੀ ਸੈਸ਼ਨ ਤੋਂ ਪਹਿਲਾਂ ਫ਼ਾਂਸੀ ਦੇਣਾ ਠੀਕ ਰਹੇਗਾ, ਹਾਲਾਂਕਿ ਜਨਤਕ ਤੌਰ ਉੱਤੇ ਉਹ ਏਸ ਦੇ ਉਲਟ ਬੋਲਦਾ ਰਿਹਾ। ਆਖ਼ਰ ਓਸ ਨੇ ਫ਼ਾਂਸੀ ਵਾਲੇ ਦਿਨ ਹੀ ਲੋਕ-ਮੱਤ ਨੂੰ ਮੁੱਖ ਰੱਖਦਿਆਂ ਫ਼ਾਂਸੀ ਤੋੜਨ ਦੇ ਹੱਕ ਵਿੱਚ ਚਿੱਠੀ ਲਿਖੀ। ਜੇ ਓਸ ਨੇ ਏਹੋ ਚਿਠੀ 19 ਫਰਵਰੀ ਨੂੰ ਲਿਖੀ ਹੁੰਦੀ ਤਾਂ ਫ਼ਾਂਸੀ ਨਹੀਂ ਸੀ ਦਿੱਤੀ ਜਾਣੀ।

ਲੌਰਡ ਇਰਵਿਨ ਫ਼ਾਂਸੀ ਦੇ ਕੇ ਰਿਟਾਇਰ ਹੋ ਹਿੰਦ ਤੋਂ ਚਲਾ ਗਿਆ। ਗਾਂਧੀ ਆਪਣੇ ਪਾਪ ਨੂੰ ਘੱਟੋ ਘੱਟ 40 ਸਾਲਾਂ ਲਈ ਕਾਗਜ਼ਾਂ, ਚਿੱਠੀਆਂ ਵਿੱਚ ਦਫ਼ਨ ਕਰ ਗਿਆ। ਇਉਂ 19 ਮਾਰਚ 1931 ਨੂੰ, ਜਦੋਂ ਕਿ ਭਾਈਆ ਤੇ ਸ਼ੇਰ ਦੋਨੋ ਆਪਸ ਵਿੱਚ ਭਿੜਨ ਹੀ ਵਾਲੇ ਸਨ ਤਾਂ ਦੋਨੋ ਵਾਲ-ਵਾਲ ਬਚ ਗਏ।

ਗਾਂਧੀ ਗੀਤਾ ਭਗਤ ਸੀ, ਗੀਤਾ ਨੂੰ ਮਾਤਾ ਮੰਨਦਾ ਸੀ। 40 ਸਾਲ ਬਾਅਦ ਗਾਂਧੀ ਦੇ ਕਿਰਦਾਰ ਦੀ ਚੀਰ-ਫ਼ਾੜ ਕਰਦਾ ਹੋਇਆ ਡੀ.ਪੀ.ਦਾਸ ਮੇਨਸਟ੍ਰੀਮ ਵਿੱਚ 15 ਅਗਸਤ 1970 ਨੂੰ ਲਿਖਦਾ ਹੈ ਕਿ ਗਾਂਧੀ ਵੱਡੇ ਕਾਰਜ ਲਈ ਲੜ ਰਿਹਾ ਸੀ। ਅਜਿਹੇ ਵੇਲੇ ਛੋਟੇ ਸੱਚ ਦੀ ਬਲੀ ਦੇਣੀ ਹੀ ਪੈਂਦੀ ਹੈ। ਧਰਮ-ਪੁੱਤਰ ਯੁਧਿਸ਼ਟਰ ਨੇ ਵੀ ਜ਼ੁਬਾਨ ਨੂੰ ਵਲ਼ ਪਾ ਕੇ ਦ੍ਰੋਣਾਚਾਰੀਆ ਨੂੰ ਮਾਰਨ ਤੋਂ ਪਹਿਲਾਂ ਨਿਹੱਥਲ, ਸ਼ਸਤਰ-ਰਹਿਤ ਕਰ ਦਿੱਤਾ ਸੀ। ਗਾਂਧੀ ਦੇ ਭਗਤ ਸਿੰਘ ਨੂੰ ਬਚਾਉਣ ਦੀ ਭਰਪੂਰ ਚੇਸ਼ਟਾ ਕਰਨ ਵਾਲੇ ਜਨਤਕ ਬਿਆਨ ਨੂੰ ਗੰਭੀਰਤਾ ਨਾਲ ਨਹੀਂ ਲੈਣਾ ਚਾਹੀਦਾ। ਇਹ ਅੰਨ੍ਹਾ (ਹਿੰਦੂ ਅੰਨਾ੍ ਤੁਰਕੂ ਕਾਣਾ – ਭਗਤ ਨਾਮਵੇਦ) ਧਰਮ ਸ਼ਾਸਤ੍ਰਾਂ ਵਿੱਚੋਂ ਹੋਰ ਪ੍ਰਮਾਣ ਲੱਭਦਾ ਆਖਦਾ ਹੈ, ‘ਸਟੇਟ ਦੇ ਭਲੇ ਅਤੇ ਚੰਗੀ ਰਾਜਨੀਤੀ ਦੀ ਲੋੜ ਲਈ ਰਾਮਾਇਣ ਦੇ ਰਾਮ ਨੇ ਬਾਲੀ ਦਾ ਕਤਲ ਵੀ ਕਰ ਦਿੱਤਾ ਸੀ।’ ਝੂਠ ਤਾਂ ਇੱਕ ਗੱਲ ਹੈ, ਅਜਿਹੇ ਕੰਮ ਲਈ ਤਾਂ ਕਤਲ ਵੀ ਜਾਇਜ਼ ਹੈ।

ਨੱਥੂ ਰਾਮ ਗੌਡਸੇ ਗਾਂਧੀ ਵਾਂਗ ਹੀ ਗੀਤਾ ਭਗਤ ਸੀ। ਓਸ ਨੂੰ ਸਾਰੀ ਗੀਤਾ ਜ਼ੁਬਾਨੀ ਯਾਦ ਸੀ। ਫ਼ਾਂਸੀ ਲੱਗਣ ਤੋਂ ਪਹਿਲਾਂ ਉਸ ਨੇ ਆਪਣੇ ਮਾਂ-ਬਾਪ ਨੂੰ ਇੱਕ ਚਿੱਠੀ ਲਿਖੀ ਜਿਸ ਵਿੱਚ ਉਹ ਗਾਂਧੀ ਨੂੰ ਪ੍ਰਾਰਥਨਾ ਸਭਾ ਵਿੱਚ ਮਾਰਨ ਨੂੰ ਜਾਇਜ਼ ਦੱਸਦਾ ਹੈ: ‘ਕ੍ਰਿਸ਼ਨ ਨੇ ਵੀ ਤਾਂ ਸ਼ਿਸ਼ੂਪਾਲ-ਵਧ ਹਵਨ ਭੂਮੀ’ ਵਿੱਚ ਹੀ ਕੀਤਾ ਸੀ। ਓਸ ਦਾ ਆਖ਼ਰੀ ਬਿਆਨ-ਸਫਾਈ ਦੱਸਦਾ ਹੈ ਕਿ ਉਹ (ਗੀਤਾ ਵਿੱਚ ਦੱਸੇ ਅਨੁਸਾਰ) ਨਿਸ਼ਕਾਮ ਕਰਮ ਹੀ ਕਰ ਰਿਹਾ ਸੀ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top