Share on Facebook

Main News Page

ਸਿੱਖੀ ਦੇ ਰੂਹਾਨੀ ਸਫਰ ਅਤੇ ਲਹੂ ਭਿੱਜੇ ਇਤਿਹਾਸ ਨਾਲ ਕਦੇ ਨਿਆਂ ਨਹੀਂ ਕਰ ਸਕਦੀਆਂ ਫਿਲਮਾਂ !
-: ਗੁਰਿੰਦਰਪਾਲ ਸਿੰਘ ਧਨੌਲਾ 93161 76519

ਫਿਲਮੀ ਦੁਨੀਆਂ ਵਿੱਚ ਬਹੁਤ ਸਾਰੀਆਂ ਕਹਾਣੀਆਂ ਤਾਂ ਮਨੋ ਕਲਪਿਤ ਹੀ ਹੁੰਦੀਆਂ ਹਨ ਅਤੇ ਜੇ ਕੋਈ ਇਤਿਹਾਸਿਕ ਤੱਥਾਂ ਨੂੰ ਲੈ ਕੇ ਫਿਲਮ ਬਣਾਉਣੀ ਵੀ ਚਾਹੇ ਤਾਂ ਉਹ ਫਿਰ ਆਪਣੀ ਆਮਦਨੀ ਦਾ ਹਿਸਾਬ ਲਗਾਉਂਦਾ ਹੈ। ਇਤਿਹਾਸ, ਸੱਚ ਅਤੇ ਵਿਉਪਾਰ ਦਾ ਆਪਸੀ ਮੇਲ ਹੀ ਨਹੀਂ ਹੈ। ਜਿਹੜਾ ਵੀ ਕੋਈ ਵਿਉਪਾਰਿਕ ਨਜ਼ਰੀਏ ਨਾਲ ਕੋਈ ਕੰਮ ਕਰੇਗਾ, ਫਿਰ ਉਸ ਦਾ ਧਿਆਨ ਹਮੇਸ਼ਾਂ ਲਾਭ ਵੱਲ ਹੋਵੇਗਾ। ਜਿਸ ਵੇਲੇ ਉਹ ਆਪਣੀ ਪੂੰਜੀ ਡੁੱਬਦੀ ਵੇਖੇਗਾ ਜਾਂ ਮਨੋਚਿਤਵਿਆ ਮੁਨਾਫਾ ਉਸ ਨੂੰ ਪੱਲੇ ਪੈਂਦਾ ਨਾ ਦਿੱਸੇ ਤਾਂ ਉਹ ਕਿਸੇ ਵੀ ਹੱਦ ਤੱਕ ਜਾ ਸਕਦਾ ਹੈ। ਫਿਰ ਉਸ ਨੂੰ ਸਿਧਾਂਤਾਂ ਦੀ ਬਲੀ ਦੇਣੀ ਪਵੇ ਤਾਂ ਵੀ ਇੱਕ ਮਿੰਟ ਵੀ ਨਹੀਂ ਲਵੇਗਾ। ਇਹ ਮਨੁੱਖੀ ਸੁਭਾਅ ਹੈ ਅਤੇ ਖਾਸ ਕਰਕੇ ਪੰਜਾਬੀਆਂ ਅਤੇ ਸਿੱਖਾਂ ਦੀ ਫਿਤਰਤ ਹੈ ਕਿ ਖੁਦ ਨੂੰ ਗਲਤੀ ਦਾ ਪਤਾ ਵੀ ਹੋਵੇ, ਤਦ ਵੀ ਗਲਤੀ ਨਹੀਂ ਮੰਨਣੀ, ਸਗੋ ਗਲਤੀ ਨੂੰ ਛੁਪਾਉਣ ਵਾਸਤੇ ਲਾਮਬੰਦੀ ਆਰੰਭ ਕਰ ਦਿੱਤੀ ਜਾਂਦੀ ਹੈ ਅਤੇ ਗਲਤੀ ਦਾ ਅਹਿਸਾਸ ਕਰਵਾਉਣ ਵਾਲੇ ਨੂੰ ਕਿਸੇ ਵੱਡੇ ਦੁਸ਼ਮਨ ਦੀ ਤਰਜ਼ ਉੱਤੇ ਵੇਖਿਆ ਜਾਂਦਾ ਹੈ।

ਜਦੋਂ ਦਾਸ ਲੇਖਕ ਬਾਲ ਅਵਸਥਾ ਵਿਚ ਸੀ ਤਾਂ ਉਸ ਵੇਲੇ "ਨਾਨਕ ਨਾਮ ਜਹਾਜ" ਅਤੇ ਫਿਰ ਉਸ ਤੋਂ ਬਾਅਦ ਦਾਰਾ ਸਿੰਘ ਦੀ ਫਿਲਮ "ਸਵਾ ਲਾਖ ਸੇ ਏਕ ਲੜਾਉ" ਨੇ ਬੜੀ ਪ੍ਰਸਿਧੀ ਹਾਸਲ ਕੀਤੀ ਸੀ ਅਤੇ ਲੋਕ ਪਿੰਡਾਂ ਵਿੱਚੋਂ ਟਰਾਲੀਆਂ ਭਰ ਕੇ ਸਿਨੇਮਾਂ ਘਰਾਂ ਵਿੱਚ ਜਾਂਦੇ ਸਨ ਅਤੇ ਸਾਲਾਂ ਬੱਧੀ ਉਹਨਾਂ ਫਿਲਮਾਂ ਦਾ ਜ਼ਿਕਰ ਘਰਾਂ ਵਿੱਚ ਅਤੇ ਸੱਥਾਂ ਵਿੱਚ ਹੁੰਦਾ ਰਿਹਾ। ਇਹ ਫਿਲਮਾਂ ਬਾਅਦ ਵਿੱਚ ਸ਼੍ਰੋਮਣੀ ਕਮੇਟੀ ਨੇ ਆਪਣੇ ਪ੍ਰੋਜੈਕਟਰ ਨਾਲ ਧਰਮ ਪ੍ਰਚਾਰ ਕਮੇਟੀ ਵੱਲੋਂ ਪਿੰਡਾਂ ਦੇ ਗੁਰਦਵਾਰਿਆਂ ਵਿੱਚ ਵੀ ਵਿਖਾਈਆਂ। ਇਹਂ ਫਿਲਮਾਂ ਵਿੱਚ ਕੁੱਝ ਇਤਿਹਾਸਿਕ ਅਸਥਾਨਾਂ ਦੇ ਨਾਲ ਨਾਲ ਕੁੱਝ ਗੁਰਸਿਖਾਂ ਦੇ ਜੀਵਨ ਜਾਂ ਕੁੱਝ ਇੱਕ ਘਟਨਾਵਾਂ ਨਾਲ ਸਬੰਧਤ ਸਨ, ਲੇਕਿਨ ਇਸ ਵਿੱਚ ਕਿਸੇ ਗੁਰੂ ਪਰਿਵਾਰ ਨਾਲ ਕੋਈ ਵਾਸਤਾ ਨਹੀਂ ਹੁੰਦਾ ਸੀ ਅਤੇ ਨਿਰਮਾਤਾ ਅਤੇ ਨਿਰਦੇਸ਼ਕ ਥੋੜਾ ਬਹੁਤ ਭੈਅ ਵੀ ਰੱਖਦੇ ਸਨ। ਇਹ ਵੀ ਸੱਚ ਹੈ ਕਿ ਉਸ ਵੇਲੇ ਪੰਥ ਵੀ ਬੜੀ ਜੁਅਰਤ ਰੱਖਦਾ ਸੀ, ਹਰ ਕੋਈ ਭੈਅ ਮੰਨਦਾ ਸੀ ਕੋਈ ਵੀ ਧਾਰਮਿਕ ਮਰਿਯਾਦਾ ਜਾਂ ਸਿੱਖ ਇਤਿਹਾਸ ਜਾਂ ਗੁਰੂ ਇਤਿਹਾਸ ਨਾਲ ਛੇੜ ਛਾੜ ਕਰਨ ਦੀ ਹਿੰਮਤ ਹੀ ਨਹੀਂ ਰੱਖਦਾ ਸੀ।

ਲੇਕਿਨ ਇਥੋਂ ਦਾ ਨਿਜ਼ਾਮ ਵੀ ਹਰ ਵੇਲੇ ਤਾਕ ਵਿੱਚ ਰਹਿੰਦਾ ਸੀ ਕਿ ਕਿਸੇ ਤਰੀਕੇ ਸਿੱਖ ਇਤਿਹਾਸ ਵਿੱਚ ਕੋਈ ਮਿਲਾਵਟ ਕਰਕੇ ਸਿੱਖ ਇਤਿਹਾਸ ਨੂੰ ਵੀ ਇੱਕ ਮਿਥਹਾਸਿਕ ਕਹਾਣੀ ਬਣਾ ਕੇ ਪੇਸ਼ ਕੀਤਾ ਜਾਵੇ ਤਾਂ ਕਿ ਇਹ ਵੀ ਸਮਕਾਲੀ ਧਰਮਾਂ ਜਾਂ ਵਿਰਸੇ ਨਾਲੋਂ ਵਿਲੱਖਣ ਜਾਂ ਉੱਤਮ ਨਜਰ ਨਾ ਆਵੇ। ਜਦੋਂ ਸਿੱਖਾਂ ਨੇ ਉਪਰੋਕਤ ਫਿਲਮਾਂ ਪ੍ਰਤੀ ਰੂਚੀ ਵਿਖਾਈ ਅਤੇ ਜੋ ਵੀ ਫਿਲਸਾਜ਼ ਨੇ ਪਰੋਸਿਆ ਉਹ ਸਹਿਜੇ ਹੀ ਪ੍ਰਵਾਨ ਕਰ ਲਿਆ, ਤਾਂ 2005 ਵਿੱਚ ਆ ਕੇ ਗੁਰੂ ਪਰਿਵਾਰ ਉੱਤੇ ਕਾਰਟੂਨ ਨੁਮਾਂ ਫਿਲਮਾਂ ਬਣਨੀਆਂ ਆਰੰਭ ਹੋਈਆਂ। ਜਿਸ ਵਿੱਚ ਸਭ ਤੋਂ ਪਹਿਲਾਂ ਛੋਟੇ ਸਾਹਿਬਜਾਦਿਆਂ ਉੱਤੇ ਇੱਕ ਛੋਟੇ ਪਰਦੇ ਦੀ ਫਿਲਮ ਬਣਾਈ ਗਈ ਅਤੇ ਬਾਅਦ ਵਿੱਚ ਕੁਝ ਹੋਰ ਵੀ ਕੰਮ ਹੋਇਆ ਤਾਂ ਫਿਰ ਕੁੱਝ ਲੋਕਾਂ ਨੂੰ ਹੌਂਸਲਾ ਮਿਲ ਗਿਆ ਅਤੇ ਉਹਨਾਂ ਨੇ ਵੱਡੇ ਪਰਦੇ ਦੀਆਂ ਫੀਚਰ ਫਿਲਮਾਂ ਬਣਾਉਣ ਦੀ ਸ਼ੁਰੁਆਤ ਕੀਤੀ।

ਮੌਜੂਦਾ ਇਤਿਹਾਸ ਨੂੰ ਲੈ ਕੇ ਸਭ ਤੋਂ ਪਹਿਲਾਂ "ਸਾਡਾ ਹੱਕ" ਫਿਲਮ ਸਾਹਮਣੇ ਆਈ, ਉਸ ਦੇ ਨਿਰਮਾਤਾ ਨਿਰਦੇਸ਼ਕ ਇੱਕ ਨਾਮਵਾਰ ਪੱਤਰਕਾਰ ਅਤੇ ਲੇਖਕ ਦੇ ਸਪੁੱਤਰ ਸਨ, ਲੇਕਿਨ ਇਸ ਫਿਲਮ ਦਾ ਸਬੰਧ ਅਤੇ ਫਿਲਮ ਵਿਚਲੇ ਕਿਰਦਾਰ ਪਿਛਲੇ ਤਿੰਨ ਦਹਾਕਿਆਂ ਵਿੱਚ ਖਾੜਕੂ ਸਫਾਂ ਵਿੱਚ ਰਹੇ ਲੋਕਾਂ ਨਾਲ ਮਿਲਦੇ ਜੁਲਦੇ ਸਨ ਅਤੇ ਸਰਕਾਰੀ ਬੋਲੀ ਵਿੱਚ ਜਾਂ ਭਾਰਤੀ ਮੀਡੀਆ, ਉਹਨਾਂ ਲੋਕਾਂ ਨੂੰ ਅੱਤਵਾਦੀ, ਵੱਖਵਾਦੀ ਜਾਂ ਬਾਗੀਆਂ ਦਾ ਨਾਮ ਦਿੰਦਾ ਹੈ, ਇਸ ਕਰਕੇ ਫਿਲਮ ਸਾਡਾ ਹੱਕ ਦੇ ਜਿਉਂ ਹੀ ਪੋਸਟਰ ਬਣਕੇ ਬਾਹਰ ਆਏ ਤਾਂ ਫਿਲਮ ਉੱਤੇ ਪਬੰਦੀ ਲਾਉਣ ਦਾ ਵਾਵੇਲਾ ਖੜਾ ਹੋ ਗਿਆ।

ਕੁੱਝ ਕੱਟੜਵਾਦੀ ਹਿੰਦੁਤਵ ਜਥੇਬੰਦੀਆਂ ਨੇ ਇਸ ਫਿਲਮ ਦੇ ਜਾਰੀ ਹੋਣ ਨੂੰ ਦੇਸ਼ ਦੀ ਏਕਤਾ ਅਤੇ ਅਖੰਡਤਾ ਨਾਲ ਖਿਲਵਾੜ ਅਤੇ ਖਤਰਾ ਦੱਸ ਕੇ ਤਰੁੰਤ ਪਬੰਦੀ ਲਾਉਣ ਵਾਸਤੇ ਸੰਘਰਸ਼ ਆਰੰਭ ਦਿੱਤਾ। ਵੋਟ ਨੀਤੀ ਨੂੰ ਵੇਖਦਿਆਂ ਪੰਜਾਬ ਦੀ ਬਾਦਲ ਸਰਕਾਰ ਨੇ ਇਸ ਉੱਤੇ ਪਬੰਦੀ ਲਾਈ, ਪਰ ਸਿੱਖ ਪੰਥ ਫਿਲਮ ਦੇ ਹੱਕ ਵਿੱਚ ਖੜਾ ਹੋ ਗਿਆ। ਜਿਸ ਨਾਲ ਹਮਦਰਦੀ ਪੈਦਾ ਹੋਈ ਅਤੇ ਫਿਲਮ ਚੋਖਾ ਮੁਨਾਫਾ ਕਮਾ ਗਈ, ਲੇਕਿਨ ਥੋੜੇ ਹੀ ਦਿਨਾਂ ਪਿੱਛੋਂ ਫਿਲਮ ਬਣਾਉਣ ਵਾਲੇ ਸੈਲੂਨ (ਵਾਲ ਕੱਟਣ ਵਾਲੀਆਂ ਦੁਕਾਨਾਂ) ਦੇ ਉਧਘਾਟਣ ਕਰਨ ਤੁਰ ਪਏ। ਜਿਸ ਕਰਕੇ ਸਿੱਖਾਂ ਅੰਦਰ ਬਹੁਤ ਨਿਰਾਸਤਾ ਹੋਈ।

ਤਾਏ ਦੀ ਧੀ ਚੱਲੀ ਤੇ ਮੈਂ ਕਿਉਂ ਰਹਾਂ ਕੱਲੀ ਦੀ ਕਹਾਵਤ ਵਾਂਗੂੰ, ਫਿਰ ਕੁੱਝ ਹੋਰ ਵੀ ਨਿਰਮਾਤਾ ਨਿਰਦੇਸ਼ਕ ਇਸ ਰਾਹ ਨੂੰ ਤੁਰ ਪਏ। ਫਿਰ ਇੱਕ ਫਿਲਮ "ਕੌਮ ਦੇ ਹੀਰੇ" ਰਲੀਜ਼ ਹੋਣ ਦੀ ਵਾਰੀ ਆਈ, ਬਹੁਤ ਰੌਲਾ ਰੱਪਾ ਪਿਆ, ਫਿਲਮ ਨੂੰ ਇਸ ਦਾ ਵਿਰੋਧ ਵੀ ਰਾਸ ਆਇਆ ਅਤੇ ਨਿਰਮਾਤਾ ਮਾਲੋ ਮਾਲ ਹੋ ਗਏ, ਲੇਕਿਨ ਫਿਲਮ ਵਿਚ ਦੋ ਗੱਲਾਂ ਦਾ ਸਿੱਖਾਂ ਨੇ ਬਹੁਤਾ ਧਿਆਨ ਨਹੀਂ ਦਿੱਤਾ। ਪਹਿਲੀ ਗੱਲ ਤਾਂ ਇਹ ਕਿ ਹੁਣ ਤੱਕ ਸਾਰੀ ਕੌਮ ਇਹ ਕਹਿੰਦੀ ਆਈ ਹੈ ਕਿ ਇੰਦਰਾ ਗਾਂਧੀ ਕਤਲ ਕੇਸ ਵਿੱਚ ਭਾਈ ਕੇਹਰ ਸਿੰਘ ਨੂੰ ਹਿੰਦ ਹਕੂਮਤ ਨੇ ਬਿਲਕੁੱਲ ਨਜਾਇਜ ਫਾਂਸੀ ਲਾਇਆ ਹੈ। ਉਸ ਦਾ ਇੰਦਰਾ ਗਾਂਧੀ ਨੂੰ ਮਾਰਨ ਵਿਚ ਕੋਈ ਰੋਲ ਨਹੀਂ ਸੀ। ਭਾਈ ਬੇਅੰਤ ਅਤੇ ਭਾਈ ਸਤਵੰਤ ਸਿੰਘ ਨੇ ਹੀ ਗੋਲੀਆਂ ਮਾਰੀਆਂ ਸਨ, ਪਰ ਨਿਰਮਾਤਾ ਨੇ ਇਸ ਫਿਲਮ ਵਿੱਚ ਸਾਰੀ ਕੌਮ ਦੇ ਵਿਚਾਰ ਤੋਂ ਉਲਟ ਜਾਕੇ ਸਾਰੀ ਜਿੰਮੇਵਾਰੀ ਹੀ ਭਾਈ ਕੇਹਰ ਸਿੰਘ ਦੇ ਗਲ ਪਾਉਣ ਦਾ ਯਤਨ ਕੀਤਾ ਹੈ। ਜਿਸ ਨਾਲ ਹਿੰਦ ਨਿਜ਼ਾਮ ਬਰੀ ਹੁੰਦਾ ਹੈ ਕਿ ਭਾਈ ਕੇਹਰ ਸਿੰਘ ਨੂੰ ਬੇਕਸੂਰੇ ਨੂੰ ਫਾਂਸੀ ਨਹੀਂ ਦਿੱਤੀ, ਸਗੋਂ ਉਸਦੀ ਫਾਂਸੀ ਜਾਇਜ ਸੀ। ਦੂਜੀ ਵੱਡੀ ਗਲਤੀ ਕਿ ਭਾਈ ਬੇਅੰਤ ਸਿੰਘ ਨੇ ਬਚਪਨ ਤੋਂ ਲੈ ਕੇ ਕਦੇ ਆਪਣੇ ਸਰੀਰ ਤੋਂ ਇੱਕ ਵੀ ਰੋਮ (ਵਾਲ) ਨਹੀਂ ਕੱਟਿਆ ਸੀ, ਪਰ ਕਿਰਦਾਰ ਨਿਭਾਉਣ ਵਾਲੇ ਨੇ ਫਿਲਮ ਵਿੱਚ ਸ਼ਹੀਦ ਸ. ਬੇਅੰਤ ਸਿੰਘ ਦੀ ਦਾਹੜੀ ਕੱਟੀ ਹੋਈ ਵਿਖਾਈ ਹੈ। ਉਸ ਦੇ ਪਰਿਵਾਰ ਨੇ ਜੇ ਬਿਆਨ ਦਿੱਤਾਂ ਤਾਂ ਗਲਤੀ ਸਵੀਕਾਰ ਦੀ ਬਜਾਇ ਬਿਆਨ ਦੇਣ ਅਤੇ ਪ੍ਰਕਾਸ਼ਿਤ ਕਰਨ ਵਾਲਿਆਂ ਨੂੰ ਧਮਕੀਆਂ ਅਤੇ ਚਿੱਕੜ ਉਛਾਲੀ ਕੀਤੀ ਗਈ।

ਇਸ ਤੋਂ ਬਾਅਦ ਹੋਰ ਵੀ ਕੁੱਝ ਫਿਲਮਾਂ ਆਈਆਂ ਹਨ ਅਤੇ ਕੁੱਝ ਆਉਣ ਦੀ ਤਿਆਰੀ ਵਿੱਚ ਹਨ, ਲੇਕਿਨ ਕਾਰਟੂਨ ਉੱਤੇ ਅਧਾਰਤ ਫਿਲਮ "ਚਾਰ ਸਾਹਿਬਜਾਦੇ" ਬੜੀ ਕਾਮਯਾਬ ਹੋਈ ਅਤੇ ਨਿਰਮਾਤਾ ਦੇ ਵਾਰੇ ਨਿਆਰੇ ਹੋ ਗਏ। ਸਿੱਖਾਂ ਨੇ ਉਸ ਦੀ ਬੜੀ ਪ੍ਰਸੰਸਾ ਵੀ ਕੀਤੀ ਅਤੇ ਬਹੁਤ ਸਮਾਂ ਸਿਨੇਮਾਂ ਘਰਾਂ ਵਿੱਚ ਟਿਕਟ ਲੈਣ ਵਾਸਤੇ ਕਈ ਕਈ ਦਿਨ ਉਡੀਕ ਕਰਨੀ ਪੈਂਦੀ ਸੀ ਅਤੇ ਹੁਣ ਉਸ ਤੋਂ ਬਾਅਦ "ਨਾਨਕ ਸ਼ਾਹ ਫਕੀਰ" ਫਿਲਮ ਦੀ ਅੱਜ ਕੱਲ ਚਰਚਾ ਹੈ ਅਤੇ ਵਿਰੋਧਤਾ ਵੀ ਹੋ ਰਹੀ ਹੈ, ਕਿ ਉਸ ਵਿੱਚ ਬੇਬੇ ਨਾਨਕੀ ਦਾ ਕਿਰਦਾਰ, ਇੱਕ ਆਮ ਫਿਲਮੀ ਕਲਾਕਾਰ ਬੀਬੀ ਵੱਲੋਂ ਨਿਭਾਇਆ ਜਾ ਰਿਹਾ ਹੈ, ਜਿਸਦਾ ਪਹਿਰਾਵਾ ਅਤੇ ਕਲਾ ਸਿੱਖ ਪੰਥ ਜਾਂ ਸਿੱਖ ਇਤਿਹਾਸ ਦੇ ਮਾਪਦੰਡਾਂ ਦੇ ਨੇੜੇ ਤੇੜੇ ਵੀ ਨਹੀਂ ਹੈ, ਜਿਸਦਾ ਸਿੱਖਾਂ ਨੇ ਗੰਭੀਰ ਨੋਟਿਸ ਲਿਆ ਹੈ ਖਾਸ ਕਰਕੇ ਗੁਰੂ ਪਰਿਵਾਰਾਂ ਦੇ ਕਿਰਦਾਰ ਨਿਭਾਉਣ ਵਾਲੇ ਲੋਕ ਤਾਂ ਬੜੇ ਹੀ ਗੁਰੂ ਸਿਧਾਂਤ ਨੂੰ ਸਮਝਣ ਵਾਲੇ ਅਤੇ ਹਮੇਸ਼ਾਂ ਉਸ ਦਿੱਖ ਵਿੱਚ ਰਹਿਣ ਵਾਲੇ ਹੀ ਹੋਣੇ ਚਾਹੀਦੇ ਹਨ। ਜੇ ਸਿੱਖ ਸਾਰਾ ਕੁੱਝ ਇੰਜ ਹੀ ਜਰਨ ਦੇ ਆਦੀ ਹੋ ਗਏ ਤਾਂ ਫਿਰ ਧੜਾ ਧੜ ਅਜਿਹੀਆਂ ਫਿਲਮਾਂ ਬਣਨੀਆਂ ਆਰੰਭ ਹੋ ਜਾਣਗੀਆਂ। ਸਿੱਖ ਵਿਰਸਾ ਬੜਾ ਅਮੀਰ ਹੈ, ਸਿੱਖ ਇਤਿਹਾਸ ਦਾ ਹਰ ਦਿਨ, ਹਰ ਘਟਨਾਂ ਆਪਣੇ ਅੰਦਰ ਇੱਕ ਫਿਲਮ ਨਹੀਂ ਬਲਕਿ ਕਈ ਫਿਲਮਾਂ ਦੀ ਸਮੱਗਰੀ ਸਾਂਭੀ ਬੈਠੀ ਹੈ, ਲੇਕਿਨ ਜੇ ਕੱਲ ਨੂੰ ਕੋਈ ਕਲਾਕਾਰ ਕਿਸੇ ਗੁਰੂ ਸਹਿਬਾਨ ਦਾ ਜਾਂ ਗੁਰੂ ਪਰਿਵਾਰ ਦਾ ਕਿਰਦਾਰ ਨਿਭਾਏ ਅਤੇ ਪ੍ਰਸਿੱਧੀ ਲੈਣ ਉਪਰੰਤ, ਫਿਰ ਕਿਸੀ ਦੂਜੀ ਫਿਲਮ ਵਿੱਚ, ਉਹ ਮੁੰਹ ਵਿੱਚ ਸਿਗਰਟ ਲਾਈ ਫਿਰਦਾ ਹੋਵੇ ਜਾਂ ਸ਼ਰਾਬ ਪੀਣ ਵਰਗਾ ਕੋਈ ਸੀਨ ਫਿਲਮਾਵੇ ਤਾਂ ਉਸ ਦਾ ਕਿੱਡਾ ਭੈੜਾ ਅਸਰ ਪਵੇਗਾ। ਲੋਕ ਜਿਸ ਗੁਰੂ ਦਾ ਉਸ ਨੇ ਕਿਰਦਾਰ ਨਿਭਾਇਆ ਹੋਵੇਗਾ ਉਸਦਾ ਨਾਮ ਲੈਕੇ ਹੀ ਟੋਟਕੇ ਬਣਾ ਲੈਣਗੇ।

ਇਸ ਕਰਕੇ ਸਿੱਖਾਂ ਨੂੰ ਸੁਚੇਤ ਹੋਣਾ ਚਾਹੀਦਾ ਹੈ, ਸਿੱਖ ਇਤਿਹਾਸ ਕੋਈ ਫਿਲਮੀ ਕਹਾਣੀ ਜਾਂ ਕੋਈ ਮਿਥ ਨਹੀਂ ਹੈ। ਇਸ ਨੂੰ ਗੁਰੂ ਸਾਹਿਬਾਨ ਅਤੇ ਗੁਰਸਿੱਖਾਂ ਨੇ ਆਪਣੇ ਲਹੂ ਨਾਲ ਲਿਖਿਆ ਹੈ, ਇਹ ਇਤਿਹਾਸ ਲੋਕਾਂ ਦਾ ਮਾਰਗ ਦਰਸ਼ਕ ਹੈ, ਸਿੱਖ ਇਤਿਹਾਸ ਦੀ ਇੱਕ ਇੱਕ ਘਟਨਾਂ ਹਿਰਦੇ ਹਿਲਾ ਦੇਣ ਵਾਲੀ ਹੈ ਅਤੇ ਸਚਾਈ ਹੈ। ਇਸ ਨੂੰ ਕਿਸੇ ਨੌਟੰਕੀ ਵੱਲੋਂ ਚੰਦ ਟਕਿਆਂ ਦੀ ਖਾਤਰ ਫਿਲਮਾਉਣਾ ਜਾਂ ਕੋਈ ਵਿਉਪਾਰ ਕਰਨਾ, ਸਿੱਖ ਇਤਿਹਾਸ ਨਾਲ ਕੋਝਾ ਮਜਾਕ ਹੈ। ਅਜਿਹੀਆਂ ਫਿਲਮਾਂ ਉੱਤੇ ਪੂਰਨ ਰੂਪ ਵਿੱਚ ਪਬੰਦੀ ਲੱਗਣੀ ਚਾਹੀਦੀ ਹੈ ਅਤੇ ਕਿਸੇ ਨੂੰ ਵੀ ਕਾਰਟੂਨ ਜਾਂ ਉਂਜ ਕਿਸੇ ਗੁਰੂ ਸਾਹਿਬਾਨ ਜਾਂ ਗੁਰੂ ਪਰਿਵਾਰ ਦੇ ਮੈਂਬਰ ਜਾਂ ਸਿੱਖ ਇਤਿਹਾਸ ਦੇ ਸਿਰਜਕ ਧਰਮੀ ਸਿੱਖਾਂ ਦਾ ਕਿਰਦਾਰ ਨਿਭਾਉਣ ਦੀ ਇਜਾਜ਼ਤ ਹਰਗਿਜ ਨਹੀਂ ਦੇਣੀ ਚਾਹੀਦੀ। ਜੇ ਕਿਤੇ ਪੰਥ ਇਹ ਜਰੂਰਤ ਸਮਝੇ ਕਿ ਕਿਸੇ ਖਾਸ ਘਟਨਾਂ ਦੀ ਫਿਲਮ ਬਣਾਉਣ ਦੀ ਲੋੜ ਹੈ ਤਾਂ ਫਿਰ ਉਸ ਵਿੱਚ ਕਿਰਦਾਰ ਨਿਭਾਉਣ ਵਾਸਤੇ ਕਿਸੇ ਜੀਵਨ ਵਾਲੇ ਬੰਦਿਆਂ ਨੂੰ ਕਲਾਕਾਰੀ ਸਿਖਾ ਕੇ ਅਜਿਹਾ ਕਰਵਾਉਣਾ ਚਾਹੀਦਾ ਹੈ। ਜਿਹੜੇ ਇੱਕ ਫਿਲਮ ਬਣਾਉਣ ਉੱਤੇ ਸੰਤੁਸ਼ਟੀ ਕਰ ਲੈਣ ਅਤੇ ਫਿਰ ਸਾਰੀ ਜਿੰਦਗੀ, ਜਿਹੋ ਜਿਹਾ ਕਿਰਦਾਰ ਨਿਭਾਇਆ ਹੈ, ਉਸ ਤਰਾਂ ਹੀ ਗੁਰੂ ਪਿਆਰ ਵਿੱਚ ਬਤੀਤ ਕਰ ਦੇਣ। ਜੇ ਇਸ ਤਰਾਂ ਹੀ ਡਿਸਕੋ ਨਾਚ ਵਾਲੀਆਂ ਬੀਬੀਆਂ ਨੂੰ ਬੇਬੇ ਨਾਨਕੀ ਦਾ ਕਿਰਦਾਰ ਨਿਭਾਉਣ ਦੀ ਇਜਾਜ਼ਤ ਦਿੱਤੀ ਗਈ ਤਾਂ ਇਹ ਸਿੱਖ ਫਲਸਫੇ ਨਾਲ ਅਤੇ ਗੁਰੂ ਸਾਹਿਬ ਵੱਲੋਂ ਸਿੱਖੀ ਵਾਸਤੇ ਕੀਤੀ ਘਾਲਣਾ ਨਾਲ ਧੋਖਾ ਹੈ। ਫਿਰ ਅਸੀਂ ਸਿੱਖ ਨਹੀਂ, ਗੁਰੂ ਦਾ ਅਪਮਾਨ ਕਰਕੇ ਕਮਾਈ ਕਰਨ ਵਾਲੇ ਅਹਿਸਾਨ ਫਰਾਮੋਸ਼ ਹੀ ਅਖਵਾ ਸਕਦੇ ਹਾਂ। ਗੁਰੂ ਰਾਖਾ !!


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top