Share on Facebook

Main News Page

ਗੁਰੂ ਨਾਨਕ ਪਾਤਸ਼ਾਹ ਦੇ ਜੋਤੀ ਜੋਤ ਪੁਰਬ ਸਹਿਤ ਸਿੱਖ ਧਰਮ ਅਨੁਸਾਰ
ਸਰਾਧਾਂ-ਨਰਾਤਿਆਂ ਬਾਰੇ ਵਿਸ਼ੇਸ਼
-: ਪ੍ਰਿੰਸੀਪਲ ਗਿਆਨੀ ਸੁਰਜੀਤ ਸਿੰਘ
ਸਿੱਖ ਮਿਸ਼ਨਰੀ, ਦਿੱਲੀ, ਪ੍ਰਿੰਸੀਪਲ ਗੁਰਮਤਿ ਐਜੁਕੇਸ਼ਨ ਸੈਂਟਰ, ਦਿੱਲੀ, ਮੈਬਰ ਧਰਮ ਪ੍ਰਚਾਰ ਕਮੇਟੀ. ਦਿ: ਸਿ: ਗੁ: ਪ੍ਰ: ਕਮੇਟੀ, ਦਿੱਲੀ

ਸਰਾਧ ਕੀ ਤੇ ਕਦੋਂ?-: ਸਰਾਧ ਸਮੇਂ ਦੀ ਬ੍ਰਾਹਮਣੀ ਵੰਡ ਹਨ। ਸਰਾਧ ਤਿੰਨ ਤਰ੍ਹਾਂ ਦੇ ਹੁੰਦੇ ਹਨ। ਮਹਾਲਯ-ਅਸੂ ਵਦੀ ਏਕਮ ਤੋਂ ਅਰੰਭ ਹੋ ਕੇ ਹਨੇਰੇ ਪੱਖ ਦੇ ਪੰਦਰਾਂ ਦਿਨ। ਦੂਜੇ-ਪਾਰਵਨ- ਪੂਰਨਮਾਸ਼ੀ, ਮਸਿਆ ਆਦਿ ਨੂੰ। ਤੀਜੇ ਖਿਆਹ ਜਾਂ ਖਿਆਹੀ-ਜਿਸ ਦਿਨ ਪ੍ਰਾਣੀ ਨੇ ਚਲਾਣਾ ਕੀਤਾ ਹੋਵੇ। ਥਿਤਾਂ ਵਾਰਾਂ ਦੇ ਭਰਮਾਂ `ਚ ਫਸੇ ਲੋਕ, ਸਰਾਧਾਂ ਦੇ ਦਿਨਾਂ `ਚ ਖੁਸ਼ੀ ਦੇ ਕੰਮ ਜਾਂ ਕੋਈ ਨਵੀਂ ਖਰੀਦ ਨਹੀਂ ਕਰਦੇ। ਨਵੇਂ ਮਕਾਨ, ਦੁਕਾਨ, ਫ਼ੈਕਟਰੀ ਆਦਿ `ਚ ਪ੍ਰਵੇਸ਼ ਨਹੀਂ ਕਰਦੇ। ਸ਼ਰਾਧਾਂ ਸਮੇਂ ਗੁਜ਼ਰੇ ਪਿਤ੍ਰਾਂ ਨਮਿੱਤ ਬ੍ਰਾਹਮਣਾਂ ਨੂੰ ਦਾਨ-ਦਿੰਦੇ ਤੇ ਭੋਜਨ ਕਰਵਾਂਦੇ ਹਨ।

ਪੁਰਾਨਾਂ ਰਾਹੀਂ ਵਿਸ਼ਵਾਸ ਦਿੱਤਾ ਗਿਆ ਹੈ ਕਿ ਦਿੱਤਾ-ਖੁਆਇਆ ਸਭ ਪਿੱਤ੍ਰ੍ਰ੍ਰ੍ਰਾਂ ਨੂੰ ਪੁੱਜਦਾ ਹੈ। ਇਹ ਵੀ ਡਰ ਪਾਇਆ ਗਿਆ ਹੈ, ਜਿਹੜੇ ਲੋਕ ਸਰਾਧ ਨਹੀਂ ਕਰਾਂਦੇ, ਉਨ੍ਹ੍ਹਾਂ ਦੇ ਪਿਤ੍ਰ੍ਰਾਂ ਨੂੰ ਭੁੱਖੇ ਰਹਿਣਾ ਪੈਂਦਾ ਹੈ। ਇਸ ਤੋਂ ਪਿਤ੍ਰ ਆਪਣਾ ਗੁੱਸਾ ਪ੍ਰ੍ਰਵਾਰ ਤੇ ਕੱਢਦੇ ਹਨ। ਪ੍ਰਵਾਰ `ਚ ਕੁਸ਼ਲਤਾ ਨਹੀਂ ਰਹਿੰਦੀ ਜੇ ਪ੍ਰਵਾਰ `ਚ ਕੋਈ ਐਕਸੀਡੈਂਟ, ਮਿਰਤੂ ਆਦਿ ਵੀ ਹੁੰਦੀ ਹੈ ਤਾਂ ਪਿਤ੍ਰਾਂ ਦੀ ਕਰੋਪੀ ਕਾਰਣ।

ਜਿਹੜੇ ਲੋਕ ਜੀਉਂਦੇ ਜੀਅ ਬਜ਼ੁਰਗਾਂ ਦਾ ਆਦਰ ਵੀ ਨਹੀਂ ਕਰਦੇ, ਜਿਨ੍ਹਾਂ ਬਜ਼ੁਰਗਾਂ ਦੀ ਮੌਤ ਹੀ ਪ੍ਰਵਾਰ ਵੱਲੋਂ ਦਿੱਤੀ ਗਈ ਭੁੱਖ, ਨੰਗ, ਰੋਗ, ਤ੍ਰਿ੍ਰਸਕਾਰ ਕਾਰਣ ਹੁੰਦੀ ਹੈ, ਅਜਿਹੇ ਲੋਕ ਪਿਤ੍ਰਾਂ ਲਈ ਕੁੱਝ ਨਾ ਵੀ ਕਰਣਾ ਚਾਹੁਣ, ਤਾਂ ਵੀ ਆਪਣੀ ਕੁਸ਼ਲਤਾ ਦੇ ਡੱਰ-ਸਰਾਧਾਂ `ਚ ਫਸੇ ਰਹਿੰਦੇ ਹਨ। ਦੂਜੇ ਪਾਸੇ ਬ੍ਰਾਹਮਣਾਂ ਦੇ ਬਿਨਾਂ ਮਿਹਨਤ ਹੀ ਪੌ-ਬਾਰਾਂ ਬਣੇ ਰਹਿੰਦੇ ਹਨ। ਮਨੂ ਸਿਮ੍ਰਿਤੀ ਅ: 3 `ਤੇ ਵਿਸ਼ਨੂੰ ਸਿਮ੍ਰਿਤੀ ਅ: 80 `ਚ ਲਿਖਿਆ ਹੈ- “ਸਰਾਧਾਂ `ਚ ਪਿੱਤਰਾਂ ਵਾਸਤੇ ਜੇਕਰ ਬ੍ਰਾਹਮਣਾਂ ਨੂੰ ਤਿਲ ਚਾਵਲ, ਜੌਂ, ਮਾਂਹ ਅਤੇ ਸਾਗ ਸਬਜ਼ੀ ਦਿੱਤੀ ਜਾਵੇ ਤਾਂ ਪਿੱਤਰ ਇੱਕ ਮਹੀਨਾ ਰੱਜੇ ਰਹਿੰਦੇ ਹਨ। ਮੱਛੀ ਦੇ ਮਾਸ ਨਾਲ ਦੋ ਮਹੀਨੇ, ਪੰਛੀਆਂ ਦੇ ਮਾਸ ਨਾਲ ਪੰਜ ਮਹੀਨੇ, ਬੱਕਰੇ ਦੇ ਮਾਸ ਨਾਲ ਛੇ ਮਹੀਨੇ, ਚਿੱਤਲ ਦੇ ਮਾਸ ਨਾਲ ਸੱਤ ਮਹੀਨੇ, ਚਿੰਕਾਰੇ ਦੇ ਮਾਸ ਨਾਲ ਅੱਠ ਮਹੀਨੇ, ਲਾਲ ਮਿਰਗ ਦੇ ਮਾਸ ਨਾਲ ਨੌਂ ਮਹੀਨੇ, ਝੋਟੇ ਦੇ ਮਾਸ ਨਾਲ ਦਸ ਮਹੀਨੇ, ਕਛੂਏ ਤੇ ਸਹੇ (ਹਿਰਨ) ਦੇ ਮਾਸ ਨਾਲ ਪਿੱਤਰ ਯਾਰਾਂ ਮਹੀਨੇ ਰੱਜੇ ਰਹਿੰਦੇ ਹਨ…” (ਅੰਤ ਬਾਰ੍ਹਵੇਂ ਮਹੀਨੇ ਤਾਂ ਫਿਰ ਸਰਾਧ ਆਉਣੇ ਹੀ ਹਨ)

ਸਰਾਧਾਂ ਬਾਰੇ ਗੁਰਬਾਣੀ ਦਾ ਫੈਸਲਾ-: ਗੁਰੂ ਦਰ `ਤੇ ਸਰਾਧ-ਨਰਾਤੇ, ਥਿਤਾਂ-ਵਾਰਾਂ ਦਾ ਉੱਕਾ ਮੱਹਤਵ ਨਹੀਂ, ਫੈਸਲਾ ਹੈ “ਸਾਈ ਘੜੀ ਸੁਲਖਣੀ ਸਿਮਰਤ ਹਰਿ ਨਾਮ” (ਪੰ:: 819) ਅਤੇ “ਸਤਿਗੁਰ ਬਾਝਹੁ ਅੰਧੁ ਗੁਬਾਰੁ॥ ਥਿਤੀ ਵਾਰ ਸੇਵਹਿ ਮੁਗਧ ਗਵਾਰ” (ਪੰ: 843) ਇਥੇ ਤਾਂ “ਗੁਰ ਪਰਸਾਦਿ ਭਰਮ ਕਾ ਨਾਸੁ” (ਪੰ: 294) ਵਾਲੀ ਗੱਲ ਹੈ। ਮਨੁੱਖ ਸੰਸਾਰ `ਚ ਆਉਂਦਾ ਤੇ ਚਲਾ ਜਾਂਦਾ ਹੈ। ਵਹਿਮਾਂ-ਭਰਮਾਂ `ਚ ਫਸੇ ਲੋਕ ਪਹਿਲਾਂ ਕਾਵਾਂ-ਕੁਤਿੱਆਂ ਲਈ ਪਿੰਡ-ਪਤੱਲ ਕਰਦੇ ਹਨ। ਉਪ੍ਰੰਤ ਬ੍ਰਾਹਮਣਾਂ ਨੂੰ ਭੋਜਨ ਤੇ ਦਾਨ-ਦੱਛਣਾ ਦਿੰਦੇ ਹਨ। ਅਜਿਹੇ ‘ਗੁਰਬਾਣੀ-ਗੁਰੂ’ ਵਾਲੇ ਗਿਆਨ ਤੋਂ ਕੋਰੇ ਮਨੁੱਖ, ਗੁਰਬਾਣੀ ਅਨੁਸਾਰ ਜਨਮ ਮਰਨ ਦੇ ਗੇੜ `ਚ ਹੀ ਪਏ ਰਹਿੰਦੇ ਹਨ। ਫੁਰਮਾਨ ਹੈ “ਆਇਆ ਗਇਆ ਮੁਇਆ ਨਾਉ॥ ਪਿਛੈ ਪਤਲਿ ਸਦਿਹੁ ਕਾਵ॥ ਨਾਨਕ ਮਨਮੁਖਿ ਅੰਧੁ ਪਿਆਰੁ॥ ਬਾਝੁ ਗੁਰੂ ਡੁਬਾ ਸੰਸਾਰ” (ਪੰ: 138) ਇਸੇ ਤਰ੍ਹਾਂ “ਜੀਵਤ ਪਿਤਰ ਨ ਮਾਨੈ ਕੋਊ ਮੂਏ ਸਿਰਾਧ ਕਰਾਹੀ॥ ਪਿਤਰ ਭੀ ਬਪੁਰੇ ਕਹੁ ਕਿਉ ਪਾਵਹਿ ਕਊਆ ਕੂਕਰ ਖਾਹੀ॥ ੧॥ ਮੋ ਕਉ ਕੁਸਲੁ ਬਤਾਵਹੁ ਕੋਈ॥ ਕੁਸਲੁ ਕੁਸਲੁ ਕਰਤੇ ਜਗੁ ਬਿਨਸੈ ਕੁਸਲੁ ਭੀ ਕੈਸੇ ਹੋਈ” (ਪੰ: 332) ਕਿਉਂਕਿ ਪ੍ਰਾਣੀ ਦਾ ਨਿਬੇੜਾ ਉਸ ਦੇ ਕੀਤੇ ਚੰਗੇ-ਮਾੜੇ ਕਰਮਾਂ `ਤੇ ਹੀ ਹੁੰਦਾ ਹੈ। ਸਰਾਧਾਂ ਪਖੋਂ ਲੋਕਾਈ ਨੂੰ ਸੁਚੇਤ ਕਰਣ ਲਈ ਹੀ ਤਾਂ ਗੁਰੂ ਨਾਨਕ ਪਾਤਸ਼ਾਹ ਉਚੇਚੇ ਹਰਦੁਆਰ ਗਏ। ਗਯਾ ਪੁੱਜ ਕੇ ‘ਦੀਵਾ ਮੇਰਾ ਏਕ ਨਾਮੁ’ (ਪੰ: 358) ਵਾਲਾ ਉਪਦੇਸ ਦਿੱਤਾ। ਲਾਹੋਰ `ਚ ਸੇਠ ਦੁਨੀ ਚੰਦ ਵਾਲੀ ਘਟਨਾ ਵੀ ਸਰਾਧਾਂ ਦੇ ਸਬੰਧ `ਚ ਹੀ ਹੈ।

ਅਗਿਆਨੀ ਸਿੱਖ ਪ੍ਰ੍ਰਵਾਰਾਂ ਬਾਰੇ-: ਬਾਣੀ ਦੀ ਪ੍ਰਤੱਖ ਸੇਧ ਦੇ ਬਾਵਜੂਦ ਕੁੱਝ ਸੰਗਤਾਂ ਵੀ ਸਰਾਧਾਂ `ਚ ਰੁਝੀਆਂ ਹੁੰਦੀਆਂ ਹਨ। ਗੁਰਦੁਆਰਿਆਂ `ਚ ਦੇਗਾਂ, ਮਿੱਠੇ ਚਾਵਲ, ਮਠਿਆਈਆਂ, ਫਰੂਟ ਦੇ ਲੰਗਰ ਜਾਂ ਪੰਜਾਂ-ਪੰਜਾਂ ਸਿੱਖਾਂ ਨੂੰ ਭੋਜਨ ਛਕਾਇਆ ਜਾਂਦਾ ਹੈ। ਫਿਰ ਵੀ ਕਹਿੰਦੇ ਹਨ ‘ਅਸੀਂ ਸ਼ਰਾਧਾਂ ਨੂੰ ਨਹੀਂ ਮੰਨਦੇ...’, ਬ੍ਰਾਹਮਣਾਂ ਨੂੰ ਨਹੀਂ ਮੰਨਦੇ…’, ‘ਗੁਰਦੁਆਰੇ ਹੀ ਤਾਂ ਦਿੱਤਾ ਹੈ’ … ‘ਗੁਰਸਿੱਖਾਂ ਨੂੰ ਹੀ ਤਾਂ ਛਕਾਇਆ ਹੈ’ ਆਦਿ। ਇਸ ਬਾਰੇ ਸਾਡੇ ਪ੍ਰਬੰਧਕ, ਭਾਈ ਸਾਹਿਬਾਨ ਤੇ ਪ੍ਰਚਾਰਕਾਂ ਨੂੰ ਵੀ ਸੁਚੇਤ ਹੋਣ ਦੀ ਲੋੜ ਹੈ। ਸਿਰਾਂ `ਤੇ ਦਸਤਾਰਾਂ, ਦਾਹੜੇ ਪ੍ਰਕਾਸ਼, ਗਾਤਰੇ ਕ੍ਰਿਪਾਨਾਂ ਪਰ ਜਾ ਰਹੇ ਹੁੰਦੇ ਹਨ ‘ਸਰਾਧ ਛਕਣ’ ਕਿਉਂਕਿ ਦਾਨ-ਦੱਛਣਾ-ਕਪੜੇ ਆਦਿ ਵੀ ਮਿਲਣੇ ਹਨ’। ਪੁਛੋ ਤਾਂ ਕਹਿੰਦੇ ਹਨ, ‘ਸੰਗਤਾਂ ਦੀ ਸ਼ਰਧਾ ਹੀ ਤਾਂ ਪੂਰੀ ਕਰਣੀ ਹੈ”। ਲੋੜ ਹੈ ਅਜਿਹੇ ਸਮਿਆਂ `ਤੇ ਗੁਰਦੁਆਰਿਆਂ `ਚ ਪੁੱਜੇ ਲੰਗਰ, ਫਰੂਟ, ਵਸਤਾਂ ਲਈ ਨਮ੍ਰਤਾ ਸਹਿਤ ਮਨ੍ਹਾ ਕਰ ਦਿੱਤਾ ਜਾਵੇ। ਅਜਿਹਾ ਕਰਣਾ ਕਿਸੇ ਦੀ ਸ਼ਰਧਾ ਨੂੰ ਤੋੜਣਾ ਨਹੀਂ, ਬਲਕਿ ਸਿੱਖੀ ਦੇ ਪ੍ਰਚਾਰ `ਚ ਫਰਜ਼ ਪੂਰਾ ਕਰਣਾ ਤੇ ਸੰਗਤਾਂ ਨੂੰ ਜਾਗ੍ਰਿਤ ਕਰਣਾ ਹੈ। ਜੇਕਰ ਸਾਂਝ ਪਿਆਰ ਵਧਾਉਣ, ਸੰਗਤਾਂ ਦਾ ਉਤਸਾਹ ਕਾਇਮ ਰਖਣ ਜਾਂ ਕਿਸੇ ਪੰਥਕ ਉਸਾਰੂ ਬਿਰਤੀ ਕਾਰਣ ਉਹਨਾਂ ਦੀ ਸੇਵਾ ਨੂੰ ਪ੍ਰਵਾਨ ਕਰਣਾ ਵੀ ਹੋਵੇ ਤਾਂ ਗੁਰਮਤਿ ਪਾਠ ਨੰ: 10 ਉਹਨਾਂ ਨੂੰ ਦੇ ਦਿੱਤਾ ਜਾਵੇ, ਇਸ ਤਰ੍ਹਾਂ ਅਗੋਂ ਵਾਸਤੇ ਤਾਂ ਉਹਨਾਂ ਨੂੰ ਸੁਚੇਤ ਕੀਤਾ ਹੀ ਜਾ ਸਕਦਾ ਹੈ।

ਜੋਤੀ-ਜੋਤ ਪੁਰਬ-: ਬਾਕੀ ਰਹੀ ਗੱਲ ਗੁਰੂ ਨਾਨਕ ਸਾਹਿਬ ਦੇ ਜੋਤੀ ਜੋਤ ਪੁਰਬ ਦੀ, ਖੋਜਾਂ ਅਨੁਸਾਰ ਇਹ ਪੁਰਬ ‘ਅਸੂ ਸੁਦੀ ਦਸਵੀਂ’ ਦਾ ਹੈ। ਪੰਦਰ੍ਹਾਂ ਦਿਨ੍ਹਾਂ ਦੀ ਹੇਰਾ ਫ਼ੇਰੀ ਕਰ ਕੇ ਇਸ ਨੂੰ ਬਦੋਬਦੀ ਸਰਾਧਾਂ ਦੇ ਦਿਨਾਂ `ਚ ਲੈ ਆਉਣਾ-ਸੰਗਤਾਂ ਨੂੰ ਬ੍ਰਾਹਮਣੀ ਸਰਾਧਾਂ `ਚ ਉਲਝਾਉਣ ਦੀ ਵਿਰੋਧੀ ਸ਼ਰਾਰਤ, ਸਾਡੀ ਅਣਗਹਿਲੀ ਕਾਰਣ ਹੀ ਸਫ਼ਲ ਹੈ। ਅਣਜਾਨ ਸੰਗਤਾਂ `ਚ ਇਸ ਨੂੰ ‘ਦਸਮੀ ਦਾ ਪੁਰਬ’ ਜਾਂ ‘ਦਸਵੀਂ ਦਾ ਸਰਾਧ’ ਤੀਕ ਕਿਹਾ ਜਾ ਰਿਹਾ ਹੈ। ਕਈ ਵਾਰੀ ਸ਼ਰਾਧਾਂ ਵਾਲੇ ਢੰਗ ਨਾਲ ਉਚੇਚੇ ਪੂਰੀਆਂ-ਖੀਰਾਂ ਦੇ ਲੰਗਰ ਵੀ ਕੀਤੇ ਜਾਂਦੇ ਹਨ। ਬ੍ਰਾਹਮਣੀ ਨੀਯਮਾਂ ਅਨੁਸਾਰ ਇਹ ‘ਬੁੱਢਾ ਮਰਨਾ’ ਤੇ ਗੁਰੂ ਸਾਹਿਬ ਤੇ ਗੁਰਬਾਣੀ-ਗੁਰੂ ਲਈ ਬੇਅਦਬੀ ਸੂਚਕ ਹੈ। ਜੇਕਰ ਮੰਨ ਲਿਆ ਜਾਵੇ ਕਿ ਪੁਰਬ ‘ਅਸੂ ਵਦੀ ਦਸਵੀਂ’ ਭਾਵ ਸ਼ਰਾਧਾਂ `ਚ ਹੀ ਪੈਂਦਾ ਹੈ ਤਾਂ ਵੀ ਇਸ ਦਾ ਮਤਲਬ ‘ਦਸਵੀਂ ਦਾ ਪੁਰਬ’ ਜਾਂ ‘ਸਰਾਧ’ ਕਿਵੇਂ ਹੋ ਗਿਆ? ਸਰਾਧਾਂ ਬਾਰੇ ਬਾਣੀ ਦੀ ਸੇਧ ਬਿਲਕੁਲ ਸਪਸ਼ਟ ਹੈ।

ਸੰਗਤਾਂ ਦੀ ਸੇਵਾ `ਚ ਸਨਿਮ੍ਰ ਬੇਨਤੀ ਹੈ ਕਿ ਆਪਣੇ ਘਰਾਂ `ਚ ਅਨੰਦ ਕਾਰਜ ਅਤੇ ਹੋਰ ਖੁਸ਼ੀ ਦੇ ਕਾਰਜ ਜਾਂ ਨਵੀਆਂ ਉਸਾਰੀਆਂ ਉਚੇਚੇ ਸ਼ਰਾਧਾਂ ਦੇ ਦਿਨਾਂ `ਚ ਹੀ ਕਰਣਇਸ ਦੇ ਵੱਡੇ ਲਾਭ ਹਨ-ਵਹਿਮੀ ਲੋਕਾਂ ਕਾਰਣ ਹਰੇਕ ਵਸਤ ਸੁਖੱਲੀ ਤੇ ਸਸਤੀ ਮਿਲੇਗੀ। ਮਨਾਂ `ਚੋਂ ਵਹਿਮਾਂ ਭਰਮਾਂ ਦਾ ਨਾਸ ਹੋਵੇਗਾ। ਅਗਿਆਨਤਾ `ਚ ਫਸੇ ਲੋਕ ਵੀ ਵਹਿਮਾਂ ਭਰਮਾਂ `ਚੋਂ ਨਿਕਲ ਕੇ ਆਪਣੇ ਜੀਵਨ ਦਾ ਰਸ ਮਾਣ ਸਕਣਗੇ। ਗੁਰਮਤਿ ਦੇ ਪ੍ਰਚਾਰ ਨੂੰ ਵੀ ਆਪ ਮੁਹਾਰੀ ਤਾਕਤ ਮਿਲੇਗੀ

ਨੌਰਾਤੇ-: ਇਹਨਾ ਦਾ ਸਬੰਧ ਵੀ ਦੇਵੀ ਪੂਜਾ ਨਾਲ ਹੈ, ਜਦਕਿ ਸਿੱਖ ਦਾ ਧਰਮ ਹੀ ੴ ਤੋਂ ਆਰੰਭ ਹੁੰਦਾ ਹੈ, ਜਿੱਥੇ ਦੇਵੀ-ਦੇਵਤਿਆਂ ਜਾਂ ਕਿਸੇ ਵੀ ਅਣ-ਪੂਜਾ ਨੂੰ ਕੋਈ ਥਾਂ ਨਹੀਂ। ਕੰਜਕਾਂ ਵੀ ਇਸੇ ਦੇਵੀ-ਵਿਸ਼ਵਾਸ ਦਾ ਹਿੱਸਾ ਹਨ ਅਤੇ ਸਿੱਖ ਦਾ ਕੰਜਕਾਂ ਨਾਲ ਵੀ ਕੋਈ ਸਬੰਧ ਨਹੀਂ। ਇਸ ਤਰ੍ਹਾਂ ਮੀਟ-ਆਂਡਾ ਆਦਿ ਛਕਣ ਵਾਲੀਆਂ ਸੰਗਤਾਂ ਨੂੰ ਅਜਿਹੇ ਪਰਹੇਜ਼ਾਂ `ਚ ਪੈਣਾ ਜਾਂ ਉਚੇਚੇ ਨਵੀਆਂ ਖਰੀਦ ਦਾਰੀਆਂ ‘ਗੁਰਬਾਣੀ ਆਦੇਸ਼ਾਂ ਬਾਰੇ ਅਗਿਆਣਤਾ’ ਦਾ ਹੀ ਪ੍ਰਤੀਕ ਹੈ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top