Share on Facebook

Main News Page

ਅਕਾਲ ਤਖਤ ਦੇ ਹੁਕਮਾਂ ਦੀ ਉਲੰਘਣਾ ਕਰਕੇ, "ਜੋਸਨ" ਜਠੇਰਿਆਂ ਦੀਆਂ ਸਮਾਧਾਂ 'ਤੇ ਸ਼੍ਰੋਮਣੀ ਕਮੇਟੀ ਮੈਂਬਰ ਨੇ ਰੱਖਵਾਏ ਅਖੰਡ ਪਾਠ

ਅੰਮ੍ਰਿਤਸਰ 27 ਮਾਰਚ: ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਲੰਮੇ ਸਮੇਂ ਤੋਂ ਮੈਂਬਰ ਚੱਲੇ ਆ ਰਹੇ ਸ੍ਰ. ਸ਼ੰਗਾਰਾ ਸਿੰਘ ਲੋਹੀਆਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਦੀਆਂ ਧੱਜੀਆਂ ਉਡਾਉਦਿਆਂ "ਜੋਸਨ" ਜਠੇਰਿਆਂ ਦੀਆਂ ਸਮਾਧਾਂ 'ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਵਿਰੋਧ ਦੇ ਬਾਵਜੂਦ ਵੀ, ਅੱਜ ਅਖੰਡ ਪਾਠ ਆਰੰਭ ਕਰਵਾ ਦਿੱਤੇ, ਜਦ ਕਿ ਜਥੇਦਾਰ ਅਕਾਲ ਤਖਤ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਹੁਕਮਨਾਮੇ ਦੀ ਉਲੰਘਣਾ ਕਰਨ ਵਾਲੇ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ, ਭਾਂਵੇ ਉਹ ਸ਼੍ਰੋਮਣੀ ਕਮੇਟੀ ਮੈਂਬਰ ਹੀ ਕਿਉਂ ਨਾ ਹੋਵੇ।

ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਮੁੱਖੀ ਸ੍ਰ ਸੁਖਜੀਤ ਸਿੰਘ ਨੇ ਕਿਹਾ ਕਿ ਅੱਜ ਸਿੱਖ ਕੌਮ ਦੀ ਮੰਦਭਾਗਾ ਦਿਨ ਹੈ ਜਦੋਂ ਪੰਜਾਬ ਦੀ ਮੌਜੂਦਾ ਪੰਥਕ ਸਰਕਾਰ ਦੇ ਇੱਕ ਮੰਤਰੀ ਅਜੀਤ ਸਿੰਘ ਕੋਹਾੜ ਅਤੇ ਮੈਬਰ ਸ਼੍ਰੋਮਣੀ ਕਮੇਟੀ ਸ਼ੰਗਾਰਾ ਸਿੰਘ ਲੋਹੀਆਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀਆ ਧੱਜੀਆ ਉਡਾਉਦਿਆ ਜੋਸਨ ਜਠੇਰਿਆ ਦੀਆ ਸਮਾਧਾਂ ਤੇ 19 ਅਖੰਡ ਪਾਠਾ ਦਾ ਆਰੰਭ ਕਰਵਾ ਦਿੱਤਾ ਹੈ। ਉਹਨਾਂ ਕਿਹਾ ਕਿ ਜੋਸ਼ਨ ਜਠੇਰਿਆ ਦਾ ਜਗ੍ਹਾ ਤੇ ਪੂਰੀ ਤਰ੍ਹਾਂ ਮਨਮੱਤ ਕੀਤੀ ਜਾਂਦੀ ਹੈ ਜਿਥੇ ਸੱਤ ਵੱਖਰੋ ਵੱਖ ਆਲੇ ਬਣਾ ਕੇ ਦੀਵੇ ਜਗ੍ਹਾ ਕੇ ਮੱਥਾ ਟੇਕਿਆ ਜਾਂਦਾ ਹੈ ਜੋ ਪੰਥਕ ਰਹਿਤ ਮਰਿਆਦਾ ਦੇ ਵੀ ਅਨੂਕੂਲ ਨਹੀਂ ਹੈ। ਉਹਨਾਂ ਕਿਹਾ ਕਿ ਪੰਜਾਬ ਦੀ ਪੰਥਕ ਸਰਕਾਰ ਵੱਲੋ ਦੋਹਰੇ ਮਾਪਦੰਡ ਅਪਨਾਏ ਜਾ ਰਹੇ ਹਨ, ਕਿਉਂਕਿ ਜਦੋਂ ਉਹਨਾਂ ਨੂੰ ਖੁਦ ਸ੍ਰੀ ਅਕਾਲ ਤਖਤ ਸਾਹਿਬ ਦੀ ਜਰੂਰਤ ਹੁੰਦੀ ਹੈ ਉਦੋ ਤਾਂ ਅਕਾਲ ਤਖਤ ਮਹਾਨ ਹੋ ਜਾਂਦਾ ਹੈ, ਜਦੋਂ ਉਹਨਾਂ ਨੂੰ ਲੋੜ ਨਹੀਂ ਹੁੰਦੀ ਉਦੋ ਅਕਾਲ ਤਖਤ ਦੇ ਹੁਕਮਾਂ ਨੂੰ ਅੱਖੋ ਪਰੋਖੇ ਕੀਤਾ ਜਾਂਦਾ ਹੈ।

ਉਹਨਾਂ ਕਿਹਾ ਕਿ ਬੀਤੇ ਕਲ ਸ੍ਰੀ ਅਕਾਲ ਤਖਤ ਸਾਹਿਬ ਤੋਂ ਪੰਜ ਪਿਆਰੇ ਮੌਕਾ ਵੇਖਣ ਲਈ ਭੇਜੇ ਗਏ ਸਨ, ਜਿਹਨਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨ ਗੁਰਬਚਨ ਸਿੰਘ ਦਾ ਆਦੇਸ਼ ਸੁਣਾਉਦਿਆਂ ਕਿਹਾ ਸੀ ਕਿ ਸਥਿਤ ਜਿਉਂ ਦੀ ਤਿਉਂ ਬਣੀ ਰਹਿਣ ਦਿੱਤੀ ਜਾਵੇ, ਪਰ ਸ਼੍ਰੋਮਣੀ ਕਮੇਟੀ ਮੈਂਬਰ ਸ਼ੰਗਾਰਾ ਸਿੰਘ ਲੋਹੀਆਂ ਨੇ ਹੁਕਮਾਂ ਦੀ ਪ੍ਰਵਾਹ ਕੀਤੇ ਬਗੈਰ ਹੀ ਅੱਜ ਸਵੇਰੇ ਛੇ ਵਜੇ ਹੀ 19 ਅਖੰਡ ਪਾਠ ਆਰੰਭ ਕਰਵਾ ਦਿੱਤੇ। ਉਹਨਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਨੇ ਉਥੇ ਸਵੇਰੇ ਸੱਤ ਵਜੇ ਪਹੁੰਚਣਾ ਸੀ, ਪਰ ਉਹਨਾਂ ਦੇ ਪਹੁੰਚਣ ਤੋਂ ਪਹਿਲਾਂ ਹੀ ਸਭ ਕੁਝ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੇ ਵਿਰੁੱਧ ਹੋ ਗਿਆ।

ਉਹਨਾਂ ਕਿਹਾ ਕਿ ਅਜੀਤ ਸਿੰਘ ਜੋ ਕਿ ਪੰਜਾਬ ਸਰਕਾਰ ਵਿੱਚ ਮੰਤਰੀ ਹੈ ਦੇ ਆਦੇਸ਼ਾਂ ਤੇ ਅਖੰਡ ਪਾਠਾਂ ਦੀ ਰਾਖੀ ਕਰਨ ਲਈ ਤਿੰਨ ਚਾਰ ਸੌ ਪੁਲੀਸ ਮੁਲਾਜਮ ਲਗਾ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਸਿੱਖ ਪੰਥ ਲਈ ਇਸ ਤੋਂ ਹੋਰ ਕੋਈ ਵੱਡੀ ਘਟਨਾ ਨਹੀਂ ਹੋ ਸਕਦੀ ਕਿ ਪੰਜਾਬ ਦਾ ਅਕਾਲੀ ਮੰਤਰੀ ਤੇ ਸ਼ਰੋਮਣੀ ਕਮੇਟੀ ਮੈਂਬਰ ਹੀ ਅਕਾਲ ਤਖਤ ਦੇ ਹੁਕਮਾਂ ਦੀਆਂ ਧੱਜੀਆਂ ਉਡਾ ਰਹੇ ਹਨ। ਉਹਨਾਂ ਕਿਹਾ ਕਿ ਉਹ ਸ਼ਾਹਕੋਟ ਹਲਕੇ ਵਿੱਚ ਪਿੰਡ ਪਿੰਡ ਪਿੰਡ ਜਾ ਕੇ ਪਰਚਾਰ ਕਰਨਗੇ ਕਿ ਅਕਾਲੀਆਂ ਵੱਲੋ ਹੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀਆਂ ਜੇਕਰ ਧੱਜੀਆਂ ਉਡਾਈਆਂ ਜਾਂਦੀਆਂ ਹਨ, ਤਾਂ ਫਿਰ ਸੰਗਤਾਂ ਨੂੰ ਇਹ ਇਹ ਕਿਹੜਾ ਪੰਥਕ ਪਾਠ ਪੜਾਉਣਗੇ। ਉਹਨਾਂ ਕਿਹਾ ਕਿ ਉਹਨਾਂ ਨੇ ਇਸ ਸਬੰਧ ਵਿੱਚ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਮੰਗ ਪੱਤਰ ਵੀ ਦਿੱਤਾ ਸੀ, ਪਰ ਉਹਨਾਂ ਦੇ ਮੰਗ ਪੱਤਰ 'ਤੇ ਕੋਈ ਕਾਰਵਾਈ ਨਹੀਂ ਹੋਈ। ਉਹਨਾਂ ਕਿਹਾ ਕਿ ਕੌਮ ਦੀ ਬਦਕਿਸਮਤੀ ਹੈ, ਕਿ ਵੋਟਾਂ ਦੀ ਖਾਤਰ ਅਕਾਲੀ ਹੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀਆਂ ਧੱਜੀਆਂ ਉਡਾ ਰਹੇ ਹਨ ਤੇ ਮਨਮੱਤ ਕਰ ਰਹੇ ਹਨ।

ਇਸ ਸਬੰਧੀ ਜਦੋਂ ਜਥੇਦਾਰ ਅਕਾਲ ਤਖਤ ਗਿਆਨੀ ਗੁਰਬਚਨ ਸਿੰਘ ਨੂੰ ਪੁੱਛਿਆ ਗਿਆ ਤਾਂ ਉਹਨਾਂ ਕਿਹਾ ਕਿ ਉਹਨਾਂ ਨੂੰ ਪੰਜ ਪਿਆਰਿਆਂ ਨੇ ਆ ਕੇ ਰਿਪੋਰਟ ਦਿੱਤੀ ਹੈ, ਤੇ ਇਹ ਵੀ ਜਾਣਕਾਰੀ ਮਿਲੀ ਹੈ ਕਿ ਸ਼੍ਰੋਮਣੀ ਕਮੇਟੀ ਮੈਂਬਰ ਸ਼ੰਗਾਰਾ ਸਿੰਘ ਲੋਹੀਆਂ ਨੇ ਅਕਾਲ ਤਖਤ ਵੱਲੋ ਜਾਰੀ ਕੀਤਾ ਹੁਕਮਨਾਮਾ ਅੱਖੋ ਪਰੋਖੇ ਜੋਸ਼ਨ ਜਠੇਰਿਆਂ ਦੇ ਮੱਠਾਂ ਤੇ ਅਖੰਡ ਪਾਠ ਰੱਖਵਾਏ ਹਨ, ਅਤੇ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ, ਭਾਂਵੇ ਉਹ ਕਿਸੇ ਵੀ ਰੁਤਬੇ ‘ਤੇ ਵੀ ਕਿਉਂ ਨਾ ਬੈਠਾ ਹੋਵੇ।

ਇਸ ਸਬੰਧੀ ਜਦੋ ਸ਼੍ਰੋਮਣੀ ਕਮੇਟੀ ਮੈਂਬਰ ਸ਼ੰਗਾਰਾ ਸਿੰਘ ਲੋਹੀਆਂ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ 1947 ਤੋਂ ਪਹਿਲਾਂ ਤੋਂ ਹੀ ਇਥੇ ਪਿੰਡ ਸਿੱਧਪੁਰ ਦੇ ਲੋਕ ਅਖੰਡ ਪਾਠ ਕਰਾਉਦੇ ਆ ਰਹੇ ਹਨ ਤੇ ਉਹਨਾਂ ਦੀਆਂ ਭਾਵਨਾਵਾਂ ਦੀ ਪੰਥ ਨਾਲ ਜੁੜੀਆਂ ਹੋਈਆਂ ਹਨ। ਉਹਨਾਂ ਕਿਹਾ ਕਿ ਸਤਿਕਾਰ ਕਮੇਟੀ ਦੀ ਸਲਾਹ ਨਾਲ ਹੀ ਪਿੰਡ ਵਾਲਿਆਂ ਨੇ ਉਥੇ ਵੱਖਰਾ ਵੱਡਾ ਹਾਲ ਵੀ ਬਣਾ ਲਿਆ ਹੈ ਤੇ ਉਥੇ ਕੋਈ ਵੀ ਸਮਾਧ ਨਹੀਂ ਹੈ ਅਤੇ ਨਾ ਹੀ ਉਹ ਕਿਸੇ ਸਮਾਧ 'ਤੇ ਅਖੰਡ ਪਾਠ ਰਖਾਉਣ ਦੇ ਹੱਕ ਵਿੱਚ ਹਨ। ਉਹਨਾਂ ਕਿਹਾ ਕਿ ਬੀਤੇ ਕਲ ਪੰਜ ਪਿਆਰੇ ਆਏ ਸਨ, ਜਿਹਨਾਂ ਕਿਹਾ ਸੀ ਕਿ ਉਹਨਾਂ ਨੇ ਮੌਕਾ ਵੇਖ ਲਿਆ ਹੈ ਅਤੇ ਉਹ ਜਾ ਕੇ ਜਥੇਦਾਰ ਅਕਾਲ ਤਖਤ ਨੂੰ ਰਿਪੋਰਟ ਦੇ ਦੇਣਗੇ, ਪਰ ਅੱਜ ਸਵੇਰੇ ਛੇ ਵਜੇ ਹੀ ਪਿੰਡ ਵਾਲਿਆਂ ਨੇ ਅਖੰਡ ਪਾਠ ਰੱਖਵਾ ਦਿੱਤੇ ਹਨ।

ਉਹਨਾਂ ਕਿਹਾ ਕਿ ਉਹ ਇਸ ਗੱਲ ਦੇ ਹੱਕ ਵਿੱਚ ਵੀ ਨਹੀਂ ਹਨ ਕਿ 19 ਅਖੰਡ ਪਾਠ ਇਕੱਠੇ ਰੱਖੇ ਜਾਣ ਸਗੋਂ ਇੱਕ ਇੱਕ ਕਰਕੇ ਲੜੀਵਾਰ ਕਰਵਾਏ ਜਾਣੇ ਚਾਹੀਦੇ ਹਨ ਪਰ ਪਿੰਡ ਵਾਲਿਆ ਦਾ ਤਰਕ ਸੀ ਕਿ ਨਾਨਕਸਰ ਵਾਲੇ ਤਾਂ 150-150 ਇਕੱਠੇ ਕਰਵਾਈ ਜਾਂਦੇ ਹਨ। ਉਹਨਾਂ ਕਿਹਾ ਕਿ ਉਹ ਸ੍ਰੀ ਅਕਾਲ ਤਖਤ ਸਾਹਿਬ ਅਤੇ ਮਰਿਆਦਾ ਨੂੰ ਪੂਰੀ ਤਰ੍ਹਾਂ ਸਮੱਰਪਿਤ ਹਨ ਅਤੇ ਜਥੇਦਾਰ ਜੀ ਦੇ ਹਰ ਹੁਕਮ ਨੂੰ ਮੰਨਣ ਲਈ ਪਾਬੰਦ ਹਨ। ਉਹਨਾਂ ਕਿਹਾ ਕਿ ਪਿੰਡ ਵਾਲਿਆਂ ਕੋਲੋ ਲਿਖਵਾ ਕੇ ਲੈ ਲਿਆ ਗਿਆ ਹੈ, ਕਿ ਉਹ ਭਵਿੱਖ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਮੁਤਾਬਕ ਹੀ ਅਖੰਡ ਪਾਠ ਕਰਵਾ ਸਕਣਗੇ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top