Share on Facebook

Main News Page

ਗੁਰਬਚਨ ਸਿੰਘ ਜੀ ਅੱਜ ਦੇ ਦਿਨ ਭਾਈ ਜਸਪਾਲ ਸਿੰਘ ਚੌੜ੍ਹ ਸਿੱਧਵਾਂ ਸ਼ਹੀਦ ਹੋਇਆ ਸੀ... !
-: ਗੁਰਿੰਦਰਪਾਲ ਸਿੰਘ ਧਨੌਲਾ 93161 76519

ਜਦ ਕਿਧਰੇ ਇਤਿਹਾਸ ’ਚ ਗੱਲਾਂ ਹੋਣਗੀਆਂ ਬੇ ਵਕਤੇ ਮਰਿਆਂ ਨੂੰ ਅੱਖੀਆਂ ਰੋਣਗੀਆਂ, ਬੇਸ਼ੱਕ ਇਹ ਬੀਬੀ ਜਗਮੋਹਨ ਕੌਰ ਵੱਲੋਂ ਗਾਏ ਇੱਕ ਗੀਤ ਦੀਆਂ ਲਾਈਨਾਂ ਹਨ, ਪਰ ਇਹਨਾਂ ਦੇ ਅਰਥ ਬੜੇ ਹੀ ਡੂੰਘੇ ਹਨ। ਅੱਜ ਦਾ ਉਹ ਮਨਹੂਸ ਦਿਨ, ਜਿਸ ਨੇ ਸਾਡੇ ਇੱਕ ਕੋਮਲ ਜਿਹੇ ਵੀਰ ਭਾਈ ਜਸਪਾਲ ਸਿੰਘ ਚੌੜ੍ਹ ਸਿੱਧਵਾਂ ਨੂੰ ਸਾਥੋਂ ਖੋਹ ਲਿਆ ਸੀ, ਫਿਰ ਉਹ ਹੀ ਪੀੜ ਲੈ ਕੇ ਸਵੇਰ ਦਾ ਸੂਰਜ ਉੱਗੇਗਾ ਅਤੇ ਝੂਠੇ ਭਰੋਸਿਆਂ ਦੀ ਕੜਕਦੀ ਧੁੱਪ ਦੇ ਕੇ ਅਸਤ ਹੋ ਜਾਵੇਗਾ। ਸਵੇਰ ਸਾਰ ਮਾਪਿਆਂ ਨੂੰ ਅਹਿਸਾਸ ਹੋਵੇਗਾ ਕਿ 29 ਮਾਰਚ 2012 ਤਾਂ ਸਵੇਰੇ ਵੇਲੇ ਭਾਈ ਜਸਪਾਲ ਸਿੰਘ ਵਿਹੜੇ ਵਿੱਚ ਅਡੋਲ ਘੁੰਮਦਾ ਪਿਆ ਸੀ, ਪਰ ਜਦੋਂ ਆਪਣੀ ਕੌਮ ਦੇ ਦਰਦ ਲੈ ਕੇ ਘਰੋਂ ਨਿਕਲਿਆ ਫਿਰ ਤਰਕਾਲਾਂ ਨੂੰ ਘਰ ਆਉਣ ਦੀ ਥਾਂ ਪੋਸਟਮਾਰਟਮ ਵਾਲੇ ਫਰਸ਼ੀ ਮੰਜੇ ਉੱਤੇ ਗੋਲੀਆਂ ਨਾਲ ਵਿੰਨਿਆ ਪਿਆ ਸੀ। ਇਹ ਗੋਲੀਆਂ ਵੀ ਕਿਸੇ ਅਗਿਆਤ ਵਿਅਕਤੀ ਦੀਆਂ ਨਹੀਂ, ਸਗੋਂ ਸਰਕਾਰੀ ਕਾਰਖਾਨੇ ਵਿਚ ਬਣੀਆਂ, ਇੱਕ ਸਰਕਾਰੀ ਬੰਦੂਕ ਦੀ ਨਾਲੀ ਵਿੱਚੋਂ, ਖਾਕੀ ਵਰਦੀ ਵਾਲੇ ਹੱਥ ਨੂੰ ਹਕੂਮਤ ਅਤੇ ਨਿਜ਼ਾਮ ਦਾ ਇਸ਼ਾਰਾ ਮਿਲਣ ਤੇ ਦਬਾਏ ਘੋੜੇ ਨਾਲ ਚੱਲੀਆਂ ਸਨ ਅਤੇ ਇੱਕ ਫੁੱਲ ਵਰਗੇ ਬੇ ਗੁਨਾਹ ਨੌਜਵਾਨ ਦੇ ਨਰਮ ਜਿਹੇ ਜੁੱਸੇ ਨੂੰ ਚੀਰ ਗਈਆਂ ਸਨ।

ਦਾਸ ਲੇਖਕ ਅਤੇ ਸ. ਪਰਮਜੀਤ ਸਿੰਘ ਸਹੌਲੀ ਨੂੰ ਵੀ ਉਸ ਦਿਨ ਵੀ ਸ. ਪ੍ਰਕਾਸ਼ ਸਿੰਘ ਬਦਲ ਦੇ ਓ.ਐਸ.ਡੀ.ਡਾਕਟਰ ਦਿਲਜੀਤ ਸਿੰਘ ਚੀਮਾਂ (ਹੁਣ ਮੰਤਰੀ), ਨੇ ਪੁਲਿਸ ਨੂੰ ਆਖਕੇ ਗ੍ਰਿਫਤਾਰ ਕਰਵਾ ਦਿੱਤਾ ਸੀ ਅਤੇ ਇਹ ਹਿਰਦੇ ਵੇਦਿਕ ਖਬਰ ਵੀ ਮੁਹਾਲੀ ਦੇ ਅੱਠ ਫੇਸ ਥਾਣੇ ਵਿੱਚ ਹੀ ਸੁਣੀ ਸੀ। ਕੋਸ਼ਿਸ਼ ਸੀ ਕਿ ਰਿਹਾ ਹੋਕੇ, ਉਸ ਕੌਮੀ ਪ੍ਰਵਾਨੇ ਦੇ ਭੋਗ ਵਿੱਚ ਸ਼ਰੀਕ ਹੋ ਜਾਈਏ, ਲੇਕਿਨ ਚੰਦਰੀ ਹਕੂਮਤ ਦੀ ਬਦਨੀਤੀ ਕਰਕੇ ਸੰਭਵ ਨਹੀਂ ਹੋਇਆ, ਪਰ ਭਾਈ ਜਸਪਾਲ ਸਿੰਘ ਦਾ ਸ਼ਹੀਦੀ ਸਮਾਗਮ ਟੀ.ਵੀ. ਰਾਹੀ ਪਟਿਆਲਾ ਜੇਲ ਦੇ ਅਹਾਤੇ ਵਿੱਚ ਬੈਠਕੇ ਦੇਖਿਆ। ਸਿੱਖ ਸੰਗਤ ਦੇ ਇੱਕਠ ਨੂੰ ਵੇਖਕੇ ਮਹਿਸੂਸ ਹੁੰਦਾ ਸੀ ਕਿ ਭਾਈ ਜਸਪਾਲ ਸਿੰਘ ਵੀ ਪਹਿਲਾਂ ਪੁਲਿਸ ਵੱਲੋਂ ਬੇਦੋਸ਼ੇ ਹੀ ਮਾਰੇ ਗਏ, ਆਪਣੇ ਤੀਹ ਹਜ਼ਾਰ ਵੀਰਾਂ ਨਾਲ ਖੜਾ ਹੋ ਕੇ, ਸ਼ਹੀਦੀ ਕਤਾਰ ਵਿੱਚ ਸ਼ਾਮਲ ਹੋ ਗਿਆ ਹੈ। ਅੰਤਮ ਸੰਸਕਾਰ ਵੇਲੇ ਸਿੱਖਾਂ ਅੰਦਰ ਬੜਾ ਰੋਸ ਸੀ, ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਵੀ ਸਿੱਖਾਂ ਦਾ ਗੁੱਸਾ ਭਾਈ ਸਾਹਿਬ ਦੀ ਦੇਹ ਦੇ ਨੇੜੇ ਨਹੀਂ ਢੁੱਕਣ ਦੇ ਰਿਹਾ ਸੀ। ਸਿੱਖ ਨਿਆਂ ਚਾਹੁੰਦੇ ਸਨ, ਪਰ ਜਥੇਦਾਰ ਗੋਗਲੂਆਂ ਉੱਤੋਂ ਮਿਟੀ ਝਾੜਣ ਆਏ ਸਨ। ਚਲੋ ਕਿਸੇ ਭਰੋਸੇ ਜਾਂ ਕਿਸੇ ਮਰਿਯਾਦਾ ਦੀ ਸ਼ਰਮ ਰੱਖਦਿਆਂ ਪਰਿਵਾਰ ਅਤੇ ਸੰਗਤ ਨੇ ਜਥੇਦਾਰ ਅਕਾਲ ਤਖਤ ਸਾਹਿਬ ਅਤੇ ਹੋਰਨਾਂ ਨੂੰ ਅੱਗੇ ਆਉਣ ਦਿੱਤਾ। ਜਥੇਦਾਰ ਅਕਾਲ ਤਖਤ ਸਾਹਿਬ ਗਿਆਨੀ ਗੁਰਬਚਨ ਸਿੰਘ ਨੇ ਬੜਾ ਜਜ਼ਬਾਤੀ ਲਫਜਾਂ ਦਾ ਸਹਾਰਾ ਲੈਕੇ ਸਿੱਖ ਸੰਗਤ ਦੇ ਗੁੱਸੇ ਤੋਂ ਬਚਣ ਦਾ ਯਤਨ ਕੀਤਾ।

ਪਤਲੀ ਪੋਲੀ ਕਾਰਵਾਈ ਸਰਕਾਰ ਦੀ ਤਰਫੋਂ ਹੋਈ ਅਤੇ ਇਸ ਦਾ ਸਹਾਰਾ ਲੈਕੇ ਸਰਕਾਰ ਨੇ ਭੋਗ ਸਮਾਗਮ ਹੀ ਹਾਈਜੈਕ ਕਰ ਲਿਆ ਕਿ ਜੇ ਕੋਈ ਹੋਰ ਬੋਲੇਗਾ ਤਾਂ ਗੱਲ ਵਿਗੜ ਸਕਦੀ ਹੈ, ਪਰ ਆਪਾਂ ਭਾਈ ਜਸਪਾਲ ਸਿੰਘ ਦੇ ਕਾਤਲਾਂ ਨੂੰ ਸਜਾਵਾਂ ਦਿਵਾਉਣੀਆਂ ਹਨ, ਇਸ ਕਰਕੇ ਕੋਈ ਹੋਰ ਬੋਲਿਆਂ ਤਾਂ ਵਿਘਣ ਵੀ ਪੈ ਸਕਦਾ ਹੈ, ਕੇਵਲ ਜਥੇਦਾਰ ਅਕਾਲ ਤਖਤ ਸਾਹਿਬ ਹੀ ਬੋਲਣ। ਪਰਿਵਾਰ ਗਮ ਵਿੱਚ ਸੀ, ਸੰਗਤ ਰੋਹ ਵਿਚ ਸੀ, ਕਾਤਲਾਂ ਨੂੰ ਸਜ਼ਾ ਦਿਵਾਉਣੀ ਚਾਹੁੰਦੀ ਸੀ, ਇਸ ਕਰਕੇ ਸਾਰਿਆਂ ਨੇ ਤਕਰੀਬਨ ਮੰਨ ਹੀ ਲਿਆ, ਪਰ ਜੋ ਕੁੱਝ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਬੋਲਦਿਆਂ ਵੇਖ ਕੇ ਅੰਦਾਜ਼ਾ ਹੋਇਆ ਸੀ, ਉਹ ਅੱਜ ਹਕੀਕਤ ਵਿੱਚ ਬਦਲ ਚੁੱਕਿਆ ਹੈ। ਜਿਹੜੇ ਅਫਸਰ ਦੋਸ਼ੀ ਸਨ, ਇੱਕ ਦਮ ਬਦਲੀਆਂ, ਮੁਅਤਲੀ ਅਤੇ ਹੁਣ ਫਿਰ ਉੱਚੀਆਂ ਪੋਸਟਾਂ, ਇਹ ਸੀ ਵਾਹਦਾ ਜਥੇਦਾਰ ਸਾਹਿਬ ਦਾ ?

ਦੋਸ਼ੀਆਂ ਨੂੰ ਤਾਂ ਜਮਾਨਤ ਨਹੀਂ ਮਿਲਣੀ ਚਾਹੀਦੀ ਸੀ, ਜਿੰਨਾਂ ਚਿਰ ਪੜਤਾਲ ਚੱਲ ਰਹੀ ਹੈ, ਪਰ ਇਥੇ ਤਾਂ ਭਾਈ ਸਾਹਿਬ ਦੀ ਪਹਿਲੀ ਬਰਸੀ ਤੋਂ ਵੀ ਪਹਿਲਾਂ ਉਹ ਹੀ ਅਫਸਰ, ਜਿੰਨਾਂ ਨੂੰ ਨਾ ਅਹਿਲ ਆਖਕੇ ਮੁਅਤਲ ਕੀਤਾ ਸੀ, ਸਿੱਧੇ ਮੁੱਖ ਮੰਤਰੀ ਦੇ ਜਿਲੇ ਵਿੱਚ ਹੀ ਜਾ ਲੱਗੇ। ਜਿਹੜੇ ਵਾਅਦੇ ਜਥੇਦਾਰ ਅਕਾਲ ਤਖਤ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਦੀ ਹਜੂਰੀ ਵਿਖੇ, ਵੱਡੀ ਗਿਣਤੀ ਸੰਗਤ ਦੀ ਹਾਜਰੀ ਵਿੱਚ, ਪਰਿਵਾਰ ਨਾਲ ਕੀਤੇ ਕਿ ਕਾਤਲ ਬਖਸ਼ੇ ਨਹੀਂ ਜਾਣਗੇ, ਉਹਨਾਂ ਦਾ ਕੀਹ ਬਣਿਆ ? ਉਹੀ ਕੁੱਝ ਹੋਇਆ ਜੋ ਜਗਦੀਸ਼ ਟਾਈਟਲਰ ਦੇ ਕੇਸ ਵਿੱਚ ਹੋ ਰਿਹਾ ਹੈ, ਕਿਉਂਕਿ ਇਥੋਂ ਦਾ ਨਿਜ਼ਾਮ ਵੀ ਭਾਰਤੀ ਨਿਜ਼ਾਮ ਦੀ ਕੰਡਿਆਲੀ ਵੇਲ ਦੀ ਹੀ ਇੱਕ ਸੂਲ ਹੈ, ਜੋ ਹਮੇਸ਼ਾਂ ਸਿੱਖਾਂ ਦੇ ਸੀਨੇ ਰੜਕਦੀ ਰਹਿੰਦੀ ਹੈ। ਜਿਵੇ ਤੀਹ ਹਜਾਰ ਸਿੱਖਾਂ ਦੇ ਕਾਤਲ ਬਰੀ ਕੀਤੇ ਜਾ ਰਹੇ ਹਨ, ਉਸ ਤਰ੍ਹਾਂ ਹੀ ਇੱਕ ਬੇ ਗੁਨਾਹ ਫੁੱਲ ਨੂੰ ਨਿਗਲ ਜਾਣ ਵਾਲੇ ਬੋਕਾਂ ਨੂੰ ਫਾਇਦੇ ਦਿੱਤੇ ਜਾ ਰਹੇ ਹਨ।

ਜਥੇਦਾਰ ਜੀ ਮੂੰਹੋਂ ਬੇਸ਼ੱਕ ਕੁੱਝ ਵੀ ਨਾ ਬੋਲੋ ਯਾਦ ਤਾਂ ਤੁਹਾਨੂੰ ਵੀ ਆਉਂਦਾ ਹੋਵੇਗਾ ਕਿ ਗੁਰੂ ਦੀ ਹਜੂਰੀ ਵਿੱਚ ਉਥੇ ਕੀਹ ਕਿਹਾ ਸੀ, ਇਹ ਸੰਗਤ ਚੰਗੀ ਤਰ੍ਹਾਂ ਜਾਣਦੀ ਹੈ ਕਿ ਕੁੱਝ ਗੱਲਾਂ ਤੁਸੀਂ ਬੋਲਦੇ ਨਹੀਂ, ਲੇਕਿਨ ਤੁਹਾਡੇ ਚਿਹਰੇ ਉੱਤੇ ਜਬਰਦਸਤੀ ਉੱਕਰ ਆਉਂਦੀਆਂ ਹਨ। ਕੋਈ ਗੱਲ ਨਹੀਂ ਜੇ ਤੀਹ ਹਜ਼ਾਰ ਸਿੱਖਾਂ ਦਾ ਨਿਆਂ ਨਹੀਂ ਮਿਲਿਆ ਤਾਂ ਉਥੇ ਹੁਣ ਤੀਹ ਹਜ਼ਾਰ ਇੱਕ ਦੀ ਗਿਣਤੀ ਕਰ ਲਵਾਂਗੇ, ਪਰ ਤੁਹਾਡੀ ਆਤਮਾਂ ਨੂੰ ਪੁਛੋ ਕਿ ਜੋ ਭਾਈ ਜਸਪਾਲ ਸਿੰਘ ਦੇ ਮਾਪਿਆਂ ਨਾਲ ਹੋਇਆ ਹੈ, ਜੇ ਕਿਤੇ ਆਪਣੇ ਵਿਚੋਂ ਕਿਸੇ ਦੇ ਘਰ ਵਾਪਰਿਆਂ ਹੁੰਦਾ, ਫਿਰ ਇਸ ਜਖਮ ਨੇ ਕਿਵੇ ਰਿਸਣਾ ਸੀ, ਇਹੇ ਵੀ ਬੱਸ ਨਹੀਂ ਦੁਨੀਆਂ ਨੂੰ ਜਾਂ ਬੇਵੱਸ ਹੋਈ ਬੈਠੀ ਸਿੱਖ ਕੌਮ ਨੂੰ ਲਾਜਵਾਬ ਕਰਨ ਵਾਸਤੇ ਤੁਹਾਡੇ ਕੋਲ ਸ਼ਬਦਾਂ ਦੇ ਭੰਡਾਰ ਹੋਣਗੇ, ਲੇਕਿਨ ਉਸ ਵਾਹਿਗੁਰੂ ਦੇ ਦਰ ਉੱਤੇ, ਜਿਸਦੀ ਦੁਹਾਈ ਦੇ ਕੇ ਤੁਸੀਂ ਰੋਜ਼ ਸਿੱਖਾਂ ਉੱਤੇ ਫੈਸਲੇ ਠੋਸਦੇ ਹੋ, ਨਿਬੇੜੇ ਸੱਚ ਦੇ ਅਧਾਰ ਉੱਤੇ ਹੀ ਹੁੰਦੇ ਹਨ। ਇਥੇ ਨਹੀਂ ਤਾਂ ਉਥੇ ਸਹੀ ਲੇਖਾ ਤਾਂ ਇੱਕ ਦਿਨ ਦੇਣਾ ਹੀ ਪੈਣਾ ਹੈ।

ਅਕਾਲ ਪੁਰਖ ਨੇ ਇੱਕ ਇੱਕ ਗੱਲ ਯਾਦ ਕਰਵਾਉਣੀ ਹੈ ਕਿ ਮੇਰੇ ਤਖਤ ਉੱਤੇ ਬੈਠਕੇ ਤੁਸੀਂ ਅੱਖਾਂ ਬੰਦ ਕਰਕੇ ਅਜਿਹੇ ਫੈਸਲੇ ਕਰਦੇ ਰਹੇ ਹੋ, ਕਿਸੇ ਦੇ ਬੱਚੇ ਦੀ ਸ਼ਹੀਦੀ ਉੱਤੇ ਹੋ ਰਹੀ ਗੰਦੀ ਸਿਆਸਤ ਨੂੰ ਧਰਮ ਦਾ ਪਾਲਿਸ਼ ਕਰਕੇ, ਇੱਕ ਖਾਸ ਧਿਰ ਨੂੰ ਫਾਇਦਾ ਦਿੰਦੇ ਰਹੇ ਹੋ, ਉਥੇ ਵੀ ਤੁਹਾਡਾ ਮੁੰਹ ਬੰਦ ਰਹੇਗਾ ਫਰਕ ਸਿਰਫ ਇਹ ਹੋਵੇਗਾ ਕਿ ਇੱਥੇ ਹਕੂਮਤ ਦਾ ਭੈਅ ਹੈ ਅਤੇ ਕੁੱਝ ਲਾਲਚ ਵੀ ਹਨ, ਪਦਵੀ ਦੀ ਪਕੜ ਵੀ ਹੈ, ਲੇਕਿਨ ਉਸ ਦੇ ਦਰਬਾਰ ਵਿੱਚ ਜਦੋਂ ਜਵਾਬ ਦੇਣਾ ਹੋਵੇਗਾ, ਉਸ ਵੇਲੇ ਵੀ ਝੂਠ ਦੇ ਪੱਥਰ ਬੁੱਲਾਂ ਨੂੰ ਮਣ ਮਣ ਦੇ ਬਣਾ ਦੇਣਗੇ ਅਤੇ ਜਵਾਬ ਦੇਣ ਤੋਂ ਅਸਮਰਥ ਜਾਪੋਗੇ, ਫਿਰ ਪਛਤਾਵਾ ਕੀਤਿਆਂ ਕੁੱਝ ਨਹੀਂ ਬਣੇਗਾ, ਜੋ ਕਰਨਾ ਹੈ ਅੱਜ ਹੀ ਕਰੋ, ਦੋਸ਼ੀਆਂ ਨੂੰ ਫਾਂਸੀ ਦੇ ਤਖਤ ਉੱਤੇ ਲਿਜਾਣ ਵਾਸਤੇ ਆਪਣੀ ਸਰਕਾਰ ਉੱਤੇ ਦਬਾ ਪਾਓ, ਨਾ ਕਿ ਸਿੱਖ ਜਜਬਾਤਾਂ ਨੂੰ ਠਾਰਨ ਦੀ ਕੋਸ਼ਿਸ਼ ਕਰੋ।

ਅਦਾਰਾ ਪਹਿਰੇਦਾਰ ਜਿਹੜਾ ਸਿੱਖ ਸ਼ਹੀਦਾਂ ਅਤੇ ਸੰਘਰਸ਼ੀ ਲੋਕਾਂ ਦੀ ਆਵਾਜ਼ ਵੀ ਹੈ ਅਤੇ ਕੌਮ ਦਾ ਚੌਂਕੀਦਾਰ ਵੀ ਹੈ ਅੱਜ ਵੀ ਆਪਣੇ ਫਰਜਾਂ ਦਾ ਅਹਿਸਾਸ ਕਰਦਿਆਂ ਉਸ ਕੌਮੀ ਪ੍ਰਵਾਨੇ ਭਾਈ ਜਸਪਾਲ ਸਿੰਘ ਚੌੜ੍ਹ ਸਿੱਧਵਾਂ ਨੂੰ ਸਰਧਾਂਜਲੀ ਭੇਟ ਕਰਦਾ ਹੋਇਆ, ਤੁਹਾਨੂੰ ਸਿਰਫ ਇਨ੍ਹਾਂ ਹੀ ਯਾਦ ਕਰਵਾਉਂਦਾ ਹੈ ਕਿ ਜਥੇਦਾਰ ਜੀ ਅੱਜ ਭਾਈ ਜਸਪਾਲ ਸਿੰਘ ਚੌੜ੍ਹ ਸਿੱਧਵਾਂ ਦਾ ਸ਼ਹੀਦੀ ਦਿਨ ਹੈ, ਕੁੱਝ ਪਲ ਆਪਣੇ ਅੰਦਰ ਵੱਲ ਨੂੰ ਵੇਖ ਕੇ ਅਹਿਸਾਸ ਕਰਿਓ ਕਿ 2012 ਵਿੱਚ ਭਰੇ ਪੰਡਾਲ ਵਿੱਚ ਖੜੇ ਹੋ, ਬਾਕੀ ਚੇਤਾ ਤੁਹਾਨੂੰ ਆਪਣੇ ਆਪ ਆ ਜਾਵੇਗਾ। ਗੁਰੂ ਰਾਖਾ !!


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top