Share on Facebook

Main News Page

ਗੁਰੂ ਸਾਹਿਬਾਨ ਦੀਆਂ ਫੋਟੋਆਂ ਬਨਾਉਣ ਵਾਲੇ, ਪੂਜਣ ਵਾਲੇ ਅਤੇ ਮੰਦ ਸ਼ਬਦਾਵਲੀ ਲਿਖਣ ਵਾਲੇ ਬਰਾਬਰ ਦੇ ਦੋਸ਼ੀ ਹਨ !
-: ਗੁਰਿੰਦਰਪਾਲ ਸਿੰਘ ਧਨੌਲਾ 93161 76519

ਪਿਛਲੇ ਕੁੱਝ ਸਮੇਂ ਤੋਂ ਸਿੱਖ ਗੁਰੂ ਸਹਿਬਾਨ ਦੀਆਂ ਫੋਟੋਆਂ ਦੀ ਬੇਅਦਬੀ ਕਰਨ ਜਾਂ ਇਹਨਾਂ ਫੋਟੋਆਂ ਉੱਤੇ ਮੰਦ ਸ਼ਬਦਾਵਲੀ ਲਿਖੇ ਜਾਣ ਦੀਆਂ ਘਟਨਾਵਾਂ ਵਿੱਚ ਬੜਾ ਵਾਧਾ ਹੋਇਆ ਹੈ ਅਤੇ ਬਹੁਤ ਥਾਂਈ ਇਹ ਮਾਮਲਾ ਫਸਾਦੀ ਵੀ ਸਾਬਿਤ ਹੋਇਆ ਹੈ। ਇਸ ਨਾਲ ਸਿੱਖਾਂ ਦੇ ਹਿਰਦੇ ਵਲੂੰਧਰੇ ਜਾਣੇ ਕੁਦਰਤੀ ਹਨ, ਪਰ ਨਾਲ ਨਾਲ ਅਜਿਹੇ ਮਾਮਲਿਆਂ ਨੂੰ ਨਜਿੱਠਣ ਵਾਸਤੇ ਸਮਾਂ ਅਤੇ ਪੈਸਾ ਵੀ ਬਰਬਾਦ ਹੁੰਦਾ ਹੈ। ਬਹੁਤ ਸਾਰੇ ਲੋਕ ਆਪਣੇ ਕੰਮ ਕਾਜ਼ ਵੀ ਪ੍ਰਭਾਵਿਤ ਕਰਦੇ ਹਨ ਅਤੇ ਦਿਮਾਗੀ ਸਕੂਨ ਵੀ ਖਰਾਬ ਹੁੰਦਾ ਹੈ, ਲੇਕਿਨ ਇਸਦੀ ਰੋਕਥਾਮ ਦੇ ਪੁਖਤਾ ਪ੍ਰਬੰਧ ਕੀਤੇ ਜਾਣ ਤੋਂ ਪਹਿਲਾਂ ਕੁੱਝ ਉਹ ਗੱਲਾਂ, ਜਿਹੜੀਆਂ ਇਸ ਮਾਮਲੇ ਨਾਲ ਜੁੜੀਆਂ ਹੋਈਆ ਹਨ, ਜਾਂ ਭਵਿਖ ਵਿੱਚ ਜੁੜ ਸਕਦੀਆਂ ਹਨ, ਉਹਨਾਂ ਉੱਤੇ ਵੀ ਦੀਰਘ ਵਿਚਾਰ ਕਰਨ ਦੀ ਲੋੜ ਹੈ।

ਗੁਰੂ ਸਾਹਿਬਾਨ ਦੀਆਂ ਫੋਟੋਆਂ ਦੇ ਅਪਮਾਨ ਕਰਨ ਜਾਂ ਇਹਨਾਂ ਬਾਰੇ ਸੋਸ਼ਲ ਮੀਡੀਆ ਵਿੱਚ ਮੰਦ ਸ਼ਬਦਾਵਲੀ ਲਿਖੇ ਜਾਣ ਦੀ ਕਿਸੇ ਇੱਕ ਘਟਨਾ ਜਾਂ ਸਾਰੀਆਂ ਘਟਨਾਵਾਂ ਬਾਰੇ ਵਿਚਾਰ ਕਰਨ ਤੋਂ ਪਹਿਲਾਂ, ਸਿੱਖ ਪੰਥ ਸਾਹਮਣੇ ਇੱਕ ਸਵਾਲ ਇਹ ਵੀ ਖੜਾ ਹੈ ਕਿ ਕੀਹ ਇਹ ਪ੍ਰਚਲਤ ਫੋਟੋਆਂ ਵਾਕਿਆ ਹੀ ਗੁਰੂ ਸਾਹਿਬ ਦੀਆਂ ਹਨ ?

ਦੂਸਰੀ ਗੱਲ ਇਹ ਵੀ ਹੈ ਕਿ ਇਹ ਫੋਟੋਆਂ ਵਿੱਚ ਜਿਸ ਤਰ੍ਹਾਂ ਦੀ ਘਟਨਾਵਾਂ ਗੁਰ ਸਾਹਿਬ ਬਾਰੇ ਬਿਆਨ ਜਾਂ ਦਰਿਸ਼ਮਾਨ ਕੀਤੀਆਂ ਗਈਆਂ ਹਨ, ਕੀਹ ਉਹ ਗੁਰੂ ਸਾਹਿਬ ਦੀ ਜਿੰਦਗੀ ਦੀ ਘਾਲਣਾ, ਰੁਹਾਨੀ ਵਿਚਰਨ ਜੁਗਤੀ ਜਾਂ ਗੁਰਬਾਣੀ ਦੀ ਕਸਵੱਟੀ ਉੱਤੇ ਪੂਰੀਆਂ ਉੱਤਰਦੀਆਂ ਹਨ ? ਇਸ ਬਾਰੇ ਜਦੋਂ ਕਿਸੇ ਜਗਿਆਸੂ ਅਤੇ ਗੁਰੂ ਸ਼ਬਦ ਦੀ ਪਰਿਭਾਸ਼ਾ ਨੂੰ ਸਮਝਣ ਵਾਲੇ ਜਾਂ ਗੁਰੂ ਨਾਨਕ ਦੇ ਘਰ ਦੀ ਵਿਚਾਰਧਾਰਾ ਨੂੰ ਅਮਲੀ ਰੂਪ ਵਿਚ ਅਪਣਾਉਣ ਵਾਲੇ ਸਿੱਖ ਤੋਂ ਪੁਛੋਗੇ ਤਾਂ ਉਸਦਾ ਜਵਾਬ ਸਿੱਧਾ ਜਿਹਾ ਹੀ ਹੋਵੇਗਾ ਕਿ ਫੋਟੋਆਂ ਨੇ ਤਾਂ ਸਾਨੂੰ ਬਹੁਤ ਵੱਡੀ ਦੁਬਿਧਾ ਵਿੱਚ ਪਾਇਆ ਹੋਇਆ ਹੈ ਅਤੇ ਸਾਡੀ ਸਾਰੀ ਕੀਤੀ ਉੱਤੇ ਪਾਣੀ ਫੇਰ ਰੱਖਿਆ ਹੈ

ਇੱਕ ਫੋਟੋ ਪਿਛਲੇ ਸਮੇਂ ਵਿੱਚ ਕਾਫੀ ਵਿਕੀ, ਜਿਸ ਵਿੱਚ ਮਹਾਨ ਸੂਫ਼ੀ ਸੰਤ, ਰੂਹਾਨੀ ਪੁਰਖ, ਬਾਬਾ ਸ਼ੇਖ ਫਰੀਦ ਜੀ ਨੂੰ ਬੜੀ ਹੀ ਵਿਆਕੁਲ ਅਵਸਥਾ ਦੌਰਾਨ, ਰੋਹੀ ਬੀਆਬਾਣ ਵਿਚ, ਇੱਕ ਸੁੱਕੇ ਦਰਖਤ ਹੇਠਾਂ ਪਏ ਹੋਏ ਵਿਖਾਇਆ ਗਿਆ ਹੈ ਅਤੇ ਉਸ ਦਰਖਤ ਉੱਤੇ ਕੋਈ ਪੱਤਾ ਨਹੀਂ ਹੈ, ਸਿਰਫ ਇੱਕ ਕਾਂ ਬੈਠਾ ਹੈ। ਜਿਹੜਾ ਬਾਬਾ ਸ਼ੇਖ ਫਰੀਦ ਦੇ ਸਾਰੇ ਸਰੀਰ ਉੱਤੇ ਮਾਸ ਨੋਚ ਨੋਚ ਕੇ ਜਖਮ ਬਣਾ ਚੁੱਕਾ ਹੈ, ਜਿਸ ਵਿੱਚੋਂ ਖੂਨ ਵਹਿ ਰਿਹਾ ਹੈ। ਇਸ ਫੋਟੋ ਦੇ ਕਰਤਾ ਨੇ ਆਪਣੀ ਕਿਰਤ ਉੱਪਰ ਬਾਬਾ ਫਰੀਦ ਜੀ ਵੱਲੋਂ ਉਚਾਰਣ ਬਾਣੀ ਦੀ ਤੁਕ ‘‘ਕਾਗਾ ਕਰੰਗ ਢੰਡੋਲਿਆ ਸਗਲਾ ਖਾਇਆ ਮਾਸੁ॥ ਏ ਦੁਇ ਨੈਨਾ ਮਤਿ ਛੁਹਉ ਪਿਰ ਦੇਖਣ ਕੀ ਆਸ॥’’, ਲਿਖਕੇ ਆਪਣੀ ਕਿਰਤ ਨੂੰ ਪ੍ਰਮਾਣਿਤ ਕਰਨ ਦਾ ਯਤਨ ਕੀਤਾ ਹੈ।

ਇੱਕ ਵਾਰੇ ਸਾਡੇ ਇਲਾਕੇ ਵਿੱਚ ਕਿਸੇ ਪ੍ਰਚਾਰਕ ਦੇ ਦੀਵਾਨ ਸਨ, (ਅੱਜਕੱਲ ਬਹੁਤ ਵਧੀਆ ਪ੍ਰਚਾਰ ਕਰਦੇ ਹਨ ), ਜਿਸ ਗੁਰਦਵਾਰੇ ਦੇ ਅੰਦਰ ਕੀਰਤਨ ਹੋ ਰਿਹਾ ਸੀ, ਉਥੇ ਵੀ ਇਹ ਫੋਟੋ ਲੱਗੀ ਹੋਈ ਸੀ, ਜਦੋਂ ਭਾਈ ਸਾਹਿਬ ਜੀ ਨੇ ਭਗਤੀ ਦੀ ਗੱਲ ਸ਼ੁਰੂ ਕੀਤੀ ਤਾਂ ਬਾਬਾ ਫਰੀਦ ਦਾ ਜ਼ਿਕਰ ਆਰੰਭ ਹੋਇਆ। ਭਾਈ ਸਾਹਿਬ ਜੀ ਨੇ ਕਿਹਾ ਕਿ ਇਕ ਸਮੇਂ ਕਾਲ ਪਿਆ ਹੋਇਆ ਸੀ ਫਰੀਦ ਜੀ ਭਗਤੀ ਵਿੱਚ ਵਿਆਕੁਲ ਹੋ ਕੇ, ਇੱਕ ਦਰਖਤ ਹੇਠ ਪਏ ਸਨ। ਕਿ ਇੱਕ ਕੌਂ (ਕਾਂ) ਆਇਆ ਉਸਨੇ ਮੁਰਦਾ ਸਮਝ ਕੇ ਫਰੀਦ ਜੀ ਚਰਨ ਉੱਤੇ ਚੁੰਝ ਮਾਰੀ, ਫਰੀਦ ਜੀ ਦੀ ਲਿਵ ਲੱਗੀ ਹੋਈ ਹੈ, ਕੋਈ ਪਤਾ ਨਹੀਂ, ਕੌਂ ਨੇ ਲੱਤਾਂ ਖਾ ਲਈਆਂ, ਪੱਟ ਖਾ ਲਏ, ਹੁਣ ਪੇਟ ਚਾਕ ਕਰਤਾ , ਆਂਦਰਾਂ ਖਾ ਲਈਆਂ, ਜਿਗਰ ਖਾ ਲਿਆ, ਦਿਲ ਖਾ ਲਿਆ, ਆਖੋ! ਸਤਿਨਾਮ ਸ੍ਰੀ ਵਹਿਗੁਰ, ਸੰਗਤ ਦੀਆਂ ਅੱਖਾਂ ਵਿੱਚ ਅੱਥਰੂ ਸਨ। ਭਾਈ ਸਾਹਿਬ ਜੀ ਨੇ ਆਪਣੀ ਗੱਲ ਅੱਗੇ ਤੋਰਦਿਆਂ ਕਿਹਾ ਹੁਣ ਕੌਂ ਬਾਬਾ ਫਰੀਦ ਜੀ ਦੇ ਮੁਖਾਰਬਿੰਦ ਉੱਤੇ ਆ ਬੈਠਾ, ਆਪਣੇ ਹੱਥ ਦੀਆਂ ਉਂਗਲੀਆਂ ਦੀ ਚੁੰਝ ਵਰਗੀ ਸ਼ਕਲ ਬਣਾ ਕੇ, ਭਾਈ ਸਾਹਿਬ ਨੇ ਆਪਣੀਆਂ ਅੱਖਾਂ ਵੱਲ ਕਰਕੇ ਕਿਹਾ ਕਿ ਜਦੋਂ ਇਉਂ ਕਰਕੇ ਕੌਂ ਬਾਬਾ ਫਰੀਦ ਜੀ ਦੀ ਅੱਖ ਵਿੱਚੋਂ ਚੁੰਝ ਭਰਨ ਲੱਗਿਆ ਤਾਂ ਫਰੀਦ ਜੀ ਕਹਿੰਦੇ ਐ ! ਕੌਂ ਰੁਕ ਜਾਹ, ਇਹ ਜ਼ੁਲਮ ਨਾ ਕਰੀਂ ਤੂੰ ਸਾਰਾ ਜਿਸਮ ਖਾ ਲਿਆ ਹੈ, ਮੈਨੂੰ ਇਤਰਾਜ਼ ਨਹੀਂ, ਪਰ ਇਹ ਦੋ ਨੈਨ ਬਚੇ ਰਹਿਣ ਦੇਹ, ਹਾਲੇ ਇੰਨਾਂ ਨੈਨਾ ਨਾਲ ਪ੍ਰਮੇਸ਼ਰ ਪਿਆਰਾ ਦੇਖਣ ਦੀ ਤਾਂਘ ਹੈ।

ਇਹ ਸੁਣਦੇ ਸਾਰ ਹੀ ਸਾਰ ਹੀ ਮੈਂ ਆਪਣੇ ਨਾਲ ਦੇ ਸਾਥੀਆਂ ਨੂੰ ਕਿਹਾ ਕੇ ਉਠੋ ਚੱਲੀਏ, ਉਹ ਕਹਿੰਦੇ ਕੀਹ ਹੋਇਆ, ਮੈਂ ਬਾਹਰ ਆ ਕੇ ਉਹਨਾਂ ਨੂੰ ਪੁੱਛਿਆ ਕਿ ਪਹਿਲੀ ਗੱਲ ਦੱਸੋ ਭਲਾ ਕਾਂ ਸ਼ੇਰ ਸੀ? ਜਿਹੜਾ ਪੈਰ, ਲੱਤ, ਪੱਟ, ਆਂਦਰਾਂ, ਜਿਗਰ, ਦਿਲ ਖਾ ਕੇ ਰੱਜਿਆ ਨਹੀਂ ਸੀ? ਦੂਜਾ ਸਵਾਲ ਕਿ ਆਂਦਰਾਂ, ਜਿਗਰ ਅਤੇ ਦਿਲ ਖਾਧੇ ਜਾਣ ਤੋਂ ਬਾਅਦ ਵੀ ਬਾਬਾ ਸ਼ੇਖ ਫਰੀਦ ਜੀ ਬੋਲਦੇ ਸਨ ਅਤੇ ਕਾਂ ਨੂੰ ਰੋਕ ਰਹੇ ਸਨ? ਤੀਜੀ ਗੱਲ ਇਹ ਕਿ ਬਾਬਾ ਜੀ ਦੀ ਅਵਸਥਾ ਤਾਂ ਵੇਖੋ ਉਹ ਕਿਸ ਹਾਲਤ ਵਿੱਚ ਪਏ ਹਨ ਅਤੇ ਕਿਹੜੇ ਨੈਨਾ ਦੀ ਗੱਲ ਕਰ ਰਹੇ ਹਨ ? ਮੇਰੇ ਸਾਥੀ ਇੱਕ ਦਮ ਬੋਲੇ ਤੁਸੀਂ ਫੋਟੋ ਨਹੀਂ ਦੇਖੀ, ਉਸ ਵਿੱਚ ਵੀ ਤਾਂ ਸਾਰਾ ਇੰਜ ਹੀ ਦਿਖਾਇਆ ਹੈ, ਜਿਵੇ ਭਾਈ ਸਾਹਿਬ ਸੁਣਾ ਰਹੇ ਸਨ। ਉਸ ਵੇਲੇ ਮੇਰੇ ਮਨ ਵਿੱਚ ਖਿਆਲ ਆਇਆ ਕਿ ਫੋਟੋ ਬਣਾਉਣ ਵਾਲੇ ਨੇ ਕਿੱਡਾ ਬਜਰ ਗੁਨਾਹ ਕਰ ਦਿੱਤਾ ਹੈ, ਕਿ ਫੋਟੋ ਰਾਹੀ ਸੱਚ ਨੂੰ ਇੱਕ ਮਿਥ ਅਤੇ ਸਿਧਾਂਤਹੀਣੀ ਦੁਨਿਆਵੀ ਕਲਪਨਾ ਵਿੱਚ ਬਦਲਕੇ ਵੇਖਣ ਵਾਲਿਆਂ ਨੂੰ ਇੱਕ ਰੂਹਾਨੀ ਸੱਚ ਦੀ ਅਸਲੀਅਤ ਸਮਝਣ ਅਤੇ ਵੇਖਣ ਤੋ ਅਸਮਰਥ ਕਰ ਦਿੱਤਾ ਹੈ। ਮੈਂ ਆਪਣੇ ਸਾਥੀ ਸੱਜਣਾ ਨੂੰ ਗੁਰਬਾਣੀ ਦੇ ਇਸ ਸ਼ਬਦ ਦੀ ਵਿਆਖਿਆ ਖੁਦ ਪੜਣ ਵਾਸਤੇ ਬੇਨਤੀ ਕੀਤੀ, ਤਾਂ ਕੁੱਝ ਦਿਨਾਂ ਬਾਅਦ ਉਹਨਾਂ ਨੇ ਆ ਕੇ ਕਿਹਾ ਕਿ ਜਥੇਦਾਰ ਜੀ ਤੁਸੀਂ ਸੱਚੇ ਸੀ, ਅੱਜ ਸਾਡੀਆਂ ਵੀ ਅੱਖਾਂ ਖੁੱਲ ਗਈਆਂ ਹਨ।

ਇਹ ਫੋਟੋ ਪ੍ਰਸਤੀ ਹੁਣ ਸਭ ਹੱਦਾਂ ਬੰਨੇ ਪਾਰ ਕਰ ਚੁੱਕੀ ਹੈ। ਇੱਕ ਚਿੱਟ ਕੱਪੜੀ ਸੰਪਰਦਾ ਨਾਨਕਸਰੀਆਂ ਵੱਲੋਂ ਵੀ ਗੁਰੂ ਨਾਨਕ ਪਾਤਸ਼ਾਹ ਦੀ ਇੱਕ ਖਾਸ ਕਿਸਮ ਦੀ ਫੋਟੋ ਜਾਰੀ ਕਰਕੇ, ਇਹ ਭਰਮ ਪੈਦਾ ਕਰ ਦਿੱਤਾ ਗਿਆ ਹੈ ਕਿ ਇਹ ਗੁਰੂ ਸਾਹਿਬ ਦੀ ਅਸਲੀ ਫੋਟੋ ਹੈ ਅਤੇ ਸਾਡੇ ਵੱਡੇ ਮਹਾਂਪੁਰਖਾਂ ਨੂੰ ਇਸ ਤਰ੍ਹਾਂ ਦੇ ਰੂਪ ਵਿੱਚ ਹੀ ਬਾਬੇ ਨਾਨਕ ਨੇ ਦਰਸ਼ਨ ਦਿੱਤੇ ਸਨ। ਅੱਜਕੱਲ ਇਸ ਸੰਪਰਦਾ ਵੱਲੋਂ ਇਹ ਫੋਟੋ ਘਰ ਘਰ, ਸਤਿਗੁਰਾਂ ਦਾ ਸਰੂਪ ਆਖ ਕੇ ਸਥਾਪਤ ਕਰਵਾਈ ਜਾ ਰਹੀ ਹੈ। ਇਸ ਪਿੱਛੇ ਵੀ ਗੁਰੂ ਨਾਨਕ ਦੇ ਸਰੂਪ ਨੂੰ ਪ੍ਰਚਾਰਣ ਦਾ ਕੋਈ ਮਕਸਦ ਨਹੀਂ ਹੈ, ਸਗੋਂ ਆਪਣੀ ਸੰਪਰਦਾ ਦੇ ਸਮੇ ਸਮੇਂ ਰਹੇ ਡੇਰੇਦਾਰਾਂ ਦੀਆਂ ਫੋਟੋਆਂ ਉੱਤੇ ਹੋਣ ਵਾਲੇ ਕਿੰਤੂ ਪ੍ਰੰਤੂ ਦੀ ਢਾਲ ਵਜੋਂ ਇਹ ਸਰੂਪ (ਫੋਟੋ) ਵਰਤਿਆ ਜਾ ਰਿਹਾ ਹੈ। ਫੋਟੋ ਬਣਾਉਣ ਵਾਲੇ ਨੇ ਇੱਕ ਗੁਨਾਹ ਕੀਤਾ ਸੀ ਅਤੇ ਹੁਣ ਫੋਟੋ ਪੂਜਕ ਉਸ ਤੋਂ ਵੀ ਵੱਡਾ ਗੁਨਾਹ ਕਰ ਰਹੇ ਹਨ ਕਿ ਸ਼ਬਦ ਗੁਰੂ ਦੇ ਸਿਧਾਂਤ ਤੋਂ ਉਲਟ ਜਾ ਕੇ ਅਸੀਂ ਹੁਣ ਮੂਰਤੀ ( ਫੋਟੋ ਜਾਂ ਸਰੂਪ ) ਪੂਜਣ ਵਾਲੀ ਕੌਮ ਬਣ ਜਾਵਾਂਗੇ। ਗੁਰੂ ਨਾਨਕ ਦੇ ਘਰ ਦੀ ਵਿਚਾਰਧਾਰਾ ਤੋਂ ਉਲਟ ਬਿਪਰਵਾਦੀ ਵਹਿਣ ਵਿੱਚ ਵਹਿ ਜਾਵਾਂਗੇ। ਇੱਕ ਤੋਂ ਬਾਅਦ ਵੇਖੋ ਵੇਖੀ ਹਰ ਡੇਰੇਦਾਰ ਦੀਆਂ ਫੋਟੋਆਂ ਵਿਕਣ ਲੱਗ ਪਈਆਂ ਹਨ। ਮੈਂ ਇੱਕ ਰਿਸ਼ਤੇਦਾਰਾਂ ਦੇ ਘਰ ਗਿਆ ਤਾਂ ਉਹਨਾਂ ਦੇ ਬੈਡ ਦੇ ਸਿਰਹਾਣੇ ਇੱਕ ਸਾਧ ਦੇ ਪੈਰਾਂ ਦੀ ਫੋਟੋ ਲੱਗੀ ਹੋਈ ਸੀ ਅਤੇ ਨਾਲ ਹੀ ਨਿੱਤਨੇਮ ਵਾਲਾ ਗੁਟਕਾ ਵੀ ਪਿਆ ਸੀ। ਜਦੋਂ ਮੈਂ ਪੁੱਛਿਆ ਤਾਂ ਜਵਾਬ ਮਿਲਿਆ ਇਹ ਤਾਂ ਬਾਬਾ ਜੀ ਦੇ ਚਰਨ ਹਨ। ਮੇਰਾ ਉਹਨਾਂ ਦੇ ਘਰ ਚਾਹ ਪੀਣ ਨੂੰ ਵੀ ਦਿਲ ਨਾ ਕੀਤਾ ਅਤੇ ਅੱਜ ਤੱਕ ਦੁਬਾਰਾ ਕਦੇ ਉਹਨਾਂ ਦੇ ਘਰ ਜਾਣ ਨੂੰ ਜੀਅ ਹੀ ਨਹੀਂ ਕੀਤਾ।

ਇਸ ਕਰਕੇ ਗੁਰੂ ਸਾਹਿਬ ਦੀਆਂ ਫੋਟੋਆਂ ਬਣਾਉਣ ਵਾਲਿਆਂ ਦਾ ਮਕਸਦ ਹੀ ਇਹ ਸੀ ਕਿ ਸਿੱਖ ਜਲੀਲ ਹੁੰਦੇ ਰਹਿਣ, ਹੁਣ ਫੋਟੋ ਉੱਤੇ ਮੰਦ ਸ਼ਬਦਾਵਲੀ ਲਿਖਣ ਜਾਂ ਬੇਅਦਬੀ ਕਰਨ ਵਾਲਿਆਂ ਦੀ ਗੱਲ ਨੂੰ ਸਮਝੋ, ਪਹਿਲੀ ਗੱਲ ਤਾਂ ਇਹ ਹੈ ਸਾਨੂੰ ਇਹਨਾਂ ਸਾਰੀਆਂ ਫੋਟੋਆਂ, ਜਿਹਨਾਂ ਦਾ ਇਹ ਵੀ ਪਤਾ ਹੀ ਨਹੀਂ ਕਿ ਕਿਸ ਦੀਆਂ ਹਨ ਜਾਂ ਜਿਸ ਵਿੱਚ ਸਿੱਖ ਫਲਸਫੇ ਜਾਂ ਗੁਰਬਾਣੀ ਨੂੰ ਅਸਿਧੇ ਢੰਗ ਨਾਲ ਇੱਕ ਚੈਲਿੰਜ ਹੈ, ਉਹਨਾਂ ਫੋਟੋਆਂ ਨੂੰ ਮਾਨਤਾ ਦੇਣੀ ਹੀ ਗਲਤ ਹੈ। ਜਦੋ ਅਸੀਂ ਇਹ ਐਲਾਨ ਕਰ ਦੇਈਏ ਇਹ ਫੋਟੋਆਂ ਸਾਡੇ ਗੁਰੂ ਸਾਹਿਬਾਨ ਦੀਆਂ ਨਹੀਂ ਹਨ, ਸਾਡੇ ਗੁਰੂ ਸਾਹਿਬਾਨ ਗੁਰੂ ਗ੍ਰੰਥ ਸਾਹਿਬ ਅਤੇ ਪੰਥ ਦੇ ਰੂਪ ਵਿੱਚ ਸਦਾ ਸਾਡੇ ਅੰਗ ਸੰਗ ਹਨ, ਹਾਜ਼ਰ ਨਾਜ਼ਰ ਹਨ, ਫਿਰ ਫੋਟੋਆਂ ਦੀ ਦੇਆਦਬੀ ਕਰਨ ਵਾਲੇ ਆਪਣੇ ਆਪ ਖਤਮ ਹੋ ਜਾਣਗੇ ਅਤੇ ਸਾਡੀ ਸ਼ਬਦ ਗੁਰੂ ਵਾਲੀ ਵਿਚਾਰਧਾਰਾ ਵਿੱਚ ਹੋਰ ਨਿਖਾਰ ਆਵੇਗਾ। ਸਿੱਖਾਂ ਨੂੰ ਕਿਸੇ ਗੁਰੂ ਸਾਹਿਬਾਨ ਨੇ ਵੀ, ਕਿਸੇ ਫੋਟੋ ਜਾਂ ਮੂਰਤੀ ਅੱਗੇ ਸਿਰ ਝੁਕਾਉਣ ਵਾਸਤੇ ਕਿਤੇ ਨਹੀਂ ਲਿਖਿਆ ਅਤੇ ਅਸੀਂ ਫਿਰ ਵੀ ਗੁਰੂ ਸਾਹਿਬ ਦੇ ਉਲਟ ਫੋਟੋਆਂ ਦੀ ਪੂਜਾ ਵੱਲ ਨੂੰ ਹੋ ਤੁਰੇ ਹਾਂ।

ਸਾਨੂੰ ਸਿਰਫ ਅਤੇ ਸਿਰਫ ਗੁਰੂ ਗ੍ਰੰਥ ਸਾਹਿਬ ਵਿੱਚ ਹੀ ਅਸਥਾ ਰੱਖਣੀ ਚਾਹੀਦੀ ਹੈ ਅਤੇ ਸ਼ਬਦ ਨਾਲ ਜੁੜਕੇ, ਗੁਰੂ ਦੀ ਖੁਸ਼ੀ ਦੇ ਪਾਤਰ ਬਨਣਾ ਚਾਹੀਦਾ ਹੈ। ਗੁਰੂ ਗ੍ਰੰਥ ਸਾਹਿਬ ਦੀ ਅਜਮਤ ਨੂੰ ਜਿੱਥੇ ਵੀ ਕੋਈ ਖਤਰਾ ਹੁੰਦਾ ਹੈ, ਉਥੇ ਆਰ ਪਾਰ ਦੀ ਲੜਾਈ ਤੋਂ ਵੀ ਗੁਰੇਜ਼ ਨਹੀਂ ਕਰਨਾ ਚਾਹੀਦਾ, ਬੇਸ਼ੱਕ ਕਿੱਡੀ ਵੀ ਵੱਡੀ ਕੀਮਤ ਕਿਉਂ ਨਾ ਅਦਾ ਕਰਨੀ ਪੈ ਜਾਵੇ, ਲੇਕਿਨ ਇਹ ਫੋਟੋਆਂ ਤਾਂ ਬਣਾਈਆਂ ਹੀ ਇਸ ਵਾਸਤੇ ਗਈਆਂ ਹਨ ਕਿ ਸਿੱਖਾਂ ਨੂੰ ਦੁਬਿਧਾ ਦੇ ਸਾਗਰ ਵਿੱਚ ਡਬੋ ਦਿੱਤਾ ਜਾਵੇ। ਜੇ ਤੁਸੀਂ ਗੁੱਸੇ ਵਿਚ ਆ ਕੇ ਕਿਸੇ ਫੋਟੋ ਵਾਸਤੇ ਕਿਸੇ ਦਾ ਕੋਈ ਨੁਕਸਾਨ ਕਰੋਗੇ ਤਾਂ ਸਜ਼ਾ ਕਰੜੀ ਤੋਂ ਕਰੜੀ ਮਿਲੇਗੀ, ਜੇ ਤੁਸੀਂ ਕੋਈ ਅਦਾਲਤੀ ਕਾਰਵਾਈ ਕਰੋਗੇ ਤਾਂ ਇੱਕ ਦਿਨ ਅਜਿਹਾ ਵੀ ਆਵੇਗਾ, ਜਦੋਂ ਆਦਲਤ ਵਿੱਚ ਵਕੀਲਾਂ ਦੀ ਬਹਿਸ ਸਾਬਤ ਕਰ ਦੇਵੇਗੀ ਕਿ ਇਹ ਫੋਟੋ ਹੀ ਗੁਰੂ ਸਾਹਿਬਾਨ ਦੀਆਂ ਨਹੀਂ ਹਨ, ਫਿਰ ਸਿੱਖਾਂ ਨੂੰ ਕੀਹ ਇਤਰਾਜ਼ ਹੈ? ਇਸ ਵਾਸਤੇ ਇਸ ਫੋਟੋ ਦੇ ਮਾਮਲੇ ਵਿੱਚ ਫੋਟੋ ਬਣਾਉਣ ਵਾਲੇ ਅਤੇ ਫੋਟੋ ਪੂਜਕ ਵੀ ਓਨੇ ਦੀ ਦੋਸ਼ੀ ਹਨ, ਜਿੰਨੇ ਹੁਣ ਇਹਨਾਂ ਫੋਟੋਆਂ ਦੀ ਦੇਆਦਬੀ ਕਰਨ ਜਾਂ ਮੰਦ ਸ਼ਬਦਾਵਲੀ ਲਿਖਣ ਵਾਲੇ ਹਨ। ਗੁਰੂ ਰਾਖਾ !!


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥

ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top