Share on Facebook

Main News Page

ਡੋਗਰਿਆਂ ਦੀ ਗੱਦਾਰੀ ਅਤੇ ਅਜੋਕੇ ਲੀਡਰਾਂ ਦੀ ਮੱਕਾਰੀ ਕਰਕੇ, 29 ਮਾਰਚ 1849 ਨੂੰ ਡੁੱਬਿਆ ਸਿੱਖ ਰਾਜ ਦਾ ਸੂਰਜ ਮੁੜਕੇ ਅੱਜ ਤੱਕ ਨਹੀਂ ਚੜਿਆ !
-: ਗੁਰਿੰਦਰਪਾਲ ਸਿੰਘ ਧਨੌਲਾ 93161 76519

ਸਿੱਖਾਂ ਦੀ ਦੂਜੀ ਬਾਦਸ਼ਾਹੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਅਗਵਾਈ ਹੇਠ ਪੰਜ ਦਹਾਕਿਆਂ ਦਾ ਨਿਆਂ ਅਤੇ ਬਰਾਬਰੀ ਵਾਲਾ ਰਾਜ ਪ੍ਰਬੰਧ ਦੇ ਕੇ ਅਖੀਰ 29 ਮਾਰਚ 1849 ਨੂੰ ਅੱਜ ਦੇ ਦਿਨ ਅੰਗ੍ਰੇਜ਼ੀ ਰਾਜ ਦੀ ਗੁਲਾਮੀ ਹੇਠ ਰਸਮੀ ਤੌਰ ਤੇ ਆ ਗਈ ਸੀ, ਬੇਸ਼ੱਕ ਕੁੱਝ ਲੇਖਕ ਇਸ ਨੂੰ ਇੱਕ ਪਰਵਾਰਿਕ ਰਾਜ ਵੀ ਲਿਖਦੇ ਹਨ, ਲੇਕਿਨ ਫਿਰ ਵੀ ਕੁੱਲ ਮਿਲਾਕੇ ਇਹ ਸਿੱਖ ਰਾਜ ਸੀ। ਜਿਸ ਦੀਆਂ ਹੱਦਾਂ ਭਾਰਤ, ਤਿਬਤ ਚੀਨ ਅਤੇ ਅਫਗਾਨਿਸਤਾਨ ਨਾਲ ਖਹਿੰਦੀਆਂ ਸਨ ਅਤੇ ਅੱਜ ਤੱਕ ਵੀ ਮਹਾਨ ਸਿੱਖ ਜਰਨੈਲ ਸ. ਹਰੀ ਸਿੰਘ ਨਲੂਆ ਵਰਗਿਆਂ ਦੀਆਂ ਕੀਤੀਆਂ, ਪਠਾਣਾਂ ਦੀਆਂ ਨਸਲਾਂ ਨੂੰ ਅੱਜ ਵੀ ਯਾਦ ਹਨ, ਜਿਹੜੇ ਪਠਾਣ ਕਦੇ ਹਿੰਦੂਆਂ ਦੀ ਬਹੁ ਬੇਟੀਆਂ ਨੂੰ ਜਬਰੀ ਚੁੱਕਕੇ ਲੈ ਜਾਂਦੇ ਸਨ ਅਤੇ ਫਿਰ ਗਜਨੀ ਤੇ ਬਸਰੇ ਦੇ ਬਜਾਰਾਂ ਵਿੱਚ ਟਕੇ ਟਕੇ ਤੇ ਨੀਲਾਮ ਕਰਦੇ ਸਨ, ਨੂੰ ਸ. ਹਰੀ ਸਿੰਘ ਨਲੂਏ ਨੇ ਅਜਿਹਾ ਸਬਕ ਸਿਖਾਇਆ ਸੀ, ਕਿ ਜਦੋਂ ਕੋਈ ਅਫਗਾਨੀ ਬੱਚਾ ਇਲਤ ਕਰੇ ਤਾਂ ਅੱਜ ਵੀ ਪਠਾਣੀਆਂ ਸਿਰਫ ਇਨਾਂ ਹੀ ਆਖਦੀਆਂ ਹਨ ਕਿ "ਹਰੀਆ ਰਾਂਗਲੇ" ਭਾਵ: ਸ. ਹਰੀ ਸਿੰਘ ਨਲੂਆ ਆ ਗਿਆ ਤਾਂ ਬੱਚੇ ਸਾਹ ਨਹੀਂ ਕੱਢਦੇ ਅਤੇ ਡਰਦੇ ਮੰਜੀਆਂ ਥੱਲੇ ਲੁੱਕ ਜਾਂਦੇ ਹਨ। ਇੱਕ ਸਿੱਖ ਜਰਨੈਲ ਦੀ ਬਹਾਦਰੀ ਅਤੇ ਦਲੇਰੀ ਨੇ ਉਹਨਾਂ ਦੇ ਜੀਨ ਹੀ ਬਦਲ ਦਿੱਤੇ ਹਨ।

ਸ਼ੇਰ -ਏ-ਪੰਜਾਬ ਦੀ ਮੌਤ ਤੋਂ ਮਗਰੋਂ ਮੁੱਦਕੀ, ਫੇਰੁ ਸ਼ਹਿਰ, ਬੱਦੋਵਾਲ (ਲੁਧਿਆਣਾ) ਅਤੇ ਸਭਰਾਵਾ ਦੀਆਂ ਜੰਗਾਂ ਵਿੱਚ ਬੇਸ਼ੱਕ ਸਿੱਖ ਜਿੱਤੇ ਨਹੀਂ, ਪਰ ਹਾਰ ਵੀ ਨਹੀਂ ਆਖੀ ਜਾ ਸਕਦੀ ਕਿਉਂਕਿ ਇੱਕ ਅਜਿਹੀ ਤਾਕਤ ਜਿਸ ਦੇ ਰਾਜ ਵਿੱਚ ਸੂਰਜ ਨਾ ਛੁਪਦਾ ਹੋਵੇ, ਭਾਵ ਪੂਰੀਆਂ ਵਿੱਚ ਦੁਨੀਆ ਰਾਜ ਦੇ ਝੰਡੇ ਝੂਲਦੇ ਹੋਣ ਅਤੇ ਦੂਜੇ ਪਾਸੇ ਗਦਾਰਾਂ ਦੀ ਗਿਣਤੀ ਹੀ ਨਾ ਹੋਵੇ ਕਿ ਕਿੰਨੇ ਹਨ , ਹਰ ਪੈਰ ਉੱਤੇ ਧੋਖਾ ਅਤੇ ਹਰ ਮੋੜ ਤੇ ਇੱਕ ਸਾਜਿਸ਼ ਖਲੋਤੀ ਹੋਵੇ, ਫਿਰ ਉਥੇ ਦਲੇਰੀ ਅਤੇ ਸ਼ਿਦਤ ਨਾਲ ਲੜਣਾ ਵੀ ਇੱਕ ਜਿੱਤ ਹੀ ਹੁੰਦੀ ਹੈ। ਫਰਵਰੀ 1849 ਦੇ ਅਰੰਭਲੇ ਦਿਨਾਂ ਵਿੱਚ ਹੀ ਚਾਰਲਸ ਨੈਪੀਅਰ ਨੇ ਅੰਗ੍ਰੇਜ਼ੀ ਫੌਜਾਂ ਦੀ ਕਮਾਂਡ ਸੰਭਾਲਦਿਆਂ ਵੱਡੀ ਗਿਣਤੀ ਫੌਜ ਨਾਲ ਗੁਜਰਾਤ ਇਲਾਕੇ ਵਿੱਚ ਸਿੱਖ ਫੌਜਾਂ ਉੱਤੇ ਵੱਡਾ ਧਾਵਾ ਬੋਲ ਦਿੱਤਾ। ਸਿੱਖਾਂ ਦੀ ਅਗਵਾਈ ਕਰਦੇ ਚਤਰ ਸਿੰਘ ਨੇ ਬੇਸ਼ੱਕ ਆਪਣੀ ਮਦਦ ਵਾਸਲੇ ਅਫਗਾਨੀ ਫੌਜਾਂ ਵੀ ਬੁਲਾਈਆਂ ਹੋਈਆਂ ਸਨ, ਲੇਕਿਨ ਉਹ ਚੁੱਪ ਚੁਪੀਤੇ ਸੁੱਚੇ ਮੁੰਹ ਹੀ ਰਫੂ ਚੱਕਰ ਹੋ ਗਈਆਂ, ਪਰ ਸਿੱਖ ਭਾਵੇ ਬਹੁਤ ਥੋੜੀ ਗਿਣਤੀ ਵਿੱਚ ਸਨ ਅਤੇ ਕੋਈ ਬਰੂਦੀ ਅਸਲਾ ਵੀ ਨਹੀਂ ਸੀ, ਸਿਰਫ਼ ਤੀਰਾਂ ਅਤੇ ਤਲਵਾਰਾਂ ਦਾ ਹੀ ਆਸਰਾ ਸੀ, ਮੈਦਾਨ ਵਿਚ ਡਟ ਗਏ।

ਅੰਗ੍ਰੇਜ਼ੀ ਟਿੱਡੀ ਦਲ ਦੀ ਬੇਸ਼ੁਮਾਰ ਗਿਣਤੀ ਅੱਗੇ ਬਹੁਤੀ ਪੇਸ਼ ਨਾ ਗਈ, ਤੋਪਾਂ ਦੇ ਹਮਲਿਆਂ ਕਰਕੇ ਚੁਫੇਰਿਓ ਜਬਰਦਸਤ ਘੇਰਾ ਸੀ, ਅਖੀਰ ਸਿੱਖ ਫੌਜ ਜਖਮੀ ਹੋ ਗਏ ਤਾਂ ਅੰਗਰੇਜਾਂ ਨੇ ਕਿਸੇ ਨੂੰ ਗ੍ਰਿਫਤਾਰ ਨਹੀਂ ਕੀਤਾ, ਸਗੋਂ ਜਖਮੀਆਂ ਨੂੰ ਵੀ ਗੋਲੀਆਂ ਮਾਰ ਮਾਰ ਕੇ ਮਾਰ ਦਿੱਤਾ। ਚਾਰ ਪੰਜ ਹਜ਼ਾਰ ਸਿੱਖ ਫੌਜੀ ਇਥੇ ਸ਼ਹੀਦੀਆਂ ਪਾ ਗਏ, ਪਰ ਚਤਰ ਸਿੰਘ ਅਤੇ ਸ਼ੇਰ ਸਿੰਘ ਅਫਗਾਨਿਸਤਾਨ ਵੱਲ ਭੱਜਣ ਲੱਗੇ ਤਾਂ ਇੱਕ ਅੰਗ੍ਰੇਜ਼ ਜਨਰਲ ਨੇ ਘੇਰ ਲਿਆ। ਇਸ ਤਰਾਂ ਇਹਨਾਂ ਨੂੰ ਹਥਿਆਰ ਸੁੱਟਣ ਵਾਸਤੇ ਮਜਬੂਰ ਕਰ ਲਿਆ ਤਾਂ ਜਿਸ ਸਮੇਂ ਇਹ 14 ਮਾਰਚ ਦੇ ਦਿਨ ਜਨਰਲ ਗਿਲਬਰਟ ਅੱਗੇ ਹਥਿਆਰ ਸੁੱਟ ਰਹੇ ਸਨ, ਤਾਂ ਇੱਕ ਬਜੁਰਗ ਸਿੱਖ ਫੌਜੀ ਦੀ ਹਥਿਆਰ ਸੁੱਟਣ ਵੇਲੇ ਭੁੱਬ ਨਿਕਲ ਗਈ ਅਤੇ ਇੱਕ ਅੰਗ੍ਰੇਜ਼ ਲਿਖਾਰੀ ਅਨੁਸਾਰ ਉਸ ਨੇ ਆਪਣੀ ਬੰਦੂਕ ਰੱਖਦਿਆਂ ਆਖਿਆ "ਅਸਲ ਵਿੱਚ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਅੱਜ ਮਰਿਆ ਹੈ"।

ਇਸ ਤੋਂ ਪੰਦਰਾਂ ਦਿਨਾਂ ਪਿੱਛੋਂ 29 ਮਾਰਚ 1849 ਨੂੰ ਲਾਰਡ ਡਲਹੌਜ਼ੀ ਨੇ ਸਿੱਖ ਰਾਜ ਨੂੰ ਅੰਗ੍ਰੇਜ਼ੀ ਰਾਜ ਵਿੱਚ ਸਮਿਲਤ ਕਰਨ ਦਾ ਐਲਾਨ ਕੀਤਾ ਸੀ। ਕਦੇ ਅਤੀਤ ਵਿੱਚ ਝਾਤੀ ਮਾਰਕੇ ਅਨਭੁਵ ਕਰੀਏ ਕਿ ਅੱਜ ਦਾ ਦਿਨ ਸਾਡੇ ਵਾਸਤੇ ਕਿਹੋ ਜਿਹਾ ਸੀ, ਜਦੋਂ ਖਾਲਸਾ ਰਾਜ ਦਾ ਕੇਸਰੀ ਨਿਸ਼ਾਨ ਉਤਾਰਿਆ ਜਾ ਰਿਹਾ ਹੋਵੇਗਾ ਅਤੇ ਫਰੰਗੀਆਂ ਦਾ ਝੰਡਾ ਅਸਮਾਨ ਵਿੱਚ ਲਹਿਰਾਉਣ ਲੱਗ ਪਿਆ ਹੋਵੇਗਾ, ਇਹਨਾਂ ਪਲਾਂ ਨੂੰ ਚੇਤੇ ਕਰਕੇ ਕਲੇਜੇ ਨੂੰ ਰੁੱਗ ਭਰਿਆ ਜਾਂਦਾ ਹੈ, ਬੇਸ਼ਕ ਇਸ ਸਭ ਬਰਬਾਦੀ ਪਿੱਛੇ ਡੋਗਰਿਆਂ ਦਾ ਵੱਡਾ ਹੱਥ ਸੀ, ਪਰ ਨਾਲ ਨਾਲ ਅੰਗ੍ਰੇਜ਼ਾਂ ਦੀ ਇੱਕ ਮਿੱਠੀ ਗੋਲੀ ਵੀ ਸੀ ਕਿ ਸਿੱਖ ਰਾਜ ਖਤਮ ਨਹੀਂ ਕੀਤਾ ਗਿਆ, ਜਿਵੇ ਦੂਜੇ ਰਾਜ ਖਤਮ ਕਰ ਦਿੱਤੇ ਗਏ ਹਨ, ਕੇਵਲ ਮੁਅਤਲ ਹੀ ਕੀਤਾ ਜਾ ਰਿਹਾ ਅਤੇ ਜਿਸ ਦਿਨ ਕੰਵਰ ਦਲੀਪ ਸਿੰਘ ਬਾਲਗ ਹੋ ਜਾਵੇਗਾ, ਸਿੱਖਾਂ ਦਾ ਰਾਜ ਮੁੜ ਬਹਾਲ ਕਰ ਦਿੱਤਾ ਜਾਵੇਗਾ, ਪਰ ਉਹ ਦਿਨ ਅੱਜ ਤੱਕ ਕਦੇ ਵਾਪਿਸ ਨਹੀਂ ਆਇਆ ਹੁਣ ਦੀ ਪੀੜੀ ਨੂੰ ਤਾਂ ਸਿੱਖ ਰਾਜ ਕਿਤਾਬਾਂ ਵਿੱਚੋਂ ਵੀ ਪੜਣ ਨੂੰ ਨਹੀਂ ਮਿਲਦਾ ਅਤੇ ਜੋ ਕੁੱਝ ਮਿਲਦਾ ਹੈ ਉਹ ਅਧੂਰੀ ਅਤੇ ਔਝੜ ਪਾਉਣ ਵਾਲੀ ਜਾਣਕਾਰੀ, ਖਾਸ ਸਾਜਿਸ਼ ਅਧੀਨ ਪਰੋਸੀ ਜਾ ਰਹੀ ਹੈ।

ਅੱਜ ਦੇ ਬੱਚੇ ਕੁੱਝ ਰੰਗ ਬਰੰਗੀਆਂ ਪਗੜੀਆਂ ਵਾਲਿਆਂ ਸੂਬੇਦਾਰਾਂ ਨੂੰ ਰਾਜ ਤਖਤ ਉੱਤੇ ਬੈਠੇ ਵੇਖ ਕੇ ਸਮਝ ਲੈਂਦੇ ਹਨ ਕਿ ਸਾਡਾ ਸਿੱਖ ਰਾਜ ਆ ਗਿਆ ਹੈ, ਲੇਕਿਨ ਇਸ ਪਦਾਰਥਵਾਦੀ ਯੁੱਗ ਵਿੱਚ ਜਨਮੀ ਇਸ ਪਨੀਰੀ ਨੂੰ ਤਾਂ ਰਾਜ ਦੇ ਅਰਥ ਵੀ ਨਹੀਂ ਪਤਾ ਹਨ। ਉਹਨਾਂ ਨੇ ਸਿਰਫ ਇਹ ਸੁਣਿਆ ਹੈ ਕਿ ਕਾਂਗਰਸ ਨੇ ਦਰਬਾਰ ਸਾਹਿਬ ਉੱਤੇ ਫੌਜੀ ਹਮਲਾ ਕੀਤਾ ਸੀ, ਇਸ ਵਾਸਤੇ ਕੁੱਝ ਨੀਲੀ ਪੱਗ ਵਾਲੇ ਸ਼ਾਇਦ ਸ਼ੇਰ-ਏ-ਪੰਜਾਬ ਦੇ ਵਾਰਿਸ ਹਨ, ਪਰ ਉਹਨਾਂ ਵਾਚਾਰਿਆਂ ਨੂੰ ਇਹ ਨਹੀਂ ਪਤਾ ਕਿ ਜਿਸ ਭਗਵੀ ਘੋੜੀ ਉੱਤੇ ਨੀਲੀਆਂ ਪਗੜੀਆਂ ਵਾਲੇ ਚੜੇ ਫਿਰਦੇ ਹਨ, ਉਹ ਵੀ ਇਸ ਹਮਲੇ ਦਾ ਅਸਬਾਬ ਚੁੱਕ ਕੇ ਲਿਆਈ ਸੀ। ਸਾਰੇ ਪਾਸੇ ਅਜਿਹਾ ਮਾਇਆ ਜਾਲ ਵਿਸ਼ਿਆ ਜਾ ਚੁੱਕਾ ਹੈ ਕਿ ਸਿੱਖਾਂ ਦੇ ਬੱਚਿਆਂ ਨੂੰ ਅਨਪੜਤਾ ਅਤੇ ਨਸ਼ੇ ਦੇ ਆਲਮ ਵੱਲ ਧੱਕਿਆ ਜਾ ਰਿਹਾ ਜੇ ਕਿਤੇ ਕੁੱਝ ਪੜਾਇਆ ਵੀ ਜਾ ਰਿਹਾ ਹੈ ਤਾਂ ਪੜਾਉਣ ਵਾਸਤੇ ਅਜਿਹਾ ਢਾਂਚਾ ਵਿਕਸਤ ਕੀਤਾ ਗਿਆ ਹੈ ਕਿ ਵੇਖਣ ਨੂੰ ਬੱਚੇ ਪੜੇ ਲਿਖੇ ਵੀ ਲੱਗਣ, ਪਰ ਕਿਸੇ ਦੇ ਪੱਲੇ ਵੀ ਕੁੱਝ ਨਾ ਹੋਵੇ ਕਿਉਂਕਿ ਇਹ ਬੱਚੇ ਕਦੇ ਸੁਖਾਲੀ ਜਿੰਦਗੀ ਵਿੱਚ ਵਿਚਰਨ ਲੱਗ ਪਏ ਤਾਂ ਆਪਣੇ ਵਿਰਤੇ ਨੂੰ ਚੇਤੇ ਕਰਕੇ ਫਿਰ ਰਾਜ ਦੀ ਕਲਪਨਾ ਕਰ ਸਕਦੇ ਹਨ।

ਅੱਜ ਜਿਸ ਮੁਕਾਮ ਉੱਤੇ ਸਿੱਖ ਖੜਾ ਹੈ ਉਸਦੇ ਅੱਗੇ ਖੂਹ ਹੈ ਅਤੇ ਪਿੱਛੇ ਖਾਤਾ ਹੈ, ਭਲਾ ਕਿਸੇ ਪਾਸੇ ਵੀ ਨਜਰ ਨਹੀਂ ਆ ਰਿਹਾ, ਸਭ ਪਾਸੇ ਖਵਾਰੀ ਹੀ ਖਵਾਰੀ ਨਜਰ ਆਉਂਦੀ ਹੈ ਅਤੇ ਨੇੜ ਭਵਿੱਖ ਵਿੱਚ ਕੋਈ ਵਾਰਿਸ ਵੀ ਨਜਰ ਨਹੀਂ ਆ ਰਿਹਾ, ਜਿਹੜਾ ਸ਼ੇਰ-ਏ-ਪੰਜਾਬ ਦੀ ਵਸੀਅਤ ਜਾਂ ਵਿਰਾਸਤ ਦਾ ਹੱਕਦਾਰ ਅਖਵਾਉਣ ਦੀ ਯੋਗਤਾ ਰੱਖਦਾ ਹੋਵੇ। ਸਾਰੇ ਪਾਸੇ ਆਪੋ ਧਾਪੀ ਹੈ, ਹੋਰ ਤਾਂ ਹੋਰ ਅਜੋਕੇ ਯੁੱਗ ਵਿੱਚ ਕੁੱਝ ਸਿੱਖ ਡੋਗਰਾ ਬਿਰਤੀ ਵਿੱਚ ਗੜੁੱਚ ਹੋ ਕੇ, ਸਿੱਖੀ ਦੇ ਜੜੀ ਤੇਲ ਦੇਣ ਵਾਸਤੇ ਪੂਰਾ ਟਿੱਲ ਲਾਈ ਬੈਠੇ ਹਨ ਅਤੇ ਕੁੰਝ ਬਿਨ੍ਰਾ ਘਿਰੇ ਹੀ ਹਥਿਆਰ ਸੁੱਟਣ ਨੂੰ ਤਿਆਰ ਬੈਠੇ ਹਨਉਂ ਜਾ ਕੁੱਝ ਕੁ ਨੇ ਸੁੱਟ ਵੀ ਦਿੱਤੇ ਹਨ, ਲੇਕਿਨ ਅੱਜ ਇੱਕ ਵੀ ਅਜਿਹਾ ਸਿੱਖ ਨਹੀਂ ਦਿਸਦਾ, ਜਿਹੜਾ ਹੋਰ ਕੁੱਝ ਨਹੀਂ ਤਾਂ ਘੱਟੋ ਘੱਟ ਅਜਿਹੇ ਮੌਕੇ ਕੌਮ ਦੀ ਹਾਲਤ ਨੂੰ ਵੇਖਦਿਆਂ, ਜਾਗ੍ਰਿਤੀ ਪੈਦਾ ਕਰਨ ਵਾਸਤੇ, ਬੰਦੂਕ ਰੱਖਣ ਦੇ ਨਾਲ ਧਾਹ ਹੀ ਮਾਰ ਦੇਵੇ ਕਿ ਸਿੱਖੋਂ! ਓਦੋਂ ਵੀ ਨਹੀਂ ਮਹਾਰਾਜਾ ਰਣਜੀਤ ਸਿੰਘ ਤਾਂ ਅੱਜ ਮਰਿਆ ਹੈ?

ਪਰ ਅੱਜ ਦੇ ਸਿੱਖਾਂ ਨੂੰ ਚੇਅਰਮੈਨੀਆਂ, ਬੋਰਡਾਂ ਦੀਆਂ ਮੈਂਬਰੀਆਂ, ਪਿੰਡ ਪੱਧਰ ਦੀਆਂ ਜਥੇਦਾਰੀਆਂ ਤੋਂ ਵਿਹਲ ਮਿਲੇ ਤਾਂ ਹੀ ਇਸ ਪਾਸੇ ਵੱਲ ਸੋਚਣ ਦੀ ਖੇਚਲ ਕਰਨ ਵਿਚਾਰੇ। ਉਹਨਾਂ ਨੂੰ ਤਾਂ ਇਹ ਵੀ ਯਾਦ ਨਹੀਂ ਕਿ ਅੱਜ ਦੇ ਦਿਨ ਸਾਡਾ ਖਾਲਸਾ ਰਾਜ ਦਾ ਝੰਡਾ ਵੀ, ਸਾਡੀਆਂ ਕਮਜ਼ੋਰੀਆਂ ਉੱਤੇ ਅੱਥਰੂ ਵਹਾਉਂਦਾ, ਫਰੰਗੀ ਦੇ ਰੱਤ ਭਿੱਜੇ ਹੱਥਾਂ ਨਾਲ ਖਿੱਚੀ ਜਾ ਰਹੀ ਰੱਸੀ ਨਾਲ, ਜਮੀਨ ਵੱਲ ਨੂੰ ਆ ਰਿਹਾ ਸੀ, ਜਿਹੜੇ ਸਿੱਖਾਂ ਨੇ 1947 ਵਿੱਚ ਭਾਰਤ ਦੀ ਪਾਕਿਸਤਾਨ ਅਤੇ ਭਾਰਤ ਦੋ ਰਾਜਾਂ ਵਿੱਚ ਵੰਡ ਹੋਣ ਸਮੇਂ, ਆਪਣੇ ਸਿੱਖ ਰਾਜ ਦੀ ਅਣਦੇਖੀ ਕੀਤੀ, ਅੱਜ ਉਂਨਾਂ ਦੀ ਔਲਾਦ ਹੀ ਦੁਸ਼ਵਾਰੀਆਂ ਦੀ ਪੰਡ ਚੁੱਕ ਕੇ, ਹੱਥ ਤਰਲਿਆਂ ਦਾ ਠੂਠਾ ਫੜੀ, ਇਨਸਾਫ਼ ਵਾਸਤੇ ਦਰ ਦਰ ਭਟਕ ਰਹੀ ਹੈ। ਉਸ ਵੇਲੇ ਇੱਕ ਮਹਾਰਨੀ ਜਿੰਦਾ ਸੀ, ਅੱਜ ਪਤਾ ਨਹੀਂ ਕਿੰਨੀਆਂ ਕੁ ਜਿੰਦਾ ਹਕੂਮਤੀ ਨਿਜ਼ਾਮ ਹੱਥੋਂ ਜਲੀਲ ਹੋ ਰਹੀਆਂ ਹਨ। ਬਸ ਜੇ ਕਿਤੇ ਘਾਟ ਰੜਕ ਰਹੀ ਹੈ ਤਾਂ ਉਹ ਸਿਰਫ ਸਿੱਖਾਂ ਦੇ ਜਜਬਾਤਾਂ ਦੀ ਹੈ, ਪਤਾ ਨਹੀਂ ਸਿੱਖਾਂ ਦਾ ਖੂਨ ਸਰਦ ਕਿਉਂ ਹੋ ਗਿਆ ਹੈ? ਕਲਗੀਧਰ ਦਾ ਦਾ ਲਹੁ ਤਾਂ ਸੱਤ ਅਤੇ ਨੌਂ ਵਰਿਆਂ ਦੇ ਬਾਲਾਂ ਦੀ ਰਗਾਂ ਵਿੱਚ ਵੀ ਉਬਾਲੇ ਮਾਰਦਾ ਸੀ, ਇਸ ਕਰਕੇ ਹੀ ਬਾਲਕ, ਬਾਬੇ ਦੇ ਰੁਤਬੇ ਪਾ ਕੇ ਅਮਰਾਪਦ ਦੇ ਹੱਕਦਾਰ ਬਣ ਗਏ ਸਨ।

ਇਸ ਵਾਸਤੇ ਅੱਜ ਦੇ ਦਿਨ ਹਰ ਸਿੱਖ ਨੂੰ ਚਿੰਤਨ ਕਰ ਦੀ ਲੋੜ ਹੈ ਕਿ ਕਿਹੜੀ ਮਨਹੂਸ ਘੜੀ ਸੀ। ਜਦੋਂ ਅਸੀਂ ਤਖਤ ਤੋਂ ਤਖਤੇ ਉੱਤੇ ਆ ਡਿੱਗੇ, ਜੋ ਪਿੱਛੇ ਹੋਇਆ ਇੱਕ ਇਤਿਹਾਸ ਹੈ, ਜੋ ਸਾਡਾ ਪ੍ਰੇਰਨਾ ਸਰੋਤ ਹੈ, ਪਰ ਸਿਰਫ ਇਤਿਹਾਸ ਨੂੰ ਪੜਕੇ ਪਿੱਛੇ ਹੋਈਆਂ ਗਲਤੀਆਂ ਜਾਂ ਰਹਿ ਗਈਆਂ ਊਨਤਾਈਆਂ, ਬੇਸ਼ੱਕ ਉਸ ਵਿੱਚ ਡੋਗਰਿਆਂ ਦੀ ਗੱਦਾਰੀ ਹੋਵੇ ਜਾਂ ਸਾਡਾ ਅਵੇਸਲਾਪਨ, ਉਸ ਉੱਤੇ ਝੋਰਾ ਕਰਿਆਂ ਕੁੱਝ ਵੀ ਪੱਲੇ ਨਹੀਂ ਪੈ ਸਕਦਾ, ਲੇਕਿਨ ਉਸ ਇਤਿਹਾਸ ਤੋਂ ਸਬਕ ਲੈ ਕੇ ਆਉਣ ਵਾਲੇ ਸਮੇਂ ਦੀ ਸੰਭਾਲ ਬੜੀ ਜਰੂਰੀ ਹੈ, ਕਿਉਂਕਿ ਲੰਘਿਆ ਵੇਲਾ ਕਦੇ ਹੱਥ ਨਹੀਂ ਜੇ ਆਉਂਦਾ, ਬਾਕੀ ਸਭ ਕੁੱਝ ਰੁਕ ਸਕਦਾ ਹੈ, ਰੁੱਤਾਂ ਵੀ ਰੁਕ ਜਾਂਦੀਆਂ ਹਨ ਮੌਸਮ ਦੇ ਤੇਵਰ ਵੇਖਕੇ, ਪਰ ਇੱਕ ਘੜੀ ਦੀਆਂ ਸੂਈਆਂ ਹਨ, ਜਿਸ ਨੂੰ ਬਰੇਕ ਨਹੀਂ ਲੱਗ ਸਕਦੀ। ਇਸ ਲਈ ਅੱਜ ਕਿਸੇ ਉੱਤੇ ਗਿਲੇ ਕਰਨ ਦਾ ਜਾਂ ਉਲਾਂਭੇ ਦੇਣ ਦਾ ਮੌਕਾ ਨਹੀਂ ਹੈ, ਹੁਣ ਇੱਕ ਜੁੱਟ ਹੋ ਕੇ ਯਤਨ ਕਰਨ ਦਾ ਵੇਲਾ ਹੈ, ਗੋਰਿਆਂ ਵੱਲੋਂ ਬੇਇਜ਼ਤ ਢੰਗ ਨਾਲ ਲਾਹ ਕੇ ਸੁੱਟਿਆ ਸਿੱਖ ਰਾਜ ਦਾ ਨਿਸ਼ਾਨ ਸਾਹਿਬ ਤੁਹਾਡੀ ਬੇਸਬਰੀ ਨਾਲ ਉਡੀਕ ਕਰ ਰਿਹਾ ਹੈ। ਉਸ ਨੂੰ ਯਕੀਨ ਹੈ ਕਿ ਸ਼ੇਰ-ਏ-ਪੰਜਾਬ ਮਰ ਨਹੀਂ ਸਕਦਾ, ਉਹ ਆਵੇਗਾ ਜਰੁਰ ਆਵੇਗਾ। ਗੁਰੂ ਰਾਖਾ !!


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥

ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top