Share on Facebook

Main News Page

ਪੱਗ ਜਾਂ ਦਸਤਾਰ ਕੁੱਝ ਮੀਟਰ ਕੱਪੜਾ ਹੀ ਨਹੀਂ, ਜਿੰਮੇਵਾਰੀ ਅਤੇ ਫਰਜ਼ਾਂ ਦਾ ਅਹਿਸਾਸ ਅਤੇ ਆਜ਼ਾਦੀ ਦਾ ਸਿੰਬਲ ਹੈ !
-: ਗੁਰਿੰਦਰਪਾਲ ਸਿੰਘ ਧਨੌਲਾ 93161 76519

ਦਸਤਾਰ ਜਾਂ ਪੱਗ ਸਿੱਖ ਧਰਮ ਦੀ ਮੁੱਖ ਪਹਿਚਾਨ ਹੈ। ਕੁੱਝ ਵਰੇ ਪਹਿਲਾਂ ਬਹੁਤ ਸਾਰੇ ਹਿੰਦੂ ਵੀ ਪੱਗਾਂ ਬੰਨ੍ਹਦੇ ਸਨ ਅੱਜ ਵੀ ਟਾਵੇਂ ਟਾਵੇਂ ਹਿੰਦੂਆਂ ਦੇ ਸਿਰਾਂ ਉੱਤੇ ਪੱਗ ਵੇਖੀ ਜਾ ਸਕਦੀ ਹੈ। ਖਾਸ ਕਰ ਹਰਿਆਣਾ ਉੱਤਰ ਪ੍ਰਦੇਸ਼ ਰਾਜਿਸਤਾਨ ਗੁਜਰਾਤ ਅਤੇ ਮਹਾਰਾਸ਼ਟਰ ਦੇ ਦਿਹਾਤੀ ਇਲਾਕਿਆਂ ਵਿੱਚ ਸਾਰੇ ਹੀ ਗੈਰ ਸਿੱਖ ਵੀ ਪੱਗ ਬੰਨ੍ਹਦੇ ਹਨ ਅਤੇ ਉਹਨਾਂ ਦੀਆਂ ਪੱਗਾਂ ਦੇ ਰੰਗ ਅਤੇ ਪੱਗ ਬੰਨ੍ਹਣ ਦੇ ਤਰੀਕੇ ਵੱਖੋ ਵੱਖਰੇ ਹਨ। ਅੱਜ ਵੀ ਜਦੋਂ ਹਿੰਦੂ ਪਰਿਵਾਰਾਂ ਵਿੱਚ ਕੋਈ ਵਿਆਹ ਆਦਿਕ ਦੀ ਰਸਮ ਹੁੰਦੀ ਹੈ, ਤਾਂ ਬੇਸ਼ੱਕ ਟੋਪੀਨੁਮਾਂ ਪੱਗੜੀ, ਜਿਹੜੀ ਬਜਾਰੋਂ ਬਣੀ ਬਣਾਈ ਮਿਲ ਜਾਂਦੀ ਹੈ, ਨੂੰ ਸਿਰ ਉੱਤੇ ਰੱਖਕੇ ਰਸਮ ਪੂਰੀ ਕਰਦੇ ਹਨ। ਮੁਸਲਿਮ ਲੋਕਾਂ ਵਿੱਚ ਵੀ ਕੁੱਲੇ ਵਾਲੀ ਪੱਗ ਆਦਿ ਕਾਲ ਤੋਂ ਹੀ ਪ੍ਰਚਲਤ ਹੈ। ਅਰਬ ਦੇ ਸ਼ੇਖ ਵੀ ਇੱਕ ਵੱਖਰੀ ਕਿਸਮ ਦੀ ਪੱਗ ਬੰਨ੍ਹਦੇ ਹਨ, ਲੇਕਿਨ ਸਿੱਖਾਂ ਵਿੱਚ ਇਹ ਬੜੀ ਹੀ ਗਿਰਾਵਟ ਵਾਲੀ ਗੱਲ ਹੈ ਕਿ ਬਹੁਗਿਣਤੀ ਬੱਚੇ ਜਿੱਥੇ ਕੇਸਾਂ ਨੂੰ ਤਿਲਾਂਜਲੀ ਦੇ ਚੁੱਕੇ ਹਨ, ਉਥੇ ਦਸਤਾਰ ਨਾਲੋ ਸਿਰਫ ਮੋਹ ਹੀ ਭੰਗ ਨਹੀਂ ਹੋਇਆ, ਸਗੋਂ ਉਹਨਾਂ ਦੇ ਮਨ ਅੰਦਰ ਇੱਕ ਨਫਰਤ ਜਿਹੀ ਹੀ ਬਣਦੀ ਜਾ ਰਹੀ ਹੈ, ਭਾਵੇ ਕਿ ਕੁੱਝ ਕਲੱਬਾਂ ਨੇ ਦਸਤਾਰ ਬੰਦੀ ਮੁਕਾਬਲੇ ਜਾਂ ਦਸਤਾਰ ਸਿੱਖਲਾਈ ਕੈਂਪ ਲਾ ਕੇ, ਕੁੱਝ ਮੋੜਾ ਪਾਉਣ ਦਾ ਯਤਨ ਅਰੰਭਿਆ ਹੋਇਆ ਹੈ।

ਦਸਤਾਰ ਸਿੱਖ ਗੁਰੂ ਸਾਹਿਬਾਨ ਦੇ ਸਿਰਾਂ ਉੱਤੇ ਗੁਰੂ ਨਾਨਕ ਪਾਤਸ਼ਾਹ ਤੋਂ ਲੈਕੇ ਹੀ ਸ਼ੋਭਨੀਕ ਹੈ ਅਤੇ ਅੱਗੋਂ ਗੁਰਗੱਦੀ ਦੇਣ ਵੇਲੇ ਵੀ ਦਸਤਾਰ ਨੂੰ ਹੀ ਮਾਧਿਅਮ ਬਣਾਇਆ ਗਿਆ ਹੈ। ਗੁਰੂ ਨਾਨਕ ਪਾਤਸ਼ਾਹ ਨੇ ਪਹਿਲੀ ਵਾਰ ਗੁਰੂ ਅੰਗਦ ਪਾਤਸ਼ਾਹ ਨੂੰ ਦਸਤਾਰ ਦੇ ਕੇ ਗੁਰ ਪਦਵੀ ਦਾ ਹੱਕਦਾਰ ਸਥਾਪਤ ਕੀਤਾ ਸੀ, ਗੁਰੂ ਅਮਰਦਾਸ, ਗੁਰੂ ਰਾਮਦਾਸ ਨੂੰ ਵੀ ਬਖਸ਼ਿਸ਼ ਹੋਈ ਅਤੇ ਗੁਰੂ ਅਰਜਨ ਪਾਤਸ਼ਾਹ ਵੀ ਇੰਜ ਹੀ ਗੁਰੂ ਪਦ ਉੱਤੇ ਸ਼ਸ਼ੋਬਤ ਹੋਏ। ਬੇਸ਼ੱਕ ਨਾਨਕਿਆਂ ਵੱਲੋਂ ਮਾਮੇ ਦੀ ਦਿੱਤੀ ਪੱਗ ਪਿਰਥੀਏ ਨੂੰ ਹੀ ਮਿਲੀ ਸੀ। ਅੱਜ ਦੀਆਂ ਸਮਾਜਿਕ ਰੀਤੀਆਂ ਵਿੱਚ ਅੱਜ ਵੀ ਜਦੋਂ ਕੋਈ ਅਕਾਲ ਚਲਾਣਾ ਕਰ ਜਾਵੇ ਤਾਂ ਉਸਦੇ ਭੋਗ ਉੱਤੇ ਵੱਡੇ ਪੁੱਤਰ ਜਾਂ ਹੋਰ ਜਿਹੜਾ ਉਸ ਘਰ ਦੀ ਜਿੰਮੇਵਾਰੀ ਨੂੰ ਨਿਭਾਉਣ ਵਾਲਾ ਹੋਵੇ, ਉਸ ਨੂੰ ਦਸਤਾਰ ਦੇ ਕੇ ਜਿੰਮੇਵਾਰੀ ਅਤੇ ਫਰਜਾਂ ਦਾ ਅਹਿਸਾਸ ਕਰਵਾਇਆ ਜਾਂਦਾ ਹੈ। ਆਮ ਤੌਰ ਉੱਤੇ ਡੇਰੇਦਾਰ, ਬੇਸ਼ੱਕ ਉਹ ਸਿੱਖੀ ਭੇਖ ਵਾਲੇ ਹੋਣ ਜਾਂ ਕੋਈ ਹੋਰ ਅਨਮੱਤੀ ਡੇਰੇ ਦੇ ਸੰਚਾਲਕ ਹੋਣ, ਜਦੋ ਡੇਰੇ ਦਾ ਮੁਖੀ ਮਰ ਜਾਵੇ ਤਾਂ ਅਗਲੇ ਮੁਖੀ ਦਾ ਸੰਸਥਾਪਨ ਵੀ ਪੱਗ ਦੇ ਕੇ ਹੀ ਕਰਦੇ ਹਨ, ਉਂਜ ਭਾਵੇਂ ਉਹ ਪੱਗ ਦੇ ਸਤਿਕਾਰ ਵਾਲਾ ਕੋਈ ਕੰਮ ਸਾਰੀ ਜਿੰਦਗੀ ਵਿੱਚ ਇੱਕ ਵੀ ਨਾ ਕਰ ਸਕਣ।

ਛੇਵੇਂ ਨਾਨਕ ਗੁਰੂ ਹਰਗੋਬਿੰਦ ਸਾਹਿਬ ਜੀ ਵੇਲੇ ਜਹਾਂਗੀਰ ਬਾਦਸ਼ਾਹ ਨੇ ਫੁਰਮਾਨ ਜਾਰੀ ਕੀਤਾ ਸੀ ਕਿ ਹੁਕਮਰਾਨ ਧਿਰ ਭਾਵ ਮੁਗਲਾਂ ਦੇ ਉਪਾਸ਼ਕਾਂ ਤੋਂ ਬਿਨਾਂ ਕੋਈ ਵੀ ਆਪਣੇ ਸਿਰ ਉੱਤੇ ਪੱਗੜੀ ਨਹੀਂ ਬੰਨ੍ਹ ਸਕਦਾ ਤਾਂ ਗੁਰੂ ਸਾਹਿਬ ਨੇ ਅਕਾਲ ਬੁੰਗੇ (ਅਕਾਲ ਤਖਤ ਸਾਹਿਬ) ਦੀ ਉਸਾਰੀ ਕਰਕੇ ਉਸ ਉੱਪਰ ਸ਼ਸ਼ੋਬਤ ਹੋਣ ਸਮੇਂ ਆਪਣੇ ਸਿਰ ਉੱਪਰ ਦੋਹਰੀ ਦਸਤਾਰ ਸਜਾਈ ਸੀ। ਜਿਸ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਨੇ ਖਾਲਸੇ ਦੇ ਸਿਰ ਉੱਪਰਲਾ ਸਦੀਵੀ ਤਾਜ਼ ਕਹਿਕੇ, ਸਿੱਖ ਦੀ ਰਹਿਣੀ ਵਿੱਚ ਇੱਕ ਪ੍ਰਮੁੱਖ ਅੰਗ ਬਣਾ ਦਿੱਤਾ ਹੈ। ਹੁਣ ਸਿੱਖ ਵਾਸਤੇ ਪੱਗ ਦੇ ਥੱਲੇ ਇੱਕ ਛੋਟੀ ਕੇਸਕੀ ਅਤੇ ਉੱਪਰ ਸੋਹਣੀ ਦਸਤਾਰ ਬੰਨ੍ਹਣ ਦਾ ਹੁਕਮ ਹੈ। ਚਮਕੌਰ ਦੀ ਕੱਚੀ ਗੜੀ ਵਿੱਚੋਂ ਗੁਰੂ ਗੋਬਿੰਦ ਸਿੰਘ ਜੀ ਵੱਲੋਂ, ਬਾਬਾ ਅਜੀਤ ਸਿੰਘ ਨੂੰ ਵੀ ਹੱਥੀ ਦਸਤਾਰ ਸਜਾ ਕੇ ਜੰਗ ਵੱਲ ਤੋਰਣ ਦਾ ਜ਼ਿਕਰ ਵੀ ਬਹੁਤ ਲੇਖਕ ਕਰਦੇ ਹਨ।

ਅੱਜ ਦਸਤਾਰ ਦੇ ਕਈ ਰੂਪ ਹਨ ਅਤੇ ਭਾਈ ਕਾਨ੍ਹ ਸਿੰਘ ਨਾਭਾ ਨੇ ਮਹਾਨਕੋਸ਼ ਵਿੱਚ ਇਸ ਦੀ ਬਾ ਖੂਬ ਵਿਖਾਖਿਆ ਵੀ ਕੀਤੀ ਹੈ, ਲੇਕਿਨ ਕਲਗੀਧਰ ਵੱਲੋਂ ਦਿੱਤੀ ਦਸਤਾਰ ਖਾਲਸੇ ਜਾਂ ਮਨੁੱਖ ਦੀ ਆਜ਼ਾਦੀ ਦਾ ਇੱਕ ਸਿੰਬਲ ਵੀ ਹੈ ਅਤੇ ਇਹ ਵੀ ਆਮ ਕਹਾਵਤ ਹੈ ਕਿ ਜਿਸ ਬੀਬੀ ਦਾ ਪਤੀ ਮਰ ਜਾਵੇ, ਉਸਨੂੰ ਸਿਰੋਂ ਨੰਗੀ ਆਖਿਆ ਜਾਂਦਾ ਹੈ, ਲੇਕਿਨ ਇੱਥੇ ਗੁਰੂ ਸਾਹਿਬ ਵੱਲੋਂ ਦਿੱਤੀ ਦਸਤਾਰ ਦੇ ਅਰਥ ਇਹ ਵੀ ਹਨ ਕਿ ਸਿੱਖ ਦਾ ਸਾਈ ਜਾਂ ਆਤਮਾ ਦਾ ਪਤੀ ਪ੍ਰਮਾਤਮਾ, ਸਦੀਵੀ ਜਿੰਦਾ ਹੈ, ਉਹ ਕਦੇ ਸਿਰੋਂ ਨੰਗੀ ਨਹੀਂ ਹੁੰਦੀ ਅਤੇ ਸਿੱਖ ਅਕਾਲ ਪੁਰਖ ਤੋਂ ਬਿਨਨ੍ਹਾਂ ਕਿਸੇ ਦਾ ਗੁਲਾਮ ਨਹੀਂ ਹੁੰਦਾ, ਇਸ ਕਰਕੇ ਦਸਤਾਰ ਹਰ ਵੇਲੇ ਸਿਰ ਢੱਕਿਆ ਹੋਣ ਕਰਕੇ, ਸਿੱਖ ਦੀ ਆਜ਼ਾਦੀ ਅਤੇ ਸਿਰ ਦਾ ਸਾਈ (ਖਸਮ) ਦੇ ਜਿਉਂਦੇ ਹੋਣ ਅਤੇ ਉਸਦੀ ਹੋਂਦ ਦਾ ਇੱਕ ਪ੍ਰਗਟਾਵਾ ਵੀ ਕਰਦੀ ਹੈ।

ਪੱਗ ਨੂੰ ਆਮ ਬੋਲੀ ਵਿੱਚ ਸਾਫ਼ਾ ਵੀ ਆਖਿਆ ਜਾਂਦਾ ਹੈ, ਲੇਕਿਨ ਸਿੰਘ ਬੋਲਿਆਂ ਵਿੱਚ ਦੁਮਾਲਾ ਜਾਂ ਦਸਤਾਰ ਦੀ ਹੀ ਵਰਤੋਂ ਹੀ ਹੁੰਦੀ ਹੈ। ਕੁੱਝ ਨਿਹੰਗ ਸਿੰਘ ਫਰਲੇ ਵਾਲਾ ਦੁਮਾਲਾ ਵੀ ਸਜਾਉਂਦੇ ਹਨ, ਮਿਸ਼ਨਰੀ ਅਤੇ ਟਕਸਾਲੀ ਦਸਤਾਰ ਵਿੱਚ ਵੀ ਇੱਕ ਫਰਕ ਸਾਫ਼ ਨਜਰ ਆਉਂਦਾ ਹੈ।

ਮਾਲਵੇ ਵਿੱਚ ਪਿੱਛੇ ਮੌਰਾਂ ਉੱਤੇ ਖੁੱਲਾ ਲੜ੍ਹ ਛੱਡਕੇ ਪੱਗ ਬੰਨ੍ਹੀ ਜਾਂਦੀ ਸੀ ਅਤੇ ਕਿਤੇ ਕਿਤੇ ਅੱਜ ਵੀ ਦਿੱਸਦੀ ਹੈ, ਜਿਸ ਨੂੰ ਟੌਰਾ, ਤੁਰਲਾ ਜਾਂ ਸੰਬਲਾ ਕਿਹਾ ਜਾਂਦਾ ਹੈ। ਇਸ ਤਰ੍ਹਾਂ ਹੀ ਪਾਕਿਸਤਾਨ ਦੇ ਕੁੱਝ ਇਲਾਕਿਆਂ ਤੋਂ ਆਏ ਲੋਕ, ਉਪਰਲੇ ਪਾਸੇ ਇੱਕ ਲੜ੍ਹ ਛੱਡਦੇ ਸਨ,ਜਿਵੇ ਕਿ ਪਟਿਆਲਾ ਦੇ ਮਰਹੂਮ ਅਕਾਲੀ ਆਗੂ ਸ. ਸਰਦਾਰਾ ਸਿੰਘ ਕੋਹਲੀ ਆਮ ਹੀ ਉਸ ਤਰੀਕੇ ਦੀ ਦਸਤਾਰ ਅੰਤ ਸਮੇਂ ਤੱਕ ਸਜਾਉਂਦੇ ਰਹੇ ਹਨ। ਹੁਣ ਪੜੇ ਲਿਖੇ ਲੋਕਾਂ ਵਿੱਚ ਪਟਿਆਲਾ ਸ਼ਾਹੀ ਪੱਗ ਵੀ ਬਹੁਤ ਪ੍ਰਚਲਤ ਹੈ ਅਤੇ ਅੱਜਕੱਲ ਕੁੱਝ ਥੋੜਾ ਹੋਰ ਬਦਲਾਅ ਵੀ ਆ ਰਿਹਾ ਹੈ, ਜਿਸ ਕਰਕੇ ਜਿਹੜੇ ਨੌਜਵਾਨ ਪੱਗ ਦਾ ਸ਼ੌਂਕ ਰੱਖਦੇ ਹਨ, ਉਹ ਬਹੁਤ ਹੀ ਸੰਵਾਰਕੇ ਦਸਤਾਰ ਸਜਾਉਂਦੇ ਹਨ। ਹਾਲੇ ਤੱਕ ਵੀ ਰਿਵਾਜ਼ ਹੈ ਕਿ ਜਦੋਂ ਕਦੇ ਦੋ ਮਰਦਾਂ ਨੇ, ਆਪਣੀ ਦੋਸਤੀ ਨੂੰ ਸੱਕੇ ਭਰਾਵਾਂ ਵਾਲੀ ਰੀਤ ਵਿੱਚ ਬਦਲਣਾ ਹੋਵੇ ਤਾਂ ਪੱਗਾਂ ਵਟਾ ਲਈਆਂ ਜਾਂਦੀਆਂ ਹਨ। ਬੰਦਾ ਭਾਵੇ ਸਿਰੋਂ ਮੋਨਾ ਹੋਵੇ ਜੇ ਪੱਗ ਬੰਨ੍ਹੀ ਹੋਵੇ ਤਾਂ ਉਸ ਨੂੰ ਹਰ ਕੋਈ ਸਰਦਾਰ ਆਖੇਗਾ ਦੂਜੇ ਪਾਸੇ ਕੇਸ ਬੇਸ਼ੱਕ ਰੱਖੇ ਹੋਣ ਅਤੇ ਸਿਰ ਉਤੇ ਪੱਗ ਨਾ ਹੋਵੇ ਤਾਂ ਉਹ ਬਾਬੂ ਜੀ ਹੀ ਅਖਵਾਉਂਦਾ ਹੈ।

ਇਹ ਸਾਡੀ ਬਦਕਿਸਮਤੀ ਰਹੀ ਹੈ ਕਿ ਅਸੀਂ ਪੱਗ ਨੂੰ ਵਿਸ਼ਵ ਪੱਧਰ ਉੱਤੇ ਜਾਣਕਾਰੀ ਦਾ ਪਾਤਰ ਨਹੀਂ ਬਣਾ ਸਕੇ। ਹਾਲਾਂ ਕਿ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਤੋਂ ਤਾਂ ਅੰਗ੍ਰੇਜ਼ ਨੂੰ ਵੀ ਪੂਰਾ ਗਿਆਨ ਹੋ ਗਿਆ ਸੀ ਕਿ ਪੱਗ ਵਾਲੇ ਸਰਦਾਰ ਵੀ ਦੁਨੀਆਂ ਵਿੱਚ ਆਪਣਾ ਅਹਿਮ ਸਥਾਨ ਰੱਖਦੇ ਹਨ ਅਤੇ ਅੰਗ੍ਰੇਜ਼ ਦੀ ਫੌਜ ਵਿੱਚ ਭਰਤੀ ਹੋ ਕੇ ਬਰਮਾ, ਫ਼ਰਾਂਸ ਵਗੈਰਾ ਵਿੱਚ ਸਿੱਖ ਫੌਜੀਆਂ ਨੇ ਸਿਰ ਉੱਤੇ ਦਸਤਾਰਾਂ ਸਜਾਕੇ ਹੀ ਜੰਗਾਂ ਯੁੱਧਾਂ ਵਿੱਚ ਹਿੱਸਾ ਲਿਆ ਸੀ। ਗਦਰੀ ਬਾਬਿਆਂ ਨੇ ਵੀ ਇੱਕ ਸਦੀ ਪਹਿਲਾਂ ਅਮਰੀਕਾ ਕਨੇਡਾ ਵਿੱਚ ਆਪਣੀ ਦਸਤਾਰ ਵਾਲੀ ਪਹਿਚਾਣ ਵਿੱਚ ਹੀ ਕਾਮਾਗਾਟਾ ਮਾਰੂ ਜਹਾਜ਼ ਵਾਲਾ ਸੰਘਰਸ਼ ਆਰੰਭ ਕੀਤਾ ਸੀ, ਲੇਕਿਨ ਮੈਨੂੰ ਅਫਸੋਸ ਹੋਇਆ ਕਿ ਮੈਂ ਪਹਿਲੀ ਵਾਰ 2007 ਵਿੱਚ ਇੰਗਲੈਂਡ ਗਿਆ, ਸ਼ਾਮ ਨੂੰ ਸੈਰ ਕਰਦੇ ਇੱਕ ਵੀਹ ਕੁ ਸਾਲ ਨੇ ਗੋਰੇ ਮੁੰਡੇ ਨੇ ਮੈਨੂੰ ਪੁੱਛਿਆ ਕਿ ਤੁਸੀਂ ਪਾਕੀ ਭਾਵ ਪਾਕਿਸਤਾਨੀ ਹੋ? ਮੈਂ ਕਿਹਾ ਕਿਉਂ ਤਾਂ ਉਸ ਨੇ ਕਿਹਾ ਤੁਸੀਂ ਸਿਰ ਉੱਤੇ ਕੱਪੜਾ ਲਪੇਟਿਆ ਹੋਇਆ ਹੈ। ਫਿਰ ਜਰਮਨ ਤੋਂ ਇਟਲੀ ਜਾਂਦਿਆਂ ਰੇਲ ਦੇ ਡੱਬੇ ਵਿੱਚ ਇੱਕ ਇਟਾਲੀਅਨ ਜੋੜੇ ਨੇ ਪੁੱਛਿਆ ਕਿ ਤੁਸੀਂ ਸਿਰ ਉੱਤੇ ਕੱਪੜਾ ਕਿਉਂ ਲਪੇਟਿਆ ਹੈ, ਜਦੋਂ ਮੈਂ ਉਸ ਨੂੰ ਸਿੱਖੀ ਬਾਰੇ ਜਾਂ ਭਾਰਤ ਬਾਰੇ ਪੁੱਛਿਆ ਤਾਂ ਸਿਰਫ ਇਹ ਹੀ ਉੱਤਰ ਮਿਲਿਆ ਕਿ ਭਾਰਤ ਵਿੱਚ ਦਿੱਲੀ ਮੁੰਬਈ, ਬੈਂਗਲੂਰ, ਚੰਡੀਗੜ੍ਹ ਅਤੇ ਤਾਜ ਮਹਿਲ ਬਾਰੇ ਪਤਾ ਹੈ, ਜਦੋਂ ਕਿਸੇ ਮਹਾਨ ਹਸਤੀ ਬਾਰੇ ਪੁੱਛਿਆ ਤਾਂ ਜਵਾਬ ਸੀ ਮਹਾਤਮਾਂ ਗਾਂਡੀ (ਗਾਂਧੀ), ਪਰ ਗੁਰੂ ਨਾਨਕ ਬਾਰੇ ਕੁੱਝ ਵੀ ਪਤਾ ਨਹੀਂ ਸੀ।

ਇਸ ਕਰਕੇ ਹੀ ਸਿੱਖਾਂ ਦੀ ਪੱਗ ਦੀ ਖੱਜਲ ਖਵਾਰੀ ਹਰ ਥਾਂ ਹੁੰਦੀ ਹੈ, ਭਾਰਤ ਵਿੱਚ ਵੀ ਪੱਗਾਂ ਵਾਲੇ ਜਲੀਲ ਹੀ ਹੁੰਦੇ ਰਹੇ, ਖਾਸ ਕਰਕੇ ਫੌਜੀ ਜਰਨੈਲ ਪੱਗ ਵਾਲੇ ਸਿੱਖ ਹੋਣ ਕਰਕੇ ਹੀ ਸਿੱਖਰਲੇ ਅਹੁਦੇ ਤੋਂ ਵਾਂਝੇ ਰਹਿ ਗਏ। ਉਂਜ ਦਿਖਾਵੇ ਦੇ ਤੌਰ ਉੱਤੇ ਬਹੁਤ ਸਾਰੇ ਦਰਸ਼ਨੀ ਘੋੜੇ ਭਾਰਤੀ ਨਿਜ਼ਾਮ ਨੇ ਇੰਡੀਆ ਗੇਟ ਉੱਤੇ ਜਰੂਰ ਬੰਨ ਕੇ ਰੱਖੇ ਤਾਂ ਕਿ ਕਿਸੇ ਨੂੰ ਵਿਤਕਰਾ ਨਜਰ ਨਾ ਆਵੇ, ਜਿਵੇ ਗਿਆਨੀ ਜ਼ੈਲ ਸਿੰਘ ਵਰਗਿਆਂ ਨੂੰ ਰਾਸ਼ਟਰਪਤੀ ਦੇ ਰੁਤਬੇ ਦੇ ਦੇਣੇ ਜਾਂ ਹੁਣ ਵੀ ਕਿਸੇ ਸਿਆਸੀ ਮਜਬੂਰੀ ਕਰਕੇ ਕਾਂਗਰਸ ਵੱਲੋਂ ਸ. ਮਨਮੋਹਨ ਸਿੰਘ ਨੂੰ ਪ੍ਰਧਾਨ ਮੰਤਰੀ ਬਣਾਉਣਾ ਪਿਆ, ਪਰ ਉਸ ਨੂੰ ਪੱਗ ਵਾਲਾ ਮਸਲਾ ਲੈ ਕੇ ਫਰਾਂਸ ਸਰਕਾਰ ਨਾਲ ਜਾ ਕੇ ਗੱਲ ਕਰਨ ਦੀ ਇਜਾਜ਼ਤ ਨਹੀਂ ਸੀ। ਬਹੁਤ ਸਾਡੇ ਦੇਸ਼ਾਂ ਵਿੱਚ ਪੱਗ ਨੂੰ ਲੈ ਕੇ ਸਿੱਖਾਂ ਨੂੰ ਅਨੇਕ ਦੁਸ਼ਵਾਰੀਆਂ ਦਾ ਸਾਹਮਣਾ ਕਰਨਾ ਪਿਆ। ਕੁੱਝ ਬੱਚਿਆਂ ਨੂੰ ਸਕੂਲ ਛੱਡਣੇ ਪਏ ,ਕੁੱਝ ਸਿੱਖਾਂ ਨੂੰ ਨੌਕਰੀਆਂ ਤੋਂ ਇਸ ਕਰਕੇ ਜਵਾਬ ਮਿਲਿਆ ਕਿ ਉਹ ਦਸਤਾਰਧਾਰੀ ਸਨ। ਇਥੇ ਸਾਡੀ ਕੌਮੀ ਕਮਜ਼ੋਰੀ ਰਹੀ ਕਿ ਅਸੀਂ ਕੌਮੀ ਪੱਧਰ ਉੱਤੇ, ਦਸਤਾਰ ਵਾਸਤੇ ਕੋਈ ਸਾਂਝਾ ਉੱਦਮ ਨਹੀਂ ਕਰ ਸਕੇ, ਲੇਕਿਨ ਸਿੱਖਾਂ ਨੇ ਉਹਨਾਂ ਅਗਾਂਹਵਧੂ ਦੇਸ਼ਾਂ ਵਿਚਲੇ ਕਾਨੂੰਨ ਦੇ ਪੱਖ ਦਾ ਸਹਾਰਾ ਲੈ ਕੇ ਬਹੁਤ ਸਾਰੇ ਸਿੱਖਾਂ ਨੇ ਨਿੱਜੀ ਤੌਰ ਉੱਤੇ ਪੱਗ ਦੀ ਸਲਾਮਤੀ ਵਾਸਤੇ ਕੇਸ ਲੜੇ, ਜਿਵੇ ਕੁੱਝ ਥਾਵਾਂ ਉੱਤੇ ਡ੍ਰਾਇਵਿੰਗ ਲਾਇਸੰਸ ਉਤੇ ਜਾਂ ਪਾਸਪੋਰਟ ਉੱਤੇ ਪੱਗ ਵਾਲੀ ਫੋਟੋ ਦੀ ਵੀ ਮਨਾਹੀ ਹੈ। ਇਸ ਵਿੱਚ ਸਾਡੀਆਂ ਮੁੱਖ ਸੰਸਥਾਵਾਂ ਜਾਂ ਜਿਸ ਦੇਸ਼ ਦੇ ਅਸੀਂ ਮੁੱਖ ਵਸਿੰਦੇ ਹਾ, ਉਹਨਾਂ ਦਾ ਕੋਈ ਯੋਗਦਾਨ ਨਹੀਂ, ਲੇਕਿਨ ਵਿਦੇਸ਼ੀ ਵੱਸਦੇ ਸਿੱਖਾਂ ਦੀਆਂ ਜਥੇਬੰਦੀਆਂ ਨੇ ਸਥਾਨਕ ਮਨੁੱਖੀ ਅਧਿਕਾਰ ਜਥੇਬੰਦੀਆਂ ਨੂੰ ਨਾਲ ਲੈ ਕੇ ਆਪਣੀ ਦਸਤਾਰ ਦੀ ਲੜਾਈ ਜਰੂਰ ਲੜੀ ਹੈ, ਜਿਸ ਕਰਕੇ ਹੁਣ ਅਮਰੀਕਾ, ਕਨੇਡਾ, ਆਸਟਰੇਲੀਆ ਅਤੇ ਪਾਕਿਸਤਾਨ ਵਰਗੇ ਦੇਸ਼ਾਂ ਦੀ ਫੌਜ ਜਾਂ ਪੁਲਿਸ ਵਿਚ ਦਸਤਾਰਾਂ ਵਾਲੇ ਅਫਸਰ ਨਜਰ ਆਉਣ ਲੱਗੇ ਹਨ।

ਹੁਣ ਸਿੱਖ ਦੁਨੀਆ ਦੇ ਕੋਨੇ ਕੋਨੇ ਵਿੱਚ ਫੈਲ ਚੁੱਕੇ ਹਨ ਅਤੇ ਆਪਣੀ ਮਿਹਨਤ ਤੇ ਇਮਾਨਦਾਰੀ ਦੀ ਸੇਵਾ ਨਾਲ ਆਪਣਾ ਨਾਮ ਬਣਾਇਆ ਹੈ, ਅੱਜ ਨਹੀਂ ਤਾਂ ਕੱਲ ਸਭ ਨੂੰ ਸਿੱਖ ਦੀ ਦਸਤਾਰ ਨੂੰ ਸਵੀਕਾਰਣਾ ਅਤੇ ਸਤਿਕਾਰਣਾ ਪਵੇਗਾ, ਪਰ ਜਦੋਂ ਕਿਸੇ ਨੀਲੀ ਪੱਗ ਵਾਲੇ ਨੂੰ ਚਿੱਟਾ ਵਿਕਾਉਣ ਵਾਲਿਆਂ ਦੇ ਹਮਾਇਤੀਆਂ ਦੀ ਸੂਚੀ ਵਿੱਚ ਸ਼ਾਮਲ ਵੇਖੀਦਾ ਹੈ ਜਾਂ ਕੋਈ ਨੀਲੀ ਪੱਗ ਵਾਲਾ ਚਿੱਟੇ ਦਿਨ, ਰਿਸ਼ਵਤ ਲੈਣ ਵਾਲਿਆਂ ਦੀ ਕਤਾਰ ਵਿੱਚ ਖੜਾ ਦਿੱਸਦਾ ਹੈ, ਜਾਂ ਪੁਲਿਸ ਦੇ ਨਾਲ ਲੱਗਕੇ, ਹੱਕ ਮੰਗਦੀਆਂ ਬੀਬੀਆਂ ਨੂੰ ਕੁੱਟਣ ਵਾਲਿਆਂ ਵਿੱਚ, ਕੁੱਝ ਪੱਗਾਂ ਵੀ ਗੁੱਤਾਂ ਪੱਟਦੀਆਂ ਦਿੱਸਦੀਆਂ ਹਨ ਤਾਂ ਸ਼ਰਮ ਨਾਲ ਸਿਰ ਝੁਕ ਜਾਂਦਾ ਹੈ। ਉਸ ਵੇਲੇ ਦਿਲ ਵਿੱਚੋ ਇੱਕ ਹੂਕ ਜਿਹੀ ਨਿਕਲਦੀ ਹੈ ਕਿ ਦਸਤਾਰ ਦੇ ਵਾਰਸੋ! ਇਸ ਦਸਤਾਰ ਦੀ ਲੱਜ ਪਾਲਣ ਦੀ ਵੀ ਜਾਚ ਸਿੱਖ ਲਵੋ ਤਾਂ ਕਿ ਦੁਨੀਆਂ ਵਿੱਚ ਦਸਤਾਰ ਹਾਸੇ ਦੀ ਪਾਤਰ ਨਾ ਬਣੇ, ਸਗੋਂ ਇੱਕ ਵਿਸ਼ਵਾਸ਼, ਭਰੋਸੇ ਅਤੇ ਜਿੰਮੇਵਾਰੀਆਂ ਦਾ ਅਹਿਸਾਸ ਕਰਵਾਵੇ।

ਗੁਰੂ ਰਾਖਾ !!


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top