Share on Facebook

Main News Page

ਗੁਰਦਵਾਰਾ ਸੱਚਖੰਡ ਬੋਰਡ ਨੰਦੇੜ ਦੀ ਪ੍ਰਧਾਨਗੀ, ਨਨਕਾਣਾ ਸਾਹਿਬ ਤੋਂ ਵੀ ਭਿਆਨਕ ਸਾਕੇ ਵਾਪਰਣ ਦਾ ਸੰਕੇਤ
-: ਗੁਰਿੰਦਰਪਾਲ ਸਿੰਘ ਧਨੌਲਾ 93161 76519

ਗੁਰਦਵਾਰਿਆਂ ਦੀ ਬੁਨਿਆਦ ਅਤੇ ਪ੍ਰਬੰਧ ਵਿੱਚ ਕਿਸੇ ਆਮ ਪਾਰਟੀ ਜਾਂ ਸੰਸਥਾ ਵਾਲੇ ਮਾਪਦੰਡ ਕੰਮ ਨਹੀਂ ਆਉਂਦੇ, ਇਥੇ ਇੱਕ ਰੂਹਾਨੀ ਸੋਚ ਦੇ ਪ੍ਰਚਾਰ ਪ੍ਰਸਾਰ ਦੇ ਨਾਲ ਨਾਲ, ਪੰਥ ਅਤੇ ਗ੍ਰੰਥ ਦੀ ਸਲਾਮਤੀ ਦਾ ਸਵਾਲ ਵੀ ਜੁੜਿਆ ਹੋਇਆ ਹੈ। ਸਿੱਖਾਂ ਦਾ ਸਰੱਬਤ ਦੇ ਭਲੇ ਤਾਂ ਸੰਕਲਪ, ਆਪਣੀ ਵਖਰੀ ਪਹਿਚਾਨ ਦੀ ਹੋਂਦ ਰੱਖਦਿਆਂ ਹੀ ਲਾਗੂ ਹੁੰਦਾ ਹੈ, ਨਾਂ ਕਿ ਆਪਣੇ ਨਿਆਰੇਪਣ, ਜਿਸ ਨੂੰ ਰੂਪਮਾਨ ਕਰਦਿਆਂ ਗੁਰੂ ਸਾਹਿਬਾਨ ਨੇ ਸ਼ਹਾਦਤਾਂ ਦਿੱਤੀਆਂ ਹੋਣ ਅਤੇ ਸਰਬੰਸ ਲੇਖੇ ਲਾਏ ਹੋਣ, ਨੂੰ ਕਿਸੇ ਹੋਰ ਬਿਪਰਵਾਦੀ ਸੋਚ ਵਿੱਚ ਰਲਗੱਡ ਕਰਕੇ, ਆਪਣੇ ਵਿਰਸੇ ਨੂੰ ਢਾਹ ਲਾਉਣ ਨਾਲ। ਇਸ ਕਰਕੇ ਹੀ ਸਮੇਂ ਦੀਆਂ ਨੇ ਹਕੂਮਤਾਂ ਹਮੇਸ਼ਾਂ ਹੀ ਸਿੱਖਾਂ ਦੇ ਗੁਰਦਵਾਰਿਆਂ ਦੇ ਪ੍ਰਬੰਧ ਨੂੰ ਵਿਗਾੜਨ ਦਾ ਜਾਂ ਆਪਣੇ ਹੱਥ ਵਿੱਚ ਲੈਣ ਦਾ ਯਤਨ ਕੀਤਾ ਹੈ, ਕਿਉਂਕਿ ਸੰਸਾਰ ਵਿੱਚ ਹੋਰ ਧਰਮਾਂ ਦੇ ਧਾਰਮਿਕ ਆਸਥਾਨਾਂ ਨਾਲੋਂ ਗੁਰਦਵਾਰਾ ਸਾਹਿਬ ਦਾ ਬੜਾ ਹੀ ਨਿਰਾਲਾਪਣ ਹੈ, ਜਿਥੇ ਰੂਹਾਨੀ ਜੀਵਨ ਜਿਉਂਣ ਦੀ ਜਾਚ, ਸੰਗਤੀ ਤਿਲਫੁੱਲ ਨਾਲ ਚੌਵੀ ਘੰਟੇ ਲੰਗਰ , ਲੋੜ ਅਨੁਸਾਰ ਰਹਾਇਸ਼ , ਸੰਗਤ ਦਾ ਸਮੂੰਹ ਅਤੇ ਸੰਬੋਧਨ ਕਰਨ ਵਾਸਤੇ ਮੰਚ ਵੀ ਮਿਲਦਾ ਹੈ। ਅਜਿਹਾ ਅਨੂੰਠਾ ਪ੍ਰਬੰਧ ਦੁਨੀਆ ਦੇ ਕਿਸੇ ਹੋਰ ਧਾਰਮਿਕ ਅਸਥਾਨ ਵਿੱਚ ਨਹੀਂ ਮਿਲਦਾ। ਇਹ ਗੁਰੂ ਘਰ ਨੂੰ ਹੀ ਮਾਨ ਹੈ, ਜਿਥੇ ਇੱਕ ਹੀ ਜਗਾ ਇਹ ਸਭ ਕੁੱਝ ਇਕੱਠਾ ਮਿਲਦਾ ਹੈ।

ਬੇਸ਼ੱਕ ਗੁਰੂ ਨਾਨਕ ਪਾਤਸ਼ਾਹ ਦੇ ਪ੍ਰਗਟ ਹੋਣ ਵੇਲੇ ਤੋਂ ਹੀ ਰੂੜੀਵਾਦੀ ਅਖੌਤੀ ਧਾਰਮਿਕ ਰੀਤਾਂ ਰਾਹੀ ਲੋਕਾਈ ਦਾ ਸੋਸ਼ਣ ਕਰ ਰਹੇ ਲੋਕਾਂ ਦਾ ਢਿੱਡ ਦੁਖਣਾ ਸ਼ੁਰੂ ਹੋ ਗਿਆ ਸੀ, ਪਰ ਅਸਲ ਵਿੱਚ ਇਹ ਪੀੜ ਮੁਗਲ ਹਕੂਮਤ ਅਤੇ ਉਸਦੀ ਰਖੇਲ ਬਣ ਚੁਕੇ ਹਿੰਦੂਤਵ ਨੂੰ ਪੋਥੀ ਸਾਹਿਬ(ਗੁਰੂ ਗਰੰਥ ) ਦੇ ਹੋਂਦ ਵਿੱਚ ਆਉਂਦਿਆਂ ਹੀ ਬਰਦਾਸ਼ਤ ਦੀ ਸੀਮਾਂ ਤੋਂ ਪਾਰ ਹੋ ਗਈ ਸੀ। ਇਸ ਕਰਕੇ ਹੀ ਗੁਰੂ ਅਰਜਨ ਪਾਤਸ਼ਾਹ ਦੀ ਸ਼ਹਾਦਤ ਇੱਕ ਭਿਆਨਕ ਅਤੇ ਦਰਦਨਾਕ ਤਰੀਕੇ ਨਾਲ ਕੀਤੀ ਗਈ ਸੀ ਤਾਂ ਕਿ ਅੱਗੇ ਤੋਂ ਅਜਿਹਾ ਕਰਨ ਦੀ ਹਿੰਮਤ ਨਾ ਕਰੇ, ਲੇਕਿਨ ਸੱਚ ਅਤੇ ਰੂਹਾਨੀਅਤ ਦਾ ਸੁਮੇਲ ਲੈ ਕੇ, ਕੁੰਭੀ ਨਰਕ ਵਿੱਚ ਫਸੀ ਮਨੁਖਤਾ ਦਾ ਉਧਰ ਕਰਨ ਵਾਸਤੇ, ਉਸ ਪ੍ਰਮਾਤਮ ਦੀ ਮੌਜ ਵਿੱਚ ਸੰਸਾਰ ਤੇ ਪ੍ਰਗਟ ਹੋਈ, ਇਹ ਨਾਨਕਸ਼ਾਹੀ ਸੋਚ ਸਰੀਰਕ ਮੌਤ ਜਾਂ ਕਿਸੇ ਪ੍ਰਕਾਰ ਦੇ ਭਿਆਨਕ ਤਸੀਹਿਆਂ ਦੇ ਭੈਅ ਕਰਕੇ, ਆਪਣੇ ਨਿਰਮਲ ਪੱਥ ਤੋਂ ਕਿਵੇ ਭੱਟਕ ਸਕਦੀ ਸੀ। ਇਸ ਕਰਕੇ ਫਿਰ ਇਸ ਸੋਚ ਨੂੰ ਸਿਖਰ ਉੱਤੇ ਲਿਜਾਣ ਵਾਸਤੇ ਗੁਰੂ ਘਰ ਨੇ ਸ਼ਹਾਦਤਾਂ ਦੀ ਛਹਿਬਰ ਲਾ ਦਿੱਤੀ ਤੇ ਜ਼ੁਲਮੀ ਤੁਫਾਨਾਂ ਦੀ ਪ੍ਰਵਾਹ ਨਾ ਕਰਦਿਆਂ, ਆਪਣੇ ਖੂਨ ਨਾਲ ਗਿਆਂਨ ਦੇ ਦੀਵੇ ਬਾਲ ਕੇ, ਮਰ ਚੁੱਕੀ ਅਣਖ ਨੂੰ ਸੁਰਜੀਤ ਕਰਕੇ, ਇਨਸਾਨੀਅਤ ਦੇ ਦਰਸ਼ਨ ਕਰਵਾਏ।

ਲੇਕਿਨ ਬਿਪਰਵਾਦ ਨੇ ਹਾਰ ਨਹੀਂ ਮੰਨੀ, ਜਿੰਨਾਂ ਚਿਰ ਮੁਗਲ ਦਾ ਰਾਜ ਰਿਹਾ, ਇਹ ਬਿਪਰਵਾਦ ਆਪਣੀਆਂ ਬਹੁ ਬੇਟੀਆਂ ਦੀਆਂ ਇਜ਼ਤਾਂ ਦਾਅ ਉੱਤੇ ਲਾ ਕੇ, ਉਹਨਾਂ ਮੁਗਲਾਂ ਦੀ ਸ਼ਕਤੀ ਨੂੰ ਵਰਤਦਿਆਂ, ਸਿੱਖੀ ਉੱਤੇ ਤਾਬੜਤੋੜ ਹਮਲੇ ਕਰਦਾ ਰਿਹਾ ਅਤੇ ਉਪਰੋਂ ਸਿੱਖਾਂ ਦਾ ਹਮਾਇਤੀ ਅਤੇ ਹਮਦਰਦ ਬਣਕੇ ਭਰਾ ਹੋਣ ਦਾ ਵਿਖਾਵਾ ਕਰਕੇ, ਕਿਤੇ ਨਾ ਕਿਤੇ ਮਗਰਮੱਛੀ ਅਥਰੂ ਵੀ ਕੇਰਦਾ ਰਿਹਾ। ਜਦੋਂ ਸਿੱਖਾਂ ਦੀ ਦਿਰੜ ਸੋਚ ਅਤੇ ਬੁਲੰਦ ਅਕੀਦਿਆਂ ਨੇ, ਮੁਗਲ ਸਾਮਰਾਜ ਦੇ ਸਦੀਆਂ ਪੁਰਾਣੇ ਤਖਤ ਨੂੰ ਪਲਟ ਕੇ ਸਿੱਖ ਰਾਜ ਕਾਇਮ ਕਰ ਲਿਆਂ ਤਾਂ ਫਿਰ ਇਹ ਬਿਪਰਵਾਦ ਡੋਗਰਿਆਂ ਦੇ ਰੂਪ ਵਿੱਚ ਸਿੱਖ ਰਾਜ ਦੀਆਂ ਜੜਾਂ ਨੂੰ ਘੁਣ ਵਾਂਗੂ ਲੱਗ ਗਿਆ ਅਤੇ ਅਖੀਰ ਸਿੱਖ ਰਾਜ ਦਾ ਪਤਨ ਕਰਕੇ ਹੀ ਦਮ ਲਿਆ। ਜਿਉਂ ਹੀ ਸਿੱਖ ਰਾਜ ਉੱਤੇ ਗੋਰੇ ਕਾਬਜ਼ ਹੋਏ ਤਾਂ ਫਿਰ ਇਹ ਬਿਪਰਵਾਦ ਮਹੰਤਾਂ ਦੇ ਰੂਪ ਵਿੱਚ ਸਿੱਖਾਂ ਦੇ ਗੁਰਦਵਾਰਿਆਂ ਨੂੰ ਅਨਮੱਤੀ ਡੇਰਿਆਂ ਵਿੱਚ ਬਦਲਣ ਦੀ ਵਿਉਂਤਬੰਦੀ ਉੱਤੇ ਉੱਤਰ ਆਇਆ

ਗੁਰਦਵਾਰਿਆਂ ਵਿੱਚ ਉਹ ਸਾਰੇ ਕੰਮ ਜਿਹੜੇ, ਗੁਰੂ ਸਾਹਿਬਾਨਾਂ ਨੇ ਗੁਰਬਾਣੀ ਵਿਚ ਰੱਦ ਕੀਤੇ ਹਨ, ਕਰਵਾਉਣੇ ਆਰੰਭ ਕਰ ਦਿੱਤੇ ਤਾਂ ਕਿ ਗੁਰਦਵਾਰਿਆਂ ਵਿਚਲਾ ਅਸਲ ਮਕਸਦ ਕਿਤੇ ਗਵਾਚ ਜਾਵੇ ਅਤੇ ਗੁਰਦਵਾਰੇ ਦੀ ਦਿੱਖ ਅਤੇ ਸੁਨੇਹਾ ਇੱਕ ਆਮ ਡੇਰੇ ਵਰਗਾ ਹੀ ਆਵੇ, ਤਾਂ ਕਿ ਸਿੱਖੀ ਕਿਸੇ ਪਖੋਂ ਨਿਰਾਲੀ ਨਜਰ ਨਾ ਆਵੇ, ਪਰ ਗੁਰੂ ਦੀ ਬਖਸ਼ਿਸ਼ ਕਰਕੇ ਸਿੱਖ ਉਸ ਵੇਲੇ ਵੀ ਜਾਗ ਪਏ ਤੇ ਜਲਦੀ ਹੀ, ਬੇਸ਼ੱਕ ਸ਼ਹਾਦਤਾਂ ਵੀ ਪਾਉਣੀਆਂ ਪਾਈਆਂ, ਪਰ ਮਹੰਤਾਂ ਤੋਂ ਗੁਰਦਵਾਰਾ ਪ੍ਰਬੰਧ ਆਜ਼ਾਦ ਕਰਵਾ ਲਿਆ। ਇਥੇ ਬਿਪਰਵਾਦ ਨੇ ਆਪਣੀ ਕਰਤੂਤ ਨੂੰ ਛੁਪਾਉਂਦਿਆ ਸਿੱਖ ਪੰਥ ਦੀ ਗੁਰਦਵਾਰਿਆਂ ਦੀ ਪ੍ਰਬੰਧ ਦੀ ਜਿੱਤੀ ਲੜਾਈ ਨੂੰ ਆਜ਼ਾਦੀ ਦੀ ਪਹਿਲੀ ਫਤਹਿ ਆਖ ਕੇ, ਸਿੱਖਾਂ ਦੇ ਘਰ ਵਿਚ ਦਖਲ ਅੰਦਾਜੀ ਦਾ ਰਾਹ ਫਿਰ ਖੁੱਲਾ ਰੱਖ ਲਿਆ ਅਤੇ ਇਸ ਦਾ ਵੱਡਾ ਫਾਇਦਾ ਓਦੋਂ ਹੋਇਆ, ਜਦੋਂ ਆਜ਼ਾਦੀ ਤੋਂ ਪਹਿਲਾਂ ਸਿੱਖਾਂ ਨੂੰ ਕੁੱਝ ਝੂਠੇ ਵਾਹਦੇ ਕਰਕੇ ਭਾਰਤ ਵਿੱਚ ਰਹਿਣ ਵਾਸਤੇ ਰਾਜ਼ੀ ਕਰ ਲਿਆ ਅਤੇ ਸਿੱਖ ਸਟੇਟ ਦੀ ਬਹਾਲੀ ਖਟਾਈ ਵਿੱਚ ਪਾ ਦਿੱਤੀ।

ਸਿੱਖਾਂ ਨੇ ਆਪਣੀ ਸਾਫ ਦਿਲ ਨੀਅਤ ਨਾਲ ਆਜ਼ਾਦੀ ਦੀ ਲੜਾਈ ਵਿੱਚ ਵੀ ਆਪਣੀ ਕੌਮੀ ਗਿਣਤੀ ਦੇ ਹਿਸਾਬ ਨਾਲ ਬਹੁਤ ਵੱਡਾ ਯੋਗਦਾਨ ਪਾਇਆ ਅਤੇ ਅੱਜ ਦਾ ਭਾਰਤੀ ਨਿਜ਼ਾਮ ਸਾਹਮਣੇ ਲਿਆਂਦਾ, ਜਿਸ ਨੇ ਫਿਰ ਸਿੱਖਾਂ ਦੇ ਗੁਰਦਵਾਰਾ ਪ੍ਰਬੰਧ ਉੱਤੇ ਕੈਰੀ ਅੱਖ ਰੱਖੀ ਕਿ ਇਸ ਨੂੰ ਖਤਮ ਕਿਵੇ ਕਰਨਾ ਹੈ ਜਾਂ ਫਿਰ ਆਪਣੇ ਹੱਥਾਂ ਵਿੱਚ ਕਿਸ ਤਰੀਕੇ ਨਾਲ ਲੈਣਾ ਹੈ। ਸ਼ੁਰੁਆਤੀ ਦੌਰ ਵਿੱਚ ਸਾਧ ਸੰਗਤ ਬੋਰਡ ਬਣਾ ਕੇ ਗੁਰਦਵਾਰਾ ਦੀਆਂ ਚੋਣਾਂ ਵੀ ਲੜਕੇ ਵੇਖੀਆਂ, ਪਰ ਕੁੱਝ ਹੱਥ ਪੱਲੇ ਨਾ ਪਿਆ, ਫਿਰ ਸਿੱਖਾਂ ਵਿੱਚ ਅਖੌਤੀ ਸੰਤਾਂ ਨੂੰ ਅਜਿਹੇ ਤਰੀਕੇ ਉਭਾਰਿਆ ਗਿਆ ਕਿ ਸਿੱਖਾਂ ਦਾ ਗੁਰੂ ਨਾਲ ਵਾਸਤਾ ਹੀ ਨਹੀਂ ਰਹਿ ਗਿਆ, ਉਹ ਹੁਣ ਕਿਸੇ ਸਾਧ ਦੇ ਪੈਰਾਂ ਵਿੱਚੋਂ ਮੁਕਤੀ ਲੱਭਦੇ ਫਿਰਦੇ, ਆਪਣਾ ਸਭ ਕੁੱਝ ਗਵਾ ਬੈਠੇ ਹਨ, ਲੇਕਿਨ ਫਿਰ ਵੀ ਬਿਪਰਵਾਦ ਦਾ ਸੁਫਨਾ ਪੂਰਾ ਹੁੰਦਾ ਨਹੀਂ ਦਿੱਸਦਾ ਸੀ ਕਿਉਂਕਿ ਸਿੱਖ ਰਾਜਨੀਤੀ ਆਪਣਾ ਇੱਕ ਵੱਖਰਾ ਹੀ ਪ੍ਰਭਾਵ ਰੱਖਦੀ ਸੀ।

ਸਿੱਖਾਂ ਦੀ ਪੰਥਕ ਰਾਜਨੀਤੀ ਬਿਪਰਵਾਦ ਦੇ ਏਜੰਡੇ ਸਾਹਮਣੇ ਇੱਕ ਕੰਧ ਸੀ, ਉਹਨਾਂ ਨੇ ਪੰਥਕ ਸਿਆਸਤ ਨੂੰ ਦਰਕਿਨਾਰ ਕਰਨ ਦੀ ਥਾਂ, ਇਸ ਨੂੰ ਅੰਦਰੋਂ ਸੰਨ੍ਹ ਲਾਉਣ ਦੀ ਨੀਤੀ ਅਪਣਾਈ ਅਤੇ ਅਜੋਕੀ ਪੰਥਕ ਸਿਆਸਤ, ਜਿੱਥੇ ਅਕਾਲੀ ਦਲ, ਸ਼੍ਰੋਮਣੀ ਕਮੇਟੀ ਅਤੇ ਅਕਾਲ ਤਖਤ ਸਾਹਿਬ ਸਮੇਤ ਬਾਕੀ ਜਥੇਦਾਰਾਂ ਦਾ ਕੰਟਰੋਲ ਇੱਕ ਹੀ ਪਰਿਵਾਰ ਦੇ ਕੋਲ ਹੈ, ਜਿਸ ਦਾ ਸਰਵੇ ਸਰਵਾ ਸ. ਪ੍ਰਕਾਸ਼ ਸਿਹੁੰ ਬਾਦਲ ਬਿਪਰਵਾਦ ਦਾ ਦੇਵਤਾ ਬਣ ਚੁੱਕਾ ਹੈ ਅਤੇ ਉਸ ਦੀ ਪੂਜਾ ਬਿਪ੍ਰਵਾਦੀਆਂ ਨੇ, ਪੰਜਾਬ ਦੀ ਸੂਬੇਦਾਰੀ, ਦਿੱਲੀ ਦਰਬਾਰ ਦੀ ਹਿੱਸੇਦਾਰੀ, ਲਗਜਰੀ ਬੱਸਾਂ, ਸੱਤ ਸਿਤਾਰਾ ਹੋਟਲ ਅਤੇ ਹੋਰ ਤੋਹਫਿਆਂ ਦਾ ਚੜਾਵਾ ਚੜਾਕੇ ਇਸ ਲਈ ਕੀਤੀ ਤਾਂ ਕਿ ਗੁਰਦਵਾਰਾ ਪ੍ਰਬੰਧ ਮੁਕੰਮਲ ਤੌਰ ਉੱਤੇ ਆਪਣੇ ਹੱਥ ਵਿੱਚ ਲੈਣ ਵਾਸਤੇ ਸਿੱਖ ਵਿਰੋਧੀ ਏਜੰਡੇ ਦੀ ਅਗਲੀ ਮਦ ਲਾਗੂ ਕੀਤੀ ਜਾ ਸਕੇ।

ਕੁੱਝ ਜਾਗਦੇ ਸਿੱਖਾਂ ਨੂੰ ਇਤਰਾਜ਼ ਸੀ ਕਿ ਤਖਤ ਪਟਨਾ ਸਾਹਿਬ ਅਤੇ ਤਖਤ ਹਜੂਰ ਸਾਹਿਬ ਦੇ ਜਥੇਦਾਰ ਬਿਪਰਵਾਦੀ ਤਾਕਤਾਂ ਦੇ ਹਮਰਾਹੀ ਹਨ ਅਤੇ ਸਿੱਖੀ ਦੀਆਂ ਜੜਾਂ ਨੂੰ ਤੇਲ ਦੇ ਰਹੇ ਹਨ। ਬੇਸ਼ੱਕ ਪੰਜਾਬ ਵਿਚਲੀ ਸ਼੍ਰੋਮਣੀ ਕਮੇਟੀ ਜਾਂ ਦਿੱਲੀ ਕਮੇਟੀ ਦੀ ਕਾਰਗੁਜਾਰੀ ਉੱਤੇ ਵੀ ਸਿੱਖਾਂ ਨੂੰ ਵੱਡਾ ਗਿਲਾ ਹੈ, ਲੇਕਿਨ ਇਥੇ ਇੱਕ ਵਿਸ਼ਵਾਸ਼ ਵੀ ਹੈ ਕਿ ਦੇਰ ਸਵੇਰ, ਉਹ ਇਸ ਪ੍ਰਬੰਧ ਵਿੱਚ ਬਦਲਾਅ ਕਰਕੇ ਲੋੜੀਂਦੇ ਸੁਧਾਰ ਕਰ ਲੈਣਗੇ ਕਿਉਂਕਿ ਇੱਥੋਂ ਦਾ ਪ੍ਰਬੰਧ ਸਿੱਖਾਂ ਦੀ ਮਾਰ ਹੇਠ ਹੈ, ਲੇਕਿਨ ਦੱਖਣੀ ਜਾਂ ਪੂਰਬੀ ਇਲਾਕੇ ਵਿੱਚ ਜਾ ਕੇ ਸੁਧਾਰ ਕਰਨਾ ਸੌਖਾ ਕੰਮ ਨਹੀਂ ਹੈ, ਉਸ ਪ੍ਰਬੰਧ ਨੂੰ ਅਤੇ ਉਹਨਾਂ ਅਸਥਾਨਾ ਦੀ ਮਰਿਯਾਦਾ ਨੂੰ ਲੈ ਕੇ ਸਿੱਖਾਂ ਵਿੱਚ ਅਕਸਰ ਚਿੰਤਾ ਅਤੇ ਚਰਚਾ ਚੱਲਦੀ ਰਹਿੰਦੀ ਹੈ।

ਪਰ ਭਾਰਤੀ ਨਿਜ਼ਾਮ ਨੇ ਸਿੱਧੇ ਰੂਪ ਵਿੱਚ ਹੀ ਉਹਨਾਂ ਗੁਰਦਵਾਰਿਆਂ ਦਾ ਕੰਟ੍ਰੋਲ ਆਪਣੇ ਹੱਥ ਵਿੱਚ ਰੱਖਿਆ ਹੋਇਆ ਹੈ। ਉਥੋਂ ਦਾ ਪ੍ਰਬੰਧ ਸਿੱਖਾਂ ਦੀ ਮਰਜ਼ੀ ਨਾਲ ਤਾਂ ਚੱਲਦਾ ਹੀ ਨਹੀਂ, ਲੇਕਿਨ ਸਰਕਾਰ ਵੀ ਉਸ ਵਿਗੜੇ ਪ੍ਰਬੰਧ ਨੂੰ ਹੋਰ ਵਿਗਾੜਣ ਵਾਸਤੇ ਉਥੇ ਅਜਿਹੇ ਹੀ ਪ੍ਰਬੰਧਕ ਲਾਉਣ ਨੂੰ ਤਰਜੀਹ ਦਿੰਦੀ ਹੈ। ਜਿਸ ਨਾਲ ਬਿਪਰਵਾਦੀ ਸੋਚ ਦੀ ਤਰਜਮਾਨੀ ਹੁੰਦੀ ਹੈ, ਭਾਰਤੀ ਨਿਜ਼ਾਮ ਨੇ ਪੰਜਾਬ ਦੇ ਸਿੱਖ ਬਹੁਗਿਣਤੀ ਇਲਾਕੇ ਵਿੱਚ ਗੁਰਦਵਾਰਾ ਪ੍ਰਬੰਧ ਨੂੰ ਸਿੱਧਾ ਹੱਥ ਪਾਉਣ ਦੀ ਥਾਂ ਸਿੱਖ ਦਿੱਸਣ ਵਾਲੇ ਅੰਦਰੋ ਪੂਰੇ ਹਿੰਦੂਵਾਦੀ ਰਸਮਾਂ ਦੇ ਉਪਾਸ਼ਕ, ਬਾਦਲ ਪਰਿਵਾਰ ਨੂੰ ਮੋਹਰਾ ਬਣਾ ਕੇ ਅਸਿੱਧੇ ਰੂਪ ਵਿੱਚ ਪ੍ਰਬੰਧ ਹਥਿਆ ਲਿਆ ਹੈ ਅਤੇ ਪੰਜਾਬ ਤੋਂ ਬਾਹਰਲੇ ਗੁਰਦਵਾਰਾ ਪ੍ਰਬੰਧ ਨੂੰ ਸਿੱਧੇ ਰੂਪ ਵਿੱਚ ਆਪਣੇ ਹੱਥਾਂ ਵਿੱਚ ਲੈਣਾ ਆਰੰਭ ਕਰ ਦਿੱਤਾ ਹੈ, ਜਿਵੇ ਕਿ ਕੁੱਝ ਦਿਨ ਪਹਿਲਾਂ ਬੀ.ਜੇ.ਪੀ. ਦੇ ਇੱਕ ਆਗੂ ਤਾਰਾ ਸਿਹੁੰ ਨੂੰ, ਜਿਹੜਾ ਕਿ ਅੰਮ੍ਰਿਤਧਾਰੀ ਨਹੀਂ ਹੈ, ਸਗੋਂ ਤਿਲਕਧਾਰੀ ਹੈ ਅਤੇ ਹਰ ਕਰਮਕਾਂਡ ਬਿਪਰਵਾਦੀ ਵਿਧੀ ਅਨੁਸਾਰ ਕਰਦਾ ਹੈ ਅਤੇ ਜਿਸ ਦਿਨ ਤਾਰਾ ਸਿਹੁੰ ਦੀ ਨਿਯੁਕਤੀ ਹੋਈ ਹੈ, ਉਸ ਦੀ ਫੋਟੋ ਵਿੱਚ ਤਾਰਾ ਸਿਹੁੰ ਹਿੰਦੂ ਲੋਕਾਂ ਦੇ ਇਕੱਠ ਵਿੱਚ ਨਦੇੜ ਬੋਰਡ ਦੀ ਪ੍ਰਧਾਨਗੀ ਮਿਲਣ ਦੀ ਖੁਸ਼ੀ ਵਿੱਚ ਖੀਵਾ ਹੋਇਆ, ਆਪਣੀਆਂ ਨਗਾਂ ਵਾਲੀਆਂ ਅੰਗੂਠੀਆਂ ਨਾਲ ਸਜੀਆਂ ਉਂਗਲੀਆਂ ਨਾਲ ਮੁੱਛਾਂ ਨੂੰ ਮਰੋੜ ਕੇ ਆਰ.ਐਸ.ਐਸ. ਵੱਲੋਂ ਗੁਰਦਵਾਰਾ ਪ੍ਰਬੰਧ ਉੱਤੇ ਕੀਤੇ ਕਬਜ਼ੇ ਦਾ ਅਹਿਸਾਸ ਕਰਵਾ ਰਿਹਾ ਹੈ।

ਹੁਣ ਜੇ ਸਿੱਖ ਚੁੱਪ ਕਰਕੇ ਇਹ ਸਭ ਕੁੱਝ ਜਰਦੇ ਗਏ ਤਾਂ ਆਉਂਦੇ ਕੁੱਝ ਸਾਲਾਂ ਵਿੱਚ ਬਿਪਰਵਾਦ ਦਾ ਗੁਰੂ ਘਰਾਂ ਵਿੱਚ ਬੋਲਬਾਲਾ ਹੋਵੇਗਾ ਤੇ ਸਿੱਖਾਂ ਨਾਲ ਉਹ ਹੀ ਸਲੂਕ ਹੋਵੇਗਾ, ਜੋ ਨਨਕਾਣਾ ਸਾਹਿਬ ਵਿਖੇ ਮਹੰਤ ਨਰੈਣੂ ਕਰਦਾ ਸੀ। ਸਾਡਾ ਵੇਲਾ ਤਾਂ ਲੰਘ ਜਾਵੇਗਾ, ਲੇਕਿਨ ਆਉਣ ਵਾਲਿਆਂ ਪੀੜੀਆਂ ਵਾਸਤੇ, ਅਸੀਂ ਜਿਹੜੇ ਕੰਡੇ ਬੀਜ ਕੇ ਜਾਵਾਂਗੇ, ਉਹ ਉਹਨਾਂ ਤੋਂ ਸਦੀਆਂ ਤੱਕ ਨਹੀਂ ਚੁਗੇ ਜਾਣਗੇ, ਫਿਰ ਕੋਈ ਮਾਂ ਭਾਈ ਲਛਮਣ ਸਿੰਘ ਧਾਰੋਕੀ ਜਾਂ ਜਥੇਦਾਰ ਕਰਤਾਰ ਸਿੰਘ ਝੱਬਰ ਵਰਗਿਆਂ ਸੂਰਮਿਆਂ ਨੂੰ ਜਨਮ ਦੇਵਗੀ ਤਾਂ ਮੁੜ੍ਹ ਸਿੱਖ ਗੁਰਦਵਾਰਾ ਪ੍ਰਬੰਧ ਨੂੰ ਆਪਣੇ ਹੱਥਾਂ ਵਿੱਚ ਲੈ ਸਕਣਗੇ, ਪਰ ਇੱਕ ਗੱਲ ਯਾਦ ਰੱਖਿਓ ! ਆਹ ਜਿਹੜੀ ਹਜ਼ੂਰ ਸਾਹਿਬ ਦੀ ਪ੍ਰਧਾਨਗੀ ਬਿਪਰਵਾਦ ਨੇ ਸਿੱਧੇ ਤੌਰ ਉੱਤੇ ਆਪਣੇ ਹੱਥ ਲੈ ਲਈ ਹੈ, ਇਹ ਇੱਕ ਸੰਕੇਤ ਹੈ ਕਿ ਆਉਂਦੇ ਸਮੇਂ ਵਿੱਚ, ਜਦੋ ਅਸੀਂ ਪ੍ਰਬੰਧ ਵਾਪਿਸ ਲਵਾਂਗੇ ਉਸ ਵੇਲੇ ਸਾਡੀ ਭਵਿੱਖ ਦੀ ਪੀੜੀ ਨੂੰ ਇੱਕ ਨਹੀਂ ਕਈ ਥਾਂਈਂ ਨਨਕਾਣਾ ਸਾਹਿਬ ਦੇ ਸਾਕਿਆਂ ਵਿੱਚ ਜੰਡਾਂ ਨਾਲ ਬੰਨ ਕੇ ਸੜਣਾ ਪਵੇਗਾ।

ਗੁਰੂ ਰਾਖਾ !!


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top