ਮੁੱਦਾ ਸਿਰਫ "ਨਾਨਕ ਸ਼ਾਹ ਫਕੀਰ"
ਫਿਲਮ ਦਾ ਨਹੀਂ ਹੈ, ਬਲਕਿ ਸਿੱਖ ਇਤਿਹਾਸ ਅਤੇ ਸਿੱਖੀ 'ਤੇ ਬਨਣ ਵਾਲੀਆਂ ਉਨ੍ਹਾਂ ਸਾਰੀਆਂ
ਫਿਲਮਾਂ ਦਾ ਹੈ, ਜਿਨ੍ਹਾਂ ਬਾਰੇ ਕੌਮ ਨੂੰ ਆਏ ਦਿਨ ਮਾਨਸਿਕ ਪਰੇਸ਼ਾਨੀ ਦਾ ਸਾਮ੍ਹਣਾਂ ਕਰਨਾਂ
ਪੈਂਦਾ ਹੈ। ਇਹੋ ਜਹੀਆਂ ਫਿਲਮਾਂ ਬਾਰੇ ਕੁਝ ਤਥ ਐਸੇ ਹਨ, ਜੋ ਵਿਚਾਰ ਗੋਚਰੇ ਹਨ। ਅੱਜ ਤਾਂ
ਸਾਲ ਵਿਚ ਦੋ ਤਿਨ ਇਹੋ ਜਹੀਆਂ ਫਿਲਮਾਂ ਬਨ ਰਹੀਆਂ ਨੇ। ਕਲ ਨੂੰ ਜਦੋਂ ਇਨ੍ਹਾਂ ਦੀ ਗਿਣਤੀ ਵੱਧ
ਜਾਵੇਗੀ, ਤਾਂ ਕੀ ਅਸੀਂ
ਆਪਣੀ ਸਾਰੀ ਅਨਰਜੀ ਅਤੇ ਤਾਕਤ ਇਨ੍ਹਾਂ ਫਿਲਮਾਂ ਦੇ ਵਿਰੋਧ ਵਿਚ ਹੀ
ਗਵਾ ਦਿਆਂਗੇ, ਜਾਂ ਇਸ ਦਾ ਕੋਈ ਸਥਾਈ ਹਲ ਕੱਢਣ ਦੀ ਕੋਸ਼ਿਸ ਕਰਾਂਗੇ ?
ਦੂਜੇ
ਧਰਮਾਂ ਵਾਂਗ, ਸਿੱਖ ਪੰਥ, ਦੀ ਨੀਂਹ ਨਾਂ ਤਾਂ ਕਾਲਪਨਿਕ ਪਾਤਰਾਂ ਉਤੇ ਅਧਾਰਿਤ ਹੈ, ਅਤੇ ਨਾਂ
ਹੀ ਇਸ ਵਿਚ ਕਿਸੇ ਪ੍ਰਕਾਰ ਦੇ ਸਮਝੌਤੇ ਦੀ ਹੀ ਗੁੰਜਾਇਸ਼ ਹੁੰਦੀ ਹੈ। ਗੁਰੂ ਮਤਿ ਅਤੇ ਸਿੱਖੀ
ਸਿਧਾਂਤਾਂ ਨਾਲ ਕਿਸੇ ਵੀ ਤਰੀਕੇ ਦਾ ਸਮਝੌਤਾ, ਕਿਸੇ ਵੀ ਕੀਮਤ 'ਤੇ ਲਾਗੂ ਨਹੀਂ ਹੋ ਸਕਦਾ।
ਇਹ ਹੀ ਉਹ ਗੁਣ ਹਨ, ਜੋ ਸਿੱਖੀ ਦੇ "ਨਿਆਰੇ ਪਣ" ਦੀ ਵਿਲੱਖਣਤਾ ਦੀ ਪਹਿਚਾਨ ਰਹੇ ਹਨ। ਜਦੋਂ
ਵੀ ਕੋਈ ਫਿਲਮ ਬਣਦੀ ਹੈ, ਉਸ ਵਿਚ ਕੁਝ ਨਾਂ ਕੁਝ ਕਾਲਪਨਿਕ ਜ਼ਰੂਰ ਹੁੰਦਾ ਹੈ ਅਤੇ ਕੁਝ ਨਾਂ
ਕੁਝ ਐਸਾ ਹੁੰਦਾ ਹੈ ਜਿਸ ਨਾਲ ਗੁਰਮਤਿ ਜਾਂ ਸਿੱਖੀ ਸਿਧਾਂਤਾਂ ਦਾ ਉਲੰਘਣ ਹੋ ਰਿਹਾ ਹੁੰਦਾ
ਹੈ। ਇਹ ਦੋਵੇਂ ਹੀ ਗੱਲਾਂ ਸਿੱਖਾਂ ਨੂੰ ਕਿਸੇ ਕੀਮਤ 'ਤੇ ਬਰਦਾਸ਼ਤ ਨਹੀਂ ਹੁੰਦੀਆਂ ਅਤੇ
ਜਾਗਰੂਕ ਸਿੱਖ ਇਸ ਦਾ ਵਿਰੋਧ ਕਰਦਾ ਹੈ, ਜੱਦ ਕਿ ਸਾਧਾਰਣ ਸੋਚ ਵਾਲੇ ਸਿੱਖਾਂ ਨੂੰ ਇਸ ਨਾਲ
ਕੁਝ ਵੀ ਲੈਣਾ ਦੇਣਾ ਨਹੀਂ ਹੁੰਦਾ। ਇਹੋ ਜਿਹੇ ਲੋਕ ਤਾਂ ਇਥੋਂ ਤਕ
ਕਹਿੰਦੇ ਵੇਖੇ ਜਾਂਦੇ ਹਨ ਕਿ ਤੁਸੀਂ ਲੋਕ ਹਰ ਗਲ ਵਿਚ ਮੀਨ ਮੇਖ ਕੱਢਣ ਲਈ ਹੀ ਪੈਦਾ ਹੋਏ ਹੋ।
ਜੇ ਤੁਸੀਂ ਹਰ ਫਿਲਮ ਦਾ ਵਿਰੋਧ ਕਰਦੇ ਰਹੇ, ਇਸ ਤਰ੍ਹਾਂ ਤਾਂ ਸਿੱਖੀ ਦਾ ਪ੍ਰਚਾਰ ਹੀ ਨਹੀਂ ਹੋ
ਸਕੇਗਾ। ਇਸ ਮੁੱਦੇ 'ਤੇ ਜਾਗਰੂਕ ਸਿੱਖਾਂ ਦਾ ਵਿਰੋਧ ਬਿਲਕੁਲ ਜਾਇਜ ਅਤੇ ਦੁਰੁਸਤ ਹੁੰਦਾ ਹੈ,
ਜਦਕਿ ਇਹੋ ਜਿਹੀਆਂ ਦਲੀਲਾਂ ਫਜੂਲ ਹੁੰਦੀਆਂ ਹਨ।
ਇਹ ਤਾਂ ਸਾਫ ਜਾਹਿਰ ਹੈ ਕਿ ਸਿੱਖਾਂ ਨੂੰ ਉਹ ਹੀ ਫਿਲਮਾਂ ਸਵੀਕਾਰ ਹੋ ਸਕਦੀਆਂ ਨੇ, ਜਿਨ੍ਹਾਂ
ਵਿਚ ਨਾ ਤਾਂ ਗੁਰਮਤਿ ਦਾ ਅਤੇ ਨਾ ਹੀ ਸਿੱਖੀ ਸਿਧਾਂਤਾਂ ਦਾ ਉਲੰਘਣ ਹੋ ਰਿਹਾ ਹੋਵੇ। ਲੈਕਿਨ
ਐਸਾ ਹੋਣਾ ਮੁਮਕਿਨ ਨਹੀਂ ਹੈ, ਕਿਉਂਕਿ ਸਿੱਖੀ ਵਿਚ ਵੀ ਬਹੁਤ ਸਾਰੀਆਂ ਅਡ ਅਡ ਵਿਚਾਰਧਾਰਾਵਾਂ
ਜਨਮ ਲੈ ਚੁਕੀਆਂ ਹਨ, ਜਿਨ੍ਹਾਂ ਦੀ ਆਪਸੀ ਰਾਇ ਹੀ ਨਹੀਂ ਮਿਲਦੀ। ਇਕ ਗਲ ਕਿਸੇ ਧਿਰ ਨੂੰ
ਸਵੀਕਾਰ ਹੋ ਸਕਦੀ ਹੈ ਅਤੇ ਉਹੀ ਗਲ ਕਿਸੇ ਦੂਜੀ ਧਿਰ ਅਨੁਸਾਰ ਸਿਧਾਂਤਾਂ ਅਤੇ ਗੁਰਮਤਿ ਦਾ ਘਾਣ
ਹੋ ਸਕਦੀ ਹੈ। ਉਦਾਹਰਣ ਦੇ ਤੌਰ 'ਤੇ ਅਖੌਤੀ ਦਸਮ ਗ੍ਰੰਥ ਦੀਆਂ ਕੱਚੀਆਂ ਬਾਣੀਆਂ ਦਾ ਮੁੱਦਾ।
ਇਕ ਲਈ ਇਹ ਰਚਨਾਵਾਂ "ਦਸਮ ਬਾਣੀ" ਹੈ ਤੇ ਦੂਜੀ ਧਿਰ ਲਈ ਇਹ "ਕੱਚੀਆਂ ਬਾਣੀਆਂ" ਹਨ।
ਬਹੁਤ ਵਰ੍ਹੇ ਪਹਿਲਾਂ ਇਕ ਫਿਲਮ "ਨਾਨਕ ਨਾਮ ਜਹਾਜ" ਆਈ ਸੀ
ਅਤੇ ਹੁਣ ਪਿਛਲੇ ਵਰ੍ਹੇ ਹੀ "ਚਾਰ ਸਾਹਿਬਜਾਦੇ" ਨਾਮ ਦੀ
ਏਨੀਮੇਸ਼ਨ ਫਿਲਮ ਰਿਲੀਜ ਹੋਈ। ਜਿਥੇ ਪਹਿਲੀ ਫਿਲਮ "ਸਟੋਰੀ ਬੇਸਡ" ਸੀ, ਲੇਕਿਨ ਉਸ ਫਿਲਮ ਵਿਚ "ਚਮਤਕਾਰ"
ਦਾ ਸਹਾਰਾ ਲਿਆ ਗਿਆ ਸੀ, ਜਿਸ ਵਿਚ ਅੱਖਾਂ ਦੀ ਰੋਸ਼ਨੀ ਦਾ ਚਲੇ ਜਾਣਾ, ਅਤੇ ਦਰਬਾਰ ਸਾਹਿਬ
ਵਿੱਚ ਇਸ਼ਨਾਨ ਕਰਨ ਨਾਲ ਅੱਖਾਂ ਦੀ ਰੋਸ਼ਨੀ ਦਾ ਵਾਪਸ ਆ ਜਾਣਾ ਦਿਖਾਇਆ ਗਿਆ ਸੀ, ਜੋ ਸਿੱਖੀ
ਸਿਧਾਂਤਾਂ ਦੇ ਖਿਲਾਫ ਸੀ। ਨਾਲ ਹੀ ਇਸ ਫਿਲਮ ਵਿਚ ਅਖੌਤੀ ਦਸਮ ਗ੍ਰੰਥ ਵਿਚੋਂ ਬਹੁਤ ਸਾਰੇ ਗਾਣੇ
ਫਿਲਮਾਏ ਗਏ ਸਨ, ਜੋ ਸਿੱਖਾਂ ਨੂੰ ਉਸ ਕੱਚੀ ਬਾਣੀ ਨਾਲ ਜੋੜਦੇ ਸਨ। ਇਸ ਲਈ ਇਕ ਸਾਧਾਰਣ ਸੋਚ
ਵਾਲੇ ਸਿੱਖ ਲਈ ਤਾਂ ਉਹ ਇਕ ਸਟੋਰੀ ਬੇਸ ਫਿਲਮ ਹੋਣ ਕਾਰਣ ਪਸੰਦ ਕੀਤੀ ਗਈ, ਲੇਕਿਨ ਜਾਗਰੂਕ
ਸਿੱਖਾਂ ਲਈ ਉਹ ਇਤਰਾਜ ਯੋਗ ਸਾਬਿਤ ਹੋਈ।
ਇੱਸੇ ਤਰ੍ਹਾਂ "ਚਾਰ ਸਾਹਿਬਜਾਦੇ" ਫਿਲਮ ਵਿਚ ਏਨੀਮੇਸ਼ਨ ਦਾ
ਸਹਾਰਾ ਲੈ ਕੇ ਇਕ ਪੱਖ ਨੂੰ ਤਾਂ ਸੰਤੁਸ਼ਟ ਕਰਨ ਦੀ ਕੋਸ਼ਿਸ਼ ਕੀਤੀ ਗਈ, ਲੇਕਿਨ ਸਿੱਖੀ ਸਿਧਾਂਤ
ਅਤੇ ਗੁਰਮਤਿ ਅਨੁਸਾਰ ਉਹ ਫਿਲਮ ਵੀ ਪੂਰੀ ਤਰਾਂ ਖਰੀ ਨਹੀਂ ਸੀ ਉਤਰਦੀ। ਇਸ ਫਿਲਮ ਵਿਚ ਵੀ
ਅਖੌਤੀ ਦਸਮ ਗ੍ਰੰਥ ਦੀ ਕੱਚੀ ਬਾਣੀ ਨੂੰ "ਗੁਰਬਾਣੀ" ਦੇ ਰੂਪ ਵਿੱਚ ਪੇਸ਼ ਕੀਤਾ ਗਿਆ, ਅਤੇ ਮਾਤਾ
ਗੁਜਰੀ ਜੀ ਦੇ ਕਿਰਦਾਰ ਨੂੰ ਵੀ ਗੌਰਵ ਮਈ ਤਰੀਕੇ ਨਾਲ ਨਹੀਂ ਫਿਲਮਾਇਆ ਗਿਆ। ਇਹ ਫਿਲਮ
ਏਨੀਮੇਟੇਡ ਹੋਣ ਦੇ ਕਾਰਣ ਕੁਝ ਲੋਕਾਂ ਦੀ ਅਲੋਚਨਾਂ ਤੋਂ ਬੱਚ ਗਈ, ਅਤੇ ਬੱਚਿਆਂ ਅਤੇ ਸਧਾਰਣ
ਸੋਚ ਵਾਲਿਆਂ ਨੇ ਸਵੀਕਾਰ ਕਰ ਲਈ।
ਕਹਿਣ ਦਾ ਭਾਵ ਇਹ ਹੈ ਕਿ ਇਹ ਫਿਲਮਾਂ ਗੈਰ ਸਿੱਖ ਲੋਕਾਂ ਵਲੋਂ
ਬਣਾਈਆਂ ਜਾਂਦੀਆਂ ਨੇ, ਉਨ੍ਹਾਂ ਵਿਚ ਬਹੁਤ ਸਾਰੇ ਇਤਰਾਜ ਯੋਗ ਕਾਰਣ ਹੁੰਦੇ ਹਨ। ਉਨ੍ਹਾਂ ਨੂੰ
ਜਾਂ ਤਾਂ ਗੁਰਮਤਿ ਅਤੇ ਸਿੱਖੀ ਸਿਧਾਂਤਾਂ ਬਾਰੇ ਇਨ੍ਹੀ ਜਾਨਕਾਰੀ ਨਹੀਂ ਹੁੰਦੀ, ਜਾਂ ਫਿਰ
ਉਨ੍ਹਾਂ ਨੂੰ ਸਲਾਹ ਦੇਣ ਵਾਲੇ ਸਿੱਖ, ਉਸ ਤਬਕੇ ਦੇ ਨਹੀ ਹੁੰਦੇ, ਜੋ ਆਪ ਸਿੱਖੀ ਸਿਧਾਂਤਾਂ ਅਤੇ
ਗੁਰਮਤਿ ਦੇ ਬਹੁਤੇ ਜਾਨਕਾਰ ਹੋਣ। ਇਹੀ ਕਾਰਣ ਹੈ ਕਿ ਇਹ ਫਿਲਮਾਂ ਸਿੱਖੀ ਸੋਚ ਦੇ ਉਲਟ, ਕੁੱਝ
ਨਾਂ ਕੁਝ ਗਲਤ ਪ੍ਰਭਾਵ ਛਡ ਜਾਂਦੀਆਂ ਹਨ।
ਸਿੱਖ ਇਤਿਹਾਸ ਉੱਤੇ ਬਨਣ ਵਾਲੀਆਂ ਫਿਲਮਾਂ ਵਿਚ ਜੇ ਸਿੱਖੀ ਸਿਧਾਂਤਾਂ ਅਤੇ ਗੁਰਮਤਿ ਦੀ ਉਲੰਘਣਾਂ
ਨਾ ਹੋਵੇ, ਤਾਂ ਕਿਸੇ ਸਿੱਖ ਨੂੰ ਇਸਤੇ ਕੋਈ ਇਤਰਾਜ ਨਹੀਂ ਹੋਵੇਗਾ। ਲੇਕਿਨ ਇਹ ਮੁੱਦਾ ਇਨਾਂ
ਸੌਖਾ ਨਹੀਂ ਹੈ। ਅਤੇ ਨਾਂ ਹੀ ਇਸਦਾ ਹੱਲ ਹੀ ਬਹੁਤਾ ਸੌਖਾ ਹੈ। ਕਿਉਂਕਿ ਇਸ ਕੰਮ ਲਈ ਸਿੱਖਾਂ
ਨੂੰ ਗੁਰਮਤਿ ਅਤੇ ਸਿੱਖ ਸਿਧਾਂਤਾਂ ਦੇ ਮਾਹਿਰ ਵਿਦਵਾਨਾਂ ਦਾ ਇਕ ਪੈਨਲ ਬਨਾਉਣਾ ਪਵੇਗਾ, ਜਾਂ
ਕੌਮੀ ਪਧਰ 'ਤੇ ਕੋਈ ਐਸਾ ਸੈਂਸਰ ਬੋਰਡ ਬਨਾਉਣਾ ਪਵੇਗਾ ਜੋ ਇਹੋ ਜਿਹੀਆਂ ਫਿਲਮਾਂ ਨੂੰ ਬਨਣ
ਤੋਂ ਲੈ ਕੇ ਰਿਲੀਜ ਹੋਣ ਤਕ, ਇਨ੍ਹਾਂ ਫਿਲਮਾਂ ਦੀ ਬਣਤਰ 'ਤੇ ਪੂਰੀ ਨਜ਼ਰ ਰੱਖ ਸਕਣ।
ਮੌਜੂਦਾ ਕੌਮੀ ਹਾਲਾਤਾਂ ਵਿਚ ਤਾਂ ਇਹ ਹੋ ਹੀ ਨਹੀਂ ਸਕਦਾ, ਕਿਉਂਕਿ
ਉਹ ਪੈਨਲ ਜਾਂ ਸੈਂਸਰ ਬੋਰਡ ਬਣਾਏਗਾ ਕੌਣ? ਤੇ ਉਸ ਦੇ ਮੈਂਬਰ ਕੌਣ ਚੁਣੇਗਾ ? ਜੇ ਗਲ
ਆਂਉਦੀ ਹੈ ਦਸਮ ਗ੍ਰੰਥ ਦੀ ਤਾਂ ਕੌਮ ਦੋ ਫਾੜ ਹੋ ਕੇ ਆਪਸ ਵਿਚ ਹੀ ਬੇਹਾਲ ਹੋ ਜਾਂਦੀ ਹੈ। ਜੇ
ਗਲ ਆਂਉਦੀ ਹੈ ਹਰਿਆਣਾ ਦੀ ਵਖਰੀ ਕਮੇਟੀ ਦੀ, ਤਾਂ ਗੋਲਕਾਂ ਦੇ ਲੁਟੇਰੇ ਅਪਣੇ ਗੁੰਡਿਆਂ ਰਾਂਹੀ
ਉੱਥੇ ਦੇ ਗੁਰਦੁਆਰਿਆਂ ਦੀਆਂ ਗੋਲਕਾਂ 'ਤੇ ਕਬਜ਼ੇ ਕਰ ਲੈਂਦੇ ਹਨ।
ਜੇੜ੍ਹੇ ਜੱਥੇਦਾਰ ਚੰਦ ਨੋਟਾਂ ਦੇ ਲਿਫਾਫਿਆਂ ਪਿੱਛੇ, ਕੌਮ ਨੂੰ ਬਰਬਾਦ ਕਰਨ ਵਾਲੇ ਡੇਰਿਆਂ ਦੇ
ਬਾਬਿਆਂ ਦੀਆਂ ਬਰਸੀਆਂ ਮਨਾਉਣ ਅਤੇ ਉਨ੍ਹਾਂ ਦੇ ਸਟੇਜਾਂ 'ਤੇ ਗੁਰਮਤਿ ਨੂੰ ਰੋਲਦੇ ਵੇਖੇ ਜਾਂਦੇ
ਹਨ, ਕੀ ਉਹ ਇਹ ਫੈਸਲਾ ਕਰਣਗੇ ਕਿ ਕੇੜ੍ਹੀ ਫਿਲਮ ਗੁਰਮਤਿ ਅਤੇ ਸਿੱਖੀ ਸਿਧਾਂਤਾਂ ਦੇ ਉਲਟ ਹੈ,
ਤੇ ਕੇੜ੍ਹੀ ਫਿਲਮ ਸਿੱਖੀ ਸਿਧਾਂਤਾਂ ਦੇ ਮੁਤਾਬਿਕ ਹੈ ? ਫਿਰ ਤਾਂ ਉੱਥੇ ਵੀ ਲਿਫਾਫੇ ਹੀ ਚਲਣਗੇ।
ਦੂਜੇ ਪਾਸੇ ਕੌਮ ਦੇ ਉਹ ਵਿਦਵਾਨ ਫੈਸਲੇ ਕਰਣਗੇ, ਜੋ ਆਪਸ ਵਿਚ ਹੀ ਲੱੜ ਲੱੜ ਕੇ ਹਲਕਾਨ ਹੋਏ
ਪਏ ਹਨ ?
ਇਸ ਵਿਚ ਕੋਈ ਸ਼ਕ ਨਹੀਂ ਕਿ ਇਹ ਗੱਲ ਕਈਆਂ ਨੂੰ ਚੰਗੀ ਨਹੀਂ ਲਗਣੀ,
ਲੇਕਿਨ ਹੈ ਬਿਲਕੁਲ ਸੱਚ, ਕਿ ਸਿੱਖ ਇਤਿਹਾਸ ਅਤੇ ਧਰਮ ਨਾਲ ਸੰਬੰਧਿਤ ਫਿਲਮਾਂ ਬਿਲਕੁਲ ਬਨਣੀਆਂ
ਹੀ ਨਹੀਂ ਚਾਹੀਦੀਆਂ। ਐਸੀਆਂ ਫਿਲਮਾਂ ਤਾਂ ਕੌਮ ਵਲੋ ਪੂਰੀ ਤਰ੍ਹਾਂ ਬੈਨ ਲਗਣਾ ਚਾਹੀਦਾ
ਹੈ। ਸ਼੍ਰੋਮਣੀ ਕਮੇਟੀ ਜੇ ਗਲਤ "ਸਿੱਖ ਇਤਿਹਾਸ" ਛਾਪ ਸਕਦੀ ਹੈ, ਤਾਂ ਇਨ੍ਹਾਂ ਫਿਲਮ ਬਨਾਉਣ
ਵਾਲਿਆਂ ਨੂੰ ਸੈਂਸਰ ਕੌਣ ਕਰੇਗਾ? ਕੌਮ ਕੋਲ ਇਹੋ ਜਹਿਆ ਕੋਈ ਇਕੱਠ, ਪੈਨਲ, ਬੋਰਡ ਜਾਂ ਅਥਾਰਟੀ
ਹੈ ਹੀ ਨਹੀਂ ਜੋ ਨਿਰਪੱਖ ਰੂਪ ਵਿਚ ਇਨ੍ਹਾਂ ਫਿਲਮਾਂ ਬਾਰੇ ਕੋਈ ਫੈਸਲਾ ਲੈ ਸਕੇ। ਨਾਂ ਕੁੱਬੇ
ਨੇ ਸਿੱਧਾ ਹੋਣਾ ਹੈ, ਤੇ ਨਾ ਉਸਨੇ ਘੋੜੀ ਚੜ੍ਹਨਾ ਹੈ। ਸਾਡਾ ਕੋਈ ਕੰਟ੍ਰੋਲ ਇਹੋ ਜਹੀਆਂ ਫਿਲਮਾਂ
ਤੇ ਨਹੀਂ ਹੈ। ਇਸ ਲਈ ਜੇ ਇਹੋ ਜਹੀਆਂ ਫਿਲਮਾਂ ਬਣਦੀਆਂ ਰਹਿਣਗੀਆਂ, ਤਾਂ ਵਿਰੋਧ ਦਾ ਰੌਲਾ
ਪੈਂਦਾ ਰਹੇਗਾ। ਫਿਲਮਾਂ ਰਿਲੀਜ ਹੁੰਦੀਆਂ ਰਹਿਣਗੀਆਂ। ਤੁਹਾਡਾ ਮਨ ਵਲੂੰਧਰਿਆ ਜਾਂਦਾ ਹੈ, ਤੇ
ਵਲੂੰਧਰਿਆ ਜਾਂਦਾ ਰਹੇ, ਇਸ ਦੀ ਕਿਸੇ ਨੂੰ ਪਰਵਾਹ ਨਹੀਂ ਹੈ। ਜੋ ਚਿੰਤਾ ਸਾਡੀਆਂ ਉੱਚ ਸੰਸਥਾਵਾਂ
ਨੂੰ ਕਰਨੀ ਚਾਹੀਦੀ ਹੈ, ਉਨ੍ਹਾਂ ਦੇ ਕੰਨ, ਅੱਖਾਂ ਤੇ ਮੂੰਹ ਇਸ ਬਾਰੇ ਬੰਦ ਹਨ।
ਇਹੋ ਜਹੀਆਂ ਫਿਲਮਾਂ ਆਉਣ ਵਾਲੇ ਸਮੇਂ ਅੰਦਰ
ਕੌਮ ਲਈ ਬਹੁਤ ਵੱਡਾ ਖਤਰਾ ਵੀ ਬਣ ਸਕਦੀਆਂ ਨੇ। ਅੱਜ ਤਾਂ ਇਹ ਫਿਲਮਾਂ ਉਹ ਲੋਕ ਬਣਾਂ
ਰਹੇ ਨੇ, ਜਿਨ੍ਹਾਂ ਦਾ ਕੰਮ ਫਿਲਮਾਂ ਬਣਾ ਕੇ ਪੈਸਾ ਕਮਾਉਣਾ ਹੈ। ਲੇਕਿਨ ਜਦੋਂ ਉਹ ਤਾਕਤਾਂ ਇਸ
ਫੀਲਡ ਵਿੱਚ ਆ ਗਈਆਂ, ਜੋ ਸਿੱਖਾਂ ਨੂੰ ਹਿੰਦੂ ਮੱਤ ਦਾ ਇਕ ਹਿੱਸਾ ਬਣਾ ਕੇ ਅਪਣੇ ਵਿਚ ਜਜ਼ਬ ਕਰ
ਲੈਣ ਦੇ ਮਨਸੂਬੇ ਮਿੱਥੀ ਬੈਠੀਆਂ ਨੇ। ਜਾਂ ਨਾਨਕ ਸ਼ਾਹੀ ਕੈਲੰਡਰ ਵਰਗੇ ਕੌਮੀ ਸਰਮਾਏ ਨੂੰ
ਬਰਬਾਦ ਕਰ ਸਕਦੀਆਂ ਨੇ। ਜਾਂ ਹਜੂਰ ਸਾਹਿਬ, ਪਟਨਾ ਸਾਹਿਬ ਅਤੇ
ਅਖੌਤੀ ਸੰਤ ਸਮਾਜ ਵਰਗੇ ਅਦਾਰਿਆਂ ਵਿਚ ਅਪਣੇ ਘੁਸਪੈਠੀਏ ਪ੍ਰਧਾਨ ਵਾੜ ਸਕਦੀਆਂ ਨੇ, ਤਾਂ ਉਨ੍ਹਾਂ
ਫਿਲਮਾਂ ਰਾਂਹੀ ਤੁਹਾਡੀ ਆਉਣ ਵਾਲੀ ਪਨੀਰੀ ਨੂੰ ਕੀ ਕੀ ਪਰੋਸਿਆ ਜਾਵੇਗਾ, ਇਹ ਸੋਚ ਕੇ ਵੀ ਰੂਹ
ਕੰਬ ਉਠਦੀ ਹੈ। ਇਨ੍ਹਾਂ ਫੀਲਮਾਂ ਰਾਂਹੀ ਸਿੱਖੀ ਦੇ ਖਿਲਾਫ ਉਹ ਕੁਝ ਕੀਤਾ ਜਾਵੇਗਾ,
ਜੋ ਤੁਸੀ ਸੋਚ ਵੀ ਨਹੀਂ ਸਕਦੇ। ਉਨ੍ਹਾਂ ਫਿਲਮਾਂ ਨੂੰ ਕਲੀਨ ਚਿੱਟ ਦੇਣ ਵਾਲਾ ਕੋਈ ਹੋਰ ਸੈਂਸਰ
ਬੋਰਡ ਨਹੀਂ, ਸਾਡੇ ਅਖੌਤੀ ਆਗੂ ਅਤੇ ਜੱਥੇਦਾਰ ਹੀ ਹੋਣਗੇ। ਝੂਠਾ "ਸਿੱਖ ਇਤਿਹਾਸ" ਲਿਖਾਉਣ
ਵਾਲੀ ਤੁਹਾਡੀ ਸ਼੍ਰੋਮਣੀ ਕਮੇਟੀ ਹੀ ਇਨ੍ਹਾਂ ਫਿਲਮਾਂ ਨੂੰ ਬਨਣ ਦੀ ਇਜਾਜਤ ਦੇਵੇਗੀ।
ਇਸ ਕਰਕੇ ਖਾਲਸਾ ਜੀ ਹੁਣੇ ਹੀ ਸਾਵਧਾਨ ਹੋ ਜਾਂਣ ਦੀ
ਲੋੜ ਹੈ। ਸਿੱਖ ਇਤਿਹਾਸ ਅਤੇ ਸਿੱਖੀ ਨਾਲ ਸੰਬੰਧਿਤ ਕੋਈ ਫਿਲਮ ਬਨਣੀ ਹੀ ਨਹੀਂ ਚਾਹੀਦੀ।
ਮੌਜੂਦਾ ਸਿਆਸੀ ਹਾਲਾਤਾਂ ਵਿਚ ਤਾਂ ਇਹ ਫਿਲਮਾਂ ਸਿੱਖੀ ਲਈ ਬਹੁਤ ਹੀ ਖਤਰਨਾਕ ਸਿੱਟੇ ਪੈਦਾ ਕਰ
ਸਕਦੀਆ ਨੇ। ਇਨ੍ਹਾਂ ਫਿਲਮਾਂ ਰਾਂਹੀ ਸਿੱਖੀ ਦੇ ਪ੍ਰਚਾਰ ਦੀ ਗਲ ਸੋਚਣਾਂ ਤਾਂ ਇਕ ਹਾਸੋਹੀਣੀ
ਮਾਨਸਿਕਤਾ ਦੇ ਅਲਾਵਾ ਕੁਝ ਨਹੀਂ।