Share on Facebook

Main News Page

ਕੀ ਗਿਆਨੀ ਜਸਵਿੰਦਰ ਸਿੰਘ ਵੀ ਅਦਾਲਤ ਦੀ ਸ਼ਰਨ ਵਿੱਚ ਪੁੱਜ ਗਏ ਹਨ ?

ਅੰਮ੍ਰਿਤਸਰ 9 ਅਪ੍ਰ੍ਰੈਲ (ਜਸਬੀਰ ਸਿੰਘ ਪੱਟੀ) ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰ ਅਵਤਾਰ ਸਿੰਘ ਮੱਕੜ ਨੇ ਆਪਣੀਆ ਸੌੜੀ ਸੋਚ ਕਾਰਨ ਸਿੱਖ ਪੰਥ ਦੀ ਬੇੜੀ ਨੂੰ ਇੱਕ ਵਾਰੀ ਫਿਰ ਮੰਝਧਾਰ ਵਿੱਚ ਠੇਲਦਿਆ ਤਖਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ ਤੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਤੋਂ ਬਾਅਦ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਸਵਿੰਦਰ ਵਿੱਚ ਦੇ ਵੀ ਅਦਾਲਤ ਦੀ ਸ਼ਰਨ ਵਿੱਚ ਪਹੁੰਚਣ ਦੀ ਸੂਚਨਾ ਮਿਲੀ ਹੈ ਤੇ ਉਹ ਵੀ ਸ਼੍ਰੋਮਣੀ ਕਮੇਟੀ ਦੇ ਬਾਕੀ ਮੁਲਾਜ਼ਮਾਂ ਦੀ ਤਰ੍ਹਾਂ ਅਦਾਲਤ ਤੋਂ ਸਟੇਅ ਲੈ ਕੇ ਵਾਪਸ ਨੌਕਰੀ ’ਚ ਆ ਧਮਕਣਗੇ।

ਬੀਤੀ ਛੇ ਅਪ੍ਰੈਲ ਨੂੰ ਤੜਕੇ 4.30 ਵਜੇ ਅੰਮ੍ਰਿਤ ਵੇਲੇ ਦੀ ਸ੍ਰੀ ਦਰਬਾਰ ਸਾਹਿਬ ਵਿਖੇ ਮਰਿਆਦਾ ਨਿਭਾਉਣ ਨਾ ਪੁੱਜ ਸਕਣ ਉਪਰੰਤ ਸ਼੍ਰੋਮਣੀ ਕਮੇਟੀ ਪ੍ਰਧਾਨ ਅਵਤਾਰ ਸਿੰਘ ਮੱਕੜ ਵੱਲੋ ਦੇਸਾਂ ਵਿਦੇਸ਼ਾਂ ਦੀਆ ਸੰਗਤਾਂ ਦੇ ਦਬਾ ਥੱਲੇ ਗਿਆਨੀ ਜਸਵਿੰਦਰ ਸਿੰਘ ਤੋਂ ਅਸਤੀਫਾ ਲੈ ਲਿਆ ਗਿਆ ਜਿਸ ਕਰਕੇ ਉਹਨਾਂ ਵੱਲੋ ਵੀ ਜਬਰੀ ਅਸਤੀਫਾ ਲੈਣ ਨੂੰ ਲੈ ਕੇ ਅਦਾਲਤ ਦਾ ਦਰਵਾਜਾ ਖੜਕਾਉਣ ਦੇ ਚਰਚੇ ਪਾਏ ਜਾ ਰਹੇ ਹਨ। ਅੱਜ ਸਵੇਰੇ (9 ਅਪ੍ਰੈਲ) ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸ੍ਰ ਪਰਤਾਪ ਸਿੰਘ ਗਿਆਨੀ ਜਸਵਿੰਦਰ ਸਿੰਘ ਦੇ ਘਰ ਗਏ ਤੇ ਉਹਨਾਂ ਨੂੰ ਕਿਹਾ ਕਿ ਪ੍ਰਧਾਨ ਸਾਹਿਬ ਦਾ ਹੁਕਮ ਹੈ ਕਿ ਅਸਤੀਫਾ ਦੇ ਦਿੱਤਾ ਜਾਵੇ ਤਾਂ ਜਸਵਿੰਦਰ ਸਿੰਘ ਨੇ ਆਪਣਾ ਕਸੂਰ ਪੁੱਛਿਆ ਤਾਂ ਪ੍ਰਤਾਪ ਸਿੰਘ ਨੇ ਕਿਹਾ ਕਿ ਉਹਨਾਂ ਨੂੰ ਕੋਈ ਜਾਣਕਾਰੀ ਨਹੀਂ ਪਰ ਛੇ ਅਪ੍ਰੈਲ ਨੂੰ ਅੰਮ੍ਰਿਤ ਵੇਲੇ ਦੀ ਵਾਪਰੀ ਘਟਨਾ ਹੀ ਕਾਰਨ ਹੋ ਸਕਦੀ ਹੈ। ਗਿਆਨੀ ਜਸਵਿੰਦਰ ਸਿੰਘ ਨੇ ਤੁਰੰਤ ਆਪਣੇ ਵੱਡੇ ਭਰਾ ਗਿਆਨੀ ਇੰਦਰਜੀਤ ਸਿੰਘ ਜਿਹੜੇ ਸ੍ਰੀ ਹਰਿਮੰਦਰ ਸਹਿਬ ਰਾਗੀ ਹਨ ਤੇ ਕਿਸੇ ਵੇਲੇ ਬੀਬੀ ਸੁਰਿੰਦਰ ਕੌਰ ਬਾਦਲ ਦੇ ਬਹੁਤ ਨੇੜੇ ਰਹੇ ਹਨ ਨੂੰ ਪਰਧਾਨ ਮੱਕੜ ਕੋਲ ਭੇਜਿਆ ਪਰ ਮੱਕੜ ਨੇ ਉਹਨਾਂ ਨੂੰ ਮਿਲਣ ਤੋਂ ਹੀ ਇਨਕਾਰ ਕਰ ਦਿੱਤਾ। ਗਿਆਨੀ ਜਸਵਿੰਦਰ ਸਿੰਘ ਨੇ ਆਪਣਾ ਅਸਤੀਫਾ ਤੁਰੰਤ ਲਿਖ ਕੇ ਮੈਨੇਜਰ ਨੂੰ ਦੇ ਦਿੱਤਾ ਤੇ ਉਹਨਾਂ ਕੋਲੋ ਰਸੀਦ ਲੈ ਕੇ ਖੁਦ ਆਪਣੇ ਜਰੂਰੀ ਕਾਗਜ਼ਾਤਾਂ ਦਾ ਅਟੈਚੀ ਭਰ ਕੇ ਚੰਡੀਗੜ੍ਹ ਨੂੰ ਰਵਾਨਾ ਹੋ ਗਏ ਜਿਸ ਤੋਂ ਕਿਆਸ ਅਰਾਈਆ ਲਗਾਈਆ ਜਾ ਰਹੀਆ ਹਨ ਕਿ ਉਹ ਵੀ ਹਾਈਕੋਰਟ ਦੀ ਸ਼ਰਨ ਵਿੱਚ ਪੁੱਜ ਗਏ ਹਨ ਤਾਂ ਕਿ ਸਟੇਅ ਹਾਸਲ ਕੀਤਾ ਜਾ ਸਕੇ।

ਗਿਆਨੀ ਜਸਵਿੰਦਰ ਸਿੰਘ ਦਾ ਕਸੂਰ ਸਿਰਫ ਇੰਨਾ ਹੀ ਹੈ ਕਿ ਪੰਜ ਅਪ੍ਰੈਲ ਨੂੰ ਸ੍ਰੀ ਦਰਬਾਰ ਸਾਹਿਬ ਦੇ ਐੋਡੀਸ਼ਨਲ ਹੈੱਡ ਗ੍ਰੰਥੀ ਗਿਆਨੀ ਜਗਤਾਰ ਸਿੰਘ ਲੁਧਿਆਣਾ ਨੇ ਉਹਨਾਂ ਨੂੰ ਕਿਹਾ ਕਿ ਉਹ ਬਾਹਰ ਜਾ ਰਹੇ, ਇਸ ਲਈ ਪੰਜ ਅਪ੍ਰੈਲ ਦੀਆ ਅੰਮ੍ਰਿਤ ਵੇਲੇ ਦੀਆ ਸੇਵਾਵਾਂ ਉਹ ਨਿਭਾਉਣ। ਗਿਆਨੀ ਜਸਵਿੰਦਰ ਸਿੰਘ ਨੇ ਪੰਜ ਅਪ੍ਰੈਲ ਨੂੰ ਸੇਵਾਵਾਂ ਨਿਭਾ ਦਿੱਤੀਆ ਪਰ ਛੇ ਅਪ੍ਰੈਲ ਨੂੰ ਜਦੋ ਕੋਈ ਵੀ ਗ੍ਰੰਥੀ ਅੰਮ੍ਰਿਤ ਵੇਲੇ ਦੀਆ ਸੇਵਾਵਾਂ ਨਿਭਾਉਣ ਲਈ ਨਾ ਪੁੱਜਿਆ ਤਾਂ ਪ੍ਰਬੰਧਕਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ ਤੇ ਉਹਨਾਂ ਨੇ ਪਹਿਲਾਂ ਤੁਰੰਤ ਗਿਆਨੀ ਜਸਵਿੰਦਰ ਸਿੰਘ ਨਾਲ ਰਾਬਤਾ ਕਾਇਮ ਕੀਤਾ ਤਾਂ ਉਹਨਾਂ ਕਿਹਾ ਕਿ ਗਿਆਨੀ ਜਗਤਾਰ ਸਿੰਘ ਦੀ ਡਿਊਟੀ ਹੈ ਉਹਨਾਂ ਨਾਲ ਗੱਲ ਕੀਤੀ ਜਾਵੇ। ਜਦੋਂ ਪਬੰਧਕਾਂ ਨੇ ਗਿਆਨੀ ਜਗਤਾਰ ਸਿੰਘ ਨਾਲ ਰਾਬਤਾ ਕਾਇਮ ਕੀਤਾ ਤਾਂ ਉਹਨਾਂ ਨੇ ਗਿਆਨੀ ਜਸਵਿੰਦਰ ਸਿੰਘ ਦੀ ਡਿਊਟੀ ਹੋਣ ਦੀ ਪੁਸ਼ਟੀ ਕੀਤੀ ਪਰ ਕੋਈ ਵੀ ਗ੍ਰੰਥੀ ਡਿਊਟੀ ਤੇ ਹਾਜ਼ਰ ਹੋਣ ਲਈ ਜਦੋਂ ਤਿਆਰ ਨਾ ਹੋਇਆ ਤਾਂ ਮੈਨੇਜਰ ਪਰਤਾਪ ਸਿੰਘ ਨੇ ਤੁਰੰਤ ਸ੍ਰੀ ਅਕਾਲ ਤਖਤ ਸਾਹਿਬ ਦੇ ਗ੍ਰੰਥੀ ਗਿਆਨੀ ਸੁਬੇਗ ਸਿੰਘ ਨੂੰ ਸੇਵਾਵਾਂ ਨਿਭਾਉਣ ਦੀ ਕਿਹਾ। ਸ਼੍ਰੋਮਣੀ ਕਮੇਟੀ ਦੇ ਇਤਿਹਾਸ ਵਿੱਚ ਸ਼ਾਇਦ ਇਹ ਪਹਿਲੀ ਘਟਨਾ ਸੀ ਕਿ ਕੋਈ ਵੀ ਗ੍ਰੰਥੀ ਅੰਮ੍ਰਿਤ ਵੇਲੇ ਦੀਆ ਸੇਵਾਵਾਂ ਨਿਭਾਉਣ ਨਾ ਆਇਆ ਹੋਵੇ।

ਸੱਤ ਅਪ੍ਰੈਲ ਨੂੰ ਸ਼੍ਰੋਮਣੀ ਕਮੇਟੀ ਦੀ ਕਾਰਜਕਾਰੀ ਕਮੇਟੀ ਵਿੱਚ ਇਸ ਕਹਿ ਕੰਮ ਸਾਰ ਲਿਆ ਗਿਆ ਕਿ ਮਾਮਲੇ ਦੀ ਪੜਤਾਲ ਕਰਾਈ ਜਾਵੇਗੀ ਪਰ ਪੜਤਾਲ ਤੋਂ ਪਹਿਲਾਂ ਹੀ ਸ਼੍ਰੋਮਣੀ ਕਮੇਟੀ ਦੇ ਨਾਅਹਿਲ ਪਰਧਾਨ ਅਵਤਾਰ ਸਿੰਘ ਮੱਕੜ ਨੇ ਆਪਣੀ ਹਊਮੇ ਨੂੰ ਪੱਠੇ ਪਾਉਣ ਸਈ ਅੱਜ ਸਵੇਰੇ ਉਹਨਾਂ ਕੋਲੋ ਪਿਛਲੀ ਪੰਜ ਅਪ੍ਰੈਲ ਦੀ ਤਰੀਕ ਵਿੱਚ ਅਸਤੀਫਾ ਲੈ ਲਿਆ ਤਾਂ ਕਿ ਇਹ ਸਾਬਤ ਕੀਤਾ ਜਾ ਸਕੇ ਗਿਆਨੀ ਜਸਵਿੰਦਰ ਸਿੰਘ ਤਾਂ ਇੱਕ ਦਿਨ ਪਹਿਲਾਂ ਹੀ ਆਪਣਾ ਆਹੁਦਾ ਛੱਡ ਗਏ ਸਨ। ਹੈਰਾਨੀ ਦੀ ਗੱਲ ਇਹ ਹੈ ਕਿ ਜੇਕਰ ਪੰਜ ਅਪ੍ਰੈਲ ਨੂੰ ਗਿਆਨੀ ਜਸਵਿੰਦਰ ਸਿੰਘ ਨੇ ਅਸਤੀਫਾ ਦੇ ਦਿੱਤਾ ਸੀ ਤਾਂ ਫਿਰ 6,7 ਤੇ 8 ਅਪ੍ਰੈਲ ਨੂੰ ਉਹਨਾਂ ਨੂੰ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਡਿਊਟੀ ਕਰਨ ਦੀ ਆਗਿਆ ਕਿਸ ਨੇ ਤੇ ਕਿਉ ਦਿੱਤੀ ਗਈ। ਇਸੇ ਮਾਮਲੇ ਨੂੰ ਲੈ ਕੇ ਉਹਨਾਂ ਬਾਰੇ ਚਰਚਾ ਹੈ ਕਿ ਉਹ ਸਟੇਅ ਲੈਣ ਲਈ ਪੰਜਾਬ ਐੰਡ ਹਰਿਆਣਾ ਹਾਈਕੋਰਟ ਦੀ ਸ਼ਰਨ ਵਿੱਚ ਚੱਲੇ ਗਏ ਹਨ ਜਿਥੋ ਉਹਨਾਂ ਨੂੰ ਸਟੇਅ ਮਿਲਣਾ ਲੱਗਪੱਗ ਤਹਿ ਹੈ ਤੇ ਉਹ ਇੱਕ ਵਾਰੀ ਫਿਰ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਸੇਵਾਵਾਂ ਨਿਭਾਉਣਗੇ। ਇਸ ਤੋਂ ਪਹਿਲਾਂ ਵੀ ਇੱਕ ਵਾਰੀ ਉਹਨਾਂ ਵੱਲੋ ਭੁੱਲ ਜਾਣ ਕਾਰਨ ਉਹਨਾਂ ਦੀ ਟੀ.ਵੀ ਸਮੇਂ ਦੀ ਡਿਊਟੀ ਲਗਾਉਣ ਤੇ ਪਾਬੰਦੀ ਲਗਾ ਦਿੱਤੀ ਗਈ ਸੀ ਪਰ ਕੁਝ ਸਮਾਂ ਉਪਰੰਤ ਸਭ ਕੁਝ ਆਮ ਵਰਗਾ ਹੋ ਗਿਆ ਸੀ।

ਪੰਥਕ ਮਰਿਆਦਾ ਤੇ ਪਰੰਪਰਾ ਅਨੁਸਾਰ ਕਿਸੇ ਵੀ ਤਖਤ ਦਾ ਜਥੇਦਾਰ ਜਾਂ ਸ੍ਰੀ ਦਰਬਾਰ ਸਾਹਿਬ ਦਾ ਗ੍ਰੰਥੀ ਜਿਸ ਦੀ ਤਾਜਪੋਸ਼ੀ ਉਪਰੰਤ ਉਸ ਨੂੰ ‘‘ਸਿੰਘ ਸਾਹਿਬ’’ ਦਾ ਲਕਬ ਦਿੱਤਾ ਜਾਂਦਾ ਹੈ ਉਹ ਕਿਸੇ ਵੀ ਸੂਰਤ ਵਿੱਚ ਖੁਦ ਅਦਾਲਤ ਜਾਂ ਕਿਸੇ ਵੀ ਸਰਕਾਰੀ ਅਦਾਰੇ ਵਿੱਚ ਇੱਕ ਸ਼ਕਾਇਤ ਕਰਤਾ ਜਾਂ ਮੁਜਰਿਮ ਦੇ ਤੌਰ ਤੇ ਖੁਦ ਪੇਸ਼ ਨਹੀਂ ਹੁੰਦਾ ਪਰ ਇਸ ਪਰੰਪਰਾ ਨੂੰ ਸਭ ਤੋਂ ਪਹਿਲਾਂ ਉਸ ਵੇਲੇ ਵਿਸ਼ਰਾਮ ਚਿੰਨ੍ਹ ਲੱਗ ਗਿਆ ਜਦੋਂ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਤਰਲੋਚਨ ਸਿੰਘ ਪੰਥ ਵਿਰੋਧੀ ਗਤੀਵਿਧੀਆ ਕਰਨ ਵਾਲੇ ਬਾਬਾ ਭਨਿਆਰੇ ਵਾਲੇ ਦੇ ਖਿਲਾਫ ਗਵਾਹੀ ਦੇਣ ਲਈ ਅਦਾਲਤ ਵਿੱਚ ਪੇਸ਼ ਹੋਏ।

ਉਸ ਤੋਂ ਬਾਅਦ ਤਖਤ ਸ੍ਰੀ ਪਟਨਾ ਸਾਹਿਬ ਦੇ ਗਿਆਨੀ ਇਕਬਾਲ ਸਿੰਘ ਨੇ ਹੱਦ ਹੀ ਨਹੀਂ ਕੀਤੀ, ਸਗੋ ਹੱਦੋ ਵੱਧ ਕਰਦਿਆ ਪਹਿਲਾਂ ਤਖਤ ਸਾਹਿਬ ਤੇ ਆ ਕੇ ਤਲਵਾਰਾਂ ਤੇ ਹੋਰ ਡਾਂਗ ਸੋਟੇ ਚਲਾ ਕੇ ਤਖਤ ਸਾਹਿਬ ਦੀ ਮਰਿਆਦਾ ਨੂੰ ਭੰਗ ਕੀਤਾ ਤੇ ਫਿਰ ਖੁਦ ਸ਼ਕਾਇਤੀ ਬਣ ਕੇ ਥਾਣੇ ਵਿੱਚ ਜਾ ਕੇ ਪ੍ਰਬੰਧਕ ਕਮੇਟੀ ਦੇ ਆਹੁਦੇਦਾਰਾਂ ਤੇ ਹੋਰ ਸੰਤਾਂ ਮਹਾਂ ਪੁਰਸ਼ਾਂ ਦੇ ਖਿਲਾਫ ਮੁਕੱਦਮਾ ਦਰਜ ਕਰਵਾ ਦਿੱਤਾ ਜਿਹੜਾ ਹਾਲੇ ਵੀ ਅਦਾਲਤ ਵਿੱਚ ਵਿਚਾਰ ਅਧੀਨ ਹੈ। ਇਥੇ ਹੀ ਬੱਸ ਨਹੀਂ ਉਸ ਦੀ ਦੂਸਰੀ ਪਤਨੀ ਨੇ ਦਾਜ ਮੰਗਣ ਤੇ ਕੁੱਟਮਾਰ ਕਰਨ ਦੀ ਮੁਕੱਦਮਾ ਵੀ ਅਦਾਲਤ ਵਿੱਚ ਚਲਾਇਆ ਜਿਸ ਦੇ ਸਬੰਧ ਵਿੱਚ ਉਸ ਉਪਰ ਅਦਾਲਤ ਨੇ ਦੋਸ਼ ਵੀ ਆਇਦ ਕਰ ਦਿੱਤੇ ਹਨ ਤੇ ਬੱਸ ਕਿਸੇ ਵੇਲੇ ਵੀ ਗਿਆਨੀ ਜੇਲ ਯਾਤਰਾ ਵੀ ਕਰ ਸਕਦੇ ਹਨ।

ਇਸੇ ਤਰ੍ਹਾਂ ਗਿਆਨੀ ਨੰਦਗੜ੍ਹ ਨੂੰ ਇਸ ਕਰਕੇ ਜਥੇਦਾਰੀ ਤੋਂ ਲਾਂਭੇ ਕਰ ਦਿੱਤਾ ਕਿ ਉਹ ਮੂਲ ਨਾਨਕਸ਼ਾਹੀ ਕੈਲੰਡਰ ਦੇ ਹੱਕ ਵਿੱਚ ਸੀ ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਤੇ ਪੰਜਾਬ ਦੇ ਡਿਪਟੀ ਮੁੱਖ ਮੰਤਰੀ ਸ੍ਰੀ ਸੁਖਬੀਰ ਸਿੰਘ ਵੱਲੋ ਸਾਧ ਲਾਣੇ ਤੇ ਕਹਿਣ ਤੇ ਬਿਕਰਮੀ ਕੈਲੰਡਰ ਲਾਗੂ ਕਰਨ ਤੋਂ ਇਨਕਾਰੀ ਸਨ ਜਿਸ ਕਰਕੇ ਉਹਨਾਂ ਨੂੰ ਜਥੇਦਾਰੀ ਤੋਂ ਲਾਂਭੇ ਕਰ ਦਿੱਤਾ ਗਿਆ। ਜਥੇਦਾਰੀ ਦਾ ਨਿਯੁਕਤੀ ਪੱਤਰ ਲੈਣ ਤੇ ਸ਼੍ਰੋਮਣੀ ਕਮੇਟੀ ਨੂੰ ਇਹ ਪੁੱਛਣ ਲਈ ਉਹਨਾਂ ਨੇ ਸ਼੍ਰੋਮਣੀ ਕਮੇਟੀ ਦੇ ਖਿਲਾਫ ਹਾਈਕੋਰਟ ਵਿੱਚ ਇੱਕ ਪਟੀਸ਼ਨ ਦਾਇਰ ਕਰ ਦਿੱਤੀ ਜਿਹੜੀ ਪ੍ਰ੍ਰੀਕਿਰਿਆ ਪੂਰੀ ਤਰ੍ਹਾਂ ਪੰਥਕ ਮਰਿਅਦਾ ਤੇ ਪਰੰਪਰਾਵਾਂ ਦੇ ਖਿਲਾਫ ਹੈ ਤੇ ਕੇਸ ਦੀ ਅਗਲੀ ਸੁਣਵਾਈ ਹੁਣ 4 ਅਗਸਤ 2015 ਨੂੰ ਹੋਵੇਗੀ। ਕਨੂੰਨਦਾਨਾਂ ਦਾ ਮੱਤ ਹੈ ਕਿ ਗਿਆਨੀ ਨੰਦਗੜ੍ਹ ਨੂੰ ਸਟੇਅ ਮਿਲ ਸਕਦਾ ਹੈ। ਗਿਆਨੀ ਜਸਵਿੰਦਰ ਸਿੰਘ ਵੱਲੋ ਹਾਈਕੋਰਟ ਵਿੱਚ ਜਾਣ ਨਾਲ ਜਿਥੇ ਹੁਣ ਇਹ ਇੱਕ ਰਵਾਇਤ ਬਣ ਜਾਵੇਗੀ ਉਥੇ ਪੰਥਕ ਸਿਧਾਂਤਾ ਤੇ ਮਰਿਆਦਾ ਦੀ ਬਣਾਈ ਗਈ ਕਿਤਾਬ ਵੀ ਤਾਰ ਤਾਰ ਹੋ ਜਾਵੇਗੀ ਅਤੇ ਆਉਣ ਵਾਲੀਆਂ ਪੀੜੀਆਂ ਸ਼੍ਰੋਮਣੀ ਕਮੇਟੀ ਪ੍ਰਧਾਨ ਅਵਤਾਰ ਸਿੰਘ ਮੱਕੜ ਨੂੰ ਪਾਣੀ ਪੀ ਪੀ ਕੇ ਕੋਸਣ ਲਈ ਮਜਬੂਰ ਹੋਣਗੀਆਂ। ਪੰਥ ਵਿਰੋਧੀ ਸ਼ਕਤੀਆਂ ਵੀ ਇਹੋ ਕੁਝ ਹੀ ਚਾਹੁੰਦੀਆਂ ਜਿਹਨਾਂ ਨੂੰ ਸਾਡੇ ਇਹਨਾਂ ਜਥੇਦਾਰਾਂ ਤੇ ਸ਼੍ਰੋਮਣੀ ਕਮੇਟੀ ਦੇ ਨਾਅਹਿਲ ਪਰਧਾਨ ਦੀ ਨੀਤੀਆਂ ਕਾਰਨ ਬੂਰ ਪੈਣਾ ਸ਼ੁਰੂ ਹੋ ਗਿਆ ਹੈ। ਰੱਬ ਖੈਰ ਕਰੇ!


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top