Share on Facebook

Main News Page

ਜਥੇਦਾਰਾਂ ਦੀ ਮੀਟਿੰਗ ਵਿਚ ਲਏ ਜਾਣ ਵਾਲੇ ਫ਼ੈਸਲੇ ਆਰ.ਐਸ.ਐਸ. ਦੇ ਮੁੱਖ ਦਫ਼ਤਰ ਤੋਂ ਆਉਂਦੇ ਹਨ
-: ਗਿਆਨੀ ਬਲਵੰਤ ਸਿੰਘ ਨੰਦਗੜ੍ਹ

ਅੰਮ੍ਰਿਤਸਰ, 9 ਅਪ੍ਰੈਲ (ਚਰਨਜੀਤ ਸਿੰਘ): ਤਖਤ ਸ੍ਰੀ ਦਮਦਮਾ ਸਾਹਿਬ ਦੇ ਜਬਰੀ ਹਟਾਏ ਗਏ ਜਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਨੇ ਦਾਅਵਾ ਕੀਤਾ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਅਤੇ ਜਥੇਦਾਰਾਂ ਦੀ ਮੀਟਿੰਗ ਦੌਰਾਨ ਲਏ ਜਾਣ ਵਾਲੇ ਫ਼ੈਸਲੇ ਜਥੇਦਾਰ ਨਹੀਂ ਕਰਦੇ, ਸਗੋਂ ਆਰ.ਐਸ.ਐਸ ਦੇ ਹੈਡਕੁਆਰਟਰ ਨਾਗਪੁਰ ਜਾਂ ਚੰਡੀਗੜ੍ਹ ਤੋਂ ਆਉਂਦੇ ਹਨ। ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਇਨ੍ਹਾਂ ਫ਼ੈਸਲਿਆਂ ਨੂੰ ਕੇਵਲ ਪੜ੍ਹਨਾ ਹੀ ਹੁੰਦਾ ਹੈ।

ਪੰਥਕ ਤਾਲਮੇਲ ਸੰਗਠਨ ਵਲੋਂ ਕਰਵਾਏ ਗਏ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਸੰਬੋਧਨ ਕਰਦਿਆਂ ਜਥੇਦਾਰ ਨੰਦਗੜ੍ਹ ਨੇ ਕਿਹਾ ਕਿ ਪੰਚ ਪ੍ਰਧਾਨੀ ਸੰਸਥਾ ਨੂੰ ਖ਼ਤਮ ਕਰ ਦਿਤਾ ਗਿਆ ਹੈ ਅਤੇ ਤਖ਼ਤਾਂ ਦੇ ਸੇਵਾਦਾਰ ਉਪਰੋਂ ਆਏ ਹੁਕਮਾਂ ਨੂੰ ਹੀ ਲਾਗੂ ਕਰਨ ਵਿਚ ਅਪਣਾ ਰੋਲ ਅਦਾ ਕਰਦੇ ਹਨ। ਗਿਆਨੀ ਨੰਦਗੜ੍ਹ ਨੇ ਇਹ ਨਹੀਂ ਦਸਿਆ ਕਿ ਜਿਹੜੇ ਫ਼ੈਸਲਿਆਂ ਉਤੇ ਉਨ੍ਹਾਂ ਨੇ ਵੀ ਦੂਜੇ ਜਥੇਦਾਰਾਂ ਨਾਲ ਦਸਤਖ਼ਤ ਕੀਤੇ ਸਨ, ਉਹ ਵੀ ਆਰ.ਐਸ.ਐਸ. ਦੇ ਇਸ਼ਾਰੇ 'ਤੇ ਕੀਤੇ ਗਏ ਸਨ ਜਾਂ....? ਇਨ੍ਹਾਂ ਵਿਚ ਪ੍ਰਮੁੱਖ ਤੌਰ 'ਤੇ ਰੋਜ਼ਾਨਾ ਸਪੋਕਸਮੈਨ, ਗੁਰਬਖ਼ਸ਼ ਸਿੰਘ ਕਾਲਾ ਅਫ਼ਗਾਨਾ ਤੇ ਪ੍ਰੋ. ਦਰਸ਼ਨ ਸਿੰਘ ਦੇ ਮਾਮਲੇ ਗੰਭੀਰ ਚਰਚਾ ਦਾ ਵਿਸ਼ਾ ਬਣੇ ਹੋਏ ਹਨ ਅਤੇ ਇਨ੍ਹਾਂ ਉਤੇ ਜਥੇਦਾਰ ਨੰਦਗੜ੍ਹ ਨੇ ਵੀ ਦਸਤਖ਼ਤ ਕੀਤੇ ਸਨ 'ਰੋਜ਼ਾਨਾ ਸਪੋਕਸਮੈਨ' ਵਿਰੁਧ ਫ਼ੈਸਲੇ ਬਾਰੇ ਤਾਂ ਮੌਜੂਦਾ ਜਥੇ. ਗਿ. ਗੁਰਬਖ਼ਸ਼ ਸਿੰਘ, ਆਪ ਸਪੋਕਸਮੈਨ ਨੂੰ ਟੈਲੀਫ਼ੋਨ ਕਰ ਕੇ ਕਹਿ ਚੁੱਕੇ ਹਨ ਕਿ ਸਪੋਕਸਮੈਨ ਜਾਂ ਉਸ ਦੇ ਸੰਪਾਦਕ ਨੇ ਕੋਈ ਭੁੱਲ ਨਹੀਂ ਸੀ ਕੀਤੀ ਤੇ ਜ਼ਿਆਦਤੀ, ਜਥੇਦਾਰ ਵੇਦਾਂਤੀ ਨੇ ਕੀਤੀ ਸੀ ਤੇ ਦੂਜੇ ਜਥੇਦਾਰਾਂ ਕੋਲੋਂ ਦਸਤਖ਼ਤ ਕਰਵਾ ਲਏ ਸਨ। ਜਥੇਦਾਰ ਨੰਦਗੜ੍ਹ ਵੀ ਇਨ੍ਹਾਂ 'ਚੋਂ ਇਕ ਸਨ।

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗਿਆਨੀ ਨੰਦਗੜ੍ਹ ਨੇ ਕਿਹਾ ਕਿ ਮੌਜੂਦਾ ਹਾਲਾਤ ਵਿਚ ਇਕ ਹੋਰ ਗੁਰਦਵਾਰਾ ਸੁਧਾਰ ਲਹਿਰ ਦੀ ਜ਼ਰੂਰਤ ਹੈ ਅਤੇ 6 ਜੂਨ ਤੋਂ ਅਸੀਂ ਇਸ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਉਨ੍ਹਾਂ ਕਿਹਾ ਕਿ ਜਦ ਤੋਂ ਮੈਨੂੰ ਸੇਵਾ-ਮੁਕਤ ਕੀਤਾ ਗਿਆ ਹੈ, ਅਕਾਲੀ ਦਲ ਅਤੇ ਸਰਕਾਰ ਦੇ ਡਰੋਂ ਕੋਈ ਫ਼ਤਹਿ ਬੁਲਾਉਣ ਵੀ ਨਹੀਂ ਆਉਂਦਾ। ਉਨ੍ਹਾਂ ਕਿਹਾ ਕਿ ਮੇਰੇ ਫ਼ੋਨ ਵੀ ਟੈਪ ਕੀਤੇ ਜਾ ਰਹੇ ਹਨ। ਉਨ੍ਹਾਂ ਸਿੱਖ ਨੌਜਵਾਨਾਂ ਨੂੰ ਹੱਲਾਸ਼ੇਰੀ ਦਿੰਦਿਆਂ ਕਿਹਾ ਕਿ ਆਰ.ਐਸ.ਐਸ. ਦੇ ਵੱਧ ਰਹੇ ਕਦਮਾਂ ਨੂੰ ਰੋਕਣ ਲਈ ਸ਼ਹੀਦੀਆਂ ਦੇਣੀਆਂ ਪੈਣਗੀਆਂ। ਉਨ੍ਹਾਂ ਕਿਹਾ ਕਿ ਨਾਨਕਸ਼ਾਹੀ ਕੈਲੰਡਰ ਸਿੱਖਾਂ ਦੀ ਵਖਰੀ ਹੋਂਦ ਦਾ ਪ੍ਰਤੀਕ ਹੈ ਅਤੇ ਸਿੱਖ ਵਿਰੋਧੀ ਤਾਕਤਾਂ ਨੂੰ ਆਜ਼ਾਦ ਹਸਤੀ ਅਤੇ ਅਡਰੀ ਹੋਂਦ ਰੜਕ ਰਹੀ ਸੀ, ਜਿਸ ਕਾਰਨ ਨਾਨਕਸ਼ਾਹੀ ਕੈਲੰਡਰ ਨੂੰ ਬਦਲ ਦਿਤਾ ਗਿਆ। ਉਨ੍ਹਾਂ ਕਿਹਾ ਕਿ ਡੇਰੇਦਾਰ ਸਿੱਖਾਂ ਅੰਦਰੋਂ ਸ਼ਹਾਦਤ ਦੀ ਭਾਵਨਾ ਨੂੰ ਖ਼ਤਮ ਕਰਨ ਲਈ ਮਾਲਾ ਫੜਾ ਰਹੇ ਹਨ ਅਤੇ ਅਜਿਹੇ ਲੋਕਾਂ ਦੇ ਕਹੇ ਲੱਗ ਕੇ ਨਾਨਕਸ਼ਾਹੀ ਕੈਲੰਡਰ ਦਾ ਖ਼ਾਤਮਾ ਕੀਤਾ ਗਿਆ ਹੈ। ਗਿਆਨੀ ਨੰਦਗੜ੍ਹ ਨੇ ਕਿਹਾ ਕਿ ਉਹ ਕਿਰਾਏ ਦੇ ਮਕਾਨ ਵਿਚ ਰਹਿੰਦੇ ਹਨ ਅਤੇ ਬਿਨਾਂ ਤਨਖ਼ਾਹ ਸੇਵਾ ਕਰਦੇ ਰਹੇ ਹਨ। ਉਨ੍ਹਾਂ ਕੋਲ ਹੁਣ ਲੁਟਾਉਣ ਜੋਗਾ ਕੁੱਝ ਵੀ ਨਹੀਂ।

ਇਸ ਮੌਕੇ ਪੰਥਕ ਤਾਲਮੇਲ ਸੰਗਠਨ ਦੇ ਜਸਵਿੰਦਰ ਸਿੰਘ ਐਡਵੋਕੇਟ ਨੇ ਕਿਹਾ ਕਿ ਸਰਬੱਤ ਖ਼ਾਲਸਾ ਦੀ ਤਰਜ਼ 'ਤੇ ਅਸੀਂ ਦਰਬਾਰੇ ਖ਼ਾਲਸਾ ਬੁਲਾ ਰਹੇ ਹਾਂ। ਇਹ ਸਮਾਗਮ ਫ਼ੈਸਲੇ ਦੀ ਜੁਗਤ ਨੂੰ ਲਾਗੂ ਕਰਨ ਲਈ ਹੋਵੇਗਾ। ਉਨ੍ਹਾਂ ਕਿਹਾ ਕਿ ਪੰਜ ਪਿਆਰੇ ਤੈਅ ਕਰ ਦੇਣ ਨਾਲ ਪੰਥਕ ਫ਼ੈਸਲੇ ਪ੍ਰਭਾਵਤ ਹੋਏ ਹਨ। ਉਨ੍ਹਾਂ ਕਿਹਾ ਕਿ ਕੌਮ ਨੇ ਫ਼ੈਸਲੇ ਲੈਣੇ ਹੁੰਦੇ ਹਨ ਤੇ ਜਥੇਦਾਰ ਨੇ ਉਨ੍ਹਾਂ ਫ਼ੈਸਲਿਆ ਨੂੰ ਐਲਾਨਣਾ ਹੀ ਹੁੰਦਾ ਹੈ।

ਉਨ੍ਹਾਂ ਕਿਹਾ ਕਿ ਅੱਜ ਧਰਮ ਉਤੇ ਰਾਜਨੀਤੀ ਇੰਨੀ ਭਾਰੂ ਹੋ ਚੁੱਕੀ ਹੈ ਕਿ ਅਸੀਂ ਅਪਣੇ ਪੰਥਕ ਸਮਾਗਮਾਂ ਵਿਚ ਉਨ੍ਹਾਂ ਲੋਕਾਂ ਨੂੰ ਬੁਲਾਉਂਦੇ ਹਾਂ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਰੀਕ ਹਨ। ਉਨ੍ਹਾਂ ਸਵੈ-ਪੜਚੋਲ ਦਾ ਸੱਦਾ ਦਿੰਦਿਆ ਕਿਹਾ ਕਿ ਜੇ ਅਸੀ ਅੱਜ ਨਾ ਜਾਗੇ ਤਾਂ ਅਗਲੀਆਂ ਪੀੜ੍ਹੀਆਂ ਲਈ ਬਹੁਤ ਦੇਰ ਹੋ ਜਾਵੇਗੀ।

ਇਸ ਮੌਕੇ ਸੰਬੋਧਨ ਕਰਦਿਆਂ ਤਖ਼ਤ ਸ੍ਰੀ ਦਮਦਮਾ ਸਾਹਿਬ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ ਨੇ ਕਿਹਾ ਕਿ ਅੱਜ ਅਸੀਂ ਕੌਮੀ ਹਾਲਾਤ ਤੋਂ ਫ਼ਿਕਰਮੰਦ ਤਾਂ ਹਾਂ, ਪਰ ਇਨ੍ਹਾਂ ਦਾ ਸਥਾਈ ਹੱਲ ਲੱਭਣ ਲਈ ਯਤਨ ਨਹੀਂ ਕਰ ਰਹੇ। ਉਨ੍ਹਾਂ ਕਿਹਾ ਕਿ ਮਸਲਾ ਕੈਲੰਡਰ ਦਾ ਸੀ। ਅਸੀਂ ਜਥੇਦਾਰਾਂ ਨੂੰ ਅਪੀਲ ਕੀਤੀ ਸੀ ਕਿ ਚਾਹੇ ਸੂਰਜੀ ਕੈਲੰਡਰ ਬਣਾਉ ਜਾਂ ਚੰਦਰਮਾ ਦਾ, ਕੈਲੰਡਰ ਇਕ ਰਖਣਾ ਚਾਹੀਦਾ ਹੈ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top