Share on Facebook

Main News Page

ਗੁਰੂ ਗ੍ਰੰਥ ਸਾਹਿਬ ਵਿਚ ਸੋਭਾ ਪਾ ਰਹੇ, ਭਗਤਾਂ ਦੀ ਆੜ ਲੈ ਕੇ ਆਰ.ਐਸ.ਐਸ. ਦਾ ਪੰਜਾਬ ਅਤੇ ਪੰਥ ਉੱਤੇ ਨਵਾਂ ਹਮਲਾ...!
-: ਗੁਰਿੰਦਰਪਾਲ ਸਿੰਘ ਧਨੌਲਾ 93161 76519

ਗੁਰੂ ਨਾਨਕ ਪਾਤਸ਼ਾਹ ਤੋਂ ਪਹਿਲਾਂ ਵੀ ਬਹੁਤ ਸਾਰੇ ਰੂਹਾਨੀ ਪੁਰਸ਼ਾਂ ਨੇ ਇਸ ਸੰਸਾਰ ਉੱਤੇ ਜਨਮ ਲਿਆ ਅਤੇ ਉਹਨਾਂ ਨੇ ਆਪਣੇ ਜੀਵਨ ਨੂੰ ਪ੍ਰਭੁ ਦੀ ਸਿਫਤ ਸਲਾਹ ਅਤੇ ਕੁਰਾਹੇ ਪਈ ਲੋਕਾਈ ਨੂੰ ਅੰਧ ਵਿਸ਼ਵਾਸ਼ ਅਤੇ ਬਿਪਰਵਾਦੀ ਚੱਕਰਵਿਊ ਵਿੱਚੋਂ ਕੱਢਣ ਵਾਸਤੇ ਲੇਖੇ ਲਾਇਆ। ਇਸ ਸੰਸਾਰ ਦਾ ਸੁਧਾਰ ਕਰਦਿਆਂ, ਉਹਨਾਂ ਨੂੰ ਅਨੇਕਾਂ ਦੁਸ਼ਵਾਰੀਆਂ ਦਾ ਸਾਹਮਣਾ ਕਰਨਾ ਪਿਆ, ਖਾਸ ਕਰਕੇ ਜਿਹੜੇ ਵੀ ਮਹਾਨ ਪੁਰਖ ( ਅਜੋਕੇ ਪਖੰਡੀ ਸਾਧ ਨਹੀਂ) ਭਗਤ, ਜਿਹਨਾਂ ਦੀ ਰਚੀ ਰਚਨਾ ਗੁਰਬਾਣੀ ਦਾ ਅਟੁੱਟ ਹਿੱਸਾ ਬਣੀ, ਅਤੇ ਖਾਸ ਕਰਕੇ ਜਿਹੜੇ ਕਿਸੇ ਅਖੌਤੀ ਨੀਚ ਜਾਤੀ ਨਾਲ ਸਬੰਧ ਰੱਖਦੇ ਸਨ, ਨੂੰ ਸਮੇਂ ਦੀ ਸਰਕਾਰ ਨੇ ਸੱਚ ਕਹਿਣ ਬਦਲੇ ਬਹੁਤ ਜਲੀਲ ਕੀਤਾ। ਉਹਨਾਂ ਰੂਹਾਨੀ ਰਾਹ ਦੇ ਪਾਂਧੀਆਂ ਨੂੰ ਲਾਲਚ ਜਾਂ ਡਰ ਦੇ ਕੇ ਸੱਚ ਦੇ ਮਾਰਗ ਤੋਂ ਥਿੜਕਾਉਣ ਦੀ ਪੂਰੀ ਵਾਹ ਲਾਈ ਅਤੇ ਆਪਣੀ ਰਾਜਸੀ ਸ਼ਕਤੀ ਜਾਂ ਆਪਣੀ ਬਹੁਗਿਣਤੀ ਦੇ ਪ੍ਰਭਾਵ ਨਾਲ, ਉਸ ਸਮੇਂ ਉਭਰਣ ਨਾ ਦਿੱਤਾ, ਲੇਕਿਨ ਸੱਚ ਦੇ ਸੂਰਜ਼ ਨੂੰ ਝੂਠ ਦੇ ਬਦਲਾਂ ਦੀ ਧੁੰਦ ਬਹੁਤੀ ਦੇਰ ਢਕ ਨਹੀਂ ਸਕਦੀ। ਉਹਨਾਂ ਮਹਾਨ ਪੁਰਖਾਂ ਨੇ ਇਸ ਸੱਚ ਨੂੰ ਕਲਮ ਬੰਦ ਕਰ ਦਿੱਤਾ, ਜਿਸ ਨੂੰ ਗੁਰੂ ਨਾਨਕ ਦੀ ਪਾਰਸ ਵਰਗੀ ਸੋਚ ਨੇ ਇੱਕ ਅਜਿਹਾ ਰੂਪ ਦੇ ਦਿੱਤਾ ਕਿ ਉਹਨਾਂ ਵੱਲੋਂ ਉਚਾਰੇ ਸ਼ਬਦ, ਇੱਕ ਸਦੀਵਕਾਲ ਗੁਰੂ ਦੇ ਬਚਨ ਬਣ ਗਏ।

ਗੁਰੂ ਨਾਨਕ ਦੀ ਜੋਤ ਨੇ ਪੰਜਵੇ ਸਰੀਰ ਵਿੱਚ ਪ੍ਰਵੇਸ਼ ਕਰਦਿਆਂ ਪੋਥੀ ਸਾਹਿਬ ਨੂੰ ਇੱਕ ਰੂਹਾਨੀ ਯੂ.ਐਨ.ਓ. ਵਜੋਂ ਪ੍ਰਗਟ ਕਰਦਿਆਂ, ਜਾਤਾਂ ਜਾਂ ਜਮਾਤਾਂ ਦੀ ਮਾਰ ਕਰਕੇ, ਸੱਚ ਕਹਿਣ ਦੀ ਪਬੰਦੀ ਨੂੰ ਤੋੜਦਿਆਂ, ਇਹਨਾਂ ਸੱਤ ਪੁਰਸ਼ਾਂ ਦੇ ਉਚਾਰਨ ਸ਼ਬਦਾਂ ਨੂੰ ਗੁਰਮਤਿ ਦੀ ਲੜੀ ਵਿੱਚ ਪਰੋ ਕੇ, ਜਾਤ ਜਮਾਤ ਦੇ ਪਰਖਚੇ ਉਡਾ ਦਿੱਤੇ। ਜਿਸਦਾ ਖਮਿਆਜਾ ਸੀ ਕਿ ਗੁਰੂ ਅਰਜਨ ਪਾਤਸ਼ਾਹ ਨੂੰ ਤੱਤੀ ਤਵੀ ਉਤੇ ਬਹਿ ਕੇ ਸਿਰ ਵਿੱਚ ਤੱਤੀ ਰੇਤ ਪਵਾਉਣੀ ਪਈ। ਇਹ ਗੱਲ ਹਾਲੇ ਤੱਕ ਵੀ ਕਿਸੇ ਨੂੰ ਸਮਝ ਨਹੀਂ ਆਈ ਕਿ ਗੁਰੂ ਨਾਨਕ ਦੀ ਸੋਚ ਨੂੰ ਦਬਾਉਣ ਲਈ ਜਾਂ ਆਪਣੇ ਵਿੱਚ ਰਲਗੱਡ ਕਰਕੇ ਝੁਠਲਾਉਣ ਵਾਸਤੇ, ਮਨੂੰਵਾਦ ਅਤੇ ਵਰਨਵਾਦ ਨਿਰੰਤਰ ਗੁਰੂ ਘਰ ਨਾਲ ਬੇਲੋੜਾ ਵੈਰ ਵਿਆਝਦਾ ਰਿਹਾ ਹੈ। ਜਿੱਥੇ ਕਿਤੇ ਮਨੂੰਵਾਦੀ ਬਿਰਤੀ ਦੇ ਉਸਰਈਏ, ਬਿਪਰਵਾਦ ਨੂੰ ਆਪਣਾ ਫਾਇਦਾ ਹੁੰਦਾ ਦਿੱਸਦਾ ਹੋਵੇ, ਉਥੇ ਇਹ ਕਿਸੇ ਵੇਲੇ ਬਹੁਤ ਵੱਡੀ ਪ੍ਰਸੰਸਾ ਵੀ ਕਰ ਜਾਂਦਾ ਹੈ, ਉਂਜ ਹਰ ਵੇਲੇ ਨਾਨਕਸ਼ਾਹੀ ਸੋਚ ਨੂੰ ਨਿਗਲ ਜਾਣ ਦੇ ਮਨਸੂਬੇ ਘੜਦਾ ਰਹਿੰਦਾ ਹੈ।

ਇਹ ਗੱਲ ਕਿਸੇ ਤੋਂ ਲੁਕੀ ਛਿਪੀ ਨਹੀਂ ਅਤੇ ਇਤਿਹਾਸ ਦੇ ਪੰਨੇ ਗਵਾਹੀ ਭਰਦੇ ਹਨ ਕਿ ਵਰਨਵਾਦ ਨੇ ਮਨੁੱਖ ਨੂੰ ਚਹੁੰ ਵਰਨਾਂ ਵਿੱਚ ਵੰਡ ਕੇ, ਛੁਆ ਛਾਤ ਅਤੇ ਜਾਤਾਂ ਦੇ ਅਧਾਰ ਉੱਤੇ ਕੰਮਾਂ ਦੀ ਵੰਡ ਕਰਕੇ, ਮਨੁੱਖ ਨੂੰ ਮਾਨਸਿਕ ਜਲਾਲਤ ਵਿੱਚ ਜਿਉਂਣ ਵਾਸਤੇ ਮਜਬੂਰ ਕੀਤਾ ਹੈ ਅਤੇ ਮਨੂੰਵਾਦ ਹੀ ਅੱਗੋਂ ਇਹਨਾਂ ਜਾਤੀਆਂ ਨਾਲ ਕੀਤੇ ਜਾਣ ਵਾਲੇ ਸਮਾਜਿਕ ਜਾਂ ਧਾਰਮਿਕ ਵਿਉਹਾਰ ਦੀ ਵਿਉਂਤਬੰਦੀ ਕਰਦਾ ਹੈ, ਜਿਸ ਦੇ ਅਧੀਨ ਸ਼ੂਦਰ ਜਾਂ ਪਛੜੇ ਲੋਕਾਂ ਨੂੰ ਰੱਬ ਦਾ ਨਾਮ ਸੁਨਣ ਦੀ ਮਨਾਹੀ ਕਰਦਾ ਹੈ ਅਤੇ ਇਨਸਾਨੀਅਤ ਦਾ ਕਤਲ ਕਰਕੇ, ਹੈਵਾਨੀਅਤ ਵੱਸ ਹੋ ਕੇ ਸ਼ੂਦਰ ਦੇ ਮੌਲਿਖ ਅਧਿਕਾਰਾਂ ਨੂੰ ਨੇਸਤੋ ਨਬੂਦ ਕਰਦਾ ਹੋਇਆ, ਉਹਨਾਂ ਦੇ ਕੰਨਾਂ ਵਿੱਚ ਸਿੱਕਾ ਢਾਲਕੇ ਪਾਉਂਦਾ ਹੈ। ਇਹ ਬਿਪਰਵਾਦ ਜਦੋਂ ਗੁਲਾਮ ਵੀ ਸੀ ਤਾਂ ਵੀ ਇਹ ਗੁਰੂ ਘਰ ਵੱਲੋਂ ਅਰੰਭ ਮਨੁੱਖੀ ਆਜ਼ਾਦੀ ਦੇ ਸੰਘਰਸ਼, ਦਾ ਵਿਰੋਧ ਕਰਦਿਆਂ ਜ਼ਾਲਮ ਹਕੂਮਤ ਦੇ ਹੱਕ ਵਿੱਚ ਹੀ ਖੜਾ ਹੁੰਦਾ ਰਿਹਾ ਹੈ ਅਤੇ ਉਪਰੋਂ ਭਰਾ ਹੋਣ ਦੇ ਦਾਹਵੇ ਵੀ ਨਹੀਂ ਛੱਡੇ, ਕਿਉਂਕਿ ਅੰਦਰੋ ਬਦਨੀਤੀ ਇਹ ਵੀ ਸੀ ਕਿ ਬਿਪਰਵਾਦ ਨੂੰ ਨੰਗਾ ਹੋਣ ਤੋਂ ਬਚਾਉਣਾ ਵੀ ਹੈ, ਪਰ ਗੁਰੂ ਸਾਹਿਬ ਵੱਲੋਂ ਸਮਝਾਉਣ ਦੇ ਬਾਵਜੂਦ, ਇਸ ਮਨੂੰਵਾਦੀ ਸੋਚ ਨੂੰ ਕਿਸੇ ਨੇ ਸਮਝਣ ਦੀ ਕੋਸ਼ਿਸ਼ ਹੀ ਨਹੀਂ ਕੀਤੀ, ਸਗੋਂ ਜੇ ਕਦੇ ਕਿਸੇ ਗੁਰਮੁਖ ਪਿਆਰੇ ਨੇ ਜਗਾਉਣ ਦਾ ਥੋੜਾ ਜਿਹਾ ਉੱਦਮ ਕੀਤਾ ਤਾਂ ਉਥੇ ਭਾਈਚਾਰਕ ਸਾਂਝਾਂ ਦੀ ਛੁਰੀ ਨਾਲ ਸੱਚ ਨੂੰ ਹਲਾਲ ਕਰਨ ਦਾ ਯਤਨ ਕੀਤਾ ਗਿਆ।

ਗੁਰੂ ਸਾਹਿਬ ਦੀ ਸੋਚ ਕੁੱਝ ਜਾਤੀਆਂ ਜਾਂ ਕੁੱਝ ਜਮਾਤਾਂ ਦੀ ਏਕਤਾ ਤੱਕ ਨਹੀਂ ਸੀ, ਸਗੋਂ ਉਹ ਤਾਂ ਮਨੁੱਖੀ ਏਕੇ ਦੇ ਹਾਮੀ ਹੋਣ ਦੇ ਨਾਲ ਨਾਲ ਹਰ ਬਸ਼ਰ ਵਾਸਤੇ ਬਰਾਬਰੀ ਦੇ ਵੀ ਮੁਦਈ ਸਨ। ਗੁਰੂ ਨਾਨਕ ਨੇ ਆਪਣਾ ਪਹਿਲਾ ਸਾਥੀ ਹੀ, ਇੱਕ ਦਲਿਤ ਮਰਾਸੀ ਆਖ ਕੇ ਦੁਰਕਾਰੀ ਜਾਣ ਵਾਲੀ ਸ਼੍ਰੇਣੀ, ਵਿੱਚੋਂ ਭਾਈ ਮਰਦਾਨਾ ਜੀ ਦੀ ਹੀ ਚੋਣ ਕੀਤੀ। ਜਦੋਂ ਪੋਥੀ ਸਾਹਿਬ ਨੂੰ ਪ੍ਰਗਟ ਕੀਤਾ ਤਾਂ ਬਾਣੀ ਦਰਜ਼ ਕਰਨ ਵੇਲੇ ਕਿਤੇ ਇਹ ਵਿਤਕਰਾ ਨਹੀਂ ਕੀਤਾ ਕਿ ਕਿਸੇ ਭਗਤ ਦੀ ਜਾਤ ਨੂੰ ਵੇਖਿਆ, ਪਰਖਿਆ ਹੋਵੇ ਜਾਂ ਕਿਸੇ ਖਾਸ ਭਗਤ ਨੂੰ ਊਚ ਨੀਚ ਦੇ ਪ੍ਰਛਾਵੇ ਹੇਠ ਕਿਤੇ ਵੱਖਰੇ ਕਰਕੇ ਬਾਣੀ ਦਰਜ਼ ਕੀਤੀ ਹੋਵੇ? ਉਥੇ ਇੱਕ ਹੀ ਪੈਮਾਨਾ ਸੀ, ਕਿ ਸੱਚ ਅਤੇ ਮਨੁੱਖੀ ਅਧਿਕਾਰਾਂ ਨੂੰ ਬਰਾਬਰ ਰਖਦਿਆਂ, ਰੂਹਾਨੀਅਤ ਦੀ ਰੋਸ਼ਨੀ ਵਿੱਚ ਕੌਣ ਕਿੰਨੇ ਕਦਮ ਤੁਰਿਆ ਹੈ। ਇਸ ਕਰਕੇ ਹੀ ਗੁਰੂ ਨਾਨਕ ਨੇ ਸਿੱਖੀ ਨੂੰ ਇੱਕ ਅਜਿਹਾ ਗੁਲਦਸਤਾ ਬਣਾ ਕੇ ਪੇਸ਼ ਕੀਤਾ, ਜਿਸ ਵਿੱਚ ਹਰ ਰੰਗ ਦੇ ਫੁੱਲ ਆਪਣੀ ਦਿੱਖ ਭਾਵ ਹੋਂਦ ਵੀ ਬਰਕਾਰ ਰੱਖਦੇ ਹਨ ਅਤੇ ਉਹਨਾਂ ਦੀ ਮਹਿਕ ਵੱਡੀ ਛੋਟੀ ਜਾਤੀ ਵਾਲੇ ਨੂੰ ਬਰਾਬਰ ਦੀ ਅਨਭੁਵ ਕਰਨੀ ਪੈਂਦੀ ਹੈ, ਇਹ ਗੱਲ ਹੀ ਬਿਪਰਵਾਦ ਨੂੰ ਰੜਕ ਪਾਉਂਦੀ ਹੈ।

ਬਹੁਤ ਤਰਾਂ ਦੇ ਤਜਰਬੇ, ਜਿਸ ਵਿੱਚ ਗੁਰੂ ਪਰਿਵਾਰਾਂ ਦੀਆਂ ਸ਼ਹੀਦੀਆਂ, ਸਿੱਖਾਂ ਦੇ ਸਿਰਾਂ ਦੇ ਮੁੱਲ , ਵਿੱਚ ਵੜਕੇ ਭਰਾ ਬਣਾਕੇ ਗਲਵੱਕੜੀ ਪਾਉਣ ਦੇ ਬਹਾਨੇ ਗੱਲ ਘੁੱਟਣ ਦਾ ਕੁਕਰਮ, ਸਭ ਕਰਕੇ ਵੇਖਿਆ, ਪਰ ਕਾਮਯਾਬੀ ਹੱਥ ਨਹੀਂ ਲੱਗੀ ਅਤੇ ਉਸ ਤੋਂ ਬਾਅਦ ਬਿਪਰਵਾਦ ਨੇ ਆਪਣਾ ਪੈਂਤੜਾ ਬਦਲਦਿਆਂ, ਗੁਰੂ ਨਾਨਕ ਦੀ ਦੁੱਧ ਚਿੱਟੀ ਵਿਚਾਰਧਾਰਾ ਵਿੱਚ ਜਾਤਾਂ ਦੀ ਕਾਂਜੀ ਪਾਉਣ ਦੀ ਨਵੀਂ ਤਰਕੀਬ ਸੋਚੀ ਹੈ, ਜਿਸ ਦੀ ਕਾਮਯਾਬੀ ਵਾਸਤੇ ਸਭ ਤੋਂ ਪਹਿਲਾਂ ਪੰਥ ਅੰਦਰ ਘੁਸਪੈਠ ਕਰਕੇ, ਸਿੱਖ ਸੰਸਥਾਵਾਂ ਵਿੱਚ ਅਜਿਹਾ ਮਹੌਲ ਤਿਆਰ ਕੀਤਾ, ਕਿ ਜਿਸ ਨਾਲ ਜੁੱਗਾਂ ਤੋਂ ਨਿਰਾਸਤਾ ਵਿੱਚ ਵਿਚਰ ਰਹੀਆਂ, ਕੁੱਝ ਮਨੂੰਵਾਦੀ ਸੋਚ ਵਲੋਂ ਪਿਛਾੜੀਆਂ ਹੋਈਆਂ ਜਮਾਤਾਂ ਨੂੰ, ਗੁਰੂ ਨਾਨਕ ਦੇ ਘਰ ਵੱਲੋਂ ਵੀ ਨਿਰਾਸਤਾ ਮਹਿਸੂਸ ਹੋਣ ਲੱਗ ਪਵੇ, ਖਾਸ ਕਰਕੇ ਲੰਗਰ ਵਿੱਚ ਵਿਤਕਰਾ, ਜਿਵੇ ਰੂਮੀ ਡੇਰਾ ਭੁੱਚੋ, ਠਾਠ ਬੱਧਨੀ ਕਲਾਂ ਅਤੇ ਕੁੱਝ ਹੋਰ ਥਾਵਾ ਉੱਤੇ ਜਿਥੇ ਗੁਰੂ ਗ੍ਰੰਥ ਸਾਹਿਬ ਵੀ ਸ਼ਸ਼ੋਬਤ ਹਨ ਅਤੇ ਲੰਗਰ ਨੂੰ ਵੀ ਗੁਰੂ ਕਾ ਲੰਗਰ ਆਖਿਆ ਜਾਂਦਾ ਹੈ, ਲੰਗਰ ਬਣਾਉਣ ਵਿੱਚ ਕਿਸੇ ਦਲਿਤ ਨੂੰ ਨੇੜੇ ਨਹੀਂ ਢੁੱਕਣ ਦਿੱਤਾ ਜਾਂਦਾ ਅਤੇ ਵਰਤਾਉਣ ਵੇਲੇ ਦਲਿਤ ਨੂੰ ਅੱਡ ਜਗਾ ਤੋਂ ਭਾਂਡੇ ਚੁੱਕਣੇ ਪੈਦੇ ਹਨ। ਇਸ ਤਰ੍ਹਾਂ ਹੀ ਖੰਡੇ ਬਾਟੇ ਦੀ ਪਾਹੁਲ ਦੇਣ ਵੇਲੇ ਵੀ ਵਿਤਕਰਾ ਹੈ, ਦਮਦਮੀ ਟਕਸਾਲ, ਨਿਹੰਗ ਜਥੇਬੰਦੀਆਂ ਅਤੇ ਕੁੱਝ ਹੋਰ ਸੰਪਰਦਾਈਏ ਦਲਿਤਾਂ ਨੂੰ ਅੱਡ ਬਾਟਾ ਤਿਆਰ ਕਰਕੇ ਅਤੇ ਚੌਥੇ ਪੌੜੇ ਵਾਲੇ ਆਖ ਕੇ ਅਮ੍ਰਿਤਪਾਨ ਕਰਵਾਇਆ ਜਾਂਦਾ ਹੈ।

ਹੁਣ ਜਦੋਂ ਥੋੜੀ ਥੋੜੀ ਨਫਰਤ ਦੀ ਗੱਲ ਸੁਲਘਦੀ ਦਿੱਸਣ ਲੱਗ ਪਈ ਹੈ ਤਾਂ ਬਿਪਰਵਾਦ ਨੇ ਗੁਰੂਬਾਣੀ ਵਿੱਚ ਦਰਜ਼ ਭਗਤਾਂ ਦੇ ਦਿਹਾੜੇ ਮਨਾ ਕੇ ਉਹਨਾਂ ਦੀ ਬਰਾਦਰੀ ਨੂੰ ਪੰਥ ਤੋਂ ਅਲੱਗ ਥਲੱਗ ਕਰਨ ਦਾ ਯਤਨ ਆਰੰਭ ਦਿੱਤਾ ਹੈ। ਇੱਕ ਨਹੀਂ ਸਾਰੇ ਹੀ ਭਗਤਾਂ ਅਤੇ ਪੰਜ ਪਿਆਰਿਆਂ, ਜਿਹਨਾਂ ਦੀ ਜਾਤ ਵਰਨ ਸਭ ਨਾਸ ਕਰਕੇ, ਕਲਗੀਧਰ ਨੇ ਇੱਕ ਸੁਨਹਿਰੇ ਰਲਾ ਦਿੱਤੇ ਸਨ ਅਤੇ ਕਿਸੇ ਦੀ ਕੋਈ ਜਾਤ ਬਾਕੀ ਰਹਿਣ ਨਹੀਂ ਦਿੱਤੀ ਸੀ,ਦੇ ਪਿਛੋਕੜ ਵਿਚਲੀ ਜਾਤੀ ਨੂੰ ਉਭਾਰਨ ਦੀ ਕਾਲੀ ਕਰਤੂਤ ਕੀਤੀ ਜਾ ਰਹੀ ਹੈ। ਖਾਸ ਕਰਕੇ ਭਗਤ ਰਵਿਦਾਸ ਜੀ ਦੇ ਗੁਰਦਵਾਰਿਆਂ ਦੀ ਥਾਂ ਮੰਦਰ ਬਣਵਾਉਣਾ ਅਤੇ ਹੁਣ ਉਹਨਾਂ ਦੀ ਉਚਾਰਨ ਕੀਤੀ ਬਾਣੀ ਨੂੰ ਗੁਰੂ ਗ੍ਰੰਥ ਸਾਹਿਬ ਨਾਲੋ ਪੱਕੇ ਤੌਰ ਉੱਤੇ ਤੋੜਣ ਵਾਸਤੇ, ਵੱਖਰਾ ਗ੍ਰੰਥ "ਅੰਮ੍ਰਿਤਬਾਣੀ" ਤਿਆਰ ਕਰਵਾ ਦਿੱਤਾ ਹੈ। ਇਸ ਤਰ੍ਹਾਂ ਹੀ ਭਗਤ ਕਬੀਰ ਜੀ ਦੀ ਬਾਣੀ ਅਤੇ ਗਰੀਬ ਦਾਸ ਦੀਆਂ ਰਚਨਾਵਾਂ ਦੇ ਰਲੇਵੇਂ ਨਾਲ ਇਕ ਬੀਜਕ ਗ੍ਰੰਥ ਪਹਿਲਾਂ ਹੀ ਹੋਂਦ ਵਿੱਚ ਹੈ, ਉਸ ਦੀ ਵੀ ਭੂਰੀਵਾਲਿਆਂ ਦੀ ਸੰਪਰਦਾ ਅਤੇ ਗਰੀਬ ਦਾਸੀਆਂ ਰਾਹੀ, ਕਬੀਰ ਜੀ ਨੂੰ ਵੀ ਗੁਰੂ ਨਾਨਕ ਦੇ ਘਰ ਤੋਂ ਦੂਰ ਖੜੇ ਹੋਣ ਦੀ ਦਿੱਖ ਬਣਾਉਣ ਦਾ ਛੜਯੰਤਰ ਚੱਲ ਰਿਹਾ ਹੈ।

ਹੁਣ ਇੱਕ ਪਾਸੇ ਪੰਜਾਬ ਵਿੱਚ ਅਤੇ ਦੂਜੇ ਪਾਸੇ ਮਹਾਰਾਸ਼ਟਰ ਵਿੱਚ ਭਗਤ ਨਾਮਦੇਵ ਜੀ ਦੇ ਨਾਮ ਉੱਤੇ ਸਮਾਗਮ ਕਰਵਾਕੇ, ਜਿਸ ਜਾਤੀ ਵਿੱਚ ਭਗਤ ਜੀ ਦਾ ਜਨਮ ਹੋਇਆ ਸੀ ,ਨੂੰ ਵੀ ਗੁਰੂ ਨਾਨਕ ਦੀ ਸੋਚ ਤੋਂ ਲਾਂਭੇ ਲਿਜਾਣ ਦਾ ਇੱਕ ਯਤਨ ਹੈ, ਕਿਸੇ ਵੀ ਭਗਤ ਜਾਂ ਗੁਰੂ ਸਹਿਬਾਨ ਦਾ ਦਿਹਾੜਾ ਮਨਾਉਣਾ ਕੋਈ ਗੁਨਾਹ ਨਹੀਂ, ਪਰ ਉਸ ਪਿੱਛੇ ਸੱਚੀ ਸੁੱਚੀ ਭਾਵਨਾ ਅਤੇ ਸ਼ਰਧਾ ਹੋਣੀ ਚਾਹੀਦੀ ਹੈ, ਹਾਲਾਂ ਕਿ ਬਿਪਰਵਾਦ ਚੰਗੀ ਤਰ੍ਹਾਂ ਜਾਣਦਾ ਹੈ ਕਿ ਭਗਤ ਨਾਮਦੇਵ ਜੀ ਨੂੰ ਖਵਾਰ ਕਰਨ ਵਿੱਚ ਉਹਨਾਂ ਨੇ ਕੋਈ ਕਸਰ ਬਾਕੀ ਨਹੀਂ ਛੱਡੀ। ਭਗਤ ਨਾਮਦੇਵ ਜੀ ਆਪਣੀ ਉਚਾਰਣ ਕੀਤੀ ਬਾਣੀ ਵਿੱਚ ਬਿਪਰਵਾਦ ਦੀ ਮਿਥ ਉੱਤੇ ਬੜੇ ਕਰੜੇ ਕਟਾਕਸ਼ ਕਰਦੇ ਹਨ ‘‘ਬਿਲਾਵਲੁ ਗੋਂਡ ॥ ਆਜੁ ਨਾਮੇ ਬੀਠਲੁ ਦੇਖਿਆ ਮੂਰਖ ਕੋ ਸਮਝਾਊ ਰੇ ॥ ਰਹਾਉ ॥ ਪਾਂਡੇ ਤੁਮਰੀ ਗਾਇਤ੍ਰੀ ਲੋਧੇ ਕਾ ਖੇਤੁ ਖਾਤੀ ਥੀ ॥ ਲੈ ਕਰਿ ਠੇਗਾ ਟਗਰੀ ਤੋਰੀ ਲਾਂਗਤ ਲਾਂਗਤ ਜਾਤੀ ਥੀ ॥1॥ ਪਾਂਡੇ ਤੁਮਰਾ ਮਹਾਦੇਉ ਧਉਲੇ ਬਲਦ ਚੜਿਆ ਆਵਤੁ ਦੇਖਿਆ ਥਾ ॥ ਮੋਦੀ ਕੇ ਘਰ ਖਾਣਾ ਪਾਕਾ ਵਾ ਕਾ ਲੜਕਾ ਮਾਰਿਆ ਥਾ ॥2॥ ਪਾਂਡੇ ਤੁਮਰਾ ਰਾਮਚੰਦੁ ਸੋ ਭੀ ਆਵਤੁ ਦੇਖਿਆ ਥਾ ॥ ਰਾਵਨ ਸੇਤੀ ਸਰਬਰ ਹੋਈ ਘਰ ਕੀ ਜੋਇ ਗਵਾਈ ਥੀ ॥3॥ ਹਿੰਦੂ ਅੰਨਾ ਤੁਰਕੂ ਕਾਣਾ ॥ ਦੁਹਾਂ ਤੇ ਗਿਆਨੀ ਸਿਆਣਾ ॥ ਹਿੰਦੂ ਪੂਜੈ ਦੇਹੁਰਾ ਮੁਸਲਮਾਣੁ ਮਸੀਤਿ॥ ਨਾਮੇ ਸੋਈ ਸੇਵਿਆ ਜਹ ਦੇਹੁਰਾ ਨ ਮਸੀਤਿ’’ ਇਹ ਸਭ ਕੁਝ ਜਾਣਦਿਆਂ ਅਤੇ ਜਰਦਿਆਂ ਵੀ ਬਿਪਰਵਾਦ ਨੂੰ ਭਗਤ ਨਾਮਦੇਵ ਜੀ ਦਾ ਕੀਹ ਹੇਜ਼ ਹੋ ਸਕਦਾ ਹੈ, ਇਹ ਤਾਂ ਸਿਰਫ ਇੱਕ ਸਮਾਂ ਵਿਚਾਰਣ ਵਾਲੀ ਗੱਲ ਹੈ ਕਿ ਚੱਲੋ ਇੱਕ ਵਾਰੀ ਇਹਨਾਂ ਵਿੱਚ ਪਾਟਕ ਪਾ ਕੇ ਅਲੱਗ ਥਲੱਗ ਕਰੋ ਅਤੇ ਬਾਅਦ ਵਿੱਚ ਕੱਲੇ ਕੱਲੇ ਨਾਲ ਨਜਿਠਣਾ ਸੌਖਾ ਹੋ ਜਾਵੇਗਾ। ਇਸ ਕਰਕੇ ਸਾਰੀਆਂ ਪਛੜੀਆਂ ਜਾਤੀਆਂ ਨਾਲ ਜਾਂ ਅਨਸੂਚਿਤ ਜਨ ਜਾਤੀਆਂ ਨਾਲ ਸਬੰਧਤ ਵੀਰਾਂ ਨੂੰ ਹੁਣ ਜਾਤੀਵਾਦ ਦੇ ਜ਼ਿੱਲਣ ਵਿੱਚੋਂ ਨਿਕਲ ਕੇ, ਇਹਨਾਂ ਸਤਿਪੁਰਸ਼ਾਂ ਦੀ ਤਰ੍ਹਾਂ ਸੱਚ ਦਾ ਪੱਲਾ ਫੜਕੇ, ਗੁਰੂ ਨਾਨਕ ਵੱਲੋਂ ਬਨਾਏ ਗੁਲਦਸਤੇ ਵਿੱਚੋਂ ਬਾਹਰ ਜਾਣ ਬਾਰੇ ਕਦੇ ਸੁਫਨੇ ਵਿੱਚ ਵੀ ਨਹੀਂ ਸੋਚਣਾ ਚਾਹੀਦਾ।

ਬਿਪਰਵਾਦ ਕਦੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਵੈਰਾਗੀ ਆਖਕੇ, ਉਹਨਾਂ ਦੀ ਸੋਚ ਨੂੰ ਨਾ ਮੰਨਨ ਵਾਲੇ ਲੋਕਾਂ ਨੂੰ ਬਾਬਾ ਬੰਦਾ ਸਿੰਘ ਬੈਰਾਗੀ ਦੇ ਨਾਮ ਉੱਤੇ ਦਿਨ ਮਨਾਉਣ ਵਾਸਤੇ ਉਤਸ਼ਾਹਿਤ ਕਰਦਾ ਹੈ। ਕਦੇ ਸਿਰੀ ਚੰਦ ਨੂੰ ਗੁਰੂ ਨਾਨਕ ਦੇ ਪੁੱਤਰ ਹੋਣ ਦਾ ਮਹਾਤਮ ਦੱਸ ਕੇ ਉਹਨਾਂ ਦੀ ਪੂਜਾ ਵੱਲ ਪ੍ਰੇਰਦਾ ਹੈ, ਕਦੇ ਸਾਨੂੰ ਸ਼ਬਦ ਗੁਰੂ ਨਾਲੋਂ ਦੁਰ ਕਰਕੇ ਕਿਸੇ ਚੋਲੇ ਵਾਲੇ ਰੱਬ ਦਾ ਪੱਲਾ ਫੜਾਉਣ ਦਾ ਯਤਨ ਕਰਦਾ ਹੈ, ਕਦੇ ਭਗਤਾਂ ਨੂੰ ਫਿਰ ਧੱਕੇ ਨਾਲ ਜਾਤੀ ਦੀ ਕੋਠੜੀ ਵਿੱਚ ਕੈਦ ਕਰਨ ਦੀ ਕੁਚਾਲ ਚੱਲਦਾ ਹੈ, ਕੁਝ ਵੀ ਹੋਵੇ ਇਹ ਸਭ ਕੁੱਝ ਪੰਥ ਅਤੇ ਗ੍ਰੰਥ ਦੀ ਹੋਂਦ ਨੂੰ ਖਤਰੇ ਵਿੱਚ ਪਾਉਣ ਵਾਸਤੇ ਕੀਤਾ ਜਾ ਰਿਹਾ ਹੈ। ਕਦੇ ਭਗਤ ਨਾਮਦੇਵ ਜੀ ਦਾ ਦਿਨ ਪੰਜਾਬ ਵਿੱਚ ਅਤੇ ਇੱਕ ਪਾਸੇ ਮਹਾਰਾਸ਼ਟ ਵਿੱਚ ਮਨਾਕੇ ਭਗਤ ਨਾਮਦੇਵ ਜੀ ਦਾ ਸ਼ਰਧਾਲੂ ਹੋਣ ਦਾ ਡਰਾਮਾ ਕਰਦਾ ਹੈ, ਜੇ ਸੱਚਾ ਸ਼ਰਧਾਲੂ ਹੈ ਤਾਂ ਫਿਰ ਉਹਨਾਂ ਦੀ ਉਚਾਰਣ ਬਾਣੀ ਦੀਆਂ ਉਪਰੋਕਤ ਪੰਗਤੀਆਂ ਉੱਤੇ ਅਮਲ ਕਰੇ? ਨਾਲ ਨਾਲ ਸਿੱਖਾਂ ਨੂੰ ਸ਼੍ਰੋਮਣੀ ਕਮੇਟੀ ਸਮੇਤ ਸਾਰੀਆਂ ਸੰਸਥਾਵਾਂ ਅਤੇ ਸੰਪ੍ਰਦਾਵਾਂ ਵਿੱਚ ਸੁਧਾਰ ਕਰਨ ਦਾ ਉਪਰਾਲਾ ਕਰਨਾ ਚਾਹੀਦਾ ਹੈ ਅਤੇ ਇਹਨਾਂ ਸਤਿਪੁਰਸ਼ਾਂ ਦੇ ਦਿਨ ਸਾਨੂੰ ਆਪ ਸ਼ਰਧਾ ਪੂਰਵਕ ਮਨਾਉਣੇ ਚਾਹੀਦੇ ਹਨ ਤਾਂ ਕਿ ਕੋਈ ਵਰਨਵਾਦੀ, ਮਨੂੰਵਾਦੀ ਜਾਂ ਬਿਪਰਵਾਦੀ ਭਗਤਾਂ ਦੇ ਜਨਮ ਦਿਹਾੜਿਆਂ ਦੀ ਆੜ ਲੈ ਕੇ ਗੁਰੂ ਗ੍ਰੰਥ, ਗੁਰੂ ਪੰਥ ਅਤੇ ਗੁਰੂਆਂ ਦੀ ਧਰਤ ਪੰਜਾਬ ਉੱਤੇ ਹਮਲਾ ਕਰਕੇ, ਆਪਣੇ ਨਾਪਾਕ ਮਨਸੂਬਿਆਂ ਵਿੱਚ ਕਾਮਯਾਬੀ ਨਾ ਹਾਸਲ ਕਰ ਸਕੇ। ਗੁਰੂ ਰਾਖਾ !!


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top