Share on Facebook

Main News Page

ਕੀਹ ਖਾਲਸੇ ਦਾ ਜਨਮ ਦਿਨ ਮਨਾਉਣ ਦੇ ਅਸੀਂ ਹੱਕਦਾਰ ਹਾਂ...?
-: ਗੁਰਿੰਦਰਪਾਲ ਸਿੰਘ ਧਨੌਲਾ 93161 76519

ਖਾਲਸੇ ਦੀ ਉਤਪਤੀ ਦਾ ਮੁੱਢ ਤਾਂ ਗੁਰੂ ਨਾਨਕ ਪਾਤਸ਼ਾਹ ਦੇ ਪ੍ਰਗਟ ਹੋਣ ਵੇਲੇ ਹੀ ਬੰਨਿਆ ਗਿਆ ਸੀ। ਗੁਰੂ ਨਾਨਕ ਦੀ ਨਿਰੰਜਨੀ ਜੋਤ ਨੇ ਦਸ ਸਰੀਰਾਂ ਵਿੱਚ ਵਿਚਰਦਿਆਂ ਕੌਮ ਦੀ ਤਸਵੀਰ ਘੜੀ ਤਾਂ ਕਿ ਕਿਸੇ ਕਿਸਮ ਦੀ ਕਮੀ ਨਾ ਰਹੇ ਅਤੇ ਖਾਲਸਾ ਸੰਸਾਰ ਵਿਚ ਇੱਕ ਅਗਾਂਹਵਧੂ ਕੌਮ ਬਣ ਕੇ ਸਰਬੱਤ ਦੇ ਭਲੇ ਵਾਲੇ ਸਿਧਾਂਤ ਅਧੀਨ ਮਨੁੱਖਤਾ ਨੂੰ ਪਿਆਰ ਕਰਨ ਵਾਲੀ ਕੌਮ ਹੋਣ ਦਾ ਸਬੂਤ ਦੇਵੇ। ਸਾਰੇ ਕਰੜੇ ਇਮਤਿਹਾਨਾਂ ਵਿਚੋਂ ਲੰਘਦਿਆਂ ਗੁਰੂ ਘਰ ਨੇ ਵੱਡੀਆਂ ਕੁਰਬਾਨੀਆਂ ਦੇ ਕੇ ਸਿੱਖ ਕੌਮ ਵਿੱਚ ਅਨੇਕਾ ਗੁਣ ਪ੍ਰਗਟ ਕੀਤੇ, ਹਰ ਵੇਲੇ ਸਹਿਜ, ਜਦੋਂ ਕਦੇ ਜ਼ੁਲਮ ਹੋਵੇ ਤਾਂ ਉਸ ਵਿਰੁੱਧ ਸ਼ਹਾਂਦਤ, ਕਦੇ ਜ਼ੁਲਮ ਦੇ ਟਾਕਰੇ ਵਾਸਤੇ ਸੂਰਮਗਤੀ ਨਾਲ ਧਰਮਯੁੱਧ ਤੇ ਕਿਸੇ ਵੇਲੇ ਜਦੋਂ ਸਿੱਖੀ ਦੀ ਹੋਂਦ ਨੂੰ ਖਤਰਾ ਦਿੱਸਿਆ ਤਾਂ ਸਾਰਾ ਸਰਬੰਸ ਵੀ ਲੇਖੇ ਲਾਉਣ ਤੋਂ ਪਾਸਾ ਨਹੀਂ ਵੱਟਿਆ। ਬੇਸ਼ੱਕ ਕਿਸੇ ਹੋਰ ਧਰਮ ਜਾਂ ਕੌਮ ਉੱਤੇ ਵੀ ਭੀੜ ਬਣੀ ਤਾਂ ਵੀ ਗੁਰੂ ਘਰ ਨੇ, ਫਰਿਆਦ ਲੈ ਕੇ ਦਰ ਆਏ ਸਵਾਲੀਆਂ ਦੀ ਜਾਤ ,ਨਸਲ ਜਾਂ ਰੰਗ ਨੂੰ ਇੱਕ ਪਾਸੇ ਕਰਕੇ, ਉਹਨਾਂ ਦੇ ਦਰਦ ਨੂੰ ਸਮਝਿਆ ਅਤੇ ਸਿਰ ਦੇਣ ਦਾ ਕੌਲ ਕਰਕੇ, ਉਹਨਾਂ ਦੀ ਪੀੜਾ ਨੂੰ ਤਰੁੰਤ ਰਾਹਤ ਦਿੱਤੀ ਅਤੇ ਫਿਰ ਆਪਣੇ ਆਪ ਨੂੰ ਖੁਦ ਹਕੂਮਤ ਕੋਲ ਪੇਸ਼ ਕੀਤਾ ਕਿ ਧਰਮ ਕਿਸੇ ਦਾ ਹੋਵੇ, ਲੋਕ ਕੋਈ ਹੋਣ, ਪਰ ਉਹਨਾਂ ਦੇ ਹੱਕਾਂ ਹਨਣ ਗੁਰੂ ਘਰ ਨੂੰ ਪ੍ਰਵਾਨ ਨਹੀਂ ਹੈ।

ਲੇਕਿਨ ਸਿੱਖਾਂ ਨੂੰ ਹਾਂਲੇ ਤੱਕ ਇਹ ਸਮਝ ਨਹੀਂ ਆਈ ਕਿ ਸਿੱਖ ਕੌਮ ਜਾਂ ਖਾਲਸਾ ਪੰਥ ਦੀ ਸਾਜਨਾ ਪਿੱਛੇ ਸਤਿਗੁਰੁ ਜੀ ਦਾ ਕੀਹ ਮਕਸਦ ਸੀ। ਜੇ ਸਿਰਫ ਪੰਜ ਬੰਦਿਆਂ ਨੂੰ ਹੀ ਪਰਖਣ ਦੀ ਕੋਈ ਲੋੜ ਹੁੰਦੀ ਤਾਂ ਗੁਰੂ ਸਾਹਿਬ ਕੋਲ ਬਹੁਤ ਅਜ਼ਮਾਏ ਹੋਏ ਸਿੱਖ ਸਨ, ਜਿਹਨਾਂ ਦੀ ਸੇਵਾ ਅਤੇ ਸਿਦਕ ਜਾਂ ਗੁਰੂ ਘਰ ਨਾਲ ਭਰੋਸੇ ਉੱਤੇ ਸ਼ੱਕ ਨਹੀਂ ਕੀਤਾ ਜਾ ਸਕਦਾ ਸੀ, ਗੁਰੂ ਸਾਹਿਬ ਉਹਨਾਂ ਵਿਚੋਂ ਵੀ ਪੰਜ ਸਿੱਖਾਂ ਨੂੰ ਚੁਣ ਸਕਦੇ ਸਨ, ਪਰ ਫਿਰ ਉਸ ਦਾ ਸੁਨੇਹਾਂ ਅੱਜ ਵਰਗਾ ਕਦੇ ਨਾ ਹੁੰਦਾ ਅਤੇ ਨਾ ਹੀ ਕੋਈ ਨਿਆਰਾਪਣ ਜਾਂ ਵਿਲਖਣਤਾ ਵਾਲੀ ਕੋਈ ਚੀਜ਼ ਵਿਖਾਈ ਦੇਣੀ ਸੀ। ਹਾਂਲੇ ਤੱਕ ਸਿੱਖ ਤਾਂ ਇਸ ਗੱਲ ਤੋਂ ਹੀ ਅੱਗੇ ਨਹੀਂ ਤੁਰ ਸਕੇ ਕਿ ਗੁਰੂ ਸਾਹਿਬ ਨੇ ਤੰਬੂ ਵਿੱਚ ਲਿਜ਼ਾ ਕੇ ਸਿੱਖਾਂ ਦੇ ਸਿਰ ਵੱਢੇ ਸਨ ਜਾਂ ਬਕਰੇ ਝਟਕੇ ਸਨ ? ਇਸ ਵਿਸ਼ੇ ਨੂੰ ਲੈ ਕੇ ਵਿਚਾਰ ਤਾਂ ਇੱਕ ਪਾਸੇ ਰਹੀ, ਬਹੁਤ ਵਾਰੀ ਸਿੱਖ ਪੱਗੋ ਪੱਗੀ ਹੀ ਹੋ ਜਾਂਦੇ ਹਨ। ਪੜਿਆ ਲਿਖਿਆ ਤਬਕਾ ਜਾਂ ਬੁਧੀਜੀਵੀ ਵਰਗ ਤਾਂ ਸਪਸ਼ਟ ਆਖਦਾ ਹੈ ਕਿ ਗੁਰੂ ਜੀ ਕਰਾਮਤ ਦੇ ਵਿਰੁੱਧ ਸਨ ਤੇ ਇਸ ਤਰ੍ਹਾਂ ਸਿਰ ਵੱਢ ਦੇਣ ਤੋਂ ਬਾਅਦ ਦਿਮਾਗ ਸਿਰਫ ਛੇ ਸਕਿੰਟ ਜਿੰਦਾ ਰਹਿੰਦਾ ਹੈ ਅਤੇ ਅੱਜ ਤੱਕ ਮੈਡੀਕਲ ਸਾਇੰਸ ਵਿੱਚ ਕੋਈ ਸਿਧਾਂਤ ਨਹੀਂ ਕਿ ਦਿਮਾਗ ਮਰ ਜਾਣ ਤੋਂ ਬਾਅਦ ਬੰਦਾ ਦੁਬਾਰਾ ਜਿੰਦਾ ਹੋ ਸਕੇ, ਅਜਿਹਾਂ ਕਰਾਮਾਤ ਨਾਲ ਹੀ ਸੰਭਵ ਹੋ ਸਾਕਦਾ ਹੈ, ਜਿਸ ਨੂੰ ਗੁਰਬਾਣੀ ਵਿੱਚ ਮਾਨਤਾ ਨਹੀਂ, ਲੇਕਿਨ ਜਿਹੜੇ ਵੀਰ ਸਿਰਫ ਸ਼ਰਧਾ ਉੱਤੇ ਟੇਕ ਰੱਖਦੇ ਹਨ, ਉਹਨਾਂ ਦਾ ਮੰਨਣਾ ਹੈ ਕਿ ਗੁਰੂ ਸਾਹਿਬ ਝੂਠ ਕਿਵੇ ਬੋਲ ਸਕਦੇ ਹਨ ਕਿ ਸਿਰ ਸਿੱਖ ਦਾ ਮੰਗ ਕੇ ਵੱਢ ਬੱਕਰਾ ਦੇਣ ਅਤੇ ਗੁਰੂ ਸਾਹਿਬ ਸਮਰੱਥ ਸਨ, ਕਿਸੇ ਵੀ ਮਿਰਤਕ ਨੂੰ ਜਿੰਦਾ ਕਰ ਸਕਦੇ ਸਨ, ਹੋਰ ਵੀ ਵੱਡੀ ਦਲੀਲ ਇਹ ਦਿੱਤੀ ਜਾਂਦੀ ਹੈ ਕਿ ਸਾਰਿਆਂ ਦੇ ਸਿਰ ਵੱਢਣ ਤੋਂ ਬਾਅਦ ਇੱਕ ਦੂਜੇ ਦਾ ਸਿਰ ਬਦਲ ਕੇ ਦੂਜੇ ਧੜਾਂ ਉੱਤੇ ਲਾ ਦਿੱਤਾ ਸੀ ਤਾਂ ਕਿ ਮਨੁੱਖੀ ਏਕਤਾ ਪੂਰੀ ਤਰਾਂ ਪੁਖਤਾ ਹੋ ਸਕੇ?

ਬੱਸ ਇਸ ਲੜਾਈ ਤੋਂ ਅੱਗੇ ਕੋਈ ਗੱਲ ਨਹੀਂ, ਸਿਰਫ ਇੱਥੇ ਆ ਕੇ ਸਾਡੀ ਵਿਦਵਤਾ ਅਤੇ ਸੋਚ ਦਾ ਭੋਗ ਪੈ ਜਾਂਦਾ ਹੈ। ਗੁਰੂ ਸਾਹਿਬ ਨੇ ਪੰਜ ਪਿਆਰਿਆਂ ਦੀ ਚੋਣ ਕਰਦੇ ਸਮੇਂ ਸਾਨੂੰ ਇੱਕ ਅਜਿਹੀ ਜੁਗਤ ਸਿਖਾਈ ਹੈ ਕਿ ਅਜਿਹੇ ਲੋਕਰਾਜੀ ਤਰੀਕੇ ਨਾਲ ਚਣੇ ਲੋਕ ਕੌਮ ਦੀ ਅਗਵਾਈ ਬੜੀ ਕੁਸ਼ਲਤਾ ਨਾਲ ਕਰ ਸਕਦੇ ਹਨ। ਇਸ ਰੀਤ ਵਿੱਚ ਕਿਸੇ ਨੂੰ ਕੋਈ ਗਿਲਾ ਨਹੀਂ ਸੀ ਕਿ ਮੈਨੂੰ ਪੁੱਛਿਆ ਨਹੀਂ ਗਿਆ ਜਾਂ ਮੈਨੂੰ ਮੌਕਾ ਨਹੀਂ ਦਿੱਤਾ। ਜੇ ਭਲਾ ਸਤਿਗੁਰੁ ਜੀ ਸਹਿਜ਼ ਸੁਭਾਅ ਉਂਜ ਹੀ ਆਖ ਦਿੰਦੇ ਕਿ ਮੈਨੂੰ ਪੰਜ ਸਿੱਖ ਚਾਹੀਦੇ ਹਨ, ਜਿਹਨਾਂ ਨੂੰ ਮੈਂ ਪੰਜ ਪਿਆਰੇ ਬਣਾ ਕੇ ਗੁਰੂ ਖਾਲਸਾ ਪੰਥ ਦਾ ਦਰਜਾ ਦੇਣਾ ਹੈ ਤਾਂ ਹੋ ਸਕਦਾ ਸੀ ਸਭ ਤੋਂ ਅੱਗੇ ਪਹਾੜੀ ਰਾਜੇ ਜਾਂ ਦੁਨੀ ਚੰਦ ਵਰਗੇ ਆ ਖੜੇ ਹੁੰਦੇ ਕਿ ਅਸੀਂ ਇਸ ਸੇਵਾ ਵਾਸਤੇ ਤਿਆਰ ਹਾਂ, ਪਰ ਕਲਗੀਧਰ ਪਾਤਸ਼ਾਹ ਨੇ ਬੜਾ ਹੀ ਅਨੂੰਠਾ ਢੰਗ ਅਪਣਾਇਆ ਕਿ ਕਮਜ਼ੋਰ ਹਿਰਦਿਆਂ ਜਾਂ ਲਾਲਚੀ ਬਿਰਤੀ ਵਾਲਿਆਂ ਦੀ ਰੂਹ ਵੀ ਕੰਬ ਗਈ ਕਿ ਇਹ ਕਿਹੋ ਜਿਹਾਂ ਪੈਗੰਬਰ ਹੈ, ਕਿਵੇ ਦਾ ਨਿਰਾਲਾ ਰਹਿਬਰ ਹੈ, ਜਿਹੜਾ ਆਪਣੇ ਸਿੱਖਾਂ ਦੇ ਸਿਰ ਮੰਗਣ ਲੱਗ ਪਿਆ ਹੈ।

ਮੇਰੇ ਵਰਗੇ ਬਹੁਤ ਸਾਰੇ ਮਾਤਾ ਗੁਜਰੀ ਜੀ ਕੋਲ ਭੱਜ ਗਏ ਸਨ ਕਿ ਮਾਤਾ ਜੀ ਗੋਬਿੰਦ ਰਾਇ ਨੂੰ ਪਤਾ ਨਹੀਂ ਕੀਹ ਹੋ ਗਿਆ ਹੈ ਬਹੁਤ ਗੁੱਸੇ ( ਰੂਹਾਂਨੀ ਜਲਾਲ ) ਵਿੱਚ ਹੈ, ਹੱਥ ਵਿੱਚ ਨੰਗੀ ਤਲਵਾਰ ਲੈ ਕੇ, ਸੰਗਤ ਦੇ ਵੱਡੇ ਇਕੱਠ ਸਾਹਮਣੇ, ਕੇਹਰੀ ਸ਼ੇਰ ਵਾਂਗੂੰ ਦਹਾੜ ਰਿਹਾ ਹੈ ਕਿ ਮੈਨੂੰ ਇੱਕ ਸਿਰ ਚਾਹੀਦਾ ਹੈ। ਪਤਲੇ ਹਿਰਦੇ ਵਾਲਿਆਂ ਨੂੰ ਭਾਈ ਦਿਆ ਰਾਮ ਜੀ ਦੇ ਅੰਦਰ ਜਾਣ ਤੱਕ ਕੁੱਝ ਅੰਦੇਸਾ ਸੀ ਕਿ ਵੇਖੋ ਕੀਹ ਹੁੰਦਾ ਹੈ, ਲੇਕਿਨ ਜਦੋਂ ਦਸ਼ਮੇਸ਼ ਪਿਤਾ ਲਹੁ ਭਿੱਜੀ ਸ੍ਰੀ ਸਾਹਿਬ ਲਹਿਰਾਉਂਦੇ ਆਏ, ਫਿਰ ਦੂਜੇ ਸਿਰ ਮੰਗ ਕਰਨ ਵੇਲੇ ਤਾਂ ਸਭ ਦੇ ਸਾਹ ਸੂਤੇ ਗਏ ਸਨ। ਗੁਰੂ ਨੇ ਸਿਰ ਇਸ ਕਰਕੇ ਮੰਗੇ ਸਨ ਕਿ ਕੌਮ ਦੀ ਅਗਵਾਈ ਕਰਨ ਵਾਲੇ ਵਿੱਚ ਇੰਨਾਂ ਦਮ ਹੋਣਾ ਚਾਹੀਦਾ ਹੈ ਕਿ ਉਹ ਆਪਣੇ ਸਿਰ ਦੀ ਪ੍ਰਵਾਹ ਨਾ ਕਰੇ ਸਿਧਾਂਤਾਂ ਨੂੰ ਤਰਜੀਹ ਦੇਵੇ। ਸਤਿਗੁਰੁ ਜੀ ਇਹ ਪ੍ਰਕਿਰਿਆ ਇਸ ਵਾਸਤੇ ਕਰ ਰਹੇ ਸਨ ਕਿ ਕਿਤੇ ਕੋਈ ਬੁਜ਼ਦਿਲ ਨਾ ਸਮੇਂ ਦਾ ਲਾਹਾਂ ਲੈ ਕੇ ਅੱਗੇ ਲੱਗ ਜਾਵੇ ਅਤੇ ਜਦੋਂ ਕੌਮ ਨੂੰ ਲੋੜ ਪਵੇ, ਫਿਰ ਆਪਣੇ ਸਿਰ ਦੀ ਸਲਾਮਤੀ ਹੀ ਨਾ ਲੱਭਦਾ ਫਿਰੇ , ਜਿਵੇ ਅੱਜ ਦੇ ਸਿੱਖ ਆਗੂ ਕਰ ਰਹੇ ਹਨ,ਇਸ ਵਿੱਚ ਇੱਕ ਲੋਕਤੰਤਰੀ ਭਾਵ ਸੰਗਤੀ ਪ੍ਰਕਿਰਿਆ ਸੀ ਕਿ ਸਭ ਵਾਸਤੇ ਮੈਦਾਨ ਖੁੱਲ•ਾ ਹੈ ਕਿ ਕੋਈ ਵੀ ਸਿਰ ਦੇ ਕੇ ਸਿਰਦਾਰੀ ਲੈ ਸਕਦਾ ਹੈ।

ਖਾਲਸੇ ਦੀ ਸਾਜਨਾ ਦੇ ਨਾਲ ਸਤਿਗੁਰੁ ਜੀ ਪੰਚ ਪ੍ਰਧਾਨੀ ਸਿਧਾਂਤ ਨੂੰ ਵੀ ਪ੍ਰਗਟ ਕਰ ਦਿੱਤਾ ਸੀ ਅਤੇ ਗੁਰੂ ਬਚਨ ਉੱਤੇ ਪ੍ਰਵਾਨ ਚੜੇ ਉਹਨਾਂ ਪੰਜ ਨਿਧੜਕ ਜਰਨੈਲਾਂ ਨੂੰ, ਖੰਡੇ ਬਾਟੇ ਦੀ ਪਾਹੁਲ ਦੇਣ ਉਪਰੰਤ, ਦਸ਼ਮੇਸ਼ ਪਿਤਾ ਨੇ ਖੁਦ ਵੀ ਉਹਨਾਂ ਪੰਜਾਂ ਸਾਹਮਣੇ ਬੀਰ ਆਸਨ ਹੋ ਕੇ, ਖੰਡੇ ਦੀ ਪਾਹੁਲ ਦੀ ਦਾਤ ਮੰਗਦਿਆਂ, ਸਿੱਖ ਅਤੇ ਗੁਰੂ ਵਿਚਲਾ ਪਾੜਾ ਹੀ ਖਤਮ ਕਰ ਦਿੱਤਾ, ਅਤੇ ‘‘ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈ ਹਉ ਕਰੁੰ ਨਿਵਾਸ’’ ਆਖਕੇ ਖੁਦ ਨੂੰ ਸਿੱਖਾਂ ਵਿੱਚ ਅਭੇਦ ਕਰ ਦਿੱਤਾ ਤਾਂ ਕਿ ਸਿੱਖਾਂ ਅੰਦਰ ਇੱਕ ਭੈਅ ਅਤੇ ਸਤਿਕਾਰ ਬਣਿਆ ਰਹੇ ਕਿ ਗੁਰੂ ਕਿਤੇ ਗਿਆ ਨਹੀਂ, ਸਾਡੇ ਵਿੱਚ ਹੈ, ਸਾਡੇ ਅੰਦਰ ਹੈ, ਅਸੀਂ ਜੋ ਕੁੱਝ ਕਰ ਰਹੇ ਹਾਂ ਉਸ ਨੂੰ ਵੇਖਦਾ ਹੈ ਕਿ ਕਿਤੇ ਕੋਈ ਗੁਰੂ ਦੀ ਰਜ਼ਾ ਜਾਂ ਸਿਧਾਂਤ ਤੋਂ ਉਲਟ ਤਾਂ ਨਹੀਂ ਕਰ ਰਿਹਾਂ, ਬਸ ਇਹ ਹੀ ਹੈ ਅਸਲ ਮਕਸਦ ਕਲਗੀਆਂ ਵਾਲੇ ਸਤਿਗੁਰੁ ਜੀ ਵੱਲੋਂ ਖਾਲਸਾ ਸਾਜਨ ਦਾ ਕਿ ਉਹਨਾਂ ਨੇ ਸਾਨੂੰ ਆਪਣੇ ਵਰਗਾ ਬਣਾਕੇ ਖੁਦ ਵਿੱਚ ਹੀ ਅਭੇਦ ਹੋ ਗਏ ਅਤੇ ਪੰਚ ਪ੍ਰਧਾਨੀ ਪ੍ਰਥਾ, ਬੀਰਤਾ ਅਤੇ ਦ੍ਰਿੜ ਇਰਾਦੇ ਵਾਲੇ ਸੰਜਮੀ ਆਗੂਆਂ ਦੀ ਚੋਣ ਕਰਨ ਦੀ ਜੁਗਤੀ ਸਮਝਾ ਗਏ ਹਨ ਕਿ ਅਜਿਹੇ ਲੋਕਾਂ ਨੂੰ ਹੀ ਕੌਮ ਦੀ ਵਾਗਡੋਰ ਸੌਂਪਣੀ ਹੈ, ਜਿਹੜੇ ਕੌਮੀ ਕਾਰਜਾਂ ਨੂੰ ਸਿਰ ਦੇ ਕੇ ਪੂਰਾ ਕਰਨ ਦੀ ਸਮਰਥਾ ਰੱਖਦੇ ਹੋਣ।

ਲੇਕਿਨ ਅੱਜ ਜੋ ਦੁਰਦਸ਼ਾ ਸਿੱਖਾਂ ਨੇ ਸਿੱਖੀ ਦੀ ਕੀਤੀ ਹੈ, ਉਸ ਨੂੰ ਵੇਖ ਕੇ ਤਾਂ ਦਸ਼ਮੇਸ਼ ਦੀ ਆਤਮਾ ਵੀ ਜਰੂਰ ਦੁਖੀ ਹੁੰਦੀ ਹੋਵੇਗੀ ਕਿ ਅੱਜ ਕੋਈ ਵੀ ਭਾਈ ਦਿਆ ਸਿੰਘ, ਭਾਈ ਧਰਮ ਸਿੰਘ, ਭਾਈ ਹਿੰਮਤ ਸਿੰਘ ਭਾਈ ਮੋਹਕਮ ਸਿੰਘ ਜਾਂ ਭਾਈ ਸਾਹਿਬ ਸਿੰਘ ਵਰਗਾ ਨਹੀਂ ਰਿਹਾ, ਸਾਰੇ ਪਿਰਥੀਏ ਦੇ ਯਾਰ ਕਿਉਂ ਬਣੇ ਫਿਰਦੇ ਹਨ, ਇਹਨਾਂ ਵਿੱਚ ਰਾਮ ਰਾਇ, ਧੀਰ ਮੱਲ ਵਾਲੇ ਅਵਗੁਣ ਕਿੱਥੋਂ ਪ੍ਰਵੇਸ਼ ਕਰ ਗਏ, ਅੱਜ ਕੌਮ ਉੱਤੇ ਬਣੀ ਭੀੜ ਵੇਲੇ, ਹਰ ਸਿੱਖ ਆਪਣੇ ਸਿਰ ਦੀ ਸਲਾਮਤੀ ਕਿਉਂ ਲੱਭਦਾ ਫਿਰਦਾ ਹੈ। ਇਸ ਪੰਥ ਨੇ ਤਾਂ ਵੱਡੇ ਇਕਰਾਰ ਕੀਤੇ ਸਨ, ਉਸ ਗੁਰੂ ਨਾਲ ਕਿ ‘‘ਪੰਥ ਵੱਸੇ ਮੈਂ ਉਜੜਾਂ ਮਨ ਚਾਉ ਘਨੇਰਾ’’, ਇਸ ਖਾਲਸੇ ਨੇ ਤਾਂ ਆਖਿਆ ਸੀ ਕਿ ਹੁਣ ਸਿਰ ਮੇਰਾ ਨਹੀਂ ਤੇਰੀ ਅਮਾਨਤ ਹੈ, ਫਿਰ ਇਹ ਅਮਾਨਤ ਵਿੱਚ ਖਿਆਨਤ ਕਿਉਂ ਕਰ ਰਿਹਾਂ ਹੈ, ਅੱਜ ਪੰਚ ਪ੍ਰਧਾਨੀ ਪ੍ਰਥਾ ਦਾ ਦਿਵਾਲਾ ਕਿਉਂ ਕੱਢਿਆ ਜਾ ਰਿਹਾਂ ਹੈ ਕਿ ਸਿਰ ਦਿੱਤੇ ਬਿਨ੍ਹਾਂ ਚੁਣੇ ਲੋਕਾਂ ਦੀ ਕਤਾਰ ਵਿੱਚ ਮੇਦਨੀ ਪ੍ਰਕਾਸ਼ ਹੋਰੀ ਕਿੱਥੋ ਆ ਖਲੋਤੇ ਹਨ, ਜਿਹੜੇ ਮੌਕਾ ਆਉਣ ਤੇ ਔਰੰਗੇ ਦੀ ਹਾਂ ਵਿੱਚ ਸਿਰ ਹਿਲਾਉਂਦੇ ਹਨ।

ਉਹ ਸਿੱਖੀ ਦਾ ਬੂਟਾ, ਜਿਸ ਨੂੰ ਗੁਰੂ ਸਾਹਿਬ ਨੇ ਹੱਥੀ ਛਾਵਾਂ ਕਰਕੇ ਪਾਲਿਆ, ਪਾਣੀ ਦੀ ਥਾਂ ਖੂਨ ਨਾਲ ਸਿੰਜਿਆ, ਇਹ ਧਰਮ ਕ੍ਰਮ ਗੁਰੂ ਕਾਲ ਤੋਂ ਬਾਅਦ ਸਿੱਖਾਂ ਨੇ ਵੀ ਨਿਭਾਇਆ ਅਤੇ ਕਦੇ ਸਿੱਖੀ ਦੇ ਬੂਟੇ ਨੂੰ ਕਮਲਾਉਣ ਨਹੀਂ ਦਿੱਤਾ, ਪਰ ਅੱਜ ਤਾਂ ਬਿਪਰਵਾਦ, ਇਸ ਦੀਆਂ ਕਰੂੰਬਲਾਂ ਚਿੱਟੇ ਦਿਨ ਮੁੱਛੀ ਜਾ ਰਿਹਾ ਹੈ, ਰਖਵਾਲੇ ਔਰੰਗੇ ਦੇ ਸੂਬੇਦਾਰ ਬਣ ਕੇ ਤਮਾਸ਼ਬੀਨ ਬਣੇ ਹੋਏ ਹਨ। ਫਿਰ ਕੀਹ ਹੱਕ ਹੈ ਸਾਨੂੰ, ਖਾਲਸੇ ਦਾ ਜਨਮ ਦਿਨ ਮਨਾਉਂਦਾ ? ਹਾਂ ਮਨਾ ਲਵੋ ਵੈਸਾਖੀ, ਪਾ ਲਵੋ ਭੰਗੜੇ, ਗਾ ਲਵੋ ਲੋਕ ਗੀਤ, ਪਰ ਕੌਣ ਗਾਵੇਗਾ ਮਾਛੀਵਾੜੇ ਦੇ ਸੱਥਰ ਉੱਤੇ ਪੈ ਕੇ ਉਚਾਰਨ ਕੀਤੀਆਂ, ਉਹਨਾਂ ਸਤਰਾਂ ਨੂੰ, ਜਿਹਨਾਂ ਨਾਲ ਰੁਮਕਦੀ ਹਵਾ ਵੀ ਹੰਝੂ ਕੇਰਦੀ ਸੀ, ਅਸਮਾਨ ਵੀ ਸੁੰਨ ਹੋਇਆ ਪਿਆ ਸੀ, ਕਾਇਨਾਤ ਠਰ ਗਈ ਸੀ, ਜੇ ਕਿਸੇ ਪਾਸੇ ਆਵਾਜ਼ ਸੀ ਤਾਂ ਉਸ ਮਾਹੀ ਦੀ, ਜਿਹੜਾ ਪੁੱਤਰਾਂ ਦੀ ਲਾਸ਼ਾਂ ਬਿਨਾਂ ਕਫ਼ਨ ਤੋਂ ਛੱਡ ਕੇ, ਇਤਿਹਾਂਸ ਦੇ ਪੰਨੇ ਨੂੰ ਪਰਤਦਾ, ਨੰਗੇ ਤੇ ਜਖਮੀ ਪੈਰਾ ਨਾਲ ਅੱਗੇ ਤੁਰ ਆਇਆ ਸੀ, ਪਰ ਕਿਤੇ ਖੜੋਤ ਨਹੀਂ ਸੀ ਕਿਉਂਕਿ ਮਨ ਵਿੱਚ ਇੱਕ ਵਿਸ਼ਵਾਸ਼ ਸੀ, ਭਰੋਸਾ ਸੀ, ਕਿ ਮੇਰਾ ਖਾਲਸਾ ਕਦੇ ਉਲਾਂਭਾ ਦੇਣ ਦਾ ਮੌਕਾ ਨਹੀਂ ਦੇਵੇਗਾ।

ਪਰ ਅੱਜ ਖਾਲਸਾ ਕਿੱਥੇ ਹੈ, ਅੱਜ ਤਾਂ ਧੜੇ ਹਨ, ਸੰਪ੍ਰਦਾਵਾ ਹਨ, ਡੇਰੇ ਹਨ, ਦਿਖਾਵਾ ਹੈ, ਸਿੱਖੀ ਕਿੱਥੇ ਹੈ, ਜੇ ਜਾਗਦੇ ਹੁੰਦੇ ਤਾਂ ਬਾਬਾ ਬੋਤਾ ਸਿੰਘ ਗਰਜਾ ਸਿੰਘ ਵਾਂਗੂੰ ਕਿਤੇ ਨਾਕਾ ਜਰੂਰ ਲਾ ਲੈਂਦੇ, ਸਭ ਕੁੱਝ ਲੁੱਟਿਆ ਲੁੱਟਿਆ ਪ੍ਰਤੀਤ ਹੋ ਰਿਹਾ ਹੈ। ਗੁਰੂ ਨਾਨਕ ਦਾ ਬਾਗ ਉਜੜਿਆ ਦਿਸ ਰਿਹਾਂ ਹੈ, ਗਾਲੜਾਂ ਦੀ ਭਰਮਾਰ ਹੈ। ਕਿਸ ਮੁੰਹ ਨਾਲ ਮਨਾਈਏ ਆਪਣਾ ਜਨਮ ਦਿਨ, ਸ਼ਰਮ ਆ ਰਹੀ ਹੈ। ਕਿਸ ਵਿੱਚ ਹਿੰਮਤ ਹੈ, ਅੱਜ ਕਿਸ ਵਿੱਚ ਉਹ ਜਜਬਾ ਹੈ, ਜਿਸ ਅੱਗੇ ਸਰਬੰਸਦਾਨੀ ਬੀਰ ਆਸਨ ਹੋ ਕੇ ਖੰਡੇ ਬਾਟੇ ਦੀ ਪਾਹੁਲ ਮੰਗ ਸਕੇ?

ਹਾਲੇ ਵੀ ਵੇਲਾ ਹੈ, ਉਹ ਮਾਹੀ ਅੱਜ ਵੀ ਏਨਾ ਨਮੋਹਰਾ ਨਹੀਂ ਕਿ ਗਲ ਨਾ ਲਾਵੇ, ਉਸ ਕੋਲ ਬੇਦਾਵੇ ਪਾੜਣ ਦਾ ਹੁਨਰ ਬਰਕਰਾਰ ਹੈ, ਉਸਦੀ ਯਾਦ ਵਿੱਚ ਅੱਜ ਵੀ ਉਹ ਜਲਾਲ ਹੈ, ਜਿਹੜਾ ਉਸ ਨੇ ਖਾਲਸੇ ਦੀ ਸਾਜਨਾ ਸਮੇਂ ਬਿਖੇਰਿਆ ਸੀ, ਜੇ ਨਹੀਂ ਤਾਂ ਸਾਡੇ ਵਿੱਚ ਭਾਈ ਦਿਆ ਸਿੰਘ ਹੋਰਾਂ ਵਰਗੀ ਸੁਰਤੀ ਬਿਰਤੀ ਨਹੀਂ ਹੈ, ਲੇਕਿਨ ਹਾਂਲੇ ਵੀ ਘਰ ਮੁੜ ਆਓ, ਉਹ ਉਡੀਕਦਾ ਹੈ, ਅੱਜ ਫਿਰ ਵੈਸਾਖੀ ਦੇ ਮੌਕੇ ਢੋਲ ਦੀ ਤਾਲ ਤੋਂ ਨਗਾਰੇ ਵੱਲ ਨੂੰ ਇਸ਼ਾਰੇ ਕਰ ਰਿਹਾਂ ਹੈ, ਆ ਉਹ ਕਦਮ ਚੁੱਕਣੇ ਸਿੱਖਾ ਦੇਵਾਂ, ਜਿਸ ਨੂੰ ਵੇਖਕੇ ਨਿਆਸਰੇ ਦਿਲ ਥੰਮ ਲੈਣ ਅਤੇ ਜਾਬਰ ਦੀਆਂ ਧੜਕਨਾਂ ਤੇਜ਼ ਹੋ ਜਾਣ। ਇਸ ਵਾਸਤੇ ਆਓ ਕਲਗੀਧਰ ਦੀਆਂ ਉਲਾਰੀਆਂ ਬਾਹਵਾਂ ਵਿੱਚ ਸਮੋ ਜਾਈਏ, ਉਸ ਦੇ ਸੀਨੇ ਦੀ ਨਿੱਘ ਵਿੱਚਲਾ ਅਨੰਦ ਪ੍ਰਾਪਤ ਕਰਦਿਆਂ, ਮੁੜ ਕਲਗੀਧਰ ਦੇ ਪੁੱਤਰ ਅਖਵਾਉਣ ਦੇ ਕਾਬਿਲ ਬਣ ਜਾਈਏ। ਗੁਰੂ ਰਾਖਾ


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top