Share on Facebook

Main News Page

ਫਿਲਮ "ਨਾਨਕ ਸ਼ਾਹ ਫਕੀਰ", ਤੇ ਸਿੱਖ ਸੰਵੇਦਨਾ
-: ਗਜਿੰਦਰ ਸਿੰਘ, ਦਲ ਖਾਲਸਾ

ਫਿਲਮ "ਨਾਨਕ ਸ਼ਾਹ ਫਕੀਰ" ਦੇ ਨਾਲ ਜੁੜ੍ਹੇ ਸਿੱਖ ਸੰਵੇਦਨਾ ਦੇ ਮੁੱਦੇ ਅੱਜ ਕੱਲ ਬਹਿਸ ਦਾ ਵਿਸ਼ਾ ਬਣੇ ਹੋਏ ਹਨ । ਫਿਲਮ ਬਾਰੇ ਜੋ ਚਰਚਾ ਪੜ੍ਹਨ ਸੁਣਨ ਨੂੰ ਮਿਲ ਰਹੀ ਹੈ, ਉਸ ਮੁਤਾਬਕ ਫਿਲਮ ਵਿੱਚ ਗੁਰੁ ਨਾਨਕ ਸਾਹਿਬ ਦਾ ਰੋਲ ਕਿਸੇ "ਅਦਾਕਾਰ" ਵੱਲੋਂ ਨਿਭਾਇਆ ਗਿਆ ਹੈ । ਫਿਲਮ ਬਣਾਉਣ ਵਾਲਾ ਪ੍ਰੋਡਿਉਸਰ, ਹਰਿੰਦਰ ਸਿੰਘ ਸਿੱਕਾ, ਇਸ ਗੱਲ ਤੋਂ ਇਨਕਾਰ ਕਰਦਾ ਹੈ, ਤੇ ਵਜ਼ਾਹਤ ਦਿੰਦਾ ਹੈ ਕਿ ਕਿਸੇ "ਬੰਦੇ" ਦੀ ਬਜਾਏ, "ਗਰਾਫਿਕਸ ਟੈਕਨਾਲੋਜੀ" ਨਾਲ ਗੁਰੁ ਸਾਹਿਬ ਨੂੰ ਪੇਸ਼ ਕੀਤਾ ਗਿਆ ਹੈ ।

ਕੁੱਝ ਸਮਾਂ ਪਹਿਲਾਂ ਐਨੀਮੇਸ਼ਨ ਦੀ ਟੈਕਨਾਲੋਜੀ ਰਾਹੀਂ ਇੱਕ ਫਿਲਮ ਸਾਹਮਣੇ ਆਈ ਸੀ, "ਚਾਰ ਸਾਹਿਬਜ਼ਾਦੇ" । ਇਸ ਫਿਲਮ ਵੇਲੇ ਵੀ ਬਹਿਸ ਛਿੜੀ ਸੀ, ਇਸ ਪੇਸ਼ਕਾਰੀ ਬਾਰੇ । ਇੱਕ ਤਬਕਾ ਇਸ ਦੇ ਹੱਕ ਵਿੱਚ ਸੀ, ਤੇ ਬਹੁਤ ਪ੍ਰਭਾਵਤ ਸੀ ਫਿਲਮ ਤੋਂ । ਇਸ ਫਿਲਮ ਦੇ ਮੇਕਰ ਹੈਰੀ ਬਵੇਜਾ ਨੂੰ ਕਈ ਸਿੱਖ ਸੰਸਥਾਵਾਂ ਵੱਲੋਂ ਸਨਮਾਨਤ ਵੀ ਕੀਤਾ ਗਿਆ ਸੀ, ਉਸ ਦੀ "ਸੇਵਾ" ਬਦਲੇ । ਕੁੱਝ ਵੀਰ ਇਸ ਸਾਰੇ ਵਰਤਾਰੇ ਤੇ ਬਹੁਤ ਚਿੰਤਤ ਸਨ । ਉਹਨਾਂ ਦੀ ਚਿੰਤਾ ਇਹ ਸੀ ਕਿ ਅਗਲੀ ਸਟੇਜ ਤੇ ਸਿੱਖ ਗੁਰੁ ਸਾਹਿਬਾਨ ਤੇ ਵੀ ਐਨੀਮੇਸ਼ਨ, ਭਾਵ ਕਾਰਟੂਨ ਫਿਲਮਾਂ ਬਣਨ ਲੱਗ ਜਾਣਗੀਆਂ । ਲੱਗਦਾ ਹੈ, "ਨਾਨਕ ਸ਼ਾਹ ਫਕੀਰ" ਫਿਲਮ ਦੇ ਬਣਨ ਨਾਲ ਉਹਨਾਂ ਦੀ ਚਿੰਤਾ ਦਰੁਸਤ ਸਾਬਤ ਹੋ ਗਈ ਹੈ ।

ਇਸ ਵਿੱਚ ਕੋਈ ਸ਼ੱਕ ਦੀ ਗੱਲ ਨਹੀਂ ਕਿ ਫਿਲਮ ਅੱਜ ਦਾ ਇਕ ਬਹੁਤ ਤਾਕਤਵਰ ਮਾਧਿਅਮ ਹੈ, ਆਪਣੀ ਗੱਲ ਨੂੰ ਲੋਕਾਂ ਤੱਕ ਪਹੁੰਚਾਣ ਲਈ । ਹਰ ਭਾਈਚਾਰਾ ਇਸ ਮਾਧਿਅਮ ਦਾ ਆਪੋ ਆਪਣੇ ਹਿੱਤ ਵਿੱਚ ਇਸਤੇਮਾਲ ਕਰਨਾ ਚਾਹੇਗਾ । ਮੈਂ ਸਮਝਦਾ ਹਾਂ ਕਿ ਸਿੱਖਾਂ ਨੂੰ ਵੀ ਇਸ ਮਾਧਿਅਮ ਦਾ ਭਰਪੂਰ ਲਾਭ ਲੈਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ । ਇੱਥੇ ਇੱਕ ਗੱਲ ਧਿਆਨ ਵਿੱਚ ਰੱਖਣ ਵਾਲੀ ਹੈ ਕਿ ਹਰ ਧਰਮ ਦੀਆਂ ਆਪਣੀਆਂ ਧਾਰਮਿੱਕ ਸਖਸ਼ੀਅਤਾਂ ਅਤੇ ਮਰਿਯਾਦਾਵਾਂ ਬਾਰੇ ਆਪੋ ਆਪਣੀਆਂ ਸੰਵੇਦਨਾਵਾਂ ਹੁੰਦੀਆਂ ਹਨ ।

ਹਿੰਦੂ ਧਰਮ ਦੀ ਸੰਵੇਦਨਾ ਹੋਰ ਹੈ, ਤੇ ਇਸਲਾਮ ਦੀ ਹੋਰ ਹੈ ਹਿੰਦੂ ਆਪਣੇ ਅਵਤਾਰਾਂ ਤੇ ਭਗਵਾਨਾਂ ਨੂੰ ਫਿਲਮਾਂ ਵਿੱਚ ਵੇਖ ਕੇ ਖੁਸ਼ ਹੁੰਦੇ ਹਨ, ਉਹਨਾਂ ਨੇ ਲੰਮੇ ਲੰਮੇ ਸੀਰੀਅਲ ਬਣਾਏ ਹਨ, "ਰਾਮਾਇਣ" ਅਤੇ "ਮਹਾਂਭਾਰਤ" ਵਰਗੇ । ਉਹ, ਸ਼ਾਇਦ ਸਦੀਆਂ ਤੋਂ, ਹਰ ਸਾਲ "ਰਾਮ ਲੀਲਾ" ਦੇ ਰੂਪ ਵਿੱਚ ਆਪਣੇ ਅਵਤਾਰਾਂ ਦੀ ਜ਼ਿੰਦਗੀ ਤੇ ਡਰਾਮੇ ਖੇਡਦੇ ਆ ਰਹੇ ਹਨ । ਉਹ ਬੁੱਤ ਪੂਜਕ ਹਨ, ਰਾਮ ਦੀ ਗੈਟ-ਅਪ ਵਿੱਚ ਆਏ ਕਿਸੇ ਵੀ ਕਿਰਦਾਰ ਨੂੰ ਮੱਥਾ ਟੇਕਣ ਵਿੱਚ ਸੰਕੋਚ ਨਹੀਂ ਕਰਦੇ ਇਸ ਦੇ ਉਲਟ ਇਸਲਾਮ ਵਿੱਚ ਉਹਨਾਂ ਦੇ ਪੈਗੰਬਰ ਸਾਹਿਬ ਤੇ ਫਿਲਮ ਤਾਂ ਕੀ, ਤਸਵੀਰ ਬਣਾਉਣਾ ਵੀ "ਤੌਹੀਨ" ਦੇ ਖਾਤੇ ਵਿੱਚ ਆਉਂਦਾ ਹੈ, ਤੇ ਇਸ ਤਰ੍ਹਾਂ ਦੀ ਤੌਹੀਨ ਕਰਨ ਵਾਲਾ "ਵਾਜੁਬ-ਉਲ-ਕਤਲ" ਮੰਨਿਆਂ ਜਾਂਦਾ ਹੈ

ਸਿੱਖ ਸਿਧਾਂਤਕ ਪੱਖ ਤੋਂ, ਦੋਹਾਂ ਧਰਮਾਂ, ਤੇ ਸਭਿਆਚਾਰਾਂ ਦੇ ਤਕਰੀਬਨ ਵਿਚਕਾਰ ਖੜ੍ਹੇ ਦਿਖਾਈ ਦਿੰਦੇ ਹਨ ਸਿਧਾਂਤਕ ਪੱਖ ਤੋਂ ਇਹਨਾਂ ਦਾ ਝੁਕਾਓ ਇਸਲਾਮ ਵੱਲ ਦਿਖਦਾ ਹੈ, ਪਰ ਇੱਤਹਾਸਿਕ ਕਾਰਨਾਂ ਕਰ ਕੇ ਸਮਾਜਿਕ ਤੌਰ ਇਹ "ਹਿੰਦੂ" ਵੱਲ ਝੁਕਦੇ ਦਿਖਾਈ ਦਿੰਦੇ ਹਨ । ਸਿੱਖ ਧਰਮ ਬੁੱਤ ਪੂਜ ਨਹੀਂ ਹੈ, ਤੇ ਇਸ ਬਾਰੇ ਕੋਈ ਦੋ ਰਾਵਾਂ ਵੀ ਨਹੀਂ ਹਨ, ਪਰ ਸਿੱਖ ਗੁਰੂਆਂ ਦੀਆਂ ਖਿਆਲੀ ਤਸਵੀਰਾਂ ਬਣਾਉਣ ਦੇ ਮਾਮਲੇ ਵਿੱਚ ਇਸ ਨੇ ਕਾਫੀ ਨਰਮੀ ਦਿਖਾਈ ਹੈ, ਤੇ ਸਮੇਂ ਨਾਲ ਗੱਲ ਅੱਗੇ ਵੱਧਦੀ ਹੀ ਜਾ ਰਹੀ ਹੈ । ਹਾਂ, ਇਸ ਨਰਮੀ ਦੇ ਬਾਵਜੂਦ, ਸਿੱਖ ਗੁਰੁ ਸਾਹਿਬਾਨ, ਗੁਰੂ ਪਰਿਵਾਰ, ਅਤੇ ਪੁਰਾਤਨ ਇੱਤਹਾਸਕ ਪਾਤਰਾਂ ਦੀ ਇਨਸਾਨੀ ਰੂਪ ਵਿੱਚ ਪੇਸ਼ਕਾਰੀ ਨੂੰ ਇਹਨਾਂ ਨੇ ਕਦੇ ਬਰਦਾਸ਼ਤ ਨਹੀਂ ਕੀਤਾ । ਬਲਕਿ ਇਹ ਕਦੇ ਬਹਿਸ ਦਾ ਵਿਸ਼ਾ ਹੀ ਨਹੀਂ ਰਿਹਾ । ਜੱਦ ਵੀ ਕਦੇ ਕਿਸੇ ਨੇ ਇਸ ਤਰ੍ਹਾਂ ਦਾ ਤਜਰਬਾ ਕਰਨ ਦੀ ਕੋਸ਼ਿਸ਼ ਕੀਤੀ, ਤਾਂ ਉਸ ਨੂੰ ਫੌਰੀ ਸਖੱਤ ਵਿਰੋਧ ਦਾ ਸਾਹਮਣਾ ਕਰਨਾ ਪਿਆ ।

ਪਿੱਛਲੇ ਕੁੱਝ ਸਾਲਾਂ ਵਿੱਚ ਹਿੰਦੁਸਤਾਨ ਦੀ ਫਿਲਮੀ ਸਨਅੱਤ ਮਜ਼ਬੂਤ ਬਹੁਤ ਹੋ ਗਈ ਹੈ, ਦੂਜਾ ਟੈਕਨਾਲੋਜੀ ਨਵੀਂ ਤੋਂ ਨਵੀਂ ਆ ਰਹੀ ਹੈ, ਤੇ ਤੀਜਾ ਬਾਦਲ ਪਰਿਵਾਰ ਦੀ ਅੱਗਵਾਈ ਹੇਠ ਅਕਾਲੀ ਦਲ, ਤੇ ਸ਼੍ਰੋਮਣੀ ਕਮੇਟੀ, ਬੀ ਜੇ ਪੀ ਤੇ ਆਰ ਐਸ ਐਸ ਦੇ ਇੰਨੀ ਨੇੜ੍ਹੇ ਚਲੀ ਗਈ ਹੈ ਕਿ ਉਹਨਾਂ ਲਈ ਸਿੱਖ ਵਿਲੱਖਣਤਾ ਦੇ ਕਿਸੇ ਵੀ ਮੁੱਦੇ ਤੇ ਸਖੱਤ, ਸਿਧਾਂਤਕ ਸਟੈਂਡ ਲੈਣਾ ਹੁਣ ਬਹੁਤ ਮੁਸ਼ਮਿਲ ਹੋ ਗਿਆ ਹੈ । ਖਾਲਿਸਤਾਨ ਲਹਿਰ ਦੇ ਕੁੱਝ ਕਮਜ਼ੋਰ ਪੈਣ ਤੋਂ ਬਾਦ ਤਾਂ ਇੰਝ ਲੱਗਦਾ ਹੈ ਕਿ ਸਿੱਖ ਵਿਰੋਧੀ ਸੋਚ ਵਾਲੀਆਂ ਤਾਕਤਾਂ ਨੂੰ ਕੋਈ ਪੁੱਛਣ ਵਾਲਾ ਹੀ ਨਹੀਂ ਰਹਿ ਗਿਆ । ਭਾਰਤੀ ਏਜੰਸੀਆਂ ਵੱਲੋਂ ਖਾਲਿਸਤਾਨ ਲਹਿਰ ਦੇ "ਪੱਕੇ, ਤੇ ਆਖਰੀ" ਹੱਲ ਲਈ, ਜੋ ਕਦਮ ਚੁੱਕੇ ਜਾ ਰਹੇ ਹਨ, ਹੁਣ ਉਹਨਾਂ ਵਿੱਚ ਫਿਲਮੀ ਮਾਧਿਅਮ ਦਾ ਇਸਤੇਮਾਲ ਵੀ ਸ਼ਾਮਿਲ ਕਰ ਲਿਆ ਗਿਆ ਲੱਗਦਾ ਹੈ ।

ਪੁਰਾਣੇ ਵਕਤਾਂ ਵਿੱਚ ਹਿੰਦੀ ਫਿਲਮਾਂ ਵਿੱਚ ਸਿੱਖ ਕਿਰਦਾਰ ਦੀ ਪੇਸ਼ਕਾਰੀ ਹਾਸੇ ਕਾ ਕਾਰਨ ਬਣਨ ਵਾਲੀ ਹੁੰਦੀ ਸੀ । ਸਿੱਖ ਕਿਰਦਾਰਾਂ ਤੋਂ ਕਮੇਡੀ ਕਰਵਾਈ ਨਹੀਂ ਸੀ ਜਾਂਦੀ, ਬਲਕਿ ਉਹਨਾਂ ਉਤੇ ਕਮੇਡੀ ਕੀਤੀ ਜਾਂਦੀ ਸੀ, ਉਹਨਾਂ ਨੂੰ ਹਾਸੇ ਦਾ ਸਮਾਨ ਸਮਝਿਆ ਜਾਂਦਾ ਸੀ । ਗੁਰੁ ਨਾਨਕ ਸਾਹਿਬ ਦੇ ਪੰਜ ਸੋ ਸਾਲਾ ਪੁਰਬ ਮੌਕੇ, ੧੯੬੯ ਵਿੱਚ ਬਣਨ ਵਾਲੀ ਫਿਲਮ "ਨਾਨਕ ਨਾਮ ਜਹਾਜ਼ ਹੈ" ਨਾਲ ਸਿੱਖ ਕਿਰਦਾਰਾਂ ਦੀ ਪੇਸ਼ਕਾਰੀ ਵਾਲੀਆਂ ਫਿਲਮਾਂ ਦਾ ਇੱਕ ਨਵਾਂ ਦੌਰ ਸ਼ੁਰੂ ਹੋਇਆ ਸੀ । ਇਹ ਫਿਲਮਾਂ ਭਾਵੇਂ ਸਿੱਖ ਐਂਗਲ ਤੋਂ ਆਈਡੀਅਲ ਤਾਂ ਨਹੀਂ ਸਨ, ਪਰ ਇਹਨਾਂ ਨੇ ਕੋਈ ਵੱਡੀ ਇਤਰਾਜ਼ਯੋਗ ਗੱਲ ਵੀ ਨਹੀਂ ਸੀ ਕੀਤੀ ।

ਐਨੀਮੇਸ਼ਨ ਫਿਲਮਾਂ ਦੇ ਯੁੱਗ ਤੋਂ ਬਾਦ, ਹੁਣ ਸਿੱਖਾਂ ਬਾਰੇ ਫਿਲਮਾਂ ਬਣਨ ਦਾ ਇੱਕ ਨਵਾਂ ਦੌਰ ਸ਼ੁਰੂ ਹੋਇਆ ਲੱਗਦਾ ਹੈ । ਪਹਿਲਾਂ ਕੁੱਝ ਇੱਤਹਾਸਿਕ ਕਿਰਦਾਰਾਂ ਤੇ ਐਨੀਮੇਸ਼ਨ ਫਿਲਮਾਂ ਬਣੀਆਂ ਸੁਣੀਆਂ ਹਨ, ਮੈਂ ਐਸੀ ਕੋਈ ਫਿਲਮ ਅੱਜ ਤੱਕ ਦੇਖੀ ਤਾਂ ਨਹੀਂ, ਪਰ ਆਮ ਲੋਕਾਂ ਤੋਂ ਤਾਰੀਫੀ ਅੰਦਾਜ਼ ਵਿੱਚ ਹੀ ਜ਼ਿਕਰ ਸੁਣਨ ਨੂੰ ਮਿਲਦਾ ਰਿਹਾ ਹੈ । ਇਸ ਤੋਂ ਬਾਦ ਦਸਮ ਪਾਤਸ਼ਾਹ ਦੇ "ਚਾਰ ਸਾਹਿਬਜ਼ਾਦਿਆਂ" ਤੇ ਫਿਲਮ ਬਣੀ, ਜਿਸ ਦੀ ਤਾਰੀਫ ਹੋਈ । ਸ਼ਾਇਦ ਇਸੇ ਤੋਂ ਉਤਸ਼ਾਹਿਤ ਹੋ ਕੇ, ਜਾਂ ਸ਼ਾਇਦ ਕਿਸੇ ਗਿਣੀ ਮਿੱਥੀ ਸੋਚ ਤਹਿਤ, ਹੁਣ "ਨਾਨਕ ਸ਼ਾਹ ਫਕੀਰ" ਬਣ ਕੇ ਆ ਗਈ ਹੈ । ਤੇ ਇਹੀ ਵੇਲਾ ਹੈ, ਇਕ ਲਕੀਰ ਖਿੱਚ ਦੇਣ ਦਾ । ਐਸੀ ਲਕੀਰ, ਜੋ ਸਾਫ ਤੇ ਸਪਸ਼ਟ ਸ਼ਬਦਾਂ ਵਿੱਚ ਸਾਰੇ ਜੱਗ ਨੂੰ ਦੱਸ ਦੇਵੇ ਕਿ ਕਿਸ ਹੱਦ ਤੋਂ ਅੱਗੇ ਟੱਪਣ ਦੀ ਇਜਾਜ਼ਤ ਨਹੀਂ ਹੈ, ਤੇ ਕਿਸੇ ਵੱਲੋਂ ਵੀ ਨਹੀਂ ਦਿੱਤੀ ਜਾ ਸਕਦੀ ।

ਮੇਰੀ ਆਪਣੀ ਸੋਚ ਮੁਤਾਬਕ, ਗੁਰੁ ਸਾਹਿਬਾਨ, ਗੁਰੁ ਸਾਹਿਬਾਨ ਦੇ ਪਰਿਵਾਰ, ਤੇ ਗੁਰੁ ਕਾਲ ਦੇ ਵਿਸ਼ੇਸ਼ ਸਿੱਖ ਕਿਰਦਾਰਾਂ ਦੀ ਫਿਲਮੀ ਪੇਸ਼ਕਾਰੀ ਦੀ ਇਜਾਜ਼ਤ ਨਹੀਂ ਹੋਣੀ ਚਾਹੀਦੀ । ਇਸ ਦੇ ਨਾਲ ਹੀ ਇੱਕ "ਪੰਥਕ ਸੈਂਸਰ ਬੋਰਡ" ਬਣਨਾ ਚਾਹੀਦਾ ਹੈ, ਜਿਸ ਦੀ ਇਜਾਜ਼ਤ ਕਿਸੇ ਸਿੱਖ ਸੰਵੇਦਨਾ ਨਾਲ ਸਬੰਧਤ ਵਿਸ਼ੇ ਤੇ ਫਿਲਮ ਬਣਾਉਣ ਲਈ ਲਾਜ਼ਮੀ ਹੋਵੇ । ਅਜਿਹੇ ਸੈਂਸਰ ਬੋਰਡ ਵਿੱਚ ਵੱਖ ਵੱਖ ਪੰਥਕ ਜੱਥੇਬੰਦੀਆਂ ਦੇ ਵਿਦਵਾਨ ਨੁਮਾਇੰਦੇ ਸ਼ਾਮਿਲ ਹੋਣੇ ਚਾਹੀਦੇ ਹਨ । ਐਸਾ ਬੋਰਡ ਬਣਾਉਣ ਵਿੱਚ ਪਹਿਲ ਸ਼੍ਰੋਮਣੀ ਕਮੇਟੀ ਨੂੰ ਕਰਨੀ ਚਾਹੀਦੀ ਹੈ, ਅਤੇ ਦੂਜੀ ਸੂਰਤ ਵਿੱਚ ਦਲ ਖਾਲਸਾ, ਅਕਾਲੀ ਦਲ ਪੰਚ ਪ੍ਰਧਾਨੀ, ਯੁਨਾਈਟਡ ਅਕਾਲੀ ਦਲ, ਮਾਨ ਅਕਾਲੀ ਦਲ, ਤੇ ਹੋਰ ਜੱਥੇਬੰਦੀਆਂ ਨੂੰ ਸਾਂਝੇ ਫੈਸਲੇ ਨਾਲ ਇਹ "ਸੈਂਸਰ ਬੋਰਡ" ਬਣਾ ਲੈਣਾ ਚਾਹੀਦਾ ਹੈ । ਸ਼੍ਰੋਮਣੀ ਕਮੇਟੀ ਨੂੰ ਪਹਿਲ ਦੇਣ ਦੀ ਗੱਲ ਇਤਹਾਸਕ ਪੱਖ ਨੂੰ ਧਿਆਨ ਵਿੱਚ ਰੱਖ ਕੇ ਕੀਤੀ ਹੈ, ਕਿਸੇ ਚੰਗੀ ਉਮੀਦ ਦੇ ਨਾਲ ਨਹੀਂ । ਪੰਥਕ ਜੱਥੇਬੰਦੀਆਂ ਦੇ ਵਰਕਰਾਂ, ਖਾਸ ਕਰ ਸਿੱਖ ਨੌਜਵਾਨਾਂ ਨੂੰ "ਪੰਥਕ ਸੈਂਸਰ ਬੋਰਡ" ਦੇ ਫੈਸਲਿਆਂ ਨੂੰ ਲਾਗੂ ਕਰਵਾਣ ਦੀ ਜ਼ਿੰਮੇਵਾਰੀ ਨਿਭਾਣੀ ਚਾਹੀਦੀ ਹੈ ।

ਆਖਰੀ ਗੱਲ, ਕੌਮ ਦੀ ਜੁਝਾਰੂ ਸਮਰੱਥਾ ਕਮਜ਼ੋਰ ਪਈ ਹੈ, ਸੋਚ ਨਹੀਂ । ਅਜਿਹੀਆਂ ਫਿਲਮਾਂ ਬਣਾਉਣ ਵਾਲਿਆਂ ਨੂੰ ਕੇਵਲ ਬਹੁਤ ਨੇੜੇ ਦੀਆਂ ਸੰਭਾਵਨਾਵਾਂ ਹੀ ਨਹੀਂ ਸੋਚਣੀਆਂ ਚਾਹੀਦੀਆਂ, ਦੂਰ ਤੱਕ ਵੀ ਸੋਚਣਾ ਚਾਹੀਦਾ ਹੈ । ਸਿੱਖ ਜਜ਼ਬਾਤਾਂ ਨਾਲ ਖਿਲਵਾੜ੍ਹ ਕਰਨ ਵਾਲੇ, ਸਿੱਖ ਮਰਿਯਾਦਾਵਾਂ ਦੀਆਂ ਹੱਦਾਂ ਉਲੰਘਣ ਵਾਲਿਆਂ ਨੂੰ ਇਹ ਸਮਝ ਲੈਣਾ ਚਾਹੀਦਾ ਹੈ, ਕਿ ਅੱਜ ਭਾਵੇਂ ਉਹਨਾਂ ਨੂੰ ਕੁੱਝ ਫਰਕ ਨਾ ਪਵੇ, ਪਰ ਕੱਲ ਵੀ ਨਹੀਂ ਪਵੇਗਾ, ਇਸ ਗਲਤ ਫਹਿਮੀ ਵਿੱਚ ਨਹੀਂ ਰਹਿਣਾ ਚਾਹੀਦਾ । ਹਰ ਲੇਖਕ ਨੂੰ, ਫਿਲਮ ਮੇਕਰ ਨੂੰ ਆਪਣੀ ਗੱਲ ਕਹਿਣ ਤੇ ਪੇਸ਼ ਕਰਨ ਦੀ ਆਜ਼ਾਦੀ ਹੈ, ਪਰ ਸਿੱਖ ਧਰਮ/ਕੌਮ ਦੀ ਸੰਵੇਦਨਾ ਤੇ ਮਰਿਯਾਦਾ ਦੇ ਉਲੰਘਣ ਦੀ ਆਜ਼ਾਦੀ ਹਰਗਿਜ਼ ਨਹੀਂ ਦਿੱਤੀ ਜਾ ਸਕਦੀ ।

ਸਿੱਖਾਂ ਦੀ ਸਮਾਜਿਕ ਜ਼ਿੰਦਗੀ, ਸਭਿਆਚਾਰ, ਤੇ ਨਵੀਨ ਇੱਤਹਾਸ ਦੇ ਪੱਖਾਂ ਉਤੇ ਫਿਲਮਾਂ ਬਣਨ ਅਸੀਂ ਜੀ ਆਇਆਂ ਕਹਾਂਗੇ । ਸਾਡੀ ਬਰਦਾਸ਼ਤ ਇੰਨੀ ਮਾੜੀ ਨਹੀਂ ਹੈ, ਅਸੀਂ ਹੱਸਣਾ, ਖੇਡਣਾ, ਨੱਚਣਾ, ਟੱਪਣਾ, ਲੜ੍ਹਨਾ, ਭਿੜਨਾ ਤੇ ਪਿਆਰ ਕਰਨਾ ਸੱਭ ਜਾਣਦੇ ਹਾਂ । ਅਸੀਂ ਖੁੱਲ੍ਹੀ ਡੁੱਲ੍ਹੀ, ਪੰਜਾਬ ਦੀ ਧਰਤੀ ਦੀ ਖਾਲਸ ਪੈਦਾਵਾਰ ਹਾਂ, ਅਸੀਂ ਤੰਗ ਨਜ਼ਰ ਨਹੀਂ ਹਾਂ । ਅਸੀਂ ਆਪਣੇ ਧਰਮ ਨੂੰ ਪਿਆਰ ਕਰਨ ਵਾਲੇ ਲੋਕ ਹਾਂ, ਤੇ ਦੂਜਿਆਂ ਦਾ ਸਤਿਕਾਰ ਵੀ ਕਰਨਾ ਜਾਣਦੇ ਹਾਂ । ਤੁਸੀਂ ਨੇਕ ਨੀਅਤੀ ਨਾਲ ਸਾਡੇ ਵੱਲ ਹੱਥ ਵਧਾਓ, ਸਾਡੇ ਬਾਰੇ ਲਿਖੋ, ਸਾਡੇ ਤੇ ਫਿਲਮਾਂ ਬਣਾਓ, ਅਸੀਂ ਪੂਰੇ ਨਿੱਘ ਨਾਲ ਅੱਗੇ ਹੋ ਕੇ ਤੁਹਾਨੂੰ ਗਲਵੱਕੜੀ ਵਿੱਚ ਲਵਾਂਗੇ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top