Share on Facebook

Main News Page

ਬੈਂਸ ਭਰਾਵਾਂ ਵੱਲੋਂ ਅਰੰਭਿਆ ਸਤਿਆਗ੍ਰਿਹ ਰੋਕ ਕੇ, ਬਾਦਲ ਸਰਕਾਰ ਨੇ ਆਪਣੇ 'ਤੇ ਲੱਗੇ ਦੋਸ਼ ਕਬੂਲੇ !
-: ਗੁਰਿੰਦਰਪਾਲ ਸਿੰਘ ਧਨੌਲਾ 93161 76519

ਲੋਕਰਾਜ ਜਾਂ ਲੋਕਤੰਤਰ ਵਿੱਚ ਹਰ ਇੱਕ ਨਾਗਰਿਕ ਨੂੰ ਸੰਵਿਧਾਨਿਕ ਤੌਰ ਉੱਤੇ ਆਪਣੇ ਹੱਕ ਮੰਗਣ ਦੀ ਖੁੱਲ ਹੈ, ਜੇ ਕਿਸੇ ਨੂੰ ਅਜਿਹਾ ਮਹਿਸੂਸ ਹੋਵੇ ਕਿ ਹਕੂਮਤ ਜਾਂ ਲਾਲ ਫ਼ੀਤਾਸ਼ਾਹੀ ਜਾਣ ਬੁੱਝਕੇ ਹੱਕਾਂ ਦਾ ਹਨਨ ਕਰ ਰਹੀ ਹੈ ਤਾਂ ਕੋਈ ਵੀ ਨਾਗਰਿਕ ਸ਼ਾਂਤਮਈ ਢੰਗ ਨਾਲ ਆਪਣਾ ਰੋਸ ਪ੍ਰਗਟ ਕਰਨ ਦਾ ਅਧਿਕਾਰ ਰੱਖਦਾ ਹੈ, ਲੇਕਿਨ ਸਮੇਂ ਦੀਆਂ ਸਰਕਾਰਾਂ ਅਜਿਹਾ ਕਰਕੇ ਹਮੇਸ਼ਾਂ ਹੀ ਸੰਵਿਧਾਨ ਦਾ ਉਲੰਘਣ ਕਰਦਿਆਂ ਕਾਨੂੰਨ ਦੀ ਦੁਰਵਰਤੋਂ ਕਰਕੇ ਲੋਕਾਂ ਦੇ ਮੌਲਿਕ ਅਧਿਕਾਰਾਂ ਨੂੰ ਕੁਚਲਣ ਦੀਆਂ ਆਦੀ ਹੋ ਚੁੱਕੀਆਂ ਹਨ। ਜਦੋਂ ਹਕੂਮਤਾਂ ਲੋਕਾਂ ਦੇ ਸਬਰ ਦੀ ਪਰਖ ਕਰਨ ਲੱਗ ਪੈਣ ਤਾਂ ਫਿਰ ਲੋਕ ਲਹਿਰ ਦਾ ਇੱਕ ਅਜਿਹਾ ਤੁਫਾਨ ਆਉਂਦਾ ਹੈ ਜਿਹੜਾ ਵੱਡੀਆਂ ਵੱਡੀਆਂ ਸਲਤਨਤਾਂ ਨੂੰ ਨੇਸਤੋ ਨਬੂਦ ਕਰ ਦਿੰਦਾ ਹੈ।

ਜਿਸ ਗੱਲ ਨੂੰ ਲੈ ਕੇ ਕੱਲ ਬੈਂਸ ਭਰਾਵਾਂ ਨੇ ਮਨੁੱਖੀ ਚੇਨ ਬਣਾ ਕੇ ਰੋਸ ਪ੍ਰਗਟ ਕਰਨ ਦਾ ਪਰੋਗਰਾਮ ਦਿਤਾ ਸੀ, ਇਹ ਸਿਰਫ ਬੈਂਸ ਭਰਾਵਾਂ ਦਾ ਹੀ ਨਹੀਂ, ਸਗੋਂ ਹਰ ਭਾਰਤੀ ਅਤੇ ਪੰਜਾਬੀ ਦਾ ਮੁੱਢਲਾ ਅਧਿਕਾਰ ਹੈ ਜੇ ਕਿ ਉਹ ਸਰਕਾਰ ਦੀਆਂ ਨੀਤੀਆਂ ਤੋਂ ਖੁਸ਼ ਨਹੀਂ ਜਾਂ ਉਹਨਾਂ ਨੂੰ ਕੁੱਝ ਅਜਿਹਾ ਪ੍ਰਤੀਤ ਹੁੰਦਾ ਹੋਵੇ, ਜਿਸ ਨਾਲ ਲੋਕ ਹੱਕਾਂ ਦੀ ਲੁੱਟ ਹੋ ਰਹੀ ਹੋਵੇ ਅਤੇ ਕਾਨੂੰਨ ਤੇ ਵਿਧਾਨ ਦੀ ਹੇਠੀ ਹੁੰਦੀ ਹੋਵੇ ਤਾਂ ਉਹ ਲੋਕ ਰਾਜ਼ੀ ਸੰਘਰਸ਼ ਰਾਹੀ ਆਪਣਾ ਰੋਸ ਜ਼ਾਹਰ ਕਰ ਸਕਦੇ ਹਨ। ਸਰਕਾਰ ਦਾ ਇਹ ਮਤਲਬ ਨਹੀਂ ਕਿ ਲੋਕਾਂ ਦੀ ਆਵਾਜ਼ ਹੀ ਬੰਦ ਕਰ ਦੇਵੇ, ਸਗੋਂ ਸਰਕਾਰ ਨੂੰ ਬੈਂਸ ਭਰਾਵਾਂ ਵੱਲੋਂ ਉਠਾਏ ਨੁਕਤਿਆਂ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ ਅਤੇ ਲੋਕਾਂ ਨੂੰ ਉਹਨਾਂ ਦੇ ਸ਼ੰਕਿਆਂ ਦਾ ਬੜੀ ਸੰਜੀਦਗੀ ਨਾਲ ਉੱਤਰ ਦੇਣਾ ਚਾਹੀਦਾ ਹੈ, ਕਿਉਂਕਿ ਸਰਕਾਰ ਲੋਕਾਂ ਅੱਗੇ ਹਰ ਸਮੇਂ ਜਵਾਬਦੇਹ ਹੈ, ਪਰ ਜਿਹੜੀ ਤਾਨਾਸ਼ਾਹੀ ਕੱਲ ਬਾਦਲ ਸਰਕਾਰ ਦੀ ਪੁਲਿਸ ਨੇ ਵਰਤੀ ਹੈ, ਉਸ ਨੇ ਲੋਕਤੰਤਰ ਨੂੰ ਸ਼ਰਮਸ਼ਾਰ ਕਰ ਦਿੱਤਾ ਹੈ।

ਖਾਸ ਕਰਕੇ ਲੁਧਿਆਣਾ ਦੀ ਪੁਲਿਸ ਦੇ ਮੱਥੇ ਇਹ ਦੂਸਰਾ ਵੱਡਾ ਕਲੰਕ ਲੱਗਿਆ ਹੈ ਕਿ ਪਹਿਲਾਂ ਤਾਂ ਬਜੁਰਗ ਬਾਪੂ ਸੂਰਤ ਸਿੰਘ ਖਾਲਸਾ ਦੇ ਸ਼ਾਤਮਈ ਮਰਨ ਵਰਤ ਨੂੰ ਕੁਚਲਦਿਆਂ, ਬਾਪੂ ਨੂੰ ਜਬਰੀ ਬੰਦੀ ਬਣਾਕੇ ਨੱਕ ਅਤੇ ਮੁੰਹ ਵਿੱਚ ਨਾਲੀਆਂ ਪਾ ਕੇ, ਉੱਪਰੋਂ ਪੱਕੇ ਟਾਂਕੇ ਸਰੀਰ ਨਾਲ ਲਗਾ ਦਿੱਤੇ ਹਨ ਅਤੇ ਬਾਪੂ ਦੇ ਪ੍ਰਵਾਸੀ ਭਾਰਤੀ ਸਪੁੱਤਰ ਨੂੰ, ਕੌਮਾਂਤਰੀ ਭਾਈਚਾਰੇ ਦੇ ਰੋਸ ਦੀ ਪ੍ਰਵਾਹ ਨਾ ਕਰਦਿਆਂ, ਬਿਨ੍ਹਾਂ ਕਿਸੇ ਠੋਸ ਕੇਸ ਤੋਂ ਜੇਲ ਡੱਕਿਆ ਹੋਇਆ ਹੈਹੁਣ ਲੁਧਿਆਣਾ ਦੀ ਪੁਲਿਸ ਨੇ ਪੰਜਾਬ ਦੀ ਨੀਲੀ ਅਤੇ ਭਗਵੀ ਸਰਕਾਰ ਦੇ ਆਦੇਸ਼ਾਂ ਉੱਤੇ ਵਿਧਾਨਕਾਰ ਬੈਂਸ ਭਰਾਵਾਂ ਨੂੰ ਗ੍ਰਿਫਤਾਰ ਕਰ ਲਿਆ ਹੈ।

ਇਥੇ ਬੱਸ ਨਹੀਂ ਸਮੇਂ ਤੇ ਫੋਟੋਆਂ ਖਿੱਚਦੇ ਪੱਤਰਕਾਰਾਂ ਦੇ ਕੈਮਰੇ ਖੋਹਣ ਦੇ ਵੀ ਯਤਨ ਕੀਤੇ ਗਏ। ਕੀਹ ਇਸ ਵੱਧ ਅਧਿਕਾਰੀ ਪੁਲਿਸ ਨੂੰ ਇੰਨਾਂ ਵੀ ਗਿਆਨ ਨਹੀਂ ਕਿ ਜਿਸ ਸਰਕਾਰ ਦੇ ਅਧੀਨ ਉਹ ਕੰਮ ਕਰ ਰਹੇ, ਉਸ ਦੀ ਦਿੱਤੀ ਵਿਧਾਨਸਭਾ ਦੀ ਟਿਕਟ ਮੋੜ ਕੇ ਦੋਹੇ ਭਰਾ ਜਥੇਦਾਰ ਬਲਵਿੰਦਰ ਸਿੰਘ ਬੈਂਸ ਅਤੇ ਸ. ਸਿਮਰਜੀਤ ਸਿੰਘ ਬੈਂਸ ਆਜ਼ਾਦ ਚੋਣ ਜਿੱਤ ਕੇ ਆਪਣੀ ਹਰਮਨ ਪਿਆਰਤਾ ਦਾ ਸਬੂਤ ਪੇਸ਼ ਕਰ ਚੁੱਕੇ ਹਨ ਅਤੇ ਹੁਣ ਉਹ ਲੋਕਾਂ ਦੇ ਚੁਣੇ ਹੋਏ ਵਿਧਾਨਕਾਰ ,ਇੱਕ ਸੰਵਿਧਾਨਿਕ ਰੁੱਤਬੇ ਵਾਲੇ ਆਗੂ ਹਨ।

ਪੁਲਿਸ ਵੱਲੋਂ ਅਜਿਹੇ ਲੋਕਾਂ ਨੂੰ ਹੱਥ ਪਾਉਣ ਤੋਂ ਪਹਿਲਾਂ ਆਪਣੀ ਵਰਦੀ ਪਹਿਨਣ ਵੇਲੇ ਚੁੱਕੀ ਕਸਮ ਨੂੰ ਵੀ ਧਿਆਨ ਵਿੱਚ ਰੱਖਣਾ ਚਾਹੀਦਾ ਹੈ। ਬੈਂਸ ਭਰਾਵਾਂ ਨੇ ਤਾਂ ਸਿਰਫ਼ ਕੁੱਝ ਲੋਕ ਮੁੱਦਿਆਂ ਦੀ ਹੀ ਗੱਲ ਕੀਤੀ ਹੈ, ਪਰ ਸ.ਸਿਮਰਨਜੀਤ ਸਿੰਘ ਮਾਨ ਤਾਂ ਸਿੱਖਾਂ ਵਾਸਤੇ ਵੱਖਰੇ ਦੇਸ਼ ਦੀ ਮੰਗ ਕਰਦੇ ਹਨ, ਭਾਰਤ ਦੀ ਸੁਪ੍ਰੀਮ ਕੋਰਟ ਨੇ ਉਹਨਾਂ ਖਿਲਾਫ਼ ਪੁਲਿਸ ਵੱਲੋਂ ਬਨਾਏ ਸਾਰੇ ਦੇਸ਼ ਧ੍ਰੋਹੀ ਦੇ ਮਾਮਲੇ, ਇਹ ਆਖ ਕੇ ਰੱਦ ਕਰ ਦਿੱਤੇ ਸਨ ਕਿ ਲੋਕਰਾਜੀ ਅਤੇ ਸ਼ਾਂਤਮਈ ਤਰੀਕੇ ਨਾਲ ਆਜ਼ਾਦੀ ਮੰਗਣੀ ਸੰਵਿਧਾਨ ਜਾਂ ਕਾਨੂੰਨ ਦਾ ਉਲੰਘਣ ਨਹੀਂ ਹੈ। ਫਿਰ ਬੈਂਸ ਭਰਾਵਾਂ ਨੇ ਤਾਂ ਪੰਜਾਬ ਦੇ ਲੋਕ ਹੱਕਾਂ ਦਾ ਹੀ ਮੁੱਦਾ ਚੁੱਕਿਆ ਹੈ, ਉਹਨਾਂ ਉਤੇ ਪਬੰਦੀ ਕਿਉ?

ਬੈਂਸ ਭਰਾਵਾਂ ਦੇ ਇਸ ਸ਼ਾਂਤਮਈ ਸੰਘਰਸ਼ ਨੂੰ ਬੜੇ ਦਹਿਸ਼ਤੀ ਤਰੀਕੇ ਨਾਲ ਰੋਕ ਕੇ, ਪੰਜਾਬ ਸਰਕਾਰ ਨੇ ਇੱਕ ਤਰ੍ਹਾਂ ਨਾਲ ਆਪਣੇ ਮੰਤਰੀਆਂ ਅਤੇ ਖਾਸ ਕਰਕੇ ਬਾਦਲ ਪਰਿਵਾਰ ਜਾਂ ਉਹਨਾਂ ਦੇ ਰਿਸ਼ਤੇਦਾਰਾਂ ਅਤੇ ਚਹੇਤਿਆਂ ਉੱਤੇ ਰੇਤਾ ਬਜਰੀ ਡਕਾਰਣ ਦੇ ਲੱਗ ਰਹੇ ਦੋਸ਼ਾਂ ਨੂੰ ਕਬੂਲ ਲਿਆ ਹੈ ਅਤੇ ਸਰਕਾਰ ਨੂੰ ਡਰ ਹੈ ਕਿ ਅਜਿਹੇ ਅੰਦੋਲਨ ਨਾਲ ਉਹਨਾਂ ਦੇ ਪਰਦੇ ਫਾਸ਼ ਹੋ ਜਾਣਗੇ ਅਤੇ ਲੋਕਾਂ ਵਿੱਚ ਵੱਡੇ ਪਧਰ ਉੱਤੇ ਭੰਡੀ ਹੋਵੇਗੀ, ਜੇ ਸਰਕਾਰ ਅੱਜ ਵੀ ਕਿਸੇ ਪੱਖੋਂ ਕਾਣੀ ਨਹੀਂ ਹੈ ਤਾਂ ਇਸ ਮਾਮਲੇ ਉੱਤੇ ਬੈਂਸ ਭਰਾਵਾਂ ਅਤੇ ਕੁੱਝ ਹੋਰ ਬੁਧੀਜੀਵੀਆਂ ਦੇ ਨਾਲ ਕਿਸੇ ਟੀ.ਵੀ. ਚੈਨਲ ( ਪੀ.ਟੀ.ਸੀ. ਅਤੇ ਫਾਸਟ ਵੇ ਨੂੰ ਛੱਡਕੇ) ਉੱਤੇ ਜਨਤਕ ਬਹਿਸ ਕਰਵਾਵੇ ਤਾਂ ਸੱਚ ਲੋਕਾਂ ਦੇ ਸਾਹਮਣੇ ਆ ਜਾਵੇਗਾ। ਇਸ ਤਰ੍ਹਾਂ ਲੋਕ ਆਵਾਜ਼ ਨੂੰ ਦਬਾਅ ਕੇ ਕਦੇ ਰਾਜ ਨਹੀਂ ਕੀਤੇ ਜਾ ਸਕਦੇ।

ਪੰਜਾਬ ਦੀ ਸਰਕਾਰ ਅਤੇ ਬਾਦਲ ਪਰਿਵਾਰ ਨੂੰ ਔਰੰਗਜ਼ੇਬ ਦਾ ਇਤਿਹਾਸ ਜਰੂਰ ਪੜ੍ਹ ਲੈਣਾ ਚਾਹੀਦਾ ਹੈ ਕਿ ਸਕੇ ਭਰਾ ਦਾਰਾ ਸ਼ਕੋਹ ਦਾ ਕਤਲ ਕਰਵਾ ਕੇ, ਪਿਤਾ ਸ਼ਾਹਜਹਾਨ ਨੂੰ ਜੇਲ ਵਿਚ ਸੁੱਟਕੇ,ਭੈਣ ਕੁਆਰੀ ਰੱਖਕੇ , ਕਰੋਸ਼ੀਏ ਨਾਲ ਇੱਕ ਟੋਪੀ ਬੁਣ ਕੇ ਰੋਟੀ ਖਾਣ ਦਾ ਡਰਾਮਾ ਕਰਕੇ,ਧਰਮੀ ਅਖਵਾਉਣ ਵਾਲੇ ਔਰੰਗੇ ਨੇ ਰਾਜ਼ ਤਾਂ ਜਰੂਰ ਕੀਤਾ, ਲੇਕਿਨ ਕਦੇ ਔਰੰਗਾਬਾਦ ਜਾ ਕੇ ਵੇਖੋ, ਜਿੱਥੇ ਲੋਕ ਅਜੰਤਾ ਅਲੋਰਾ ਦੀ ਗੁਫਾਵਾਂ ਤਾਂ ਵੇਖਣ ਜਾਂਦੇ ਹਨ, ਪਰ ਉਥੇ ਹੀ ਸਥਿਤ ਔਰੰਗਜ਼ੇਬ ਦੀ ਕਬਰ ਨੂੰ ਕੋਈ ਨਹੀਂ ਵੇਖਦਾ। ਇਹ ਵੀ ਸਿੱਖਿਆ ਵਾਲੀ ਗੱਲ ਹੈ ਕਿ ਉਸ ਕਬਰ ਉੱਤੇ ਅੱਜ ਕਬੂਤਰਾਂ ਦੀਆਂ ਕੁਵਿੰਟਲਾਂ ਵਿੱਚ ਵਿੱਠਾਂ ਜਰੂਰ ਪਈਆਂ ਹੁੰਦੀਆਂ ਹਨ, ਲੇਕਿਨ ਜਿਹਨਾਂ ਨੂੰ ਉਹ ਆਪਣੀ ਹਕੂਮਤ ਦੀ ਸ਼ਕਤੀ ਰਾਹੀ ਦਬਾਉਂਦਾ ਸੀ, ਉਹਨਾਂ ਦੇ ਨਾਮ ਉੱਤੇ ਨਿਸ਼ਾਨ ਸਾਹਿਬ ਝੂਲਦੇ ਹਨ, ਕੀਰਤਨ ਹੁੰਦੇ ਹਨ, ਲੰਗਰ ਚੱਲਦੇ ਹਨ।

ਲੋਕ ਰੋਹ ਨੂੰ ਰੋਕਿਆ ਨਹੀਂ ਜਾ ਸਕਦਾ, ਸਿਰਫ ਇੱਕ ਹੀ ਤਰੀਕਾ ਹੈ ਕਿ ਜਾਂ ਰਾਜ ਛੱਡ ਦਿਓ ਜਾਂ ਲੋਕਾਂ ਦਾ ਲਹੂ ਪੀਣਾ ਬੰਦ ਕਰ ਕੇ ਫਕੀਰੀ ਧਾਰਨ ਕਰ ਲਵੋ। ਅੱਜ ਪੰਜਾਬ ਅਤੇ ਪੰਥ ਦੇ ਲੋਕ ਮੌਜੂਦਾ ਸਰਕਾਰ ਦੀਆਂ ਨੀਤੀਆਂ ਤੋਂ ਅੱਕ ਚੁੱਕੇ ਹਨ ਅਤੇ ਹੁਣ ਕਿੰਨੀ ਦੇਰ ਜ਼ੁਲਮ ਸਹਿੰਦੇ ਰਹਿਣਗੇ। ਪੰਜਾਬ ਦੇ ਵਿਹੜੇ ਵਿੱਚ ਤੁਫਾਨ ਆਉਣ ਤੋਂ ਪਹਿਲਾਂ ਵਾਲੀ ਚੁੱਪ ਹੈ, ਜਿਹੜੀ ਸੰਕੇਤ ਦੇ ਰਹੀ ਹੈ ਕਿ ਮੌਸਮ ਦੇ ਤੇਵਰ ਬਦਲਣ ਵਾਲੇ ਹਨ ਅਤੇ ਅਜਿਹੇ ਹਲਾਤਾਂ ਵਿੱਚ ਸਿਆਣੇ ਲੋਕ ਸਮਝ ਜਾਂਦੇ ਹਨ, ਪਰ ਤਾਕਤ ਦੇ ਨਸ਼ੇ ਵਿਚ ਚੂਰ ਲੋਕ ਹਾਲਾਤਾਂ ਤੋਂ ਬੇਖਬਰ ਹੁੰਦੇ ਹਨ, ਜਿਵੇ ਕਿਸੇ ਵੇਲੇ ਗੁਰੂ ਕੇ ਲਾਲਾਂ ਨੂੰ ਨੀਹਾਂ ਵਿੱਚ ਚਿਣ ਕੇ ਸ਼ਹੀਦ ਕਰਨ ਤੋਂ ਬਾਅਦ ਵਜੀਦਾ ਖਾਨ ਸੂਬਾ ਸਰਹਿੰਦ ਵੀ ਇਹ ਸੋਚਦਾ ਸੀ ਕਿ ਗੁਰੂ ਦਾ ਅੱਗਾ ਖਤਮ ਕਰ ਦਿੱਤਾ ਹੈ, ਹੁਣ ਮੇਰੀ ਬਾਦਸ਼ਾਹੀ ਨੂੰ ਹਿਲਾਉਣ ਵਾਲਾ ਕੌਣ ਹੈ, ਪਰ ਉਹ ਇਹ ਨਹੀਂ ਜਾਣਦਾ ਸੀ ਕਿ ਸੱਚ ਕਦੇ ਕਿਸੇ ਮਾਂ ਦੇ ਪੇਟ ਵਿੱਚੋਂ ਜਨਮ ਨਹੀਂ ਲੈਦਾ, ਸਗੋਂ ਕਿਸੇ ਵੀ ਸਰੀਰ ਜਾਂ ਸਰੀਰਾਂ ਵਿੱਚੋਂ ਅਚਾਨਕ ਪ੍ਰਗਟ ਹੋ ਜਾਂਦਾ ਹੈ।

ਬਾਬਾ ਬੰਦਾ ਸਿੰਘ ਬਹਾਦਰ ਕੋਲ ਭਲਾ ਗੁਰੂ ਗੋਬਿੰਦ ਸਿੰਘ ਤੋਂ ਜਿਆਦਾ ਕੋਈ ਸ਼ਕਤੀ ਸੀ ? ਪਰ ਜਦੋਂ ਗੁਰੂ ਸਾਹਿਬ ਦੇ ਸਾਹਿਬਜਾਦੇ ਬੇ ਰਹਿਮੀ ਨਾਲ ਸ਼ਹੀਦ ਕੀਤੇ ਤਾਂ ਲੋਕਾਂ ਅੰਦਰ ਇੱਕ ਰੋਹ ਪੈਦਾ ਹੋ ਗਿਆ ਸੀ। ਹਰ ਬਸ਼ਰ ਜ਼ਾਲਮ ਹਕੂਮਤ ਦੀਆਂ ਜੜ੍ਹਾਂ ਉਖੇੜਣ ਵਾਸਤੇ ਉਤਾਵਲਾ ਹੋ ਉਠਿਆ ਸੀ, ਸਿਰਫ ਘਾਟ ਸੀ ਤਾਂ ਕਿਸੇ ਇੱਕ ਦ੍ਰਿੜ ਇਰਾਦੇ ਵਾਲੇ ਆਗੂ ਦੀ ਸੀ, ਲੇਕਿਨ ਜਿਸ ਸਮੇਂ ਬਾਬਾ ਬੰਦਾ ਸਿੰਘ ਬਹਾਦਰ ਗੁਰੂ ਸਾਹਿਬ ਦਾ ਆਸ਼ੀਰਵਾਦ ਲੈ ਕੇ ਸਥਿਰ ਕਦਮਾਂ ਨਾਲ ਪੰਜਾਬ ਵੱਲ ਵਧਿਆ ਤਾਂ ਲੋਕਾਂ ਨੇ ਕਿਰਪਾਨਾਂ ਜਾਂ ਹੋਰ ਜੰਗੀ ਸ਼ਸਤਰ ਖਰੀਦਣ ਦੀ ਵੀ ਲੋੜ ਨਹੀਂ ਸਮਝੀ ਸੀ, ਉਹ ਆਪਣੇ ਨਿੱਤ ਵਰਤੋਂ ਵਾਲੇ, ਖੇਤੀ ਔਜ਼ਾਰ ਅਤੇ ਰਸੋਈ ਵਿਚਲੇ ਘੋਟਣਿਆਂ ਨੂੰ ਹਥਿਆਰ ਬਣਾ ਕੇ, ਅਜਿਹੇ ਹੌਂਸਲੇ ਨਾਲ ਨਿਕਲੇ ਸਨ, ਕਿ ਤੋਪਾਂ ਅਤੇ ਵੱਡੀਆਂ ਫੌਜਾਂ ਦਾ ਮਾਨ ਕਰਨ ਵਾਲੇ ਵਜ਼ੀਦੇ ਨੂੰ ਪਲਾਂ ਵਿੱਚ ਬੰਦੀ ਬਣਾ ਕੇ ਨੱਕ ਵਿੱਚ ਨਕੇਲ ਪਾ ਲਈ ਸੀ।

ਅੱਜ ਪੰਥ ਦੇ ਬੱਚੇ ਨੀਹਾਂ ਵਿਚ ਚੀਨ ਕੇ ਨਹੀਂ ਮਾਰੇ ਜਾ ਰਹੇ, ਹੁਣ ਸਮੈਕ ਦੀਆਂ ਪੁੜੀਆਂ ਖ੍ਵਾਕੇ ਖਤਮ ਕੀਤੇ ਜਾ ਰਹੇ ਹਨ, ਹੁਣ ਪੰਜਾਬ ਦੀ ਹਰ ਮਾਂ ਹਰ ਬਾਪ ਰੋਹ ਨਾ ਭਰਿਆ ਪਿਆ ਹੈ ਅਤੇ ਉਡੀਕ ਕਰ ਰਿਹਾ ਹੈ ਕਿਸੇ ਬੰਦੇ ਬਹਾਦਰ ਦੀ ਜੇ ਸਰਕਾਰ ਬੈਂਸ ਭਰਾਵਾਂ ਦਾ ਇਹ ਸੰਘਰਸ਼ ਕੁਚਲ ਵੀ ਦੇਵੇਗੀ ਤਾਂ ਕੋਈ ਹੋਰ ਸੁਰਮਾਂ ਵੀ ਉਠੇਗਾ ਜਿਸ ਨਾਲ ਪੀੜਤ ਪੰਜਾਬੀ ਅਤੇ ਸਿੱਖ ਉਠ ਖੜੇ ਹੋਣਗੇ ਅਤੇ ਹਰ ਪਿੰਡ ਹਰੇਕ ਸ਼ਹਿਰ ਚਪੜ ਚਿੜੀ (ਚੱਪੜ ਚਿੜੀ) ਬਣ ਸਕਦਾ ਹੈ, ਲੋਕ ਰੋਹ ਦਾ ਸਾਹਮਣਾ ਨਹੀਂ ਕੀਤਾ ਜਾ ਸਕਦਾ। ਇਸ ਵਾਸਤੇ ਬੈਂਸ ਭਰਾਵਾਂ ਨੂੰ ਵੀ ਘਬਰਾਉਣ ਦੀ ਲੋੜ ਨਹੀਂ, ਜਿੱਤ ਜਰੂਰੀ ਹੁੰਦੀ, ਨਹੀਂ ਲੜਨਾ ਜਰੂਰੀ ਹੁੰਦਾ ਹੈ ਅਤੇ ਉਹ ਵੀ ਹੌਂਸਲਾ ਰੱਖਕੇ, ਅੱਜ ਲੋੜ ਹੈ ਆਪਣੇ ਅੰਦਰ ਅਜਿਹੇ ਸੰਸਕਾਰ ਪੈਦਾ ਕਰਨ ਦੀ, ਜਿਹੜੇ ਬਾਬਾ ਬੰਦਾ ਸਿੰਘ ਬਹਾਦਰ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਸਿੱਖਿਆ ਵਿੱਚੋ ਪ੍ਰਾਪਤ ਕੀਤੇ ਸਨ। ਜੇ ਬੈਂਸ ਭਰਾ ਜਾਂ ਕੁੱਝ ਹੋਰ ਪੰਥ ਦਰਦੀ ਇੱਕ ਕਾਫਲਾ ਬਣਾ ਕੇ ਤੁਰ ਪੈਣ ਤਾਂ ਫਤਹਿ ਕਦਮਾਂ ਉੱਤੇ ਸਿਜਦਾ ਕਰੇਗੀ। ਗੁਰੂ ਰਾਖਾ !!


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top