Share on Facebook

Main News Page

ਗੋਲੀ ਜਦੋਂ ਵੀ ਚੱਲਦੀ ਹੈ ਉਸ ਦੇ ਪਿੱਛੇ ਕਿਸੇ ਦੀ ਨਲਾਇਕੀ ਜਾਂ ਅਣਗਹਿਲੀ ਜ਼ਿੰਮੇਵਾਰ ਹੁੰਦੀ ਹੈ...?
-: ਗੁਰਿੰਦਰਪਾਲ ਸਿੰਘ ਧਨੌਲਾ 93161 76519

ਪੰਜਾਬ ਪਿਛਲੇ ਕਾਫੀ ਅਰਸੇ ਤੋਂ ਹਕੂਮਤੀ ਅਣਦੇਖੀਆਂ ਦਾ ਸ਼ਿਕਾਰ ਹੋ ਕੇ ਤਰਸਦੀਆਂ ਦੇ ਦੌਰ ਵਿਚੋਂ ਗੁਜਰਦਾ ਬਹੁਤ ਕੁੱਝ ਗਵਾ ਚੁੱਕਿਆ ਹੈ ਅਤੇ ਇਹ ਗੱਲ ਪੂਰੀ ਤਰਾਂ ਨਾਲ ਸਪਸ਼ਟ ਹੈ ਕਿ ਪੰਜਾਬ ਵਿੱਚ ਬਾਕੀ ਭਾਰਤ ਦੇ ਮੁਕਾਬਲੇ ਅੱਜ ਵੀ ਅਮਨ ਅਤੇ ਭਾਈਚਾਰਾ ਬ ਦਸਤੂਰ ਕਾਇਮ ਹੈ, ਲੇਕਿਨ ਫਿਰ ਵੀ ਪੰਜਾਬ ਦੇ ਇਸ ਭਾਈਚਾਰੇ ਅਤੇ ਅਮਨ ਨੂੰ ਕੌਣ ਤਾਰ ਤਾਰ ਕਰਨਾ ਚਾਹੁੰਦਾ ਹੈ, ਇਸ ਬੁਝਾਰਤ ਦਾ ਜਵਾਬ ਆਮ ਜਨ ਸਧਾਰਨ ਕੋਲ ਨਹੀਂ ਹੈ, ਕਿਉਂਕਿ ਇਹ ਬੜੀ ਹੀ ਗੁੰਝਲਦਾਰ ਪਹੇਲੀ ਹੈ, ਜਿਸ ਦਾ ਜਵਾਬ ਇਸ ਨੂੰ ਘੜਣ ਵਾਲੇ ਤਾਂ ਜਾਣਦੇ ਹਨ, ਪਰ ਲੋਕਾਂ ਨੂੰ ਗਲਤ ਉੱਤਰ ਦੱਸ ਕੇ ਭੁਲੇਖੇ ਖੜੇ ਕਰ ਦਿੰਦੇ ਹਨ, ਜਿਹੜੇ ਪੰਜਾਬ ਦੀ ਬਰਬਾਦੀ ਦਾ ਕਾਰਨ ਬਣਦੇ ਹਨ।

ਕੱਲ ਗੁਰਦਸਪੁਰ ਵਿਖੇ ਸ਼ਿਵ ਸੈਨਾ ਦੇ ਸੂਬਾ ਸਕੱਤਰ ਹਰਿੰਦਰ ਸੋਨੀ ਨੂੰ ਪਿੰਡ ਗਲਵੱਢੀ ਦੇ ਇੱਕ ਸਿੱਖ ਨੌਜਵਾਨ ਕਸ਼ਮੀਰ ਸਿੰਘ ਨੇ ਗੋਲੀ ਮਾਰਕੇ, ਉਸ ਦੀ ਜਾਨ ਲੈਣ ਦਾ ਯਤਨ ਕੀਤਾ, ਜਦੋਂ ਕਿ ਉਹ ਉਸ ਨੂੰ ਜਾਣਦਾ ਤੱਕ ਵੀ ਨਹੀਂ ਸੀ ਅਤੇ ਨਾ ਹੀ ਕਿਸੇ ਕਿਸਮ ਦਾ ਕੋਈ ਜਾਤੀ ਝਗੜਾ ਸੀ, ਦੋਹੇ ਇੱਕ ਦੂਜੇ ਤੋਂ ਲੱਗਭੱਗ ਦੋ ਸੌ ਕਿਲੋਮੀਟਰ ਦੇ ਫਾਸਲੇ ਦੇ ਵਸਨੀਕ ਹਨ। ਫਿਰ ਕਸ਼ਮੀਰ ਸਿੰਘ ਨੂੰ ਕਿਸ ਗੱਲ ਨੇ ਉਕਸਾਇਆ ਕਿ ਉਹ ਸਿਰਫ ਇੱਕ ਬੰਦੇ ਨੂੰ ਗੋਲੀ ਮਾਰਨ ਵਾਸਤੇ ਏਨੀ ਦੂਰ ਜਾ ਰਿਹਾ ਹੈ ਅਤੇ ਏਡਾ ਜੋਖਮ ਮੁੱਲ ਲੈ ਰਿਹਾ ਹੈ, ਕਿ ਜਿਸ ਬੰਦੇ ਨੂੰ ਉਹ ਮਾਰਨਾ ਚਾਹੁੰਦਾ ਹੈ, ਉਸ ਨਾਲ ਸਰਕਾਰ ਨੇ ਸੁਰੱਖਿਆ ਗਾਰਡ ਵੀ ਲਾਏ ਹੋਏ ਹਨ, ਲੇਕਿਨ ਸਾਰਾ ਕੁੱਝ ਨਜਰ ਅੰਦਾਜ਼ ਕਰਕੇ ਮੌਕੇ ਉੱਤੇ ਮਾਰੇ ਜਾਣ ਜਾਂ ਫੜੇ ਜਾਣ ਪਿਛੋਂ ਫਾਂਸੀ ਵਰਗੀ ਸਜ਼ਾ, ਜਾਂ ਪੁਲਿਸ ਦੀ ਕੁੱਟ ਆਦਿਕ ਕਿੰਨੀਆਂ ਦੁਸ਼ਵਾਰੀਆਂ ਨੂੰ ਪਰਾਂ ਕਰਕੇ ਕਸ਼ਮੀਰ ਸਿੰਘ ਨੇ ਇਹ ਕਰਨ ਵਾਸਤੇ ਮਨ ਬਣਾਇਆ। ਜਿੰਨੀ ਦੇਰ ਇਸ ਪਿਛਲੇ ਕਾਰਨ ਜਾਂ ਅੰਦਰਲੀ ਤਸਵੀਰ ਨੂੰ ਧਿਆਨ ਨਾਲ ਦੇਖਿਆ ਜਾਵੇ ਤਾਂ ਇਸ ਬੁਝਾਰਤ ਦਾ ਸਹੀ ਉੱਤਰ ਲੱਭਣਾ ਮੁਸ਼ਕਿਲ ਹੀ ਨਹੀਂ ਸਗੋਂ ਨਾਮੁੰਮਕਿਨ ਹੈ।

ਦਾਸ ਲੇਖਕ ਕਿਸੇ ਨੂੰ ਵੀ ਗੋਲੀ ਮਾਰਨ ਦੇ ਵਿਰੁੱਧ ਹੈ ਅਤੇ ਕਿਸੇ ਦੀ ਮੌਤ ਵਿੱਚੋਂ ਆਪਣਾ ਭਲਾ ਨਹੀਂ ਵੇਖਣਾ ਚਾਹੁੰਦਾ, ਪਰ ਇੱਕ ਲੇਖਕ ਜਾਂ ਚਿੰਤਕ ਦੇ ਤੌਰ ਉੱਤੇ ਸਮਾਜ਼ ਨੂੰ ਸੱਚ ਦੇ ਦਰਸ਼ਨ ਕਰਵਾਏ ਬਿਨ੍ਹਾਂ ਕਲਮ ਚੁੱਕਣੀ ਵੀ ਗੁਨਾਹ ਹੈ। ਇਸ ਵਾਸਤੇ ਇੱਕ ਹਰਿੰਦਰ ਸੋਨੀ ਨੂੰ ਗੋਲੀ ਮਾਰਨ ਦੀ ਘਟਨਾ ਨਹੀਂ, ਮੈਂ ਭਾਰਤ ਵਿੱਚਲੀਆਂ ਕੁੱਝ ਵੱਡੀਆਂ ਘਟਨਾਵਾਂ ਦਾ ਜ਼ਿਕਰ ਕਰਨਾ ਚਾਹੁੰਦਾ ਹਾ, ਕਿ ਜੇ ਸਾਡੇ ਨਿਜ਼ਾਮ ਦੀ ਨਲਾਇਕੀ ਜਾਂ ਬੇਈਮਾਨੀ ਨਾ ਹੋਵੇ ਤਾਂ ਇਹ ਸਮਾਜ਼ ਜਾਂ ਦੇਸ਼ ਬੇਗਮਪੂਰਾ ਬਣ ਸਕਦਾ ਹੈ। ਇਸ ਦੇਸ਼ ਵਿੱਚ ਪ੍ਰਸਾਸ਼ਨ ਹਮੇਸ਼ਾ ਮੱਖੀ ਉੱਤੇ ਮੱਖੀ ਮਾਰਦਾ ਆ ਰਿਹਾ ਹੈ। ਕਦੇ ਕਿਸੇ ਵੀ ਗੋਲੀ ਕਾਂਡ ਜਾਂ ਕਿਸੇ ਹੋਰ ਹਾਦਸੇ ਦੀ ਤਹਿ ਤੱਕ ਜਾਣ ਦੀ ਕੋਸ਼ਿਸ਼ ਨਹੀਂ ਕੀਤੀ ਗਈ, ਕਿਉਂਕਿ ਕਿ ਭਾਰਤੀ ਨਿਜ਼ਾਮ ਇਸ ਭਾਰਤ ਨੂੰ ਸਿਰਫ ਇੱਕ ਬਹੁਗਿਣਤੀ ਫਿਰਕੇ ਦਾ ਦੇਸ਼ ਹੀ ਸਮਝਦਾ ਅਤੇ ਭਵਿੱਖ ਵਿੱਚ ਇਸ ਨੂੰ ਸੰਵਿਧਾਨਿਕ ਮਾਨਤਾ ਦੇਣ ਦੀ ਤਿਆਰੀ ਵਿੱਚ ਵੀ ਹੈ। ਇਸ ਕਰਕੇ ਹੀ ਕਦੇ ਕਿਸੇ ਦੁਖਾਂਤ ਦੀ ਤਹਿਕੀਕਾਤ ਕਰਵਾਉਣ ਦੀ ਲੋੜ ਮਹਿਸੂਸ ਨਹੀਂ ਕੀਤੀ ਗਈ।

ਕਸ਼ਮੀਰ ਸਿੰਘ ਅੱਜ ਕਾਨੂੰਨ ਦੀ ਨਜਰ ਵਿੱਚ ਮੁਜਰਿਮ ਬਣ ਗਿਆ ਹੈ, ਪਰ ਉਸ ਦੀ ਮਾਨਸਿਕ ਦਸ਼ਾ ਜਾਂ ਜਿਹੜੀ ਪੀੜਾ ਨੇ ਉਸ ਨੂੰ ਅਜਿਹਾ ਕਰਨ ਵਾਸਤੇ ਉਕਸਾਇਆ ਹੈ, ਉਸ ਨੂੰ ਪਰਖੇ ਬਿਨ੍ਹਾਂ ਮਸਲੇ ਦਾ ਹੱਲ ਨਹੀਂ ਨਿਕਲ ਸਕਦਾ। ਮੈਂ ਭਾਰਤ ਵਾਸੀਆਂ ਨੂੰ ਇੱਕ ਸਵਾਲ ਪੁੱਛਣਾ ਚਾਹੁੰਦਾ ਹਾ ਕਿ ਭਾਈ ਰਣਜੀਤ ਸਿੰਘ ( ਸਾਬਕਾ ਜਥੇਦਾਰ ਅਕਾਲ ਤਖਤ ਸਾਹਿਬ ) ਕਿਹੜੇ ਪੇਸ਼ੇਵਰ ਕਾਤਲ ਸਨ? ਜਾਂ ਉਹਨਾਂ ਦੀ ਨਿਰੰਕਾਰੀ ਮੁਖੀ ਗੁਰਬਚਨ ਸਿਹੁੰ ਨਾਲ ਕਿਹੜੀ ਦੁਸ਼ਮਨੀ ਸੀ, ਜੇਕਰ ਗੁਰਬਚਨ ਸਿਹੁੰ ਉੱਤੇ, ਵਿਸਾਖੀ 1978 ਨੂੰ ਸ਼ਹੀਦ ਕੀਤੇ 13 ਸਿੱਖਾਂ ਦਾ ਮੁਕੱਦਮਾ ਕਾਨੂੰਨ ਅਨੁਸਾਰ ਚੱਲਦਾ, ਕੇਸ ਬਦਲਕੇ ਕਰਨਾਲ ਨਾ ਜਾਂਦਾ ਅਤੇ ਅਦਾਲਤਾਂ ਭੈਅ ਰਹਿਤ ਹੋ ਕੇ ਇਨਸਾਫ਼ ਕਰਦੀਆਂ ਤਾਂ ਭਾਈ ਰਣਜੀਤ ਸਿੰਘ ਨੂੰ ਕਿਹੜੀ ਲੋੜ ਸੀ ਕਿ ਉਹ ਗੁਰਬਚਨ ਸਿਹੁੰ ਨੂੰ ਕਤਲ ਕਰਨ ਦਿੱਲੀ ਕਿਉਂ ਜਾਂਦੇ ? ਸ. ਬੇਅੰਤ ਸਿੰਘ ਜਿਹੜਾ ਰੋਜ਼ ਦਿਹਾੜੇ ਇੰਦਰਾ ਗਾਂਧੀ ਦੇ ਸਰੀਰ ਦੀ ਰਾਖੀ ਕਰਦਿਆਂ, ਆਪਣੀ ਜਾਨ ਨਿਸ਼ਾਵਰ ਕਰਨ ਵਾਸਤੇ ਤਿਆਰ ਰਹਿੰਦਾ ਸੀ, ਜੇ ਇੰਦਰਾ ਗਾਂਧੀ ਨੇ ਦਰਬਾਰ ਸਾਹਿਬ ਉੱਤੇ ਫੌਜੀ ਹਮਲਾ ਕੀਤਾ ਤਾਂ ਸ. ਬੇਅੰਤ ਸਿੰਘ ਨੂੰ ਰਖਵਾਲੇ ਦੀ ਥਾਂ ਕਾਤਲ ਬਨਣ ਦੀ ਲੋੜ ਪਈ? ਭਾਈ ਦਿਲਾਵਰ ਸਿੰਘ ਜਿਹੜਾ ਰੋਟੀ ਰੋਜ਼ੀ ਵਾਸਤੇ ਪੁਲਿਸ ਵਿੱਚ ਭਰਤੀ ਹੋਇਆ, ਪੰਜਾਬ ਦੇ ਮੁੱਖ ਮੰਤਰੀ ਬੇਅੰਤ ਸਿਹੁੰ ਦੇ ਰਾਜ ਵਿੱਚ, ਬੇ ਗੁਨਾਹ ਸਿੱਖਾਂ ਦੇ ਹੁੰਦੇ ਝੂਠੇ ਪੁਲਿਸ ਮੁਕਾਬਲਿਆਂ ਤੋਂ ਉਪਰਾਮ ਹੋ ਕੇ, ਮਨੁੱਖੀ ਬੰਬ ਬਣਿਆ, ਬੇਅੰਤ ਸਿਹੁੰ ਤਾਂ ਮਾਰਿਆ ਹੀ ਆਪ ਵੀ ਨਾਲ ਹੀ ਉੱਡ ਗਿਆ।

ਹੋਰ ਵੀ ਬਹੁਤ ਮਿਸਾਲਾਂ ਹਨ, ਪਰ ਅੱਜ ਕੋਈ ਅੱਤਵਾਦੀ ਆਖੇ ਜਾਂ ਭਾਈ ਰਣਜੀਤ ਸਿੰਘ, ਸ. ਬੇਅੰਤ ਸਿੰਘ, ਸ. ਸਤਵੰਤ ਸਿੰਘ, ਭਾਈ ਦਿਲਾਵਰ ਸਿੰਘ ਨੂੰ ਕੋਈ ਕਾਤਲ ਆਖੇ, ਪਰ ਸਾਰੀ ਸਿੱਖ ਕੌਮ ਉਹਨਾਂ ਨੂੰ ਯੋਧੇ ਜਾਂ ਕੌਮੀ ਸ਼ਹੀਦ ਪਰਵਾਨਦੀ ਹੈ। ਜਿਹਨਾਂ ਨੂੰ ਇਹਨਾਂ ਮਹਾਨ ਲੋਕਾਂ ਨੇ ਮਾਰਿਆ, ਉਹ ਸਿੱਖਾਂ ਦੀ ਨਜਰ ਵਿੱਚ ਗੁਨਾਹਗਾਰ ਸਨ, ਜੇ ਸਾਡੇ ਦੇਸ਼ ਦਾ ਕਾਨੂੰਨ ਆਜ਼ਾਦ ਤੌਰ ਉੱਤੇ ਆਪਣਾ ਕੰਮ ਕਰਦਾ, ਜਿਹੜੇ ਲੋਕ ਗੁਨਾਹਗਾਰ ਹਨ ਉਹਨਾਂ ਨੂੰ, ਬਿਨ੍ਹਾਂ ਕਿਸੇ ਨਸਲੀ ਭੇਦ ਭਾਵ ਤੋਂ ਜੁਰਮ ਦੀ ਕਿਸਮ ਅਨੁਸਾਰ, ਬਣਦੀ ਸਜ਼ਾ ਦਿੰਦਾ ਤਾਂ ਕਦੇ ਵੀ ਕੋਈ ਕਾਤਲ ਨਾ ਬਣਦਾ।

ਕੱਲ ਵੀ ਜੋ ਕੁੱਝ ਗੁਰਦਾਸਪੁਰ ਵਿੱਚ ਵਾਪਰਿਆ ਹੈ, ਇਸ ਪਿੱਛੇ ਵੀ ਪ੍ਰਸਾਸ਼ਨ ਦੀ ਨਲਾਇਕੀ ਜਾਂ ਪੱਖਪਾਤ ਹੀ ਜਿੰਮੇਵਾਰ ਹੈ, ਅੱਜ ਬੇਸ਼ੱਕ ਉਸ ਵੇਲੇ ਵਾਲੇ ਅਫਸਰ ਉਥੇ ਤੈਨਾਤ ਨਹੀਂ ਹੋਣਗੇ, ਲੇਕਿਨ ਜਦੋਂ ਭਾਈ ਜਸਪਾਲ ਸਿੰਘ ਚੌੜਸਿਧਵਾਂ ਨੂੰ ਪੁਲਿਸ ਨੇ ਗੋਲੀ ਮਾਰੀ ਸੀ, ਉਸ ਦਿਨ ਦਾ ਬੰਦ ਲੋਕਾਂ ਨੇ ਸਰਕਾਰ ਦੇ ਖਿਲਾਫ਼ ਕੀਤਾ ਸੀ ਨਾ ਕਿ ਕਿਸੇ ਹੋਰ ਧਰਮ ਜਾਂ ਫਿਰਕੇ ਦੇ ਖਿਲਾਫ਼ ਕੀਤਾ ਸੀ, ਫਿਰ ਹਰਿੰਦਰ ਸੋਨੀ ਵੱਲੋਂ ਜੋ ਕਿਸੇ ਸਿੱਖ ਦੀ ਪੱਗ ਲਾਹੁਣ ਜਾਂ ਉਸ ਦੀ ਬੇਅਦਬੀ ਕਰਨ ਦੀ ਘਟਨਾ ਘਟੀ, ਉਸ ਦਾ ਸਮੇਂ ਦੇ ਪ੍ਰਸਾਸ਼ਨ ਨੇ ਕੀਹ ਨੋਟਿਸ ਲਿਆ?

ਇਥੇ ਗੱਲ ਇਹ ਨਹੀਂ ਕਿ ਜਸਪਾਲ ਸਿੰਘ ਨੂੰ ਪੁਲਿਸ ਨੇ ਮਾਰ ਦਿਤਾ ਜਾਂ ਹਰਿੰਦਰ ਸੋਨੀ ਨੂੰ ਕਿਸੇ ਸਿੱਖ ਮੁੰਡੇ ਨੇ ਗੋਲੀ ਮਾਰ ਦਿੱਤੀ, ਸਵਾਲ ਤਾਂ ਇਹ ਹੈ ਕਿ ਜੇ ਉਸ ਦਿਨ ਹੀ ਹਰਿੰਦਰ ਸੋਨੀ ਉੱਤੇ ਕਿਸੇ ਦੀ ਪੱਗ ਲਾਹ ਕੇ, ਬੇਇਜਤੀ ਕਰਨ ਦਾ ਮੁਕੱਦਮਾ ਦਰਜ਼ ਕਰ ਲਿਆ ਜਾਂਦਾ ਤਾਂ ਅੱਗੇ ਤੋਂ ਕੋਈ ਵੀ ਪੰਜਾਬ ਵਿੱਚ ਫਿਰਕੂ ਫ਼ਸਾਦ ਕਰਵਾਉਣ ਦੀ ਹਿੰਮਤ ਨਾ ਕਰ ਸਕਦਾ, ਲੇਕਿਨ ਪ੍ਰਸਾਸ਼ਨ ਨੇ ਤਾਂ ਉਸ ਨੂੰ ਸਜ਼ਾ ਦੇਣ ਦੀ ਥਾਂ ਗੰਨਮੈਨ ਦਿੱਤੇ, ਫਿਰ ਕਸ਼ਮੀਰ ਸਿੰਘ ਦੀਆਂ ਭਾਵਨਾਵਾਂ ਨੂੰ ਭੜਕਾਉਣ ਪਿੱਛੇ ਮੁੱਖ ਦੋਸ਼ੀ ਸਾਡੀ ਸਰਕਾਰ ਅਤੇ ਉਹ ਅਧਿਕਾਰੀ ਹਨ,ਜਿਹੜੇ ਕਿਸੇ ਖਾਸ ਪ੍ਰਭਾਵ ਅਧੀਨ ਕਿਸੇ ਨੂੰ ਤਾਂ ਗੋਲੀ ਮਾਰ ਸਕਦੇ ਹਨ ਅਤੇ ਕਿਸੇ ਨੂੰ ਸਜ਼ਾ ਦੀ ਬਜਾਇ ਸਰਕਾਰੀ ਸੁਰੱਖਿਆ ਗਾਰਡ ਦੇ ਕੇ ਉਸ ਦੀ ਹੌਂਸਲਾ ਅਫਜਾਈ ਕਰਦੇ ਹਨ। ਸੰਵਿਧਾਨ ਕਿਸੇ ਨੂੰ ਆਗਿਆ ਨਹੀਂ ਦਿੰਦਾ ਕਿ ਕੋਈ ਕਿਸੇ ਦੀ ਜਾਨ ਲਵੇ ਜਾਂ ਗੁਨਾਹ ਵੇਲੇ ਕਿਸੇ ਦੀ ਜਾਤ ਜਾਂ ਜਮਾਤ ਨੂੰ ਵੇਖਕੇ ਮੁਕੱਦਮਾ ਦਰਜ਼ ਹੋਵੇ।

ਇਸ ਵਾਸਤੇ ਅਜਿਹੀਆਂ ਘਟਨਾਵਾਂ ਜਿਹੜੀਆਂ ਪੰਜਾਬ ਦੇ ਅਮਨ ਨੂੰ ਅੱਗ ਲਾਉਣ ਵਾਲੀਆਂ ਹੋਣ, ਉਹਨਾਂ ਨਾਲ ਸਖਤੀ ਦੇ ਨਾਲ, ਕਾਨੂੰਨ ਨੂੰ ਅਜ਼ਾਦਾਨਾ ਤੌਰ ਉੱਤੇ ਕੰਮ ਕਰਨਾ ਪਵੇਗਾ। ਜਿਹੜੇ ਵੀ ਅਫਸਰ ਜਾਂ ਸਿਆਸਦਾਨ ਅਜਿਹੇ ਮੌਕੇ ਉੱਤੇ ਕਿਸੇ ਖਾਸ ਧਿਰ ਨਾਲ ਖੜੇ ਹੋ ਕੇ ਸੱਚ ਉੱਤੇ ਪਰਦਾ ਪਾਉਣਗੇ ਅਤੇ ਕਿਸੇ ਦੇ ਜੁਰਮ ਨੂੰ ਛੁਪਾਉਣਗੇ, ਅਸਲ ਵਿੱਚ ਉਹ ਅੱਤਵਾਦੀ ਹਨ ਅਤੇ ਉਹ ਪੰਜਾਬ ਦੇ ਜਾਂ ਦੇਸ਼ ਹੀ ਨਹੀਂ, ਸਗੋਂ ਮਨੁੱਖਤਾ ਦੇ ਦੁਸ਼ਮਨ ਹਨ।

ਅੱਜ ਸਾਰੀਆਂ ਧਿਰਾਂ ਨੂੰ ਸੰਜਮ ਤੋਂ ਕੰਮ ਲੈਣ ਦੀ ਲੋੜ ਹੈ ਅਤੇ ਉਹਨਾਂ ਪਹਿਲੂਆਂ ਉੱਤੇ ਗੰਭੀਰ ਵਿਚਾਰ ਕਰਨ ਦੀ ਲੋੜ ਹੈ, ਜਿਹੜੇ ਕਿਸੇ ਨੂੰ ਹਥਿਆਰ ਚੁੱਕਣ ਵਾਸਤੇ ਮਜਬੂਰ ਕਰਦੇ ਹਨ ਜਾਂ ਉਕਸਾਉਂਦੇ ਹਨ। ਕੁੱਝ ਲੋਕ ਬੇਸ਼ੱਕ ਉਹ ਸਿੱਖ ਹਨ ਜਾਂ ਹਿੰਦੂ ਜਾਂ ਕਿਸੇ ਹੋਰ ਧਰਮ ਦੇ ਉਪਾਸ਼ਕ ਹਨ, ਜੇ ਉਹ ਇੱਕ ਦੂਜੇ ਦੀ ਬਤੌਰ ਇਨਸਾਨ ਇਜ਼ਤ ਕਰਨੀ ਨਹੀਂ ਸਿੱਖੇ ਤਾਂ ਉਹ ਧਰਮੀ ਅਖਵਾਉਂਣ ਦੇ ਹੱਕਦਾਰ ਨਹੀਂ ਹਨ। ਅੱਜ ਵੀ ਦੋਹਾਂ ਪਾਸਿਆਂ ਤੋਂ ਕੁੱਝ ਲੋਕ ਸੋਸ਼ਲ ਮੀਡੀਆ ਉੱਤੇ ਇੱਕ ਦੂਜੇ ਨੂੰ ਗਾਲੀ ਗਲੋਚ ਕਰ ਰਹੇ ਹਨ, ਇਹ ਮਸਲੇ ਦਾ ਹੱਲ ਨਹੀਂ। ਦੋਹੇ ਧਿਰਾਂ ਆਪਣੇ ਆਪ ਉੱਤੇ ਕਾਬੂ ਰੱਖਣ ਅਤੇ ਰੋਜ਼ ਰੋਜ਼ ਕਿਸੇ ਦੀ ਮੌਤ ਦੇ ਕਾਰਕ ਬਨਣ ਦੀ ਬਜਾਇ, ਜੀਓ ਅਤੇ ਜਿਉਣ ਦਿਓ ਦੇ ਸਿਧਾਂਤ ਦਾ ਪੱਲਾ ਫੜਣ। ਪ੍ਰਸਾਸ਼ਨ ਨੂੰ ਵੀ ਚਾਹੀਦਾ ਹੈ ਕਿ ਸੌੜੀ ਰਾਜਨੀਤੀ ਦੀ ਖੁਸ਼ਾਮਦਗੀ ਛੱਡਕੇ ਕਾਨੂੰਨ ਦਾ ਸਤਿਕਾਰ ਕਰਦਿਆਂ ਸਭ ਨੂੰ ਬਰਾਬਰ ਨਿਆਂ ਦੇਣ ਤਾਂ ਕਿ ਇਹ ਪੰਜਾਬ, ਇਹ ਭਾਰਤ ਇੱਕ ਗੁਲਦਸਤਾ ਬਣਿਆ ਰਹਿ ਸਕੇ। ਗੁਰੂ ਰਾਖਾ !!


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top