Share on Facebook

Main News Page

ਕੌਣ ਜ਼ੁੰਮੇਵਾਰ…?
-: ਜਸਪਾਲ ਸਿੰਘ ਹੇਰਾਂ

ਇਕ ਨੌਜਵਾਨ ਅੰਮਿ੍ਰਤਧਾਰੀ ਸਿੰਘ ਨੇ ਗੁਰਦਾਸਪੁਰ ਦੇ ਸ਼ਿਵ ਸੈਨਾ ਆਗੂ ਹਰਿੰਦਰ ਸੋਨੀ ਨੂੰ ਗੋਲੀ ਮਾਰ ਦਿੱਤੀ। ਸੋਨੀ ਗੰਭੀਰ ਜਖ਼ਮੀ ਹੋ ਗਿਆ, ਪਰ ਬੱਚ ਗਿਆ। ਸ਼ਿਵ ਸੈਨਾ ਆਗੂ ਤੇ ਚੱਲੀ ਗੋਲੀ ਤੋਂ ਬਾਅਦ ਪੰਜਾਬ ਪੁਲਿਸ ਦੇ ਮੁਖੀ ਨੇ ਪੰਜਾਬ ’ਚ ‘‘ਰੈਡ ਅਲਰਟ’’ ਜਾਰੀ ਕਰ ਦਿੱਤਾ। ਜਿਸਦਾ ਸਿੱਧਾ-ਸਿੱਧਾ ਅਰਥ ਇਹੋ ਹੈ ਕਿ ਪੰਥ ਦਰਦੀ, ਅੰਮਿ੍ਰਤਧਾਰੀ ਸਿੱਖ ਨੌਜਵਾਨਾਂ ਦੀ ਫੜੋਫੜੀ ਤੇਜ਼ ਹੋ ਜਾਵੇਗੀ। ਸਿੱਖੀ ਦਾ ਦਰਦ ਰੱਖਣ ਦੀ ਸਜ਼ਾ ਮਿਲਣੀ ਸ਼ੁਰੂ ਹੋ ਜਾਵੇਗੀ। ਅਸੀਂ ਹਮੇਸ਼ਾ ਹੋਕਾ ਦਿੱਤਾ ਹੈ ਕਿ ਸਿੱਖ ਕੌਮ ਸਰਬੱਤ ਦਾ ਭਲਾ ਮੰਗਦੀ ਹੈ। ਜ਼ੋਰ-ਜਬਰ ਦਾ ਖਾਤਮਾ ਲੋਚਦੀ ਹੈ। ‘ਜੀਓ ਅਤੇ ਜੀਓਣ’ ਦਾ ਨਾਅਰਾ ਬੁਲੰਦ ਕਰਦੀ ਹੈ।

ਪ੍ਰੰਤੂ ਇਸਦੇ ਬਾਵਜੂਦ ਸਿੱਖਾਂ ਨੂੰ ਇਸ ਦੇਸ਼ ’ਚ ਦੋ ਨੰਬਰ ਦੇ ਸ਼ਹਿਰੀ ਵਾਲੇ, ਗੁਲਾਮਾਂ ਵਰਗੇ ਵਤੀਰੇ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨਾਂ ਦੇ ਹੱਕਾਂ ਨੂੰ ਕੁਚਲਿਆ ਜਾਂਦਾ ਹੈ, ਕੌਮ ਦੀਆਂ ਭਾਵਨਾਵਾਂ ਦਾ ਕਤਲੇਆਮ ਹੁੰਦਾ ਹੈ, ਪ੍ਰੰਤੂ ਇਨਸਾਫ਼ ਨਹੀਂ ਮਿਲਦਾ। 28 ਮਾਰਚ 2013 ਨੂੰ ਸਿੱਖਾਂ ਨੇ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਰੋਕਣ ਲਈ ਗੁਰਦਾਸਪੁਰ ’ਚ ਰੋਸ ਵਿਖਾਵਾ ਕੀਤਾ। ਪ੍ਰੰਤੂ ਕੱਟੜ ਜਨੂੰਨੀ ਹਿੰਦੂਵਾਦੀ ਇਹੋ ਜਿਹੇ ਸੋਨੀ ਵਰਗੇ ਸ਼ਿਵ ਸੈਨਿਕਾਂ ਅਤੇ ਹਿੰਦੂਵਾਦੀਆਂ ਨੂੰ ਸਿੱਖਾਂ ਦਾ ਆਪਣੀ ਕੌਮੀ ਮੰਗ ਲਈ ਰੋਸ ਮੁਜ਼ਾਹਰਾ ਕਰਨਾ ਚੰਗਾ ਨਾਂਹ ਲੱਗਿਆ। ਉਨਾਂ ਪੰਜਾਬ ਦੇ ਅਮਨ-ਚੈਨ ਤੇ ਪੱਕੀ ਮੋਹਰ ਲਾਉਣ ਲਈ ਸਿੱਖਾਂ ਦੀ ਹੱਕੀ ਮੰਗ ਦੇ ਹੱਕ ’ਚ ਖੜਨ ਦੀ ਥਾਂ, ਉਸਦਾ ਜ਼ੋਰਦਾਰ ਵਿਰੋਧ ਕਰਕੇ ਪੰਜਾਬ ਦੇ ਅਮਨ-ਚੈਨ ਨੂੰ ਲਾਂਬੂ ਲਾਉਣ ਦਾ ਨਾਪਾਕ ਯਤਨ ਕੀਤਾ। ਪੁਲਿਸ ਦੀ ਗੋਲੀ ਨਾਲ ਇਕ ਮੁੱਛ ਫੁੱਟ ਗੱਭਰੂ ਜਸਪਾਲ ਸਿੰਘ ਚੌੜ ਸਿਧਵਾ ਸ਼ਹੀਦ ਹੋ ਗਿਆ। ਸੋਨੀ ਵਰਗਿਆਂ ਨੇ ਮੁਜ਼ਾਹਰਾਕਾਰੀ ਸਿੱਖਾਂ ਦੀਆਂ ਪੱਗਾਂ ਲਾਹੀਆਂ, ਉਨਾਂ ਤੇ ਹੱਲਾ ਬੋਲਿਆਸਰਕਾਰ ਨੇ ਸਿੱਖਾਂ ਨੂੰ ਇਨਸਾਫ਼ ਦੇਣ ਦੀ ਥਾਂ, ਸੋਨੀ ਵਰਗਿਆਂ ਨੂੰ ਸੁਰੱਖਿਆ ਦਸਤੇ ਦੇ ਦਿੱਤੇ। ਸ਼ਹੀਦ ਜਸਪਾਲ ਸਿੰਘ ਦੇ ਕਾਤਲਾਂ ਨੂੰ ਫੜਨ ਦੀ ਥਾਂ, ਕਲੀਨ ਚਿੱਟ ਦੇ ਦਿੱਤੀ ਗਈ। ਦਾਸਤਾਨ ਲੰਬੀ ਹੈ। ਇਸ ਦੇਸ਼ ’ਚ ਜਦੋਂ ਵੀ ਸਿੱਖਾਂ ਨੂੰ ਇਨਸਾਫ਼ ਦੀ, ਬਰਾਬਰੀ ਦੀ, ਆਪਣੇ ਹੱਕਾਂ ਦੀ ਮੰਗ ਕੀਤੀ, ਉਨਾਂ ਨੂੰ ਵੱਖਵਾਦੀ, ਅੱਤਵਾਦੀ ਗਰਦਾਨ ਕੇ ਗੋਲੀਆਂ ਦਾ ਸ਼ਿਕਾਰ ਬਣਾਇਆ ਗਿਆ। ਝੂਠੇ ਪਰਚੇ ਪਾ ਕੇ ਜੇਲਾਂ ’ਚ ਡੱਕਿਆ ਗਿਆ। ਸਿਖਾਂ ਨੇ ਜਬਰ ਦਾ ਮੁਕਾਬਲਾ ਸਬਰ ਨਾਲ ਕਰਨ ਦਾ ਐਲਾਨ ਕੀਤਾ।

ਉਨਾਂ ਦੇ ਸਬਰ ਨੂੰ ਜਬਰ ਨਾਲ ਤੋੜਨ ਦਾ ਹਰ ਕੋਝਾ ਹੱਥਕੰਡਾ ਤੇ ਜਾਬਰ ਡੰਡਾ ਹਮੇਸ਼ਾ ਵਰਤਿਆਂ ਗਿਆ। 28 ਮਾਰਚ 2013 ਨੂੰ ਸਿੱਖ ਦੀ ਭਾਵਨਾਤਮਕ ਮੰਗ ਦੀ ਪੂਰਤੀ ਲਈ ਸਾਂਤਮਈ ਰੋਸ ਮੁਜ਼ਾਹਰੇ ਤੇ ਪੁਲਿਸ ਗੋਲੀ ਚਲਾਉਂਦੀ ਹੈ। ਡਾਗਾਂ ਵਰਾਉਂਦੀ ਹੈ, ਇਕ ਨੌਜਵਾਨ ਦੀ ਮੌਤ ਤੱਕ ਹੋ ਜਾਂਦੀ ਹੈ, ਪ੍ਰੰਤੂ ਮੁੱਖ ਮੰਤਰੀ ਪੀੜਤ ਪਰਿਵਾਰ ਨਾਲ ਹਮਦਰਦੀ ਦੇ ਦੋ ਬੋਲ ਸਾਂਝੇ ਕਰਨ ਦੀ ਲੋੜ ਨਹੀਂ ਸਮਝਦੇ।

ਹੁਣ ਜਦੋਂ ਇਕ ਜਜ਼ਬਾਤੀ ਸਿੱਖ ਨੌਜਵਾਨ ਦੇ ਸਬਰ ਦਾ ਬੰਨ ਟੁੱਟ ਜਾਂਦਾ ਹੈ ਤੇ ਉਹ ਕੌਮ ਦੀ ਪੱਗ ਰੋਲਣ ਵਾਲਿਆਂ ਨੂੰ ਉਨਾਂ ਦੇ ਕੀਤੇ ਦੀ ਸਜ਼ਾ ਦੇਣ ਦਾ ਫੈਸਲਾ ਕਰ ਲੈਂਦਾ ਹੈ ਤਾਂ ਉਸ ਦੇ ਰੋਹ ਦੇ ਪ੍ਰਗਟਾਵੇ ਤੇ ਸਾਰੀ ਸਰਕਾਰ ਤੜਫ਼ ਉਠਦੀ ਹੈਬਾਦਲ ਸਾਬ, ਸਾਰੇ ਕੰਮ-ਕਾਜ ਭੁੱਲ ਕੇ, ਜਖ਼ਮੀ ਸੋਨੀ ਦੀ ਤੀਮਾਰਦਾਰੀ ਲਈ ਅੰਮਿ੍ਰਤਸਰ ਪੁੱਜਦੇ ਹਨ। ਅਸੀਂ ਹਿੰਸਕ ਕਾਰਵਾਈਆਂ ਦੇ ਹਾਮੀ ਨਹੀਂ, ਪ੍ਰੰਤੂ ਸਮੇਂ ਦੀਆਂ ਸਰਕਾਰਾਂ ਤੇ ਫਿਰਕੂ ਜਾਨੂੰਨ ’ਚ ਅੰਨੇ ਹਿੰਦੂਵਾਦੀ ਆਗੂਆਂ ਨੂੰ ਇਹ ਜ਼ਰੂਰ ਯਾਦ ਕਰਵਾ ਦੇਣਾ ਚਾਹੁੰਦੇ ਹਾਂ ਕਿ ਆਖ਼ਰ ਸਬਰ ਵੀ ਕਿੰਨਾ ਕੁ ਕੀਤਾ ਜਾ ਸਕਦਾ ਹੈ। ਇਸ ਦੇਸ਼ ਦਾ ਸੰਵਿਧਾਨ, ਇਸ ਦੇਸ਼ ਦਾ ਕਾਨੂੰਨ, ਇਸ ਦੇਸ਼ ਦਾ ਹਾਕਮ, ਇਸ ਦੇਸ਼ ਦੀ ਬਹੁਗਿਣਤੀ ਆਖ਼ਰ ਸਿੱਖਾਂ ਨੂੰ ਬਰਾਬਰੀ ਦਾ ਹੱਕ ਅਤੇ ਇਨਸਾਫ਼ ਕਿਉਂ ਨਹੀਂ ਦਿੰਦੀ? ਇਨਸਾਫ਼ ਪ੍ਰਾਪਤੀ ਦੇ ਸਾਰੇ ਰਾਹ ਬੰਦ ਹੋਣ ਤੇ ਹੀ ਹਥਿਆਰਾਂ ਵਾਲਾ ਰਾਹ ਖੁੱਲਦਾ ਹੈ, ਇਹ ਅਟੱਲ ਸਚਾਈ ਹੈ। ਸਾਨੂੰ ਆਪਣੀ ਜੁਆਨੀ ਪਿਆਰੀ ਹੈ, ਅਸੀਂ ਉਸਨੂੰ ਸਰਕਾਰੀ ਤਸ਼ੱਦਦ ਦੀ ਚੱਕੀ ’ਚ ਪਿਸਵਾਉਣਾ ਨਹੀਂ ਚਾਹੁੰਦੇ। ਪ੍ਰੰਤੂ ਕੌਮ ਦੀ ਰੁਲਦੀ ਪੱਗ ਕਾਰਣ ਭੜਕੇ ਜਜ਼ਬਾਤਾਂ ਨੂੰ ਕਿਵੇਂ ਸ਼ਾਂਤ ਕੀਤਾ ਜਾ ਸਕਦਾ ਹੈ, ਇਸ ਸੁਆਲ ਦਾ ਜਵਾਬ ਸਰਕਾਰ ਤੋਂ ਹੀ ਮੰਗਦੇ ਹਾਂ? ਸਮੇਂ ਦੇ ਹਾਕਮਾਂ ਨੂੰ ਦੇਸ਼ ਦੇ ਕਾਨੂੰਨ ਨੂੰ ਦੇਸ਼ ਦੇ ਨਾਗਰਿਕਾਂ ਨੂੰ ਇੱਕੋ ਨਜ਼ਰ ਨਾਲ ਵੇਖਣਾ ਚਾਹੀਦਾ ਹੈ। ਪ੍ਰੰਤੂ ਇਹ ਇਸ ਦੇਸ਼ ’ਚ ਹੋ ਨਹੀਂ ਰਿਹਾ।

ਅੱਜ ਹਿੰਦੂਵਾਦੀ ਆਗੂ ਸ਼ਰੇਆਮ ਮੁਸਲਮਾਨਾਂ ਤੋਂ ਵੋਟ ਦਾ ਹੱਕ ਖੋਹਣ ਦੀ ਮੰਗ ਕਰ ਰਹੇ ਹਨ, ਮੁਸਲਮਾਨਾਂ ਦੇ ਵਿਆਹ ਤੇ ਬੱਚੇ ਪੈਦਾ ਕਰਨ ਤੇ ਪਾਬੰਦੀ ਮੰਗੀ ਜਾ ਰਹੀ ਹੈ, ਪ੍ਰੰਤੂ ਸਰਕਾਰ ਖਾਮੋਸ਼ ਹੈ। ਬਹੁਗਿਣਤੀ, ਘੱਟਗਿਣਤੀਆਂ ਤੇ ਜਿਵੇਂ ਮਰਜ਼ੀ ਹੱਲੇ ਬੋਲੀ ਜਾਵੇ, ਕੋਈ ਫ਼ਰਕ ਨਹੀਂ ਪੈਂਦਾ ਤੇ ਜੇ ਕੋਈ ਘੱਟਗਿਣਤੀ ਦਾ ਜਜ਼ਬਾਤੀ, ਗੈਰਤਮੰਦ ਇਨਸਾਫ਼, ਜਵਾਬੀ ਹੱਲਾ ਬੋਲ ਦੇਵੇ ਤਾਂ ਸਾਰੀ ਘੱਟਗਿਣਤੀ ਅੱਤਵਾਦੀ ਤੇ ਵੱਖਵਾਦੀ ਬਣ ਜਾਂਦੀ ਹੈ। ਆਖ਼ਰ ਇਹ ਦੂਹਰੇ ਮਾਪਦੰਡ ਹੀ ਅਜਿਹੇ ਦੁੱਖਦਾਈ ਕਾਂਡਾਂ ਨੂੰ ਜਨਮ ਦਿੰਦੇ ਹਨ, ਇਸ ਲਈ ਇਨਾਂ ਲਈ ਸਿਰਫ਼ ਤੇ ਸਿਰਫ਼ ਸਰਕਾਰ ਦੀ ਬਦਨੀਤੀ ਜੁੰਮੇਵਾਰ ਹੈ। ਜਿਸ ਦਿਨ ਸਰਕਾਰਾਂ ਵੋਟ ਰਾਜਨੀਤੀ ਤੋਂ ਉਪਰ ਉੱਠ ਕੇ ਇਨਸਾਫ਼ ਦੇਣ ਵਾਲੀਆਂ ਬਣ ਗਈਆਂ, ਉਸ ਦਿਨ ਤੋਂ ਬਾਅਦ ਗੁਰਦਾਸਪੁਰ ਵਰਗੇ ਕਾਂਡ ਪੱਕੇ ਤੌਰ ਤੇ ਬੰਦ ਹੋ ਜਾਣਗੇ, ਇਹ ਸਾਡਾ ਦਾਅਵਾ ਹੈ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top