Share on Facebook

Main News Page

ਧੂਰੀ ਦੀ ਜਿਮਨੀ ਚੋਣ ਵਿੱਚ ਕਈਆਂ ਨੇ ਤੇਲੀ ਵੀ ਕੀਤੇ, ਪਰ ਫਿਰ ਵੀ ਰੁੱਖਾ ਹੀ ਖਾਣਾ ਪਿਆ !!
-: ਗੁਰਿੰਦਰਪਾਲ ਸਿੰਘ ਧਨੌਲਾ 93161 76519

ਧੂਰੀ ਦੀ ਜਿਮਨੀ ਚੋਣ ਨੂੰ ਲੈ ਕੇ ਬਹੁਤ ਦਿਨਾਂ ਤੋਂ ਜਾਬ੍ਹਾਂ ਭੇੜ ਚੱਲ ਰਿਹਾ ਸੀ ਅਤੇ ਅਖਬਾਰਾਂ ਦੇ ਵੀ ਵੱਖੋ ਵੱਖਰੇ ਰਾਗ ਸਨ, ਜਿਸ ਕਰਕੇ ਦੂਰ ਦੁਰਾਡੇ ਵਾਲੇ ਲੋਕਾਂ ਵਿੱਚ ਤਾਂ ਭੰਬਲਭੂਸਾ ਹੋਣਾ ਹੀ ਸੀ, ਸਗੋਂ ਹਲਕੇ ਵਾਲੇ ਵੀ ਸ਼ਸ਼ੋਪੰਜ ਵਿੱਚ ਸਨ ਕਿ ਨਤੀਜਾ ਕੀਹ ਹੋਵੇਗਾ। ਆਪਣੇ ਪਿੰਡ ਵਿੱਚੋਂ ਵੋਟਾਂ ਭੁਗਤਾ ਲੈਣ ਤੋਂ ਬਾਅਦ ਵੀ ਪਾਰਟੀ ਵਰਕਰ ਦੁਬਿਧਾ ਵਿੱਚ ਸਨ। ਸਰਕਾਰ ਵਾਲੇ ਵਰਕਰਾਂ ਨੂੰ ਇਸ ਖਦਸ਼ਾ ਸੀ ਕਿ ਕਿਤੇ ਲੋਕ ਸਭਾ ਚੋਣ ਵਾਂਗੂੰ ਲੋਕ ਸਰਕਾਰ ਗੋਡੀ ਹੀ ਨਾ ਲਵਾ ਦੇਣ ਅਤੇ ਦੂਜੀਆਂ ਧਿਰਾਂ ਨੂੰ ਇਹ ਚਿੰਤਾ ਵੱਢ ਵੱਢ ਖਾ ਰਹੀ ਸੀ ਕਿ ਸਰਕਾਰੀ ਧਿਰ ਜਾਹਲੀ ਵੋਟਾਂ ਪਵੇਗੀ ਜਾਂ ਖਰੀਦੋ ਫਰੋਖਤ ਕਰੇਗੀ ਅਤੇ ਮਸ਼ੀਨਾਂ ਵਿੱਚ ਕਿਸੇ ਕਿਸਮ ਦੀ ਗੜਬੜ ਦਾ ਵੀ ਅੰਦੇਸ਼ਾ ਸੀ, ਲੇਕਿਨ ਅਖੀਰ ਅੱਜ ਧੂਰੀ ਦੀ ਜਿਮਨੀ ਚੋਣ ਦਾ ਨਤੀਜਾ ਆ ਹੀ ਗਿਆ ਅਤੇ ਸਰਕਾਰੀ ਧਿਰ ਨੇ ਬੜੀ ਸ਼ਾਨਦਾਰ ਜਿੱਤ ਪ੍ਰਾਪਤ ਕਰ ਲਈ ਹੈ।

ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਬਾਦਲ ਪਰਿਵਾਰ ਜਿਮਨੀ ਚੋਣਾਂ ਲੜਣ ਵਿੱਚ ਬਹੁਤ ਮਾਹਿਰ ਹੈ ਅਤੇ ਇੱਕ ਵਾਰ ਤਿਲਕ ਜਾਣ ਤੋਂ ਬਾਅਦ ਮੁੜਕੇ ਬਾਦਲ ਪਰਿਵਾਰ ਨੇ ਇਹਨਾਂ ਚੋਣਾਂ ਵਿੱਚ ਜਿੱਤ ਨੂੰ ਯਕੀਨੀ ਬਣਾਇਆ ਬੇਸ਼ੱਕ ਉਹਨਾਂ ਨੂੰ ਕੁੱਝ ਵੀ ਕਰਨਾ ਪਿਆ। ਇਸ ਚੋਣ ਵਿੱਚ ਬਾਦਲ ਪਰਿਵਾਰ ਦੀ ਸਿਰ ਧੜ ਦੀ ਲੱਗੀ ਹੋਈ ਸੀ, ਕਿਉਂਕਿ ਵਿਧਾਨਸਭਾ ਵਿਚ ਉਹਨਾਂ ਨੂੰ ਆਪਣੇ ਪੈਰਾਂ ਉੱਤੇ ਖੜੇ ਹੋਣ ਦੀ ਹਿੰਮਤ, ਇਸ ਵਿੱਚੋਂ ਹੀ ਪ੍ਰਾਪਤ ਹੋਣੀ ਸੀ, ਬੇਸ਼ੱਕ ਬੀ.ਜੇ.ਪੀ. ਨਾਲ ਭਾਈਵਾਲੀ ਵੀ ਰਹੇਗੀ, ਪਰ ਹੁਣ ਅੱਖਾਂ ਵਿਖਾਉਣ ਜੋਗੀ ਸ਼ਕਤੀ ਹਾਸਿਲ ਹੋ ਗਈ ਹੈ। ਕੁਝ ਸਿਆਸੀ ਪੰਡਤ ਇਹ ਪੋਸ਼ੀਨਗੋਈਆਂ ਵੀ ਕਰਦੇ ਰਹੇ ਕਿ ਬੀ.ਜੇ.ਪੀ. ਕਿਸੇ ਵੀ ਤਰੀਕੇ ਬਾਦਲ ਨੂੰ ਵਿਧਾਨਸਭਾ ਵਿਚ ਪੈਰਾਂ ਸਿਰ ਹੋਣ ਤੋਂ ਰੋਕਣ ਵਾਸਤੇ, ਬਾਦਲ ਦਲ ਦੇ ਉਮੀਦਵਾਰ ਨੂੰ ਹਰਾਉਣ ਵਿੱਚ ਆਪਣੀ ਲੁੱਕਵੀ ਚਾਰਾਜੋਈ ਕਰੇਗੀ। ਇਸ ਕਰਕੇ ਹੀ ਕੁੱਝ ਲੋਕਾਂ ਨੇ ਸੋਚਿਆ ਕਿ ਕਿਉਂ ਨਾ ਇਸ ਮੌਕੇ ਦਾ ਫਾਇਦਾ ਉਠਾਉਂਦਿਆਂ ਜਿਮਨੀ ਚੋਣ ਵਿੱਚ ਛਿੱਤਰ ਨਾਲ ਘੁੱਗੀ ਕੁੱਟ ਲਈ ਜਾਵੇ।

ਅਜਿਹੀ ਹੀ ਆਸ ਨਾਲ ਬਰਨਾਲਾ ਪਰਿਵਾਰ ਨੇ ਵੀ ਸਾਰੀ ਉਮਰ ਦੀ ਅਕਾਲੀਅਤ ਨੂੰ ਲੱਤ ਮਾਰਕੇ ਕਾਂਗਰਸ ਦੀ ਘੋੜੀ ਉੱਤੇ ਸਵਾਰ ਹੋਣ ਨੂੰ ਇੱਕ ਮਿੰਟ ਵੀ ਨਹੀਂ ਲਾਇਆ ਕਿ ਬਾਦਲ ਦੇ ਬੀ.ਜੇ.ਪੀ. ਨਾਲ ਖਟਾਸ ਵਾਲੇ ਮਹੌਲ ਅਤੇ ਅੰਦਰਲੀ ਰਾਜਨੀਤੀ ਦਾ ਫਾਇਦਾ ਲੈਣ ਵਾਸਤੇ, ਆਪਣੇ ਪੁਰਾਣੇ ਰਿਸ਼ਤਿਆਂ ਨੂੰ ਵਰਤਦਿਆਂ ਪੋਤਰੇ ਨੂੰ ਸੌਖੇ ਜਿਹੇ ਹੀ ਵਿਧਾਨ ਸਭਾ ਵਿੱਚ ਭੇਜਣ ਦਾ ਹੁਣ ਹੀ ਮੌਕਾ ਹੈ, ਲੇਕਿਨ ਉਹਨਾਂ ਨੂੰ ਇਹ ਪਤਾ ਨਹੀਂ ਸੀ ਕਾਂਗਰਸ ਅੰਦਰ ਵੀ ਤਾਂ ਅਜਿਹਾ ਕੁੱਝ ਹੀ ਚੱਲ ਰਿਹਾ ਹੈ। ਬਰਨਾਲਾ ਪਰਿਵਾਰ ਨੂੰ ਇਹ ਭਰੋਸਾ ਸੀ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਉਹ ਚੋਣ ਪ੍ਰਚਾਰ ਵਿੱਚ ਜੁਟਾਉਣ ਵਾਸਤੇ ਰਾਜ਼ੀ ਕਰ ਲੈਣਗੇ ਤੇ ਅਖੀਰਲੇ ਦਿਨਾਂ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਫੇਰੀ ਪਾਈ ਵੀ, ਪਰ ਅਮਰਿੰਦਰ ਸਿੰਘ ਵੀ ਇਹ ਕਿਵੇ ਬਰਦਾਸ਼ਤ ਕਰ ਸਕਦੇ ਸਨ ਕਿ ਪ੍ਰਤਾਪ ਸਿੰਘ ਬਾਜਵਾ ਦੀ ਪਰਧਾਨਗੀ ਹੇਠ ਜਿਮਨੀ ਚੋਣ ਜਿੱਤੀ ਜਾਵੇ ਅਤੇ ਸਰਦਾਰ ਬਾਜਵਾ ਪੰਜਾਬ ਕਾਂਗਰਸ ਦੇ ਸੁਪਰ ਸਟਾਰ ਬਣ ਜਾਣ ਅਤੇ ਉਹਨਾਂ ਦੀ ਪ੍ਰਧਾਨਗੀ ਪੱਕੀ ਹੋ ਜਾਵੇ, ਕੁੱਝ ਕਾਂਗਰਸੀ ਵਰਕਰ ਵੀ ਨਰਾਜ਼ ਸਨ ਕਿ ਪਹਿਲਾਂ ਤਾਂ ਕਾਂਗਰਸ ਨੇ ਕਿਤੋਂ ਅਰਵਿੰਦ ਖੰਨਾ ਲੱਭ ਲਿਆਂਦਾ ਅਤੇ ਹੁਣ ਨਵਾ ਮਛੋਹਰ ਲਿਆ ਮੱਥੇ ਮਾਰਿਆ ਹੈ, ਉਹ ਵੀ ਕਾਂਗਰਸੀ ਪਿਛੋਕੜ ਵਾਲਾ ਨਹੀਂ ਬਰਨਾਲਾ ਪਰਿਵਾਰ ਨੇ ਕਾਂਗਰਸ ਤੋਂ ਟਿਕਟ ਤਾਂ ਜਰੂਰ ਲਈ, ਪਰ ਚੋਣ ਮੁਹਿੰਮ ਵਿੱਚ ਆਪਣੇ ਪੁਰਾਣੇ ਅਕਾਲੀ ਚਹੇਤਿਆਂ ਨੂੰ ਪਹਿਲ ਦਿੱਤੀ, ਜਿਸ ਕਰਕੇ ਪਕਰੋੜ ਕਾਂਗਰਸੀ ਅਕਸਰ ਨਿਰਾਸ਼ਤਾ ਵਿੱਚ ਹੀ ਚੋਣ ਪ੍ਰਚਾਰ ਕਰਦੇ ਰਹੇ ਅਤੇ ਨਤੀਜਾ ਬਿੱਲਕੁੱਲ ਆਸਾਂ ਉੱਤੇ ਪਾਣੀ ਫੇਰ ਗਿਆ।

ਇੱਕ ਹੋਰ ਧਿਰ ਅਕਾਲੀ ਦਲ ਅੰਮ੍ਰਿਤਸਰ ਵੀ ਸੋਚਦਾ ਸੀ ਕਿ ਸ਼ਾਇਦ ਧੂਰੀ ਤੋਂ ਇਸ ਵਾਰੀ ਉਹਨਾਂ ਦਾ ਦਾਅ ਲੱਗ ਸਕਦਾ ਹੈ, ਕਿਉਂਕਿ ਇੱਕ ਤਾਂ ਕਾਂਗਰਸੀਆਂ ਅੰਦਰ ਗੁੱਸਾ ਹੈ ਕਿ ਅਕਾਲੀ ਪਿਛੋਕੜ ਵਾਲੇ ਉਮੀਦਵਾਰ ਨੂੰ ਟਿਕਟ ਦਿੱਤੀ ਹੈ ਅਤੇ ਕਾਂਗਰਸੀ ਬਾਦਲ ਨੂੰ ਤਾਂ ਵੋਟ ਪਾ ਹੀ ਨਹੀਂ ਸਕਦੇ, ਇਸ ਕਰਕੇ ਉਹਨਾਂ ਕੋਲ ਅਕਾਲੀ ਦਲ ਅੰਮ੍ਰਿਤਸਰ ਨੂੰ ਵੋਟ ਪਾਉਣ ਤੋਂ ਬਿਨ੍ਹਾਂ ਕੋਈ ਚਾਰਾ ਹੀ ਨਹੀਂ ਹੋਵੇਗਾ। ਧੂਰੀ ਤੋਂ ਲੋਕਸਭਾ ਚੋਣ ਵਿੱਚ ਇਕਾਹਠ ਹਜ਼ਾਰ ਵੋਟਾਂ ਲੈਣ ਵਾਲੀ ਆਮ ਆਦਮੀ ਪਾਰਟੀ ਵੀ ਚੋਣ ਮੈਦਾਨ ਵਿੱਚ ਨਹੀਂ ਆਈ, ਉਹਨਾਂ ਦਾ ਵੋਟ ਬੈਕ ਵੀ ਅਕਾਲੀ ਦਲ ਜਾਂ ਕਾਗਰਸ ਦੀ ਥਾਂ ਅਕਾਲੀ ਦਲ ਅੰਮ੍ਰਿਤਸਰ ਨੂੰ ਹੀ ਵੋਟ ਪਵੇਗਾ। ਬੇਸ਼ੱਕ ਸ. ਸਿਮਰਨਜੀਤ ਸਿੰਘ ਮਾਨ, ਚੋਣਾਂ ਦੌਰਾਨ ਖਾਲਿਸਤਾਨ ਦਾ ਮੁੱਦਾ ਨਾ ਉਠਾਏ ਜਾਣ ਦੀ ਮੰਗ ਉੱਤੇ, ਅਨੇਕਾ ਵਾਰ ਪਾਰਟੀ ਅੰਦਰ ਪੈਦਾ ਹੋਏ, ਵਿਚਾਰ ਦੇ ਸਬੰਧ ਵਿੱਚ ਸਪਸ਼ਟ ਕਰ ਚੁੱਕੇ ਹਨ ਕਿ ਤੁਸੀਂ ਇਹ ਮੁੱਦਾ ਛੱਡਕੇ ਕਿ ਵੇਖ ਲਵੋ, ਵੋਟ ਤੁਹਾਨੂੰ ਫਿਰ ਵੀ ਨਹੀਂ ਪਵੇਗੀ, ਪਰ ਇਸ ਵਾਰੀ ਪਾਰਟੀ ਦੀ ਦੂਜੀ ਕਤਾਰ ਦੀ ਲੀਡਰਸ਼ਿੱਪ ਖਾਲਿਸਤਾਨ ਨੂੰ ਵੀ ਪਾਸੇ ਰੱਖਕੇ ਚੋਣ ਮੁਹਿੰਮ ਚਲਾਈ।

ਪਾਰਟੀ ਦੇ ਕੁੱਝ ਸੀਨੀਅਰ ਨੇਤਾਵਾਂ ਨੇ ਬੀ.ਜੇ.ਪੀ ਦੇ ਸ਼ਹਿਰੀ ਆਗੂਆਂ ਅਤੇ ਧੂਰੀ ਦੇ ਕੁੱਝ ਹਿੰਦੂ ਪਰਿਵਾਰਾਂ ਵਿੱਚ ਮੀਟਿੰਗਾਂ ਕਰਕੇ, ਬੜੀ ਤਸੱਲੀ ਪ੍ਰਾਪਤ ਕੀਤੀ ਕਿ ਇਸ ਵਾਰ ਹਿੰਦੂ ਵੋਟ ਦਾ ਵੀ ਕਾਫੀ ਹੁੰਗਾਰਾ ਮਿਲੇਗਾ। ਆਮ ਆਦਮੀ ਪਾਰਟੀ ਦੇ ਕੁੱਝ ਸਥਾਨਕ ਨੇਤਾਵਾਂ ਨਾਲ ਗੁਪਤ ਮੀਟਿੰਗਾਂ ਕੀਤੀਆਂ, ਕਾਗਰਸ ਦੇ ਕੁੱਝ ਆਗੂਆਂ ਨੂੰ ਵੀ ਅੰਦਰ ਖਾਤੇ ਹੱਕ ਵਿਚ ਭੁਗਤਾਉਣ ਦੀ ਵਾਹ ਲਾਈ, ਸਾਰੇ ਲੋਕਾਂ ਨਾਲ ਜ਼ਹਰਾ ਜਾਂ ਗੁਪਤ ਮੀਟਿਗਾਂ ਕੀਤੇ ਜਾਣ ਦਾ ਕੋਈ ਫਾਇਦਾ ਨਹੀਂ ਹੋਇਆ। ਸਾਰੇ ਪੰਜਾਬ ਦੀ ਜਥੇਬੰਦੀ ਵੱਲੋਂ ਮਹੀਨਾਂ ਭਰ ਡੇਰੇ ਲਾਉਣ ਤੋਂ ਬਾਅਦ ਵੀ ਨਤੀਜਾ ਉਹ ਹੀ ਹੋਇਆ, ਜੋ ਪਹਿਲਾਂ ਖਾਲਿਸਤਾਨ ਦਾ ਮੁੱਦਾ ਉਠਾਉਣ ਦੇ ਬਾਵਜੂਦ ਹੁੰਦਾ ਸੀ। ਅਕਾਲੀ ਦਲ ਅੰਮ੍ਰਿਤਸਰ ਦੇ ਬਹੁਤ ਸਾਰੇ ਦੂਜੀ ਤੀਜੀ ਕਤਾਰ ਦੇ ਆਗੂ ਤਾਂ ਜਿੱਤ ਦੀਆਂ ਆਸਾਂ ਲਾਈ ਫਿਰਦੇ ਸਨ ਅਤੇ ਹਰ ਜਗਾ ਬਹਿਸ ਕਰਦੇ ਸਨ ਕਿ ਜਿੱਤ ਦੀ ਗੱਲ ਛੱਡੋ ਹੁਣ ਤਾਂ ਇਹ ਹੈ ਕਿ ਲੀਡ ਕਿੰਨੀ ਮਿਲਦੀ ਹੈ।

ਕੁੱਝ ਵੀ ਹੋਵੇ ਅੱਜ ਸਭ ਨੂੰ ਪਤਾ ਲੱਗ ਗਿਆ ਹੈ ਕਿ ਕਿੰਨੇ ਪਾਣੀ ਵਿੱਚ ਹਨਬਾਦਲ ਦੀ ਜਿੱਤ ਦੀ ਦਾਸ ਲੇਖਕ ਨੂੰ ਕੋਈ ਖੁਸ਼ੀ ਨਹੀਂ, ਨਾ ਕੋਈ ਹਮਦਰਦੀ ਸੀ ਅਤੇ ਨਾ ਹੀ ਭਵਿੱਖ ਵਿੱਚ ਹੈ, ਲੇਕਿਨ ਬਾਦਲ ਦੇ ਖਿਲਾਫ਼ ਲੜਣ ਵਾਲਿਆਂ ਦੀ ਹਾਰ ਉੱਤੇ ਬਹੁਤ ਨਮੋਸ਼ੀ ਆਈ ਹੈ ਕਿ ਬਾਦਲ ਦਲ ਦੀ ਸਿਆਸੀ ਘੋੜੀ ਦੀ ਲਗਾਮ ਫੜਣ ਵਾਲਾ ਪੰਜਾਬ ਵਿੱਚ ਕੋਈ ਵੀ ਨਹੀਂ ਹੈ ? ਦਰਅਸਲ ਬਾਦਲ ਨਹੀਂ ਜਿੱਤਿਆ ਉਸ ਦੇ ਵਿਰੋਧੀ ਆਪਣੀ ਹਉਮੈ ਅਤੇ ਚੋਣ ਨੀਤੀ ਵਿੱਚ ਗਲਤ ਯੋਜਨਾਬੰਦੀ ਕਰਕੇ ਹਾਰ ਖਾ ਗਏ ਹਨ। ਇਸ ਨਾਲ ਸਿਰਫ ਬਾਦਲ ਵਿਰੋਧੀਆਂ ਦਾ ਹੀ ਨੁਕਸਾਨ ਨਹੀਂ ਹੋਇਆ, ਸਗੋਂ ਪੰਜਾਬ ਅਤੇ ਪੰਥ ਦਾ ਬਹੁਤ ਵੱਡਾ ਨੁਕਸਾਨ ਹੋਇਆ ਹੈ ਅਤੇ ਭਵਿੱਖ ਵਿੱਚ ਹੋਰ ਵੀ ਹੋਣ ਦੀ ਸੰਭਾਵਨਾ ਹੈ। ਲੋਕਾਂ ਨੂੰ ਹਾਲੇ ਬਾਦਲ ਵਿਰੋਧੀਆਂ ਉੱਤੇ ਉਹ ਭਰੋਸਾ ਹੀ ਨਹੀਂ, ਜਿਸ ਤੋਂ ਇਹ ਪ੍ਰਤੀਤ ਹੁੰਦਾ ਹੋਵੇ ਕਿ ਇਹ ਬਾਦਲ ਦਾ ਬਦਲ ਬਣ ਵੀ ਸਕਦੇ ਹਨ ਜਾਂ ਨਹੀਂ, ਇਸ ਕਰਕੇ ਲੋਕ ਓਨਾਂ ਚਿਰ ਭਾਣਾ ਮੰਨਣ ਵਿੱਚ ਹੀ ਬਿਹਤਰੀ ਸਮਝਦੇ ਹਨ ਕਿ ਚੱਲੋ ਟਾਈਮ ਪਾਸ ਕਰੀ ਜਾਓ?

ਬੇਸ਼ੱਕ ਇਸ ਲੇਖ ਵਿਚਲੀ ਸਚਾਈ ਦਾ ਅਕਾਲੀ ਦਲ ਅੰਮ੍ਰਿਤਸਰ ਦੇ ਆਗੂਆਂ ਜਾਂ ਬਰਨਾਲਾ ਪਰਿਵਾਰ ਨੂੰ ਗੁੱਸਾ ਵੀ ਲੱਗੇ, ਪਰ ਲੋਕਾਂ ਦੀਆਂ ਭਾਵਨਾਵਾਂ ਅਤੇ ਜਮੀਨੀ ਹਕੀਕਤ ਇਹ ਹੀ ਬਿਆਨਦੀ ਹੈ। ਅਜਿਹਾ ਕੋਈ ਅਜਿੱਤ ਨਹੀਂ ਹੈ ਇੱਥੇ, ਜਿਸ ਨੂੰ ਜਿੱਤਿਆ ਨਾ ਜਾ ਸਕੇ, ਬੱਸ ਨੀਤੀਆਂ ਨੂੰ ਸਪਸ਼ਟ ਕਰਨ ਅਤੇ ਵੋਟਰਾਂ ਨੂੰ ਸਮਝਾਉਣ ਦੇ ਢੰਗ ਤਰੀਕੇ ਸਿੱਖਣ ਦੀ ਲੋੜ ਹੈ। ਜੇ ਧੂਰੀ ਦੀ ਜਿਮਨੀ ਚੋਣ, ਜਿਸ ਵਿੱਚ ਤੇਲੀ ਵੀ ਕੀਤਾ ਅਤੇ ਰੁੱਖਾ ਵੀ ਖਾਧਾ ਦੀ ਕਹਾਵਤ ਵਾਂਗੂੰ, ਨੀਤੀ ਦੀ ਵਰਤੋਂ ਹੀ ਨਾ ਕਰ ਸਕੇ, ਤਾਂ ਭਵਿੱਖ ਵਿੱਚ ਵੀ ਕਿਸੇ ਚੰਗੇ ਨਤੀਜੇ ਦੀ ਆਸ ਰੱਖਣੀ ਨਾਮੁੰਮਕਿਨ ਹੋਵੇਗੀ। ਜੇ ਆਪਣੇ ਅੰਦਰ ਝਾਤੀ ਮਾਰਦਿਆਂ ਬੀਤੇ ਦੀਆਂ ਗਲਤੀਆਂ ਦਾ ਚਿਤਰਣ ਕਰਕੇ, ਭਵਿੱਖ ਵਿੱਚ ਮੰਜ਼ਿਲ ਨੂੰ ਸਰ ਕਰਨ ਦਾ ਦ੍ਰਿੜ ਇਰਾਦਾ ਲੈ ਕੇ ਤੁਰਿਆ ਜਾਵੇ ਤਾਂ ਫਿਰ ਦਿੱਲੀ ਬਹੁਤੀ ਦੂਰ ਵੀ ਨਹੀਂ ਹੈ। ਗੁਰੂ ਰਾਖਾ !!


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top