Share on Facebook

Main News Page

ਹਿੰਦੂਵਾਦੀ ਤਾਕਤਾਂ ਸਿੱਖਾਂ ਦੇ ਗੁਰਦੁਆਰਾ ਸਾਹਿਬਾਨਾਂ 'ਤੇ ਕਬਜ਼ੇ ਕਰਕੇ, ਸਿੱਖੀ ਨੂੰ ਭਗਵੇਂ ਰੰਗ ’ਚ ਰੰਗਣ ਲਈ ਕਾਹਲੀਆਂ

ਗੁਰਦੁਆਰਾ ਸਾਹਿਬਾਨ ਸਿੱਖੀ ਦੇ ਪ੍ਰਚਾਰ ਤੇ ਪਾਸਾਰ ਦੇ ਧੁਰੇ ਹਨ। ਕੌਮ ਦੀ ਮਹਾਨਤਾ ਦੇ ਪ੍ਰਤੀਕ ਹਨ, ਕੌਮੀ ਸਿਧਾਂਤਾਂ ਦੇ ਪਹਿਰੇਦਾਰ ਹਨ ਅਤੇ ਜੇ ਇਹ ਵੀ ਆਖ਼ ਦੇਈਏ ਕਿ ਸਿੱਖੀ ਦੀਆਂ ਜੜਾਂ ਹਨ ਤਾਂ ਵੀ ਅਤਿ ਕਥਨੀ ਨਹੀਂ ਹੋਵੇਗੀ। ਇਹੋ ਕਾਰਣ ਹੈ ਕਿ ਸਮੇਂ-ਸਮੇਂ ਸਿੱਖ ਦੁਸ਼ਮਣ ਤਾਕਤਾਂ ਨੇ ਸਿੱਖੀ ਦੀ ਬੁਨਿਆਦ ਨੂੰ ਖੋਰਾ ਲਾਉਣ ਲਈ ਗੁਰਦੁਆਰਾ ਸਾਹਿਬਾਨ ਤੇ ਕਾਬਜ਼ ਹੋਣ ਦਾ ਹਰ ਸੰਭਵ ਯਤਨ ਕੀਤਾ ਅਤੇ ਕਈ ਵਾਰ ਸਫ਼ਲ ਵੀ ਹੋਏ, ਜਿਸ ਕਾਰਣ ਅੱਜ ਸਿੱਖੀ ’ਚ ਪਾਖੰਡਵਾਦ, ਕਰਮਕਾਂਡ ਤੇ ਆਡੰਬਰਵਾਦ ਦਾ ਬੋਲ-ਬਾਲਾ ਬਰਕਰਾਰ ਹੈ। ਗੁਰੂ ਦਸਮੇਸ਼ ਪਿਤਾ ਨੇ ਸਪੱਸ਼ਟ ਫੈਸਲਾ ਸੁਣਾਇਆ ਸੀ ਕਿ ‘‘ਖਾਲਸੇ ਦੀ ਸ਼ਕਤੀ ਉਸਦੇ ਨਿਆਰੇਪਣ ’ਚ ਹੈ ਅਤੇ ਜਦੋਂ ਖਾਲਸੇ ’ਚ ਖੋਟ ਆ ਗਈ, ਉਹ ਖਾਲਸਾ ਨਹੀਂ ਰਹੇਗਾ।

ਹਰ ਸਿੱਖ ਦੁਸ਼ਮਣ ਤਾਕਤ ਨੇ ਸ੍ਰੀ ਦਰਬਾਰ ਸਾਹਿਬ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਹੱਲਾ ਬੋਲ ਕੇ ਉਸਦੀ ਹੋਂਦ ਨੂੰ ਖ਼ਤਮ ਕਰਨ ਦਾ ਨਾਪਾਕ ਯਤਨ ਕੀਤਾ। ਪ੍ਰੰਤੂ ਪੁਰਾਤਨ ਸਿੱਖਾਂ ਦੇ ਮਨਾਂ ’ਚ ਸਿੱਖੀ ਸਿਧਾਂਤਾਂ ਪ੍ਰਪੱਕ ਸਨ, ਇਸ ਕਾਰਣ ਦੁਬਾਰਾ ਉਸਰਿਆ ਸ੍ਰੀ ਦਰਬਾਰ ਸਾਹਿਬ ਸਿੱਖ ਮਾਨਸਿਕਤਾ ਤੇ ਚੜਦੀ ਕਲਾਂ ਨੂੰ ਪਹਿਲਾ ਨਾਲੋਂ ਦੂਣ-ਸਵਾਇਆ ਕਰਦਾ ਰਿਹਾ। ਪ੍ਰੰਤੂ ਸਿੱਖ ਦੁਸ਼ਮਣ ਤਾਕਤਾਂ ਦਾ ਸਿੱਖੀ ਦੀਆਂ ਜੜਾਂ ਤੇ ਵਾਰ ਕਰਨ ਦਾ ਨਾਪਾਕ ਯਤਨ, ਨਿਰੰਤਰ ਜਾਰੀ ਰਿਹਾ, ਜਿਹੜਾ ਅੱਜ ਤੱਕ ਹੋ ਰਿਹਾ ਹੈ। ਕੱਟੜ, ਜਾਨੂੰਨੀ ਹਿੰਦੂਵਾਦੀ ਤਾਕਤਾਂ ਨਿਰੰਤਰ ਇਹ ਰਾਗ ਅਲਾਪ ਰਹੀਆਂ ਹਨ ਕਿ ‘‘ਸਿੱਖ ਧਰਮ, ਹਿੰਦੂ ਧਰਮ ਦਾ ਹਿੱਸਾ ਹੈ,’’ ਉਹ ਸਿੱਖਾਂ ਨੂੰ ਹੜੱਪਣ ਲਈ ਕਾਹਲੀਆਂ ਹਨ। ਇਨਾਂ ਸਿੱਖ ਦੁਸ਼ਮਣ ਤਾਕਤਾਂ ਵੱਲੋਂ ਸਿੱਖਾਂ ’ਚ ਘੁਸਪੈਠ ਕਰਕੇ, ਸਿੱਖਾਂ ਨੂੰ ਸਿੱਖੀ ਸਿਧਾਂਤਾਂ ਤੋਂ ਹਿਲਾ ਕੇ, ਕੰਮਜ਼ੋਰ ਕਰਕੇ, ਸਿੱਖੀ ਨੂੰ ਹੜੱਪਣ ਦੀ ਡੂੰਘੀ ਸਾਜ਼ਿਸ ਲੰਬੇ ਸਮੇਂ ਤੋਂ ਰਚੀ ਹੋਈ ਹੈ। ਜਿਸ ਸਾਜ਼ਿਸ ਅਧੀਨ ਹੀ ਇਨਾਂ ਭਗਵਾਂ ਤਾਕਤਾਂ ਨੇ ਗੁਰਬਾਣੀ, ਸਿੱਖ ਸਿਧਾਂਤ, ਪ੍ਰੰਪਰਾ, ਮਰਿਆਦਾ, ਕੈਲੰਡਰ, ਇਤਿਹਾਸ ਤੇ ਵਿਰਸੇ ’ਚ ਮਿਲਾਵਟ ਕਰਕੇ, ਕੌਮ ’ਚ ਦੁਬਿਧਾ ਤੇ ਭੰਬਲਭੂਸਾ ਪੈਦਾ ਕਰਨ ਦੇ ਕੁਝ ਯਤਨ ਆਰੰਭੇ ਹੋਏ ਹਨ। ਇਨਾਂ ਸਾਜ਼ਿਸਾਂ ਅਧੀਨ ਕੌਮ ’ਚ ਫੁੱਟ, ਦੁਫੇੜ, ਪਾਖੰਡ, ਕਰਮਕਾਂਡ ਤੇ ਆਡੰਬਰ ਦਿਨੋ-ਦਿਨ ਵੱਧ ਰਿਹਾ ਹੈ। ਜਿਵੇਂ ਕਿ ਅਸੀਂ ਪਹਿਲਾ ਉਪਰ ਲਿਖਿਆ ਹੈ ਕਿ ਸਿੱਖੀ ਦੇ ਕੇਂਦਰ ਗੁਰਦੁਆਰਾ ਸਾਹਿਬਾਨ ਤੇ ਕਬਜ਼ਾ ਕਰਨ ਦੀਆਂ ਕੋਸ਼ਿਸਾਂ ਸਿੱਖੀ ਦੀ ਹੋਂਦ ’ਚ ਆਉਣ ਤੇ ਨਾਲ ਹੀ ਸ਼ੁਰੂ ਹੋ ਗਈਆਂ ਸਨ।

ਸਿੱਖਾਂ ਨੇ ਗੁਰਦੁਆਰਿਆਂ ਨੂੰ ਅਜ਼ਾਦ ਕਰਨ ਲਈ ਲੜਾਈਆਂ, ਲੜੀਆਂ, ਕੁਰਬਾਨੀਆਂ ਦਿੱਤੀਆਂ, ਪ੍ਰੰਤੂ ਅੱਧ ਪ੍ਰਚੱਧ ਸਫ਼ਲਤਾ ਹੀ ਮਿਲੀ। ਸਿੱਖ ਦੁਸ਼ਮਣ ਤਾਕਤਾਂ ਨੇ ਡੇਰਿਆਂ ਦੇ ਰੂਪ ’ਚ, ਪਾਖੰਡੀ ਸਿੱਖਾਂ ਦੇ ਰੂਪ ’ਚ, ਬਹੁਤੇ ਗੁਰਦੁਆਰਿਆਂ ਤੇ ਕਬਜ਼ਾ ਕਰ ਲਿਆ ਹੈ। ਉਹ ਉਸ ਸ਼ੈਤਾਨੀ ਸਾਜ਼ਿਸ ਦੀ ਆਰੰਭਤਾ ਹੈ, ਜਿਸ ਸਾਜ਼ਿਸ ਅਧੀਨ ਹਿੰਦੂਵਾਦੀ ਤਾਕਤਾਂ ਸਿੱਖਾਂ ਦੇ ਭਗਤੀ ਦੇ ਕੇਂਦਰਾਂ ਅਥਵਾ ਗੁਰਦੁਆਰਾ ਸਾਹਿਬਾਨ ਤੇ ਕਬਜ਼ੇ ਕਰਕੇ, ਸਿੱਖੀ ਨੂੰ ਭਗਵੇਂ ਰੰਗ ’ਚ ਰੰਗਣ ਦੇ ਰਾਹ ਤੁਰੀਆਂ ਹੋਈਆਂ ਹਨ। ਤਖ਼ਤ ਸ੍ਰੀ ਹਜ਼ੂਰ ਸਾਹਿਬ ਤੇ ਸੰਘ ਨੇ ਆਪਣਾ ਸਿੱਧਾ ਕਬਜ਼ਾ ਕਰਕੇ, ਇਕ ਤਿਲਕਧਾਰੀ ਸਿੱਖ ਸਰੂਪ ਵਾਲੇ ਹਿੰਦੂਵਾਦੀ ਨੂੰ ਪ੍ਰਧਾਨ ਥਾਪ ਕੇ, ਆਪਣੀ ਇਸ ਨਾਪਾਕ ਸਾਜ਼ਿਸ ਨੂੰ ਸਾਫ਼ ਕਰ ਦਿੱਤਾ। ਸਿੱਖਾਂ ਦੇ ਧਾਰਮਿਕ ਤੇ ਰਾਜਸੀ ਆਗੂ, ਭਗਵਿਆਂ ਦੇ ਗੁਲਾਮ ਬਣੇ ਹੋਏ ਹਨ, ਜਿਸ ਕਾਰਣ ਉਨਾਂ ਵੱਲੋਂ ਭਗਵਿਆਂ ਦੇ ਸਿੱਖੀ ਤੇ ਇਸ ਨਾਪਾਕ ਹਮਲੇ ਦਾ ਕੋਈ ਜਵਾਬ ਨਹੀਂ ਦਿੱਤਾ ਜਾਵੇਗਾ। ਭਗਵਾਂ ਬਿ੍ਰਗੇਡ ਇਸ ਤੋਂ ਹੋਰ ਅੱਗੇ ਵੱਧੇਗੀ।

ਸ਼ੋ੍ਰਮਣੀ ਕਮੇਟੀ ਦੀ ਹੋਂਦ ਸੁਪਰੀਮ ਕੋਰਟ ਦੇ ਬਸਤੇ ’ਚ ਬੰਦ ਹੈ। ਸਾਜ਼ਿਸ ਧਾਰੀ ਵੋਟਰ ਦੇ ਮਾਮਲੇ ’ਚ ਭਗਵਾਂ ਸਰਕਾਰ ਸਿੱਧਾ ਦਾਖ਼ਲ ਦੇ ਕੇ, ਸ਼ੋ੍ਰਮਣੀ ਕਮੇਟੀ ਤੇ ਕਬਜ਼ੇ ਦਾ ਰਾਹ ਵੀ ਜਲਦੀ ਹੀ ਖੋਲ ਲਵੇਗੀ। ਇਹ ਠੀਕ ਹੈ ਕਿ ਤਖ਼ਤ ਸ੍ਰੀ ਹਜ਼ੂਰ ਸਾਹਿਬ ਦੀ ਮਰਿਯਾਦਾ ਅਤੇ ਉਸਦਾ ਕਬਜ਼ਾ ਲੰਬੇ ਸਮੇਂ ਤੋਂ ਹੀ ਸਰਕਾਰ ਤੇ ਗੈਰ-ਸਿੱਖ ਸਿਧਾਂਤਕ ਲੋਕਾਂ ਰਾਂਹੀਂ ਉਸਦੇ ਕਬਜ਼ੇ ’ਚ ਹੈ। ਪ੍ਰੰਤੂ ਜਿਸ ਤਰਾਂ ਹੁਣ ਮਹਾਂਰਾਸ਼ਟਰ ਦੀ ਭਗਵਾਂ ਸਰਕਾਰ ਨੇ ਇਕ ਹਿੰਦੂਵਾਦੀ ਤਿਲਕਧਾਰੀ ਸਿੱਖੀ ਸਰੂਪ ਵਾਲੇ ਆਪਣੇ ਵਿਧਾਇਕ ਨੂੰ ਪ੍ਰਧਾਨ ਥਾਪਿਆ ਹੈ, ਉਹ ਸਿੱਖੀ ਸਵੈਮਾਣ ਨੂੰ ਸਿੱਧੀ ਚੁਣੌਤੀ ਹੈ।

ਕੌਮ ਨੂੰ ਇਸ ਹਮਲੇ ਦਾ ਤੁਰੰਤ ਮੂੰਹ ਤੋੜਵਾ ਉੱਤਰ ਦੇਣਾ ਪਵੇਗਾ। ਜੇ ਅਸੀਂ ਆਪਣੇ ਆਗੂਆਂ ਤੇ ਕੌਮ ਦੇ ਠੇਕੇਦਾਰਾਂ ਵੱਲ ਵੇਖਦੇ ਰਹੇ ਤਾਂ ਫਿਰ ਗੁਰੂ ਘਰਾਂ ਤੇ ਭਗਵਾਂ ਕਬਜ਼ੇ ਦਾ ਰਾਹ ਪੂਰੀ ਤਰਾਂ ਖੁੱਲ ਜਾਵੇਗਾ। ਭਗਵਾਂ ਬਿ੍ਰਗੇਡ ਲਗਭਗ ਅੱਧੇ ਤੋਂ ਵੱਧ ਸਿੱਖਾਂ ਨੂੰ ਪਾਖੰਡੀ, ਕਰਮਕਾਂਡੀ, ਆਡੰਬਰੀ, ਬਣਾ ਕੇ ਸਿੱਖੀ ਨਾਲੋਂ ਤੋੜ ਕੇ ਆਪਣੀ ਪਿਟਾਰੀ ’ਚ ਪਾ ਚੁੱਕੀ ਹੈ ਅਤੇ ਗੁਰੂ ਘਰਾਂ ਤੇ ਕਬਜ਼ੇ ਨਾਲ ਬਾਕੀ ਰਹਿੰਦਿਆਂ ਨੂੰ ਵੀ ਆਪਣੀ ਪਟਾਰੀ ’ਚ ਪਾ ਕੇ, ‘‘ਸਿੱਖ, ਹਿੰਦੂ ਧਰਮ ਦਾ ਹਿੱਸਾ ਹਨ’’ ਦੇ ਆਪਣੇ ਨਾਅਰੇ ਤੇ ਮੰਤਵ ਦੀ ਪੂਰਤੀ ਕਰ ਲਵੇਗੀ। ਇਹ ਕੌੜਾ ਸੱਚ ਹੈ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top