Share on Facebook

Main News Page

ਫਿਲਮ "ਨਾਨਕ ਸ਼ਾਹ ਫਕੀਰ" 'ਤੇ ਰੋਕ ਲਗਾਉਣਾ ਅਕਾਲ ਤਖਤ, ਸ਼੍ਰੋਮਣੀ ਕਮੇਟੀ ਤੇ ਪੰਜਾਬ ਸਰਕਾਰ ਦੇ ਵਕਾਰ ਦਾ ਸਵਾਲ ਬਣੀ; ਨਿਰਮਾਤਾ ਫਿਲਮ ਰੀਲੀਜ਼ ਕਰਨ ਲਈ ਦ੍ਰਿੜ

ਅੰਮ੍ਰਿਤਸਰ 15 ਅਪ੍ਰੈਲ (ਜਸਬੀਰ ਸਿੰਘ ਪੱਟੀ): ਸਿੱਖ ਧਰਮ ਦੇ ਬਾਨੀ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਅਧਾਰਤ ਬਣਾਈ ਗਈ ਫਿਲਮ ਨਾਨਕ ਸ਼ਾਹ ਫਕੀਰ ਵਿੱਚ ਮਰਿਆਦਾ ਨੂੰ ਲੈ ਕੇ ਕੀਤੀ ਗਈ ਕੁਤਾਹੀ ਨੂੰ ਦੂਰ ਕਰਾਉਣ ਨੂੰ ਲੈ ਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੇ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਪੂਰੀ ਤਰ੍ਹਾਂ ਬੇਬਸ ਨਜ਼ਰ ਆ ਰਹੇ ਜਦ ਕਿ ਫਿਲਮ ਦੇ ਨਿਰਮਾਤਾ ਸ੍ਰੀ ਹਰਿੰਦਰ ਸਿੰਘ ਸਿੱਕਾ ਫਿਲਮ ਨੂੰ ਰੀਲੀਜ਼ ਕਰਨ ਲਈ ਬਜ਼ਿੱਦ ਹੈ ਤੇ ਫਿਲਮ 17 ਅਪ੍ਰੈਲ ਨੂੰ 41 ਦੇਸ਼ਾਂ ਵਿੱਚ ਰੀਲੀਜ਼ ਕੀਤੀ ਜਾ ਰਹੀ ਹੈ।

ਪੰਥਕ ਮਰਿਆਦਾ 'ਤੇ ਪਰੰਪਰਾ ਅਨੁਸਾਰ ਕਿਸੇ ਵੀ ਫਿਲਮ ਵਿੱਚ ਗੁਰੂ ਸਾਹਿਬਾਨ ਦਾ ਰੋਲ ਕੋਈ ਵੀ ਵਿਅਕਤੀ ਨਹੀਂ ਕਰ ਸਕਦਾ, ਪਰ ਇਸ ਫਿਲਮ ਵਿੱਚ ਹਰੀਸ਼ ਖੰਨਾ ਨਾਮੀ ਵਿਅਕਤੀ ਵੱਲੋ ਗੁਰੂ ਨਾਨਕ ਦੇਵ ਜੀ ਦਾ ਰੋਲ ਕਰਨ ਦਾ ਸ਼ੰਕਾ ਪ੍ਰਗਟ ਕੀਤਾ ਗਿਆ ਹੈ ਜਦ ਕਿ ਫਿਲਮ ਦੇ ਨਿਰਮਾਤਾ ਤੇ ਨਿਰਦੇਸ਼ਕ ਹਰਿੰਦਰ ਸਿੰਘ ਸਿੱਕਾ ਦਾ ਮੰਨਣਾ ਹੈ ਕਿ ਗੁਰੂ ਸਾਹਿਬ ਦੀ ਤਸਵੀਰ ਦਾ ਇੱਕ ਐਨੀਮੇਸ਼ਨ ਬਣਾ ਕੇ ਉਹਨਾਂ ਦੀ ਫਿਲਮ ਵਿੱਚ ਸਿਰਫ ਪਿੱਠ ਹੀ ਵਿਖਾਈ ਗਈ ਹੈ। ਸ੍ਰੀ ਸਿੱਕਾ ਦਾ ਇਹ ਵੀ ਕਹਿਣਾ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਫਿਲਮ ਦੀ ਸ਼ਲਾਘਾ ਕਰਕੇ ਉਹਨਾਂ ਨੂੰ ਕਲੀਨ ਚਿੱਟ ਦਿੱਤੀ ਹੈ ਜਦ ਕਿ ਗਿਆਨੀ ਗੁਰਬਚਨ ਸਿੰਘ ਨੇ ਦਿੱਤੇ ਪੱਤਰ ਦੀ ਗਲਤ ਵਿਖਾਇਆ ਕਰਨ ਦਾ ਦੋਸ਼ ਲਗਾਉਦਿਆ ਕਿਹਾ ਕਿ ਪੱਤਰ ਉਸ ਵੇਲੇ ਦਿੱਤਾ ਗਿਆ ਸੀ, ਜਦੋ ਹਾਲੇ ਫਿਲਮ ਸ਼ੁਰੂ ਕੀਤੀ ਜਾਣੀ ਸੀ ਤੇ ਸਿੱਕਾ ਦੇ ਕਾਰਜ ਦੀ ਸ਼ਲਾਘਾ ਕੀਤੀ ਗਈ ਸੀ। ਸਿੱਕਾ ਦਾ ਇਹ ਵੀ ਕਹਿਣਾ ਹੈ ਕਿ ਫਿਲਮ ਉਹ ਪਹਿਲਾਂ ਜਥੇਦਾਰ ਅਕਾਲ ਤਖਤ ਤੇ ਸੰਤ ਸਮਾਜ ਨੂੰ ਵਿਖਾ ਚੁੱਕੇ ਹਨ ਤੇ ਜਿਹੜੀਆ ਉਣਤਾਈਆ ਉਹਨਾਂ ਨੇ ਦੱਸੀਆ ਸਨ ਉਹਨਾਂ ਨੂੰ ਪਹਿਲਾਂ ਹੀ ਦੂਰ ਕਰ ਲਿਆ ਗਿਆ ਹੈ ਜਦ ਕਿ ਫਿਲਮ ਵੇਖਣ ਉਪਰੰਤ ਉਹਨਾਂ ਨੇ ਇਸ ਕਾਰਜ ਦੀ ਸ਼ਲਾਘਾ ਕਰਦਿਆ ਕਿਹਾ ਸੀ ਕਿ ਇਹ ਫਿਲਮ ਸਿੱਖ ਪੰਥ ਤੋ ਬੇਮੁੱਖ ਹੋਏ ਨੌਜਵਾਨਾਂ ਦੀ ਘਰ ਵਾਪਸੀ ਲਈ ਪ੍ਰੇਰਨਾ ਸਰੋਤ ਬਣੇਗੀਸ੍ਰੀ ਸਿੱਕਾ ਨੇ ਕਿਹਾ ਕਿ ਜਥੇਦਾਰ ਅਕਾਲ ਤਖਤ ਤੇ ਸੰਤ ਸਮਾਜ ਵੱਲੋ ਫਿਲਮ ਵੇਖਣ ਉਪਰੰਤ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸ੍ਰੀ ਅਵਤਾਰ ਸਿੰਘ ਮੱਕੜ ਵੀ ਆਪਣੀ ਟੀਮ ਨਾਲ ਫਿਲਮ ਵੇਖ ਕੇ ਗਏ। ਉਹਨਾਂ ਦੱਸਿਆ ਕਿ ਬਾਦਲ ਪਰਿਵਾਰ ਵੀ ਫਿਲਮ ਵੇਖ ਕੇ ਫਿਲਮ ਦੀ ਸ਼ਲਾਘਾ ਕਰ ਚੁੱਕਾ ਹੈ ਤੇ ਹੁਣ ਫਿਰ ਜਾਣ ਬੁੱਝ ਕੇ ਕਿਸੇ ਸਾਜਿਸ਼ ਤਹਿਤ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਫਿਲਮ ਦੇ ਰੀਲੀਜ਼ ਹੋਣ ਵਿੱਚ ਹੈਰੀ ਬਵੇਜਾ ਦਾ ਨਾਮ ਵੀ ਲਿਆ ਜਾ ਰਿਹਾ ਹੈ ਜਿਸ ਨੇ ਸਾਹਿਬਜਾਦਿਆ ਤੇ ਇੱਕ ਐਨੀਮੇਸ਼ਨ ਫਿਲਮ ਬਣਾਈ ਸੀ ਕਿਉਕਿ ਹੈਰੀ ਬਵੇਜਾ ਨਹੀਂ ਚਾਹੁੰਦਾ ਕਿ ਉਸ ਦੀ ਫਿਲਮ ਦੇ ਮੁਕਾਬਲੇ ਕੋਈ ਹੋਰ ਫਿਲਮ ਬਣੇ ਤੇ ਉਸ ਦੀ ਫਿਲਮ ਦੇ ਵਕਾਰ ਨੂੰ ਢਾਹ ਲੱਗੇ। ਇਸੇ ਤਰ੍ਹਾਂ ਇਹ ਵੀ ਮੰਨਿਆ ਜਾ ਰਿਹਾ ਹੈ ਕਿ ਪੰਥ ਦੋਖੀ ਤਾਕਤਾਂ ਵੀ ਇਸ ਫਿਲਮ ਦੇ ਰੀਲੀਜ਼ ਕਰਾਉਣ ਵਿੱਚ ਮੋਹਰੀ ਰੋਲ ਨਿਭਾ ਰਹੀਆ ਹਨ ਤੇ ਸਿੱਖ ਪੰਥ ਦੀ ਦੁਸ਼ਮਣ ਜਮਾਤ ਆਰ.ਐਸ.ਐਸ ਸਿੱਕਾ ਨੂੰ ਉਤਸ਼ਾਹਿਤ ਕਰ ਰਹੀ ਹੈ ਤਾਂ ਫਿਲਮ ਰੀਲੀਜ਼ ਕਰਕੇ ਸਿੱਖਾਂ ਦੇ ਧਾਰਮਿਕ ਸਭਿਆਚਾਰ ਦੀ ਰੇਖ ਵਿੱਚ ਮੇਖ ਠੋਕੀ ਜਾਵੇ।

ਗੁਰੂ ਨਾਨਕ ਸਾਹਿਬ ਦੇ ਪੰਜਵੀ ਜਨਮ ਸ਼ਤਾਬਦੀ ਦੇ ਮੌਕੇ ਤੇ ਵੀ 1969 ਵਿੱਚ ‘‘ਮਿੱਟੀ ਧੁੰਦ ਜੱਗ ਚਾਨਣ ਹੋਇਆ’’ ਤੇ ਅਧਾਰਿਤ ਇੱਕ ਲਾਈਟ ਐੰਡ ਸਾਊਡ ਡਰਾਮਾ ਬਣਾਇਆ ਗਿਆ ਸੀ ਅਤੇ ਇਹ ਡਰਾਮਾ ਉੱਘੇ ਨਾਵਲਕਾਰ ਤੇ ਚਿੰਤਕ ਬਲੰਵਤ ਗਾਰਗੀ ਦੇ ਨਾਵਲ ‘‘ਗਗਨ ਮੈ ਥਾਲ’’ ਵਿੱਚੋ ਅੰਸ਼ ਲੈ ਕੇ ਬਣਾਇਆ ਗਿਆ ਸੀ। ਇਸ ਡਰਾਮੇ ਵਿੱਚ ਗੁਰੂ ਨਾਨਕ ਸਾਹਿਬ ਦੀ ਸਿਰਫ ਪਰਛਾਈ ਵਿਖਾਈ ਸੀ ਜਦ ਕਿ ਬੇਬੇ ਨਾਨਕੀ, ਮਾਤਾ ਸੁਲੱਖਣੀ ਤੇ ਬਾਲਾ -ਮਰਦਾਨਾ ਦੇ ਰੋਲ ਵਿਅਕਤੀਆ ਨੇ ਕੀਤ ਵਿਖਾਏ ਗਏ ਸਨ। ਇਸ ਡਰਾਮੇ ਵਿੱਚ ਪਾਣੀਪਤ ਦੀ ਇਬਰਾਹੀਮ ਲੋਧੀ ਤੇ ਬਾਬਰ ਦੀ ਲੜਾਈ ਵੀ ਵਿਖਾਈ ਗਈ ਹੈ। ਇਸ ਤੋ ਬਾਅਦ 1988 ਵਿੱਚ ਇਹ ਡਰਾਮਾ ਫਿਰ ਬਠਿੰਡਾ ਦੇ ਰਾਜਿੰਦਰਾ ਸਟੇਡੀਅਮ ਵਿਖੇ ਖੇਡਿਆ ਗਿਆ, ਪਰ ਉਸ ਸਮੇ ਕਿਸੇ ਨੇ ਵੀ ਇਸ ਡਰਾਮੇ ਤੇ ਕੋਈ ਇਤਰਾਜ਼ ਨਹੀਂ ਕੀਤਾ ਜਦ ਕਿ ਉਸ ਸਮੇ ਸ੍ਰ ਮਨਜੀਤ ਸਿੰਘ ਕਲਕੱਤਾ ਵਰਗੇ ਬੁੱਧਜੀਵੀ ਵਰਗ ਦੇ ਵਿਅਕਤੀ ਸ਼ਰੋਮਣੀ ਕਮੇਟੀ ਦੇ ਸਕੱਤਰ ਦੇ ਆਹੁਦੇ ਤੇ ਬਿਰਾਜਮਾਨ ਸਨ। ਅਬਨਾਸ਼ੀ ਸਿੰਘ ਵਰਗੇ ਖਰਲ ਕੀਤੇ ਵੀ ਤੱਤਕਾਲੀ ਸ਼੍ਰੋਮਣੀ ਕਮੇਟੀ ਪਰਧਾਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੇ ਨਿੱਜੀ ਸਹਾਇਕ ਰਹੇ ਸਨ।

ਅੱਜ ਹਰ ਜਥੇਬੰਦੀ ਸਿਰਫ ਫਿਲਮ ਦਾ ਇੱਕ ਪੋਸਟਰ ਵੇਖ ਕੇ ਹੀ ਫਿਲਮ ਦਾ ਵਿਰੋਧ ਕਰ ਰਹੀ ਹੈ ਜਦ ਕਿ ਸੱਚਾਈ ਬਾਰੇ ਹਾਲੇ ਭੰਬਲਭੂਸਾ ਬਣਿਆ ਹੋਇਆ ਹੈ। ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਨੂੰ ਆਦੇਸ਼ ਜਾਰੀ ਕੀਤੇ ਹਨ ਕਿ ਉਹ ਫਿਲਮ ਬਾਰੇ ਲੋੜੀਦੀ ਕਾਰਵਾਈ ਕਰਕੇ ਫਿਲਮ ਨੂੰ ਰੋਕਣ ਲਈ ਉਪਰਾਲੇ ਕਰੇ, ਪਰ ਸ਼੍ਰੋਮਣੀ ਕਮੇਟੀ ਪ੍ਰਧਾਨ ਅਵਤਾਰ ਸਿੰਘ ਮੱਕੜ ਵੱਲੋ ਇਸ ਨੂੰ ਸਿਰਫ ਤਾਂ ਸਿਰਫ ਮਰਿਆਦਾ ਦਾ ਮਸਲਾ ਦੱਸ ਕੇ ਜਥੇਦਾਰ ਅਕਾਲ ਤਖਤ ਸਾਹਿਬ ਦੇ ਪਾਲੇ ਵਿੱਚ ਹੀ ਮੁੜ ਮਰਿਆਦਾ ਦੀ ਗੇਂਦ ਸੁੱਟੀ ਜਾ ਰਹੀ ਹੈ। ਜਥੇਦਾਰ ਤੇ ਪ੍ਰਧਾਨ ਵਿੱਚਕਾਰ ਤਾਲਮੇਲ ਨਾ ਹੋਣ ਕਾਰਨ ਫਿਲਮ ਦੇ ਰੀਲੀਜ਼ ਹੋਣ ਦੀਆ ਸੰਭਾਵਨਾਵਾਂ ਵੱਧ ਗਈਆ ਹਨ ਅਤੇ 17 ਅਪ੍ਰੈਲ ਨੂੰ ਫਿਲਮ ਵੱਖ ਵੱਖ ਥੀਏਟਰਾਂ ਵਿੱਚ ਵਿਖਾਈ ਦੇਵੇਗੀ।

ਜਥੇਦਾਰ ਅਕਾਲ ਤਖਤ, ਸ਼੍ਰੋਮਣੀ ਕਮੇਟੀ ਪ੍ਰਧਾਨ, ਸ੍ਰੋਮਣੀ ਅਕਾਲੀ ਦਲ ਤੇ ਪੰਜਾਬ ਸਰਕਾਰ ਵੱਲੋ ਸਿਰਸੇ ਵਾਲੇ ਸੌਦਾ ਸਾਧ ਦੀ ਫਿਲਮ,‘ਦਾ ਮੈਸੇਂਜਰ ਆਫ ਗਾਡ’’ ਦਾ ਵੀ ਵਿਰੋਧ ਕੀਤਾ ਗਿਆ ਸੀ, ਫਿਰ ਵੀ ਉਹ ਫਿਲਮ ਰੀਲੀਜ਼ ਹੋਈ ਤੇ ਵੱਖ ਵੱਖ ਥੀਏਟਰਾਂ ਵਿੱਚ ਚੱਲੀ। ਇਸੇ ਤਰ੍ਹਾਂ ਇਸ ਤੋ ਪਹਿਲਾਂ ਵੀ ਸ਼ਰੋਮਣੀ ਕਮੇਟੀ ਦੇ ਪ੍ਰਧਾਨ ਸ੍ਰੀ ਮੱਕੜ ਨੇ ਕੁਲਵਿੰਦਰ ਸਿੱਧੂ ਦੀ ਫਿਲਮ ‘ਸਾਡਾ ਹੱਕ’ ਫਿਲਮ ਨੂੰ ਰੀਲੀਜ਼ ਕਰਾਉਣ ਤੇ ਸ਼ੈਂਸਰਸ਼ਿਪ ਤੋ ਪਾਸ ਕਰਾਉਣ ਲਈ ਪੱਤਰ ਵੀ ਲਿਖੇ। ਜਦੋ ਇਹ ਫਿਲਮ ਰੀਲੀਜ਼ ਹੋਣ ਲੱਗੀ ਤਾਂ ਪੰਜਾਬ ਸਰਕਾਰ ਨੇ ਇਸ ਫਿਲਮ ਤੇ ਇਸ ਕਰਕੇ ਰੋਕ ਲਗਾ ਦਿੱਤੀ ਕਿ ਫਿਲਮ ਪਿਛਲੇ ਸਮੇਂ ਸਰਕਾਰ, ਪੁਲੀਸ ਤੇ ਸਿਵਲ ਪ੍ਰਸ਼ਾਸ਼ਨ ਵੱਲੋ ਕੀਤੀਆ ਧੱਕੇਸ਼ਾਹੀਆ ਦੀ ਤਸਵੀਰ ਪੇਸ਼ ਕਰਦੀ ਸੀ। ਸਰਕਾਰ ਵੱਲੋ ਰੋਕ ਲਗਾਉਣ ਉਪਰੰਤ ਮੱਕੜ ਮਹਾਰਾਜ ਨੇ ਵੀ ਇੱਕ ਦਮ ਪਲਟੀ ਮਾਰਦਿਆ ਕਿਹਾ ਕਿ ਫਿਲਮ ਨੂੰ ਰੀਲੀਜ਼ ਨਹੀਂ ਹੋਣ ਦਿੱਤਾ ਜਾਵੇਗਾ ਤੇ ਉਹ ਫਿਲਮ ਵੀ ਪੰਜਾਬ ਨੂੰ ਛੱਡ ਕੇ ਬਾਕੀ ਸੂਬਿਆ ਤੇ ਵਿਦੇਸ਼ਾਂ ਵਿੱਚ ਰੀਲੀਜ਼ ਹੋਈ, ਜਿਸ ਨੂੰ ਭਰਵਾਂ ਹੁੰਗਾਰਾ ਮਿਲਿਆ। ਨਾਨਕ ਸ਼ਾਹ ਫਕੀਰ ਵੀ ਫਿਲਮ ਜੇਕਰ ਰੀਲੀਜ਼ ਹੋ ਜਾਂਦੀ ਹੈ ਤਾਂ ਭਵਿੱਖ ਵਿੱਚ ਸ਼੍ਰੋਮਣੀ ਕਮੇਟੀ ਨੂੰ ਕੋਈ ਨਿਰਮਾਤਾ ਨਿਰਦੇਸ਼ਕ ਕਿਸੇ ਵੀ ਧਾਰਮਿਕ ਜਾਂ ਸਿੱਖ ਇਤਿਹਾਸ ਤੇ ਬਨਣ ਵਾਲੀ ਫਿਲਮ ਦੀ ਇਜ਼ਾਜ਼ਤ ਲੈਣੀ ਜਰੂਰੀ ਨਹੀਂ ਸਮਝੇਗਾ ਤੇ ਇਹ ਸੰਸਥਾ ਮਹਿਜ ਇੱਕ ਚਿੱਟਾ ਹਾਥੀ ਬਣ ਕੇ ਰਹਿ ਜਾਵੇਗੀ।

ਸਵਾਲ ਇਹ ਪੈਦਾ ਹੁੰਦਾ ਹੈ ਕਿ ਜਿਸ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਹੁਕਮ ਨੂੰ ਅਲਾਹੀ ਹੁਕਮ ਮੰਨ ਕੇ ਸਿੱਖ ਨੌਜਵਾਨ ਸੜਕਾਂ ਆ ਕੇ ਮਰਨ ਮਰਾਉਣ ਤੱਕ ਪਹੁੰਚ ਜਾਂਦੇ ਸਨ , ਜਿਸ ਸ਼੍ਰੋਮਣੀ ਕਮੇਟੀ ਤੋ ਸਰਕਾਰਾਂ ਡਰਦੀਆ ਸਨ ਅਤੇ ਜਿਹੜਾ ਅਕਾਲੀ ਦਲ ਜੁਲਮ ਤੇ ਜ਼ਾਲਮ ਦਾ ਟਾਕਰਾ ਕਰਨ ਲਈ ਹਮੇਸ਼ਾਂ ਤਿਆਰ ਬਰ ਤਿਆਰ ਰਹਿੰਦਾ ਸੀ, ਉਹ ਅਕਾਲੀ ਦਲ ਅੱਜ ਪੰਥ ਵਿਰੋਧੀ ਜਥੇਬੰਦੀਆ ਨਾਲ ਮਿਲ ਕੇ ਫਾਸ਼ੀਵਾਦੀ ਤਾਕਤਾਂ ਦਾ ਸਾਥ ਦੇ ਰਿਹਾ ਹੈ। ਨਾਨਕ ਸ਼ਾਹ ਫਕੀਰ ਜੇਕਰ ਫਿਲਮ ਰੀਲੀਜ਼ ਹੋ ਜਾਂਦੀ ਹੈ ਤਾਂ ਫਿਰ ਇਹ ਸਮਝ ਲੈਣਾ ਚਾਹੀਦਾ ਹੈ ਕਿ ਭਵਿੱਖ ਵਿੱਚ ਸ੍ਰੀ ਅਕਾਲ ਤਖਤ ਦੇ ਜਥੇਦਾਰ, ਸ੍ਰੋਮਣੀ ਕਮੇਟੀ ਪਰਧਾਨ ਅਵਤਾਰ ਸਿੰਘ ਮੱਕੜ ਅਤੇ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ‘ਤੇ ਕੋਈ ਵੀ ਭਰੋਸਾ ਨਹੀਂ ਕਰੇਗਾ ਤੇ ਇਹ ਸੰਸਥਾਵਾਂ ਪੂਰੀ ਤਰ੍ਹਾਂ ਆਪਣਾ ਵਕਾਰ ਗਵਾ ਲੈਣਗੀਆ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top