Share on Facebook

Main News Page

ਗੁਰਦਾਸਪੁਰ ਗੋਲੀ ਕਾਂਡ ਦੇ ਅਸਲ ਕਾਰਨ ਲੱਭਣ ਦੀ ਲੋੜ
-: ਜਸਬੀਰ ਸਿੰਘ ਪੱਟੀ 93560 24684

ਪੰਜਾਬ ਨੂੰ ਦੇਸ਼ ਦੀ ਖੜਗ ਭੁੱਜਾ ਵਜੋ ਵੇਖਿਆ ਜਾਂਦਾ ਹੈ, ਕਿਉਂਕਿ ਪੰਜਾਬ ਜਿਥੇ ਦੇਸ ਨੂੰ ਅੰਨ ਸਪਲਾਈ ਕਰਨ ਵਾਲਾ ਸੂਬਾ ਮੰਨਿਆ ਜਾਂਦਾ ਹੈ ਉ੍ਰਥੇ ਦੇਸ਼ ਦੀਆ ਸਰਹੱਦਾਂ ਦੀ ਰਾਖੀ ਕਰਨ ਲਈ ਵੀ ਪੰਜਾਬ ਦੇ ਲੋਕਾਂ ਨੂੰ ਕਈ ਪ੍ਰਕਾਰ ਦੀਆ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਦਾ ਹੈ। ਪੰਜਾਬੀਆ ਦੀ ਡੀਲ ਡੋਲ ਤੇ ਗਰਮ ਜੁੱਸਾ ਇਹਨਾਂ ਦੀ ਆਪਣੀ ਵੱਖਰੀ ਪਹਿਚਾਣ ਹੈ। ਸਦੀਆ ਤੋਂ ਪੰਜਾਬ ਨੂੰ ਬਰਬਾਦ ਕਰਨ ਦੀਆ ਹੀ ਕੋਸ਼ਿਸ਼ਾਂ ਕੀਤੀਆ ਗਈਆ ਪਰ ਅੱਜ ਤੱਕ ਕਿਸੇ ਸਰਕਾਰ ਜਾਂ ਬਾਦਸ਼ਾਹ ਨੇ ਪੰਜਾਬ ਦੀ ਨਬਜ਼ ਨਹੀਂ ਪਛਾਣਿਆ। ਮਹਾਰਜਾ ਰਣਜੀਤ ਸਿੰਘ ਦੇ 49 ਸਾਲ ਦਾ ਹੀ ਸਮਾਂ ਜਦੋਂ ਇਹ ਕਿਹਾ ਜਾਂਦਾ ਸੀ ਕਿ ਇਨਸਾਫ ਦਾ ਤਰਾਜੂ ਰਾਜਾ ਤੇ ਰੰਕ ਲਈ ਇੱਕੋ ਜਿਹਾ ਵਰਤਾਰਾ ਕਰਦਾ ਸੀ ਪਰ ਉਸ ਸਮੇਂ ਵੀ ਕਈ ਤਰੁੱਟੀਆ ਜਰੂਰ ਰਹਿ ਗਈਆ ਹੋਣਗੀਆ ਜਿਸ ਕਰਕੇ ਉਸ ਦੀ ਮੌਤ ਤੇ ਬਾਅਦ ਬਹੁਤ ਜਲਦੀ ਹੀ ਸਲਤਨਤ ਨੇਸਤੋਂਨਬੂਦ ਹੋ ਗਈ। ਕਿਹਾ ਜਾਂਦਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਕੁੱਤੇ ਦੇ ਗਲ ਵਿੱਚ ਸੋਨੇ ਦਾ ਕੈਂਠਾ ਪਾ ਕੇ ਛੱਡ ਦਿੱਤਾ ਜਾਂਦਾ ਸੀ ਤਾਂ ਕਿਸੇ ਦੀ ਹਿੰਮਤ ਨਹੀਂ ਪੈਦੀ ਸੀ ਕੋਈ ਉਸ ਦੇ ਗਲ ਵਿੱਚੋ ਕੈਂਠਾ ਲਾਹ ਲਵੇ ਪਰ ਮਹਾਰਾਜਾ ਰਣਜੀਤ ਸਿੰਘ ਵਰਗੇ ਆਦਰਸ਼ ਰਾਜ ਦੀਆ ਬਾਤਾਂ ਪਾਉਣ ਵਾਲੇ ਅਜੋਕੇ ਮਹਾਰਾਜੇ ਦੇ ਰਾਜ ਵਿੱਚ ਤਾਂ ਕਿਸੇ ਔਰਤ ਦੇ ਗਲ ਵਿੱਚ ਚੈਨੀ ਪਾਈ ਹੋਵੇ ਤਾਂ ਮਹਾਰਾਜੇ ਦੇ ਗੁਰਗੇ ਉਸ ਵਿਚਾਰੀ ਹੀ ਸ਼ਰੇ ਬਜ਼ਾਰ ਚੈਨੀ ਸਮੇਤ ਉਸ ਨੂੰ ਚੁੱਕ ਕੇ ਲੈ ਜਾਂਦੇ ਹਨ।

ਗੁਰੂਆ ਦੇ ਨਾਮ 'ਤੇ ਵੱਸਦੇ ਪੰਜਾਬ ਦੇ ਵੱਖ ਵੱਖ ਭਾਈਚਾਰਿਆ ਦੀ ਜੇਕਰ ਆਪਸੀ ਸਦਭਾਵਨਾ ਦੀ ਗੱਲ ਕੀਤੀ ਜਾਵੇ ਤਾਂ ਇਹਨਾਂ ਵਿਚਲੇ ਆਪਸੀ ਪਿਆਰ ਤੇ ਸੁਨੇਹ ਨੂੰ ਕਦੇ ਵੀ ਗ੍ਰਹਿਣ ਨਹੀਂ ਲੱਗਾ, ਸਗੋ ਸਿਆਸੀ ਆਗੂਆ ਵੱਲੋ ਹੀ ਪੰਜਾਬ ਦੇ ਸ਼ਾਤਮਈ ਮਾਹੌਲ ਨੂੰ ਖਰਾਬ ਕਰਨ ਦੇ ਮਨਸੂਬੇ ਬਣਾਏ ਗਏ ਹਨ। ਦੇਸ਼ ਦੀ ਅਜਾਦੀ ਦੀ ਲੜਾਈ ਵਿੱਚ ਵੀ ਜਿਥੇ ਪੰਜਾਬੀਆ ਨੇ 90 ਫੀਸਦੀ ਤੋਂ ਵੱਧ ਯੋਗਦਾਨ ਪਾਇਆ ਉਥੇ ਦੇਸ਼ ਦੀ ਵੰਡ ਸਮੇਂ ਵੀ 10 ਲੱਖ ਪੰਜਾਬੀਆ ਦਾ ਹੀ ਘਾਣ ਹੋਇਆ ਤੇ ਅਰਬਾਂ ਖਰਬਾਂ ਦੀ ਸੰਮਤੀ ਵੀ ਬਰਬਾਦ ਹੋਈ।

ਅਜਾਦੀ ਦੀ ਲੜਾਈ ਤੋਂ ਬਾਅਦ ਬਣੀਆ ਸਰਕਾਰਾਂ ਵਿੱਚ ਸ਼ਾਮਲ ਸਿਆਸੀ ਆਗੂਆ ਨੇ ਭ੍ਰਿਸ਼ਟਾਚਾਰ ਜੰਗੀ ਪੱਧਰ ਤੇ ਸ਼ੁਰੂ ਕਰ ਦਿੱਤਾ ਤੇ ਪਹਿਲਾਂ ਜੀਪ ਖਰੀਦ ਘੁਟਾਲਾ 1949 ਵਿੱਚ ਹੀ ਹੋ ਗਿਆ ਜਿਸ ਵਿੱਚ ਜੀਪ ਕੰਪਨੀ ਕੋਲੋ ਲੱਖਾਂ ਰੁਪਏ ਦਾ ਕਮਿਸ਼ਨ ਲਿਆ ਗਿਆ ਸੀ। ਇਸ ਤੋਂ ਬਾਅਦ ਤਾਂ ਘੁਟਾਲਿਆ ਦੀ ਹਨੇਰੀ ਹੀ ਆ ਗਈ ਤੇ ਹੁਣ ਤੱਕ ਦੇ ਤਿੰਨ ਪ੍ਰਧਾਨ ਮੰਤਰੀਆ ਦੇ ਨਾਮ ਵੀ ਘੁਟਾਲਿਆ ਨਾਲ ਜੁੜ ਗਏ ਜਿਹਨਾਂ ਵਿੱਚ ਰਾਜੀਵ ਗਾਂਧੀ, ਨਰਸਿਮਹਾ ਰਾਉ ਤੇ ਡਾਂ ਮਨਮੋਹਨ ਸਿੰਘ ਦੇ ਨਾਮ ਸ਼ਾਮਲ ਹਨ। ਘੱਪਲੇ ਘੁਟਾਲੇ ਕਰਕੇ ਦੇਸ਼ ਦੇ ਖਜਾਨੇ ਦੀ ਜਦੋ ਵੀ ਦੁਰਵਰਤੋਂ ਹੋਵੇਗੀ ਤਾਂ ਸਰਕਾਰੀ ਸਕੀਮਾਂ ਦਾ ਫਾਇਦਾ ਆਮ ਲੋਕਾਂ ਤੱਕ ਨਹੀਂ ਪੁੱਜੇਗਾ ਤਾਂ ਫਿਰ ਰੁਜਗਾਰ ਮੰਗਦੇ ਨੌਜਵਾਨਾਂ ਵਿੱਚ ਜਿਹੜੀ ਅਰਜਾਕਤਾ ਪੈਦਾ ਹੋਵੇਗੀ ਤਾਂ ਫਿਰ ਕਈ ਨੌਜਵਾਨਾਂ ਨੂੰ ਕਈ ਪ੍ਰਕਾਰ ਦੀਆ ਅਲਾਮਤਾਂ ਦਾ ਸ਼ਿਕਾਰ ਹੋਣਾ ਹੀ ਪਵੇਗਾ।

ਬੀਤੀ ਸਦੀ ਦੇ ਸੱਠਵੇ ਦਹਾਕੇ ਦੌਰਾਨ ਬੁਰਜੂਆ ਸ਼੍ਰੋਣੀ ਦੇ ਖਿਲਾਫ ਉੱਠੀ ਨਕਸਲਾਈਟ ਅੰਦੋਲਨ ਦੀ ਨਬਜ਼ ਨੂੰ ਅੱਜ ਤੱਕ ਕਿਸੇ ਵੀ ਸਰਕਾਰ ਨੇ ਨਹੀਂ ਪਛਾਣਿਆ ਜਦੋਂ ਕਿ ਸਰਕਾਰਾਂ ਨੇ ਹਮੇਸ਼ਾਂ ਬੁੰਦੂਕ ਦੀ ਨੋਕ ਤੇ ਹੀ ਅੰਦੋਲਨ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਪਰ ਸਫਲਤਾ ਅੱਜ ਤੱਕ ਨਹੀਂ ਮਿਲੀ ਤੇ ਦੇਸ ਬਹੁਤੇ ਰਾਜ ਅੱਜ ਵੀ ਇਸ ਅੰਦੋਲਨ ਤੋਂ ਪ੍ਰਭਾਵਿਤ ਹਨ। 1970 ਵਿੱਚ ਜਦੋ ਪੰਜਾਬ ਵਿੱਚ ਅਜੌਕੇ ਮਹਾਰਾਜਾ ਦੀ ਸਰਕਾਰ ਸੀ ਤਾਂ ਉਸ ਸਮੇਂ ਪੁਲੀਸ ਤਸ਼ੱਦਦ ਦੀ ਇੰਤਹਾ ਹੋ ਗਈ ਤਾਂ ਉੱਘੇ ਨਾਵਲਕਾਰ ਜਸਵੰਤ ਸਿੰਘ ਕੰਵਲ ਨੂੰ ਮੌਕੇ ਦੀ ਨਜਾਕਤ ਮੁਤਾਬਕ ਨਾਵਲ ‘‘ਲਹੂ ਦੀ ਲੋਅ’’ ਲਿਖਣ ਲਈ ਮਜਬੂਰ ਹੋਣਾ ਪਿਆ ਜਿਸ ਵਿਚਲੀ ਸੱਚਾਈ ਤੇ ਪਹਿਰਾ ਦੇਣ ਦੀ ਬਜਾਏ ਸਰਕਾਰ ਨੇ ਨਾਵਲ ਦੀ ਵਿਕਰੀ ‘ਤੇ ਕੁਝ ਸਮਾਂ ਪਾਬੰਦੀ ਵੀ ਲਗਾ ਦਿੱਤੀ।

ਇਸ ਦੌਰ ਤੋਂ ਬਾਅਦ ਪੰਜਾਬ ਵਿੱਚ ਖਾਲਿਸਤਾਨੀ ਖਾੜਕੂਆ ਦਾ ਦੌਰ ਆਰੰਭ ਹੋਇਆ, ਜਿਸ ਨੇ ਦੇਸ਼ ਦੀ ਸਰਕਾਰ ਨੂੰ ਇੱਕ ਵਾਰੀ ਹਿੱਲਾ ਕੇ ਰੱਖ ਦਿੱਤਾ ਤੇ ਇਸ ਲਹਿਰ ਵਿੱਚ ਵੀ ਵਧੇਰੇ ਕਰਕੇ ਉਹ ਲੋਕ ਹੀ ਸਨ ਜਿਹੜੇ ਨਕਸਲਾਈਟ ਅੰਦਲਨ ਵਿੱਚ ਸ਼ਾਮਲ ਸਨ। ਸਰਕਾਰ ਨੇ ਇਸ ਲਹਿਰ ਦੇ ਅਸਲੀ ਕਾਰਨਾ ਦਾ ਪਤਾ ਲਗਾਉਣ ਦੀ ਬਜਾਏ ਲਹਿਰ ਨੂੰ ਤਸ਼ੱਦਦ ਤੇ ਝੂਠੇ ਪੁਲੀਸ ਮੁਕਾਬਲੇ ਬਣਾ ਕੇ ਦਬਾਉਣ ਵਿੱਚ ਕੋਈ ਕਸਰ ਬਾਕੀ ਨਾ ਛੱਡੀ। ਅਖੀਰ ਸਰਕਾਰ ਨੇ ਆਪਣੇ ਗੁਰਗਿਆ ਨੂੰ ਇਸ ਲਹਿਰ ਵਾੜ ਕੇ ਤਾਂ ਭਾਂਵੇ ਲਹਿਰ ਦਬਾ ਦਿੱਤੀ ਗਈ ਪਰ ਪੰਜਾਬ ਦੇ ਲੋਕਾਂ ਦੀ ਮਾਨਸਿਕਤਾ ਨੂੰ ਕਿਸੇ ਸਰਕਾਰ ਨੇ ਵੀ ਸਮਝਣ ਦੀ ਕੋਸ਼ਿਸ਼ ਨਾ ਕੀਤੀ ਤੇ ਸਰਕਾਰੀ ਤਸ਼ੱਦਦ ਵੱਧਦਾ ਹੀ ਗਿਆ। ਇਸ ਲਹਿਰ ਨੂੰ ਖਤਮ ਤਾਂ ਅੱਜ ਤੱਕ ਨਹੀਂ ਕੀਤਾ ਗਿਆ ਪਰ ਹਾਲ ਦੀ ਘੜੀ ਦਬਾ ਜਰੂਰ ਦਿੱਤਾ ਗਿਆ ਹੈ ਕਿਉਂਕਿ ਅਜੇ ਵੀ ਲਹਿਰ ਦਾ ਕੋਈ ਹਰਿਆ ਬੂਟ ਆਪਣਾ ਰੰਗ ਵਿਖਾ ਹੀ ਦਿੰਦਾ ਹੈ।

ਸਰਕਾਰ ਦੀ ਬੇਰੁੱਖੀ ਤੇ ਬੇਗਾਨਗੀ ਨੂੰ ਲੈ ਕੇ ਅੱਜ ਪੰਜਾਬ ਦਾ ਪੜਿਆ ਲਿਖਿਆ ਅੱਜ ਨੌਜਵਾਨ ਵਿਦੇਸ਼ ਜਾਣ ਨੂੰ ਪਹਿਲ ਦੇ ਰਿਹਾ ਹੈ। ‘‘ਬਰੇਨ ਡਰੇਨ’’ ਪੂਰੀ ਤਰ੍ਵਾ ਵਿਦੇਸ਼ਾਂ ਵਿੱਚ ਪੁੱਜ ਚੁੱਕਾ ਹੈ ਅਤੇ ਜਿਹੜੇ ਨੌਜਵਾਨ ਇਥੇ ਰਹਿ ਗਏ ਹਨ ਉਹਨਾਂ ਨੂੰ ਸਰਕਾਰ ਦੇ ਮੰਤਰੀਆ ਸੰਤਰੀਆ ਨੇ ਨਸ਼ਿਆ ਦੀ ਦਲਦਲ ਵਿੱਚ ਧੱਸਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਤੇ ਪੰਜਾਬ ਹੁਣ ਮੱਲਾਂ ਦੀ ਬਜਾਏ ਨਸ਼ਈਆ ਦਾ ਸੂਬਾ ਬਣ ਕੇ ਰਹਿ ਗਿਆ ਹੈ। ਕੁਝ ਬੇਰੁਜਗਾਰੀ ਦੀ ਮਾਰ ਝੱਲ ਰਹੇ ਨੌਜਵਾਨ ਸੜਕਾਂ ਤੇ ਰੁਜਗਾਰ ਮੰਗਦੇ ਹਨ ਜਿਹਨਾਂ ਦੀ ਗਿੱਦੜ ਕੁੱਟ ਕਰਕੇ ਉਹਨਾਂ ਨੂੰ ਜਾਂ ਤਾਂ ਜੇਲਾਂ ਵਿੱਚ ਡੱਕਿਆ ਜਾਂਦਾ ਹੈ ਜਾਂ ਫਿਰ ਗੋਲੀਆ ਸ਼ਿਕਾਰ ਦਾ ਬਣਾਇਆ ਜਾਂਦਾ ਹੈ ਜਿਸ ਕਾਰਨ ਪੰਜਾਬ ਦਾ ਮਾਹੌਲ ਇੱਕ ਵਾਰੀ ਫਿਰ ਰਸਾਤਲ ਵੱਲ ਨੂੰ ਵੱਧ ਰਿਹਾ ਹੈ।

ਗੁਰਦਾਸਪੁਰ ਦੇ ਸ਼ਿਵ ਸੈਨਾ ਆਗੂ ਹਰਵਿੰਦਰ ਸੋਨੀ ਨੂੰ ਇੱਕ ਕਸ਼ਮੀਰ ਸਿੰਘ ਨਾਮੀ ਨੌਜਵਾਨ ਨੇ ਕੜੇ ਸੁਰੱਖਿਆ ਪ੍ਰਬੰਧਾਂ ਹੇਠ ਗੋਲੀ ਮਾਰ ਕੇ ਮਾਰਨ ਦੀ ਕੋਸ਼ਿਸ਼ ਕੀਤੀ, ਪਰ ਗੋਲੀ ਲੱਗਣ ਦੇ ਬਾਵਜੂਦ ਵੀ ਉਹ ਬੱਚ ਗਿਆ ਤੇ ਅੰਮ੍ਰਿਤਸਰ ਦੇ ਸਭ ਤੋਂ ਵੱਡੇ ਹਸਪਤਾਲ ਐਸਕਾਰਟ ਫੋਰਟਸ ਵਿਖੇ ਜੇਰੇ ਇਲਾਜ ਹੈ ਜਿਥੇ ਉਸ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾਂਦੀ ਹੈ। ਇਸ ਗੋਲੀ ਕਾਂਡ ਨੂੰ ਲੈ ਕੇ ਕੇਂਦਰ ਸਰਕਾਰ ਤੱਕ ਹਿੱਲ ਗਈ ਤੇ ਪੰਜਾਬ ਦੇ ਮੁੱਖ ਮੰਤਰੀ ਸ੍ਰੀ ਪ੍ਰਕਾਸ਼ ਸਿੰਘ ਬਾਦਲ ਤੇ ਡੀ.ਜੀ.ਪੀ ਸ੍ਰੀ ਸੁਮੇਧ ਸਿੰਘ ਸੈਣੀ ਨੂੰ ਖੁਦ ਮੌਕੇ ‘ਤੇ ਪਹੁੰਚਣਾ ਪਿਆ ਤੇ ਸ਼ਿਵ ਸੈਨਾ ਆਗੂ ਦਾ ਹਾਲ ਚਾਲ ਪੁੱਛਣਾ ਪਿਆ। ਕਸ਼ਮੀਰ ਸਿੰਘ ਦੀ ਸ਼ਿਵ ਸੈਨਾ ਆਗੂ ਨਾਲ ਕੋਈ ਜਾਤੀ, ਸਿਆਸੀ ਜਾਂ ਕੋਈ ਵਿਅਕਤਗਤ ਦੁਸ਼ਮਣੀ ਨਹੀਂ ਸੀ, ਪਰ ਸਰਕਾਰ ਤੇ ਪੁਲੀਸ ਨੇ ਅਸਲੀ ਕਾਰਨਾਂ ਤੋਂ ਪੜਦਾ ਪਾ ਕੇ ਸਿਰਫ ਇੰਨਾ ਹੀ ਕਹਿ ਕੇ ਬੁੱਤਾ ਸਾਰ ਰਹੀ ਹੈ ਕਿ ਕਸ਼ਮੀਰ ਸਿੰਘ ਦਾ ਕਿਸੇ ਵੀ ਖਾੜਕੂ ਜਾਂ ਅੱਤਵਾਦੀ ਜਥੇਬੰਦੀ ਨਾਲ ਕੋਈ ਸਬੰਧ ਨਹੀਂ ਹੈ। ਕਸ਼ਮੀਰ ਸਿੰਘ ਆਪਣੇ ਪਿੰਡ ਗੱਲਵੱਢੀ ਤੋਂ ਜਦੋਂ ਚੱਲਿਆ ਤਾਂ ਉਸ ਨੇ ਰਸਤੇ ਵਿੱਚ ਕਈ ਪੜਾਅ ਕੀਤੇ ਜਿਹਨਾਂ ਵਿੱਚ ਕਈ ਗੁਰੂਦੁਆਰਿਆ ਵਿੱਚ ਉਸ ਨੇ ਰਾਤਾਂ ਵੀ ਕੱਟੀਆ। ਦੋ ਦਿਨ ਸ਼ਿਵ ਸੈਨਾ ਆਗੂ ਨੂੰ ਮਾਰਨ ਤੋਂ ਪਹਿਲਾਂ ਉਸ ਨੇ ਮੌਕੇ ਦੀ ਰੈਕੀ ਵੀ ਜਰੂਰ ਕੀਤੀ ਹੇਵੇਗੀ।

ਕਰੀਬ ਤਿੰਨ ਸਾਲ ਪਹਿਲਾਂ ਜਦੋਂ ਪੰਜਾਬ ਦੀ ਬਾਦਲ ਸਰਕਾਰ ਦੂਸਰੀ ਵਾਰੀ ਚੋਣ ਜਿੱਤ ਕੇ ਹਾਲੇ ਨਵੀ ਨਵੀ ਸੱਤਾ ਵਿੱਚ ਆਈ ਸੀ ਕਿ ਪੰਜਾਬ ਦੇ ਮਰਹੂਮ ਮੁੱਖ ਮੰਤਰੀ ਸ੍ਰੀ ਬੇਅੰਤ ਸਿੰਘ ਦੇ ਕਾਤਲ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਨੂੰ ਰੁਕਵਾਉਣ ਵਾਸਤੇ ਪੰਜਾਬ ਦੀਆ ਕੁਝ ਸਿੱਖ ਜਥੇਬੰਦੀਆ ਨੇ ਪੰਜਾਬ ਬੰਦ ਦਾ ਸੱਦਾ ਦਿੱਤਾ ਸੀ ਤਾਂ ਗੁਰਦਾਸਪੁਰ ਵਿੱਚ ਸ਼ਿਵ ਸੈਨਾ ਨੇ ਇਸ ਬੰਦ ਦਾ ਵਿਰੋਧ ਕੀਤਾ ਸੀ । ਇਸ ਬੰਦ ਨੂੰ ਕਾਮਯਾਬ ਕਰਾਉਣ ਲਈ ਜਦੋਂ ਕੁਝ ਸਿੱਖ ਨੌਜਵਾਨਾਂ ਨੇ ਦੁਕਾਨਾਂ ਬੰਦ ਕਰਾਉਣ ਦੀ ਕੋਸ਼ਿਸ਼ ਕੀਤੀ ਤਾਂ ਸ਼ਿਵ ਸੈਨਾ ਦਾ ਆਹਮਾ ਸਾਹਮਣਾ ਹੋ ਗਿਆ, ਤਾਂ ਪੁਲੀਸ ਨੇ ਸ਼ਿਵ ਸੈਨਿਕਾਂ ਦਾ ਪੱਖ ਪੂਰਦਿਆ ਅੰਧਾਧੁੰਦ ਗੋਲੀ ਚਲਾ ਕੇ ਜਸਪਾਲ ਸਿੰਘ ਚੌੜ ਸਿਧਵਾਂ ਨਾਮੀ ਨੌਜਵਾਨ ਨੂੰ ਮਾਰ ਮੁੱਕਾਇਆ।

ਇਸ ਕਤਲ ਤੋਂ ਉਪਰੰਤ ਪੰਜਾਬ ਵਿੱਚ ਹੜਕੱਪ ਮੱਚ ਗਿਆ ਪਰ ਇਨਸਾਫ ਦਾ ਪੱਲਾ ਫੜਣ ਦੀ ਬਜਾਏ, ਅੱਜ ਤੱਕ ਇਸ ਕਾਂਡ ਦੇ ਦੋਸ਼ੀਆ ਨੂੰ ਸਜਾਵਾ ਨਹੀਂ ਦਿੱਤੀਆ ਗਈਆ। ਪੁਲੀਸ ਹੁਣ ਕਸ਼ਮੀਰ ਸਿੰਘ ਵੱਲੋ ਕੀਤੇ ਕਾਂਡ ਨੂੰ ਚੌੜ ਸਿਧਵਾਂ ਦੇ ਕਤਲ ਨਾਲ ਜੋੜ ਕੇ ਪੱਲਾ ਝਾੜ ਰਹੀ ਹੈ ਤੇ ਇਸ ਦੀ ਡੂੰਘਾਈ ਤੱਕ ਜਾਣ ਦੀ ਕੋਸ਼ਿਸ਼ ਇਸ ਕਰਕੇ ਨਹੀਂ ਕੀਤੀ ਜਾ ਰਹੀ, ਕਿਉਂਕਿ ਸਰਕਾਰ ਤੇ ਪੁਲੀਸ ਪ੍ਰਸ਼ਾਸ਼ਨ ਦੀਆ ਬਹੁਤ ਸਾਰੀਆ ਨਲਾਇਕੀਆ ਸਾਹਮਣੇ ਆ ਜਾਣੀਆ ਹਨ। ਇਸ ਕਾਂਡ ਦੀ ਜੇਕਰ ਤਹਿ ਤੱਕ ਜਾ ਕੇ ਸੱਚਾਈ ਸਾਹਮਣੇ ਨਾ ਲਿਆਦੀ ਗਈ ਤੇ ਪੰਜਾਬ ਦੇ ਬੇਰੁਜਗਾਰਾਂ ਪ੍ਰਤੀ ਸਰਕਾਰ ਨੇ ਕੋਈ ਹਮਦਰਦੀ ਵਾਲਾ ਵਤੀਰਾ ਨਾ ਅਪਨਾਇਆ ਤਾਂ ਪੰਜਾਬ ਦੇ ਸ਼ਾਤਮਈ ਮਾਹੌਲ ਨੂੰ ਲਾਂਬੂ ਲੱਗਣ ਤੋਂ ਰੋਕਿਆ ਜਾਣਾ ਮੁਸ਼ਕਲ ਹੋਵੇਗਾ ਤੇ ਇੱਕ ਵਾਰੀ ਫਿਰ ਅਕਾਲੀ ਸਰਕਾਰ ਵਿਰੋਧੀ ਪਾਰਟੀਆ ਦੀ ਹਿੱਟ ਲਿਸਟ ਤੇ ਹੋਵੇਗੀ ਕਿ ਜਦੋ ਵੀ ਅਕਾਲੀ ਸੱਤਾ ਵਿੱਚ ਆਏ ਇਹਨਾਂ ਨੇ ਹੀ ਪੰਜਾਬ ਦੇ ਮਾਹੌਲ ਨੂੰ ਖਰਾਬ ਕੀਤਾ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top