ਅੱਜ
17 ਅਪਰੈਲ ਹੈ, “ਨਾਨਕ ਸ਼ਾਹ ਫਕੀਰ” ਫਿਲਮ ਅੱਜ ਰਲੀਜ਼ ਹੋਣੀ ਸੀ । ਪੰਜਾਬ, ਚੰਡੀਗੜ੍ਹ ਤੇ ਦਿੱਲੀ
ਦੀਆਂ ਸਰਕਾਰਾਂ ਵੱਲੋਂ ਦੋ ਮਹੀਨੇ ਦੀ ਆਰਜ਼ੀ ਪਾਬੰਦੀ ਦੀਆਂ ਖਬਰਾਂ ਕੱਲ ਸ਼ਾਮ ਤੱਕ ਆ ਚੁੱਕੀਆਂ
ਸਨ । ਦਿੱਲੀ ਤੇ ਬਾਕੀ ਦੇ ਹਿੰਦੁਸਤਾਨ ਵਿੱਚ ਫਿਲਮ ਦਾ ਕੀ ਬਣਿਆਂ, ਹਾਲੇ ਤੱਕ ਪੜ੍ਹਨ/ਸੁਣਨ
ਨੂੰ ਨਹੀਂ ਮਿਲਿਆ ।
ਕੁੱਝ ਦੋਸਤਾਂ ਦੇ ਬਿਆਨ ਸਨ ਕਿ “ਜੱਥੇਦਾਰ ਸਾਹਿਬ” ਹੁਕਮਨਾਮਾਂ ਜਾਰੀ ਕਰਨ ਫਿਲਮ ਦੇ ਵਿਰੁੱਧ
। ਜੱਥੇਦਾਰ ਸਾਹਿਬ ਦਾ ਬਿਆਨ ਪੜ੍ਹਨ ਨੂੰ ਮਿਲਿਆ ਸੀ ਕਿ “ਇਤਰਾਜ਼ ਯੋਗ” ਸੀਨ ਕੱਟੇ ਬਿਨ੍ਹਾਂ
ਫਿਲਮ ਰਲੀਜ਼ ਨਹੀਂ ਹੋਣੀ ਚਾਹੀਦੀ । ਪਹਿਲਾਂ ਇਹ ਵੀ ਪੜ੍ਹਨ ਨੂੰ ਮਿਲਿਆ ਸੀ ਕਿ “ਜੱਥੇਦਾਰ
ਸਾਹਿਬ” ਉਹਨਾਂ ਸਿੱਖ ਸਖਸ਼ੀਅਤਾਂ ਵਿੱਚ ਸ਼ਾਮਿਲ ਸਨ, ਜਿਨ੍ਹਾਂ ਫਿਲਮਸਾਜ਼ ਸਿੱਕੇ ਵੱਲੋਂ ਪਹਿਲਾਂ
ਇਹ ਫਿਲਮ ਦਿਖਾਈ ਗਈ ਸੀ । ਇਹਨਾਂ ਸਖਸ਼ੀਅੱਤਾਂ ਵਿੱਚੋਂ ਕਿਸੇ ਨੇ ਵੀ ਫਿਲਮ ਦੇਖ ਕੇ ਰੌਲਾ ਨਹੀਂ
ਸੀ ਪਾਇਆ, ਦਲ ਖਾਲਸਾ ਵੱਲੋਂ ਇਸ਼ੂ ਚੁੱਕਣ ਤੋਂ ਪਹਿਲਾਂ ।
ਇੱਕ ਪੁਰਾਣੀ ਗੱਲ ਯਾਦ
ਆ ਰਹੀ ਹੈ, ਸ਼ਾਇਦ 77/78 ਦੀ ਹੈ । ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਇੱਕ ਸਿੱਖ
ਇੱਤਹਾਸਕਾਰ ਦੀ ਕਿਤਾਬ ਛਪੀ ਸੀ, ਗੁਰੁ ਤੇਗ ਬਹਾਦੁਰ ਸਾਹਿਬ ਦੇ ਬਾਰੇ । ਇਹ ਸ਼ਾਇਦ ਉਸ ਦੇ
ਰੀਸਰਚ ਪੇਪਰ ਤੇ ਆਧਾਰਿਤ ਕਿਤਾਬ ਸੀ । ਉਸ ਨੇ ਗੁਰੁ ਤੇਗ ਬਹਾਦੁਰ ਸਾਹਿਬ ਬਾਰੇ ਕੁੱਝ
“ਇਤਰਾਜ਼ਯੋਗ ਖੋਜਾਂ” ਸਾਹਮਣੇ ਲਿਆਂਦੀਆਂ ਸਨ । ….ਇੱਕ ਸ਼ਾਮ ਸਿਰਦਾਰ ਕਪੂਰ ਸਿੰਘ ਜੀ, ਦਾਸ ਨੂੰ
ਮਿਲਣ ਆ ਗਏ । ਮੇਰੇ ਨਾਲ ਮੇਰਾ ਦੋਸਤ “ਸਤਿਨਾਮ ਸਿੰਘ ਵਾਲੀਆ” ਸੀ, ਜੋ ਇੱਤਹਾਸ ਦਾ ਵਿਦਿਆਰਥੀ
ਸੀ । ਸਿਰਦਾਰ ਜੀ ਨਾਲ ਅਸੀਂ ਸੈਕਟਰ 23 ਦੇ ਇੱਕ ਡਾਬਾ ਟਾਈਪ ਰੈਸਤੋਰਾਂ ਵਿੱਚ ਬੈਠੇ ਸਾਂ ।
ਟੇਬਲ ਦੇ ਇੱਕ ਪਾਸੇ ਸਿਰਦਾਰ ਸਾਹਿਬ ਤੇ ਉਹਨਾਂ ਦੇ ਸਾਹਮਣੇ ਮੈਂ ਤੇ ਸਤਿਨਾਮ । ਸਤਿਨਾਮ ਸਿੰਘ
ਨੇ ਉਸ ਇੱਤਹਾਸਕਾਰ ਦੀ ਕਿਤਾਬ ਦਾ ਜ਼ਿਕਰ ਸ਼ੁਰੂ ਕਰ ਦਿੱਤਾ, ਤੇ ਉਸ ਵੱਲੋਂ ਗੁਰੁ ਤੇਗ ਬਹਾਦੁਰ
ਸਾਹਿਬ ਬਾਰੇ ਲਿਖੀਆਂ ਇੱਤਰਾਜ਼ਯੋਗ ਗੱਲਾਂ ਨਾਲ ਸਬੰਧਤ ਸਵਾਲ ਸਿਰਦਾਰ ਸਾਹਿਬ ਨੂੰ ਕਰ ਦਿੱਤਾ ।
…………ਸਿਰਦਾਰ ਸਾਹਿਬ ਗੁੱਸੇ ਵਿੱਚ ਲਾਲ ਪੀਲੇ ਹੋ ਗਏ, ਤੇ ਸਤਿਨਾਮ ਸਿੰਘ ਨੂੰ ਕਹਿੰਦੇ, "ਸਰਦਾਰ
ਜੀ, ਤੁਸੀਂ ਇਹੋ ਜਿਹੀਆਂ ਗੱਲਾਂ ਸੁਣ ਕੇ ਮੇਰਾ ਦਿਮਾਗ ਖਰਾਬ ਕਰਨ ਆ ਜਾਂਦੇ ਹੋ । ਜਦੋਂ ਉਹ
ਲੇਖਕ ਇਹੋ ਜਿਹੀਆਂ ਗੱਲਾਂ ਕਰ ਰਿਹਾ ਸੀ, ਤੁਸੀਂ ਇੱਟ ਚੁੱਕ ਕੇ ਉਸ ਦੇ ਸਿਰ ਵਿੱਚ ਕਿਓਂ ਨਾ
ਮਾਰੀ? ਤੁਸੀਂ ਇੱਟ ਮਾਰ ਕੇ ਆਂਦੇ ਤਾਂ ਮੈਂ ਤੁਹਾਡੀ ਗੱਲ ਦਾ ਜਵਾਬ ਜ਼ਰੂਰ ਦਿੰਦਾ"।
ਮੇਰੇ ਦੋਸਤ ਨੇ ਆਪਣੇ ਵੱਲੋਂ ਗੱਲ ਕਲੀਅਰ ਕਰਨ ਦੀ ਕੋਸ਼ਿਸ਼ ਕੀਤੀ, ਪਰ ਮੈਂ ਉਸ ਦਾ ਪੈਰ ਦਬਾ ਕੇ
ਉਸ ਨੂੰ ਰੋਕ ਦਿੱਤਾ । ਮੈਨੂੰ ਪਤਾ ਸੀ ਕਿ ਹੁਣ ਚੱਪ ਰਹਿਣਾ ਹੀ ਬੇਹਤਰ ਹੈ । ਸਿਰਦਾਰ ਸਾਹਿਬ
ਨੇ ਆਪਣੇ ਸੁਭਾ ਮੁਤਾਬਕ 2/3 ਮਿੰਟ ਵਿੱਚ ਠੰਡਾ ਹੋ ਜਾਣਾ ਸੀ । ਦੋਸਤ ਦੇ ਚੁੱਪ ਕਰ ਜਾਣ ਤੇ
ਸਿਰਦਾਰ ਸਾਹਿਬ ਠੰਡੇ ਹੋ ਗਏ, ਤੇ ਫਿਰ ਨਾਰਮਲ ਗੱਲਾਂ ਕਰਨ ਲੱਗ ਪਏ । ਅਸੀਂ ਇਸ ਸਰਦਾਰ ਦੇ
ਢਾਬੇ ਤੇ ਕਦੇ ਕਦੇ ਸਿਰਦਾਰ ਕਪੂਰ ਸਿੰਘ ਜੀ ਨਾਲ ਗਰਮਾਂ ਗਰਮ ਜਲੇਬੀਆਂ ਖਾਣ ਜਾਇਆ ਕਰਦੇ ਸਾਂ
। ਸਿਰਦਾਰ ਕਪੂਰ ਸਿੰਘ ਜੀ ਦੀ ਇਹ ਖੂਬੀ ਸੀ ਕਿ ਉਹ ਗੁਰੂ ਸਾਹਿਬਾਨ ਦੀ ਸ਼ਾਨ ਵਿੱਚ ਕਿਸੇ ਕਿਸਮ
ਦੀ ਗੁਸਤਾਖੀ ਬਰਦਾਸ਼ਤ ਕਰ ਹੀ ਨਹੀਂ ਸੀ ਸਕਦੇ ਹੁੰਦੇ। ਤੇ ਇਹੀ ਗੱਲ ਮੇਰੀ ਗੁੜ੍ਹਤੀ ਵਿੱਚ ਵੀ
ਸਾਮਿਲ ਹੈ, ਜੋ ਮੈਂ ਹੁਣ ਆਪਣੇ ਦੋਸਤਾਂ, ਖਾਸ ਕਰ ਨੌਜਵਾਨ ਦੋਸਤਾਂ ਨਾਲ ਸਾਂਝੀ ਕਰ ਰਿਹਾ
ਹਾਂ, ਜਾਂ ਇੰਝ ਕਹਿ ਲਓ ਉਹਨਾਂ ਨੂੰ ਟਰਾਂਸਫਰ ਕਰ ਰਿਹਾ ਹਾਂ ।
ਫਿਲਮ “ਨਾਨਕ ਸ਼ਾਹ ਫਕੀਰ” ਬਾਰੇ ਸਿਧਾਂਤ ਦੀ ਗੱਲ ਤਾਂ ਇਹ ਹੈ ਕਿ ਕੀ ਸਿੱਖ ਕੌਮ, ਗੁਰੂ
ਸਾਹਿਬਾਨ ਤੇ ਗੁਰੂ ਪਰਿਵਾਰ ਨੂੰ ਨਾਟਕੀ ਪਾਤਰਾਂ ਦੇ ਰੂਪ ਵਿੱਚ ਪੇਸ਼ ਕਰਨ ਦੀ ਇਜਾਜ਼ਤ ਦੇ ਸਕਦੀ
ਹੈ, ਜਾਂ ਨਹੀਂ । ਇਸ ਦਾ ਪੰਥ ਪ੍ਰਵਾਨਤ ਜਵਾਬ ਹੈ, “ਨਹੀਂ”
। ਅਤੇ ਜੇ ਜਵਾਬ ਨਹੀਂ ਹੈ, ਤਾਂ “ਇਤਰਾਜ਼ਯੋਗ
ਸੀਨ ਕੱਟਣ” ਦੀ ਗੱਲ ਕਿੱਥੇ ਰਹਿ ਜਾਂਦੀ ਹੈ?
ਗੁਰੂ ਸਾਹਿਬਾਨ ਦੀਆਂ ਸਿਖਿਆਵਾਂ ਤੇ ਫਿਲਮਾਂ ਬਣਾਉਣ ਦੇ ਹੋਰ ਬਹੁਤ ਤਰੀਕੇ ਹੋ ਸਕਦੇ ਹਨ ।
ਕਿਸੇ ਵੇਲੇ ਪੰਜਾਬ ਦੇ ਕੁੱਝ ਨਾਟਕਕਾਰ ਇਹੋ ਜਿਹੇ ਸਫਲ ਤਜਰਬੇ ਕਰ ਵੀ ਚੁੱਕੇ ਹਨ । ਪਟਿਆਲੇ
ਵਾਲੇ ਹਰਪਾਲ ਟਿਵਾਣਾ ਹੁਰੀਂ ਬਹੁਤ ਸਮਾਂ ਪਹਿਲਾਂ ਇਹੋ ਜਿਹੇ ਨਾਟਕ ਪੇਸ਼ ਕਰ ਚੁੱਕੇ ਹਨ ।ਇਹੋ
ਜਿਹੇ ਤਜਰਬਆਿਂ ਨੂੰ ਹੋਰ ਅੱਗੇ ਵਧਾਉਣ ਤੋਂ ਕਿਸ ਨੇ ਰੋਕਿਆ ਹੈ? ਪਰ ਜੇ ਤੁਸੀਂ ਇੱਕ ਮਾਣਮੱਤੀ
ਕੌਮ ਦੀਆਂ ਮਰਿਯਾਦਾਵਾਂ ਦੀ ਉਲੰਘਣਾਂ ਕਰੋਗੇ, ਸਿੱਖ ਹਿਰਦਿਆਂ ਨੂੰ ਠੇਸ ਪਹੁੰਚਾਓਗੇ, ਤਾਂ ਸਿਰਦਾਕ ਕਪੂਰ ਸਿੰਘ ਵਾਲੀ ਇੱਟ ਤੋਂ ਕਿੰਨਾ ਕੂ ਚਿਰ ਬਚੇ ਰਹੋਗੇ ?
ਜਦੋਂ ਇਹੋ ਜਿਹੇ ਲੋਕਾਂ ਤੇ ਹਾਲਾਤ ਨਾਲ ਵਾਹ ਪਏ ਤਾਂ ਹੱਥ ਵਿੱਚ
“ਇੱਟ” ਰੱਖਣੀ ਬਹੁਤ ਜ਼ਰੂਰੀ ਹੈ ।