Share on Facebook

Main News Page

ਸੁਖਬੀਰ ਬਾਦਲ ਦੇ ਹੁਕਮ 'ਤੇ ਪਿੰਗਲਵਾੜੇ ਦਾ ਸਟਾਲ ਦਰਬਾਰ ਸਾਹਿਬ ਖੇਤਰ ਚੋਂ ਚੁੱਕ ਦਿੱਤਾ ਗਿਆ

* ਬੀਬੀ ਇੰਦਰਜੀਤ ਕੌਰ ਵੱਲੋ ਸ਼ਾਤਮਈ ਸੰਘਰਸ਼ ਸ਼ੁਰੂ

ਅੰਮ੍ਰਿਤਸਰ 17 ਅਪ੍ਰੈਲ (ਜਸਬੀਰ ਸਿੰਘ) ਮਜਲੂਮਾਂ, ਗਰੀਬਾਂ, ਬੇਸਹਾਰਾ, ਲੂੰਲਿਆ, ਲੰਗੜਿਆ, ਪਿੰਗਲਿਆ ਤੇ ਯਤੀਮਾਂ ਦੀ ਸੇਵਾ ਸੰਭਾਲ ਲਈ ਭਗਤ ਪੂਰਨ ਸਿੰਘ ਵੱਲੋ ਉਸਾਰੇ ਪਿੰਗਲਵਾੜਾ ਨੂੰ ਲੈ ਕੇ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਵੱਲੋ ਹਮੇਸ਼ਾਂ ਹੀ ਧੱਕੇਸ਼ਾਹੀ ਕੀਤੀ ਜਾਂਦੀ ਹੈ ਤੇ ਬੀਤੇ ਕਲ ਪੰਜਾਬ ਦੇ ਡਿਪਟੀ ਮੁੱਖ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪਰਧਾਨ ਸ੍ਰੀ ਸੁਖਬੀਰ ਸਿੰਘ ਬਾਦਲ ਨੇ ਵੀ ਪਿੰਗਲਵਾੜਾ ਸੰਸਥਾ ਨਾਲ ਸਿੱਧਾ ਹਮਲਾ ਕਰਦਿਆ ਸ੍ਰੀ ਦਰਬਾਰ ਸਾਹਿਬ ਦੇ ਬਾਹਰ ਲੱਗੇ ਪਿੰਗਲਵਾੜਾ ਦੇ ਸਟਾਲ ਨੂੰ ਤੁਰੰਤ ਚੁਕਵਾਉਣ ਦੇ ਨਾਦਰਸ਼ਾਹੀ ਫੁਰਮਾਨ ਜਾਰੀ ਕੀਤੇ ਹਨ ਜਿਸ ਨਾਲ ਪਿੰਗਲਵਾੜਾ ਸੰਸਥਾ ਨਾਲ ਜੁੜੀਆ ਸੰਸਥਾ ਤੇ ਲੋਕਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ।

ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਆਉਣ ਵਾਲੀਆ ਸੰਗਤਾਂ ਨੂੰ ਜਿਥੇ ਪਿੰਗਲਵਾੜਾ ਦੇ ਸੇਵਾਦਾਰ ਜੀ ਆਇਆ ਆਖਦੇ, ਉਥੇ ਉਹਨਾਂ ਨੂੰ ਸਿੱਖ ਗੁਰੂਆ ਦੀ ਗੁਰਬਾਣੀ, ਸਿੱਖ ਇਤਿਹਾਸ, ਗੁਰਬਾਣੀ ਦੀ ਮਹੱਤਤਾ ਦੀ ਲੋੜ ਅਤੇ ਹੋਰ ਸਮਾਜਿਕ ਬੁਰਾਈਆ ਦੇ ਖਿਲਾਫ ਪਿਛਲੀ ਕਰੀਬ ਅੱਧੀ ਸਦੀ ਤੋ ਵਧੇਰੇ ਸਮੇਂ ਤੋ ਧਾਰਮਿਕ ਪੁਸਤਕਾਂ ਤੇ ਸਾਹਿੱਤ ਵੰਡਦੇ ਆ ਰਹੇ ਹਨ। ਸੁਖਬੀਰ ਸਿੰਘ ਬਾਦਲ ਇੱਕ ਪਾਸੇ ਤਾਂ ਇਹ ਕਹਿੰਦੇ ਹਨ ਕਿ ਉਹ ਸ਼੍ਰੋਮਣੀ ਕਮੇਟੀ ਦੇ ਮਾਮਲਿਆ ਵਿੱਚ ਦਖਲਅੰਦਾਜੀ ਨਹੀਂ ਕਰਦੇ ਤੇ ਦੂਜੇ ਪਾਸੇ ਉਹਨਾਂ ਦੇ ਹੁਕਮਾਂ ਤੇ ਫੁੱਲ ਚੜਾਉਦਿਆ ਸੁਖਦੇਵ ਸਿੰਘ ਤੁੜ ਤੇ ਸਤਨਾਮ ਸਿੰਘ ਕਾਹਲੋ ਇੰਚਾਰਜ ਘੰਟਾ ਘਰਂ ਦੀ ਨਿਗਰਾਨੀ ਹੇਠ ਸ੍ਰੋਮਣੀ ਕਮੇਟੀ ਦੇ ਕਰੀਬ ਤਿੰਨ ਦਰਜਨ ਲੱਠਮਾਰ ਸੈਨਾ ਨੇ ਪਿੰਗਲਵਾੜਾ ਦਾ ਸਟਾਲ ਬੜੀ ਬੇਰਹਿਮੀ ਤੇ ਬੇਕਿਰਕੀ ਨਾਲ ਬਾਹਰ ਬਜ਼ਾਰ ਵਿੱਚ ਸੁੱਟ ਦਿੱਤਾ ਜਿਸ ਵਿੱਚ ਧਾਰਮਿਕ ਗੁਟਕੇ ਤੇ ਲਿਟਰੇਚਰ ਵੀ ਪਿਆ ਸੀ।

ਪਿੰਗਲਵਾੜਾ ਦੇ ਸਮਾਨ ਬਾਹਰ ਸੁੱਟ ਦੇਣ ਉਪੰਰਤ ਪਿੰਗਲਵਾੜਾ ਸੁਸਾਇਟੀ ਦੀ ਪ੍ਰਧਾਨ ਬੀਬੀ ਡਾਂ ਇੰਦਰਜੀਤ ਕੌਰ ਨੇ ਸਟਾਲ ਵਾਲੀ ਜਗਾ 'ਤੇ ਆ ਕੇ ਸ਼ਾਂਤਮਈ ਧਰਨਾ ਦੇਣਾ ਸ਼ੁਰੂ ਕਰ ਦਿੱਤਾ ਤੇ ਨਾਲ ਹੀ ਸਾਰੀਆ ਸੰਗਤਾਂ ਨੇ ਗੁਰਬਾਣੀ ਦਾ ਪਾਠ ਆਰੰਭ ਕਰ ਦਿੱਤਾ। ਬੀਬੀ ਡਾ. ਇੰਦਰਜੀਤ ਕੌਰ ਨੇ ਇਸ ਸਮੇਂ ਕਿਹਾ ਕਿ ਭਗਤ ਪੂਰਨ ਸਿੰਘ ਗੁਰੂ ਘਰ ਦੀ ਵਡਿਆਈ ਦਾ ਕਾਰਜ ਆਖਰੀ ਸਮੇਂ 1992 ਤੱਕ ਕਰਦੇ ਰਹੇ ਤੇ ਉਹਨਾਂ ਤੋ ਬਾਅਦ ਵੀ ਇਹ ਨਿਰੰਤਰ ਜਾਰੀ ਰਿਹਾ। ਉਹਨਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਨੇ ਉਹਨਾਂ ਨਾਲ ਪਹਿਲੀ ਵਾਰੀ ਧੱਕਾ ਨਹੀਂ ਕੀਤਾ ਸਗੋ ਇਸ ਤੋ ਪਹਿਲਾਂ ਵੀ ਕਈ ਵਾਰੀ ਕਰ ਚੁੱਕੀ ਹੈ ਪਰ ਹਰ ਵਾਰੀ ਉਹ ਇਸ ਨੂੰ ਗੁਰੂ ਦਾ ਭਾਣਾ ਮੰਨ ਬਰਦਾਸ਼ਤ ਕਰਦੇ ਆ ਰਹੇ ਹਨ। ਉਹਨਾਂ ਕਿਹਾ ਕਿ ਭਗਤ ਜੀ ਨੇ ਗੁਰੂ ਘਰ ਦੀ ਸੇਵਾ ਝਾੜੂ ਬਰਦਾਰ ਬਣ ਕੇ ਕੀਤੀ ਤੇ ਉਹਨਾਂ ਦੀ ਅੰਤਮ ਇੱਛਾ ਸੀ ਕਿ ਉਹਨਾਂ ਦੀ ਅਰਥੀ ਨੂੰ ਗੁਰੂ ਘਰ ਦੇ ਬਾਹਰ ਮੱਥਾ ਟੇਕ ਕੇ ਸ਼ਮਸਾਨ ਘਾਟ ਵਿਖੇ ਲਿਜਾਇਆ ਜਾਵੇ ਤਾਂ ਕਿ ਸੰਗਤਾਂ ਜਾਣ ਸਕਣ ਕਿ ਗੁਰੂ ਘਰ ਦਾ ਝਾੜੂ ਬਰਦਾਰ ਇਸ ਫਾਨੀ ਸੰਸਾਰ ਤੇ ਕੂਚ ਕਰਕੇ ਗੁਰੂ ਚਰਨਾਂ ਵਿੱਚ ਜਾ ਬਿਰਾਜਿਆ ਹੈ।

ਪਿੰਗਲਵਾੜਾ ਸੰਸਥਾ ਦੀ ਪ੍ਰਧਾਨ ਬੀਬੀ ਇੰਦਰਜੀਤ ਕੌਰ ਧਰਨੇ 'ਤੇ ਬੈਠੇ ਨਜ਼ਰ ਆ ਰਹੇ ਹਨ ਮੱਕੜ ਸੈਨਾ ਵਲੋਂ ਸੁੱਟੀਆਂ ਗਈਆਂ ਕਿਤਾਬਾਂ

ਉਹਨਾਂ ਕਿਹਾ ਕਿ ਉਹਨਾਂ ਨੇ ਤਾਂ ਕਮੇਟੀ ਵਾਲਿਆ ਕੋਲੋ ਸਿਰਫ ਚਾਰ ਦਿਨ ਦਾ ਸਮਾਂ ਮੰਗਿਆ ਸੀ ਤਾਂ ਕਿ ਉਹ ਸੁਖਬੀਰ ਸਿੰਘ ਬਾਦਲ ਨੂੰ ਮਿਲ ਕੇ ਗੱਲ ਕਰ ਸਕਣ ਪਰ ਜਿਹੜੀ ਧੱਕੇਸ਼ਾਹੀ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆ ਨੇ ਕੀਤੀ ਹੈ ਉਸ ਨੂੰ ਲੈ ਕੇ ਸੰਗਤਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਇਸ ਤੋ ਪਹਿਲਾਂ ਵੀ ਜਦੋ ਸਟਾਲ ਚੁੱਕਣ ਦੇ ਆਦੇਸ਼ ਜਾਰੀ ਹੋਏ ਸਨ ਤਾਂ ਬਿਕਰਮ ਸਿੰਘ ਮਜੀਠੀਆ ਦੀ ਦਖਲਅੰਦਾਜੀ ਨਾਲ ਮਾਮਲਾ ਹੱਲ ਹੋ ਗਿਆ ਸੀ ਪਰ ਇਸ ਵਾਰੀ ਤਾਂ ਸਮਾਂ ਹੀ ਨਹੀਂ ਦਿੱਤਾ ਗਿਈ। ਉਹਨਾਂ ਕਿਹਾ ਕਿ ਉਹਨਾਂ ਦਾ ਸੰਘਰਸ਼ ਉਸ ਵੇਲੇ ਤੱਕ ਜਾਰੀ ਰਹੇਗਾ ਜਦੋਂ ਤੱਕ ਸਟਾਲ ਦੁਬਾਰਾ ਨਹੀਂ ਲਗਾ ਦਿੱਤਾ ਜਾਂਦਾ। ਉਹਨਾਂ ਕਿਹਾ ਕਿ ਉਹਨਾਂ ਦਾ ਸੰਘਰਸ਼ ਪਾਠ ਕਰਕੇ ਆਪਣੀ ਮੰਗ ਨੂੰ ਮੰਨਵਾਉਣਾ ਹੈ ਨਾ ਕਿ ਕੋਈ ਹੋਰ ਪ੍ਰਕਾਰ ਦਾ ਸ਼ੰਘਰਸ਼ ਕਰਨਾ ਹੈ।

ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਦਫਤਰ ਸਕੱਤਰ ਸ੍ਰ ਹਰਬੀਰ ਸਿੰਘ ਸੰਧੂ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਪਰਧਾਨ ਅਵਤਾਰ ਸਿੰਘ ਮੱਕੜ ਨੂੰ ਆਪਣੀ ਗਿਰੇਬਾਨ ਵਿੱਚ ਝਾਤੀ ਮਾਰਨੀ ਚਾਹੀਦੀ ਹੈ ਕਿ ਜਿੰਨਾ ਸਿੱਖ ਕੌਮ ਦਾ ਨੁਕਸਾਨ ਉਸ ਦੇ ਸਮੇਂ ਦੌਰਾਨ ਹੋਇਆ, ਇੰਨਾ ਕਿਸੇ ਵੀ ਹੋਰ ਸਮੇਂ ਨਹੀਂ ਹੋਇਆ। ਉਹਨਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਨੇ ਕਦੇ ਵੀ ਸਿੱਖ ਧਰਮ ਪ੍ਰਤੀ ਆਪ ਤਾਂ ਕੋਈ ਚੰਗਾ ਕੰਮ ਨਹੀਂ ਸਗੋ ਚੰਗਾ ਕੰਮ ਕਰਨ ਵਾਲੇ ਨੂੰ ਰੋਕਿਆ ਜਰੂਰ ਹੈ। ਉਹਨਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੀ ਇਸ ਹਰਕਤ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।

ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਦੇ ਮੀਤ ਪ੍ਰਧਾਨ ਸ੍ਰ ਬਲਦੇਵ ਸਿੰਘ ਸਿਰਸਾ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋ ਗੁਰੂ ਘਰ ਵਿੱਚ ਡੰਮੀ ਗੁਰੂਆ ਦੇ ਤਾਂ ਸਟਾਲ ਲਗਾ ਕੇ ਪ੍ਰਚਾਰ ਕਰਵਾਇਆ ਜਾ ਰਿਹਾ ਹੈ ਤੇ ਉਸ ਸਟਾਲ ਦਾ ਉਦਘਾਟਨ ਵੀ ਸ਼੍ਰੋਮਣੀ ਕਮੇਟੀ ਦੇ ਅਧਿਕਾਰੀ ਆਪਣੇ ਕਰ ਕਮਲਾਂ ਨਾਲ ਕਰਦੇ ਹਨ, ਪਰ ਗੁਰੂ ਘਰ ਦੇ ਅਨਿਨ ਭਗਤਾ ਤੇ ਪੰਥ ਤੇ ਗ੍ਰੰਥ ਨੂੰ ਸਮੱਰਪਿੱਤ ਲੋਕਾਂ ਨੂੰ ਧੱਕੇ ਮਾਰੇ ਜਾ ਰਹੇ ਹਨ। ਉਹਨਾਂ ਕਿਹਾ ਕਿ ਪਿਛਲੇ ਕਈ ਦਹਾਕਿਆ ਤੇ ਪਿੰਗਲਵਾੜਾ ਸੰਸਥਾ ਇਥੇ ਪ੍ਰਚਾਰ ਦਾ ਕੰਮ ਕਰਦੀ ਆ ਰਹੀ ਹੈ ਪਰ ਸ਼੍ਰੋਮਣੀ ਕਮੇਟੀ ਇਹੋ ਜਿਹਾ ਚੰਗਾ ਕੰਮ ਹੁੰਦਾ ਵੇਖ ਕੇ ਕਿਵੇ ਬਰਦਾਸ਼ਤ ਕਰ ਸਕਦੀ ਹੈ ਜਿਹੜੀ ਆਪਣੀਆ ਕਿਤਾਬਾਂ ਵਿੱਚ ਗੁਰੂ ਸਾਹਿਬਾਨ ਨੂੰ ਗੁੰਡੇ, ਡਾਕੂ , ਲੁੱਟੇਰੇ ਤੇ ਹੋਰ ਕਈ ਲਕਬਾਂ ਨਾਲ ਸੰਬੋਧਨ ਕਰਦੀ ਹੈ। ਉਹਨਾਂ ਕਿਹਾ ਕਿ ਉਹ ਪਿੰਗਲਵਾੜਾ ਸੰਸਥਾ ਨੂੰ ਹਰ ਪ੍ਰਕਾਰ ਦਾ ਸਹਿਯੋਗ ਦੇਣਗੇ ਤੇ ਉਸ ਵੇਲੇ ਤੱਕ ਸੰਘਰਸ਼ ਜਾਰੀ ਰੱਖਣਗੇ ਜਦੋ ਤੱਕ ਸਟਾਲ ਉਸੇ ਜਗਾ ਦੁਬਾਰਾ ਸਥਾਪਤ ਨਹੀਂ ਕੀਤਾ ਜਾਂਦਾ।

ਪਿੰਗਲਵਾੜਾ ਦੇ ਜਨਰਲ ਮੈਨੇਜਰ ਤਿਲਕ ਰਾਜ ਨੇ ਕਿਹਾ ਕਿ ਉਹ ਹਰ ਸਾਲ ਕਰੀਬ 70 ਲੱਖ ਦਾ ਲਿਟਰੇਚਰ ਸਿਰਫ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਆਉਣ ਵਾਲੀਆ ਸੰਗਤਾਂ ਨੂੰ ਵੰਡਦੇ ਹਨ। ਇਸ ਸਮੇਂ ਈਕੋ ਸਿੰਖ ਸੰਸਥਾ ਦੇ ਗੁਨਬੀਰ ਸਿੰਘ, ਪਿੰਗਲਵਾੜਾ ਸੁਸਾਇਟੀ ਦੇ ਮੈਂਬਰ ਮੁਖਤਾਰ ਸਿੰਘ ਤੇ ਰਾਜਬੀਰ ਸਿੰਘ ਤੋ ਹੋਰ ਕਈ ਮੁਲਾਜਮ ਤੇ ਲੋਕ ਹਾਜਰ ਸਨ। ਇਸ ਸਬੰਧੀ ਜਦੋ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਪ੍ਰਤਾਪ ਸਿੰਘ ਨਾਲ ਗੱਲ ਕਰਨੀ ਚਾਹੀ ਤਾਂ ਉਹਨਾਂ ਨੇ ਸੇਵਾਦਾਰ ਨੇ ਇਹ ਕਹਿ ਦਿੱਤਾ ਕਿ ਮੈਨੇਜਰ ਸਾਹਿਬ ਮੀਟਿੰਗ ਵਿੱਚ ਹਨ ਤੇ ਉਹਨਾਂ ਕੋਲ ਗੱਲ ਕਰਨ ਦਾ ਸਮਾਂ ਨਹੀਂ ਹੈ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top