Share on Facebook

Main News Page

ਪੁਰਾਤਨ ਸਿੱਖ ਕਿਰਦਾਰ
ਮੋੜੀਂ ਬਾਬਾ ਕੱਛ ਵਾਲਿਆ
-: ਗੁਰਿੰਦਰਪਾਲ ਸਿੰਘ ਧਨੌਲਾ
93161-76519

ਸਿੱਖ ਗੁਰੂ ਸਹਿਬਾਨ ਨੇ ਕੌਮ ਵਿਚ ਕਿਰਦਾਰ ਪੈਦਾ ਕਰਨ ਲਈ ਹਰ ਤਰ੍ਹਾਂ ਦੇ ਜ਼ੁਲਮ-ਸਿਤਮ ਨੂੰ ਆਪਣੇ ਪਿੰਡੇ ’ਤੇ ਸਹਿ ਕੇ ਅਤੇ ਉਸਦਾ ਢੁੱਕਵਾਂ ਜਵਾਬ ਸਮੇਂ ਸਿਰ ਦੇ ਕੇ ਬਹੁਤ ਵੱਡੀ ਘਾਲਣਾ ਘਾਲੀ ਹੈ। ਗੁਰੂ ਸਾਹਿਬ ਨੇ ਗੁਰਬਾਣੀ ਅਤੇ ਸਿਧਾਂਤ ਦੇ ਸੁਮੇਲ ਰਾਹੀਂ ਸਿੱਖਾਂ ਅੰਦਰ ਇਕ ਅਜਿਹੀ ਰੂਹ ਫੂਕੀ ਕਿ ਸਿੱਖਾਂ ਨੇ ਸਮੇਂ ਦੇ ਇਤਿਹਾਸ ਨੂੰ ਬਹੁਤ ਵੱਡਾ ਮੋੜ ਦਿੱਤਾ। ਗੁਰੂ ਸਾਹਿਬ ਵੱਲੋਂ ਮਿਲੀ ਗੁੜ੍ਹਤੀ ਅੱਜ ਤੱਕ ਵੀ ਸਿੱਖਾਂ ਦਾ ਮਾਰਗ ਦਰਸ਼ਨ ਕਰਦੀ ਹੈ। ਗੁਰੂ ਸਹਿਬਾਨ ਨੇ ਸਰੀਰਕ ਤੌਰ ’ਤੇ ਵਿਛੋੜੇ ਪਿੱਛੋਂ, ਗੁਰੂ ਖਾਲਸਾ ਪੰਥ ਅਤੇ ਗੁਰੂ ਗ੍ਰੰਥ ਸਾਹਿਬ ਨੂੰ ਅਗਵਾਈ ਦਾ ਮੌਕਾ ਦੇ ਕੇ ਸਿੱਖਾਂ ਅੰਦਰ ਅਜਿਹੀ ਸਪਿਰਟ ਭਰੀ ਕਿ ਸਿੱਖਾਂ ਨੂੰ ਕਦੇ ਅਜਿਹਾ ਮਹਿਸੂਸ ਹੀ ਨਹੀਂ ਹੋਣ ਦਿੱਤਾ ਕਿ ਗੁਰੂ ਸਾਹਿਬ ਉਨ੍ਹਾਂ ਦੇ ਨਾਲ ਨਹੀਂ ਹਨ। ‘ਖਾਲਸਾ ਮੇਰੋ ਰੂਪ ਹੈ ਖਾਸ ਖਾਲਸੇ ਮੈ ਹਉ ਕਰਹੁ ਨਿਵਾਸ’ ਦੇ ਭਰੋਸੇ ਭਰੇ ਸ਼ਬਦ ਨੇ ਹਰ ਸਿੱਖ ਨੂੰ ਅਜਿਹਾ ਆਤਮਿਕ ਬਲ ਦਿੱਤਾ ਕਿ ਕਿਸੇ ਵੀ ਔਖੀ ਘੜੀ ਜਾਂ ਅਗਨ ਪ੍ਰੀਖਿਆ ਤੋਂ ਸਿੱਖਾਂ ਨੂੰ ਕਦੇ ਕੋਈ ਘਬਰਾਹਟ ਨਹੀਂ ਹੋਈ, ਸਗੋਂ ਹਰ ਔਖੀ ਘੜੀ ਨੂੰ ਅਕਾਲ ਪੁਰਖ ਦਾ ਭਾਣਾ ਸਮਝਿਆ ਅਤੇ ਆਪਣੇ ਉੱਤੇ ਹੋਏ ਜ਼ੁਲਮ ਨੂੰ ਕੌਮ ਦੇ ਲੇਖੇ ਲੱਗਣ ਦਾ ਇਕ ਸੁਭਾਗ ਸਮਝਦਿਆਂ ਹੱਸ ਕੇ ਪ੍ਰਵਾਨ ਕੀਤਾ।

ਇਹੀ ਕਾਰਨ ਸੀ ਕਿ ਸਿੱਖਾਂ ਨੇ ਆਪਣਾ ਕਿਰਦਾਰ ਉੱਚਾ ਰੱਖ ਕੇ ਵੱਡੀਆਂ-ਵੱਡੀਆਂ ਹਕੂਮਤਾਂ ਖਿਲਾਫ਼ ਫਤਹਿ ਪਾਈ। ਗੁਰੂ ਸਾਹਿਬ ਤੋਂ ਬਾਅਦ ਉਸੇ ਕਿਰਦਾਰ ਨੂੰ ਬਰਕਰਾਰ ਰੱਖਦਿਆਂ, ਇਸ ਧਰਤੀ ਉੱਤੇ ਹਲੇਮੀ ਰਾਜ ਪੈਦਾ ਕਰਨ ਲਈ, ਸਭ ਤੋਂ ਪਹਿਲਾ ਉੱਦਮ ਬਾਬਾ ਬੰਦਾ ਸਿੰਘ ਬਹਾਦਰ ਨੇ ਕੀਤਾ, ਜਿਸ ਨੇ ਚਿਰਾਂ ਤੋਂ ਸਥਾਪਿਤ ਜ਼ੁਲਮੀ ਅਤੇ ਜਨੂੰਨੀ ਬਾਦਸ਼ਾਹੀ ਦਾ ਅੰਤ ਕਰਕੇ, ਇਕ ਲੋਕ ਰਾਜ ਕਾਇਮ ਕੀਤਾ ਅਤੇ ਆਮ ਸਾਧਾਰਨ ਕਿਸਾਨਾਂ ਨੂੰ ਉਨ੍ਹਾਂ ਦੇ ਜ਼ਮੀਨੀ ਹਕੂਕ ਵਾਪਿਸ ਦਿਵਾ ਦਿੱਤੇ। ਬੇਸ਼ੱਕ ਸਮੇਂ ਦੀ ਹਕੂਮਤ ਦੇ ਜ਼ੋਰ ਨੇ ਅਜਿਹੇ ਰਾਜ ਨੂੰ ਜ਼ਿਆਦਾ ਚਿਰ ਨਾ ਚੱਲਣ ਦਿੱਤਾ, ਪਰ ਜਿੰਨਾ ਚਿਰ ਵੀ ਰਾਜ ਕੀਤਾ, ਉਸ ਰਾਜ ਵਿਚਲੇ ਕਿਰਦਾਰ ਨੂੰ ਰਹਿੰਦੀ ਦੁਨੀਆਂ ਤੱਕ ਯਾਦ ਕੀਤਾ ਜਾਂਦਾ ਰਹੇਗਾ। ਸਿੱਖਾਂ ਨੇ ਆਪਣੇ ਕਿਰਦਾਰ ਦਾ ਇਮਤਿਹਾਨ ਇਕ ਵਾਰ ਨਹੀਂ, ਅਨੇਕਾਂ ਵਾਰ ਦੇ ਕੇ ਇਤਿਹਾਸ ਵਿਚ ਆਪਣਾ ਵਿਲੱਖਣ ਥਾਂ ਬਣਾਇਆ।

ਕੇਵਲ ਸਿੱਖਾਂ ਨੇ ਨਹੀਂ, ਸਗੋਂ ਸਿੱਖ ਬੀਬੀਆਂ ਨੇ ਵੀ ਆਪਣੇ ਉੱਤਮ ਕਿਰਦਾਰ ਦਾ ਪ੍ਰਦਰਸ਼ਨ ਕੀਤਾ। ਮੀਰ ਮਨੂੰ ਦੇ ਜ਼ਮਾਨੇ ਵਿਚ ਸਿੱਖ ਬੀਬੀਆਂ ਉੱਤੇ ਸਭ ਤੋਂ ਵਧੇਰੇ ਜ਼ੁਲਮ ਹੋਇਆ ਹੈ। ਅਜਿਹੀ ਮਿਸਾਲ ਇਤਿਹਾਸ ਵਿਚ ਕਿਤੇ ਨਹੀਂ ਮਿਲਦੀ ਕਿ ਜਿਥੇ ਮਾਵਾਂ ਨੇ ਆਪਣੇ ਦੁੱਧ ਚੁੰਘਦੇ ਬੱਚਿਆਂ ਦੇ, ਧਰਮ ਦੀ ਖ਼ਾਤਰ ਟੋਟੇ ਕਰਵਾ ਕੇ ਗਲਾਂ ਵਿਚ ਹਾਰ ਪਵਾਏ ਹੋਣ ਅਤੇ ਆਪਣੇ ਕਿਰਦਾਰ ਨੂੰ ਕਿਸੇ ਪਾਸਿਓਂ ਆਂਚ ਨਾ ਆਉਣ ਦਿੱਤੀ ਹੋਵੇ। ਇਸ ਵਿਚ ਕੋਈ ਸ਼ੱਕ ਨਹੀਂ ਕਿ ਮਾਂ ਆਪਣੇ ਪੁੱਤਰ ਨੂੰ ਰੋਂਦਾ ਵੇਖ ਨਹੀਂ ਸਕਦੀ ਅਤੇ ਨਾ ਹੀ ਕੰਡਾ ਚੁੱਭੇ ਦੀ ਪੀੜ ਜਰ ਸਕਦੀ ਹੈ, ਲੇਕਿਨ ਧੰਨ ਹਨ ਉਹ ਮਾਂਵਾਂ, ਜਿਨ੍ਹਾਂ ਦੇ ਪੁੱਤਰ ਉਨ੍ਹਾਂ ਦੀਆਂ ਅੱਖਾਂ ਸਾਹਮਣੇ ਨੇਜ਼ਿਆਂ ਉੱਤੇ ਟੰਗੇ ਗਏ।

ਪੁਰਾਤਨ ਸਿੱਖਾਂ ਨੇ ਆਪਣੇ ਉੱਤਮ ਕਿਰਦਾਰ ਦਾ ਪ੍ਰਦਰਸ਼ਨ ਕਰਦਿਆਂ ਹੋਰ ਵੀ ਬਹੁਤ ਵੱਡੀਆਂ ਮਿਸਾਲਾਂ ਕਾਇਮ ਕੀਤੀਆਂ ਹਨ। ਅਮਰ ਸ਼ਹੀਦ ਭਾਈ ਮਨੀ ਸਿੰਘ ਨੂੰ ਜਦੋਂ ਹਕੂਮਤ ਦੀ ਬਦਨੀਤੀ ਦਾ ਪਤਾ ਲੱਗਾ ਕਿ ਅੰਮ੍ਰਿਤਸਰ ਬੁਲਾਏ ‘ਸਰਬੱਤ ਖਾਲਸਾ’ ਸਮੇਂ ਸਾਰੀ ਕੌਮ ਦਾ ਖ਼ਾਤਮਾ ਕਰ ਦਿੱਤਾ ਜਾਵੇਗਾ ਤਾਂ ਉਨ੍ਹਾਂ ਨੇ ਸਾਰੇ ਪਾਸੇ ਸੁਨੇਹੇ ਭੇਜ ਕੇ ਸਿੱਖਾਂ ਨੂੰ ਆਉਣੋਂ ਮਨਾ ਕੀਤਾ। ਇਸ ਬਦਲੇ ਹਕੂਮਤ ਦਾ ਜਜ਼ੀਆ ਨਾ ਭਰ ਸਕਣ ਕਰਕੇ ਭਾਈ ਮਨੀ ਸਿੰਘ ਨੇ ਆਪਣਾ ਬੰਦ-ਬੰਦ ਤਾਂ ਕਟਵਾ ਲਿਆ ਪਰ ਆਪਣੀ ਕੌਮ ਨੂੰ ਖ਼ਤਮ ਹੋਣੋਂ ਬਚਾ ਕੇ ਆਪਣੇ ਉੱਚੇ ਕਿਰਦਾਰ ਦਾ ਸਬੂਤ ਦਿੱਤਾ।

ਕਿਸੇ ਸਮੇਂ ਜਦੋਂ ਸਿੱਖਾਂ ਵਿਚ ਨਵਾਬੀ ਦੇਣ ਦੀ ਗੱਲ ਚੱਲੀ ਤਾਂ ਨਿਮਰਤਾ ਅਧੀਨ ਅਤੇ ਗੁਰੂ ਪਿਆਰ ਵਿਚ ਰਹਿ ਕੇ ਘੋੜਿਆਂ ਦੀ ਲਿੱਦ ਚੁੱਕਣ ਦੀ ਸੇਵਾ ਕਰਨ ਵਾਲੇ ਸ. ਕਪੂਰ ਸਿੰਘ ਨੂੰ ਨਵਾਬੀ ਬਖ਼ਸ਼ੀ ਗਈ। ਲੇਕਿਨ ਸ. ਕਪੂਰ ਸਿੰਘ ਨੇ ਇਸ ਸ਼ਰਤ ’ਤੇ ਨਵਾਬੀ ਪ੍ਰਵਾਨ ਕੀਤੀ ਕਿ ਉਹ ਨਵਾਬ ਹੁੰਦਿਆਂ ਹੋਇਆਂ ਵੀ ਆਪਣੀ ਲਿੱਦ ਚੁੱਕਣ ਦੀ ਸੇਵਾ ਨਿਰੰਤਰ ਨਿਭਾਉਂਦੇ ਰਹਿਣਗੇ, ਜਿਸ ਵਿਚੋਂ ਉਨ੍ਹਾਂ ਦਾ ਕਿਰਦਾਰ ਡੁੱਲ-ਡੁੱਲ ਪੈਂਦਾ ਹੈ।

ਇਕ ਅਜਿਹਾ ਮੌਕਾ ਵੀ ਆਇਆ, ਜਦੋਂ ਕਸੂਰ ਦੇ ਬ੍ਰਾਹਮਣ ਦੀ ਪਤਨੀ ਨੂੰ ਜਦੋਂ ਜਬਰੀ ਚੁੱਕ ਲਿਆ ਤਾਂ ਸ. ਹਰੀ ਸਿੰਘ ਭੰਗੀ ਨੇ ਉਸਨੂੰ ਛੁਡਾਉਣ ਲਈ ਕਸੂਰ ’ਤੇ ਹਮਲਾ ਕਰਨ ਦਾ ਐਲਾਨ ਕਰ ਦਿੱਤਾ। ਬੇਸ਼ੱਕ ਸਮੁੱਚੇ ਖਾਲਸਾ ਪੰਥ ਨੇ ਉਨ੍ਹਾਂ ਨੂੰ ਇਹ ਸਲਾਹ ਦਿੱਤੀ ਕਿ ਬਾਰਾਂ ਕਿਲਿਆਂ ਵਾਲੇ ਸ਼ਹਿਰ ਕਸੂਰ ਉੱਤੇ ਹਮਲਾ ਕਰਨਾ ਏਨਾ ਆਸਾਨ ਨਹੀਂ ਹੈ। ਇਸ ਫੈਸਲੇ ਉੱਤੇ ਮੁੜ ਗੌਰ ਕੀਤੀ ਜਾਵੇ। ਲੇਕਿਨ ਸ. ਹਰੀ ਸਿੰਘ ਭੰਗੀ ਨੇ ਕਿਹਾ ਕਿ ਹੁਣ ਖਾਲਸਾ ਅਰਦਾਸ ਕਰ ਚੁੱਕਿਆ ਹੈ। ਜੇ ਅੱਜ ਆਪਾਂ ਇਕ ਬ੍ਰਾਹਮਣ ਦੀ ਪਤਨੀ ਨਾ ਛੁਡਵਾ ਸਕੇ ਤਾਂ ਸਾਡੇ ਕਿਰਦਾਰ ਨੂੰ ਕੌਣ ਜਾਣੇਗਾ ਤਾਂ ਉਸੇ ਵੇਲੇ ਗੁਰੂ ਗ੍ਰੰਥ ਸਾਹਿਬ ਦਾ ਹੁਕਮਨਾਮਾ ਲੈ ਕੇ ਸ. ਚੜ੍ਹਤ ਸਿੰਘ, ਬਾਬਾ ਜੱਸਾ ਸਿੰਘ ਰਾਮਗੜੀਆ ਅਤੇ ਸ. ਹਰੀ ਸਿੰਘ ਭੰਗੀ ਨੇ ਕਸੂਰ ’ਤੇ ਹਮਲਾ ਕਰਕੇ ਉਸ ਬ੍ਰਾਹਮਣ ਦੀ ਪਤਨੀ ਨੂੰ ਆਜ਼ਾਦ ਕਰਵਾ ਲਿਆ।

ਇਤਿਹਾਸ ਗਵਾਹ ਹੈ ਕਿ ਇਕ ਵਾਰ 22 ਸੌ ਦੇ ਕਰੀਬ ਹਿੰਦੂ ਕੁੜੀਆਂ ਨੂੰ ਮੁਗਲ ਜਬਰੀ ਚੁੱਕ ਕੇ ਲੈ ਗਏ ਸਨ ਤਾਂ ਜਦੋਂ ਉਨ੍ਹਾਂ ਦੇ ਮਾਪਿਆਂ ਨੇ ਸਿੰਘਾਂ ਕੋਲ ਫਰਿਆਦ ਕੀਤੀ ਤਾਂ ਬਾਬਾ ਜੱਸਾ ਸਿੰਘ ਆਹਲੂਵਾਲੀਆ ਨੇ ਅਪ੍ਰੈਲ 1761 ਵਿਚ ਅੰਮ੍ਰਿਤਸਰ ਵਿਖੇ ‘ਸਰਬੱਤ ਖਾਲਸਾ’ ਸੱਦ ਕੇ ਫੈਸਲਾ ਲੈਂਦਿਆਂ ਬਾਈ ਸੌ ਹਿੰਦੂ ਕੁੜੀਆਂ ਨੂੰ ਮੁਗਲਾਂ ਦੇ ਪੰਜੇ ਵਿਚੋਂ ਛੁਡਵਾ ਲਿਆ। ਇਸ ਕਰਕੇ ਸਿੱਖ ਸਰਦਾਰਾਂ ਦੇ ਕਿਰਦਾਰ ਦਾ ਜ਼ਿਕਰ ਕਰਦਿਆਂ ਇਹ ਲਾਈਨਾਂ ਉਸ ਵੇਲੇ ਪ੍ਰਚੱਲਤ ਹੋਈਆਂ ਸਨ,

‘‘ਵੇ ਮੋੜੀਂ ਭਾਈ ਕੱਛ ਵਾਲਿਆ ਸਰਦਾਰਾ, ਧੀ ਸਾਡੀ ਗਈ ਬਸਰੇ ਨੂੰ ਗਈ,
ਇਨ੍ਹਾਂ ਦੀਆਂ ਗੁੱਡੀਆਂ ਭੁਆਈਂ ਸਿੰਘਾ ਛਈ, ਵੇ ਮੋੜੀਂ ਭਾਈ ਕੱਛ ਵਾਲਿਆ ਸਰਦਾਰ
ਾ’’।

ਭਾਵੇਂ ਕਿ ਬਹੁਤ ਸਾਰੇ ਹਿੰਦੂ ਪਰਿਵਾਰਾਂ ਨੇ ਮੁਗਲ ਦੇ ਭੈਅ ਕਰਕੇ ਛੁਡਵਾ ਕੇ ਲਿਆਂਦੀਆਂ ਧੀਆਂ ਨੂੰ ਅਪਣਾਉਣ ਤੋਂ ਇਨਕਾਰ ਕਰ ਦਿੱਤਾ ਸੀ, ਉਨ੍ਹਾਂ ਨੂੰ ਵੀ ਆਪਣੀਆਂ ਭੈਣਾਂ ਵਾਲਾ ਸਤਿਕਾਰ ਦਿੱਤਾ,ਇਸ ਤਰ੍ਹਾਂ ਦਾ ਕਿਰਦਾਰ ਸਿੱਖਾਂ ਨੇ ਪੁਰਾਤਨ ਸਮੇਂ ਵਿਚ ਨਿਭਾਇਆ।

ਬੇਸ਼ੱਕ ਹਾਲਾਤਾਂ ਮੁਤਾਬਿਕ ਸਿੱਖ ਮਿਸਲਾਂ ਵਿਚ ਵੰਡੇ ਹੋਏ ਸਨ ਅਤੇ ਇਲਾਕੇ ਨੂੰ ਲੈ ਕੇ ਜਾਂ ਅਗਵਾਈ ਨੂੰ ਲੈ ਕੇ ਆਪਸ ਵਿਚ ਲੜਦੇ ਵੀ ਸਨ, ਪਰ ਜਿਸ ਸਮੇਂ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਆਉਂਦੇ ਸਨ ਤਾਂ ਆਪਣੇ ਮਾਰੂ ਹਥਿਆਰ ਦਰਸ਼ਨੀ ਡਿਊਢੀ ਤੋਂ ਬਾਹਰ ਰੱਖ ਕੇ ਬੜੇ ਸਤਿਕਾਰ ਨਾਲ ਅੰਦਰ ਜਾਂਦੇ ਸਨ। ਅੱਗੋਂ ਜਦੋਂ ਕੋਈ ਦੂਜੀ ਮਿਸਲ ਵਾਲਾ ਮਿਲਦਾ ਸੀ ਤਾਂ ਇਕ ਦੂਜੇ ਤੋਂ ਪਹਿਲਾਂ ਫਤਹਿ ਬੁਲਾਉਣ ਦਾ ਯਤਨ ਕੀਤਾ ਜਾਂਦਾ ਸੀ। ਬਹੁਤੀ ਵਾਰੀ ਇਕ-ਦੂਜੇ ਦੇ ਗਲ ਲੱਗ ਕੇ ਵੀ ਮਿਲਦੇ ਸਨ। ਇਥੇ ਵੀ ਬੜਾ ਵੱਡਾ ਕਿਰਦਾਰ ਝਲਕਦਾ ਹੈ ਕਿ ਗੁਰੂ ਦੀ ਹਜ਼ੂਰੀ ਵਿਚ ਕੇਵਲ ਗੁਰੂ ਹੀ ਦਿਸਦਾ ਸੀ। ਨਿੱਜੀ ਲੜਾਈਆਂ ਇਕ ਪਾਸੇ ਰਹਿ ਜਾਂਦੀਆਂ ਸਨ। ਇਸ ਕਰਕੇ ਅੱਜ ਵੀ ਸਿੱਖਾਂ ਦੇ 18ਵੀਂ ਸਦੀ ਦੇ ਕਿਰਦਾਰ ਨੂੰ ਬੜੇ ਫ਼ਖ਼ਰ ਨਾਲ ਯਾਦ ਕੀਤਾ ਜਾਂਦਾ ਹੈ।

ਬੇਸ਼ੱਕ ਅੱਜ ਦੇ ਸਿੱਖ ਧਾਰਮਿਕ ਜਾਂ ਸਿਆਸੀ ਆਗੂਆਂ ਨੂੰ ਵੇਖ ਕੇ ਕੁੱਝ ਲੋਕਾਂ ਨੂੰ ਅੰਦੇਸ਼ਾ ਵੀ ਹੋਵੇਗਾ ਕਿ ਸਿੱਖਾਂ ਦਾ ਕਿਰਦਾਰ ਵੀ ਆਮ ਲੋਕਾਂ ਵਰਗਾ ਹੀ ਹੈ। ਲੇਕਿਨ ਜਦੋਂ ਕੋਈ ਇਤਿਹਾਸ ਦੇ ਪੰਨਿਆਂ ਤੋਂ ਪੁਰਾਤਨ ਸਿੱਖ ਕਿਰਦਾਰ ਬਾਰੇ ਪੜ੍ਹਦਾ ਹੈ ਤਾਂ ਉਸਦੇ ਮਨ ਅੰਦਰ ਜਿਥੇ ਅਜੋਕੇ ਆਗੂਆਂ ਪ੍ਰਤੀ ਨਫ਼ਤਰ ਪੈਦਾ ਹੁੰਦੀ ਹੈ, ਉਥੇ ਪੁਰਾਤਨ ਸਿੱਖ ਕਿਰਦਾਰ ਅੱਗੇ ਸਿਰ ਵੀ ਝੁਕ ਜਾਂਦਾ ਹੈ ਅਤੇ ਆਪ ਮੁਹਾਰੇ ਮੂੰਹੋਂ ਨਿਕਲਦਾ ਹੈ ਧੰਨ ਸਿੱਖੀ ਅਤੇ ਧੰਨ ਗੁਰੂ ਦੇ ਸਿੱਖ। ਮੇਰੀ ਅਰਜੋਈ ਹੈ ਗੁਰੂ ਪਾਤਸ਼ਾਹ ਅੱਗੇ ਕਿ ਜਿੱਥੇ ਏਨੀਆਂ ਬਖ਼ਸ਼ਿਸ਼ਾਂ ਕੀਤੀਆਂ ਹਨ, ਉਥੇ ਇੱਕ ਕਿਰਪਾ ਹੋਰ ਕਰ ਦਿਓ, ਪੁਰਾਤਨ ਕਿਰਦਾਰ ਵਾਪਿਸ ਆ ਜਾਵੇ। ਗੁਰੂ ਰਾਖਾ!


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top