Share on Facebook

Main News Page

ਬਾਦਲ ਨੂੰ "ਗੱਦਾਰ-ਏ-ਕੌਮ" ਦਾ ਖਿਤਾਬ, ਭਾਈ ਇੰਦਰਜੀਤ ਸਿੰਘ ਵਲੋਂ ਗਿਆਨੀ ਨੰਦਗੜ੍ਹ ਨੂੰ ਸੰਗਤਾਂ ਸਾਹਮਣੇ ਖਰੀਆਂ ਖਰੀਆਂ

ਸਰੀ, ਕੈਨੇਡਾ ਵਿਖੇ 19 ਅਪ੍ਰੈਲ 2015 ਨੂੰ ਖ਼ਾਲਸਾ ਪਰੇਡ ਦੌਰਾਨ ਭਾਈ ਇੰਦਰਜੀਤ ਸਿੰਘ ਵਲੋਂ ਗਿਆਨੀ ਨੰਦਗੜ੍ਹ ਨੂੰ ਸੰਗਤਾਂ ਸਾਹਮਣੇ ਬਾਦਲ ਨੂੰ "ਗੱਦਾਰ-ਏ-ਕੌਮ" ਦਾ ਖਿਤਾਬ ਦਿੱਤੇ ਜਾਣ 'ਤੇ ਜੈਕਾਰੇ ਅਤੇ ਦੋਨੋਂ ਹੱਥ ਖੜੇ ਕਰਵਾਏ ਗਏ... ਗਿਆਨੀ ਨੰਦਗੜ੍ਹ ਜੀ ਇਥੇ ਤਾਂ ਕਸੂਤੇ ਫਸੇ ਹੋਏ, ਦੋਵੇਂ ਬਾਹਾਂ ਤਾਂ ਖੜੀਆਂ ਕਰ ਗਏ, ਨਹੀਂ ਤਾਂ ਲੋਕਾਂ ਨੇ ਧੂਹ ਕੇ ਥੱਲੇ ਲਾਹ ਦੇਣਾ ਸੀ, ਮਰਦਾ ਕੀ ਨਹੀਂ ਕਰਦਾ... ਹਾਲੇ ਕਿੰਨੇ ਹੀ ਹੁਕਮਨਾਮਿਆਂ 'ਤੇ ਜਿਹੜੇ ਹਸਤਾਖਰ ਕੀਤੇ ਹਨ, ਉਸਦਾ ਜਵਾਬ ਵੀ ਚਾਹੀਦਾ ਹੈ ਜੀ।

ਇਹ ਹੈ ਉਹ "ਹੁਕਮਨਾਮਾ" ਜਿਹੜਾ ਕਿ ਗੱਦਾਰ ਧੁੰਮਾ ਦੇ ਕਹਿਣ 'ਤੇ ਮੂਲ ਨਾਨਕਸ਼ਾਹੀ ਕੈਲੰਡਰ 'ਚ ਅਖੌਤੀ ਸੋਧਾਂ ਕੀਤੀਆਂ ਗਈਆਂ, ਜਿਸ ਵਿੱਚ ਗਿਆਨੀ ਨੰਦਗੜ੍ਹ ਦੇ ਹਸਤਾਖਰ ਹਨ... ਕੀ ਜਵਾਬ ਹੈ ਇਸਦਾ?

ਸਾਡਾ ਗਿਆਨੀ ਨੰਦਗੜ੍ਹ ਨਾਲ ਕੋਈ ਜ਼ਾਤੀ ਤੌਰ 'ਤੇ ਵਿਰੋਧ ਨਹੀਂ, ਸਗੋਂ ਅਸੀਂ ਉਨ੍ਹਾਂ ਦਾ ਨਾਨਕਸ਼ਾਹੀ ਕੈਲੰਡਰ ਦੇ ਸੰਬੰਧ 'ਚ ਦੇਰ ਨਾਲ ਲਏ ਗਏ ਸਟੈਂਡ ਦਾ ਸਮਰਥਨ ਕੀਤਾ ਅਤੇ ਕਰਦੇ ਹਾਂ, ਪਰ ਇਸ ਨਾਲ ਉਨ੍ਹਾਂ ਵਲੋਂ ਕੀਤੇ ਗਏ ਗਲਤ ਫੈਸਲਿਆਂ ਬਾਰੇ ਅੱਖਾਂ ਬੰਦ ਨਹੀਂ ਕੀਤੀਆਂ ਜਾ ਸਕਦੀਆਂ। ਉਨ੍ਹਾਂ ਨੂੰ ਇਹ ਸਪਸ਼ਟ ਕਰਨਾ ਚਾਹੀਦਾ ਹੈ ਕਿ ਉਨ੍ਹਾਂ ਨੇ ਇਹ ਗਲਤ ਫੈਸਲੇ ਕਿਉਂ ਕੀਤੇ, ਅਤੇ ਕੀ ਹੁਣ ਉਹ ਇਸਦਾ ਸਪਸ਼ਟੀਕਰਣ ਦੇਣਗੇ?

ਅਸੀਂ ਕਿਸੇ ਦੇ ਪਿੱਛਲੱਗੂ ਨਹੀਂ, ਸਿਰਫ ਅੱਖਾਂ ਖੋਲ ਕੇ ਤੇ ਠੋਕ ਵਜਾ ਕੇ ਹਰ ਚੀਜ਼ ਨੂੰ ਪਰਖਣ ਦੀ ਆਦਤ ਹੈ... ਕਈ ਵੀਰ ਇਸ ਨੂੰ ਉਨ੍ਹਾਂ ਦਾ ਵਿਰੋਧ ਸਮਝ ਕੇ ਬੇਸਿਰਪੈਰ ਦੀਆਂ ਗੱਲਾਂ ਕਰ ਰਹੇ ਹਨ, ਉਨ੍ਹਾਂ ਨੂੰ ਬੇਨਤੀ ਹੈ ਕਿ ਪਹਿਲਾਂ ਸਵਾਲ ਪੜ੍ਹ ਲੈਣ, ਬੰਦੇ ਨੂੰ ਪਰਖ ਲੈਣ, ਕਿ ਹਰ ਵਾਰੀ ਥੁੱਕ ਕੇ ਹੀ ਚੱਟਣ 'ਚ ਸਵਾਦ ਆਉਂਦਾ ਹੈ?

ਇਹ ਹਨ ਉਹ 8 ਕੂੜਨਾਮੇ ਜਿਨ੍ਹਾਂ 'ਤੇ ਗਿਆਨੀ ਨੰਦਗੜ੍ਹ ਨੇ ਹਸਤਾਖਰ ਕੀਤੇ। ਜਿਹੜੇ ਲੋਕ ਇਹ ਸਮਝਦੇ ਹਨ, ਕਿ ਅਸੀਂ ਟਿੰਡ 'ਚ ਕਾਨਾ ਪਾਉਂਦੇ ਹਾਂ, ਤਾਂ ਉਹ ਲੋਕ ਵੀ ਇੱਕ ਵਾਰੀ ਧਿਆਨ ਨਾਲ ਇਹ ਸਾਰਾ ਲੇਖ ਅਤੇ ਸੁਆਲ ਪੜ੍ਹਨ, ਅਤੇ ਸੋਚਣ ਕੀ ਇਹ ਟਿੰਡ 'ਚ ਕਾਨਾ ਪਉਣਾ ਹੈ, ਜਾਂ ਅੱਖਾਂ ਖੋਲ ਕੇ ਟਿੰਡ 'ਚ ਝਾਂਕਣਾ ਹੈ, ਭਾਈ ਇਹ ਟਿੰਡ ਵੀ ਕਿਤੇ ਵਿੰਗੀ ਚਿੱਬੀ ਤਾਂ ਨਹੀਂ, ਜਾਂ ਇਸ 'ਚ ਮੋਰ੍ਹੀ ਤਾਂ ਨਹੀਂ!!! ਬਾਅਦ 'ਚ ਅੱਖਾਂ 'ਚ ਘਸੁੰਨ ਦੇ ਕੇ ਰੋਣ ਨਾਲੋਂ, ਪਹਿਲਾਂ ਠੋਕ ਵਜਾ ਕੇ ਚੈਕ ਕਰ ਲਓ, ਇਸ ਵਿੱਚ ਹੀ ਭਲਾਈ ਹੈ। ਬਾਕੀ ਹਰ ਕਿਸੇ ਨੂੰ ਆਜ਼ਾਦੀ ਹੈ ਉਹ ਕਿਸ ਤਰ੍ਹਾਂ ਸੋਚਦਾ ਹੈ, ਖ਼ਾਲਸਾ ਨਿਊਜ਼ ਤਾਂ ਇਹ ਸਵਾਲ ਪਾਠਕਾਂ ਤੱਕ ਪਹੁੰਚਾਏਗੀ ਹੀ, ਜੇ ਕਿਸੇ ਨੂੰ ਬੁਰਾ ਲਗਦਾ ਹੈ, ਲਗਦਾ ਰਵੇ।

- ਸੰਪਾਦਕ ਖ਼ਾਲਸਾ ਨਿਊਜ਼

 ਗਿਆਨੀ ਬਲਵੰਤ ਸਿੰਘ ਨੰਦਗੜ੍ਹ ਦੇ ਸਮੇਂ ਹੋਏ ਹੁਕਮਨਾਮਿਆਂ 'ਤੇ ਨਿਗ੍ਹਾ ਮਾਰੀਏ ਤਾਂ:

* ਸੱਭ ਤੋਂ ਪਹਿਲਾ ਹੁਕਮਨਾਮਾ 10 ਜੁਲਾਈ 2003 ਨੂੰ ਭਾਈ ਗੁਰਬਖ਼ਸ਼ ਸਿੰਘ ਕਾਲਾ ਅਫ਼ਗਾਨਾ ਨੂੰ ਛੇਕਣ ਦਾ ਹੋਇਆ ਸੀ।

* ਇਸ ਤੋਂ ਬਾਅਦ 10 ਮਾਰਚ ਨੂੰ ਪੰਥ ਦੀ ਆਵਾਜ਼ ਮੰਨੇ ਜਾਂਦੇ 'ਰੋਜ਼ਾਨਾ ਸਪੋਕਸਮੈਨ' ਦੇ ਮੁੱਖ ਸੰਪਾਦਕ ਜੋਗਿੰਦਰ ਸਿੰਘ ਨੂੰ ਪੰਥ 'ਚੋਂ ਛੇਕਣ ਦਾ ਹੁਕਮ ਹੋਇਆ ਸੀ, ਜਿਸ ਨੂੰ ਸਿੱਖ ਕੌਮ ਨੇ ਮੁੱਢੋਂ ਹੀ ਨਕਾਰ ਦਿਤਾ ਸੀ ਅਤੇ ਇਹ ਸੱਭ ਨੂੰ ਪਤਾ ਹੈ ਕਿ ਇਹ ਹੁਕਮਨਾਮਾ ਵੀ ਕਿਸ ਦੇ ਕਹਿਣ 'ਤੇ ਹੋਇਆ ਸੀ?

* ਇਸੇ ਤਰ੍ਹਾਂ 17 ਨਵੰਬਰ 2009 ਨੂੰ ਜਗਦੀਸ਼ ਸਿੰਘ ਝੀਂਡਾ ਅਤੇ ਉਸ ਦੇ ਚਾਰ ਸਾਥੀਆਂ ਨੂੰ ਵੀ ਪੰਥ ਵਿਚੋਂ ਛੇਕ ਦਿਤਾ ਗਿਆ।

* ਫਿਰ ਪ੍ਰੋ. ਦਰਸ਼ਨ ਸਿੰਘ ਜੋ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੀ ਰਹੇ ਹਨ, ਨੂੰ 5 ਦਸੰਬਰ 2009 ਨੂੰ ਤਨਖ਼ਾਹੀਆ ਕਰਾਰ ਦਿਤਾ ਗਿਆ ਅਤੇ 29 ਜਨਵਰੀ 2010 ਨੂੰ ਪੰਥ ਵਿਚੋਂ ਛੇਕ ਦਿਤੇ ਗਏ।

* ਇਥੇ ਹੀ ਬਸ ਨਹੀਂ, 24 ਜੁਲਾਈ 2003 ਨੂੰ ਮਹਿੰਦਰ ਸਿੰਘ ਰੁਮਾਣਾ ਨੂੰ ਤਨਖ਼ਾਹੀਆ ਕਰਾਰ ਦਿਤਾ ਗਿਆ।

* 14 ਦਸੰਬਰ ਨੂੰ ਗਿਆਨੀ ਗੁਰਦਿਤ ਸਿੰਘ ਨੂੰ ਮੁੰਦਾਵਣੀ ਪੁਸਤਕ ਕਾਰਨ ਤਨਖ਼ਾਹੀਆ ਕਰਾਰ ਦਿਤਾ ਗਿਆ।

* 2 ਜੁਲਾਈ 2006 ਨੂੰ ਸਿਮਰਨਜੀਤ ਸਿੰਘ ਮਾਨ ਅਤੇ ਅਕਾਲੀ ਦਲ ਮਾਨ ਦੇ ਅਹੁਦੇਦਾਰਾਂ ਉਤੇ ਗੁਰਦਵਾਰਿਆਂ ਵਿਚ ਬੋਲਣ ਦੀ ਪਾਬੰਦੀ ਲਗਾਈ ਜਦਕਿ 18 ਜੁਲਾਈ ਨੂੰ ਹੀ ਇਨ੍ਹਾਂ ਵਲੋਂ ਮੁਆਫ਼ੀ ਮੰਗ ਲਈ ਗਈ।

ਨਾਲੇ ਉਸ ਇਕਰਾਰ ਦਾ ਕੀ ਬਣਿਆ, ਜਿਸ ਵਿੱਚ ਉਹ ਕਿਹਾ ਕਰਦੇ ਸਨ, ਕਿ ਉਹ ਕਿਰਪਾਨ ਲਾਹ ਕੇ ਹਵਾਈ ਸਫਰ ਨਹੀਂ ਕਰਣਗੇ। ਕੀ ਹੁਣ ਉਹ ਕਿਰਪਾਨ ਪਾ ਕੇ ਆਏ ਹਨ?

ਕੀ ਗਿਆਨੀ ਨੰਦਗੜ੍ਹ ਇਨ੍ਹਾਂ ਸਵਾਲਾਂ ਦਾ ਜਵਾਬ ਦੇਣਗੇ ?


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top