Share on Facebook

Main News Page

...ਤੇਰੇ ਸੇਵਕਾਂ ਅਤੇ ਟਹਲੀਆਂ ਦੀ ਅਰਦਾਸ
-: ਇੰਦਰਜੀਤ ਸਿੰਘ ਕਾਨਪੁਰ

ਖ਼ਾਲਸਾ ਨਿਊਜ਼ ਅਤੇ ਫੇਸਬੁਕ 'ਤੇ ਇਕ ਇਹੋ ਜਿਹੀ ਵੀਡੀਉ ਵੇਖੀ, ਜਿਸ ਵਿਚ ਧਰਮ ਦੇ ਠੇਕੇਦਾਰ ਕੁੱਝ ਗਰੀਬ ਅਤੇ ਨਿਹੱਥੇ ਪਾਠੀਆਂ ਨੂੰ ਬੁਰੀ ਤਰ੍ਹਾਂ ਕੁੱਟ ਰਹੇ ਹਨ। ਆਪਣੇ ਆਪ ਨੂੰ ਬਹੁਤ ਮਜ਼ਬੂਤ ਦਿਲ ਵਾਲਾ ਸਮਝਣ ਦੇ ਬਾਵਜੂਦ, ਇਕ ਬਜੁਰਗ ਸਿੱਖ ਨੂੰ ਸਿੱਖਾਂ ਕੋਲੋਂ ਹੀ, ਕੁਟ ਖਾਂਦਿਆਂ ਵੇਖ ਕੇ ਦਿਲ ਕੰਬ ਗਿਆ। ਇਹ ਵੇਖ ਕੇ ਵਿਚਲਿਤ ਹੋਣ ਦੇ ਕਈ ਕਾਰਣ ਸਨ। ਬਹੁਤ ਸਾਰਿਆਂ ਵੇਖਣ ਵਾਲਿਆਂ ਨੇ ਇਸ ਵੀਡੀਓ, ਨੂੰ ਸਿਰਫ ਇਸ ਨਜ਼ਰਿਏ ਨਾਲ ਵੇਖਿਆ ਹੈ, ਕਿ ਵਿਚਾਰੇ ਗਰੀਬ ਪਾਠੀਆਂ ਦੀ ਬੜੀ ਬੇਦਰਦੀ ਨਾਲ ਕੁੱਟ ਮਾਰ ਕੀਤੀ ਗਈ। ਲੇਕਿਨ ਮੇਰੇ ਜ਼ਹਿਨ ਵਿੱਚ ਕੁੱਝ ਹੋਰ ਹੀ ਗੱਲਾਂ ਅਤੇ ਸਵਾਲ ਵੀ ਉੱਠ ਕੇ ਖੜੇ ਹੋ ਗਏ, ਜਿਨ੍ਹਾਂ ਨੂੰ ਦਾਸ ਆਪ ਜੀ ਨਾਲ ਸਾਂਝੇ ਕਰਨਾ ਜ਼ਰੂਰੀ ਸਮਝਦਾ ਹੈ। ਅਸੀਂ ਬਹੁਤੇ ਲੋਕੀਂ ਉਹ ਹੀ ਕੁੱਝ ਵੇਖਦੇ ਹਾਂ, ਜੋ ਕੁਝ ਸਾਮ੍ਹਣੇ ਦਿਸ ਰਿਹਾ ਹੁੰਦਾ ਹੈ। ਲੇਕਿਨ ਪਰਦੇ ਦੇ ਪਿਛੇ ਦਾ ਸੱਚ ਕੀ ਹੈ ਅਤੇ, ਅਤੇ ਭਵਿੱਖ ਵਿੱਚ ਉਸ ਦਾ ਹਸ਼ਰ ਕੀ ਹੋ ਸਕਦਾ ਹੈ, ਇਹ ਬਹੁਤ ਘੱਟ ਲੋਕ ਹੀ ਸਮਝਦੇ ਹਨ।

ਮੈਂ ਅਪਣੇ ਸ਼ਹਿਰ ਵਿਚ ਬਹੁਤ ਸਾਰੇ ਪਾਠੀਆਂ ਨੂੰ ਗੁਰਬਤ ਦੇ ਉਨ੍ਹਾਂ ਹਾਲਾਤਾਂ ਵਿਚ ਵੇਖਿਆ ਹੈ ਜਿਨ੍ਹਾਂ ਨੂੰ ਵੇਖ ਕੇ ਬਰਦਾਸ਼ਤ ਨਹੀਂ ਹੁੰਦਾ। ਪਾਠ ਕਰਨ ਦੀ ਡਿਊਟੀਆਂ ਲੈਣ ਲਈ ਉਹ ਗੁਰਦੁਆਰਿਆਂ ਦੇ ਮੈਨੇਜਰਾਂ ਅਤੇ ਪ੍ਰਧਾਨਾਂ ਦੇ ਘਰ ਦੀਆਂ ਚਾਕਰੀਆਂ ਕਰਦੇ ਹਨ, ਤਾਂਕਿ ਉਨ੍ਹਾਂ ਨੂੰ ਡਿਊਟੀਆਂ ਮਿਲਦੀਆਂ ਰਹਿਣ। ਮੈਂ ਐਸੇ ਕਈ ਪਾਠੀਆਂ ਦੇ ਪਰਿਵਾਰਾਂ ਨੂੰ ਵੇਖਿਆ ਹੈ, ਜਿਨ੍ਹਾਂ ਦੀਆਂ ਬੀਬੀਆਂ ਨੂੰ ਆਪਣੇ ਬੱਚੇ ਪਾਲਣ ਲਈ ਲੋਕਾਂ ਦੇ ਘਰਾਂ ਦੇ ਭਾਂਡੇ ਵੀ ਮਾਂਜਣੇ ਪਏ ਹਨ। ਸਾਡੇ ਸ਼ਹਿਰ ਵਿੱਚ ਕੋਈ ਵੀ ਐਸਾ ਪਾਠੀ ਨਹੀਂ ਹੋਣਾ, ਜਿਸ ਨੂੰ ਗੁਰਦੁਆਰਿਆਂ ਤੋਂ ਇਕ ਮਹੀਨੇ ਵਿੱਚ ਪੰਜ ਛੇ ਹਜਾਰ ਤੋਂ ਵਧ ਆਮਦਨ ਹੋਵੇ। ਕਿਸ ਤਰ੍ਹਾਂ ਉਹ ਆਪਣੇ ਪਰਿਵਾਰ ਪਾਲਣ?

ਕੁਝ ਵਰ੍ਹੇ ਪਹਿਲਾਂ ਦੀ ਇਕ ਹੱਡ ਬੀਤੀ ਆਪ ਜੀ ਨਾਲ ਸਾਂਝੀ ਕਰਦਾ ਹਾਂ।

ਕਿਸੇ ਦੇ ਘਰ ਕੀਰਤਨ ਸੀ, ਉਥੇ ਇੱਕ ਬਜੁਰਗ ਪਾਠੀ ਵੀਰ ਦਾਸ ਨੂੰ ਮਿਲੇ ਤੇ ਮੈਂ ਉਨ੍ਹਾਂ ਦੀ ਹਾਲਤ ਨੂੰ ਵੇਖ ਕੇ ਕੁਝ ਮਾਇਆ ਉਨ੍ਹਾਂ ਨੂੰ ਭੇਂਟ ਕੀਤੀ (ਇਥੇ ਉਨ੍ਹਾਂ ਦਾ ਨਾਮ ਲਿਖਣਾ ਮੈਂ ਜਾਇਜ਼ ਨਹੀਂ ਸਮਝਦਾ, ਉਹ ਬਜ਼ੁਰਗ ਪਾਠੀ ਅੱਜ ਵੀ ਕਾਨਪੁਰ ਵਿੱਚ ਹੀ ਕਿਧਰੇ ਰਹਿੰਦੇ ਹਨ ਅਤੇ ਬਹੁਤ ਹੀ ਗਰੀਬੀ ਦਾ ਜੀਵਨ ਬਤੀਤ ਕਰ ਰਹੇ ਹਨ, ਇੱਕ ਦਾ ਕੀ ਕਹਾਂ ਇਥੇਤਾਂ ਸੈਂਕੜੇ ਹੀ ਪਾਠੀ ਹਨ, ਜੋ ਬਹੁਤ ਹੀ ਗਰੀਬ ਹਨ ਅਤੇ ਉਨ੍ਹਾਂ ਦੀਆਂ ਘਰਵਾਲੀਆਂ ਲੋਕਾਂ ਦੇ ਕਪੜੇ ਆਦਿਕ ਸੀਂਉਂ ਕੇ ਆਪਣਾ ਘਰ ਚਲਾ ਰਹੀਆਂ ਨੇ।)

ਉਹ ਪਾਠੀ ਵੀਰ ਕੁੱਝ ਦਿਨ ਬਾਅਦ ਮੇਰੀ ਦੁਕਾਨ 'ਤੇ ਇੱਕ ਬਹੁਤ ਹੀ ਪੁਰਾਣੀ ਸਾਇਕਿਲ 'ਤੇ, ਲਗਭਗ 10 ਕਿਲੋਮੀਟਰ ਦੂਰੋਂ ਆ ਗਏ। ਚਾਹ ਪਾਣੀ ਪੁਛਣ ਤੋਂ ਬਾਅਦ ਦਾਸ ਨੇ ਉਨ੍ਹਾਂ ਦੇ ਆਉਣ ਦਾ ਕਾਰਣ ਪੁਛਿਆ, ਤਾਂ ਉਹ ਕਹਿਣ ਲਗੇ, ਤੁਹਾਡੇ ਘਰ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ? ਮੈਂ ਸੰਗ੍ਰਾਂਦ ਦੀ ਸੰਗ੍ਰਾਂਦ ਆਕੇ ਤੁਹਾਡੇ ਘਰ ਅਰਦਾਸ ਕਰ ਜਾਵਾਂ ਕਰਾਂ? ਦਾਸ ਉਨ੍ਹਾਂ ਦੀ ਇਹ ਗਲ ਨੂੰ ਸੁਣ ਕੇ ਸਾਰਾ ਮਾਜਰਾ ਸਮਝ ਗਿਆ ਕਿ ਇਹ ਸਿੱਖ ਬਜੁਰਗ ਬਹੁਤ ਕੜਕੀ ਦੀ ਹਾਲਤ ਵਿਚ ਹਨ। ਹਾਂਲਾਂਕਿ ਮੇਰੀ ਸਿੰਘਣੀ ਰੋਜ਼ ਹੀ ਸਵੇਰੇ ਗੁਰੂ ਸਾਹਿਬ ਦਾ ਪ੍ਰਕਾਸ਼, ਖੁਲ੍ਹਾ ਪਾਠ ਅਤੇ ਸ਼ਾਮਾਂ ਵੇਲੇ ਸੁਖਆਸਨ ਕਰਦੀ ਹੈ। ਲੇਕਿਨ ਉਨ੍ਹਾਂ ਦੀ ਹਾਲਤ ਵੇਖ ਕੇ ਦਿਲ ਭਰ ਆਇਆ ਤੇ ਇਸ ਲਈ ਉਨ੍ਹਾਂ ਨੂੰ ਹਾਮੀ ਭਰ ਦਿੱਤੀ ਕਿ, ਜੇ ਇਨ੍ਹਾਂ ਨੂੰ ਮੈਂ ਬਿਨਾਂ ਮਤਲਬ ਦੋਬਾਰਾ ਕੁੱਝ ਮਦਦ ਕਰ ਦਿਤੀ ਤਾਂ ਇਨ੍ਹਾਂ ਨੂੰ ਉਸ ਦੀ ਆਦਤ ਪੈ ਜਾਵੇਗੀ ਅਤੇ ਉਨ੍ਹਾਂ ਦੀ ਅਣਖ ਨੂੰ ਵੀ ਸੱਟ ਵੱਜੇਗੀ। ਉਹ ਦੋ ਤਿਨ ਸੰਗ੍ਰਾਂਦਾਂ ਮੇਰੇ ਘਰ ਆਏ ਤੇ ਲੰਗਰ ਚਾਹ ਛਕਾਉਣ ਦੇ ਨਾਲ ਹੀ ਉਨ੍ਹਾਂ ਨੂੰ ਜੋ ਤਿਲ ਫੁਲ ਹੋ ਸਕਦਾ ਸੀ, ਮੈਂ ਭੇਂਟ ਕਰਦਾ ਰਿਹਾ। ਲੇਕਿਨ ਦਸ ਕਿਲੋਮੀਟਰ ਦੂਰੋਂ, ਪੁਰਾਨੀ ਟੁੱਟੀ ਸਾਇਕਿਲ ਤੇ ਆਉਣਾ, ਫਿਰ ਵਾਪਿਸ ਜਾਂਣਾ ਵੇਖ ਕੇ ਦਿਲ ਭਰ ਉਠਦਾ ਸੀ। ਉਨ੍ਹਾਂ ਨੂੰ ਦਾਸ ਨੇ ਕਹਿਆ ਕਿ ਤੁਸੀਂ ਕਿਸੇ ਸਵਾਰੀ 'ਤੇ ਆ ਜਾਇਆ ਕਰੋ ਤੇ ਮੇਰੇ ਬੇਟਾ ਤੁਹਾਨੂੰ ਮੋਟਰ ਸਾਇਕਿਲ 'ਤੇ ਛੱਡ ਆਵੇ ਕਰੇਗਾ। ਸੰਗ੍ਰਾਂਦ 'ਤੇ ਬੁਲਾ ਕੇ ਅਰਦਾਸ ਕਰਵਾਉਣ ਦਾ ਕੋਈ ਵੀ ਮਕਸਦ ਨਹੀਂ ਸੀ, ਇਸ ਬਹਾਨੇ ਉਨ੍ਹਾਂ ਦੀ ਮਦਦ ਹੋ ਜਾਂਦੀ ਸੀ ਅਤੇ ਉਨ੍ਹਾਂ ਦੀ ਅਣਖ ਨੂੰ ਵੀ ਇਹ ਨਹੀਂ ਸੀ ਲਗਦਾ ਕਿ ਮੈਂ ਬਿਨਾਂ ਵਜਿਹ ਮਾਇਆ ਲੈ ਰਿਹਾ ਹਾਂ। ਕੁੱਝ ਮਹੀਨੇ ਇਹ ਸਿਲਸਿਲਾ ਚਲਦਾ ਰਿਹਾ, ਫਿਰ ਉਨ੍ਹਾਂ ਅਚਾਨਕ ਆਉਣਾ ਬੰਦ ਕਰ ਦਿਤਾ... ਉਸ ਤੋਂ ਬਾਅਦ ਉਹ ਮੈਂਨੂੰ ਨਹੀਂ ਮਿਲੇ। ਉਨ੍ਹਾਂ ਦੇ ਘਰ ਗਿਆ, ਤਾਂ ਉਹ ਸ਼ਾਇਦ ਘਰ ਬਦਲ ਚੁਕੇ ਸਨ।

ਅੱਜ ਕਈ ਸਿੱਖ ਬੜੇ ਫਖਰ ਨਾਲ ਇਹ ਕਹਿੰਦੇ ਸੁਣੇਂ ਜਾਂਦੇ ਹਨ ਕਿ, "ਕਿਸੇ ਸਿੱਖ ਨੂੰ ਕਦੀ ਭੀਖ ਮੰਗਦਿਆਂ ਨਹੀਂ ਵੇਖਿਆ"। ਬੜਾ ਵੱਟ ਚੜ੍ਹਦਾ ਹੈ ਜਦੋ ਕੋਈ ਇਹ ਕਹਿੰਦਾ ਹੈ। ਆਉ ਮੇਰੇ ਸ਼ਹਿਰ ਮੈਂ ਤੁਹਾਨੂੰ ਵਖਾਂਦਾ ਹਾਂ ਕਿ ਇਹ ਪਾਠੀ ਕਿਨਿਆਂ ਸਿੱਖਾਂ ਕੋਲੋਂ ਕਰਜਾ ਚੁਕ ਕੇ, ਵਾਪਸ ਨਹੀਂ ਕਰ ਸਕੇ ਹਨ। ਇਕ ਬਹੁਤ ਹੀ ਸ਼ਰੀਫ ਸੇਵਾਦਾਰ ਨੇ ਦਾਸ ਕੋਲੋਂ ਕੁਝ ਮਾਇਆ ਵਾਪਸ ਕਰਣ ਦੇ ਵਾਅਦੇ ਨਾਲ ਲਈ। ਗੁਰੁਦੁਆਰੇ ਜਾਂਦਾ ਸੀ, ਤਾਂ ਉਹ ਬਹਾਨੇ ਬਹਾਨੇ ਵਿਚਾਰਾ ਛੁਪ ਜਾਂਦਾ ਸੀ। ਦਾਸ ਨੇ ਦੂਜੇ ਗੁਰਦੁਆਰੇ ਜਾਂਣਾ ਸ਼ੁਰੂ ਕਰ ਦਿਤਾ, ਤਾਂਕਿ ਉਸ ਮਜ਼ਬੂਰ ਸੇਵਾਦਾਰ ਦਾ ਸਿਰ ਨੀਵਾਂ ਨਾ ਹੋਏ ਤੇ ਉਸਨੂੰ ਛੁਪਣਾਂ ਨਾ ਪਵੇ। ਵੀਰੋ ਕੀ ਇਹ ਭੀਖ ਮੰਗਣਾਂ ਨਹੀਂ। ਅਸੀਂ ਖੁਸ਼ਫਹਮੀਆਂ ਵਿੱਚ ਹੀ ਮਰ ਮੁਕ ਜਾਂਣਾ ਹੈ ਕਿ ਸਿੱਖੀ ਕਦੀ ਨਹੀਂ ਮੁਕਣੀ... ਕਿ ਇਕ ਸਿੱਖ ਕਦੀ ਭੀਖ ਨਹੀਂ ਮੰਗਦਾ... ਤੇ ਪਤਾ ਨਹੀਂ ਹੋਰ ਕੀ ਕੀ ਸੁਣਦੇ ਰਹੀ ਦਾ ਹੈ।

ਵੀਰੋ ! ਇਹ ਇਕ ਦੋ ਪਾਠੀਆਂ ਦੀ ਕਹਾਣੀ ਨਹੀਂ। ਸਾਡੇ ਬਹੁਤ ਸਾਰੇ ਪਾਠੀ ਅਤੇ ਗ੍ਰੰਥੀ ਇਸੇ ਤਰ੍ਹਾਂ, ਗੁਰਬਤ ਦਾ ਹੀ ਜੀਵਨ ਬਤੀਤ ਕਰ ਰਹੇ ਹਨ, ਜਿਸਦੇ ਕਈ ਪ੍ਰਮਾਣ ਮੇਰੇ ਕੌਲ ਮੌਜੂਦ ਹਨ। ਦਰਬਾਰ ਸਾਹਿਬ ਜੀ ਤੋਂ ਰੋਜ ਸਵੇਰੇ ਅਰਦਾਸ ਸੁਣੀ ਦੀ ਹੈ ".......ਤੇਰੇ ਸੇਵਕਾਂ ਅਤੇ ਤੇਰੇ ਟਹਲੀਆਂ ਦੀ ਅਰਦਾਸ"।

ਓ ਰੱਬਾ ! ਤੁੰ ਕਿਥੇ ਸੌਂ ਗਿਆ ਹੈਂ? ਅਜ ਤੇਰੇ ਇਨ੍ਹਾਂ ਟਹਲਿਆਂ ਦਾ ਹਾਲ ਵੇਖ ਕੀ ਹੋ ਗਿਆ ਹੈ ? ਸ਼ਾਇਦ ਤੂੰ ਉਨ੍ਹਾਂ ਟਹਲਿਆਂ ਦੀ ਅਰਦਾਸ ਹੀ ਸੁਣਦਾ ਹੈ, ਜੋ ਗੁਰੂ ਘਰ ਦੀ ਗੋਲਕ ਦੇ ਵਿਚੋਂ ਦੋ ਕਰੋੜ ਦਾ ਪਟਰੌਲ ਪੀ ਜਾਂਣ ਵਾਲੇ ਪ੍ਰਧਾਨਾਂ ਦੀਆਂ ਜੁੱਤੀਆਂ ਚੁਕਦੇ ਨੇ। ਜਾਂ ਸ਼ਾਇਦ ਤੂੰ ਉਨ੍ਹਾਂ ਟਹਲਿਆਂ ਦੀ ਅਰਦਾਸ ਸੁਣਦਾ ਹੈ ਜੋ ਰਿਸ਼ਵਤ ਲੈ ਲੈ ਕੇ ਉੱਚੇ ਉਚੇ ਹੋਟਲਾਂ ਦੀ ਇਮਾਰਤਾਂ ਖੜੀਆਂ ਕਰਨ ਵਾਲੇ ਜੱਥੇਦਾਰਾਂ ਦੀ ਗੜਵੀ ਤੇ ਤੌਲੀਆ ਚੁਕੀ ਫਿਰਦੇ ਨੇ।

ਮੇਰੇ ਰੱਬਾ ! ਕਦੀ ਉਨ੍ਹਾਂ ਗਰੀਬ ਟਹਲੀਆਂ ਵਲ ਵੀ ਨਿਗਾਹ ਮਾਰ, ਜੋ ਦੋ ਜੂਨ ਦੀ ਰੋਟੀ ਜੁਟਾਉਣ ਤੋਂ ਵੀ ਮੁਹਤਾਜ ਨੇ। ਨੌ ਸੌ ਕਰੋੜ ਰੁਪਏ ਦਾ ਬਜਟ ਪੂਰੀ ਪੰਜਾਬ ਸਰਕਾਰ ਦਾ ਨਹੀਂ ਹੈ, ਲੇਕਿਨ ਤੇਰੇ ਸਤਕਾਰ ਵੱਜੋਂ ਤੇਰੀ ਮੇਹਰ ਨਾਲ, ਤੇਰਾ ਸਿੱਖ ਨੌਂ ਸੌ ਕਰੋੜ ਦਰਬਾਰ ਸਾਹਿਬ ਜੀ ਦੀਆਂ ਗੋਲਕਾਂ ਵਿੱਚ ਹਰ ਵਰ੍ਹੇ ਪਾ ਜਾਂਦਾ ਹੈ। ਤੇਰੇ ਪ੍ਰਧਾਨ ਤੇ ਜੱਥੇਦਾਰ ਇਹ ਸਾਰਾ ਦਸਵੰਦ ਆਪ ਹੀ ਡਕਾਰ ਜਾਂਦੇ ਨੇ ਅਤੇ ਆਂਪਣੇ ਗੁੰਡੇ ਭੇਜ ਕੇ, ਤੇਰੇ ਟਹਲੀਆਂ ਦੀ ਹੱਡੀ ਪਸਲੀ ਤੋੜ ਦਿੰਦੇ ਨੇ। ਕੀ ਕਰਨ ਇਹ ? ਕੀ ਇਹ ਉਸ ਮਜ਼ਾਰ 'ਤੇ ਅਪਣੇ ਆਪ ਚਲੇ ਗਏ ਸਨ ? ਕਿਸੇ ਪ੍ਰਧਾਨ ਜਾਂ ਲੰਬੜਦਾਰ ਨੇ ਹੀ ਇਨ੍ਹਾਂ ਨੂੰ ਉੱਥੇ ਭੇਜਿਆ ਹੋਣਾ ਹੈ, ਜਾਂ ਇਨ੍ਹਾਂ ਦਾ ਭੁੱਖਾ ਢਿੱਡ ਉਨ੍ਹਾਂ ਨੂੰ ਉਥੇ ਜਾਣ ਲਈ ਮਜ਼ਬੂਰ ਕਰ ਰਿਹਾ ਹੋਣਾ ਹੈ।

ਮੇਰੇ ਵੀਰੋ ! ਹੁਣ ਧਿਆਨ ਨਾਲ ਸੁਣੋ ਮੇਰੀ ਗਲ! ਇਹੋ ਜਿਹੀ ਕੁੱਟ ਮਾਰ ਦੀ ਇਹ ਮੈਂ ਤੀਜੀ ਵੀਡੀਉ ਵੇਖੀ ਹੈ, ਜਿਸਦੇ ਲਿੰਕ ਹੇਠਾਂ ਪਾ ਰਿਹਾ ਹਾਂ। ਇਸ ਤੋਂ ਪਹਿਲਾਂ ਵੀ ਦੋ ਵੀਡੀਉ ਹੋਰ ਵੇਖ ਚੁਕਾ ਹਾਂ। ਇਹ ਪਾਠੀ ਤਾਂ ਹੋ ਸਕਦਾ ਹੈ ਕਿਸੇ ਪ੍ਰਧਾਨ ਜਾਂ ਜੱਥੇਦਾਰ ਦੇ ਕਹਿਣ 'ਤੇ ਉਥੇ ਗਏ ਹੋਣੇ ਹਨ। ਜਾਂ ਇਨ੍ਹਾਂ ਦੀ ਗੁਰਬਤ ਇਨ੍ਹਾਂ ਨੂੰ ਉੱਥੇ ਲੈ ਗਈ ਹੋਣੀ ਹੈ, ਲੇਕਿਨ ਇਸ ਦਾ ਅੰਜਾਮ ਕੀ ਹੋਵੇਗਾ ? ਕੀ ਤੁਸੀਂ ਇਹ ਸੋਚਿਆ ਹੈ?

ਸਿੱਖਾਂ ਉੱਤੇ ਚੌਹਾਂ ਪਾਸਿਉ ਸਾਜਿਸ਼ਾਂ ਦਾ ਜਾਲ ਪਾਇਆ ਜਾ ਚੁਕਿਆ ਹੇ। ਇਕ ਪਾਸੇ ਤਾਂ ਪਿੰਡਾਂ ਪਿੰਡਾਂ ਵਿਚ "ਨਿੱਕੇ ਨਿੱਕੇ ਬਾਦਲਾਂ" ਦੀ ਫਸਲ ਉਗਾ ਦਿੱਤੀ ਗਈ ਹੈ। ਦੂਜੇ ਪਾਸੇ ਇਹੋ ਜਿਹੇ ਗੁਰਬਤ ਦੇ ਮਾਰੇ ਸਿੱਖਾਂ ਨੂੰ ਇਸਾਈ ਅਤੇ ਮੁਸਲਮਾਨ ਬਣਾਇਆ ਜਾ ਰਿਹਾ ਹੈ। ਜੇੜ੍ਹੇ ਸਿੱਖ ਸਿਦਕੀ ਨੇ, ਉਨ੍ਹਾਂ ਬੇਦੋਸਿਆਂ ਨੂੰ ਜਦੋਂ ਇਸ ਤਰ੍ਹਾਂ, ਤਾਲਿਬਾਨੀ ਢੰਗ ਨਾਲ ਲੰਮਿਆ ਪਾ ਪਾ ਕੇ ਉਨ੍ਹਾਂ ਦੇ ਹੱਡ ਤੋੜੇ ਜਾਣਗੇ। ਉਨ੍ਹਾਂ ਦੇ ਹੱਡ ਤੋੜਨ ਵਾਲਾ ਕੋਈ ਹੋਰ ਨਹੀਂ ਅੰਮ੍ਰਿਤਧਾਰੀ ਸਿੱਖ ਹੋਣਗੇ, ਤਾਂ ਉਨ੍ਹਾਂ ਭੋਲਿਆ ਗਰੀਬਾਂ ਦੇ ਮਨ ਵਿਚ ਇਹ ਆ ਹੀ ਜਾਂਣਾ ਹੈ, ਕਿ "ਅਸੀਂ ਕੀ ਲੈਣਾ ਇਹੋ ਜਿਹੀ ਸਿੱਖੀ ਤੋਂ..." ਸਾਨੂੰ ਕੀ ਦਿੱਤਾ ਹੈ ਇਸ ਸਿੱਖੀ ਨੇ..."

ਦੂਜੇ ਪਾਸੇ ਕੋਈ ਦੋ ਲੱਖ ਲੈ ਕੇ ਖੜਾ ਹੈ ਕਿ ਆਉ ਹਿੰਦੂ ਬਣ ਜਾਉ, ਤੇ ਕਿਸੇ ਪਾਸੇ ਕੋਈ ਹੋਰ ਖੜਾ ਹੈ ਕਿ ਪੰਜ ਲੱਖ ਲੈ ਲਵੋ ਤੇ ਇਸਾਈ ਬਣ ਜਾਉ ! ਬੱਚੇ ਵੀ ਤੁਹਾਡੇ ਅਸੀ ਪੜ੍ਹਾਵਾਂਗੇ ਤੇ ਮਾਰਾਂਗੇ ਵੀ ਨਹੀਂ। ਮੇਰੇ ਵੀਰੋ ਕੀ ਉਹ ਗਰੀਬ ਬੰਦਾ, ਢਿੱਡ ਤੋਂ ਭੁਖਾ ਕੌਮ ਤੋਂ ਦੁਤਕਾਰਿਆ ਇਕ ਸਿੱਖ ਰਹਿ ਜਾਵੇਗਾ ? ਕਦੋਂ ਤਕ ! ਉਹ ਢਿਡੋਂ ਭੁੱਖਾ, ਸਿਦਕ ਨੂੰ ਸੰਭਾਲ ਕੇ ਰਖ ਸਕੇਗਾ ? ਇਹ ਹੈ ਬਹੁਤ ਡੂੰਗੀ ਸਾਜਿਸ਼, ਜੋ ਸਿੱਖੀ ਨਾਲ ਖੇਡੀ ਜਾ ਰਹੀ ਹੈ। ਦੁਸ਼ਮਣ ਕੋਈ ਹੋਰ ਨਹੀਂ, ਸਾਡੇ ਹੀ ਆਗੂ ਅਤੇ ਉਹ ਲੋਕ ਹਨ, ਜੋ ਸਿੱਖੀ ਬਾਣੇ ਵਿਚ ਸਿੱਖੀ ਦੀ ਨਸਲਕੁਸ਼ੀ, ਇਹੋ ਜਹਿਆ ਮਾਹੌਲ ਪੈਦਾ ਕਰਕੇ ਕਰਣ ਦੀ ਸਾਜਿਸ਼ ਰੱਚ ਚੁਕੇ ਹਨ। ਹੁਣ ਤਾਂ ਸਿੱਖੀ ਆਪ ਹੀ ਸਿੱਖਾਂ ਨੂੰ ਮਾਰ ਮਾਰ ਕੇ ਬੇਹਾਲ ਕਰ ਰਹੀ ਹੈ ਅਤੇ ਸਾਮ੍ਹਣੇ ਖੜੇ ਹਨ ਉਹ ਲੋਕ ਜੋ ਇਨ੍ਹਾਂ ਨੂੰ ਤਨੋ ਅਤੇ ਮਨੋਂ ਸਿੱਖੀ ਤੋਂ ਤੋੜ ਕੇ ਸਿੱਖੀ ਦੇ ਪ੍ਰਤੀ ਸਦੀਵੀ ਨਫਰਤ ਭਰ ਰਹੇ ਨੇ। ਐਸੀ ਨਫਰਤ ਜੋ ਇਨ੍ਹਾਂ ਦੀਆਂ ਪੁਸ਼ਤਾਂ ਵਿਚੋ ਵੀ ਕੋਈ ਕਡ੍ਹ ਨਹੀਂ ਸਕੇਗਾ।

ਸਤਿਕਾਰ ਕਮੇਟੀ ਉਰਫ ਤਾਲੀਬਾਨ ਕਮੇਟੀ ਵਲੋਂ ਆਮ ਲੋਕਾਂ 'ਤੇ ਕਹਿਰ
ਭਾਂਵੇਂ ਕਿ ਜਿਨ੍ਹਾਂ ਨੂੰ ਕੁੱਟ ਰਹੇ ਨੇ, ਉਨ੍ਹਾਂ ਨੇ ਗੁਨਾਹ ਕੀਤਾ ਹੈ, ਪਰ ਇਸ ਤਰ੍ਹਾਂ ਕੁੱਟਣ ਦਾ ਹੱਕ ਕਿਸਨੇ ਦਿੱਤਾ, ਇਹ ਅਣਮਨੁੱਖੀ ਤਸ਼ੱਦਦ ਹੈ...

ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top