Share on Facebook

Main News Page

ਪੰਜਾਬ 'ਚ ਨਰਮੇ ਦੀਆਂ ਬੀਜ ਕੰਪਨੀਆਂ 'ਤੇ 60 ਲੱਖ ਰੁਪਏ ਦੇ ਗੁੰਡਾ ਟੈਕਸ ਦਾ ਬੋਝ

ਬਾਜਾਖਾਨਾ, 26 ਅਪ੍ਰੈਲ (ਜੀਵਨ ਗਰਗ)- ਪੰਜਾਬ ਦੀ ਮਾਲਵਾ ਪੱਟੀ 'ਚ ਨਰਮੇ ਤੇ ਕਪਾਹ ਦਾ ਬੀਜ ਵੇਚਣ ਵਾਲੀਆਂ ਕੰਪਨੀਆਂ ਨੂੰ ਇਸ ਵਾਰੀ 60 ਲੱਖ ਰੁਪਏ ਗੁੰਡਾ ਟੈਕਸ ਵਜੋਂ ਅਦਾ ਕਰਨ ਦੇ ਜ਼ੁਬਾਨੀ ਹੁਕਮ ਹੋਏ ਹਨ । ਪਹਿਲਾਂ ਤਾਂ ਬੀਜ ਕੰਪਨੀਆਂ ਨੇ 60 ਲੱਖ ਰੁਪਏ ਦੇ ਇਸ ਫ਼ਰਮਾਨ ਨੂੰ ਸਵੀਕਾਰ ਨਹੀਂ ਕੀਤਾ ਪ੍ਰੰਤੂ ਬਾਅਦ 'ਚ ਦਬਾਅ ਵਧਣ ਕਾਰਨ ਨਰਮੇ ਦਾ ਬੀਜ ਵੇਚਣ ਵਾਲੀਆਂ ਅੱਧੀ ਦਰਜਨ ਕੰਪਨੀਆਂ ਨੇ ਪੰਜਾਬ ਦੇ ਇਕ ਮੰਤਰੀ ਨੂੰ ਬਿਨਾਂ ਰੋਕ-ਟੋਕ ਬੀਜ ਵੇਚਣ ਦੀ ਸ਼ਰਤ 'ਤੇ 60 ਲੱਖ ਰੁਪਏ ਦੇਣੇ ਸਵੀਕਾਰ ਕਰ ਲਏ । ਤਿੰਨ ਕੰਪਨੀਆਂ ਦੇ ਨੁਮਾਇੰਦੇ ਜਦੋਂ ਇਹ ਗੁੰਡਾ ਟੈਕਸ ਅਦਾ ਕਰਨ ਲਈ ਇਕ ਸਕਾਰਪਿਓ ਗੱਡੀ 'ਤੇ ਬਠਿੰਡੇ ਤੋਂ ਫ਼ਰੀਦਕੋਟ ਵੱਲ ਆ ਰਹੇ ਸਨ ਤਾਂ ਰਸਤੇ 'ਚ ਪਿੰਡ ਵਾੜਾ ਭਾਈਕਾ ਨੇੜੇ ਪੁਲਿਸ ਨਾਕੇ 'ਤੇ ਇਸ ਸਕਾਰਪੀਓ ਗੱਡੀ ਨੂੰ ਰੋਕ ਕੇ ਤਲਾਸ਼ੀ ਲਈ ਗਈ, ਜਿਸ 'ਚੋਂ 51 ਲੱਖ ਰੁਪਏ ਬਰਾਮਦ ਹੋਏ ।

ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਕੰਪਨੀ ਦੇ ਨੁਮਾਇੰਦਿਆਂ ਨੇ ਪੁਲਿਸ ਨੂੰ ਨਾਕੇ 'ਤੇ ਹੀ ਸਪੱਸ਼ਟ ਕਰ ਦਿੱਤਾ ਕਿ ਇਹ 51 ਲੱਖ ਰੁਪਏ ਪੰਜਾਬ ਦੇ ਇਕ ਮੰਤਰੀ ਨੂੰ ਦਿੱਤੇ ਜਾਣੇ ਹਨ । ਜਦੋਂ ਇਹ ਮਾਮਲਾ ਉੱਚ ਪੁਲਿਸ ਅਧਿਕਾਰੀਆਂ ਦੇ ਧਿਆਨ 'ਚ ਆਇਆ ਤਾਂ ਉਨ੍ਹਾਂ ਨੇ ਇਸ ਗੱਡੀ ਨੂੰ ਮੌਕੇ ਤੋਂ ਜਾਣ ਦੀ ਆਗਿਆ ਦੇ ਦਿੱਤੀ । ਪੁਲਿਸ ਨੇ ਇਹ ਨਾਕਾ ਨਸ਼ਾ ਤਸਕਰਾਂ ਦੀ ਗਿ੍ਫ਼ਤਾਰੀ ਲਈ ਲਾਇਆ ਸੀ । ਪਤਾ ਲੱਗਾ ਹੈ ਕਿ ਇਕ ਦਰਜਨ ਕੰਪਨੀਆਂ ਵੱਲੋਂ ਨਰਮੇ ਤੇ ਕਪਾਹ ਦੇ ਬੀਜ ਦੀਆਂ 30 ਲੱਖ ਥੈਲੀਆਂ ਮਾਲਵੇ 'ਚ ਵੇਚੀਆਂ ਜਾਣੀਆਂ ਹਨ । ਬੀ.ਟੀ. ਕਾਟਨ ਦੀ ਥੈਲੀ ਦੀ ਕੀਮਤ ਇਕ ਹਜ਼ਾਰ ਰੁਪਏ ਰੱਖੀ ਗਈ ਹੈ । ਗੁੰਡਾ ਟੈਕਸ ਵਜੋਂ ਪ੍ਰਤੀ ਥੈਲੀ ਦੋ ਰੁਪਏ ਪੰਜਾਬ ਦੇ ਇਕ ਮੰਤਰੀ ਨੂੰ ਦੇਣ ਦੀ ਗੱਲ ਹੋਈ ਹੈ । ਇਸੇ ਤਹਿਤ 51 ਲੱਖ ਰੁਪਏ ਸੌਦੇ ਮੁਤਾਬਿਕ ਭੇਜੇ ਜਾ ਰਹੇ ਸਨ ਜਿਨ੍ਹਾਂ ਦਾ ਪੁਲਿਸ ਨਾਕੇ 'ਤੇ ਖ਼ੁਲਾਸਾ ਹੋ ਗਿਆ । ਨੌ ਲੱਖ ਰੁਪਏ ਇਕ ਹਫ਼ਤੇ ਬਾਅਦ ਭੇਜੇ ਜਾਣੇ ਸਨ । ਜਿਸ ਸਕਾਰਪੀਓ ਗੱਡੀ ਨੂੰ ਨਾਕੇ 'ਤੇ ਰੋਕਿਆ ਗਿਆ, ਉਸ 'ਚ ਕੰਪਨੀ ਦੇ ਤਿੰਨ ਮੈਨੇਜਰ ਸਵਾਰ ਸਨ ਤੇ ਇਸ ਗੱਡੀ ਨੂੰ ਅਮਨ ਨਾਂਅ ਦਾ ਡਰਾਈਵਰ ਚਲਾ ਰਿਹਾ ਸੀ ।

ਇਸ ਸਬੰਧੀ ਜਦ ਡੀ.ਐਸ.ਪੀ. ਜੈਤੋ ਗੁਰਜੀਤ ਸਿੰਘ ਰੋਮਾਣਾ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ । ਇਸ ਉਪਰੰਤ ਜਦੋਂ ਡੀ.ਆਈ.ਜੀ. ਅਮਰ ਸਿੰਘ ਚਹਿਲ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਧਿਆਨ 'ਚ ਇਹ ਮਾਮਲਾ ਨਹੀਂ ਆਇਆ ਹੈ ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top