Share on Facebook

Main News Page

ਮੰਡੀਆਂ ਵਿੱਚ ਢੇਰੀ 'ਤੇ ਲੁਹਾਈਆਂ ਫੋਟੋਆਂ ਜਾਂ ਅਖਬਾਰੀ ਬਿਆਨਬਾਜ਼ੀ ਕਿਸਾਨਾਂ ਦਾ ਕੁੱਝ ਨਹੀਂ ਸਵਾਰਦੀ...!
-: ਗੁਰਿੰਦਰਪਾਲ ਸਿੰਘ ਧਨੌਲਾ 93161 76519

ਕਿਸਾਨ ਦਾ ਸਾਰਾ ਦਾਰੋਮਦਾਰ ਹੀ ਕੁਦਰਤ ਦੇ ਰਹਿਮੋ ਕਰਮ ਉੱਤੇ ਹੈ। ਇਸ ਕਰਕੇ ਹੀ ਵਡੇਰਿਆਂ ਨੇ ਕਿਹਾ ਕਿ ‘‘ਖੜੀ ਖੇਤੀ ਵੇਖ ਕੇ ਗਰਭ ਗਿਆ ਕਿਰਸਾਨ, ਝੱਖੜ ਝੋਲੇ ਝੋਲ ਕੇ ਘਰ ਆਵੇ ਤਾਂ ਜਾਣ’’ ਕਿਸਾਨ ਨੂੰ ਜਿੱਥੇ ਮੌਸਮ ਜਾਂ ਕੁਦਰਤੀ ਆਫਤਾਂ ਦੀ ਮਾਰ ਪੈਦੀ ਹੈ, ਉਥੇ ਖੇਤ ਵਿੱਚ ਅਤੇ ਫਿਰ ਮੰਡੀ ਵਿੱਚ ਅਤੇ ਫਿਰ ਸਰਕਾਰੀ ਦਫਤਰਾਂ ਵਿਚਲੇ ਕੀੜੇ ਵੀ ਖਾਂਦੇ ਹਨ। ਖੇਤ ਦੇ ਕੀੜਿਆਂ ਮਕੌੜਿਆਂ ਨੂੰ ਤਾਂ ਲਹੂ ਤੋਂ ਮਹਿੰਗੇ ਭਾਅ ਦੀ ਸਪਰੇ ਖਰੀਦ ਕੇ ਮਾਰ ਲੈਂਦਾ ਹੈ, ਭਾਵੇ ਕਿ ਮੇਰੇ ਮਹਾਨ ਭਾਰਤ ਵਿਚ ਕਈ ਵਾਰੀ ਜਹਿਰ ਵੀ ਅਸਲੀ ਨਹੀਂ ਮਿਲਦਾ ਤਾਂ ਖੇਤ ਦੇ ਕੀੜੇ ਵੀ ਕਾਬੂ ਨਹੀਂ ਆਉਂਦੇ, ਪਰ ਜਿਹੜੇ ਕੀੜੇ ਮੰਡੀਆਂ ਜਾਂ ਸਰਕਾਰੀ ਦਫਤਰਾਂ ਵਿੱਚ ਸਿਆਸੀ ਗੁਲਿਆਰਿਆਂ ਦੀ ਛਤਰ ਛਾਇਆ ਹੇਠ ਪਨਪਦੇ ਹਨ, ਉਹਨਾਂ ਦਾ ਕੋਈ ਇਲਾਜ਼ ਨਹੀਂ ਕਿਉਂਕਿ ਉਹਨਾਂ ਦੇ ਮੁੰਹ ਵੀ ਬਹੁਤ ਸਾਰੇ ਹਨ ਅਤੇ ਸਾਰੇ ਹੀ ਕਿਸਾਨ ਵੱਲ ਨੂੰ ਹੁੰਦੇ ਹਨ।

ਕੁਦਰਤੀ ਆਫਤਾਂ ਵੀ ਕਦੇ ਕਿਸਾਨ ਮੰਗਦਾ ਨਹੀਂ, ਇਹ ਤਾਂ ਮੌਸਮ ਦੀ ਫਿਤਰਤ ਹੈ, ਪਰ ਕਿਸਾਨ ਕਰੇ ਵੀ ਕੀਹ ਉਸ ਨੇ ਤਾਂ ਹਮੇਸ਼ਾਂ ਚੰਗਾ ਸੋਚ ਕੇ ਹੀ ਬੀਜਿਆ ਹੁੰਦਾ ਹੈ, ਲੇਕਿਨ ਵੱਢਣ ਵੇਲੇ ਤੱਕ ਵੀ ਸਭ ਕੁੱਝ ਰਿਸਕੀ ਹੁੰਦਾ ਹੈ। ਕਿਸੇ ਵੀ ਕਿਸਮ ਦਾ ਕੋਈ ਭਰੋਸਾ ਨਹੀਂ ਹੁੰਦਾ ਕਿ ਸਵੇਰ ਨੂੰ ਕੀਹ ਵਾਪਰ ਜਾਵੇ, ਪਰ ਜਿਹੜਾ ਕੁੱਝ ਸਰਕਾਰ ਨੂੰ ਕਰਨਾ ਚਾਹੀਦਾ ਹੈ, ਉਹ ਸਰਕਾਰਾਂ ਕਦੇ ਵੀ ਨਹੀਂ ਕਰਦੀਆਂ, ਇਹ ਨਹੀਂ ਕਿ ਇੱਕ ਕਿਸੇ ਖਾਸ ਪਾਰਟੀ ਦੀ ਸਰਕਾਰ, ਕਿਸਾਨਾਂ ਨਾਲ ਧੋਖਾ ਕਰਦੀ ਹੈ, ਸਗੋਂ ਹਰ ਸਰਕਾਰ ਦਾ ਰਵਈਆ ਤਕਰੀਬਨ ਮਿਲਦਾ ਜੁਲਦਾ ਹੈ। ਕਿਸਾਨ ਦੇ ਮਸਲੇ ਉੱਤੇ ਆ ਕੇ ਅਕਾਲੀ ਦਲ ਹੋਵੇ ਜਾਂ ਬੀ.ਜੇ.ਪੀ. ਜਾ ਕਾਂਗਰਸ ਜਾਂ ਕੋਈ ਹੋਰ, ਸਭ ਮਾਮੇ ਭੂਆ ਦੀਆਂ ਧੀਆਂ ਹੀ ਬਣ ਜਾਂਦੀਆਂ ਹਨ। ਸਭ ਤੋਂ ਪਹਿਲਾਂ ਕੁੱਝ ਜਰੂਰੀ ਇੰਤਜ਼ਾਮ ਹਨ, ਜਿਹੜੇ ਸਰਕਾਰ ਨੇ ਕਰਨੇ ਹੁੰਦੇ ਹਨ, ਜਿਵੇ ਬਾਰਦਾਨਾ ਭਾਵ ਬੋਰੀਆਂ ਆਦਿਕ ਦਾ ਮਸਲਾ ਹੁੰਦਾ ਹੈ, ਇਸ ਦਾ ਇੰਤਜ਼ਾਮ ਤਾਂ ਫਸਲ ਬੀਜਣ ਵੇਲੇ ਹੀ ਹੋਣਾ ਚਾਹੀਦਾ ਹੈ, ਕਿ ਕਿੰਨਾਂ ਬਾਰਦਾਨਾ ਚਾਹੀਦਾ ਹੈ, ਜਦੋਂ ਕਿ ਦਿਲੀ ਜਾਂ ਚੰਡੀਗੜ ਦੇ ਏਅਰ ਕੰਡੀਸ਼ਨ ਦਫਤਰਾਂ ਵਿੱਚ ਬੈਠੇ ਕਿਸਾਨੀ ਉਤਪਾਦਾਂ ਅਤੇ ਮੌਸਮ ਦੇ ਮਾਹਿਰ ਅਖਵਾਉਣ ਵਾਲੇ, ਵੱਡੇ ਵੱਡੇ ਦਮਗਜੇ ਮਾਰਦੇ ਹਨ ਕਿ ਇਸ ਵਾਰੀ ਏਨੀ ਬਾਰਸ਼ ਪਵੇਗੀ ਅਤੇ ਇਨਾਂ ਅਨਾਜ਼ ਹੋਣ ਦੀ ਸੰਭਾਵਨਾ ਹੈ, ਜਦੋਂ ਉਹਨਾਂ ਨੂੰ ਇਹ ਪਤਾ ਹੈ ਕਿ ਏਨੀ ਸੰਭਾਵਨਾ ਹੈ, ਫਿਰ ਬੋਰੀਆਂ ਦਾ ਇੰਤਜ਼ਾਮ ਚੀਨ ਨੇ ਕਰਨਾ ਹੈ?

ਬੇਸ਼ੱਕ ਪੰਜਾਬ ਦੇ ਮੁੱਖ ਮੰਤਰੀ ਹੁੰਦਿਆਂ ਕੈਪਟਨ ਅਮਰਿੰਦਰ ਸਿੰਘ ਦੀ ਰਾਜਸੀ ਚਾਦਰ ਦੀਆਂ ਚਾਰੇ ਕੰਨੀਆਂ ਬਰਾਬਰ ਤਾਂ ਨਹੀਂ ਸਨ, ਪਰ ਇੱਕ ਗੱਲ ਹਮੇਸ਼ਾਂ ਯਾਦ ਰਹੇਗੀ ਕਿ ਕੈਪਟਨ ਦੇ ਰਾਜ ਵਿੱਚ ਪੂਰੇ ਪੰਜਾਂ ਸਾਲਾਂ ਦੌਰਾਨ, ਕਿਸੇ ਕਿਸਾਨ ਨੇ ਮੰਡੀ ਵਿੱਚ ਰਾਤ ਨਹੀਂ ਕੱਟੀ ਅਤੇ ਇਹ ਪਹਿਲਾ ਮੌਕਾ ਸੀ ਕਿ ਕਿਸਾਨਾਂ ਨੇ ਵੀ ਦੁਸਿਹਰਾ ਜਾਂ ਦਿਵਾਲੀ ਆਪਣੇ ਪਰਿਵਾਰਿਕ ਮੈਂਬਰਾਂ ਵਿੱਚ ਬੈਠ ਕੇ ਮਨਾਈ ਸੀ। ਦੂਸਰਾ ਬਿਜਲੀ ਦਾ ਵੀ ਕਮਾਲ ਸੀ ਕਿ ਜੇ ਅੱਠ ਘੰਟੇ ਆਉਣੀ ਹੈ ਤਾਂ ਸੱਤ ਘੰਟੇ ਉਨਾਹਟ ਮਿੰਟ ਵੀ ਨਹੀਂ, ਪੂਰੇ ਅੱਠ ਘੰਟੇ ਹੀ ਆਉਂਦੀ ਸੀ ਅਤੇ ਆਹ ਬਾਰਦਾਨੇ ਪਤਾ ਨਹੀਂ ਕਿੱਥੋਂ ਆਉਂਦੇ ਸਨ, ਕਿਸੇ ਵੀ ਸੀਜਨ ਉੱਤੇ ਬਾਰਦਾਨੇ ਦਾ ਰੌਲਾ ਨਹੀਂ ਪਿਆ, ਨਾ ਕੋਈ ਢੋ ਢੋਆਈ ਦਾ ਚੱਕਰ ਸੀ, ਪਰ ਅਜੋਕੀ ਸਰਕਾਰ ਦੇ ਹੁੰਦਿਆਂ ਤਾਂ ਮੁਸੀਬਤਾਂ ਹੀ ਮੁਸੀਬਤਾਂ ਹਨ। ਸਰਕਾਰਾਂ ਕਦੇ ਵੀ ਉਹ ਕੰਮ ਨਹੀਂ ਕਰਦੀਆਂ, ਜਿਹੜਾ ਕਰਕੇ ਉਹਨਾਂ ਨੂੰ ਅਤੇ ਪਰਜਾ ਨੂੰ ਸੁੱਖ ਮਿਲੇ, ਸਗੋਂ ਅੱਗ ਲੱਗਣ ਤੇ ਮਸ਼ਕਾਂ ਦਾ ਭਾਅ ਪੁੱਛਣ ਤੁਰ ਪੈਂਦੇ ਹਨ।

ਕਿਸਾਨ ਨੂੰ ਇੱਕ ਨਹੀਂ ਬਹੁਤ ਦੁਸ਼ਵਾਰੀਆਂ ਹਨ, ਪਰ ਪਤਾ ਨਹੀਂ ਕੁਦਰਤ ਨੇ ਇਸ ਦੇ ਜੁੱਸੇ ਨੂੰ ਕਿਹੜੀ ਬੱਜਰ ਦੀ ਮਿੱਟੀ ਨਾਲ ਬਣਾਇਆ ਹੈ, ਕਿ ਹਰ ਜ਼ੁਲਮ ਸਹਿਕੇ ਵੀ ਤੁਰਦਾ ਆ ਰਿਹਾ ਹੈ। ਕਿਸਾਨ ਨਾਲ ਤਾਂ ਜੋ ਧੱਕਾ ਹੈ ਉਹ ਹੈ ਹੀ ,ਪੰਜਾਬ ਦੇ ਸਿੱਖ ਕਿਸਾਨਾਂ ਨਾਲ ਹੋਰ ਵੀ ਵਿਤਕਰਾ ਹੈ। ਹੁਣ ਸਾਡੇ ਗਵਾਂਢੀ ਰਾਜ ਹਰਿਆਣਾ ਵਿੱਚ ਆਰ.ਐਸ.ਐਸ. ਦੀ ਸਰਕਾਰ ਹੈ ਅਤੇ ਉਥੇ ਪੰਜਾਬ ਦੇ ਮੁਕਾਬਲੇ ਕਿਸਾਨਾਂ ਨੂੰ ਕੁੱਝ ਰਿਆਇਤਾਂ ਹਨ, ਜਿਹੜੀਆਂ ਕੇਂਦਰ ਨੇ ਦਿੱਤੀਆ ਹਨ, ਸ਼ਾਇਦ ਇਸ ਕਰਕੇ ਕੇ ਹਰਿਆਣਾ ਦੇ ਮੁੱਖ ਮੰਤਰੀ ਨੇ ਆਪਣੀ ਨੂੰਹ ਕੇਂਦਰੀ ਮੰਤਰੀ ਨਹੀਂ ਬਨਵਾਉਣੀ, ਇਸ ਕਰਕੇ ਦੂਜੇ ਪਾਸੇ ਰਿਆਇਤ ਮਿਲ ਗਈ ਹੈ। ਪੰਜਾਬ ਦੇ ਮੁੱਖ ਮੰਤਰੀ ਨੇ ਨੂੰਹ ਮੰਤਰੀ ਬਨਵਾ ਲਈ ਹੈ, ਉਸ ਕਰਕੇ ਕਿਸਾਨੀ ਜਿਨਸ ਦੀ ਰਿਆਇਤ ਓਧਰ ਕੱਟੀ ਗਈ ਹੈ, ਪਰ ਇੱਕ ਹੋਰ ਕਮਾਲ ਵੇਖੋ, ਜਦੋਂ ਪਾਣੀ ਖੋਹਣਾ ਹੈ ਫਿਰ ਆਖਦੇ ਹਨ ਕਿ ਹਰਿਆਣਾ ਵੀ ਤਾਂ ਕਿਸੇ ਵੇਲੇ ਪੰਜਾਬ ਸੀ, ਹੱਕ ਬਣਦਾ ਹੈ। ਸਾਡੀ ਹੱਦ ਰਲਦੀ ਹੈ, ਪਰ ਹੁਣ ਜਦੋਂ ਕੁੱਝ ਰਿਆਇਤਾਂ ਵੇਖ ਕੇ ਕਿਸਾਨ ਕਣਕ ਵੇਚਣ ਹਰਿਆਣੇ ਨੂੰ ਤੁਰਿਆ ਤਾਂ ਮੁੱਖ ਮੰਤਰੀ ਖੱਟਰ ਨੇ ਆਪਣਾ ਖੱਟਰਪੁਣਾ ਵਿਖਾਉਂਦਿਆਂ, ਸਾਰੇ ਰਸਤਿਆਂ ਉੱਤੇ ਪੁਲਿਸ ਦੇ ਨਾਕੇ ਲਗਵਾ ਦਿੱਤੇ ਹਨ। ਜੇ ਭਲਾ ਕੋਈ ਪੁੱਛੇ ਕਿ ਹੁਣ ਸਾਂਝ ਕਿੱਥੇ ਗਈ ? ਸਮਾਨਾ ਅਤੇ ਗੂਹਲਾ ਦੀ ਧਰਤੀ ਦਾ ਕੀਹ ਫਰਕ ਹੈ, ਨਰਵਾਨਾ ਅਤੇ ਖਨੌਰੀ ਦਾ ਕੀਹ ਅੰਤਰ ਹੈ, ਬੁਢਲਾਡਾ ਅਤੇ ਰੱਤੀਆ ਵਿੱਚਕਾਰ ਕਿਹੜਾ ਪਾਕਿਸਤਾਨ ਪੈਂਦਾ ਹੈ ਅਤੇ ਜੇ ਰੱਤੀਆ ਦੀ ਕਣਕ ਠੀਕ ਹੈ ਤਾਂ ਬੁਢਲਾਡਾ ਦੀ ਕਿਵੇ ਗਲਤ ਹੋਵੇਗੀ ? ਫਰਕ ਨੀਅਤ ਵਿੱਚ ਹੈ, ਖੋਟ ਸੋਚ ਵਿੱਚ ਹੈ ਕਿ ਪੰਜਾਬ ਦਾ ਕਿਸਾਨ ਸਿੱਖ ਹੈ।

ਪ੍ਰਧਾਨ ਮੰਤਰੀ ਕਿਸੇ ਵੀ ਪਾਰਟੀ ਦਾ ਹੋਵੇ, ਇਹੀ ਬਿਆਨ ਦਿੰਦਾ ਹੈ ਕਿ ਕਿਸਾਨ ਸਾਡਾ ਅਹਿਮ ਅੰਗ ਹਨ, ਇਹਨਾਂ ਨੂੰ ਕੋਈ ਤਕਲੀਫ਼ ਨਹੀਂ ਆਉਣ ਦੇਣੀ। ਸਰਕਾਰੀ ਧਿਰ ਦੀ ਇਹੀ ਬੋਲੀ ਹੁੰਦੀ ਹੈ ਅਤੇ ਵਿਰੋਧੀ ਧਿਰ ਹਮੇਸ਼ਾਂ ਆਖੇਗੀ ਕਿ ਸਰਕਾਰ ਕਿਸਾਨਾਂ ਦੀ ਅਣਦੇਖੀ ਕਰ ਰਹੀ ਹੈ। ਕਿਸਾਨ ਹਿੱਤਾਂ ਦਾ ਘਾਣ ਹੋ ਰਿਹਾ ਹੈ। ਅਸੀਂ ਧਰਨਾ ਲਾਵਾਗੇ, ਮੁੱਖ ਮੰਤਰੀ ਦੀ ਕੋਠੀ ਦਾ ਘਿਰਾਓ ਕਰਾਂਗੇ, ਹਾਕਮ ਪਾਰਟੀ ਆਖੇਗੀ ਕਿ ਅਸੀਂ ਕਿਸਾਨਾਂ ਵਾਸਤੇ ਬਹੁਤ ਸ਼ਿੱਦਤ ਨਾਲ ਕੰਮ ਕਰ ਰਹੇ ਹਾਂ, ਪਰ ਆਹ ਵਿਰੋਧੀ ਧਿਰ ਵਾਲੇ ਅੜਿੱਕੇ ਡਾਹ ਰਹੇ ਹਨ। ਜਦੋਂ ਦੂਜੀ ਪਾਰਟੀ ਦੀ ਸਰਕਾਰ ਬਣ ਜਾਵੇਗੀ, ਫਿਰ ਸ਼ਬਦਾਂ ਦੀ ਅਦਲਾ ਬਦਲੀ ਹੋ ਜਾਂਦੀ ਹੈ, ਉਹਨਾ ਦੀ ਬੋਲੀ ਦੂਜੇ ਬੋਲਣੀ ਆਰੰਭ ਕਰ ਦੇਣਗੇ।

ਇੱਕ ਆਹ ਬੜਾ ਰਿਵਾਜ਼ ਹੈ ਕਿ ਰਾਜ ਕਰਦੀ ਪਾਰਟੀ ਦੇ ਵਿਧਾਨਕਾਰ ਜਾਂ ਹੋਰ ਅਹੁਦੇਦਾਰ, ਅਫਸਰਾਂ ਨੂੰ ਨਾਲ ਲੈਕੇ ਮੰਡੀਆਂ ਵਿੱਚ ਰੁਲਦੀ ਜਿਨਸ ਦੀਆਂ ਢੇਰੀਆਂ ਉੱਤੇ ਖਲੋ ਜਾਂਦੇ ਹਨ ਅਤੇ ਦਾਣਿਆਂ ਦੀ ਲੱਪ ਭਰਕੇ, ਪੋਜ਼ ਬਣਾ ਬਣਾ ਕੇ ਫੋਟੋਆਂ ਲੁਹਾਉਂਦੇ ਹਨ ਅਤੇ ਫਿਰ ਅਖਬਾਰ ਵਾਲਿਆਂ ਨੂੰ ਬੇਨਤੀ ਕਰਕੇ, ਰੰਗੀਨ ਪੰਨੇ ਉੱਤੇ ਲਵਾਉਂਦੇ ਹਨ, ਤੇ ਸਵੇਰੇ ਕੱਛਾਂ ਵਜਾਉਂਦੇ ਹਨ ਕਿ ਵੇਖੋ ਕਿਸਾਨਾਂ ਦੀ ਕਿੰਨੀ ਸੇਵਾ ਕੀਤੀ ਹੈ, ਭਾਵ ਕਿੰਨਾਂ ਬੁੱਧੂ ਬਣਾਇਆ ਹੈ, ਪਰ ਉਸ ਨਾਲ ਕਿਸਾਨ ਨੂੰ ਵੀ ਕੀਹ ਮਿਲਦਾ ਹੈ, ਅੱਜ ਵੀ ਮੀਡਿਆ ਵਿੱਚ ਖਬਰ ਹੈ ਕਿ ਸੰਗਰੂਰ ਲੋਕਸਭਾ ਹਲਕੇ ਦੇ ਮੈਂਬਰ ਭਗਵੰਤ ਮਾਨ ਨੇ ਮੰਡੀ ਵਿੱਚ ਕਿਸਾਨਾਂ ਨਾਲ ਰੋਟੀ ਸਾਂਝੀ ਕੀਤੀ, ਫਿਰ ਕੀਹ ਫਰਕ ਪਿਆ, ਕਿਸਾਨਾਂ ਨੇ ਤਾਂ ਦਿੱਲੀ ਭੇਜਿਆ ਹੈ ਕਿ ਲੋਕਸਭਾ ਵਿੱਚ ਕਾਨੂੰਨ ਬਣਵਾਓ, ਜਿਸ ਨਾਲ ਕਿਸਾਨੀ ਸੌਖੀ ਹੋਵੇ, ਕਿਸਾਨ ਨਾਲ ਮੰਡੀ ਵਿੱਚ ਰੋਟੀਆਂ ਖਾਧਿਆਂ ਜਾਂ ਪੈਗ ਲਾਇਆਂ, ਕਿਸਾਨੀ ਦੇ ਮਸਲੇ ਹੱਲ ਨਹੀਂ ਹੁੰਦੇ? ਕੱਲ ਇੱਕ ਹੋਰ ਜਥੇਬੰਦੀ ਦੇ ਆਗੂਆਂ ਨੇ ਮੰਡੀ ਵਿੱਚ ਕਣਕ ਦੀ ਢੇਰੀ ਕੋਲ ਖੜੇ ਹੋ ਕੇ ਪੰਜ ਸੱਤ ਸਾਥੀਆਂ ਸਮੇਤ ਫੋਟੋ ਖਿਚਵਾਈ ਅਤੇ ਸੁਰਖੀ ਲਗਵਾਈ ਕਿ ਫੈਡਰੇਸ਼ਨ ਗਰੇਵਾਲ ਕਿਸਾਨਾਂ ਦੇ ਹੱਕ ਵਿੱਚ ਨਿਤਰੀ, ਜੇ ਨਿਤਰਨਾ ਹੀ ਹੈ ਜਾਂ ਕਿਸਾਨਾਂ ਨਾਲ ਹਮਦਰਦੀ ਹੈ ਤਾਂ ਫਿਰ ਮੋਦੀ ਜਾਂ ਬਾਦਲ ਦੇ ਘਰ ਅੱਗੇ ਧਰਨਾ ਦਿਓ, ਜਿਥੇ ਕਿਸਾਨਾਂ ਦੀ ਮਰਜ਼ ਦੀ ਦਵਾਈ ਦੱਬੀ ਬੈਠੇ ਹਨ। ਅਜਿਹੇ ਹੀ ਬਿਆਨ ਪੰਜਾਬ ਕਾਂਗਰਸ ਦੇ ਪ੍ਰਧਾਨ ਸ. ਪ੍ਰਤਾਪ ਸਿੰਘ ਬਾਜਵਾ ਅਤੇ ਹੋਰ ਵੀ ਕਿਸਾਨ ਜਥੇਬੰਦੀਆਂ ਦੇ ਵੀ ਆ ਰਹੇ ਹਨ, ਲੇਕਿਨ ਇਹ ਸਿਆਸੀ ਲੋਕ ਸਾਹ ਤਾਂ ਬਾਦਲ ਜਾਂ ਬੀ.ਜੇ.ਪੀ. ਤੋਂ ਪੁੱਛਕੇ ਲੈਂਦੇ ਹਨ, ਗੱਲਾਂ ਕਿਸਾਨਾਂ ਦੇ ਦੁੱਖ ਦੂਰ ਕਰਨ ਦੀਆਂ ਕਰਦੇ ਹਨ।

ਜੇ ਕੋਈ ਸਿਆਸੀ ਪਾਰਟੀ ਕੁੱਝ ਕਰਨਾ ਚਾਹੁੰਦੀ ਹੈ ਤਾਂ ਲੋਕ ਸਭਾ, ਰਾਜ ਸਭਾ ਵਿੱਚ ਅਤੇ ਸੂਬਿਆਂ ਦੀਆਂ ਵਿਧਾਨਸਭਾਵਾਂ ਵਿੱਚ ਕਾਨੂੰਨ ਪਾਸ ਕਰੇ, ਕਿਸਾਨ ਨੂੰ ਖੁੱਲ ਹੋਵੇ ਉਹ ਆਪਣੀ ਜਿਨਸ ਪੂਰੇ ਭਾਰਤ ਵਿੱਚ ਜਿੱਥੇ ਦਿਲ ਕਰੇ ਵੇਚ ਸਕੇ, ਇਹ ਨਾ ਹੋਵੇ ਕਿ ਤਿੰਨ ਕਿਲੋਮੀਟਰ ਦੂਰ ਹਰਿਆਣੇ ਦੀ ਮੰਡੀ ਵਿੱਚ ਜਾਣ ਵਾਸਤੇ, ਖੱਟਰ ਤੋਂ ਵੀਜ਼ਾ ਲੈਣ ਦੀ ਲੋੜ ਪਵੇ। ਕਿਸਾਨਾਂ ਨੂੰ ਚਾਹੀਦਾ ਹੈ ਕਿ ਜਿਹੜੇ ਫੋਟੋਆਂ ਖਿਚਵਾਉਣ ਵਾਸਤੇ ਆਉਂਦੇ ਹਨ, ਉਹਨਾਂ ਨੂੰ ਕਹਿਣ ਕਿ ਆਪਣੇ ਸਿਆਸੀ ਆਕਾ ਕੋਲ ਜਾ ਕੇ ਸਾਡੇ ਦਰਦ ਬਿਆਨ ਕਰੋ, ਜੇ ਨਹੀਂ ਮੰਨਦਾ ਤਾਂ ਫਿਰ ਉਸਦਾ ਖਹਿੜਾ ਛੱਡਕੇ ਮੈਦਾਨ ਵਿਚ ਆਓ ਅਤੇ ਉਸ ਦਾ ਘਿਰਾਓ ਕਰੋ। ਨਹੀਂ ਤਾਂ ਸਾਡੇ ਨਾਲ ਫੋਟੋਆਂ ਖਿਚਵਾ ਕੇ ਸਾਡਾ ਮਜਾਕ ਨਾ ਉਡਾਓ, ਇਹਨਾ ਫੋਟੋਆਂ ਨਾਲ ਕਿਸਾਨਾਂ ਦੇ ਦੁੱਖ ਦੂਰ ਨਹੀਂ ਹੋ ਸਕਦੇ। ਅੱਜ ਜਿਹੜੀ ਕਣਕ ਬਦਰੰਗ ਆਖ ਕੇ ਜਾਂ ਵੱਧ ਨਮੀ ਆਖ ਕੇ ਸਰਕਾਰ ਖਰੀਦਣ ਤੋਂ ਇਨਕਾਰੀ ਹੈ, ਇਹੀ ਕਣਕ ਜਦੋਂ ਵਿਉਪਾਰੀ ਦੋ ਤਿੰਨ ਸੌ ਰੁਪਈਏ ਘੱਟ ਕਰਕੇ, ਖਰੀਦ ਲਵੇਗਾ ਤਾਂ ਇਸ ਦਾ ਹੀ ਆਟਾ ਸ਼ਕਤੀ ਭੋਗ, ਰਾਮ ਭੋਗ ਦੀਆਂ ਥੈਲੀਆਂ ਵਿੱਚ ਉਸ ਤੋਂ ਵੀ ਮਹਿੰਗੇ ਮੁੱਲ ਵਿਕੇਗਾ, ਪਰ ਅੱਜ ਕਿਸਾਨ ਨੂੰ ਲੁੱਟਣਾ ਹੈ।

ਸੋ ਕਿਸਾਨ ਭਰਾਵਾਂ ਨੂੰ ਹੁਣ ਜਥੇਬੰਦ ਹੋਣ ਦੀ ਲੋੜ ਹੈ, ਮੌਜੂਦਾ ਕਿਸਾਨ ਜਥੇਬੰਦੀਆਂ ਅਤੇ ਕਿਸਾਨ ਆਗੂਆਂ ਦੇ ਰੋਲ ਅਤੇ ਸਰਕਾਰੀ ਤੇ ਵਿਰੋਧੀ ਧਿਰਾਂ ਦੀ ਕਾਰਗੁਜ਼ਾਰੀ ਨੂੰ ਚੰਗੀ ਤਰ੍ਹਾਂ ਸਮਝ ਅਤੇ ਵੇਖ ਲੈਣਾ ਚਾਹੀਦਾ ਹੈ, ਆਉਣ ਵਾਲੇ ਸਮੇਂ ਵਿੱਚ ਆਪਣੀ ਕਿਸਮਤ ਆਪ ਲਿਖਣ ਵਾਸਤੇ, ਇਹਨਾਂ ਲੋਕਾਂ ਨੂੰ ਵੋਟਾਂ ਦੇ ਦਿਨਾਂ ਵਿੱਚ ਠੁੱਠ ਵਿਖਾਉਣਾ ਪਵੇਗਾ ਅਤੇ ਆਪਣੀ ਏਕਤਾ ਦਾ ਸਬੂਤ ਦੇ ਕੇ ਖੁਦ, ਜਿਵੇ ਭੁੱਖ ਮਰੀ ਦਾ ਇਲਾਜ਼ ਕੀਤਾ ਹੈ, ਇਸ ਤਰ੍ਹਾਂ ਹੀ ਗੰਦੀ ਸਿਆਸਤ ਦੇ ਖਿਲਾਫ਼ ਵੀ ਖੜੇ ਹੋਣਾ ਪਵੇਗਾ। ਜਿੰਨਾਂ ਚਿਰ ਵਿਉਪਾਰੀ ਪੱਖੀ ਲੋਕ ਰਾਜ ਕਰਨਗੇ ਕਿਸਾਨ ਅਤੇ ਮਜਦੂਰ ਇੰਜ ਹੀ ਪਿੱਸਦੇ ਰਹਿਣਗੇ, ਸਿਰਫ ਸਾਡੀ ਨਾਇਥਪਾਕੀ ਅਤੇ ਕਿਸੇ ਉਤੇ ਅੰਨੇਵਾਹ ਭਰੋਸਾ ਕਰਨ ਦੀ ਨੀਤੀ ਕਰਕੇ, ਅਸੀਂ ਕਿਸਾਨ ਅਤੇ ਮਜਦੂਰ ਵੱਧ ਵੋਟਾਂ ਹੁੰਦਿਆਂ ਹੋਇਆਂ ਵੀ ਮੰਗਤੇ ਦੀ ਜੂਨੀ ਵਿੱਚ ਦਰ ਗੁਜਰ ਕਰ ਰਹੇ ਹਾ। ਸਾਡੀਆਂ ਵੋਟਾਂ ਲੈ ਕੇ ਸ਼ਾਹ ਬਣੇ, ਸਾਨੂੰ ਮੰਡੀਆਂ ਵਿੱਚ ਆ ਆ ਕੇ, ਫੋਟੋਆਂ ਖਿਚਵਾਕੇ, ਸਾਡਾ ਮਜਾਕ ਉਡਾ ਰਹੇ ਹਨ, ਤੁਸੀਂ ਹਰਾ ਇਨਕਲਾਬ ,ਚਿੱਟਾ ਇਨਕਲਾਬ ਲਿਆਂਦਾ, ਹੁਣ ਇੱਕ ਹੋਰ ਹੰਬਲਾ ਮਾਰੋ, ਕਿਸਾਨਾਂ ਦੀ ਸਰਕਾਰ ਲਿਆਈਏ, ਫਿਰ ਆਪਾਂ ਮੰਗਤੇ ਨਹੀਂ, ਸਭ ਨੂੰ ਬਰਾਬਰ ਵੰਡਕੇ ਦੇਣ ਵਾਲੇ ਸਾਸ਼ਕ ਹੋ ਸਕਦੇ ਹਾ। ਗੁਰੂ ਰਾਖਾ !!


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top