Share on Facebook

Main News Page

ਪੰਥ ਦਰਦੀਓ ! ਪਹਿਲੀ ਜਨਵਰੀ ਦਾ ਪੰਥਕ ਇਕੱਠ ਜਿੱਤ ਨਹੀਂ, ਹਾਲੇ ਹੋਰ ਹੰਭਲਾ ਮਾਰਨਾ ਪਵੇਗਾ
-: ਗੁਰਿੰਦਰਪਾਲ ਸਿੰਘ ਧਨੌਲਾ 93161 76519

ਨਾਨਕਸ਼ਾਹੀ ਕੈਲੰਡਰ ਦੇ ਖਾਤਮੇ ਵਾਸਤੇ ਆਰ.ਐਸ.ਐਸ. ਦੀ ਬੀ ਟੀਮ ਸਾਧ ਯੂਨੀਅਨ ਨੇ ਬੜੇ ਹੀ ਸਾਜਸ਼ੀ ਅੰਦਾਜ਼ ਵਿੱਚ ਅਕਾਲ ਤਖਤ ਸਾਹਿਬ ਨੂੰ ਵਰਤਣ ਦੀ ਕੁਚਾਲ ਚੱਲੀ ਸੀ। ਲੇਕਿਨ 1 ਜਨਵਰੀ 2015 ਸਿੱਖ ਸੰਗਤਾਂ ਨੇ ਅਕਾਲ ਤਖਤ ਸਾਹਿਬ ਦੇ ਸਾਹਮਣੇ ਵੱਡਾ ਪੰਥਕ ਇਕੱਠ ਕਰਦਿਆਂ ਜਥੇਦਾਰ ਨੂੰ ਮੈਮੋਰੰਡਮ ਦੇ ਕੇ ਆਰ.ਐਸ.ਐਸ.ਅਤੇ ਸਾਧ ਯੂਨੀਅਨ ਦੀਆਂ ਆਸਾਂ 'ਤੇ ਪਾਣੀ ਫੇਰ ਦਿੱਤਾ ਹੈ। ਇਸ ਪੰਥਕ ਇਕੱਠ ਨੇ ਸਾਬਤ ਕਰ ਦਿੱਤਾ ਹੈ ਕਿ ਸਿੱਖ ਜਾਗਦੇ ਹਨ। ਜਿਸ ਨਾਲ ਜਥੇਦਾਰਾਂ ਦੀਆਂ ਅੱਖਾਂ ਤਾਂ ਖੁੱਲਣੀਆਂ ਹੀ ਸੀ, ਨਾਲ ਨਾਲ ਸਾਧਾਂ ਨੂੰ ਵੀ ਸਿੱਖਾਂ ਵਿੱਚ ਆਪਣੇ ਸਤਿਕਾਰ ਦਾ ਪਤਾ ਲੱਗ ਗਿਆ ਹੈ।

1 ਜਨਵਰੀ 2015 ਨੂੰ ਜੋ ਪੰਥਕ ਇਕੱਠ ਅਕਾਲ ਤਖਤ ਸਾਹਿਬ ਦੇ ਸਨਮੁੱਖ ਹੋਇਆ, ਬਹੁਤ ਪਰਭਾਵਸ਼ਾਲੀ ਅਤੇ ਪੰਥਕ ਜਜਬੇ ਦਾ ਪ੍ਰਤੀਕ ਸੀ। ਇਹ ਵੀ ਕਹਿ ਲਿਆ ਜਾਏ ਤਾਂ ਕੋਈ ਅਤਿ ਕਥਨੀ ਨਹੀਂ ਕਿ ਜਦੋਂ ਜੂਨ 1984 ਵਿੱਚ ਦਰਬਾਰ ਸਾਹਿਬ ਤਾਂ ਹਮਲਾ ਹੋਇਆ ਸੀ, ਤਾਂ ਉਸ ਤੋਂ ਤੁਰੰਤ ਬਾਅਦ ਅਮ੍ਰਿਤਸਰ ਸਾਹਿਬ ਵਿੱਚ ਅਜਿਹੇ ਹੀ ਜਜ਼ਬੇ ਵਾਲਾ ਪੰਥਕ ਇਕੱਠ ਹੋਇਆ ਸੀ ਅਤੇ ਇਸ ਤੋਂ ਇੱਕ ਗੱਲ ਬੜੀ ਸਪਸ਼ਟ ਅਤੇ ਸਿੱਖਾਂ ਦੀ ਅੰਦਰੂਨੀ ਭਾਵਨਾ ਨੂੰ ਪ੍ਰਗਟ ਕਰਦੀ ਹੈ ਕਿ ਉਸ ਵੇਲੇ ਹਿੰਦ ਹਕੂਮਤ ਨੇ ਫੌਜੀ ਹਮਲਾ ਕਰਕੇ ਅਕਾਲ ਤਖਤ ਸਾਹਿਬ ਢਾਹਿਆ ਸੀ ਅਤੇ ਬਾਬਾ ਜਰਨੈਲ ਸਿੰਘ ਭਿੰਡਰਾਂਵਾਲਿਆਂ ਸਮੇਤ ਕੁੱਝ ਦਰਜਨ ਜੁਝਾਰੂਆਂ ਤੋਂ ਇਲਾਵਾ ਹਜ਼ਾਰਾਂ ਬੇਗੁਨਾਹ ਸ਼ਰਧਾਲੂ ਸ਼ਹੀਦ ਕੀਤੇ ਸਨ ਅਤੇ ਦੂਜੇ ਪਾਸੇ ਸੰਤਾ ਸਿੰਘ ਨਿਹੰਗ ਮੁਖੀ ਬੁਢਾ ਦਲ ਨੇ ਅਕਾਲ ਤਖਤ ਸਾਹਿਬ ਦੀ ਮੁਰੰਮਤ ਸਰਕਾਰੀ ਸਰਪ੍ਰਸਤੀ ਹੇਠ ਕਰਵਾਉਣੀ ਆਰੰਭ ਕਰ ਦਿੱਤੀ ਸੀ, ਜਿਸ ਕਰਕੇ ਕੌਮ ਨੇ ਰੋਹ ਦਾ ਪ੍ਰਗਟਾਵਾ ਵਿਦਰੋਹ ਵਾਲਾ ਵੱਡਾ ਪੰਥਕ ਇਕੱਠ ਕਰਕੇ ਕੀਤਾ ਸੀ।

ਇਸ ਤਰ੍ਹਾਂ ਹੀ 1 ਜਨਵਰੀ 2015 ਨੂੰ ਵੀ ਅਕਾਲ ਤਖਤ ਸਾਹਿਬ 'ਤੇ ਹੋਇਆ ਇਕਠ ਪੰਥ ਦੀ ਸੁਚੇਤਤਾ ਨੂੰ ਦਰਸਾਉਂਦਾ ਹੈ, ਕਿਉਂਕਿ ਕੌਮ ਨੂੰ ਅਜਿਹਾ ਪ੍ਰਤੀਤ ਹੋਇਆ ਕਿ ਇੱਕ ਵਾਰ ਫਿਰ ਅਕਾਲ ਤਖਤ ਸਾਹਿਬ 'ਤੇ ਹਮਲਾ ਹੋ ਰਿਹਾ ਹੈ ਅਤੇ ਇਹ ਹਮਲਾ ਹੁਣ ਸਿਰਫ ਅਕਾਲ ਤਖਤ ਸਾਹਿਬ ਦੀ ਇਮਾਰਤ ਤੇ ਨਹੀਂ ਨਾਲ ਨਾਲ ਸਿਧਾਤਾਂ ਅਤੇ ਸਿੱਖ ਵਖਰੀ ਕੌਮ ਨੂੰ ਪ੍ਰਗਟਾਉਂਦੇ ਸਰੋਤਾਂ ਉੱਤੇ ਵੀ ਹੈ ਅਤੇ ਇਸ ਸਮੇਂ ਦੁਸ਼ਮਨ ਫੌਜੀ ਵਰਦੀ ਵਿੱਚ ਨਹੀਂ, ਸਗੋਂ ਖਾਲਸਈ ਬਾਣੇ ਵਿਚ ਹਨ? ਉਹਨਾਂ ਦੇ ਕੋਲ ਤੋਪਾਂ ਜਾਂ ਟੈਂਕ ਨਹੀਂ, ਸਗੋਂ ਉਹਨਾਂ ਨੇ ਤਾਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਹੀ ਹਥਿਆਰ ਬਣਾ ਲਿਆ ਹੈ? ਜਿਸ ਨਾਲ ਖੜਾਕ ਵੀ ਨਹੀਂ ਹੋਣਾ ਸੀ ਅਤੇ ਕੌਮ ਦਾ ਨਾਪੂਰਨਯੋਗ ਨੁਕਸਾਨ ਵੀ ਹੋ ਜਾਣਾ ਸੀ? ਪਰ ਕੁੱਝ ਜਾਗਦੇ ਸਿਰਾਂ ਵਾਲੇ ਸਿੱਖਾਂ ਅਤੇ ਅਰੁਕ ਤੇ ਸੁਚੱਜੀਆਂ ਕਲਮਾਂ ਤੇ ਤਰੁੰਤ ਮੋਰਚਾ ਸੰਭਾਲ ਲਿਆ ਅਤੇ ਢਾਲ ਬਣਕੇ ਖੜੇ ਹੋ ਗਏ, ਜਿਸ ਨੂੰ ਵੇਖਦਿਆਂ ਕੌਮੀ ਜਜ਼ਬਾ ਵੀ ਪ੍ਰਬਲ ਹੋ ਉਠਿਆ ਅਤੇ ਪਹਿਲੀ ਜਨਵਰੀ ਨੂੰ ਸਾਧ ਯੂਨੀਅਨ ਅਤੇ ਆਰ.ਐਸ.ਐਸ, ਨੂੰ ਤੋਹਫ਼ਾ ਦਿੱਤਾ ਕਿ ਹੁਣ ਇਸ ਤਰ੍ਹਾਂ ਚੁੱਪ ਚੁਪੀਤੇ ਤੁਹਾਨੂੰ ਸਿਧਾਂਤਾਂ ਦਾ ਘਾਣ ਨਹੀਂ ਕਰਨ ਦਿੱਤਾ ਜਾਵੇਗਾ ?

ਪਹਿਲੀ ਜਨਵਰੀ ਦਾ ਪੰਥਕ ਇਕੱਠ ਇੱਕ ਸੁਨੇਹਾ ਹੈ ਅਤੇ ਕੌਮੀ ਜਾਗ੍ਰਿਤੀ ਦਾ ਬਿਗਲ ਹੈ ਜਿਹੜਾ ਕੋਈ ਆਪਣੇ ਘਰ ਬਾਰੇ ਬੇਖਬਰ ਹੈ, ਖਾਸ ਕਰ ਉਹਨਾਂ ਸਿੱਖਾਂ ਨੂੰ ਜਿਹੜੇ ਨਿੱਕੇ ਮੋਟੇ ਲਾਲਚਾਂ ਪਿੱਛੇ ਬਾਦਲ ਦਲ, ਬੀ.ਜੇ.ਪੀ., ਕਾਂਗਰਸ ਜਾਂ ਆਮ ਆਦਮੀ ਪਾਰਟੀ ਦੇ ਪਿੱਛੇ ਲੱਗ ਕੇ ਬਿਗਾਨਿਆਂ ਬੂਹਿਆਂ ਤੋਂ ਆਸ ਲਾਈ ਬੈਠੇ ਹਨ? ਇਸ ਪੰਥਕ ਇਕੱਠ ਵਿੱਚ ਜਿੰਨੇ ਵੀ ਗੁਰਸਿੱਖ ਵੀਰ ਚੱਲਕੇ ਗਏ, ਬੇਸ਼ੱਕ ਉਹ ਵੱਖਰੀਆਂ ਵੱਖਰੀਆਂ ਰਾਜਸੀ ਪਾਰਟੀਆਂ ਦੇ ਨੁਮਾਇੰਦੇ ਸਨ, ਜਾਂ ਸਿੱਖ ਪੰਥ ਦੀਆਂ ਧਾਰਮਿਕ ਸ਼ਾਖਾਵਾਂ ਦੇ ਫੁੱਲ ਸਨ, ਪਰ ਸਭ ਨੇ ਪੰਥ ਪ੍ਰਸਤੀ ਦਾ ਸਬੂਤ ਦੇ ਕੇ ਇੱਕ ਵਾਰ ਸਿੱਖ ਮਿਸਲਾਂ ਵੇਲੇ ਦਰਬਾਰ ਸਾਹਿਬ ਆਉਣ ਵੇਲੇ ਵਖਰੇਵਿਆਂ ਦੇ ਬਾਵਜੂਦ ਪੰਥਕ ਜੁਗਤ ਵਿੱਚ ਇੱਕ ਹੋ ਕੇ ਬੈਠਣ ਦੇ ਇਤਿਹਾਸ ਨੂੰ ਤਾਜ਼ਾ ਕਰਕੇ, ਕੌਮ ਅੰਦਰ ਭਰੋਸੇ ਦੀ ਭਾਵਨਾਂ ਨੂੰ ਜਨਮ ਦਿੱਤਾ ਹੈ। ਇਸ ਵਿੱਚ ਕੌਣ ਕੌਣ ਸ਼ਾਮਲ ਹੋਇਆ, ਕਿਸੇ ਦੀ ਫੋਟੋ ਅਖਬਾਰ ਵਿੱਚ ਲੱਗੀ ਜਾਂ ਨਾ ਲੱਗੀ, ਕਿਸੇ ਦਾ ਨਾਮ ਖਬਰ ਵਿੱਚ ਛਪਿਆ ਜਾਂ ਰਹਿ ਗਿਆ, ਪਰ ਸਭ ਦੀ ਹਾਜਰੀ ਪੰਥ ਦੇ ਰੋਜ਼ਨਾਮਚੇ ਵਿੱਚ ਦਰਜ਼ ਹੋ ਗਈ ਹੈ।

ਲੇਕਿਨ ਇਸ ਪੰਥਕ ਇਕੱਠ ਤੋਂ ਸਿੱਖਾਂ ਨੂੰ ਇਹ ਕਦਾਚਿਤ ਨਹੀਂ ਸਮਝ ਲੈਣਾ ਚਾਹੀਦਾ ਕਿ ਮਸਲਾ ਹੱਲ ਹੋ ਗਿਆ ਹੈ, ਕਿਉਂਕਿ ਨਾ ਹਾਲੇ ਤਾਰ ਟੁੱਟੀ ਹੈ, ਨਾ ਰਾਗ ਮੁੱਕਿਆ ਹੈ। ਇਹ ਇਕੱਠ ਸਿਰਫ ਇੱਕ ਦਿਨ ਦਾ ਜਲੌਅ ਸੀ, ਦੁਸ਼ਮਨ ਬੜਾ ਹੀ ਘੁਨਤਰੀ ਹੈ, ਇਸ ਮੁੱਦੇ ਨੂੰ ਥੋੜਾ ਜਿਹਾ ਲਮਕਾ ਕੇ ਠੰਡੇ ਬਸਤੇ ਪਾਉਣ ਦਾ ਯਤਨ ਕਰੇਗਾ ਤਾਂ ਕਿ ਕੌਮੀ ਜਜਬਾਤ ਕੁੱਝ ਸ਼ਾਂਤ ਹੋ ਜਾਣ ਅਤੇ ਫਿਰ ਇਸ ਨੂੰ ਦੁਬਾਰਾ ਆਰੰਭ ਕਰ ਲਿਆ ਜਾਵੇਗਾ। ਇਹ ਚਾਰ ਸਾਧਾਂ ਦੀ ਗੱਲ ਨਹੀਂ, ਇਸਦੇ ਪਿਛੇ ਬਹੁਤ ਵੱਡੀ ਤਾਕਤ ਹੈ, ਜਿਹੜੀ ਭਾਰਤ ਵਰਗੇ ਵੱਡੇ ਦੇਸ਼ ਦੇ ਰਾਜ ਤਖਤ ਦੀ ਮਾਲਕ ਹੈ। ਇਸ ਕਰਕੇ ਸਾਨੂੰ ਹਰ ਕਦਮ ਬੜਾ ਸੋਚ ਸਮਝਕੇ ਅਤੇ ਬੜੀ ਸਿਆਣਪ ਨਾਲ ਪੁੱਟਣ ਦੀ ਲੋੜ ਹੈ ਅਤੇ ਹਰ ਕਦਮ ਨੂੰ ਅੱਗੇ ਟਿਕਾਉਣ ਤੋਂ ਪਹਿਲਾ ਧਰਤੀ ਦੀ ਪਰਖ ਬੜੀ ਸੰਜੀਦਗੀ ਨਾਲ ਕਰਨੀ ਪਵੇਗੀ ਕਿਉਂਕਿ ਦੁਸ਼ਮਨ ਨੇ ਹਰ ਜਗ੍ਹਾ ਅੰਧਵਿਸ਼ਵਾਸ਼ ਅਤੇ ਬਿਪਰਵਾਦ ਦਾ ਬਰੂਦ ਖਿਲਾਰ ਰਖਿਆ ਹੈ।

ਇੱਕ ਪਾਸੇ ਸਿੱਖ ਪੰਥ ਸਾਧਾਂ ਦੀ ਨਾਨਕਸ਼ਾਹੀ ਕੈਲੰਡਰ ਨੂੰ ਰੱਦ ਕਰਵਾਉਣ ਦੀ ਕਰਤੂਤ ਨੰਗੀ ਕਰਨ ਵਾਸਤੇ ਅਤੇ ਜਥੇਦਾਰ ਨੰਦਗੜ੍ਹ ਵੱਲੋਂ ਸਮੇਂ ਸਿਰ ਲਏ ਸਟੈਂਡ ਨੂੰ ਦਰੁਸਤ ਦੱਸਣ ਵਾਸਤੇ ਅਕਾਲ ਤਖਤ ਸਾਹਿਬ 'ਤੇ ਇਕਤ੍ਰਤ ਹੋ ਰਿਹਾ ਸੀ, ਪਰ ਦੂਜੇ ਪਾਸੇ ਸਾਧ ਯੂਨੀਅਨ ਨੇ ਆਪਣੀ ਹੁੰਦੀ ਹੇਠੀ ਨੂੰ ਛੁਪਾਉਣ ਲਈ ਤਖਤਾਂ ਦੇ ਜਥੇਦਾਰ ਨੂੰ ਨਾਲ ਲੈਕੇ, ਸਿੱਖਾਂ ਦੀ ਦੁਸ਼ਮਨ ਜਮਾਤ ਆਰ.ਐਸ.ਐਸ. ਦੀ ਅਧੀਨਤਾ ਵਾਲੀ ਰਾਸ਼ਟਰੀਆ ਸਿੱਖ ਸੰਗਤ ਨੂੰ ਨਾਲ ਮਿਲਕੇ, ਸਿੱਖ ਮੰਗਾਂ ਦਾ ਸ਼ੋਸ਼ਾ ਬਣਾਕੇ ਗ੍ਰਹਿ ਮੰਤਰੀ ਨੂੰ ਮਿਲਣ ਦਾ ਨਾਟਕ ਖੇਡਿਆ ਹੈ ਅਤੇ ਗ੍ਰਹਿ ਮੰਤਰੀ ਨੇ ਵੀ ਬਹੁਤ ਛੇਤੀ ਸਮਾਂ ਦਿੱਤਾ ਹੈ ਤਾਂ ਕਿ ਸਾਧ ਯੂਨੀਅਨ ਕਿਤੇ ਹੌਂਸਲਾ ਹੀ ਨਾ ਛੱਡ ਜਾਵੇ।

ਆਰ.ਐਸ.ਐਸ. ਅਤੇ ਬੀ.ਜੇ.ਪੀ. ਦੀ ਭਾਰਤ ਸਰਕਾਰ ਨੂੰ ਮਿਲਕੇ ਸਾਧ ਯੂਨੀਅਨ ਦੀ ਗੱਡੀ ਦੀ ਬੈਟਰੀ ਚਾਰਜ ਹੋ ਗਈ ਹੈ। ਇਸ ਕਰਕੇ ਹੀ ਹੁਣ ਨਾਨਕਸਰ ਵਿਖੇ ਇੱਕ ਇਕੱਠ ਕਰਕੇ ਜਥੇਦਾਰ ਨੰਦਗੜ੍ਹ ਨੂੰ ਹਟਾਉਣ ਅਤੇ ਨਾਨਕਸ਼ਾਹੀ ਕੈਲੰਡਰ ਨੂੰ ਖਤਮ ਕਰਵਾਉਣ ਦੀ ਸਾਜਿਸ਼ ਨੂੰ, ਆਰ.ਐਸ.ਐਸ. ਅਤੇ ਗ੍ਰਿਹ ਮੰਤਰੀ ਤੋਂ ਮਿਲੀਆਂ ਤਾਜ਼ਾ ਹਦਾਇਤਾ ਅਨੁਸਾਰ ਫਿਰ ਤੋਂ ਕਿਸੇ ਨਵੇਂ ਰੂਪ ਵਿੱਚ ਆਰੰਭ ਕੀਤਾ ਜਾਵੇਗਾ?

ਇਸ ਵਾਸਤੇ ਸਾਡਾ ਕੰਮ ਹਾਲੇ ਮੁੱਕਿਆ ਨਹੀਂ। ਸਾਡੇ ਸਾਹਮਣੇ ਜਿਥੇ ਕੈਲੰਡਰ ਨੂੰ ਬਚਾਉਣ ਦਾ ਮਸਲਾ ਹੈ, ਉਥੇ 5 ਜਨਵਰੀ ਨੂੰ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਦਿਹਾੜਾ ਮਨਾਉਣ ਅਤੇ ਜਥੇਦਾਰ ਨੰਦਗੜ੍ਹ ਨੂੰ ਤਖਤ ਸਾਹਿਬ ਦੀ ਸੇਵਾ ਸੰਭਾਲ ਤੇ ਬਣਾਈ ਰੱਖਣ ਦਾ ਵੱਡਾ ਕਾਰਜ਼ ਵੀ ਸਾਡੇ ਇਮਤਿਹਾਨ ਦੀ ਘੜੀ ਹੈ। ਸਾਨੂੰ ਪੂਰੀ ਤਨਦੇਹੀ ਨਾਲ ਆਪਣੇ ਜਜਬਾਤਾਂ ਨੂੰ ਕਾਬੂ ਵਿੱਚ ਰੱਖਦਿਆਂ ਦ੍ਰਿੜਤਾ ਕਾਇਮ ਰੱਖਕੇ ਲੰਬੀ ਲੜਾਈ ਲੜਣੀ ਹੋਵੇਗੀ?

ਹੁਣ ਸਾਨੂੰ ਕੇਵਲ ਹਮਲਾ ਰੋਕਣ ਲਈ ਨਹੀਂ, ਸਗੋਂ ਸਾਡੇ ਤੇ ਹਮਲੇ ਕਰਨ ਵਾਲਿਆਂ ਉੱਤੇ ਹਮਲਾਵਰ ਵੀ ਹੋਣਾ ਪਵੇਗਾ। ਸਾਨੂੰ ਉਹਨਾਂ ਪਿੰਡਾਂ ਵਿੱਚ ਜਿੱਥੇ ਇਹ ਸਾਧ ਗੁਰੂ ਘਰਾਂ ਤੇ ਕਬਜ਼ੇ ਕਰਕੇ ਗੁਰੂ ਦੀ ਗੋਲਕ ਉੱਪਰ ਇਛਾਧਾਰੀ ਨਾਗ ਬਣੇ ਬੈਠੇ ਹਨ, ਉਥੋਂ ਦੀ ਸੰਗਤ ਨੂੰ ਇਹਨਾਂ ਬਾਰੇ ਜਾਗਰੂਕ ਕਰਨਾਂ ਪਵੇਗਾ। ਸਭ ਤੋਂ ਪਹਿਲਾਂ ਸਾਨੂੰ ਬਾਬਾ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਜਥੇਬੰਦੀ ਜਥਾ ਭਿੰਡਰਾਂ, ਜਿਸ ਨੇ ਸਿੱਖਾਂ ਦੀ ਅਜਾਦੀ ਦੀ ਲੜਾਈ ਵਿੱਚ ਅਹਿਮ ਯੋਗਦਾਨ ਪਾਇਆ ਹੋਵੇ ਅਤੇ ਉਸ ਜਥੇ ਦੇ ਮੁਖੀ ਅਕਾਲ ਤਖਤ ਸਾਹਿਬ ਅਤੇ ਸਿੱਖ ਸਿਧਾਂਤਾਂ ਦੀ ਰਾਖੀ ਲਈ ਆਪਣੀ ਸ਼ਹਾਦਤ ਦੇ ਗਿਆ ਹੋਵੇ।

ਪਰ ਅੱਜ ਬਾਬਾ ਜਰਨੈਲ ਸਿੰਘ ਭਿੰਡਰਾਂਵਾਲਿਆ ਦੀ ਤਰਜ਼ 'ਤੇ ਆਪਣੇ ਨਾਮ ਨਾਲ ‘‘ਸੰਤ ਗਿਆਨੀ ਹਰਨਾਮ ਸਿੰਘ ਧੁੰਮਾਂ ਭਿੰਡਰਾਂਵਾਲੇ’’ ਲਿਖਵਾਉਣ ਵਾਲਾ, ਉਸ ਹੀ ਜਥੇ ਦਾ ਮੁਖੀ ਹਰਨਾਮ ਸਿਹੁੰ ਧੁੰਮਾਂ ਆਰ.ਐਸ.ਐਸ. ਨਾਲ ਰਲਕੇ, ਸਿੱਖੀ ਸਿਧਾਤਾਂ ਨੂੰ ਤੋੜਨ ਵਾਸਤੇ, ਅਕਾਲ ਤਖਤ ਸਾਹਿਬ ਦੀ ਦੁਰਵਰਤੋਂ ਕਰ ਰਿਹਾ ਹੈ? ਇਸ ਵਾਸਤੇ ਸਾਨੂੰ ਸਿੱਖਾਂ ਵਿੱਚ ਇੱਕ ਲਹਿਰ ਚਲਾਉਣੀ ਪਵੇਗੀ ਕਿ ਸਭ ਤੋਂ ਪਹਿਲਾਂ ਹਰਨਾਮ ਸਿਹੁੰ ਧੁੰਮੇਂ ਤੋਂ ਬਾਬਾ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੇ ਜਥੇ ਨੂੰ ਆਜ਼ਾਦ ਕਰਵਾਇਆ ਜਾਵੇ ਅਤੇ ਫਿਰ ਨਰੈਣੂ ਮਹੰਤ ਦੀ ਤਰਜ਼ ਤੇ ਮਹੰਤ ਬਣੇ ਸਾਧ ਜਿਹੜੇ ਵੇਖਣ ਨੂੰ ਸਿੱਖ ਦਿਸਦੇ ਹਨ, ਪਰ ਕੰਮ ਸਿੱਖੀ ਦੇ ਉਲਟ ਕਰਦੇ ਹਨ, ਦੇ ਖਿਲਾਫ਼ ਪਿੰਡਾਂ ਦੇ ਲੋਕਾਂ ਨੂੰ ਜਾਗ੍ਰਿਤ ਕਰਕੇ ਗੁਰੂ ਘਰ ਆਜ਼ਾਦ ਕਰਵਾਉਣ ਦੀ ਮੁਹਿੰਮ ਆਰੰਭ ਕਰਨੀ ਪਵੇਗੀ। ਜਿੰਨਾਂ ਚਿਰ ਇਹਨਾਂ ਸਾਧਾਂ ਕੋਲ ਗੋਲਕ ਦੀ ਕਮਾਈ ਹੈ ਅਤੇ ਗੁਰਦਵਾਰਿਆਂ ਦੀਆਂ ਜਾਇਦਾਦਾਂ ਉੱਤੇ ਕਬਜਾ ਹੈ, ਓਨਾਂ ਚਿਰ ਇਹ ਲੋਕ ਪੰਥ ਦੇ ਸਿਰ ਵਿੱਚ ਮੋਰੀਆਂ ਕਰਦੇ ਹੀ ਰਹਿਣਗੇ?

ਇਸ ਲਈ ਸਾਨੂੰ ਆਪਣੇ ਜਜ਼ਬਾਤਾਂ ਨੂੰ ਸੰਭਾਲਦਿਆਂ ਬੜੀ ਸੰਵੇਦਨਤਾ ਨਾਲ ਇਹਨਾਂ ਲੋਕਾਂ ਨੂੰ ਪੰਥ ਦੇ ਸਾਹਮਣੇ ਨੰਗਾ ਕਰਨਾ ਪਵੇਗਾ ਅਤੇ ਹਰ ਸਮੇਂ ਜਾਗਦੇ ਰਹਿਣਾ ਪਵੇਗਾ, ਕਿਉਂਕਿ ਅੱਜ ਸਾਧ ਲਾਣਾ ਇਕੱਲਾ ਨਹੀਂ, ਉਸਦੇ ਪਿੱਛੇ ਹਕੂਮਤ ਦੀ ਤਾਕਤ ਹੈ ਅਤੇ ਉਸਦੇ ਨਾਲ ਸਿੱਖੀ ਨੂੰ ਨਿਗਲਣ ਦੀਆਂ ਵਿਉਂਤਬੰਦੀਆਂ ਕਰਨ ਵਾਲੇ ਬਿਪਰਵਾਦੀਆਂ ਦਾ ਟਿੱਡੀ ਦਲ ਵੀ ਹੈ। ਅੱਜ ਸਿੱਖ ਵੀ ਹਰ ਰੋਜ਼ ਸਿੱਖੀ ਸਿਧਾਂਤਾਂ ਦੀ ਬੇਹੁਰਮਤੀ ਤੋਂ ਉਪਰਾਮ ਹੋ ਕੇ ਆਪਾ ਧਾਪੀ ਦੀ ਜਿੰਦਗੀ ਜਿਉਂਣ ਵਾਸਤੇ ਮਜਬੂਰ ਹੋਣ ਦੀ ਥਾਂ ਸਮਝ ਨਾਲ ਪੰਥਕ ਰੂਪ ਵਿੱਚ ਇਕਠੇ ਹੋਕੇ ਅਣਖੀ ਜਿੰਦਗੀ ਜਿਉਣ ਦੇ ਆਦੀ ਬਨਣ ਦੀ ਜਾਚ ਸਿੱਖਣ? ਜਿਸ ਨਾਲ ਗੁਰੂ ਦੀ ਨਦਰਿ ਸਾਡੇ ਉੱਤੇ ਹੋਵੇਗੀ ਅਤੇ ਫਿਰ ਕੋਈ ਵੀ ਭਾਵੇ ਜਿੱਡੀ ਮਰਜ਼ੀ ਵੱਡੀ ਸ਼ਕਤੀ ਦਾ ਮਲਿਕ ਹੋਵੇ, ਸਾਡੇ ਸਬਰ ਅਤੇ ਹੌਂਸਲੇ ਦੇ ਅੱਗੇ ਟਿਕ ਨਹੀਂ ਸਕੇਗਾ ਅਤੇ ਫਤਹਿ ਦਾ ਫਲ ਵੀ ਸਾਡੀ ਹੀ ਝੋਲੀ ਪਵੇਗਾ। ਸਾਨੂੰ ਕਿਸੇ ਦੀ ਵੱਡੀ ਸ਼ਕਤੀ ਜਾਂ ਕੁੱਝ ਸਾਡੇ ਵਰਗੇ ਦਿੱਸਣ ਵਾਲਿਆਂ ਦੀਆਂ ਪੰਥ ਵਿਰੋਧੀ ਸਾਜਿਸ਼ਾਂ ਤੋਂ ਉੱਕਾ ਨਹੀਂ ਘਬਰਾਉਣ ਚਾਹੀਦਾ ਕਿਉਂਕਿ ਕੁਦਰਤ ਹਮੇਸ਼ਾ ਸੱਚ ਦਾ ਸਾਥ ਦਿੰਦੀ ਹੈ, ਝੂਠ ਦੀ ਉਮਰ ਬਹੁਤੀ ਲੰਬੀ ਨਹੀਂ ਹੁੰਦੀ। ਗੁਰੂ ਰਾਖਾ !!!!!


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top