Share on Facebook

Main News Page

ਲਿਖਾਂ ਤਾਂ ਕੀ ਲਿਖਾਂ
-: ਗਜਿੰਦਰ ਸਿੰਘ, ਦਲ ਖਾਲਸਾ
੪-੧-੨੦੧੪

ਨਾਨਕਸ਼ਾਹੀ ਕੈਲੰਡਰ ਦੇ ਮੁਤਾਬਿਕ ਕੱਲ, ੫ ਜਨਵਰੀ ਨੂੰ ਦਸਮ ਪਾਤਸ਼ਾਹ ਦਾ ਗੁਰਪੁਰਬ ਹੈ। ਆਪ ਸੱਭ ਨੂੰ ਬਹੁਤ ਬਹੁਤ ਮੁਬਾਰਕ ਜੀ।

੧੯੭੨/੭੩ ਵਿੱਚ ਜਦੋਂ ਮੈਂ ਕਵਿਤਾ ਹਾਲੇ ਲਿਖਣੀ ਸ਼ੁਰੂ ਹੀ ਕੀਤੀ ਸੀ, ਦਸਮ ਪਾਤਸ਼ਾਹ ਦੇ ਗੁਰਪੁਰਬ ਦੇ ਮੌਕੇ ਲਿਖੀ ਇੱਕ ਕਵਿਤਾ, ਅੱਜ ਆਪ ਨਾਲ ਸਾਂਝੀ ਕਰਨ ਜਾ ਰਿਹਾ ਹਾਂ।

ਉਹਨਾਂ ਦਿਨ੍ਹਾਂ ਵਿੱਚ ਕੈਲੰਡਰ ਦਾ ਕੋਈ ਵਿਵਾਦ ਨਹੀਂ ਸੀ, ਪਰ ਲੀਡਰਾਂ ਦੇ ਕਰੈਕਟਰ ਅੱਜ ਵਾਲੇ ਹੀ ਸਨ। ਅੱਜ ਵੀ ਨਾਨਕਸ਼ਾਹੀ ਕੈਲੰਡਰ ਦਾ ਇਸ਼ੂ ਮੇਰੀ ਨਜ਼ਰ ਵਿੱਚ ਕੋਈ ਤਰੀਕਾਂ ਤੇ ਨਾਵਾਂ ਦਾ ਵਿਵਾਦ ਨਹੀਂ ਹੈ, ਸਿਧਾਂਤ ਦਾ ਮਸਲਾ ਹੈ

ਨਾਨਕਸ਼ਾਹੀ ਕੈਲੰਡਰ ਸਿੱਖ ਧਰਮ ਦੀ ਵਿਲੱਖਣਤਾ ਨੂੰ ਉਜਾਗਰ ਕਰਦਾ ਹੈ, ਤੇ ਬਿਕਰਮੀ ਕੈਲੰਡਰ ਸਿੱਖ ਧਰਮ ਦੀ ਵਿਲੱਖਣਤਾ ਨੂੰ ਪੇਤਲਾ ਕਰਦਾ ਹੈ, ਕਮਜ਼ੋਰ ਕਰਦਾ ਹੈਬਿਕਰਮੀ ਕੈਲੰਡਰ ਸਿੱਖ ਧਰਮ ਤੇ ਹਿੰਦੂ ਧਰਮ ਨੂੰ ਰਲਗੱਡ ਕਰਨ ਵਾਲੀ ਇੱਕ ਕੜ੍ਹੀ ਹੈ, ਤੇ ਜੇ ਸਿੱਖਾਂ ਨੇ ਆਪਣੀ ਵਿਲੱਖਣ ਹੋਂਦ ਨੂੰ ਮੰਨਵਾਣਾ ਹੈ, ਤਾਂ ਇਹ ਕੜ੍ਹੀ ਤੋੜ੍ਹਨੀ ਪਵੇਗੀ, ਬਲਕਿ ਬਹੁਤ ਸਾਰੀਆਂ ਹੋਰ ਵੀ ਕੜ੍ਹੀਆਂ ਤੋੜਨੀਆਂ ਹੀ ਪੈਣਗੀਆਂ।

ਇੱਕ ਘੱਟ ਗਿਣਤੀ ਕੌਮ, ਜਿਹੜੀ ਸੋ ਦੇ ਮੁਕਾਬਲੇ ਦੋ ਦੀ ਰੇਸ਼ੋ ਰੱਖਦੀ ਹੋਵੇ, ਉਸ ਨੂੰ ਆਪਣੀ ਵਿਲੱਖਣ ਹੋਂਦ ਬਚਾ ਕੇ ਰੱਖਣ ਲਈ, ਸੋ ਦੀ ਗਿਣਤੀ ਤੋਂ ਵੱਧੋ ਵੱਧ ਫਾਸਲਾ, ਵੱਧੋ ਵੱਧ ਦੂਰੀ ਬਣਾ ਕੇ ਰੱਖਣੀ ਬਹੁਤ ਜ਼ਰੂਰੀ ਹੈ। ਸਿਆਸੀ ਤੌਰ 'ਤੇ ਵਿਲੱਖਣਤਾ ਵਾਲੇ ਹੱਕ ਹਕੂਕ ਮੰਨਵਾਣ ਲਈ ਸਮਾਜਿਕ ਤੇ ਧਾਰਮਿਕ ਤੌਰ 'ਤੇ ਬਹੁਗਿਣਤੀ ਤੋਂ ਟੁੱਟਣਾ ਬਹੁਤ ਜ਼ਰੂਰੀ, ਬਲਕਿ ਪਹਿਲੀ ਲਾਜ਼ਮੀ ਸ਼ਰਤ ਹੈ।

ਅੱਜ ਦੇ ਹਾਲਾਤ ਵਿੱਚ, ਜਦੋਂ ਸਾਡਾ ਸਮਾਜਿਕ ਤੇ ਧਾਰਮਿੱਕ ਰਹਿਣ ਸਹਿਣ, ਖਾਣ ਪੀਣ, ਰਹੁਰੀਤਾਂ ਤੇ ਕੈਲੰਡਰ ਹਿੰਦੂ ਸਮਾਜ ਨਾਲ ਰਲਗਡ ਹੋਇਆ ਪਿਆ ਹੈ, ਅਸੀਂ ਇੱਕ ਵੱਖਰਾ ਖਿੱਤਾ, ਵੱਖਰਾ ਦੇਸ਼ ਹਾਸਿਲ ਕਰ ਵੀ ਲਈਏ, ਤਾਂ ਉਹ ਕੇਸਾਧਾਰੀ ਹਿੰਦੂਆਂ ਦੀ ਇੱਕ ਵੱਖਰੀ ਰਿਆਸਤ ਹੀ ਹੋਵੇਗੀ। ਜੇ ਆਪਣੇ ਆਪ ਨੂੰ ਲਵ-ਕੁਸ਼ ਦੀ ਔਲਾਦ ਹੀ ਸਮਝਣਾ ਹੈ, ਤੇ ਸਮਾਜਿਕ ਰਹਿਣੀ ਬਹਿਣੀ ਬ੍ਰਾਹਮਣੀ ਸਮਾਜ ਵਾਲੀ ਹੀ ਰੱਖਣੀ ਹੈ, ਤਾਂ ਫੇਰ ਸਿੱਖਾਂ ਦੀ ਕੋਈ ਸਮਸਿਆ ਹੈ ਹੀ ਨਹੀਂ।

ਸਮਸਿਆ ਤਾਂ ਸ਼ੁਰੂ ਹੀ ਓਥੋਂ ਹੁੰਦੀ ਹੈ, ਜਿੱਥੋਂ ਅਸੀਂ ਵਰਣ ਵੰਡ ਦੀ ਊਚ ਨੀਚ ਨੂੰ ਤਿਆਗਣ ਦੀ ਗੱਲ ਕਰਦੇ ਹਾਂ, ਜਦੋਂ ਅਸੀਂ ਹਰ ਕਿਸਮ ਦੇ ਬ੍ਰਾਹਮਣੀ ਕਰਮ ਕਾਂਡ ਨੂੰ ਤਿਆਗਣ ਦੀ ਗੱਲ ਕਰਦੇ ਹਾਂ, ਜਦੋਂ ਅਸੀਂ ਕਹਿੰਦੇ ਹਾਂ ਕਿ ਅਸੀਂ ਲਵ-ਕੁੱਸ਼ ਦੀ ਔਲਾਦ ਨਹੀਂ, ਦਸਮ ਪਾਤਸ਼ਾਹ ਦੇ ਬੱਚੇ ਹਾਂ। ਅਸੀਂ ਹਿੰਦੂ ਨਹੀਂ, ਅਸੀਂ ਸਿੰਘ ਹਾਂ, ਸਾਡੇ ਲਈ ਨਾ "ਗਊ ਮਾਤਾ" ਹੈ, ਤੇ ਨਾ "ਭਾਰਤ ਮਾਂ" ਹੈਅਸੀਂ ਬੁੱਤ ਪੂਜਕ ਨਹੀਂ, ਬੁੱਤ ਸ਼ਿਕਨ ਹਾਂ। ਅਸੀਂ ਇੱਕ "ਅਕਾਲ" ਦੇ ਉਪਾਸ਼ਕ ਹਾਂ। ਸਾਡਾ ਜਨਮ ਗੁਰੂ ਨਾਨਕ, ਗੁਰੂ ਗੋਬਿੰਦ ਸਿੰਘ ਸਾਹਿਬ ਦੀ ਵਿਚਾਰਧਾਰਾ ਵਿੱਚੋਂ ਹੋਇਆ ਹੈ।

ਆਪ ਸੱਭ ਨੂੰ ਦਸਮ ਪਾਤਸ਼ਾਹ ਦੇ ਗੁਰਪੁਰਬ ਦੀਆਂ ਇੱਕ ਵਾਰ ਫਿਰ ਲੱਖ ਲੱਖ ਲੱਖ ਲੱਖ ਵਧਾਈਆਂ ਹੋਣ ਜੀ।

ਕਵਿਤਾ ਹਾਜ਼ਿਰ ਹੈ ਜੀ।

ਲਿਖਾਂ ਤਾਂ ਕੀ ਲਿਖਾਂ

ਐ ਦਸ਼ਮੇਸ਼ ਪਿਤਾ
ਐ ਗੁਰੂ ਗੋਬਿੰਦ ਸਿੰਘ
ਤੇਰੇ ਇਸ ਪੁਰਬ ਦੇ ਅਵਸਰ ਤੇ
ਮੈਂ ਲਿਖਾਂ ਤਾਂ ਕੀ ਲਿਖਾਂ?

ਗੱਲ ਤੇਰੀ ਕੁਰਬਾਨੀ ਦੀ ਕਰਾਂ
ਜਾਂ ਲਿਖਾਂ ਬਾਰੇ ਉਹਨਾਂ ਸਿੱਖਾਂ।
ਜੋ ਤਾਰੀਫ ਤੇਰੀ ਤੇਗ ਦੇ ਜੌਹਰ ਦੀ ਕਰਦੇ ਨੇ
ਖੁਦ ਗੈਰਾਂ ਦੇ ਦੁਬੇਲ ਬਣ ਕੇ ਮਰਦੇ ਨੇ
ਗੱਲ ਤੇਰੀ ਕੁਰਬਾਨੀ ਦੀ ਕਰਦੇ ਨੇ
ਖੁਦ ਕੁਰਬਾਨੀ ਦੇ ਨਾਮ ਤੋਂ ਡਰਦੇ ਨੇ

ਅਰਦਾਸ ਖਾਲਸੇ ਦੇ ਬੋਲ ਬਾਲੇ ਦੀ ਕਰਦੇ ਨੇ
ਪਰ ਪਾਣੀ ਹਿੰਦੂ ਸਰਕਾਰ ਦਾ ਭਰਦੇ ਨੇ।
ਰਾਜ ਕਰਨ ਦੇ ਨਾਹਰਿਆਂ ਨਾਲ
ਗੁਰਦੁਆਰੇ ਨਿੱਤ ਹਿੱਲਦੇ ਨੇ
ਵੋਟਾਂ ਨਾਲ ਵੀ ਪਿਤਾ, ਕਿਤੇ ਰਾਜ ਮਿਲਦੇ ਨੇ

ਤੇਰੇ ਇਸ ਪੁਰਬ ਦੇ ਅਵਸਰ 'ਤੇ
ਮੈਂ ਲਿਖਾਂ ਤਾਂ ਕੀ ਲਿਖਾਂ?
ਗੱਲ ਤੇਰੀ ਕੁਰਬਾਨੀ ਦੀ ਕਰਾਂ,
ਜਾਂ ਲਿਖਾਂ ਬਾਰੇ ਉਹਨਾਂ ਸਿੱਖਾਂ…


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top