Share on Facebook

Main News Page

ਜਾਗੀਂ ਵੇ ਜਾਗੀਂ ਬਾਬਾ ਕੱਛ ਵਾਲਿਆ, ਅੱਜ ਤੇਰੀਆਂ ਧੀਆਂ ਦੀ ਇਜ਼ਤ 'ਤੇ ਬਣੀ
-: ਗੁਰਿੰਦਰਪਾਲ ਸਿੰਘ ਧਨੌਲਾ 93161 76519

ਕੋਈ ਸਮਾਂ ਜੀ ਜਦੋਂ ਅਬਦਾਲੀ ਭਾਰਤ ਵਿੱਚੋਂ ਹਿੰਦੂ ਬਹੁ ਬੇਟੀਆਂ ਨੂੰ ਜਬਰੀ ਚੁੱਕ ਕੇ ਲੈ ਜਾਂਦਾ ਸੀ ਅਤੇ ਬਸਰੇ ਤੇ ਗਜਨੀ ਦੇ ਬਜਾਰਾਂ ਵਿੱਚ, ਇਹਨਾਂ ਧੀਆਂ ਦੀ ਨੀਲਾਮੀ ਹੁੰਦੀ ਸੀ। ਸਿੱਖ ਹਕੂਮਤ ਦੇ ਜਬਰ ਦਾ ਟਾਕਰਾ ਕਰਨ ਵਾਸਤੇ, ਆਪਣੇ ਪਰਿਵਾਰਾਂ ਸਮੇਤ ਛੰਭਾਂ ਵਿੱਚ ਰੈਨ ਬਸੇਰੇ ਕਰਦੇ ਸਨ ਅਤੇ ਜਿਹੜਾ ਕੋਈ ਫਰਿਆਦੀ, ਇਹ ਫਰਿਆਦ ਲੈ ਕੇ ਆਉਂਦਾ ਕਿ ਮੇਰੀ ਧੀ ਜਾਂ ਬਹੂ ਨੂੰ ਅਬਦਾਲੀ ਦੇ ਧਾੜਵੀ ਜਬਰੀ ਚੁੱਕ ਕੇ ਲੈ ਗਏ ਹਨ, ਤਾਂ ਸਿੱਖ ਉਸ ਵੇਲੇ ਉਹਨਾਂ ਧੀਆਂ ਨੂੰ ਆਪਣੀਆਂ ਸਮਝਦਿਆਂ, ਅਬਦਾਲੀ ਦੀਆਂ ਧਾੜਾ ਦਾ ਪਿੱਛਾ ਕਰਦੇ ਸਨ ਅਤੇ ਧੱਕਾਂ ਨੂੰ ਆਜ਼ਾਦ ਕਰਵਾ ਕੇ, ਉਹਨਾਂ ਦੇ ਮਾਪਿਆਂ ਦੇ ਹਵਾਲੇ ਕਰਦੇ ਸਨ। ਬਹੁਤ ਵਾਰੀ ਮਰੀ ਜਮੀਰ ਵਾਲੇ ਮਾਂ ਬਾਪ, ਇਸ ਕਰਕੇ ਆਪਣੀ ਢਿੱਡ ਦੀ ਜੰਮੀ ਨੂੰ ਘਰ ਵਾਪਿਸ ਲੈਣ ਤੋਂ ਇਨਕਾਰ ਕਰ ਦਿੰਦੇ ਸਨ ਕਿ ਜੇ ਅਬਦਾਲੀ ਨੂੰ ਪਤਾ ਲੱਗ ਗਿਆ ਤਾਂ ਕਿਤੇ ਫਿਰ ਉਸ ਦੇ ਗੁੱਸੇ ਦੇ ਪਹਾੜ ਪਰਿਵਾਰ ਉੱਤੇ ਨਾ ਟੁੱਟ ਪੈਣ। ਇੱਕ ਅਜਿਹਾ ਮੌਕਾ ਵੀ ਆਇਆ ਜਦੋਂ ਬਾਬਾ ਜੱਸਾ ਸਿੰਘ ਆਹਲੂਵਾਲੀਆ ਨੇ ਅਕਾਲ ਤਖਤ ਸਾਹਿਬ ਉੱਤੇ ਸਰਬੱਤ ਖਾਲਸਾ ਸੱਦ ਕੇ, ਗੁਰਮਤਾ ਕਰਦਿਆਂ ਫੈਸਲਾ ਲਿਆ ਕਿ ਇੱਕ ਦਿਨ ਹੀ ਵੱਡਾ ਹਮਲਾ ਕਰਕੇ, ਸਾਰੀਆਂ ਅਗਵਾਹ ਹੋਈਆਂ ਬੀਬੀਆਂ ਨੂੰ ਛੁਡਵਾਉਣਾ ਹੈ ਤਾਂ ਇਤਿਹਾਸ ਗਵਾਹ ਹੈ ਕਿ ਇੱਕ ਦਿਨ ਵਿੱਚ ਹੀ 2200 ਹਿੰਦੂ ਬੀਬੀਆਂ ਨੂੰ ਸਿੱਖ ਛੁਡਵਾ ਕੇ ਲਿਆਏ। ਉਸ ਸਮੇਂ ਦੀ ਹੀ ਇਹ ਕਹਾਵਤ ਹੈ ਮੋੜੀ ਬਾਬਾ ਕੱਛ ਵਾਲਿਆ, ਰੰਨ ਬਸਰੇ ਨੂੰ ਗਈ।

ਉਹ ਸਮਾਂ ਅਜਿਹਾ ਸੀ ਲੋਕ ਸਿੱਖਾਂ ਦੇ ਆਲੇ ਦੁਆਲੇ ਹੋਣ ਤੇ, ਭਾਵੇਂ ਉਹ ਛੰਭਾਂ ਵਿੱਚ ਹੀ ਸਨ, ਇੱਕ ਮਾਣ ਮਹਿਸੂਸ ਕਰਦੇ ਸਨ ਕਿ ਜੇ ਸਾਡੀ ਇਜ਼ਤ ਨੂੰ ਹੱਥ ਪਿਆ ਤਾਂ ਗੁਰੂ ਦੇ ਸਿੱਖ ਮਰ ਮਿਟਣਗੇ ਅਤੇ ਸਾਡੀਆਂ ਇਜ਼ਤਾਂ ਨੀਲਾਮ ਨਹੀਂ ਹੋਣ ਦੇਣਗੇ। ਇਹ ਹੀ ਇਲਾਕਾ ਸੀ ਜਿਸ ਨੂੰ ਅਸੀਂ ਪੰਜਾਬ ਆਖਦੇ ਹਾ, ਉਹ ਹੀ ਸਿੱਖ ਅੱਜ ਵੀ ਓਵੇਂ ਹੀ ਦਿੱਸਦੇ ਹਨ, ਪਰ ਪਤਾ ਨਹੀਂ ਅੱਜ ਸੋਚ ਕਿਉਂ ਬਦਲ ਗਈ ਹੈ। ਸਿੱਖਾਂ ਅੰਦਰ ਵੀ ਕੁੱਝ ਉਹ ਗਿਰਾਵਟਾਂ ਆ ਗਈਆਂ ਹਨ, ਜਿਸ ਤੋਂ ਗੁਰੂ ਸਾਹਿਬ ਨੇ ਸੁਚੇਤ ਰਹਿਣ ਦੀ ਨਸੀਹਤ ਕੀਤੀ ਸੀ। ਅਜਿਹੀ ਇੱਜ਼ਤ ਸਿੱਖਾਂ ਨੇ ਹੁਣ ਤੋਂ ਦੋ ਤਿੰਨ ਦਹਾਕੇ ਪਹਿਲਾਂ ਵੀ ਪੂਰੀ ਤਰ੍ਹਾਂ ਕਾਇਮ ਰੱਖੀ ਕਿ ਭਾਰਤ ਦੇ ਦੂਜਿਆਂ ਹਿੱਸਿਆਂ ਜਾਂ ਸੂਬਿਆਂ ਨਾਲੋਂ, ਪੰਜਾਬ ਵਿੱਚ ਬੀਬੀਆਂ ਦੀ ਆਬਰੂ ਵਧੇਰੇ ਸੁਰੱਖਿਅਤ ਸੀ। ਬੇਸ਼ੱਕ ਚਾਰੇ ਉਂਗਲਾਂ ਬਰਾਬਰ ਨਹੀਂ ਹੁੰਦੀਆਂ, ਪਰ ਬਹੁਗਿਣਤੀ ਸਿੱਖ ਇਹਨਾਂ ਅਲਾਮਤਾਂ ਤੋਂ ਤੰਗ ਸਨ, ਕੁੱਝ ਵੱਡੇ ਘਰਾਣਿਆਂ ਜਾਂ ਵੱਡੇ ਅਫਸਰਾਂ ਵਿੱਚ ਕੁੱਝ ਖਤਰਨਾਕ ਕਿੱਸੇ ਜਰੂਰ ਸੁਨਣ ਨੂੰ ਮਿਲਦੇ ਸਨ, ਪਰ ਉਹਨਾਂ ਵਿੱਚ ਵੀ ਅਕਾਲੀ ਸਿੰਘਾਂ ਦਾ ਨਾਮ ਕਿਸੇ ਨਾਮਾਤਰ ਘਟਨਾ ਵਿੱਚ ਹੀ ਆਇਆ ਹੋਵੇਗਾ, ਲੇਕਿਨ ਕਾਂਗਰਸ ਦੇ ਵੱਡੇ ਸਿੱਖ ਆਗੂਆਂ ਦੇ ਬਾਰੇ ਬਹੁਤ ਕੁੱਝ ਅਖਬਾਰਾਂ ਵਿੱਚ ਛਪਦਾ ਰਿਹਾ ਹੈ।

ਲੇਕਿਨ ਖਾੜਕੂਵਾਦ ਦੇ ਦਿਨਾਂ ਵਿੱਚ ਜਿਹੜੀਆਂ ਬੀਬੀਆਂ ਨੂੰ, ਉਹਨਾਂ ਦੇ ਸੌਹਰੇ ਤੰਗ ਕਰਦੇ ਸਨ ਜਾਂ ਜਿਹਨਾਂ ਦੇ ਤਲਾਕ ਹੋਣ ਕਿਨਾਰੇ ਸਨ, ਸਭ ਦੇ ਮਾਮਲੇ ਸਿੱਖ ਆਪੇ ਹੀ ਹੱਲ ਕਰਨ ਲੱਗ ਪਏ ਸਨ, ਪਰ ਕੁੱਝ ਅਜਿਹੇ ਮੌਕੇ ਵੀ ਆਏ, ਜਦੋਂ ਫੌਜੀ ਹਮਲੇ ਤੋਂ ਬਾਅਦ, ਦਰਬਾਰ ਸਾਹਿਬ ਦੇ ਅੰਦਰ ਅਕਾਲ ਤਖਤ ਸਾਹਿਬ ਅਤੇ ਹੋਰ ਇਮਾਰਤਾਂ ਦੇ ਮਲਬੇ ਦੇ ਢੇਰ ਹੇਠੋਂ ਵੀ ਬਹੁਤ ਸਾਰੀਆਂ ਲਾਸ਼ਾਂ ਮਿਲੀਆਂ, ਜਿਹਨਾਂ ਵਿੱਚ ਕੁੱਝ ਬੀਬੀਆਂ ਦੀਆਂ ਲਾਸ਼ਾਂ ਹੋਣ ਦੀ ਪੁਸ਼ਟੀ ਵੀ ਹੋਈ ਸੀ, ਜਿਸ ਕਰਕੇ ਕੌਮ ਦਾ ਸਿਰ ਨੀਵਾਂ ਹੋਇਆ ਸੀ, ਕਿਉਂਕਿ ਪੱਗ ਵਾਲਾ ਕੋਈ ਵੀ ਸਰਦਾਰ ਦਿੱਸਣ ਵਾਲਾ ਵਿਅਕਤੀ ਜਦੋਂ ਕੋਈ ਅਜਿਹੀ ਨੀਚ ਹਰਕਤ ਕਰੇਗਾ, ਤਾਂ ਉਸ ਦੀ ਕਾਲਖ ਕੌਮ ਦੇ ਮੱਥੇ ਲੱਗਣੀ ਕੁਦਰਤੀ ਹੀ ਹੋ ਜਾਂਦੀ ਹੈ। ਜਦੋਂ ਕਿਸੇ ਕੌਮ ਵਿੱਚ ਇਸ ਤਰ੍ਹਾਂ ਦੀ ਕੋਈ ਇੱਕ ਵੀ ਘਿਨਾਉਣੀ ਹਰਕਤ ਹੋ ਜਾਵੇ ਤਾਂ ਫਿਰ ਗਲਤ ਪਿਰਤਾਂ ਪੈ ਜਾਂਦੀਆਂ ਹਨ ਅਤੇ ਜੇ ਕਰ ਕੌਮ ਦੇ ਆਗੂ ਸਥਿਤੀ ਨੂੰ ਸੰਭਾਲਣ ਤੋਂ ਅਸਮਰਥ ਹੋ ਜਾਣ ਜਾਂ ਥੋੜਾ ਜਿਹਾ ਅਵੇਸਲਾਪਨ ਵਿਖਾਉਂਣ ਤਾਂ ਫਿਰ ਵੇਖੋ ਵੇਖੀ ਕੁੱਝ ਹੋਰ ਲੋਕ ਵੀ ਇਸ ਗੰਦਗੀ ਵਿਚ ਗਲਤਾਨ ਹੋ ਜਾਂਦੇ ਹਨ।

ਪੰਜਾਬ ਵਿੱਚ ਖਾੜਕੂ ਦੌਰ ਦੌਰਾਨ ਭਾਰਤੀ ਨਿਜ਼ਾਮ ਵੱਲੋਂ ਸਿੱਖਾਂ ਉੱਤੇ ਜਬਰ ਕਰਨ ਦੀ ਦਿੱਤੀ ਖੁੱਲੀ ਛੁੱਟੀ ਕਰਕੇ, ਕੁੱਝ ਪੁਲਸੀਆਂ ਅਤੇ ਰਾਜਨੀਤੀਵਾਨਾਂ ਨੂੰ ਕੋਈ ਵੀ ਮਾੜੀ ਹਰਕਤ ਕਰਨ ਦੀ ਇਜ਼ਾਜਤ ਸੀ। ਅਜਿਹੇ ਸਮੇਂ ਵਿੱਚ ਬਹੁਤ ਸਾਰੀਆਂ ਅਬਲਾਵਾਂ ਦੀ ਮਜਬੂਰੀ ਵੱਸ ਪਤ ਰੁਲੀ ਅਤੇ ਜਬਰ ਕਰਨ ਤੇ ਕਰਵਾਉਣ ਵਾਲੇ ਇਸ ਨੂੰ ਆਪਣੀ ਐਸ਼ ਪ੍ਰਸਤੀ ਦਾ ਇੱਕ ਜਰੂਰੀ ਅਤੇ ਅਹਿਮ ਅੰਗ ਸਮਝਣ ਲੱਗ ਪਏ। ਪੰਜਾਬ ਦੇ ਬਦਨਾਮ ਡੀ.ਜੀ.ਪੀ. ਕੇ.ਪੀ.ਐਸ ਗਿੱਲ ਨੇ ਇੱਕ ਆਈ.ਏ.ਐਸ. ਬੀਬੀ ਨਾਲ ਛੇੜਖਾਨੀ ਕੀਤੀ ਜਿਸ ਦਾ ਕੇਸ ਵੀ ਚੱਲਿਆ, ਪਰ ਬਣਦਾ ਨਿਆਂ ਲੈਣ ਤੋਂ ਆਈ.ਏ.ਐਸ. ਬੀਬੀ ਵੀ ਅਸਮਰਥ ਹੀ ਰਹੀ। ਕੇਸ ਕਿਸੇ ਠੋਸ ਨਤੀਜੇ ਉੱਤੇ ਪਹੁੰਚਣ ਦੀ ਬਜਾਇ ਘੀਂਗੇ ਪੈ ਗਿਆ। ਜਿਸ ਵੇਲੇ ਪੰਜਾਬ ਵਿੱਚ ਬੇਅੰਤ ਸਿਹੁੰ ਦੀ ਕਾਂਗਰਸ ਅਲੋਕਰਾਜੀ ਸਰਕਾਰ ਬਣੀ ਤਾਂ ਬੇਅੰਤ ਦੇ ਪੋਤਿਆਂ ਨੇ ਵੀ ਆਪਣੀ ਜਵਾਨੀ ਦਾ ਪ੍ਰਦਰਸ਼ਨ ਕਰਦਿਆਂ, ਇੱਕ ਵਿਦੇਸ਼ੀ ਕੰਨਿਆ ਬੀਬੀ ਕੇਤੀਆ ਦੀ ਇਜ਼ਤ ਨੂੰ ਹੱਥ ਪਾ ਲਿਆ। ਉਹਨਾਂ ਦੇ ਖਿਲਾਫ਼ ਵੀ ਇਸ ਕਰਕੇ ਕੋਈ ਖਾਸ ਕਾਰਵਾਈ ਨਾ ਹੋਈ ਕਿ ਉਹ ਪੰਜਾਬ ਵਿੱਚ ਸਿੱਖਾਂ ਦਾ ਘਾਣ ਕਰ ਰਹੇ ਇੱਕ ਸਿੱਖ ਮੁੱਖ ਮੰਤਰੀ ਦਾ ਪੋਤਰਾ ਸੀ।

ਜਦੋਂ ਚਿੱਟੀ ਪੱਗ ਵਾਲੇ ਅਜਿਹੀਆਂ ਹਰਕਤਾਂ ਕਰਨ ਲੱਗੇ ਤਾਂ ਰਾਜ ਗਵਾ ਬੈਠੇ, ਪਰ ਜਿਹੜੇ ਲੋਕਾਂ ਦੇ ਮੁੰਹ ਨੂੰ ਲਹੂ ਲੱਗ ਗਿਆ ਸੀ, ਬੇਸ਼ੱਕ ਉਹ ਪੁਲਿਸ ਅਫਸਰ ਸਨ ਜਾਂ ਬਲੈਕੀਏ ਸਨ, ਜਾਂ ਗੁੰਡਾ ਗਿਰੋਹ ਦੇ ਕਰਿੰਦੇ ਸਨ, ਸਭ ਨੇ ਆਪਣੀ ਤੂਤੀ ਬੋਲਦੀ ਰੱਖਣ ਵਾਸਤੇ ਪਲ ਵਿੱਚ ਨੀਲੀਆਂ ਪੱਗਾਂ ਬੰਨ੍ਹ ਲਈਆਂ ਅਤੇ ਜੋ ਕੁੱਝ ਉਹ ਗੁੜ੍ਹਤੀ ਵਜੋਂ ਲੈ ਕੇ ਚਿੱਟੇ ਪੋਤੜਿਆਂ ਵਿੱਚੋਂ ਆਏ ਸਨ, ਨੀਲੀਆਂ ਦਸਤਾਰਾਂ ਦੇ ਥੱਲੇ ਵੀ, ਉਹ ਗੰਦੇ ਦਿਮਾਗ ਆ ਪਹੁੰਚੇ, ਜਿਸ ਕਰਕੇ ਰੇਤਾ ਬਜਰੀ ਦੀ ਬਲੈਕ, ਜਮੀਨਾਂ ਦੀ ਦੱਬ ਦਬਾਈ, ਲੋਕਾਂ ਉੱਤੇ ਝੂਠੇ ਪਰਚਿਆਂ ਦੀ ਕਵਾਇਦ, ਪੰਜਾਬ ਵਿੱਚ ਚਿੱਟੇ ( ਸਮੈਕ ) ਆਦਿਕ ਹੋਰ ਨਸ਼ਿਆਂ ਦਾ ਖੁੱਲ੍ਹਾ ਵਿਉਪਾਰ ਅਤੇ ਨਾਲ ਇਜ਼ਤਾਂ ਨੂੰ ਹੱਥ ਪਾਉਣ ਵਾਸਤੇ ਦਲੇਰੀ ਅਤੇ ਬੇਸ਼ਰਮੀ ਦੀ ਵੀ ਕੋਈ ਥੁੜ੍ਹ ਨਾ ਰਹੀ।

ਪਾਠਕਾਂ ਨੂੰ ਯਾਦ ਹੋਵੇਗਾ ਕਿ ਦਿੱਲੀ ਵਿੱਚ ਇੱਕ ਬੀਬੀ ਦਾਮਨੀ ਨਾਲ ਚੱਲਦੀ ਬੱਸ ਵਿੱਚ ਬਲਾਤਕਾਰ ਹੋਇਆ ਸੀ ਅਤੇ ਅਜਿਹੇ ਜਖਮ ਦਿੱਤੇ ਗਏ, ਜਿਹੜੇ ਮਨੁੱਖਤਾ ਉੱਤੇ ਸਦੀਵੀ ਦਾਗ ਛੱਡ ਗਏ। ਜੇ ਅੰਮ੍ਰਿਤਸਰ ਸਾਹਿਬ ਵਿਖੇ ਇੱਕ ਥਾਨੇਦਾਰ ਨੇ ਆਪਣੀ ਬੱਚੀ ਦੀ ਪੱਤ ਬਚਾਉਣ ਵਾਸਤੇ ਥੋੜ੍ਹਾ ਜਿਹਾ ਹਿੰਮਤ ਭਰਿਆ ਕਦਮ ਚੁੱਕਿਆ ਤਾਂ, ਉਸ ਨੂੰ ਇਜ਼ਤਾਂ ਬਰਬਾਦ ਕਰਨ ਵਾਲਿਆਂ ਨੇ ਥਾਣੇ ਤੋਂ ਕੁੱਝ ਦੂਰੀ ਉੱਤੇ ਹੀ ਗੋਲੀਆਂ ਮਾਰ ਕੇ ਅਤੇ ਫਿਰ ਪੁਲਿਸ ਦੀ ਗ੍ਰਿਫਤ ਤੋਂ ਦੂਰ ਰਹਿਕੇ ਆਪਣੇ ਉੱਤੇ ਸਿਆਸੀ ਸਰਪ੍ਰਸਤੀ ਦਾ ਖੁੱਲ੍ਹਕੇ ਮੁਜ਼ਾਹਰਾ ਕੀਤਾ। ਜਿਸ ਨਾਲ ਬਲਾਤਕਾਰੀਆਂ ਅਤੇ ਇਜ਼ਤਾਂ ਨੂੰ ਦਾਗੀ ਕਰਨ ਵਾਲਿਆਂ ਦਰਿੰਦਿਆਂ ਦੇ ਹੌਂਸਲੇ ਬੁਲੰਦ ਹੋ ਗਏ। ਉਹਨਾਂ ਨੂੰ ਇਹ ਮਾਨ ਹੈ ਕਿ ਸਰਕਾਰ ਚਿੱਟੀ ਹੋਵੇ ਜਾਂ ਨੀਲੀ ਹੋਵੇ, ਕਾਲੇ ਕਾਰਨਾਮਿਆਂ ਵਿੱਚ ਦੋਹਾਂ ਦੀ ਪਹੁੰਚ ਇੱਕੋ ਜਿਹੀ ਹੀ ਹੁੰਦੀ ਹੈ।

ਇਸ ਕਰਕੇ ਹੀ ਕੱਲ੍ਹ ਉਸ ਇਲਾਕੇ ਵਿੱਚ, ਜਿੱਥੇ ਕਦੇ ਬਾਬਾ ਜਰਨੈਲ ਸਿੰਘ ਭਿੰਡਰਾਂਵਾਲਿਆਂ ਸਮੇਤ ਅਨੇਕਾਂ ਸੂਰਬੀਰਾਂ ਨੇ ਜਨਮ ਲਿਆ ਹੈ ਅਤੇ ਉਥੇ ਕੋਈ ਵੀ ਅਜਿਹਾ ਬਜਰ ਗੁਨਾਹ ਕਰਨ ਤੋਂ ਪਹਿਲਾਂ ਹਜ਼ਾਰ ਵਾਰ ਸੋਚਦਾ ਸੀ, ਪਰ ਉਸ ਇਲਾਕੇ ਵਿੱਚ ਕੱਲ੍ਹ ਇੱਕ ਬੀਬੀ ਸ਼ਿੰਦਰ ਕੌਰ ਪਤਨੀ ਸ. ਸੁਖਦੇਵ ਸਿੰਘ ਲੰਢੇਕੇ, ਜਿਸ ਸਮੇਂ ਆਪਣੀ ਦਸ ਸਾਲਾ ਮਸੂਮ ਬਚੀ ਨਾਲ ਬੱਸ ਵਿੱਚ ਸਫਰ ਕਰ ਰਹੀ ਤਾਂ ਉਸ ਨੂੰ ਅਜਿਹੇ ਕਿਸੇ ਜ਼ਿਸਮਖੋਰ ਨੇ ਅਸ਼ਲੀਲ ਹਰਕਤਾਂ ਕੀਤੀਆਂ, ਬੀਬੀ ਦੀ ਫਰਿਆਦ ਬੱਸ ਚਾਲਕ ਨੇ ਵੀ ਨਹੀਂ ਸੁਣੀ ਅਤੇ ਅਖੀਰ ਆਪਣੀ ਅਤੇ ਮਸੂਮ ਧੀ ਦੀ ਇੱਜ਼ਤ ਖਤਰੇ ਵਿੱਚ ਵੇਖਦਿਆਂ, ਚੱਲਦੀ ਬੱਸ ਵਿੱਚੋਂ ਹੀ ਛਾਲ ਮਾਰ ਦਿੱਤੀ ਆਪ ਤਾਂ ਜਖਮੀਂ ਹੋਈ, ਇੱਜ਼ਤ ਬਚੀ ਪਰ ਉਸ ਮਸੂਮ ਦੀ ਜਿੰਦਗੀ ਦਾ ਮੁੱਲ ਤਾਰਨਾ ਪਿਆ। ਅਜਿਹਾ ਵਰਤਾਰਾ ਰਾਜ ਨਹੀਂ ਸੇਵਾ ਦੇ ਨਾਹਰੇ ਲਾਉਣ ਵਾਲਿਆਂ ਦੀ ਠੋਡੀ ਥੱਲੇ ਵਰਤ ਰਿਹਾ ਹੈ। ਵੱਡੀਆਂ ਗੱਲਾਂ ਕਰਨ ਵਾਲੀ ਸਰਕਾਰ ਹਾਲੇ ਜ਼ਿਸਮਖੋਰੇ ਕਾਤਲਾਂ ਨੂੰ ਫੜ੍ਹਣ ਤੋਂ ਅਸਮਰਥ ਜਾਪਦੀ ਹੈ। ਇਹ ਵੀ ਹੋ ਸਕਦਾ ਹੈ ਕਿ ਇਹ ਹਰਾਮਖੋਰ ਵੀ ਕਿਸੇ ਸਿਆਸੀ ਸਰਪ੍ਰਸਤੀ ਦੀ ਛਾਂ ਹੇਠ ਹੋਣ ਤੇ ਕੁੱਝ ਦਿਨਾਂ ਵਿਚ ਗੱਲ ਆਈ ਗਈ ਹੋ ਜਾਵੇ।

ਜਦੋਂ ਕੱਲ੍ਹ ਇਹ ਖਬਰ ਸੁਣੀ ਤਾਂ ਕੁੱਝ ਘਟਨਾਵਾਂ, ਜਿਹਨਾਂ ਦਾ ਉਪਰ ਜ਼ਿਕਰ ਕੀਤਾ ਗਿਆ ਹੈ, ਇਕ ਫਿਲਮ ਵਾਂਗੂੰ ਅੱਖਾਂ ਅੱਗੋਂ ਦੀ ਨਿਕਲ ਗਈਆਂ ਕਿ ਅੱਜ ਪੰਜਾਬ ਵਿੱਚ ਕਾਨੂੰਨ ਕਿੱਥੇ ਹੈ, ਪੁਲਿਸ ਸਿਰਫ ਸਿੱਖਾਂ ਦੀਆਂ ਪੱਗਾਂ ਲਾਉਣ ਜੋਗੀ ਹੈ, ਜਾਂ ਆਂਗਨਵਾੜੀ ਵਾਲੀਆਂ ਬੀਬੀਆਂ ਦੀਆਂ ਗੁੱਤਾਂ ਪੁੱਟਣ ਵਾਸਤੇ ਹੈ ਜਾਂ ਫਿਰ ਬਾਪੂ ਸੂਰਤ ਸਿੰਘ ਵਰਗੇ ਬਜੁਰਗ ਨੂੰ ਜਬਰੀ ਨੱਕ ਵਿਚ ਨਾਲੀਆਂ ਪਵਾਉਣ ਵਾਸਤੇ ਹੈ, ਜਾਂ ਬਾਪੂ ਦੇ ਬੇਟੇ ਵੀ ਰਵਿੰਦਰਜੀਤ ਸਿੰਘ ਗੋਗੀ ਨੂੰ ਝੂਠੇ ਕੇਸਾਂ ਵਿੱਚ ਜੇਲ੍ਹ ਭੇਜਣ ਵਾਸਤੇ ਹੈ, ਜਾਂ ਫਿਰ ਬੈਂਸ ਭਰਾਵਾਂ ਦੀ ਲੋਕ ਹਿੱਤ ਮੁਹਿੰਮ ਨੂੰ ਕੁਚਲਣ ਵਾਸਤੇ ਹੈ?

ਇਹ ਸਭ ਕੁੱਝ ਵੇਖਕੇ ਤਾਂ ਅਜਿਹਾ ਪ੍ਰਤੀਤ ਹੁੰਦਾ ਹੈ ਕਿ ਅੱਜ ਅਬਦਾਲੀ ਨੇ ਦਾਹੜੀ ਰੱਖ ਲਈ ਹੈ, ਕਦੇ ਨੀਲੀ ਪੱਗ ਬੰਨ੍ਹਕੇ ਅਕਾਲੀ ਅਖਵਾਉਂਦਾ ਹੈ, ਕਦੇ ਚਿੱਟੀ ਬੰਨ੍ਹਕੇ ਕਾਂਗਰਸੀ ਅਖਵਾਉਂਦਾ ਹੈ, ਪਰ ਇਜ਼ਤ ਨੂੰ ਹੱਥ ਪਾਉਣੋਂ ਬਾਜ਼ ਨਹੀਂ ਆਇਆ, ਬੇਸ਼ੱਕ ਉਹ ਕੇਤੀਆ ਹੋਵੇ ਜਾਂ ਸ਼ਿੰਦਰ ਕੌਰ ਹੋਵੇ, ਉਸ ਨੇ ਤਾਂ ਸ਼ਿਕਾਰ ਜਾਰੀ ਰੱਖਿਆ ਹੋਇਆ ਹੈ, ਸਭ ਤੋਂ ਨਿਰਾਸਤਾ ਵਾਲੀ ਗੱਲ ਇਹ ਹੈ ਕਿ ਬਾਬਾ ਕੱਛ ਵਾਲਾ ਵੀ ਕਿਧਰੇ ਸੌਂ ਗਿਆ ਹੈ, ਜਾਂ ਥੱਕ ਗਿਆ ਹੈ, ਹੋ ਸਕਦਾ ਹੈ ਕਿ ਉਹ ਵੀ ਬੁੱਢਾ ਹੋ ਗਿਆ ਹੋਵੇ ਅਤੇ ਕਮਜ਼ੋਰ ਨਜਰ ਕਰਕੇ ਨੀਲੀ ਚਿੱਟੀ ਪੱਗ ਵਾਲੇ ਅਬਦਾਲੀ ਦੀ ਪਹਿਚਾਨ ਨਹੀਂ ਕਰ ਸਕਦਾ। ਫਿਰ ਕਿੱਥੇ ਜਾਣ ਅਬਲਾਵਾਂ, ਕਿੱਥੇ ਫਰਿਆਦ ਕਰੇ ਸੁਖਦੇਵ ਸਿੰਘ ਵਿਚਾਰਾ, ਕਿਹੜੇ ਛੰਭ ਵਿੱਚ ਜਾਵੇ ਤੇ ਜਾ ਆਖੇ ‘ਜਾਗੀਂ ਵੇ ਜਾਗੀਂ ਬਾਬਾ ਕੱਛ ਵਾਲਿਆ, ਅੱਜ ਤੇਰੀਆਂ ਧੀਆਂ ਦੀ ਇਜ਼ਤ 'ਤੇ ਬਣੀ......

ਗੁਰੂ ਰਾਖਾ !!


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top