Share on Facebook

Main News Page

ਮੂਲ ਨਾਨਕਸ਼ਾਹੀ ਕੈਲੰਡਰ ਨੂੰ ਮਾਨਤਾ ਦਿੱਤੇ ਬਗੈਰ, ਦਿੱਲੀ ਕਮੇਟੀ ਨੂੰ ਕਾਰ ਸੇਵਾ ਨਹੀਂ ਦਿੱਤੀ ਜਾਵੇਗੀ
-: ਗੋਪਾਲ ਸਿੰਘ ਚਾਵਲਾ
ਜਨਰਲ ਸਕੱਤਰ ਪਾਕਿਸਤਾਨ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ

* ਦਿੱਲੀ ਕਮੇਟੀ ਵੱਲੋ ਪਾਕਿ ਕਮੇਟੀ ਦੇ ਪ੍ਰਧਾਨ ਨੂੰ ਸਿਰੋਪਾ ਨਾ ਦੇਣਾ ਮੰਦਭਾਗਾ- ਮਨਮੋਹਨ ਸਿੰਘ ਲੰਡਨ

ਅੰਮ੍ਰਿਤਸਰ 1 ਮਈ (ਜਸਬੀਰ ਸਿੰਘ ਪੱਟੀ) ਪਾਕਿਸਤਾਨ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਸ੍ਰ ਗੋਪਾਲ ਸਿੰਘ ਚਾਵਲਾ ਨੇ ਕਿਹਾ ਕਿ ਬਾਦਲ ਮਾਰਕਾ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਤੇ ਦਿੱਲੀ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਜਿੰਨਾ ਚਿਰ ਤੱਕ ਸਿੱਖ ਪੰਥ ਦੇ ਅਹਿਮ ਦਸਤਾਵੇਜ ਮੂਲ ਨਾਨਕਸ਼ਾਹੀ ਕੈਲੰਡਰ ਨੂੰ ਲਾਗੂ ਕਰਨ ਨੂੰ ਯਕੀਨੀ ਨਹੀਂ ਬਣਾਉਦੇ ਉਸ ਸਮੇਂ ਤੱਕ ਪਾਕਿਸਤਾਨ ਦੇ ਕਿਸੇ ਵੀ ਗੁਰਧਾਮ ਦੀ ਕਾਰ ਸੇਵਾ ਇਹਨਾਂ ਨੂੰ ਦੇਣ ਬਾਰੇ ਸੋਚਿਆ ਵੀ ਨਹੀਂ ਜਾ ਸਕਦਾ।

ਲਾਹੌਰ ਤੋ ਫੋਨ ਤੇ ਗੱਲਬਾਤ ਕਰਦਿਆ ਸ੍ਰ ਚਾਵਲਾ ਨੇ ਕਿਹਾ ਕਿ ਦਿੱਲੀ ਕਮੇਟੀ ਦੇ ਪ੍ਰਧਾਨ ਸ੍ਰ ਮਨਜੀਤ ਸਿੰਘ ਜੀ.ਕੇ. ਦੀ ਅਗਵਾਈ ਹੇਠ ਲਾਹੌਰ ਆਏ ਜੱਥੇ ਦਾ ਪ੍ਰੋਟੋਕੋਲ ਅਨੁਸਾਰ ਪੂਰਾ ਸੁਆਗਤ ਕੀਤਾ ਗਿਆ ਤੇ ਇਸ ਵਫਦ ਨੇ ਪਾਕਿਸਤਾਨ ਕਮੇਟੀ ਦੇ ਪ੍ਰਧਾਨ ਸ਼ਾਮ ਸਿੰਘ, ਓਕਾਬ ਬੋਰਡ ਦੇ ਚੇਅਰਮੈਨ ਜਨਾਬ ਸਦੀਕ ਉਲ ਫਾਰੂਕ ਤੇ ਪੱਛਮੀ ਪੰਜਾਬ ਦੇ ਮੁੱਖ ਮੰਤਰੀ ਸ਼੍ਰੀ ਸ਼ਾਹਬਾਜ ਸ਼ਰੀਫ ਨਾਲ ਮੁਲਾਕਾਤ ਕਰਕੇ ਕਿਹਾ ਕਿ ਦਿੱਲੀ ਕਮੇਟੀ ਇਸ ਵੇਲੇ ਸਿੱਖਾਂ ਦੀ ਚੁਣੀ ਹੋਈ ਨੁੰਮਾਇਦਾ ਜਮਾਤ ਹੈ ਜਦ ਕਿ ਪਰਮਜੀਤ ਸਿੰਘ ਸਰਨਾ ਇਸ ਵੇਲੇ ਦਿੱਲੀ ਕਮੇਟੀ ਵਿੱਚ ਮੈਂਬਰ ਵੀ ਨਹੀਂ ਹਨ ਜਿਸ ਕਰਕੇ ਉਹਨਾਂ ਨੂੰ ਡੇਹਰਾ ਸਾਹਿਬ ਦੀ ਦਿੱਤੀ ਸੇਵਾ ਰੱਦ ਕਰਕੇ ਦਿੱਲੀ ਕਮੇਟੀ ਨੂੰ ਦਿੱਤੀ ਜਾਵੇ।

ਉਹਨਾਂ ਕਿਹਾ ਕਿ ਮੁੱਖ ਮੰਤਰੀ ਦਾ ਭਾਂਵੇ ਇਸ ਵਫਦ ਪ੍ਰਤੀ ਰਵੱਈਆ ਹਾਂ ਪੱਖੀ ਸੀ ਪਰ ਉਹਨਾਂ ਨੇ ਸਿਰਫ ਇੰਨਾ ਹੀ ਕਿਹਾ ਕਿ ਇਹਨਾਂ ਦੀ ਫਰਿਆਦ ਸੁਣੀ ਜਾਵੇ। ਉਹਨਾਂ ਕਿਹਾ ਕਿ ਜਦੋਂ ਮੁੱਖ ਮੰਤਰੀ ਦੀ ਨੂੰ ਨਾਨਕਸ਼ਾਹੀ ਕੈਲੰਡਰ ਦੇ ਵਿਵਾਦ ਬਾਰੇ ਦੱਸ ਦਿੱਤਾ ਗਿਆ ਤਾਂ ਉਹਨਾਂ ਕਿਹਾ ਕਿ ਉਹ ਸਿੱਖਾਂ ਦੇ ਧਾਰਮਿਕ ਮਾਮਲਿਆ ਵਿੱਚ ਕਿਸੇ ਕਿਸਮ ਦੀ ਦਖਲਅੰਦਾਜੀ ਨਹੀਂ ਕਰਨਗੇ। ਉਹਨਾਂ ਕਿਹਾ ਕਿ ਪਾਕਿਸਤਾਨ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਪੂਰੇ ਸਿੱਖਾਂ ਦੀ ਨੁੰਮਾਇੰਦਗੀ ਸਾਰੀ ਦੁਨੀਆ ਵਿੱਚ ਕਰਦੀ ਹੈ ਅਤੇ ਸਿੱਖ ਰਹਿਤ ਮਰਿਆਦਾ ਨੂੰ ਲਾਗੂ ਕਰਨ ਲਈ ਦ੍ਰਿੜ ਹੈ। ਸ੍ਰ ਪਰਮਜੀਤ ਸਿੰਘ ਸਰਨਾ ਵੱਲੋ 16 ਜੂਨ ਨੂੰ ਡੇਹਰਾ ਸਾਹਿਬ ਦੀ ਕਾਰ ਸੇਵਾ ਸ਼ੁਰੂ ਕਰਨ ਬਾਰੇ ਉਹਨਾਂ ਕਿਹਾ ਕਿ ਇਸ ਸਬੰਧੀ ਤਿਆਰੀਆ ਜੰਗੀ ਪੱਧਰ ਤੇ ਸ਼ੁਰੂ ਕਰ ਦਿੱਤੀਆ ਗਈਆ ਹਨ ਤੇ ਸ੍ਰ ਪਰਮਜੀਤ ਸਿੰਘ ਸਰਨਾ ਨੂੰ ਵੀ ਸੇਵਾ ਸ਼ੁਰੂ ਕਰਨ ਦਾ ਪੱਤਰ ਵੀ ਭੇਜ ਦਿੱਤਾ ਗਿਆ ਹੈ ਅਤੇ 16 ਜੂਨ ਨੂੰ ਸੰਤਾਂ ਮਹਾਂਪੁਰਸ਼ਾਂ, ਪਾਕਿਸਤਾਨ ਕਮੇਟੀ ਤੇ ਓਕਾਬ ਬੋਰਡ ਦੇ ਅਧਿਕਾਰੀਆ ਤੋ ਇਲਾਵਾ ਪੰਜਾਬ ਤੇ ਨੈਸ਼ਨਲ ਐਸੰਬਲੀ ਦੇ ਮੈਂਬਰ ਵੀ ਇਸ ਧਾਰਮਿਕ ਸਮਾਗਮ ਵਿੱਚ ਭਾਗ ਲੈ ਕੇ ਗੁਰੂ ਘਰ ਦੀਆ ਅਸੀਸਾਂ ਲੈਣਗੇ।

ਇਸੇ ਤਰ੍ਹਾਂ ਸ੍ਰ ਮਨਮੋਹਨ ਸਿੰਘ ਪ੍ਰਧਾਨ ਵਰਲਡ ਮੁਸਲਿਮ ਸਿੱਖ ਫੈਡਰੇਸ਼ਨ ਤੇ ਪਾਕਿਸਤਾਨ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੀ ਸਲਾਹਕਾਰ ਕਮੇਟੀ ਦੇ ਮੈਂਬਰ ਨੇ ਕਿਹਾ ਕਿ ਦਿੱਲੀ ਕਮੇਟੀ ਤੇ ਅਕਾਲੀ ਦਲ ਬਾਦਲ ਦੇ ਆਹੁਦੇਦਾਰਾਂ ਦਾ ਲਾਹੌਰ ਵਿਖੇ ਬੜੀ ਹੀ ਸ਼ਿੱਦਤ ਨਾਲ ਸੁਆਗਤ ਕੀਤਾ ਗਿਆ ਅਤੇ ਓਕਾਬ ਬੋਰਡ ਦੇ ਚੇਅਰਮੈਨ ਦੇ ਘਰ ਇਸ ਵਫਦ ਨੂੰ ਖਾਣਾ ਵੀ ਦਿੱਤਾ ਗਿਆ ਜਿਥੇ ਇਹਨਾਂ ਨੇ ਪਾਕਿਸਤਾਨ ਵਿਚਲੇ ਗੁਰਧਾਮਾਂ ਦੀ ਸੇਵਾ ਦਿੱਲੀ ਕਮੇਟੀ ਨੂੰ ਦੇਣ ਦੀ ਮੰਗ ਕੀਤੀ ਤਾਂ ਉਸ ਸਮੇਂ ਉਹਨਾਂ ਨੂੰ ਦੋ ਟੁੱਕ ਜਵਾਬ ਦੇ ਦਿੱਤਾ ਗਿਆ ਕਿ ਪਹਿਲਾਂ ਨਾਨਕਸ਼ਾਹੀ ਕੈਲੰਡਰ ਬਾਰੇ ਫੈਸਲਾ ਕੀਤਾ ਜਾਵੇ ਕਿਉਕਿ ਮੂਲ ਨਾਨਕਸ਼ਾਹੀ ਕੈਲੰਡਰ ਸਿੱਖ ਪੰਥ ਦਾ ਅਹਿਮ ਦਸਤਾਵੇਜ਼ ਹੈ ਜਿਸ ਨੂੰ ਬਰਬਾਦ ਨਹੀਂ ਹੋਣ ਦਿੱਤਾ ਜਾਵੇਗਾ।

ਉਹਨਾਂ ਕਿਹਾ ਕਿ ਇਸ ਵਫਦ ਨੂੰ ਸਪੱਸ਼ਟ ਕਰ ਦਿੱਤਾ ਗਿਆ ਹੈ ਕਿ ਜਿਹਨਾਂ ਸਾਧਾਂ ਦੀਆ ਵੋਟਾਂ ਦੀ ਖਾਤਰ ਇਸ ਕੈਲੰਡਰ ਦੀ ਬਲੀ ਦਿੱਤੀ ਜਾ ਰਹੀ ਹੈ ਉਹ ਨਾ ਤਾਂ ਆਪਣੇ ਡੇਰਿਆ ਵਿੱਚ ਗੁਰੂ ਸਾਹਿਬ ਦੇ ਦਿਹਾੜੇ ਮਨਾਉਦੇ ਹਨ ਅਤੇ ਨਾ ਹੀ ਸਿੱਖ ਰਹਿਤ ਮਰਿਆਦਾ ਨੂੰ ਮਾਨਤਾ ਦਿੰਦੇ ਹਨ। ਉਹਨਾਂ ਕਿਹਾ ਕਿ ਉਹ ਪਹਿਲੇ ਸਿੱਖ ਹਨ ਜਿਹਨਾਂ ਨੇ 1994 ਵਿੱਚ ਪਾਕਿਸਤਾਨ ਦੀ ਨੈਸ਼ਨਲ ਐਸੰਬਲੀ ਵਿੱਚ ਜਾ ਕੇ ਪਾਕਿਸਤਾਨ ਕਮੇਟੀ ਬਣਾਉਣ ਤੇ ਸਿੱਖ ਗੁਰਧਾਮਾਂ ਦੀ ਸੇਵਾ ਸੰਭਾਲ ਕਰਨ ਦੀ ਮੰਗ ਕੀਤੀ ਸੀ ਤੱਤਕਾਲੀ ਪੰਜਾਬ ਦੇ ਮੁੱਖ ਮੰਤਰੀ ਤੇ ਪ੍ਰਧਾਨ ਮਰਹੂਮ ਮੋਹਤਰਮਾ ਬੇਨਜ਼ੀਰ ਭੁੱਟੋ ਨੂੰ ਮੰਗ ਪੱਤਰ ਵੀ ਦਿੱਤਾ ਸੀ। ਉਹਨਾਂ ਕਿਹਾ ਕਿ ਸਰਨਾ ਭਰਾਵਾਂ ਨਾਲ ਭਾਂਵੇ ਉਹਨਾਂ ਦੀ ਸੋਚ ਨਹੀਂ ਮਿਲਦੀ ਪਰ ਉਹਨਾਂ ਵੱਲੋ ਗੁਰੂ ਘਰ ਦੀ ਕੀਤੀ ਜਾ ਰਹੀ ਸੇਵਾ ਸ਼ਲਾਘਾਯੋਗ ਹੈ।

ਉਹਨਾਂ ਕਿਹਾ ਕਿ 1947 ਦੀ ਵੰਡ ਤੋ ਬਾਅਦ ਸਰਨਾ ਭਰਾਵਾਂ ਨੇ ਹੀ ਨਗਰ ਕੀਤਰਨ ਦੇ ਰੂਪ ਵਿੱਚ ਪਾਲਕੀ ਸਾਹਿਬ ਲੈ ਕੇ ਨਨਕਾਣਾ ਸਾਹਿਬ ਤੇ ਗਏ ਜਿਸਦਾ ਬਾਦਲ ਮਾਰਕਾ ਸ਼੍ਰੋਮਣੀ ਕਮੇਟੀ ਨੇ ਬਾਈਕਾਟ ਕਰਕੇ ਆਪਣਾ ਨਾਮ ਇਤਿਹਾਸ ਦੇ ਕਾਲੇ ਪੰਨਿਆ 'ਤੇ ਲਿਖਵਾ ਲਿਆ। ਉਹਨਾਂ ਕਿਹਾ ਕਿ ਸਰਨਾ ਪਰਿਵਾਰ ਦੇ ਸਮੁੱਚੇ ਪਰਿਵਾਰ ਨੇ ਪਹਿਲਾਂ ਨਨਕਾਣਾ ਸਾਹਿਬ ਵਿਖੇ ਕਾਰ ਸੇਵਾ ਕੀਤੀ ਤੇ ਫਿਰ ਚੂਨਾ ਮੰਡੀ ਲਾਹੌਰ ਵਿਖੇ ਵੀ ਗੁਰੂ ਘਰ ਦੀ ਸੇਵਾ ਕਰਕੇ ਖੁਸ਼ੇ ਪ੍ਰਾਪਤ ਕੀਤੇ। ਉਹਨਾਂ ਕਿਹਾ ਕਿ ਸਰਨਾ ਪਰਿਵਾਰ ਦੀਆ ਪਿਛਲੀਆ ਸੇਵਾਵਾਂ ਨੂੰ ਮੁੱਖ ਰੱਖ ਕੇ ਹੀ ਪਾਕਿਸਤਾਨ ਸਰਕਾਰ, ਓਕਬ ਬੋਰਡ ਨੇ ਉਹਨਾਂ ਨੂੰ ਡੇਹਰਾ ਸਾਹਿਬ ਦੀ ਕਾਰ ਸੇਵਾ ਦੀ ਜਿੰਮੇਵਾਰੀ ਸੋਪੀ ਹੈ। ਉਹਨਾਂ ਕਿਹਾ ਕਿ 16 ਜੂਨ 2015 ਨੂੰ ਸੇਵਾ ਦਾ ਆਰੰਭ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਸਮੇਂ ਕੀਤਾ ਜਾਵੇਗਾ ਤੇ ਇਸ ਸਮਾਗਮ ਵਿੱਚ ਦੇਸ਼ ਵਿਦੇਸ਼ ਦੀਆ ਸੰਗਤਾਂ ਭਾਗ ਲੈਣਗੀਆ।

ਉਹਨਾਂ ਦਿੱਲੀ ਕਮੇਟੀ ਦੇ ਪ੍ਰਧਾਨ ਸ੍ਰ ਮਨਜੀਤ ਸਿੰਘ ਜੀ ਕੇ ਵੱਲੋ ਪਾਕਿਸਤਾਨ ਵਿੱਚ ਆ ਕੇ ਵੀ ਸਿੱਖਾਂ ਨਾਲ ਵਿਤਕਰਾ ਕਰਨ ਨੂੰ ਮੰਦਭਾਗਾ ਕਰਾਰ ਦਿੰਦਿਆ ਕਿਹਾ ਕਿ ਓਕਾਬ ਬੋਰਡ ਦੇ ਚੇਅਰਮੈਨ ਦੇ ਘਰ ਸਾਰੇ ਬੋਰਡ ਦੇ ਆਹੁਦੇਦਾਰਾਂ ਨੂੰ ਸਿਰੋਪੇ ਦਿੱਤੇ ਗਏ, ਪਰ ਪਾਕਿਸਤਾਨ ਕਮੇਟੀ ਦੇ ਪ੍ਰਧਾਨ ਸ੍ਰ ਸ਼ਾਮ ਸਿੰਘ ਵੀ ਉਥੇ ਮੌਜੂਦ ਸਨ ਜਿਹਨਾਂ ਨੂੰ ਅੱਖੋ ਪਰੋਖੇ ਕਰ ਦਿੱਤਾ ਗਿਆ, ਜਿਸ ਕਾਰਨ ਪਾਕਿਸਤਾਨ ਦੇ ਸਿੱਖਾਂ ਵਿੱਚ ਰੋਸ ਪਾਇਆ ਜਾ ਰਿਹਾ ਹੈ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top