Share on Facebook

Main News Page

ਪਾਕਿਸਤਾਨ ਸਰਕਾਰ ਦਿੱਲੀ ਕਮੇਟੀ ਨੂੰ ਗੁਰਧਾਮਾਂ ਦੀ ਕਾਰ ਸੇਵਾ ਦੇਵੇਗੀ
-: ਮਨਜੀਤ ਸਿੰਘ ਜੀ.ਕੇ.

* ਸਿੱਖਾਂ ਦੀ ਕਾਲੀ ਸੂਚੀ 'ਤੇ ਮੁੜ ਵਿਚਾਰ ਕੀਤੀ ਜਾਵੇ- ਗਰੇਵਾਲ

ਅੰਮ੍ਰਿਤਸਰ 30 ਅਪ੍ਰੈਲ (ਜਸਬੀਰ ਸਿੰਘ) ਸ੍ਰ ਮਨਜੀਤ ਸਿੰਘ ਜੀ. ਕੇ.ਪ੍ਰਧਾਨ ਦਿੱਲੀ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਨੇ ਪਾਕਿਸਤਾਨ ਵਿਚਲੇ ਆਪਣੇ ਦੋ ਦਿਨਾਂ ਦੌਰੇ ਨੂੰ ਪੂਰੀ ਤਰ੍ਹਾਂ ਸਫਲ ਦੱਸਦਿਆ ਕਿਹਾ ਕਿ ਪਾਕਿਸਤਾਨ ਓਕਾਬ ਬੋਰਡ ਨੇ ਭਰੋਸਾ ਦਿੱਤਾ ਹੈ ਕਿ ਉਹ ਦਿੱਲੀ ਕਮੇਟੀ ਨੂੰ ਪਾਕਿਸਤਾਨ ਵਿਚਲੇ ਗੁਰੂਦੁਆਰਿਆ ਦੀ ਕਾਰ ਸੇਵਾ ਜਰੂਰ ਦੇਣਗੀ।

ਸ੍ਰ. ਮਨਜੀਤ ਸਿੰਘ ਜੀ.ਕੇ. ਨੇ ਵਤਨ ਵਾਪਸ ਪਰਤਦਿਆ ਆਪਣੇ ਦੋ ਰੋਜ਼ਾ ਪਾਕਿਸਤਾਨ ਦੌਰੇ ਨੂੰ ਪੂਰੀ ਤਰ੍ਵਾ ਸਫਲ ਦੱਸਦਿਆ ਕਿਹਾ ਕਿ ਉਹਨਾਂ ਨੇ ਪਾਕਿਸਤਾਨ ਵਿੱਚ ਓਕਬ ਬੋਰਡ ਦੇ ਚੇਅਰਮੈਨ ਸਦੀਕ ਉਲ ਫਾਰੂਕ, ਪੱਛਮੀ ਪੰਜਾਬ ਦੀ ਮੁੱਖ ਮੰਤਰੀ ਜਨਾਬ ਸ਼ਾਹਬਾਜ ਸ਼ਰੀਫ ਅਤੇ ਪਾਕਿਸਤਾਨ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰ ਸ਼ਾਮ ਸਿੰਘ ਨਾਲ ਪਾਕਿਸਤਾਨ ਵਿਚਲੇ ਸਿੱਖ ਗੁਰਧਾਮਾਂ ਦੀ ਸੇਵਾ ਸੰਭਾਲ ਅਤੇ ਹੋਰ ਪੰਥਕ ਮਸਲਿਆ ਬਾਰੇ ਵਿਸ਼ਥਾਰ ਸਾਹਿਤ ਗੱਲਬਾਤ ਕੀਤੀ। ਉਹਨਾਂ ਦੱਸਿਆ ਕਿ ਜਦੋਂ ਉਹਨਾਂ ਨੇ ਪਾਕਿਸਤਾਨ ਦੇ ਅਧਿਕਾਰੀਆ ਨੂੰ ਦੱਸਿਆ ਕਿ ਸ਼੍ਰੋਮਣੀ ਕਮੇਟੀ ਤੇ ਦਿੱਲੀ ਕਮੇਟੀ ਦੋ ਸਿੱਖਾਂ ਦੀਆ ਨੁੰਮਾਇੰਦਾ ਸੰਸਥਾਵਾਂ ਹਨ ਜਿਹਨਾਂ ਨੂੰ ਸਿੱਖ ਗੁਰਧਾਮਾਂ ਦੀ ਸੇਵਾ ਸੰਭਾਲ ਸੋਪੀ ਜਾਵੇ ਤਾਂ ਉਹਨਾਂ ਦਾ ਹਾਂ ਪੱਖੀ ਰਵੱਈਆ ਸੀ ਤੇ ਉਹਨਾਂ ਨੂੰ ਉਮੀਦ ਹੈ ਕਿ ਭਵਿੱਖ ਵਿੱਚ ਦਿੱਲੀ ਕਮੇਟੀ ਨੂੰ ਕਿਸੇ ਨਾ ਕਿਸੇ ਪਾਕਿਸਤਾਨ ਵਿਚਲੇ ਗੁਰੂਦੁਆਰੇ ਦੀ ਕਾਰ ਸੇਵਾ ਜਰੂਰ ਦਿੱਤੀ ਜਾਵੇਗੀ।

ਜਦੋਂ ਉਹਨਾਂ ਨੂੰ ਦਿੱਲੀ ਕਮੇਟੀ ਦੇ ਸਾਬਕਾ ਪਰਧਾਨ ਸ੍ਰ ਪਰਮਜੀਤ ਸਿੰਘ ਸਰਨਾ ਨੂੰ ਡੇਹਰਾ ਸਾਹਿਬ ਦੀ ਕਾਰ ਸੇਵਾ ਦੇਣ ਬਾਰੇ ਪੁੱਛਿਆ ਤਾਂ ਉਹਨਾਂ ਕਿਹਾ ਕਿ ਇਸ ਸਬੰਧੀ ਕੋਈ ਵੀ ਚਰਚਾ ਨਹੀਂ ਹੋਈ ਹੈ ਅਤੇ ਨਾ ਹੀ ਇਹ ਮਦ ਏਜੰਡੇ ਵਿੱਚ ਸ਼ਾਮਲ ਸੀ। ਉਹਨਾਂ ਕਿਹਾ ਕਿ ਇਸੇ ਤਰ੍ਹਾਂ ਪਾਕਿਸਤਾਨ ਦੇ ਗੁਰਧਾਮਾਂ ਦੇ ਦਰਸ਼ਨ ਕਰਨ ਵਾਲੇ ਜੱਥਿਆ ਨੂੰ ਵੀਜ਼ੇ ਘੱਟ ਦੇਣ ਬਾਰੇ ਉਹਨਾਂ ਕਿਹਾ ਕਿ ਇਸ ਸਬੰਧੀ ਕਾਫੀ ਚਰਚਾ ਹੋਈ ਹੈ ਤੇ ਉਹਨਾਂ ਨੇ ਭਰੋਸਾ ਦਿੱਤਾ ਹੈ ਕਿ ਭਵਿੱਖ ਵਿੱਚ ਵੱਧ ਤੋ ਵੱਧ ਵੀਜੇ ਦਿੱਤੇ ਜਾਇਆ ਕਰਨਗੇ। ਉਹਨਾਂ ਕਿਹਾ ਕਿ ਪਾਕਿਸਤਾਨ ਸਰਕਾਰ ਨੇ ਕਿਹਾ ਕਿ ਜੇਕਰ ਸਮੇਂ ਤੋ ਪਹਿਲਾਂ ਵੀਜ਼ੇ ਅਪਲਾਈ ਕੀਤੇ ਜਾਣ ਤਾਂ ਉਹਨਾਂ ਨੂੰ ਸਾਰੇ ਵੀਜੇ ਦੇਣ ਤੋਂ ਕੋਈ ਵੀ ਇਤਰਾਜ ਨਹੀਂ ਹੈ। ਉਹਨਾਂ ਕਿਹਾ ਕਿ ਵਫਦ ਵਿੱਚ ਸ਼ਾਮਲ ਪੰਜ ਮੈਂਬਰਾਂ ਜਿਹਨਾਂ ਵਿੱਚ ਉਹਨਾਂ ਤੋ ਇਲਾਵਾ ਦਿੱਲੀ ਕਮੇਟੀ ਦੇ ਜਨਰਲ ਸਕੱਤਰ ਸ੍ਰ ਮਨਜਿੰਦਰ ਸਿੰਘ ਸਿਰਸਾ, ਮੈਂਬਰ ਅਵਤਾਰ ਸਿੰਘ ਹਿੱਤ, ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਦਿੱਲੀ ਐਸਟੇਟ ਦੇ ਇੰਚਾਰਜ ਸ੍ਰ ਬਲਵੰਤ ਸਿੰਘ ਰਾਮੂਵਾਲੀਆ ਅਤੇ ਬੁਲਾਰੇ ਸ੍ਰ ਮਹੇਸ਼ ਇੰਦਰ ਸਿੰਘ ਗਰੇਵਾਲ ਸ਼ਾਮਲ ਸਨ ਜਿਹਨਾਂ ਨੇ ਵੀ ਆਪਣੇ ਆਪਣੇ ਤਰੀਕੇ ਨਾਲ ਪੰਥਕ ਮੁੱਦੇ ਉਹਨਾਂ ਕੋਲ ਰੱਖੇ। ਉਹਨਾਂ ਕਿਹਾ ਕਿ ਇਸੇ ਤਰ੍ਹਾਂ ਕਰਤਾਰਪੁਰ ਲਾਂਘੇ ਦਾ ਮੁੱਦਾ ਵੀ ਉਹਨਾਂ ਨੇ ਪੱਛਮੀ ਪੰਜਾਬ ਦੇ ਮੁੱਖ ਮੰਤਰੀ ਕੋਲ ਉਠਾਇਆ ਤੇ ਉਹਨਾਂ ਕਿਹਾ ਕਿ ਮਾਮਲਾ ਕੇਂਦਰ ਸਰਕਾਰ ਦਾ ਹੈ ਤੇ ਦੋਹਾਂ ਦੇਸ਼ਾਂ ਦੀਆ ਸਰਕਾਰਾਂ ਹੀ ਇਸ ਬਾਰੇ ਕੋਈ ਫੈਸਲਾ ਲੈ ਸਕਦੀਆ ਹਨ ਤੇ ਪ੍ਰਧਾਨ ਮੰਤਰੀ ਜਨਾਬ ਨਵਾਜ਼ ਸ਼ਰੀਫ ਨੂੰ ਉਹ ਇਸ ਬਾਰੇ ਸਿਫਾਰਸ਼ ਜਰੂਰ ਕਰਨਗੇ।

ਉਹਨਾਂ ਦੱਸਿਆ ਕਿ ਸ੍ਰੀ ਗੁਰੂ ਨਾਨਕ ਦੇਵ ਵਿਸ਼ਵ ਯੂਨੀਵਰਸਿਟੀ ਨਨਕਾਣਾ ਸਾਹਿਬ ਦਾ ਮੁੱਦਾ ਵੀ ਉਠਾਇਆ ਗਿਆ ਤਾਂ ਮੁੱਖ ਮੰਤਰੀ ਨੇ ਕਿਹਾ ਕਿ ਅਗਲੇ ਛੇ ਮਹੀਨਿਆ ਵਿੱਚ ਇਸ ਦਾ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ ਤੇ ਤਿੰਨ ਸਾਲਾਂ ਦੇ ਅਰਸੇ ਦੌਰਾਨ ਯੂਨੀਵਰਸਿਟੀ ਆਪਣਾ ਕੰਮ ਕਰਨ ਲੱਗ ਪਵੇਗੀ। ਉਹਨਾਂ ਕਿਹਾ ਕਿ ਸਰਨਿਆ ਵੱਲੋ ਸੰਨ 2005 ਵਿੱਚ ਪਾਲਕੀ ਸਾਹਿਬ ਪਾਕਿਸਤਾਨ ਲਿਜਾਏ ਬਾਰੇ ਪੁੱਛੇ ਜਾਣ ਤੇ ਉਹਨਾਂ ਕਿਹਾ ਕਿ ਇਹ ਗਲਤ ਹੈ ਕਿ ਪਾਲਕੀ ਉਪਰ 15 ਕਿਲੋ ਸੋਨਾ ਲੱਗਾ ਪਰ ਅਸਲ ਵਿੱਚ ਡੇਢ ਕਿਲੋ ਹੀ ਸੋਨਾ ਲੱਗਾ ਪਾਇਆ ਗਿਆ ਹੈ ਅਤੇ ਬਾਕੀ ਸੋਨੇ ਬਾਰੇ ਸਰਨਾ ਭਰਾ ਹੀ ਦੱਸ ਸਕਦੇ ਹਨ। ਉਹਨਾਂ ਕਿਹਾ ਕਿ ਇਸੇ ਤਰ੍ਹਾਂ ਕਰੋੜਾਂ ਰੁਪਏ ਦੇ ਗੋਲਕ ਵੀ ਪਾਕਿਸਤਾਨ ਕਮੇਟੀ ਕੋਲੋ ਪੁੱਜਣ ਤੋ ਅਧਿਕਾਰੀਆ ਨੇ ਇਨਕਾਰ ਕਰਦਿਆ ਕਿਹਾ ਕਿ ਇਸ ਦੀ ਉਹਨਾਂ ਨੂੰ ਕੋਈ ਜਾਣਕਾਰੀ ਨਹੀਂ ਹੈ। ਸ੍ਰ ਜੀ ਕੇ ਨੇ ਕਿਹਾ ਕਿ ਪਾਲਕੀ ਸਾਹਿਬ ਪਾਕਿਸਤਾਨ ਲਿਜਾਣ ਸਮੇ ਕਰੋੜਾਂ ਰੁਪਏ ਦੀ ਘੱਪਲੇਬਾਜੀ ਹੋਈ ਹੈ ਅਤੇ ਸਰਨੇ ਇਸ ਲਈ ਮੁੱਖ ਦੋਸ਼ੀ ਹਨ ਅਤੇ ਪਾਕਿਸਤਾਨ ਦੇ ਅਧਿਕਾਰੀਆ ਨੂੰ ਮਿਲਣ ਉਪਰੰਤ ਸਰਨਿਆ ਦੀ ਇਮਾਨਦਾਰੀ ਦੀ ਬਿੱਲੀ ਪੂਰੀ ਤਰ੍ਹਾਂ ਥੈਲਿਉ ਬਾਹਰ ਆ ਗਈ ਹੈ। ਉਹਨਾਂ ਕਿਹਾ ਕਿ ਉਹ ਇਸ ਦੀ ਜਾਂਚ ਕਰਾਉਣੇ ਕਿ ਗੋਲਕ ਦਾ ਕਰੋੜਾਂ ਰੁਪਏ ਕਿਥੇ ਗਿਆ ਤੇ ਇਸ ਵਿੱਚ ਕਿੰਨੀ ਘੱਪਲੇਬਾਜੀ ਹੋਈ ਹੈ।

ਇਸੇ ਤਰ੍ਹਾਂ ਵਫਦ ਵਿੱਚ ਸ਼ਾਮਲ ਸ੍ਰ ਮਹੇਸ਼ ਇੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਪਾਕਿਸਤਾਨ ਦੇ ਸਿੱਖ ਪੂਰੀ ਤਰ੍ਹਾਂ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮੱਰਪਿੱਤ ਹਨ ਅਤੇ ਪਾਕਿਸਤਾਨ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰ ਸ਼ਾਮ ਸਿੰਘ, ਸਾਬਕਾ ਪ੍ਰਧਾਨ ਸ੍ਰ ਬਿਸ਼ਨ ਸਿੰਘ, ਮਨਮੋਹਨ ਸਿੰਘ ਅਤੇ ਪ੍ਰੀਤਮ ਸਿੰਘ ਨਾਲ ਉਹਨਾਂ ਦੀ ਮੁਲਾਕਤ ਬੜੇ ਹੀ ਸੁਖਾਵੇ ਮਾਹੌਲ ਵਿੱਚ ਹੋਈ ਹੈ। ਉਹਨਾਂ ਕਿਹਾ ਕਿ ਉਹਨਾਂ ‘ਚ ਕੁਝ ਗਲਤ ਫਹਿਮੀਆ ਪਾਈਆ ਜਾਂਦੀਆ ਸਨ ਜਿਹੜੀਆ ਦੂਰ ਕਰ ਦਿੱਤੀਆ ਗਈਆ ਹਨ। ਉਹਨਾਂ ਕਿਹਾ ਕਿ ਪਾਕਿਸਤਾਨ ਵਿਚਲੇ ਗੁਰਧਾਮਾਂ ਦੀ ਕਾਰ ਸੇਵਾ ਉਹਨਾਂ ਨੇ ਕਿਸੇ ਵਿਸ਼ੇਸ਼ ਜਾਂ ਨਿੱਜੀ ਤੌਰ ਤੇ ਕਿਸੇ ਵਿਅਕਤੀ ਨੂੰ ਦੇਣ ਤੋ ਇਨਕਾਰ ਕਰਦਿਆ ਕਿਹਾ ਕਿ ਉਹ ਖੁਦ ਸਿੱਖਾਂ ਦੀਆ ਨੁੰਮਾਇਦਾ ਸੰਸਥਾਵਾਂ ਕਾਰ ਸੇਵਾ ਦੇਣ ਦੇ ਹੱਕ ਵਿੱਚ ਹਨ ਅਤੇ ਇਸ ਤੋ ਪਹਿਲਾਂ ਉਹਨਾਂ ਤੱਕ ਸਹੀ ਢੰਗ ਨਾਲ ਪਹੁੰਚ ਹੀ ਨਹੀਂ ਕੀਤੀ ਗਈ।

ਉਹਨਾਂ ਕਿਹਾ ਕਿ ਪਾਕਿਸਤਾਨ ਸਰਕਾਰ ਨੇ ਗੁਰਦੁਆਰਿਆ ਦੀ ਸੇਵਾ ਸੰਭਾਲ ਬੜੇ ਹੀ ਸੁਚੱਜੇ ਢੰਗ ਨਾਲ ਕੀਤੀ ਹੈ ਤੇ ਉਹਨਾਂ ਨੂੰ ਉਮੀਦ ਹੈ ਕਿ ਭਵਿੱਖ ਵਿੱਚ ਉਹ ਦਿੱਲੀ ਕਮੇਟੀ ਤੇ ਸ਼੍ਰੋਮਣੀ ਕਮੇਟੀ ਦਾ ਸਹਿਯੋਗ ਜਰੂਰ ਲੈਣਗੇ। ਉਹਨਾਂ ਕਿਹਾ ਕਿ ਜਦੋ ਉਹਨਾਂ ਨੇ ਪਾਕਿਸਤਾਨ ਕਮੇਟੀ ਦੇ ਪਰਧਾਨ ਸ੍ਰ ਸ਼ਾਮ ਸਿੰਘ ਨੂੰ ਹਿੰਦੋਸਤਾਨ ਆਉਣ ਦਾ ਸੱਦਾ ਦਿੱਤਾ ਤਾਂ ਉਹਨਾਂ ਕਿਹਾ ਕਿ 1984 ਤੋ ਬਾਅਦ ਉਹਨਾਂ ‘ਤੇ ਰੋਕ ਲਗਾ ਦਿੱਤੀ ਗਈ ਸੀ। ਉਹਨਾਂ ਕਿਹਾ ਕਿ ਉਹ ਵਾਅਦਾ ਕਰਕੇ ਆਏ ਹਨ ਕਿ ਉਹ ਭਾਰਤ ਸਰਕਾਰ ਨਾਲ ਇਹ ਮੁੱਦਾ ਜਰੂਰ ਉਠਾਉਣਗੇ ਤੇ ਉਹਨਾਂ ਤੇ ਲਗਾਈ ਗਈ ਰੋਕ ਨੂੰ ਹੱਟਵਾਉਣਗੇ। ਉਹਨਾਂ ਕਿਹਾ ਕਿ ਉਹ ਕਾਲੀ ਸੂਚੀ ਦੇ ਹੱਕ ਵਿੱਚ ਨਹੀਂ ਹਨ ਤੇ ਜਿਹੜੇ ਲੋਕਾਂ ਦੇ ਵਿਦੇਸ਼ਾਂ ਵਿੱਚ ਬੈਠੇ ਕਾਲੀ ਸੂਚੀ ਵਿੱਚ ਨਾਮ ਸ਼ਾਮਲ ਹਨ ਉਹਨਾਂ ਤੇ ਕੇਂਦਰ ਸਰਕਾਰ ਮੁੜ ਵਿਚਾਰ ਕਰੇ ਤਾਂ ਕਿ ਉਹ ਵਤਨ ਆ ਸਕਣ। ਉਹਨਾਂ ਕਿਹਾ ਕਿ ਕਾਲੀ ਸੂਚੀ ਤੇ ਮੁੜ ਵਿਚਾਰ ਕਰਕੇ ਮੁਲੰਕਣ ਕੀਤਾ ਗਿਆ ਤਾਂ ਦੇਸ ਨੂੰ ਪਿਆਰ ਕਰਨ ਵਾਲ ਬਹੁਤ ਸਾਰੇ ਲੋਕ ਵਾਪਸ ਵਤਨ ਆ ਸਕਣਗੇ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top