Share on Facebook

Main News Page

ਗੁਰੂ ਇਤਿਹਾਸ ਵਿਚ ਸ਼ਹਾਦਤਾਂ ਦੇ ਮੋਢੀ ਗੁਰੂ ਅਰਜਨ ਸਾਹਿਬ ਜੀ !
-: ਗੁਰਿੰਦਰਪਾਲ ਸਿੰਘ ਧਨੌਲਾ 93161 76519

ਸਿੱਖ ਇਤਿਹਾਸ ਵਿੱਚ ਹੋਈ ਜਾਂ ਕੀਤੀ ਗਈ ਮਿਲਾਵਟ ਜਾਂ ਛੇੜ ਛਾੜ ਨੇ, ਕਿਸੇ ਗੁਰਸਿੱਖ ਦੀ ਸ਼ਹੀਦੀ ਜਾਂ ਕਿਸੇ ਖਾਸ ਕਾਰਨਾਮੇ ਦੀ ਸਹੀ ਮਿਤੀ ਦਾ ਭੁਲੇਖਾ ਤਾਂ ਖੜ੍ਹਾ ਕੀਤਾ ਹੀ ਸੀ ਨਾਲ ਨਾਲ ਕਿਸੇ ਵੀ ਗੁਰੂ ਸਾਹਿਬਾਨ ਦੇ ਜਨਮ ਦਿਹਾੜੇ ਜਾਂ ਸ਼ਹੀਦੀ ਦਿਨ ਬਾਰੇ ਵੀ ਭੁਲੇਖੇ ਖੜ੍ਹੇ ਕਰ ਦਿੱਤੇ ਹਨ। ਹੁਣ ਇਹਨਾਂ ਭੁਲੇਖਿਆਂ ਨੇ ਕੌਮ ਵਿੱਚ ਵੰਡੀਆਂ ਪਾ ਦਿੱਤੀਆਂ ਹਨ। ਇੱਥੋਂ ਤੱਕ ਕਿ ਅੱਜ ਅਕਾਲ ਤਖਤ ਸਾਹਿਬ ਦੇ ਜਥੇਦਾਰ ਜਾਂ ਅਖੌਤੀ ਸੰਤ ਸਮਾਜ ਵੀ ਇਹਨਾਂ ਤਰੁੱਟੀਆਂ ਨੂੰ ਦੂਰ ਕਰਕੇ, ਕੌਮ ਵਿੱਚ ਇਕਸੁਰਤਾ ਪੈਦਾ ਕਰਨ ਦੀ ਬਜਾਇ ਨਿੱਤ ਨਵੇ ਕਲੇਸ ਖੜ੍ਹੇ ਕਰਕੇ, ਫਾਸਲੇ ਵਧਾਈ ਜਾ ਰਹੇ ਹਨ। ਜਿਸ ਦਾ ਸਿੱਧਾ ਫਾਇਦਾ ਉਹਨਾਂ ਤਾਕਤਾਂ ਨੂੰ ਹੋ ਰਿਹਾ ਹੈ, ਜਿਹੜੀਆਂ ਗੁਰੂ ਘਰ ਦੇ ਨਾਲ ਸਦੀਆਂ ਤੋਂ ਆਢਾ ਲਾਈ ਬੈਠੀਆਂ ਹਨ। ਗੁਰੂ ਸਾਹਿਬ ਦਾ ਜਨਮ ਦਿਹਾੜਾ ਜਾਂ ਸ਼ਹੀਦੀ ਦਿਹਾੜਾ, ਕਿਸੇ ਵੀ ਦਿਨ ਮਨਾਇਆ ਜਾਵੇ, ਕੋਈ ਫਰਕ ਨਹੀਂ ਪੈਦਾ ਕਿਉਂਕਿ ਸਾਨੂੰ ਦਿਨ ਵਾਰ ਨਾਲ ਮਤਲਬ ਘੱਟ ਹੈ, ਪਰ ਉਸ ਦਿਹਾੜੇ ਦੀ ਮਹਤਤਾ ਨਾਲ ਵਧੇਰੇ ਹੈ। ਜਦੋਂ ਅਜਿਹੀ ਕੋਈ ਕਿੰਤੂ ਪ੍ਰੰਤੂ ਵਾਲੀ ਸਥਿਤੀ ਪੈਦਾ ਹੁੰਦੀ ਹੈ ਤਾਂ ਅਸੀਂ ਇਸ ਲੜਾਈ ਵਿੱਚ ਆਪਣੇ ਆਪ ਨੂੰ ਸਿਆਣਾ ਅਤੇ ਸੱਚਾ ਸਾਬਿਤ ਕਰਨ ਵਾਸਤੇ ਏਨੇ ਕੁ ਉਲਾਰਵਾਦੀ ਹੋ ਜਾਂਦੇ ਹਾਂ ਕਿ ਉਸ ਦਿਹਾੜੇ ਨਾਲ ਜੁੜੇ ਇਤਿਹਾਸ ਦੀ ਕੋਈ ਗੱਲ ਹੀ ਨਹੀਂ ਹੁੰਦੀ, ਸਗੋਂ ਸੱਚਾ ਕੌਣ ਉਤੇ ਹੀ ਸਾਰੀ ਸ਼ਕਤੀ ਵਿਅਰਥ ਖਰਚ ਕੇ, ਆਪਣਾ ਅਤੇ ਕੌਮ ਦਾ ਨੁਕਸਾਨ ਕਰਦੇ ਹਾਂ।

ਨਾਨਕਸ਼ਾਹੀ ਕੈਲੰਡਰ ਮੁਤਾਬਿਕ ਅੱਜ ਪੰਜਵੇ ਨਾਨਕ ਗੁਰੂ ਅਰਜਨ ਪਾਤਸ਼ਾਹ ਦਾ ਪਰਕਾਸ਼ ਦਿਹਾੜਾ ਹੈ, ਪਰ ਜਦੋਂ ਹੀ ਇਹ ਹੱਥਲਾ ਲੇਖ, ਕੋਈ ਉਹ ਵਿਅਕਤੀ ਪੜ੍ਹੇਗਾ, ਜਿਹੜਾ ਨਾਨਕਸ਼ਾਹੀ ਕੈਲੰਡਰ ਨੂੰ ਸਹੀ ਨਹੀਂ ਮੰਨਦਾ, ਤਾਂ ਉਸ ਨੇ ਇਸ ਵਿਚਲੀ ਗੁਰੂ ਸਾਹਿਬ ਦੇ ਜੀਵਨ ਬਾਰੇ ਰੋਸ਼ਨੀ ਨੂੰ ਇਕ ਪਾਸੇ ਰੱਖਕੇ, ਇਕੋ ਗੱਲ ਉਤੇ ਗਰਾਰੀ ਫਸਾ ਲੈਣੀ ਹੈ ਕਿ ਗੁਰੂ ਸਾਹਿਬ ਦਾ ਪ੍ਰਕਾਸ਼ ਅੱਜ ਨਹੀਂ ਹੋਇਆ ਸੀ, ਲੇਕਿਨ ਜੇ ਕਿਸੇ ਹੋਰ ਦੀ ਲਿਖਤ ਨੂੰ ਸਹੀ ਮੰਨਕੇ, ਕਿਸੇ ਹੋਰ ਦਿਨ ਪ੍ਰਕਾਸ਼ ਹੋਇਆ ਮੰਨਦਿਆਂ, ਅਸੀਂ ਗੁਰੂ ਸਾਹਿਬ ਦੇ ਜੀਵਨ ਨੂੰ ਪੜ੍ਹਕੇ ਸੇਧ ਲੈ ਸਕਦੇ ਹਾ ਤਾਂ ਅਜ ਨਾਨਕਸ਼ਾਹੀ ਕੈਲੰਡਰ ਮੁਤਾਬਿਕ ਗੁਰੂ ਸਾਹਿਬ ਦਾ ਪ੍ਰਕਾਸ਼ ਦਿਹਾੜਾ ਮੰਨਕੇ, ਗੁਰੂ ਦੀਆਂ ਕੁੱਝ ਗੱਲਾਂ ਚੇਤੇ ਕਰੀਏ, ਗੁਰੂ ਅਰਜਨ ਪਾਤਸ਼ਾਹ ਗੁਰੂ ਅਮਰਦਾਸ ਦੇ ਦੋਹਤਰੇ, ਗੁਰੂ ਰਾਮਦਾਸ ਦੇ ਸਪੁੱਤਰ ਅਤੇ ਗੁਰੂ ਹਰਗੋਬਿੰਦ ਸਾਹਿਬ ਮੀਰੀ ਪੀਰੀ ਦੇ ਮਲਿਕ ਦੇ ਪਿਤਾ ਸਨ, ਉਹਨਾਂ ਦਾ ਬਚਪਨ ਗੋਇੰਦਵਾਲ ਸਾਹਿਬ ਵਿਚ ਗੁਜਰਿਆ ਅਤੇ ਨਾਨਾ ਗੁਰੂ ਅਮਰਦਾਸ ਅਤੇ ਪਿਤਾ ਗੁਰੂ ਰਾਮਦਾਸ ਵਾਲੇ ਸਾਰੇ ਗੁਣ ਬਚਪਨ ਵਿਚ ਹੀ ਗ੍ਰਹਿਣ ਕਰ ਲਏ ਅਤੇ ਗੁਰੂ ਨਾਨਕ ਸਾਹਿਬ ਤੋਂ ਲੈਕੇ ਗੁਰੂਆਂ ਦੀ ਰਚਿਤ ਬਾਣੀ ਦੇ ਨਾਲ ਨਾਲ ਭਗਤ ਬਾਣੀ ਨੂੰ ਵੀ ਨਿੱਕੀ ਉਮਰੇ ਹੀ ਡੂੰਘਾਈ ਨਾਲ ਸਮਝ ਲਿਆ ਸੀ।

ਨਾਨਾ ਗੁਰੂ ਅਮਰਦਾਸ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ, ਗੁਰੂ ਪਿਤਾ ਗੁਰੂ ਰਾਮਦਾਸ ਨਾਲ, ਗੁਰੂ ਚੱਕ (ਚੱਕ ਰਾਮਦਾਸ) ਆ ਗਏ, ਬੇਸ਼ੱਕ ਗੁਰੂ ਅਰਜਨ ਪਾਤਸ਼ਾਹ ਦੀ ਉਮਰ ਗਿਆਰਾਂ ਸਾਲ ਦੇ ਲਗਭੱਗ ਹੀ ਸੀ ,ਪਰ ਨਾਨੇ ਅਤੇ ਪਿਤਾ ਦੀ ਗੁੜ੍ਹਤੀ ਨੇ ਉਹਨਾਂ ਅੰਦਰ ਇੱਕ ਗੁੜ੍ਹ ਸਿਆਣਪ ਭਰ ਦਿਤੀ ਸੀ, ਜਿਸ ਕਰਕੇ ਉਹਨਾਂ ਨੇ ਅੰਮ੍ਰਿਤਸਰ ਸ਼ਹਿਰ ਦੀ ਯੋਜਨਾਬੰਦੀ ਵਿੱਚ ਆਪਣਾ ਪੂਰਾ ਯੋਗਦਾਨ ਦਿੱਤਾ। ਗੁਰੂ ਅਮਰਦਾਸ ਆਪਣੇ ਹੱਥੀ ਹੀ ਗੁਰੂ ਅਰਜਨ ਦੇਵ ਦੀ ਸ਼ਾਦੀ ਬੀਬੀ ਰਾਮ ਦੇਈ ਨਾਲ ਕਰ ਗਏ ਸਨ, ਪਰ ਉਹਨਾਂ ਦੀ ਲੰਬੀ ਬਿਮਾਰੀ ਕਰਕੇ ਗੁਰੂ ਸਾਹਿਬ ਦੀ ਦੂਜੀ ਸ਼ਾਦੀ ਮਾਤਾ ਗੰਗਾ ਜੀ ਨਾਲ ਹੋਈ, ਜਿਹਨਾਂ ਦੀ ਕੁੱਖੋਂ ਮੀਰੀ ਪੀਰੀ ਦੇ ਮਲਿਕ ਨੇ ਜਨਮ ਲਿਆ। ਗੁਰੂ ਸਾਹਿਬ ਨੂੰ ਗੁਰਗੱਦੀ ਸੰਭਾਲਣ ਤੋਂ ਪਹਿਲਾਂ ਅਤੇ ਗੁਰੂ ਗੱਦੀ ਉਤੇ ਸ਼ਸ਼ੋਭਤ ਹੋਣ ਤੋਂ ਬਾਅਦ ਬਹੁਤ ਸਾਰੀਆਂ ਚੁਨੌਤੀਆਂ ਦਾ ਟਕਰਾ ਕਰਨਾ ਪਿਆ। ਸਭ ਤੋਂ ਪਹਿਲਾਂ ਪਰਿਵਾਰ ਵਿੱਚ ਆਪਣੇ ਵਡੇ ਭਰਾ ਪਿਰਥੀ ਚੰਦ ਦੀ ਈਰਖਾ ਅਤੇ ਹਉਂਮੇ ਨਾਲ ਟਕਰਾ ਹੋਇਆ, ਪਰ ਸ਼ਾਂਤ ਸਾਗਰ ਵਰਗੀ ਇਸ ਰੱਬੀ ਰੂਹ ਨੇ ਕਦੇ ਆਪਣੀ ਨਿਮਰਤਾ ਅਤੇ ਰੂਹਾਨੀ ਸੇਵਾ ਵਿੱਚ ਕੋਈ ਕਮੀ ਨਹੀਂ ਆਉਣ ਦਿੱਤੀ। ਜਿਸ ਕਰਕੇ ਗੁਰੂ ਸਾਹਿਬ ਦੀਆਂ ਨਿਮਰਤਾ ਦੀਆਂ ਲਹਿਰਾਂ ਸਭ ਕੁੱਝ ਰੋੜ੍ਹਕੇ ਲੈ ਗਈਆਂ ਕਿਉਂਕਿ ਬਾਬਾ ਬੁੱਢਾ ਜੀ, ਭਾਈ ਸਾਹਲੋ ਜੀ, ਭਾਈ ਪੈੜਾ ਜੀ,ਭਾਈ ਜੇਠਾ ਜੀ,ਵਰਗੇ ਗੁਰਮੁੱਖ ਸਿੱਖ ਗੁਰੂ ਸਾਹਿਬ ਦੇ ਨਾਲ ਖੜ੍ਹੇ ਸਨ।

ਪਿਰਥੀ ਚੰਦ ਦੀ ਈਰਖਾ ਦੀ ਸਿਖਰ ਹੋ ਗਈ, ਜਦੋਂ ਉਸ ਨੇ ਗੁਰੂ ਸਾਹਿਬ ਉੱਤੇ ਹਮਲਾ ਕਰਵਾਉਣ ਵਾਸਤੇ, ਮੁਗਲ ਜਰਨੈਲ ਸੁਲਹੀ ਖਾਂ ਨੂੰ ਭੜਕਾ ਕੇ ਤਿਆਰ ਕਰ ਲਿਆ, ਪਰ ਉਹ ਆਪਣੀ ਹੰਕਾਰੀ ਬਿਰਤੀ ਅਤੇ ਪਿਰਥੀਏ ਵਰਗੇ ਗੁਰੂ ਦੋਖੀ ਦੀ ਮੱਦਦ ਕਰਨ ਤੋਂ ਪਹਿਲਾਂ ਹੀ, ਘੋੜਾ ਬੇਕਾਬੂ ਹੋ ਜਾਣ ਕਰਕੇ ਭੱਠੇ ਵਿੱਚ ਡਿੱਗ ਕੇ ਸੜ੍ਹ ਗਿਆ, ਪਰ ਪਿਰਥੀਏ ਦੀ ਅੱਗ ਠੰਡੀ ਨਾ ਹੋਈ, ਉਸਨੇ ਸੁਲਹੀ ਖਾਂ ਦੇ ਭਤੀਜੇ ਸੁਲਭੀ ਖਾਂ ਨੂੰ ਹਮਲੇ ਵਾਸਤੇ ਲੈ ਆਂਦਾ, ਪਰ ਉਹ ਵੀ ਆਪਣੇ ਇਕ ਸਿਪਾਹੀ ਨਾਲ ਝਗੜਾ ਕਰਕੇ, ਉਸ ਦੇ ਹੱਥੋਂ ਛੁਰੇ ਦਾ ਵਾਰ ਖਾ ਕੇ ਪਾਰ ਬੋਲਿਆ। ਇਸ ਤਰ੍ਹਾਂ ਗੁਰੂ ਸਾਹਿਬ ਜੀ ਦੀ ਨਿਮਰ ਨੀਤੀ ਦੀ ਕੁਦਰਤ ਵੀ ਮਦਦਗਾਰ ਰਹੀ, ਸਾਰੀਆਂ ਔਕੜਾਂ ਅਤੇ ਪਿਰਥੀ ਚੰਦ ਵਰਗੇ ਰੋੜੇ ਪਾਸੇ ਹਟ ਗਏ ਤੇ ਗੁਰੂ ਅਰਜਨ ਸਾਹਿਬ ਗੁਰਗੱਦੀ ਉੱਤੇ ਬਿਰਾਜਮਾਨ ਹੋ ਗਏ।

ਗੁਰੂ ਸਾਹਿਬ ਨੇ ਦਰਬਾਰ ਸਾਹਿਬ ਅੰਮ੍ਰਿਤਸਰ, ਤਰਨਤਾਰਨ ਸਾਹਿਬ ਅਤੇ ਛਿਹਰਟਾ ਸਾਹਿਬ ਵਰਗੇ ਬਹੁਤ ਅਸਥਾਨ ਪ੍ਰਗਟ ਕੀਤੇ। ਗੁਰੂ ਸਾਹਿਬ ਨੇ ਸਮਾਜ ਸੇਵਾ ਨੂੰ ਵੀ ਦਿਲੋ ਕੀਤਾ, ਉਸ ਸਮੇਂ ਉਹਨਾਂ ਨੇ ਲੋਕਾਂ ਦੇ ਪੀਣ ਵਾਲੇ ਪਾਣੀ ਦੀ ਕਮੀ ਦੂਰ ਕਰਨ ਵਾਸਤੇ ਅਨੇਕਾ ਬਾਉਲੀਆਂ ਅਤੇ ਖੂਹ ਵੀ ਖੁਦਵਾਏ। ਭਿਆਨਕ ਬਿਮਾਰੀਆਂ ਜਿਵੇ ਕੋਹੜ ਆਦਿਕ ਦੇ ਰੋਗੀਆਂ ਪ੍ਰਤੀ, ਆਮ ਇਨਸਾਨਾਂ ਦੀ ਨਫਰਤ ਭਰੀ ਨੀਤੀ ਨੂੰ ਖਤਮ ਕਰਨ ਵਾਸਤੇ ਅਤੇ ਰੋਗੀਆਂ ਨੂੰ ਰਾਹਤ ਦੇਣ ਲਈ, ਇਕ ਕੁਸ਼ਟ ਆਸ਼ਰਮ ਵੀ ਤਰਨਤਾਰਨ ਸਾਹਿਬ ਵਿਖੇ ਬਣਵਾਇਆ। ਗੁਰੂ ਸਾਹਿਬ ਦੀ ਪ੍ਰੇਰਨਾ ਸਦਕਾ ਹੀ ਅਕਬਰ ਬਾਦਸ਼ਾਹ ਨੇ ਮੁਗਲਾਂ ਤੋਂ ਬਿਨ੍ਹਾਂ, ਬਾਕੀ ਸਭ ਹਿੰਦੁਆਂ ਅਤੇ ਸਿੱਖਾਂ ਉਤੇ ਲੱਗਣ ਵਾਲਾ ਜਜ਼ੀਆ ਮਾਫ਼ ਕਰ ਦਿਤਾ ਸੀ। ਗੁਰੂ ਸਾਹਿਬ ਨੇ ਬਾਕੀ ਧਰਮਾਂ ਦੇ ਆਗੂਆਂ ਨਾਲ ਵੀ ਇਕ ਰੂਹਾਨੀ ਸਾਂਝ ਪੈਦਾ ਕੀਤੀ ਹੋਈ ਸੀ ਇਸ ਕਰਕੇ ਹੀ ਸਾਈ ਮੀਆਂ ਮੀਰ ਜੀ ਦੀ ਗੁਰੂ ਸਾਹਿਬ ਨਾਲ ਨੇੜਤਾ ਰਹੀ।

ਗੁਰੂ ਅਰਜਨ ਪਾਤਸ਼ਾਹ ਜਦੋਂ ਬਾਲ ਅਵਸਥਾ ਵਿੱਚ ਬਾਣੀ ਵਾਲੀਆਂ ਪੋਥੀਆਂ ਨੂੰ ਹੱਥ ਲਾਉਂਦੇ ਸਨ, ਤਾਂ ਮਾਤਾ ਜੀ ਅਜਿਹਾ ਕਰਨ ਤੋਂ ਵਰਜਦੇ ਸਨ, ਪਰ ਗੁਰੂ ਅਮਰਦਾਸ ਜੀ ਨੇ ਉਸ ਦਿਨ ਹੀ ਇਸ ਰੂਹਾਨੀ ਬਾਲ ਅੰਦਰਲੀ ਰੋਸ਼ਨੀ ਨੂੰ ਪਰਖ ਲਿਆ ਸੀ ਅਤੇ ਮਾਤਾ ਜੀ ਨੂੰ ਕਿਹਾ ਕਿ ਇਸ ਨੂੰ ਵਰਜਣਾ ਨਹੀਂ ਅਤੇ ਨਾਲ ਹੀ ਉਚਾਰਨ ਕਰ ਦਿੱਤਾ, "ਦੋਹਿਤਾ ਬਾਣੀ ਕਾ ਬੋਹਿਤਾ" ਗੁਰੂ ਅਰਜਨ ਸਾਹਿਬ ਦੇ ਗੁਰੂ ਗ੍ਰੰਥ ਸਾਹਿਬ ਵਿੱਚ ਤੇਈ ਸੌ ਤੋਂ ਵੀ ਵਧੇਰੇ ਸਲੋਕ ਹਨ। ਤੀਹ ਰਾਗਾਂ ਵਿੱਚ ਬਾਣੀ ਦੀ ਰਚਨਾ ਕਰਕੇ ਸਾਰੇ ਭਗਤਾਂ ਅਤੇ ਗੁਰੂ ਸਾਹਿਬਾਨ ਦੀ ਬਾਣੀ ਨੂੰ ਇਕ ਜਗ੍ਹਾ ਇਕੱਤਰ ਕਰਕੇ, ਪੋਥੀ ਸਾਹਿਬ ਸੰਪਾਦਨ ਕਰ ਦਿੱਤਾ ਅਤੇ ਉਸ ਦਿਨ ਹੀ ਪੋਥੀ ਸਾਹਿਬ (ਗੁਰੂ ਗ੍ਰੰਥ ਸਾਹਿਬ) ਨੂੰ "ਪੋਥੀ ਪਰਮੇਸੁਰ ਕਾ ਥਾਨੁ" ਆਖਕੇ ਵੱਡੀ ਮਾਨਤਾ ਦੇ ਦਿਤੀ ਅਤੇ ਉਸ ਦਿਨ ਤੋਂ ਬਾਅਦ ਪੋਥੀ ਸਾਹਿਬ ਪੀੜ੍ਹੇ ਉਤੇ ਪ੍ਰਕਾਸ਼ ਹੁੰਦੇ ਸਨ ਅਤੇ ਗੁਰੂ ਸਾਹਿਬ ਨੇ ਜਮੀਨ ਤੇ ਬੈਠਣਾ ਆਰੰਭ ਕਰ ਦਿੱਤਾ।

ਗੁਰੂ ਅਰਜਨ ਸਾਹਿਬ ਵੱਲੋਂ ਪੋਥੀ ਸਾਹਿਬ ਨੂੰ ਰੂਪਮਾਨ ਕਰਨ ਪਿੱਛੋ ਸਮਕਾਲੀ ਧਰਮਾ ਵਾਲਿਆਂ ਦੀਆਂ ਅੱਖਾਂ ਇਸ ਸੱਚ ਦੇ ਸੂਰਜ ਸਾਹਮਣੇ ਚੁੰਧਿਆ ਗਈਆਂ, ਜਿਸ ਕਰਕੇ ਉਹਨਾਂ ਨੂੰ ਆਪਣੇ ਪਖੰਡ ਦਾ ਅੰਤ ਸਾਫ਼ ਦਿੱਸ ਪਿਆ। ਉਹਨਾਂ ਨੂੰ ਇਹ ਵੀ ਸਮਝ ਆ ਗਈ ਸੀ ਕਿ ਜਦੋਂ ਗੁਰਬਾਣੀ ਦਾ ਪ੍ਰਚਾਰ ਪ੍ਰਸਾਰ ਹੋਵੇਗਾ ਤਾਂ ਸਾਡੇ ਵੱਲੋਂ ਧਰਮ ਦੇ ਨਾਮ ਹੇਠ ਕੀਤੇ ਜਾ ਰਹੇ ਅਧਰਮ ਦਾ ਬੁਰਕਾ ਲੀਰੋ ਲੀਰ ਹੋ ਜਾਵੇਗਾ, ਤਾਂ ਉਸ ਵੇਲੇ ਦੇ ਮੁਗਲ ਹਾਕਮ ਜਹਾਂਗੀਰ ਦੇ ਆਲੇ ਦੁਆਲੇ ਜੁੜੇ ਮਤਸਵੀ ਕਾਜੀਆਂ ਨੇ ਚੰਦੂ ਵਰਗੇ ਕਮੀਨੇ, ਹਿੰਦੂ ਨੂੰ ਨਾਲ ਰਲਾ ਕੇ ਅਜਿਹੀ ਸਾਜਿਸ਼ ਘੜੀ ਕਿ ਜਹਾਂਗੀਰ ਨੇ ਗੁਰੂ ਸਾਹਿਬ ਵਾਸਤੇ ਸਭ ਤੋਂ ਭਿਆਨਕ ਮੌਤ ਤਹਿ ਕੀਤੀ, ਪਰ ਉਹ ਨਿਮਰਤਾ ਦੇ ਸੋਮੇ ਗੁਰੂ ਅਰਜਨ ਸਾਹਿਬ ਤੱਤੀ ਤਵੀ ਉਥੇ ਬੈਠ ਕੇ ਵੀ, ਮੁੱਖੋਂ ਆਖ ਸੁਣਾ ਗਏ "ਤੇਰਾ ਭਾਣਾ ਮੀਠਾ ਲਾਗੈ" ਕਿਸੇ ਹਕੂਮਤ ਜਾਂ ਕਿਸੇ ਹਾਕਮ ਨੂੰ ਦੋਸ਼ ਦੇਣ ਦੀ ਥਾਂ ਅਜਿਹੀ ਮੌਤ ਨੂੰ ਖਿੜੇ ਮਥੇ ਕਬੂਲ ਕਰਦਿਆਂ ਸਜ਼ਾ-ਏ-ਮੌਤ ਨੂੰ ਇੱਕ ਅਜਿਹੀ ਸ਼ਹਾਦਤ ਵਿੱਚ ਬਦਲ ਗਏ ਕਿ ਜਿਸ ਨੇ ਇਤਿਹਾਸ ਨੂੰ ਹੀ ਬਦਲ ਦਿੱਤਾ। ਸੋ ਅੱਜ ਦੇ ਦਿਨ ਜਨਮਿਆ ਬਾਲਕ ਗੁਰੂ ਅਰਜਨ ਪਾਤਸ਼ਾਹ ਹੀ ਨਹੀਂ, ਸਗੋਂ ਸ਼ਹੀਦਾਂ ਦਾ ਸਿਰਤਾਜ਼ ਬਣਕੇ, ਸਿੱਖ ਕੌਮ ਅੰਦਰ ਸ਼ਹਾਦਤਾਂ ਦੇ ਮੋਢੀ ਗੁਰੂ ਵਜੋਂ ਇਤਿਹਾਸ ਵਿੱਚ ਦਰਜ਼ ਹੋ ਗਏ।

ਆਓ ਅੱਜ ਉਸ ਮਹਾਨ ਗੁਰੂ ਨੂੰ ਯਾਦ ਕਰਦਿਆਂ, ਉਹਨਾਂ ਦੀ ਨਿਮਰਤਾ ਅਤੇ ਦੂਰ ਅੰਦੇਸ਼ੀ ਨੂੰ ਸਮਝਦਿਆਂ ਆਪਣੇ ਜੀਵਨ ਦਾ ਹਿੱਸਾ ਬਣਾਈਏ ਅਤੇ ਗੁਰੂ ਨਾਨਕ ਦੇ ਘਰ ਵਿੱਚੋਂ ਪਿਆਰ, ਸੁਨੇਹ ਅਤੇ ਚਾਨਣ ਲੈ ਕੇ ਸੰਸਾਰ ਦੇ ਕੋਨੇ ਕੋਨੇ ਵਿੱਚ ਵੰਡੀਏ, ਜਿਸ ਨਾਲ ਸਾਡਾ ਜੀਵਨ ਤਾਂ ਸਫਲ ਹੋਵੇਗਾ ਹੀ, ਨਾਲ ਨਾਲ ਤਪਦੇ ਸੰਸਾਰ ਨੂੰ ਵੀ ਇਕ ਠੰਡਕ ਮਹਿਸੂਸ ਹੋਵੇਗੀ, ਫਿਰ ਅਸੀਂ ਗੁਰੂ ਅਰਜਨ ਪਾਤਸ਼ਾਹ ਦੀ ਸ਼ਹਾਦਤ ਨੂੰ ਸਮਝਣ ਦੇ ਕਾਬਿਲ ਬਣਕੇ, ਉਹਨਾਂ ਦੇ ਵਾਰਿਸ ਅਖਵਾਉਣ ਜੋਗੇ ਹੋ ਜਾਵਾਂਗੇ। ਗੁਰੂ ਰਾਖਾ !!


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top