Share on Facebook

Main News Page

ਮੋਗਾ ਘਟਨਾ ਲਈ ਸਰਕਾਰ ਅਤੇ ਗੁੰਡਾ ਬਿਰਗੇਡ ‘‘ਹਾਕਰ’’ ਜ਼ਿੰਮੇਵਾਰ
-: ਜਸਬੀਰ ਸਿੰਘ ਪੱਟੀ 93560 24684

ਅੰਮ੍ਰਿਤਸਰ 4 ਮਈ: ਪੰਜਾਬ ਦੀ ਬਾਦਲ ਸਰਕਾਰ ਦੇ ਸਿਰ ਤੇ ਸੰਕਟ ਦੇ ਬੱਦਲ ਤਾਂ ਕਾਫੀ ਲੰਮੇ ਸਮੇ ਤੋਂ ਛਾਏ ਹੋਏ ਹਨ ਪਰ ਬਾਦਲਾਂ ਦੀ ਔਰਬਿੱਟ ਬੱਸ ਸਰਵਿਸ ਦੇ ਮੁਲਾਜਮਾਂ ਵੱਲੋ ਇੱਕ ਨਾਬਾਲਿਗ ਲੜਕੀ ਨਾਲ ਛੇੜਛਾੜ ਕਰਨ ਤੋ ਬਾਅਦ ਉਸ ਨੂੰ ਤੇ ਉਸ ਦੀ ਮਾਂ ਨੂੰ ਚੱਲਦੀ ਬੱਸ ਵਿੱਚੋ ਬਾਹਰ ਸੁੱਟਣ ਉਪਰੰਤ ਜਿਹੜਾ ਸਿਆਸੀ ਜਵਾਰ ਭਾਟਾ ਪੂਰੇ ਦੇਸ਼ ਅਤੇ ਪੰਜਾਬ ਵਿੱਚ ਉਠਿਆ ਉਸ ਨੇ ਇੱਕ ਵਾਰੀ ਤਾਂ ਬਾਦਲ ਸਰਕਾਰ ਨੂੰ ਪੂਰੀ ਹਿੱਲਾ ਕੇ ਰੱਖ ਦਿੱਤਾ ਤੇ ਅਕਾਲੀ ਦਲ ਬਾਦਲ ਨੂੰ ਤਰ੍ਹਾਂ ਹਾਸ਼ੀਏ 'ਤੇ ਲਿਆ ਕੇ ਖੜਾ ਕਰ ਦਿੱਤਾ, ਪਰ ਸਿਆਸਤ ਦੇ ਬਾਬਾ ਬੋਹੜ ਤੇ ਸਿਆਸਤ ਵਿੱਚ ਪੀ.ਐਚ.ਡੀ ਦੀ ਡਿਗਰੀ ਹਾਸਲ ਕਰ ਲੈਣ ਦਾ ਦਾਅਵਾ ਕਰਨ ਵਾਲੇ ਮੁੱਖ ਮੰਤਰੀ ਸ੍ਰੀ ਪ੍ਰਕਾਸ਼ ਸਿੰਘ ਬਾਦਲ ਨੇ ਉਸ ਵੇਲੇ ਇਸ ਜਵਾਰ ਭਾਟੇ ਨੂੰ ਸ਼ਾਂਤ ਕਰਨ ਲਈ ਸ਼ਤਰੰਜ਼ੀ ਚਾਲ ਚੱਲਦਿਆਂ ਜਿਥੇ ਪੀੜਤ ਪਰਿਵਾਰ ਦੇ ਘਰ ਜਾ ਕੇ ਅਫਸੋਸ਼ ਪ੍ਰਗਟ ਕੀਤਾ, ਉਥੇ ਪੀੜਤ ਪਰਿਵਾਰ ਨੂੰ ਨੋਟਾਂ ਦੀ ਇੱਕ ਥੈਲੀ ਭੇਂਟ ਕਰਦਿਆਂ ਲੜਕੀ ਦੇ ਬਾਪ ਦੀ ਕੰਡ 'ਤੇ ਅਜਿਹਾ ਹੱਥ ਫੇਰਿਆ, ਕਿ ਇੱਕ ਦਿਨ ਪਹਿਲਾਂ ਸਰਕਾਰ ਨੂੰ ਤੱਤੀਆਂ ਗਾਲ਼੍ਹਾਂ ਕੱਢਣ ਵਾਲਾ ਸੁਖਦੇਵ ਸਿੰਘ, ਉਸੇ ਸਰਕਾਰ ਨੂੰ ਆਪਣੀ ਸਰਕਾਰ ਦੱਸਣ ਲੱਗ ਪਿਆ

ਇਸ ਕਾਂਡ ਲਈ ਸੰਘਰਸ਼ ਦੀ ਰੂਪ ਰੇਖਾ ਤਿਆਰ ਕਰਨ ਵਾਲੀ ਐਕਸ਼ਨ ਕਮੇਟੀ ਵੱਲੋ ਭਾਂਵੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਸੰਘਰਸ਼ ਲੰਮੇਰਾ ਚੱਲੇਗਾ, ਪਰ ਲੜਕੀ ਦੇ ਪਰਿਵਾਰ ਵਾਲਿਆਂ ਵੱਲੋ ਸਮਝੌਤਾ ਕਰ ਲੈਣ ਉਪਰੰਤ, ਇੱਕ ਵਾਰੀ ਤਾਂ ਸਨਾਟਾ ਛਾ ਗਿਆ, ਪਰ ਇਹ ਕਾਂਡ ਵੀ ਛੇਹਰਟਾ ਥਾਣੇਦਾਰ ਦਾ ਕਤਲ, ਫਰੀਦਕੋਟ ਕਾਂਡ ਅਕਾਲੀ ਆਗੂ ਨਿਸ਼ਾਨ ਸਿੰਘ ਵੱਲੋ ਇੱਕ ਨਾਬਾਲਗ ਕੁੜੀ ਨੂੰ ਘਰੋ ਚੁੱਕ ਕੇ ਲੈ ਜਾਣ ਵਾਂਗ ਅਕਾਲੀ ਦਲ ਬਾਦਲ ਤੇ ਸਰਕਾਰ ਦੀ ਗਲੇ ਦੀ ਪੂਰੀ ਤਰ੍ਹਾਂ ਹੱਡੀ ਬਣੇਗਾ ਤੇ ਅਗਾਮੀ ਚੋਣਾਂ ਵਿੱਚ ਲੋਕ ਅਕਾਲੀ ਦਲ ਕੋਲੋ ਹਿਸਾਬ ਕਿਤਾਬ ਜਰੂਰ ਮੰਗਣਗੇ।

ਪੰਜਾਬ ਵਿੱਚ 2800 ਪ੍ਰਾਈਵੇਟ ਬੱਸਾਂ ਦਾ ਫਲੀਟ ਚੱਲਦਾ ਹੈ, ਜਿਹਨਾਂ ਵਿੱਚੋ 400 ਤੋ ਵਧੇਰੇ ਬੱਸਾਂ ਸਿੱਧੇ ਰੂਪ ਵਿੱਚ ਬਾਦਲ ਪਰਿਵਾਰ ਦੀਆਂ ਚੱਲਦੀਆਂ ਹਨ ਜਦ ਕਿ ਕਈ ਕੰਪਨੀਆਂ ਵਿੱਚ ਬਾਦਲ ਪਰਿਵਾਰ ਦੇ ਹਿੱਸੇਦਾਰੀ ਵਿੱਚ ਹਨ। ਚੰਡੀਗੜ੍ਹ, ਬਠਿੰਡਾ, ਫਿਰੋਜਪੁਰ ਨੂੰ ਵਾਇਆ ਲੁਧਿਆਣਾ ਹੋ ਕੇ ਜਾਣ ਵਾਲੇ 140 ਰੂਟਾਂ ਵਿੱਚੋ 123 ਬੱਸਾਂ ਦੇ ਰੂਟ ਇਕੱਲੇ ਬਾਦਲ ਪਰਿਵਾਰ ਦਾ ਹੀ ਕਬਜ਼ਾ ਹੈ, ਜਦ ਕਿ ਰੋਡਵੇਜ ਤੇ ਹੋਰ ਪ੍ਰਾਈਵੇਟ ਵਾਲਿਆ ਦਾ ਹਿੱਸਾ ਆਟੇ ਵਿੱਚ ਨਮਕ ਬਰਾਬਰ ਹੈ। ਰੂਟ ਤੋ ਇਲਾਵਾ ਵੀ ਬਾਦਲ ਪਰਿਵਾਰ ਦੀਆ ਬੱਸਾਂ ਜਿਹੜੀਆ ਬਿਨਾਂ ਰੂਟ ਤੋ ਚੱਲ ਰਹੀਆਂ ਹਨ, ਉਹਨਾਂ ਦੀ ਸ਼ਾਇਦ ਗਿਣਤੀ ਕਰਨੀ ਹੀ ਆਸੰਭਵ ਹੈ।

ਬਾਦਲ ਪਰਿਵਾਰ ਦੇ ਫਰਜੰਦ ਤੇ ਹਾਕਮ ਬਾਦਲ ਪਰਿਵਾਰ ਦੇ ਸਿਆਸੀ ਵਿਰੋਧੀ ਮਨਪ੍ਰੀਤ ਸਿੰਘ ਬਾਦਲ ਨੇ ਜਿਥੇ ਸੁਖੀਬਰ ਸਿੰਘ ਬਾਦਲ ਦੀ ਬੱਸ ਕੰਪਨੀ ਦੀ ਔਕਬਿੱਟ ਬੱਸ ਨੰਬਰ ਪੀ.ਬੀ.10 ਸੀ.ਪੀ 1813 ਵਿੱਚੋ ਇੱਕ ਨਾਬਾਲਗ ਬੱਚੀ ਨੂੰ ਚਲਦੀ ਬੱਸ ਵਿੱਚੋ ਬਾਹਰ ਸੁੱਟ ਕੇ ਮਾਰਨ ਦੀ ਕਰੜੇ ਸ਼ਬਦਾਂ ਨਿਖੇਧੀ ਕਰਦਿਆਂ ਇਸ ਘਟਨਾ ਦੀ ਜਾਂਚ ਸੀ.ਬੀ.ਆਈ ਤੋ ਕਰਾਉਣ ਦੀ ਮੰਗ ਕੀਤੀ ਹੈ, ਉਥੇ ਸੱਚਾਈ ਤੋ ਪਰਦਾ ਚੁੱਕਦਿਆਂ ਉਹਨਾਂ ਨੇ ਇਹ ਵੀ ਕਿਹਾ ਕਿ ਮੁੱਖ ਮੰਤਰੀ ਸ੍ਰੀ ਪ੍ਰਕਾਸ਼ ਸਿੰਘ ਬਾਦਲ ਸਪੱਸ਼ਟ ਕਰਨ ਕਿ ਉਹਨਾਂ ਦੀਆ 4 ਬੱਸਾਂ ਤੋ 400 ਬੱਸਾਂ ਤੱਕ ਦਾ ਕਾਫਲਾ ਕਿਵੇ ਬਣ ਗਿਆ? ਇਸੇ ਤਰ੍ਹਾਂ ਕਾਂਗਰਸ ਦੇ ਪੰਜਾਬ ਪ੍ਰਧਾਨ ਸ੍ਰ ਪ੍ਰਤਾਪ ਸਿੰਘ ਬਾਜਵਾ ਨੇ ਵੀ ਬਾਦਲਾਂ ਨੂੰ ਆੜੇ ਹੱਥੀ ਲੈਦਿਆਂ ਕਿਹਾ ਕਿ ਦਿੱਲੀ ਦੀ ਤਰ੍ਹਾਂ ਸੁਖਬੀਰ ਸਿੰਘ ਬਾਦਲ èਤੇ ਵੀ ਪਰਚਾ ਦਰਜ ਹੋਵੇ, ਕਿਉਕਿ ਜਦੋਂ ਦਿੱਲੀ ਵਿੱਚ ਦਾਮਿਨੀ ਕੇਸ ਹੋਇਆ ਸੀ, ਤਾਂ ਉਸ ਸਮੇਂ ਕੁਬੇਰ ਟਰਾਂਸਪੋਰਟ ਦੇ ਮਾਲਕ ਯਾਦਵ ਤੇ ਵੀ ਪਰਚਾ ਦਰਜ ਕੀਤਾ ਗਿਆ ਸੀ ਤੇ ਉਸ ਦੀ ਟਰਾਂਸਪੋਰਟ ਵੀ ਸਸਪੈਂਡ ਕਰਕੇ, ਸਾਰੇ ਪਰਮਿਟ ਰੱਦ ਕਰ ਦਿੱਤੇ ਗਏ ਸਨ। ਉਹਨਾਂ ਕਿਹਾ ਕਿ ਇਸੇ ਪੈਟਰਨ ਨੂੰ ਮੁੱਖ ਰੱਖਦਿਆਂ ਸੁਖਬੀਰ ਸਿੰਘ ਬਾਦਲ ਨੂੰ ਵੀ ਗ੍ਰਿਫਤਾਰ ਕੀਤਾ ਜਾਵੇ ਤੇ ਔਰਬਿੱਟ ਬੱਸ ਦਾ ਸਾਰੇ ਪਰਮਿਟ ਰੱਦ ਕੀਤੇ ਜਾਣ। ਇਸ ਮਾਮਲੇ ਵਿੱਚ ਪੁਲੀਸ ਦਾ ਕਹਿਣਾ ਹੈ ਕਿ ਕੁਬੇਰ ਬੱਸ ਦਿੱਲੀ ਦੇ ਸਾਰੇ ਰੂਟ ਦੇ ਦਸਤਵੇਜ ਜਾਅਲੀ ਸਾਬਤ ਹੋਏ ਸਨ, ਜਿਸ ਕਰਕੇ ਮਾਲਕ ਦੇ ਵਿਰੁੱਧ ਵੀ 420 ਦਾ ਪਰਚਾ ਦਰਜ ਹੋਇਆ ਸੀ, ਪਰ ਇਥੇ ਅਜਿਹਾ ਨਹੀ ਹੈ ਅਤੇ ਅਸਲ ਦੋਸ਼ੀਆ ਨੂੰ ਫੜ ਕੇ ਕਨੂੰਨ ਦੇ ਹਵਾਲੇ ਕੀਤਾ ਜਾ ਚੁੱਕਾ ਹੈ।

ਰੋਡਵੇਜ਼ ਨੂੰ ਆਪਣੀਆਂ ਬੱਸਾਂ ਚਲਾਉਣ ਲਈ ਅੱਡਾ ਇੰਚਾਰਜ ਤਾਇਨਾਤ ਕਰਨੇ ਪੈਦੇ ਹਨ, ਪਰ ਪ੍ਰਾਈਵੇਟ ਬੱਸਾਂ ਨੂੰ ਚਲਾਉਣ ਲਈ ਹਾਕਰ ਰੱਖੇ ਜਾਂਦੇ ਹਨ, ਜਿਹੜੇ ਇਸ ਛਿੱਤਰ ਪੋਲੇ ਵਾਲੇ ਧੰਦੇ ਵਿੱਚ ਬੜਾ ਵੱਡਾ ਰੋਲ ਅਦਾ ਕਰਦੇ ਹਨ। ਰੋਡਵੇਜ਼ ਵਾਲਿਆਂ ਦੇ ਬੱਸ ਅੱਡਾ ਇੰਚਾਰਜ ਸਰਕਾਰੀ ਮੁਲਾਜ਼ਮ ਹੁੰਦਾ ਹੈ ਤੇ ਉਹ ਬੱਸਾਂ ਭਰਾਉਣ ਲਈ ਵਿਸ਼ੇਸ਼ ਯੋਦਗਾਨ ਪਾਉਦਾ ਹੈ, ਜਦ ਕਿ ਹਾਕਰਾਂ ਦਾ ਆਪਣਾ ਇੱਕ ਮਾਫੀਆ ਹੈ, ਜਿਹੜਾ ਗੁੰਡਾਗਰਦੀ ਦੀ ਇੰਤਹਾ ਕਰ ਦਿੰਦਾ ਹੈ। ਰੋਡਵੇਜ਼ ਵਾਲਿਆ ਦੇ ਤਰ੍ਹਾਂ ਰੂਟ ਦੇ ਹਿਸਾਬ ਨਾਲ ਬਸ ਸਟਾਪ ਬਣੇ ਹੁੰਦੇ ਹਨ, ਇਹਨਾਂ ਹਾਕਰਾਂ ਅਤੇ ਪ੍ਰਾਈਵੇਟ ਟਰਾਂਸਪੋਰਟਰਾਂ ਦੇ ਮਾਫ਼ੀਏ ਨੇ ਸੂਬੇ ‘ਚ ਗ਼ੈਰ ਕਾਨੂੰਨੀ ਬੱਸ ਸਟਾਪ ਬਣਾਏ ਹੋਏ ਹਨ, ਜਿਥੇ ਹਾਕਰ ਹਰੇਕ ਪ੍ਰਾਈਵੇਟ ਬੱਸ ਤੋਂ 20 ਤੋਂ 30 ਰੁਪਏ ਵਸੂਲਦੇ ਹਨ। ਸੂਬੇ ‘ਚ ਪਰਮਿਟ ਵਾਲੀਆ ਹਰ ਰੋਜ਼ 2,800 ਪ੍ਰਾਈਵੇਟ ਬੱਸਾਂ ਚਲਦੀਆਂ ਹਨ, ਜਿਹਨਾਂ ਵਿੱਚ ਹਾਕਰ ਮੁਸਾਫ਼ਰਾਂ ਚੜਾਉਣ ਲਈ ਹਰ ਪ੍ਰਕਾਰ ਦੇ ਹੱਥਕੰਡੇ ਵਰਤਦੇ ਹਨ ਅਤੇ ਹਰੇਕ ਬੱਸ ਨੂੰ ਰੋਕਣ ਦਾ ਸਮਾਂ ਵੀ ਇਹੋ ਹਾਕਰ ਨਿਰਧਾਰਤ ਕਰਦੇ ਹਨ। ਇਹਨਾਂ ਬੱਸਾਂ ਤੋ ਇਲਾਵਾ ਬਿਨਾਂ ਪਰਮਿਟ ਤੋ ਕਿੰਨੀਆ ਬੱਸਾ ਚੱਲਦੀਆ ਹਨ ਉਹਨਾਂ ਦਾ ਅੰਦਾਜਾ ਲਗਾਇਆ ਜਾਣਾ ਔਖਾ ਹੈ। ਇਹਨਾਂ ਹਾਕਰਾਂ ਗੁੰਡਾਗਰਦੀ ਇਥੋ ਤੱਕ ਪੁੱਜ ਗਈ ਹੈ ਕਿ ਜਿਹੜੀਆਂ ਬੱਸਾਂ ਘੱਟ ਪੈਸੇ ਦਿੰਦੀਆਂ ਹਨ ਜਾਂ ਕੋਈ ਪੈਸਾ ਨਹੀਂ ਦਿੰਦੀਆਂ ਤਾਂ ਇਹ ਹਾਕਰ ਉਨ੍ਹਾਂ ਬੱਸਾਂ ਨੂੰ ਆਪਣੇ ਅੱਡਿਆ ਤੇ ਖੜ੍ਹਨ ਵੀ ਨਹੀਂ ਦਿੰਦੇ ਅਤੇ ਇਹਨਾਂ ਦੇ ਹੁਕਮਾਂ ਦੀ ਉਲੰਘਣਾ ਕਰਨ ਵਾਲੇ ਦੀ ਡੰਡਾ ਪਰੇਡ ਕਰਨਾ ਇਹਨਾਂ ਦੇ ਖੱਬੇ ਹੱਥ ਦਾ ਕੰਮ ਹੈ।

ਔਰਬਿੱਟ ਬੱਸ ਸਰਵਿਸ ਦੇ ਮੋਗਾ ਕਾਂਡ ਤੋਂ ਬਾਅਦ ਸਰਕਾਰ ਜਾਗੀ ਅਤੇ ਉਸ ਨੇ ਬੱਸ ਮੁਸਾਫ਼ਰਾਂ ਦੀ ਸੁਰੱਖਿਆ ਲਈ ਸੁਝਾਅ ਮੰਗਣ ਵਾਸਤੇ ਮੁੱਖ ਸਕੱਤਰ ਦੀ ਅਗਵਾਈ ਹੇਠ ਇੱਕ ਕਮੇਟੀ ਗਠਨ ਕੀਤਾ ਹੈ ਜਿਸ ਦੀ ਰਿਪੋਰਟ ਦੇ ਆਧਾਰ ਤੇ ਯਾਤਰੀਆ ਦੀ ਨਵੀ ਨੀਤੀ ਬਣਾਈ ਜਾਵੇਗੀ। ਉਂਝ ਸਰਕਾਰ ਅਤੇ ਵੱਖ ਵੱਖ ਵਿਭਾਗਾਂ ਨੇ ਬੱਸਾਂ ਦੇ ਅਮਲੇ ਵੱਲੋਂ ਕੀਤੀ ਜਾਂਦੀ ਗੁੰਡਾਗਰਦੀ ਦੀਆਂ ਸ਼ਿਕਾਇਤਾਂ ਨੂੰ ਹਮੇਸ਼ਾਂ ਅਣਗੌਲਿਆਂ ਕੀਤਾ ਹੈ। ਇਸ ਸਬੰਧ ‘ਚ ਵੱਖ ਵੱਖ ਅਦਾਲਤਾਂ ‘ਚ ਕਈ ਪਟੀਸ਼ਨਾਂ ਵੀ ਪਾਈਆਂ ਗਈਆਂ ਹਨ ਜੋ ਹਾਲੇ ਵਿਚਾਰ ਅਧੀਨ ਹਨ। ਕਈ ਟਰਾਂਸਪੋਰਟ ਯੂਨੀਅਨਾਂ ਦਾ ਮੱਤ ਹੈ ਕਿ ਸਰਕਾਰ ਵੱਲੋ ਮੋਗਾ ਕਾਂਡ ਤੋ ਬਾਅਦ ਸਿਰਫ ਮੱਗਰਮੱਛ ਦੇ ਹੰਝੂ ਵਹਾਉਣ ਲਈ ਕਮੇਟੀ ਦਾ ਗਠਨ ਕੀਤਾ ਹੈ, ਜਦ ਕਿ ਯੂਨੀਅਨਾਂ ਵੱਲੋ ਦਿੱਤੀਆ ਗਈਆ ਸ਼ਕਾਇਤਾਂ ਤੇ ਜੇਕਰ ਸਰਕਾਰ ਨੇ ਧਿਆਨ ਦਿੱਤਾ ਹੁੰਦਾ ਤਾਂ ਮੋਗਾ ਕਾਂਡ ਨਹੀਂ ਵਾਪਰਨਾ ਸੀ। ਪੰਜਾਬ ਮੋਟਰਜ਼ ਐਸੋਸੀਏਸ਼ਨਜਿਸ ਵਿੱਚ ਦਰਜਨ ਤੋ ਵਧੇਰੇ ਟਰਾਂਸਪੋਰਟਾਂ ਦੇ ਮਾਲਕ ਸ਼ਾਮਲ ਹਨ ਨੇ ਪੁਲੀਸ, ਟਰਾਂਸਪੋਰਟ ਵਿਭਾਗ ਅਤੇ ਸੂਬਾ ਸਰਕਾਰ ਨੂੰ ਕਈ ਵਾਰ ਸ਼ਿਕਾਇਤਾਂ ਦਿੱਤੀਆਂ ਕਿ ਹਾਕਰਾਂ ਅਤੇ ਹੈਲਪਰਾਂ ਦਾ ਗੁੰਡਾ ਬਿਰਗੇਡ ਆਪਣੀਆਂ ਬੱਸਾਂ ਭਰਨ ਲਈ ਹਰ ਪ੍ਰਕਾਰ ਦੀ ਗੁੰਡਾਗਰਦੀ ਕਰਦਾ ਜਿਹਨਾਂ ਨੂੰ ਰੋਕਿਆ ਜਾਣਾ ਬਹੁਤ ਜਰੂਰੀ ਹੈ ਜਦ ਕਿ ਸਰਕਾਰੀ ਪੱਖ ਦੇ ਸੂਬਾ ਟਰਾਂਸਪੋਰਟ ਕਮਿਸ਼ਨਰ ਹਰਮੇਲ ਸਿੰਘ ਨੇ ਕੋਈ ਵੀ ਸ਼ਿਕਾਇਤ ਮਿਲਣ ਤੋਂ ਇਨਕਾਰ ਕਰਦਿਆ ਕਿਹਾ ਕਿ ਜੇਕਰ ਉਹਨਾਂ ਕੋਲ ਕੋਈ ਸ਼ਕਾਇਤ ਆਵੇਗੀ ਤਾਂ ਕਾਰਵਾਈ ਵੀ ਜਰੂਰ ਕੀਤੀ ਜਾਵੇਗੀ।

ਵੱਖ ਵੱਖ ਬੱਸ ਯੂਨੀਅਨਾਂ ਦੀ ਨੁਮਾਂਇਦਗੀ ਕਰਦੇ ਵਕੀਲ ਏ. ਐਸ. ਜਟਾਨਾ ਨੇ ਦੋਸ਼ ਲਾਇਆ ਕਿ ਸਰਕਾਰੀ ਟਰਾਂਸਪੋਰਟ ਵਿਭਾਗ ਨੇ ਕਈ ਰੂਟਾਂ ‘ਤੇ ਬੱਸਾਂ ਦਾ ਸਮਾਂ ਬਦਲ ਦਿੱਤਾ, ਤਾਂ ਜੋ ਅਸਰ ਰਸੂਖ ਵਾਲੇ ਬੱਸ ਆਪਰੇਟਰਾਂ ਨੂੰ ਫਾਇਦਾ ਪਹੁੰਚਾਇਆ ਜਾ ਸਕੇ। ਪੰਜਾਬ ਮੋਟਰਜ਼ ਐਸੋਸੀਏਸ਼ਨ ਦੇ ਸਕੱਤਰ ਜੇ ਐਸ ਗਰੇਵਾਲ ਨੇ ਕਿਹਾ ਕਿ ਬੱਸ ਆਪਰੇਟਰਾਂ ਵੱਲੋ ਹਾਕਰਾਂ ਨੂੰ ਗ਼ੈਰ ਕਾਨੂੰਨੀ ਬੱਸ ਸਟਾਪਾਂ ‘ਤੇ 500 ਤੋਂ 700 ਰੁਪਏ ਰੋਜ਼ ਦਾ ਗ਼ੈਰ ਕਾਨੂੰਨੀ ਗੁੰਡਾ ਟੈਕਸ ਅਦਾ ਕਰਨਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਇਹ ਮਾਮਲਾ ਕਈ ਵਾਰ ਉਠਾਇਆ ਗਿਆ ਹੈ, ਪਰ ਸਰਕਾਰ ਤੇ ਪ੍ਰਸ਼ਾਸ਼ਨ ਦੀ ਪਤਾ ਨਹੀ ਕਿਹੜੀ ਮਜਬੂਰੀ ਹੈ ਜਿਹੜੀ ਇਹਨਾਂ ਗੁੰਡੇ ਅਨਸਰਾਂ ਨੂੰ ਨੱਥ ਪਾਉਣ ਵਿੱਚ ਰੁਕਾਵਟ ਪੈਦਾ ਕਰ ਰਹੀ ਹੈ। ਉਹਨਾਂ ਕਿਹਾ ਕਿ ਹਾਕਰਾਂ ਵੱਲੋਂ ਮੁਸਾਫ਼ਰਾਂ ਨੂੰ ਪਰੇਸ਼ਾਨ ਕਰਨ ਦੀਆਂ ਪੁਲੀਸ ਕੋਲ ਕਈ ਵਾਰ ਸ਼ਿਕਾਇਤਾਂ ਕੀਤੀਆਂ ਗਈਆਂ ਹਨ ਅਤੇ ਕਈ ਵਾਰ ਕੁੜੀਆਂ ਨੂੰ ਪਰੇਸ਼ਾਨ ਕਰਨ ਦੇ ਮਾਮਲੇ ਵੀ ਹੋਏ ਪਰ ਪੁਲੀਸ ਨੇ ਵੀ ਕੋਈ ਕਾਰਵਾਈ ਨਹੀਂ ਕੀਤੀ ਗਈ ਤੇ ਮਾਮੂਲੀ ਘਟਨਾ ਦੱਸ ਤੇ ਉਸ ਸ਼ਕਾਇਤਨੂੰ ਦਰਕਿਨਾਰ ਕਰ ਦਿੱਤਾ । ਉਹਨਾਂ ਦਾ ਮੰਨਣਾ ਹੈ ਕਿ ਜੇਕਰ ਪਹਿਲਾਂ ਕਾਰਵਾਈ ਕੀਤੀ ਹੁੰਦੀ ਤਾਂ ਮੋਗਾ ਕਾਂਡ ਕਦੇ ਵੀ ਨਾ ਵਾਪਰਦਾ।

ਗੁੰਡਾ ਟੈਕਸ ਉਗਰਾਉਣ ਵਾਲੇ ਹਾਕਰਾਂ ਦੇ ਵੀ ਆਪਣੇ ਆਪਣੇ ਧੜੇ ਹੁੰਦੇ ਹਨ ਅਤੇ ਉਹ ਇਕ ਦੂਜੇ ਨਾਲ ਅਕਸਰ ਹੀ ਬੱਸਾਂ ਦੇ ਟਾਇਮ ਨੂੰ ਲੈ ਕੇ ਭਿੜਦੇ ਰਹਿੰਦੇ ਹਨ। ਲੁਧਿਆਣਾ ਨੇੜੇ ਪਿੰਡ ਜੋਧਾਂ ‘ਚ ਮਈ ਦਿਵਸ ਵਾਲੇ ਦਿਨ ਇਕ ਧੜੇ ਦੇ ਹਾਕਰਾਂ ਨੇ ਦੂਜੇ ਧੜੇ ਦੇ ਨੌਜਵਾਨ ਦਾ ਕਤਲ ਕਰ ਦਿੱਤਾ, ਜਿਹੜੀ ਇੱਕ ਨਹੀ ਕਈ ਪਰਿਵਾਰਾਂ ਦੀ ਬਰਬਾਦੀ ਦਾ ਕਾਰਨ ਬਣਿਆ। ਲੁਧਿਆਣਾ ਦੇ ਇੱਕ ਸਕੂਲ ਦੇ ਬਾਹਰ ਵੀ ਅਜਿਹੇ ਦੋ ਗੁਟਾਂ ਵਿਚਾਲੇ ਝੜਪ ਹੋਈ ਤੋ ਇੱਕ ਦੂਜੇ ਨੂੰ ਸੱਟਾਂ ਵੀ ਲੱਗੀਆ ਸਨ। ਪੰਜਾਬ ਮੋਟਰਜ਼ ਐਸੋਸੀਏਸ਼ਨ ਦੇ ਸਕੱਤਰ ਜੇ ਐਸ ਗਰੇਵਾਲ ਨੇ ਕਿਹਾ ਕਿ ਗੁੰਡਾਗਰਦੀ ਵਿੱਚ ਪਹਿਲਾਂ ਨੰਬਰ ਹਾਸਲ ਕਰਨ ਵਾਲੇ ਹਾਕਰਾਂ ਨੂੰ ਵੱਧ ਬੱਸ ਸਟਾਪ ਅਲਾਟ ਹੁੰਦੇ ਹਨ ਤੇ ਉਹਨਾਂ ਨੂੰ ਸਾਬਾਸ਼ ਵੀ ਮਿਲਦੀ ਹੈ। ਗੁੰਡਾਗਰਦੀ ਕਰਨ ਵਾਲੇ ਇਹਨਾਂ ਹਾਕਰਾਂ ਦੇ ਖਿਲਾਫ ਪੁਲੀਸ ਇਸ ਕਰਕੇ ਕੋਈ ਕਾਰਵਾਈ ਨਹੀ ਕਰਦੀ ਕਿਉਕਿ ਸਿਆਸੀ ਆਗੂ ਇਸ ਮਾਫੀਏ ਦੀ ਪੁਸ਼ਤਪਨਾਹੀ ਕਰਦੇ ਹਨ। ਔਰਬਿੱਟ ਬੱਸ ਵਿੱਚੋ ਬੱਚੀ ਨੂੰ ਧੱਕਾ ਦੇ ਕੇ ਬਾਹਰ ਸੁੱਟਣ ਵਾਲਿਆ ਵਿੱਚ ਵੀ ਕੰਡਕਟਰ ਦੇ ਨਾਲ ਨਾਲ ਇਹ ਹਾਕਰ ਲਾਣਾ ਵੀ ਸ਼ਾਮਲ ਹੈ ਜਿਹਨਾਂ ਨੂੰ ਅੱਖੋ ਪਰੋਖੇ ਕੀਤਾ ਜਾ ਰਿਹਾ ਹੈ।

ਬਾਦਲ ਸਰਕਾਰ ਨੇ ਹਾਲ ਘੜੀ ਤਾਂ ਭਾਂਵੇ ਇਸ ਜਵਾਰ ਭਾਟੇ ਨੂੰ ਸ਼ਾਤ ਕਰ ਲਿਆ ਹੈ, ਪਰ ਭਵਿੱਖ ਵਿੱਚ ਇਹ ਜਵਾਰ ਭਾਟਾ ਹਾਕਮ ਧਿਰ ਦੀ ਕਿੰਨੀ ਕੁ ਤਬਾਹੀ ਮਚਾਏਗਾ, ਇਹ ਤਾਂ ਹਾਲੇ ਭਵਿੱਖ ਦੀ ਬੁੱਕਲ ਵਿੱਚ ਛੁੱਪਿਆ ਹੈ, ਪਰ ਹਾਕਰ ਲਾਣੇ ਨੂੰ ਜੇਕਰ ਨੱਥ ਨਾ ਪਾਈ ਗਈ ਤਾਂ ਭਵਿੱਖ ਵਿੱਚ ਅਜਿਹੇ ਹੋਰ ਕਾਂਡ ਵੀ ਵਾਪਰ ਸਕਦੇ ਹਨ, ਜਿਸ ਲਈ ਸਿੱਧੇ ਰੂਪ ਵਿੱਚ ਸਰਕਾਰ ਤੇ ਪ੍ਰਸ਼ਾਸ਼ਨ ਜਿੰਮੇਵਾਰ ਹੋਵੇਗਾ।

ਰੱਬ ਖੈਰ ਕਰੇ!



Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top