Share on Facebook

Main News Page

ਖੁਦਕੁਸ਼ੀ ਕਰਨ ਨੂੰ ਕਿਸੇ ਦਾ ਦਿਲ ਕਰਦਾ, ਪਰ ਹਾਲਾਤ ਇਸ ਦੁਰਲੱਭ ਜਨਮ ਨੂੰ ਗਵਾਉਣ ਵਿੱਚ ਸਹਾਈ ਹੋ ਜਾਂਦੇ ਹਨ...!
-: ਗੁਰਿੰਦਰਪਾਲ ਸਿੰਘ ਧਨੌਲਾ 93161 76519

ਜਦੋਂ ਕੋਈ ਖੁਦਕੁਸ਼ੀ ਕਰਦਾ ਹੈ ਤਾਂ ਸੁਣ ਕੇ ਇੱਕ ਵਾਰ ਹਿਰਦਾ ਪਸੀਜ਼ ਜਾਂਦਾ ਹੈ, ਕਿ ਚੰਗਾ ਭਲਾ ਇਨਸਾਨ ਕਿਵੇ ਪਲਾਂ ਵਿੱਚ ਇਸ ਹੀਰੇ ਜਨਮ ਨੂੰ ਤਬਾਹ ਕਰ ਬੈਠਾ ਹੈ। ਗੁਰੂ ਜੀ ਨੇ ਬਾਣੀ ਵਿੱਚ ਵੀ ਫੁਰਮਾਇਆ ਹੈ ‘‘ਮਾਨੁਸ ਜਨਮੁ ਦੁਰਲਭ ਹੈ ਹੋਤਿ ਨ ਬਾਰਮੁ ਬਾਰ’’ ਇਸ ਤੋਂ ਸਪਸ਼ਟ ਹੈ ਕਿ ਮਨੁੱਖਾ ਦੇਹੀ ਦੀ ਬੜੀ ਕੀਮਤ ਹੈ ਅਤੇ ਇਹ ਵਾਰ ਵਾਰ ਨਹੀਂ ਮਿਲਦੀ, ਪਰ ਉਹ ਕਿਹੜੀ ਅਵਸਥਾ ਹੈ, ਜਦੋਂ ਮਨੁੱਖ ਕੁਦਰਤ ਦੀ ਇਸ ਅਦੁੱਤੀ ਦਾਤ ਨੂੰ ਆਪਣੇ ਹੱਥੀਂ ਖਤਮ ਕਰਨ ਤੇ ਉੱਤਰ ਆਉਂਦਾ ਹੈ। ਇਸ ਸਵਾਲ ਨੂੰ ਸਮਝਣਾ ਅਤੇ ਇਸ ਦਾ ਹੱਲ ਕਰਨਾ ਕੋਈ ਮੁਸ਼ਕਿਲ ਵੀ ਨਹੀਂ, ਬੱਸ ਥੋੜੀ ਜਿਹੀ ਹਿੰਮਤ ਕਰਨ ਦੀ ਲੋੜ ਹੈ ਅਤੇ ਜਿੱਥੇ ਕਿਤੇ ਇਹ ਖੁਦਕੁਸ਼ੀਆਂ ਸਮੂੰਹਿਕ ਰੂਪ ਵਿੱਚ ਹਨ, ਉਥੇ ਆਪਣੇ ਅੰਦਰ ਸੁੱਤੇ ਮਨੁੱਖ ਨੂੰ ਜਗਾਉਣ ਦੀ ਲੋੜ ਹੈ।

ਸ਼ੁਰੂ ਸ਼ੁਰੂ ਵਿੱਚ ਮੈਂ ਕਿਸੇ ਲੜਕੀ ਨੂੰ ਖੁਦਕੁਸ਼ੀ ਕਰਦੇ ਦੇਖਿਆ ਸੀ ਕਿ ਉਸ ਦੇ ਪਿੱਛੇ ਉਸਦਾ ਪਤੀ, ਸੱਸ ਅਤੇ ਕੁੱਝ ਹੋਰ ਲੋਕ ਤੇਜ਼ੀ ਨਾਲ ਭੱਜੇ ਆ ਰਹੇ ਸਨ, ਪਰ ਉਸ ਨੇ ਹੋਰ ਤੇਜ ਭੱਜ ਕੇ ਰੇਲ ਗੱਡੀ ਦੇ ਅੱਗੇ ਛਾਲ ਮਾਰ ਦਿੱਤੀ ਤਾਂ ਉਸ ਦੇ ਸਰੀਰ ਦੇ ਦੋ ਟੁਕੜੇ ਹੋ ਗਏ। ਮੇਰੀ ਉਮਰ ਨਿਆਣੀ ਹੋਣ ਕਰਕੇ ਮੈਂ ਬਹੁਤ ਭੈਅ ਭੀਤ ਹੋ ਗਿਆ ਅਤੇ ਇਹ ਗੱਲ ਮੇਰੇ ਮਨ ਤੋਂ ਕਈ ਮਹੀਨੇ ਉੱਤਰ ਨਾ ਸਕੀ ਤੇ ਕਦੇ ਕਦੇ ਜਦੋਂ ਮੈਂ ਇਕੱਲਾ ਬੈਠਾ ਉਸ ਨੂੰ ਚੇਤੇ ਕਰ ਲੈਂਦਾ ਸੀ ਤਾਂ ਮੈਨੂੰ ਬੜੀ ਘਬਰਾਹਟ ਹੋ ਜਾਂਦੀ ਸੀ, ਪਰ ਜਿਵੇ ਹੀ ਰਾਜਨੀਤਿਕ ਖੇਤਰ ਵਿੱਚ ਪੈਰ ਰੱਖਿਆ ਅਤੇ ਲੋਕਾਂ ਵਿੱਚ ਵਿੱਚਰਨ ਦਾ ਮੌਕਾ ਮਿਲਿਆ ਤਾਂ ਫਿਰ ਇਹ ਮੌਤਾਂ ਖੁਦਕੁਸ਼ੀਆਂ, ਇਕ ਦਿਨ ਵਿੱਚ ਵੀ ਦੋ ਜਾਂ ਵਧੇਰੇ ਵੇਖੀਆਂ ਅਤੇ ਉਹਨਾਂ ਦੇ ਪਿਛਲੇ ਹਾਲਾਤਾਂ ਨੂੰ ਸਮਝਕੇ ਇੱਕ ਅਹਿਸਾਸ ਹੋਇਆ ਕਿ ਇਸ ਵਿਚਾਰੇ ਦੀ ਜਾਂ ਵਿਚਾਰੀ ਦੀ ਜਾਨ ਆਜਾਈੰ ਹੀ ਚਲੀ ਗਈ ਹੈ, ਇਸ ਦਾ ਤਾਂ ਹੱਲ ਹੋ ਸਕਦਾ ਸੀ, ਸਿਰਫ ਛੋਟੀ ਜਿਹੀ ਗੱਲ ਪਿਛੇ ਏਨਾ ਵੱਡਾ ਫੈਸਲਾ ਲੈਣ ਦੀ ਲੋੜ ਨਹੀਂ ਸੀ, ਪਰ ਨਾਲ ਦੇ ਸਾਥੀ ਇਹ ਆਖ ਕੇ ਚੁੱਪ ਵੀ ਕਰਵਾ ਦਿੰਦੇ ਸਨ ਕਿ ਜਿਵੇ ਕਿਸੇ ਦੀ ਲਿਖੀ ਹੈ, ਉਸ ਤਰਾਂ ਹੀ ਹੋਣਾ ਹੈ, ਆਪਾ ਕੋਈ ਰੱਬ ਹਾ ਜਿਹੜੇ ਕਿਸੇ ਮੌਤ ਦਾ ਥਾਂ ਜਾਂ ਤਰੀਕਾ ਬਦਲ ਦੀ ਹੈਸੀਅਤ ਰੱਖਦੇ ਹੋਈਏ।

ਇਸ ਗੱਲ ਵਿੱਚ ਕੋਈ ਸ਼ੱਕ ਵੀ ਨਹੀਂ ਕਿ ਮੌਤ ਤਾਂ ਇੱਕ ਅਟੱਲ ਸਚਾਈ ਹੈ, ਇਸ ਦਾ ਸਮਾਂ ਸਥਾਨ ਨੀਅਤ ਹੈ, ਪਰ ਗੁਰਬਾਣੀ ਅੰਦਰ ਮੌਤ ਦੀ ਰੋਕਥਾਮ ਤਾਂ ਕੋਈ ਨਹੀਂ ਹੈ, ਲੇਕਿਨ ਇਹ ਜਰੁਰ ਹੈ ਕਿ ਇਨਸਾਨ ਆਤਮਘਾਤੀ ਬਿਰਤੀ ਤੋਂ ਜਰੂਰ ਮੁੜ ਸਕਦਾ ਹੈ ਮੌਤ ਤਾਂ ਉਸ ਸਮੇਂ ਹੀ ਹੋਣੀ ਹੈ, ਜਿਸ ਸਮੇਂ ਦਾ ਅਹਿਦਨਾਮਾ ਜੀਵ ਕਰਕੇ, ਇਸ ਕਾਇਨਾਤ ਵਿੱਚ ਆਉਂਦਾ ਹੈ, ਪਰ ਆਤਮ ਹਤਿਆ ਤੋਂ ਬਚਿਆ ਜਾ ਸਕਦਾ ਹੈ। ਇਸ ਵਾਸਤੇ ਕੁਦਰਤ ਜਿੰਮੇਵਾਰ ਨਹੀਂ, ਇਸ ਲਈ ਤਾਂ ਇਨਸਾਨ ਦਾ ਆਲਾ ਦੁਆਲਾ ਅਤੇ ਉਸ ਦੀ ਬਿਰਤੀ ਹੀ ਜਿੰਮੇਵਾਰ ਹੈ। ਕੁੱਝ ਨੌਜਵਾਨ ਲੜਕੀਆਂ ਆਤਮ ਹੱਤਿਆ ਕਰਦੀਆਂ ਹਨ, ਜਿਹੜੀਆਂ ਕਿ ਜਵਾਨੀ ਤੋਂ ਪਹਿਲੀ ਅਵਸਥਾ ਵਿੱਚ ਹੁੰਦੀਆਂ ਹਨ, ਜਿਥੇ ਉਹਨਾਂ ਦੀਆਂ ਭਾਵਨਾਵਾਂ ਦੀ ਪ੍ਰਬਲਤਾ ਹੁੰਦੀ ਹੈ ਅਤੇ ਇਹ ਅਜਿਹਾ ਸਮਾਂ ਹੁੰਦਾ ਹੈ ਕਿ ਉਸ ਲੜਕੀ ਦੀ ਮਾਂ ਨੂੰ ਵਧੇਰੇ ਧਿਆਨ ਦੇਣ ਲੋੜ ਹੁੰਦੀ ਹੈ, ਜਦੋਂ ਉਸ ਦੇ ਸਰੀਰ ਅੰਦਰ ਕੁੱਝ ਕੁਦਰਤੀ ਬਦਲਾਵ ਹੁੰਦੇ ਹਨ, ਉਸ ਨੂੰ ਇੱਕ ਸੁਚੱਜੇ ਮਾਰਗ ਦਰਸ਼ਨ ਦੀ ਲੋੜ ਹੁੰਦੀ ਹੈ। ਜਿਹੜਾ ਉਸ ਦੀ ਮਾਂ ਤੋਂ ਵੱਧਕੇ ਕੋਈ ਨਹੀਂ ਕਰ ਸਕਦਾ ਕਿਉਂਕਿ ਧੀ ਅਤੇ ਮਾਂ ਦਾ ਰਿਸ਼ਤਾ ਹੀ ਸੰਸਾਰ ਉੱਤੇ ਇੱਕ ਵੱਖਰਾ ਹੈ। ਉਸ ਦੇ ਪਿਤਾ ਨੂੰ ਵੀ ਕੁੱਝ ਸੰਭਲਣਾ ਪੈਂਦਾ ਹੈ, ਮੈਨੂੰ ਇੱਕ ਗੱਲ ਯਾਦ ਹੈ ਕਿ ਇੱਕ ਕਾਲੀ ਦਾਹੜੀ ਵਾਲਾ ਨੌਜਵਾਨ ਮੇਰੇ ਨਾਨਾ ਜੀ ਕੋਲ ਆਇਆ, ਜਿਸ ਨੇ ਚਿੱਟੀ ਪੱਗ ਬੰਨੀ ਹੋਈ ਸੀ, ਜਦੋਂ ਉਸ ਨੇ ਮੇਰੇ ਨਾਨਾ ਜੀ ਦੇ ਗੋਡੀਂ ਹੱਥ ਲਾ ਕੇ ਆਖਿਆ ਬਾਪੁ ਜੀ ਮੱਥਾ ਟੇਕਦਾ ਹਾ ਤਾਂ ਨਾਨਾ ਜੀ ਨੇ ਅਸੀਸ ਦਿੱਤੀ ਤੇ ਨਾਲ ਹੀ ਪੁੱਛਿਆ ਅੱਜ ਚਿੱਟੀ ਪੱਗ ਬੰਨ੍ਹ ਲਈ ਤੂੰ, ਤਾਂ ਉਸ ਨੇ ਜਵਾਬ ਦਿੱਤਾ ਬਾਪੂ ਜੀ ਕੱਲ ਧੀ ਜੰਮ ਪਈ ਹੈ ਤੇ ਅੱਜ ਤੋਂ ਗੁਰਦਵਾਰੇ ਜਾ ਕੇ ਸ਼ਰਾਬ ਦੀ ਸੌਂਹ ਪਾ ਦਿੱਤੀ ਹੈ ਅਤੇ ਚਿੱਟੀ ਪੱਗ ਬੰਨ੍ਹ ਲਈ ਹੈ। ਮੇਰਾ ਖਿਆਲ ਪਾਠਕਾਂ ਨੂੰ ਇਸ ਉਧਾਰਨ ਨਾਲ ਪਿਤਾ ਦੇ ਫਰਜ਼ ਦਾ ਅੰਦਾਜ਼ਾ ਲੱਗ ਗਿਆ ਹੋਵੇਗਾ।

ਲੇਕਿਨ ਅੱਜ ਜਦੋਂ ਮਾਂ ਆਪਣੀ ਧੀ ਨੂੰ ਖੁਦ ਬਿਉਟੀ ਪਾਰਲਰ ਲੈ ਕੇ ਜਾਂਦੀ ਹੈ ਅਤੇ ਆਪਣੀ ਧੀ ਦੇ ਸਰੀਰ ਉੱਤੇ ਅੱਧੇ ਕਪੜੇ ਪਾਉਣ ਤੇ ਖੁਸ਼ ਹੁੰਦੀ ਹੈ ਕਿ ਮੇਰੀ ਧੀ ਕਿੱਡੀ ਸੋਹਣੀ ਲੱਗਦੀ ਹੈ, ਪਰ ਉਸ ਨੂੰ ਇਹ ਨਹੀਂ ਪਤਾ ਹੁੰਦਾ ਕਿ ਉਹ ਆਪਣੀ ਲਾਡਲੀ ਨੂੰ ਕਿਸ ਅਸ਼ਲੀਲਤਾ ਦੇ ਸਮੁੰਦਰ ਵਿੱਚ ਧੱਕਾ ਦੇ ਰਹੀ ਹੈ। ਉਸ ਦੇ ਮਨ ਦੀਆਂ ਉਡਾਰੀਆਂ ਦੀ ਸੀਮਾਂ ਹੀ ਨਹੀਂ ਰਹਿੰਦੀ, ਫਿਰ ਜਦੋਂ ਉਹ ਸੌਹਰੇ ਘਰ ਜਾਂਦੀ ਹੈ ਤਾਂ ਉਥੇ ਉਸ ਨੂੰ ਆਪਣੀ ਹਾਲਤ ਪਿੰਜਰੇ ਵਾਲੇ ਤੋਤੇ ਵਰਗੀ ਲੱਗਦੀ ਹੈ।

ਇਸ ਤਰਾਂ ਹੀ ਨੌਜਵਾਨ ਮੁੰਡਿਆਂ ਦੀ ਮਾਪਿਆਂ ਵੱਲੋਂ ਕੀਤੀ ਬੇਧਿਆਨੀ ਵੀ ਉਹਨਾਂ ਦੀਆਂ ਖੁਦਕੁਸ਼ੀਆਂ ਦਾ ਕਾਰਨ ਬਣਦੀ ਹੈ। ਜਿਸ ਵਿੱਚ ਨਸ਼ਾਂ, ਘਰੋਂ ਬੇਲੋੜੀ ਖੁੱਲ੍ਹ ਜਾਂ ਬੇਲੋੜਾ ਦਬਾਅ ਵੀ ਖੁਦਕੁਸ਼ੀਆਂ ਨੂੰ ਹੋਂਦ ਵਿੱਚ ਲਿਆਉਂਦਾ ਹੈ। ਇਹ ਤਾਂ ਹੈ ਇੱਕ ਆਮ ਵਰਤਾਰਾ ਕਿ ਜਿੱਥੇ ਪਰਿਵਾਰਿਕ ਅਣਗਹਿਲੀਆਂ ਖੁਦਕੁਸ਼ੀਆਂ ਵਾਸਤੇ ਰਸਤੇ ਖੋਲ੍ਹ ਦਿੰਦੀਆਂ ਹਨ।

ਪਰ ਜਦੋਂ ਕੋਈ ਕਿਸਾਨ ਜਾਂ ਮਿਹਨਤਕਸ਼ ਬੰਦਾ ਖੁਦਕੁਸ਼ੀ ਕਰਦਾ ਹੈ, ਤਾਂ ਉਸ ਵੇਲੇ ਦਿਲ ਹਿਲ ਜਾਂਦਾ ਹੈ ਕਿ ਇਹ ਕਹਿਰ ਕਿਉਂ ਵਾਪਰ ਰਿਹਾ ਹੈ। ਇਸ ਪਿੱਛੇ ਕਿਸਾਨ ਦੀ ਘਰੇਲੂ ਮਜਬੂਰੀ ਜਿੰਮੇਵਾਰ ਨਹੀਂ, ਸਗੋਂ ਹਲਾਤ ਅਤੇ ਸਰਕਾਰੀ ਦੀ ਕਿਸਾਨ ਵਿਰੋਧੀ ਨੀਤੀ ਹੀ ਮੁੱਖ ਤੌਰ ਉੱਤੇ ਜਿੰਮੇਵਾਰ ਹੁੰਦੀ ਹੈ। ਕਿਸਾਨ ਨੂੰ ਅੰਨਦਾਤਾ ਵੀ ਆਖਿਆ ਜਾਂਦਾ ਹੈ, ਪਰ ਮੈਨੂੰ ਇੰਜ ਪ੍ਰਤੀਤ ਹੁੰਦਾ ਹੈ ਕਿ ਇਹ ਕਿਸਾਨ ਨਾਲ ਬੜਾ ਹੀ ਘਟੀਆ ਮਜਾਕ ਹੈ ਕਿਉਂਕਿ ਦਾਤਾ ਅਤੇ ਮੰਗਤਾ ਦੋਵੇ ਆਪਾ ਵਿਰੋਧੀ ਸ਼ਬਦ ਹਨ।

ਹਾਲੇ ਤੱਕ ਇਹ ਸਮਝ ਨਹੀਂ ਆਈ ਕਿ ਕਿਸਾਨ ਦਾਤਾ ਹੈ ਜਾਂ ਮੰਗਤਾ ਹੈ ਜਾਂ ਫਿਰ ਦੁਆਬੇ ਦੇ ਲੋਕਾਂ ਵਾਂਗੂੰ ਕਿਸਾਨ ਨਾਲ ਮਜਾਕ ਕੀਤਾ ਜਾ ਰਿਹਾ ਹੈ, ਜਿਵੇ ਦੁਆਬੇ ਵਿੱਚ ਆਮ ਹੀ ਜਿਹੜਾ ਬੰਦਾ ਸਾਹ ਪੁੱਛ ਪੁੱਛ ਲੈਂਦਾ ਹੋਵੇ ਅਤੇ ਹਵਾ ਦੇ ਬੁੱਲੇ ਨਾਲ ਉੱਡ ਜਾਣ ਦਾ ਡਰ ਹੋਵੇ, ਉਸ ਨੂੰ ਮਖੌਲ ਨਾਲ ਭਲਵਾਨ ਜੀ ਆਖਿਆ ਜਾਂਦਾ ਹੈ ਅਤੇ ਜਿਸ ਦੇ ਕੋਲ ਤੇੜ ਬੰਨ੍ਹਣ ਨੂੰ ਧੋਤੀ ਨਾ ਹੋਵੇ ਅਤੇ ਜੇਬ ਵਿੱਚ ਫੁੱਟੀ ਕੌਡੀ ਨਾ ਹੋਵੇ, ਉਸ ਨੂੰ ਮਸ਼ਕਰੀ ਨਾਲ ਸ਼ਾਹ ਜੀ ਆਖਿਆ ਜਾਂਦਾ ਹੈ। ਇਸ ਤਰਾਂ ਹੀ ਕਿਸਾਨ ਅੰਨ ਦਾਤਾ ਹੈ, ਜਿਹੜਾ ਪਹਿਲਾਂ ਤਾਂ ਰੱਬ ਤੋਂ ਮੰਗਦਾ ਹੈ ਕਿ ਸੁੱਖ ਰੱਖੀ, ਮੀਂਹ ਪਾਈ ਜਾਂ ਮੀਂਹ ਤੋਂ ਬਚਾਅ ਰੱਖੀ, ਚੱਲੋ ਇਹ ਤਾਂ ਜਰੂਰੀ ਹੈ ਤੇ ਕੁੱਝ ਬੁਰਾ ਵੀ ਨਹੀਂ, ਪਰ ਫਿਰ ਆੜ੍ਹਤੀਏ ਕੋਲੋਂ ਮੰਗਦਾ ਹੈ, ਕਦੇ ਬੋਨਸ ਮੰਗਦਾ ਹੈ, ਕਦੇ ਖਰਾਬੇ ਦਾ ਮੁਆਵਜ਼ਾ ਮੰਗਦਾ ਹੈ, ਜੇ ਕੁੱਝ ਨਾ ਮਿਲੇ ਫਿਰ ਮੌਤ ਮੰਗਦਾ ਹੈ।

ਕਿਸਾਨ ਕਿਸੇ ਮੌਸਮ ਜਾਂ ਕੁਦਰਤੀ ਕਰੋਪੀ ਤੋਂ ਨਹੀਂ ਘਬਰਾਉਂਦਾ ਅਤੇ ਉਸ ਨੂੰ ਕੁਦਰਤ ਦਾ ਭਾਣਾ ਜਾਂ ਰੱਬੀ ਦਾਤ ਸਮਝ ਕੇ ਝੋਲੀ ਪਵਾ ਲੈਂਦਾ ਹੈ, ਪਰ ਜਦੋਂ ਉਸ ਦੇ ਆਪਣੇ ਜਿਹੜੇ ਵਾਹਦੇ ਮੁਵਾਹਦੇ ਕਰਦੇ ਹਨ, ਉਹ ਅੱਖਾਂ ਫੇਰ ਲੈਣ ਅਤੇ ਉਸ ਦੇ ਸਾਹਮਣੇ ਹੀ ਸਾਰਾ ਕੁੱਝ ਬਰਬਾਦ ਹੋ ਜਾਵੇ ਤਾਂ ਫਿਰ ਖੁਦਕੁਸ਼ੀ ਤੋਂ ਸਿਵਾਏ ਕੋਈ ਚਾਰਾ ਵੀ ਨਹੀਂ ਬਚਦਾ, ਜਦੋਂ ਸੱਪਾਂ ਦੀਆਂ ਸਿਰੀਆਂ ਮਿੱਧਕੇ ਜੇਠ ਹਾੜ੍ਹ ਦੀਆਂ ਕੜਕ ਦੀਆਂ ਧੁੱਪਾਂ, ਭਾਦਰੋਂ ਦੇ ਚਮਾਸੇ, ਅਤੇ ਪੋਹ ਦੀਆਂ ਬਰਫੋਂ ਠੰਡੀਆਂ ਰਾਤਾਂ ਨੂੰ ਪਿੰਡੇ ਉੱਤੇ ਝੱਲਕੇ, ਫਸਲ ਨੂੰ ਸਿਰੇ ਲਾਉਂਦਾ ਹੈ, ਪਰ ਮੰਡੀ ਵਿੱਚ ਇੱਕ ਪਾਨ ਖਾਣਾ ਆ ਕੇ ਆਖਦਾ ਹੈ, ਇਸ ਦੀ ਕਿਸਮ ਚੰਗੀ ਹੈ, ਭਾਅ ਘੱਟ ਮਿਲੇਗਾ, ਸਰਕਾਰ ਆਖਦੀ ਹੈ ਕਿ ਬਾਰਸ਼ ਕੁਦਰਤ ਨੇ ਪਾਈ ਹੈ, ਸਰਕਾਰ ਨੇ ਨਹੀਂ, ਸਾਨੂੰ ਤਾਂ ਏਨੀ ਨਮੀ ਅਤੇ ਇਸ ਤਰ੍ਹਾਂ ਦਾ ਰੰਗ ਚਾਹੀਦਾ ਹੈ, ਫਿਰ ਪੂਰਾ ਮੁੱਲ ਮਿਲੇਗਾ।

ਜਿਹਨਾਂ ਨੂੰ ਕਿਸਾਨ ਆਪਣੇ ਹਮਦਰਦ ਸਮਝਦਾ ਹੈ, ਉਹਨਾਂ ਦੇ ਅੱਥਰੂ ਵੀ ਨਕਲੀ ਹੀ ਹੁੰਦੇ ਹਨ, ਘਰ ਧੀ ਜਵਾਨ, ਘਰਵਾਲੀ ਜਾਂ ਮਾਤਾ ਨੂੰ ਕੈਂਸਰ ਦਾ ਰੋਗ, ਮੁੰਡੇ ਦੇ ਕਲਿਜ਼ ਦੀ ਲੱਖਾਂ ਦੀ ਫੀਸ, ਟਰੈਕਟਰ ਦੀ ਕਿਸ਼ਤ, ਅਚਾਨਕ ਖਰਾਬ ਹੋਏ ਟਿਊਬਵੈਲ ਦਾ ਭਾਰ, ਜਦੋਂ ਇਹ ਸਭ ਕੁੱਝ ਪੂਰਾ ਹੁੰਦਾ ਨਹੀਂ ਦਿਸਦਾ ਅਤੇ ਘਰ ਦਾ ਬਜਟ ਮੁੰਹ ਚਿੜ੍ਹਾ ਜਾਵੇ, ਤਾਂ ਫਿਰ ਹੋਰ ਕੁੱਝ ਖਰੀਦਣ ਹੀ ਹਿੰਮਤ ਨਹੀਂ ਰਹਿੰਦੀ, ਫਿਰ ਵੀਹ ਤੀਹ ਰੁਪੈ ਦਾ ਰੱਸਾ ਜਾਂ ਸੋਲਾਂ ਕੁ ਰੁਪੈ ਦੀ ਸਲਫਾਸ ਦੀ ਗੋਲੀ ਹੀ ਖਰੀਦਣੀ ਸੌਖੀ ਲੱਗਦੀ ਹੈ, ਜਿਸ ਤੋਂ ਬਾਅਦ ਅਨੰਦ ਹੀ ਅਨੰਦ ਹੁੰਦਾ ਹੈ।

ਪਰ ਸ਼ਰਮ ਆਉਣੀ ਚਾਹੀਦੀ ਹੈ ਸਿਆਸਤ ਨੂੰ, ਨਿਜ਼ਾਮ ਨੂੰ ਅਤੇ ਸਮਾਜ ਨੂੰ ਜਿਹੜੇ ਡੁੱਬਦੀ ਕਿਸਾਨੀ ਉੱਤੇ ਸਿਰਫ ਅਥਰੂ ਵਹਾ ਰਹੇ ਹਨ ਜਾਂ ਅਖਬਾਰੀ ਬਿਆਨ ਦੇਣ ਜੋਗੇ ਹਨ, ਕੋਈ ਨੀਤੀ ਬਣਾਉਣ ਨੂੰ ਤਿਆਰ ਨਹੀਂ, ਜੇ ਇੱਕ ਕਾਰਖਾਨੇਦਾਰ ਦੇ ਕਾਰਖਾਨੇ ਨੂੰ ਲੱਗੀ ਅੱਗ ਦਾ ਮੁਆਵਜ਼ਾ ਮਿਲ ਸਕਦਾ ਹੈ ਤਾਂ ਕਿਸਾਨ ਦੇ ਖੇਤੀ ਕਾਰਖਾਨੇ ਦੀ ਕੁਦਰਤੀ ਤਬਾਹੀ ਦਾ ਮੁਆਵਜ਼ਾ ਕਿਉਂ ਨਹੀਂ ਮਿਲ ਸਕਦਾ? ਕਿਸਾਨਾਂ ਵਾਸਤੇ ਜੇ ਕੋਈ ਨੀਤੀ ਨਾ ਬਣੀ ਤਾਂ ਇਹ ਖੁਦਕੁਸ਼ੀਆਂ ਦੀ ਗਿਣਤੀ ਵਿੱਚ ਅਣਕਿਆਸਿਆ ਵਾਧਾ ਹੋਣ ਦੀ ਸੰਭਾਵਨਾ ਹੈ।

ਹਾਲੇ ਤਾਂ ਸਰਕਾਰ ਕੁਝ ਖੁਦਕੁਸ਼ੀਆਂ ਨੂੰ ਛੁਪਾ ਲੈਂਦੀ ਹੈ, ਕਿ ਪੀੜਤ ਪਰਿਵਾਰ ਨੂੰ ਆਖਿਆ ਜਾਂਦਾ ਹੈ ਕਿ ਮਰਨ ਵਾਲਾ ਮਰ ਗਿਆ, ਜੇ ਖੁਦਕੁਸ਼ੀ ਲਿਖਵਾਓਗੇ ਤਾਂ ਮਿਲਣਾ ਕੁਝ ਨਹੀਂ, ਤੁਸੀਂ ਇਹ ਲਿਖਵਾ ਦਿਓ ਕਿ ਖੇਤ ਵਿੱਚ ਕੰਮ ਕਰਦੇ, ਦਵਾਈ ਚੜ੍ਹਕੇ ਮੌਤ ਹੋਈ ਹੈ, ਕੁੱਝ ਨਾ ਕੁੱਝ ਮਿਲ ਜਾਵੇਗਾ। ਡੁੱਬਦੇ ਨੂੰ ਤਿਨਕੇ ਦੇ ਸਹਾਰੇ ਵਾਲੀ ਗੱਲ ਵਾਂਗੂੰ, ਪੀੜਤ ਪਰਿਵਾਰ ਦੁੱਖ ਦਾ ਮਾਰਿਆ ਅਤੇ ਕਰਜ਼ੇ ਦਾ ਸਤਾਇਆ ਤੇ ਢਿਡ ਦੀ ਅੱਗ ਨਾਲ ਸੜਿਆ, ਆਖੇ ਲੱਗ ਜਾਂਦਾ ਹੈ, ਪਰ ਇੱਕ ਅਪੀਲ ਕਿਸਾਨ ਭਰਾਵਾਂ ਨੂੰ ਵੀ ਹੈ ਕਿ ਕੋਈ ਵੀ ਕੰਮ ਆਪਣੀ ਆਮਦਨੀ ਦੀ ਚਾਦਰ ਤੋਂ ਬਾਹਰ ਨਾ ਜਾ ਕੇ ਕਰੋ, ਕਿਸੇ ਦੀ ਰੀਸ ਨਾਲ ਝੁੱਗਾ ਚੌੜ ਨਾ ਕਰਵਾਓ, ਖੁਦ ਵੀ ਸੰਭਲੋ ਅਤੇ ਸਰਕਾਰ ਜਾਂ ਸਿਆਸਤ ਵੀ ਸਿਰਫ ਅਖਬਾਰੀ ਬਿਆਨ ਨਾ ਦੇਵੇ, ਸਗੋਂ ਕੋਈ ਪੁਖਤਾ ਕਦਮ ਚੁੱਕ ਕੇ, ਇਹਨਾਂ ਖੁਦਕੁਸ਼ੀਆਂ ਨੂੰ ਰੋਕਣ ਦਾ ਯਤਨ ਕਰੇ।

ਗੁਰੂ ਰਾਖ਼ਾ !!



Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top