Share on Facebook

Main News Page

ਜੁਝਾਰੂ-ਵਿਦਵਤਾ ਦਾ ਅੰਮ੍ਰਿਤ ਵੇਲਾ
ਹਾਲ ਹੀ ਵਿੱਚ ਗੁਰੂ ਦੀ ਪਾਹੁਲ ਛੱਕਣ ਵਾਲੇ ਸਿੱਖ ਵਿਦਵਾਨ ਸ੍ਰ. ਅਜਮੇਰ ਸਿੰਘ ਨੂੰ ਸਮਰਪਿਤ ਇਹ ਰਚਨਾ
-: ਸ੍ਰ. ਕਰਮਜੀਤ ਸਿੰਘ ਚੰਡੀਗੜ੍ਹ

ਜੁਝਾਰੂ-ਲਹਿਰ ਨੇ ਸਾਡੇ ਉਸ ਸ਼ਾਨਾਮੱਤੇ ਇਤਿਹਾਸ ਨੂੰ ਸਾਕਾਰ ਕੀਤਾ ਹੈ, ਜੋ ਇਕ ਤਰ੍ਹਾਂ ਨਾਲ ਮੁਕੰਮਲ ਤੌਰ ’ਤੇ ਅਲੋਪ ਹੀ ਹੋ ਗਿਆ ਸੀ। ਸੰਤ ਜਰਨੈਲ ਸਿੰਘ ਇਸ ਲਹਿਰ ਦੇ ਕੇਂਦਰ ਵਿਚ ਖੜ੍ਹੇ ਹਨ। ਜੇ ਬੰਦਾ ਸਿੰਘ ਬਹਾਦਰ ਅਤੇ ਮਿਸਲਾਂ ਦਾ ਇਤਿਹਾਸ ਸਾਡੀਆਂ ਯਾਦਾਂ ਵਿਚ ਤਾਜ਼ਾ ਹੋ ਜਾਏ (ਰੱਬ ਕਰੇ, ਉਹ ਸ਼ਗਨਾਂ ਭਰਿਆ ਦਿਨ ਛੇਤੀ ਛੇਤੀ ਆਏ ਜਦੋਂ ਸਾਡੇ ਗੱਭਰੂ ਇਕ ਵਾਰ, ਹਾਂ ਇਕ ਵਾਰ ਉਸ ਇਤਿਹਾਸ ਨੂੰ ਜੇ ਕਿਤੇ ਜਾਗਦੀਆਂ ਅੱਖਾਂ ਨਾਲ ਪੜ੍ਹ ਲੈਣ) ਤਾਂ ਸਾਨੂੰ ਮਹਿਸੂਸ ਹੋਵੇਗਾ ਪਈ 200 ਸਾਲ ਮਗਰੋਂ ਜਿਸ ਯੋਧੇ ਨੇ ਖਾਲਸਾ ਪੰਥ ਦੇ ਬੰਦ ਦਰਵਾਜ਼ੇ ’ਤੇ ਦਸਤਕ ਦਿੱਤੀ ਤਾਂ ਉਹ ਯੋਧਾ ਸੰਤ ਜਰਨੈਲ ਸਿੰਘ ਹੀ ਸੀ। ਹਾਂ, ਉਹੀ ਸੀ, ਉਹੀ ਸੀ, ਹੋਰ ਕਿਸੇ ਨੇ ਇਨ੍ਹਾਂ ਸਾਲਾਂ ਵਿਚ ਉਹ ਬੰਦ ਦਰ ਨਹੀਂ ਸੀ ਖੜਕਾਇਆ।

ਅਸੀਂ ਮੰਨਦੇ ਹਾਂ ਕਿ ਜੁਝਾਰੂ-ਲਹਿਰ ਵਿਚ ਕਮਜ਼ੋਰੀਆਂ ਵੀ ਸਨ, ਵੱਡੀਆਂ ਕਮਜ਼ੋਰੀਆਂ ਹਨ, ਜੋ ਸਾਡੀਆਂ ਆਪਣੀਆਂ ਹਨ ਪਰ ਪ੍ਰਾਪਤੀਆਂ ਕਿਤੇ ਵੱਡੀਆਂ ਹਨ ਅਤੇ ਇਹ ਪ੍ਰਾਪਤੀਆਂ ਰੂਹਾਨੀ ਸੰਸਾਰ ਦੀਆਂ ਕਨਸੋਆਂ ਵੀ ਦਿੰਦੀਆਂ ਹਨ। ਜੇ ਜੁਝਾਰੂ-ਲਹਿਰ ਨੇ ਵੱਡੇ ਕ੍ਰਿਸ਼ਮੇ ਕੀਤੇ, ਹੈਰਾਨਕੁੰਨ ਚਮਤਕਾਰਾਂ ਨੂੰ ਇਸ ਧਰਤੀ ’ਤੇ ਉਤਾਰਿਆ ਤਾਂ ਜੁਝਾਰੂ-ਵਿਦਵਤਾ ਇਸ ਲਹਿਰ ਦੀ ਹਾਣੀ ਨਹੀਂ ਬਣ ਸਕੀ। ਇਸ ਦੁਖਾਂਤ ’ਤੇ ਡੂੰਘੇ ਵੈਣ ਪਾਏ ਜਾ ਸਕਦੇ ਹਨ। ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਜੁਝਾਰੂ-ਲਹਿਰ ਦੀ ਅਣਦਿਸਦੀ ਪੀੜ, ਉਸ ਦਾ ਧੁਰ ਅੰਦਰਲਾ ਦਰਦ ਜੁਝਾਰੂ-ਵਿਦਵਤਾ ਵਿਚ ਪ੍ਰਵੇਸ਼ ਨਾ ਕਰ ਸਕਿਆ। ਪਰ ਕਿਤੇ ਕਿਤੇ ਪਰ ਵਿਰਲੇ ਹਰੇ ਕਚੂਚ ਬੂਟੇ ਅਜੇ ਵੀ ਹਨ। ਇਨ੍ਹਾਂ ਵਿਚ ਸ. ਅਜਮੇਰ ਸਿੰਘ ਨੂੰ ਸਿਰਮੌਰ ਥਾਂ ਦਿੱਤੀ ਜਾ ਸਕਦੀ ਹੈ।ਉਸ ਦੀਆਂ ਰਚਨਾਵਾਂ ਇਕ ਤਰ੍ਹਾਂ ਨਾਲ ਜੁਝਾਰੂ-ਵਿਦਵਤਾ ਦਾ ਅੰਮ੍ਰਿਤ ਵੇਲਾ ਹੈ। ਇਨ੍ਹਾਂ ਰਚਨਾਵਾਂ ਨਾਲ ਜੁਝਾਰੂ-ਵਿਦਵਤਾ ਜਾਂ ਜੁਝਾਰੂ-ਵਿਵੇਕ ਦਾ ਨੀਂਹ ਪੱਥਰ ਰੱਖਿਆ ਗਿਆ ਹੈ। ਜੁਝਾਰੂ-ਵਿਦਵਤਾ ਨਾਲ ਜੁੜੇ ਖਿੰਡੇ ਪੁੰਡੇ ਲੇਖ ਜਾਂ ਕਵਿਤਾਵਾਂ ਤੁਹਾਨੂੰ ਇੱਧਰੋਂ-ਉਧਰੋਂ ਜ਼ਰੂਰ ਮਿਲ ਜਾਣਗੀਆਂ। ਪਰ ਬੱਝਵੇਂ ਰੂਪ ਵਿਚ ਇਕ ਨਰੋਈ ਸੇਧ ਦੇਣ ਵਾਲੀਆਂ, ਇਕ ਅਜਿਹੀ ਵੱਖਰੀ ਜਿਹੀ ਕਿਸਮ ਦੀ ਸੇਧ ਜਿਸ ਵਿਚ ਤਨ-ਮਨ ਰੌਸ਼ਨ ਹੋ ਜਾਣ, ਜਿਸ ਵਿਚ ਤੁਹਾਡੀ ਹਸਤੀ ਦੇ ਕਈ ਅਣਗੌਲੇ, ਅਣਕਿਆਸੇ ਪੱਖ ਰੌਸ਼ਨ ਹੋ ਜਾਣ, ਜਿਸ ਵਿਚ ਤੁਹਾਡੇ ਮਨ-ਮਸਤਕ ਵਿਚ ਜੁਝਾਰੂ-ਲਹਿਰ ਦਾ ਦਰਦ ਅਤੇ ਇਸ ਲਹਿਰ ਦਾ ਪਿਛੋਕੜ ਤਰਤੀਬਵਾਰ ਜਜ਼ਬਿਆਂ ਦੇ ਰੂਪ ਵਿਚ ਪ੍ਰਗਟ ਹੋ ਜਾਏ-ਅਜਿਹਾ ਖਿੜਿਆ ਹੋਇਆ ਤੇ ਝੰਜੋੜ ਦੇਣ ਵਾਲਾ ਉਤਸ਼ਾਹ ਅਤੇ ਜਜ਼ਬਾ ਤੁਹਾਨੂੰ ਹੋਰ ਕਿਸੇ ਰਚਨਾ ਵਿਚ ਨਹੀਂ ਮਿਲੇਗਾ। ਇਸ ਲਈ ਹੁਣ ਜਦੋਂ ਅਜਮੇਰ ਸਿੰਘ ਨੇ ਉਸ ਪਾਵਨ ਤਖ਼ਤ ਤੋਂ ਅੰਮ੍ਰਿਤ ਛਕਿਆ ਹੈ ਜਿੱਥੇ 1699 ਵਿਚ ਨੀਲੇ ਘੋੜੇ ਦੇ ਸ਼ਾਹ ਸਵਾਰ ਭਾਈ ਨੰਦ ਲਾਲ ਦੇ ਅਨੁਭਵ ਮੁਤਾਬਕ ਵਗਦੀ ਨਦੀ ਦੇ ਮਾਲਕ (ਜਾਂ-ਫਰੋਜ਼ੇ ਨਹਿਰ -ਗੁਰੂ ਗੋਬਿੰਦ ਸਿੰਘ) ਦੀ ਨੂਰਾਨੀ ਤੇਗ਼ ਲਿਸ਼ਕੀ ਸੀ, ਤਾਂ ਅਸੀਂ ਉਮੀਦ ਕਰਾਂਗੇ ਕਿ ਆਪਣੀਆਂ ਅਗਲੀਆਂ ਰਚਨਾਵਾਂ ਵਿਚ ਜੁਝਾਰੂ-ਵਿਦਵਤਾ ਵਿਚ ਰੂਹਾਨੀ ਕਿਰਨਾਂ ਦਾ ਨਿੱਘ ਵੀ ਸ਼ਾਮਲ ਹੋਏਗਾ।

ਇਹ ਜੋ ਅਸਾਂ ਜੁਝਾਰੂ-ਵਿਦਵਤਾ ਦਾ ਸ਼ਬਦ ਵਰਤਿਆ ਹੈ ਇਸ ਦਾ ਅਸਲ ਮਤਲਬ ਕੀ ਹੈ। ਜੁਝਾਰੂ-ਵਿਦਵਤਾ ਅਸਲ ਵਿਚ ਜੁਝਾਰੂ-ਲਹਿਰ ਦਾ ਸਿਧਾਂਤਕ ਪ੍ਰਗਟਾਵਾ ਹੈ ਜਾਂ ਇਉਂ ਕਹਿ ਲਓ ਕਿ ਜੁਝਾਰੂ-ਲਹਿਰ ਦੇ ਵਿਚਾਰਧਾਰਕ-ਦਰਸ਼ਨ ਹਨ। ਜੇ ਗੁਰ-ਇਤਿਹਾਸ ਦਾ ਆਸਾਰਾ ਲੈਣਾ ਹੈ ਤਾਂ ਅਸੀਂ ਕਹਾਂਗੇ ਪਈ ਇਹ ‘ਸ਼ਸਤਰ’ ਦੀ ਵਰਤੋਂ ਨੂੰ ‘ਸ਼ਾਸਤਰ’ ਵਿਚ ਪੇ਼ਸ ਕਰਨ ਦੀ ਇਕ ਕਲਾ ਹੈ, ਇਕ ਨਿਰਾਲੀ ਜੁਗਤ ਹੈ ਸਿੱਖ ਇਤਿਹਾਸ ਵਿਚ ਜਦੋਂ ਸ਼ਸਤਰ ਖਾਲਸੇ ਦੇ ਹੱਥ ਵਿਚ ਫੜਿਆ ਹੁੰਦਾ ਹੈ ਤਾਂ ਇਹ ਦੁਸ਼ਮਣ ਨਾਲ ਦੁਸ਼ਮਣੀ ਨਹੀਂ ਕਰਦਾ, ਸਗੋਂ ਉਸ ਦਾ ਸੁਧਾਰ ਕਰਦਾ ਹੈ, ਸਿੱਖ ਸ਼ਬਦਾਵਲੀ ਵਿਚ ਉਸ ਨੂੰ ਸੋਧਦਾ ਹੈ, ਉਸ ਨੂੰ ਪਸ਼ਚਾਤਾਪ ਦੀ ਸਥਿਤੀ ਵਿਚ ਵੀ ਸੁੱਟਦਾ ਹੈ। ਅਸੀਂ ਇੱਥੇ ਇਹ ਕਹਿਣਾ ਚਾਹਾਂਗੇ ਕਿ ਸਾਡੀ ਜੁਝਾਰੂ-ਲਹਿਰ ਇਕ ਉਚੀ ਜੁਝਾਰੂ-ਵਿਦਵਤਾ ਵਿਚ ਪੇਸ਼ ਨਹੀਂ ਹੋ ਸਕੀ। ਇਸ ਲਹਿਰ ਨੂੰ ਖ਼ਲਨਾਇਕ ਬਣਾ ਦਿੱਤਾ ਗਿਆ। ਇਸ ਦੀਆਂ ਕਮਜ਼ੋਰੀਆਂ ਨੂੰ ਅਸਮਾਨ ਤੱਕ ਪਹੁੰਚਾ ਦਿੱਤਾ ਗਿਆ ਜਦ ਕਿ ਪ੍ਰਾਪਤੀਆਂ ਨੂੰ ਪੂਰੀ ਤਰ੍ਹਾਂ ਢਕ ਦਿੱਤਾ ਗਿਆ। ਇਸ ਕੰਮ ਵਿਚ ਸਾਡੇ ਸ਼ਰੀਕ, ਸਾਡੇ ਵਿਰੋਧੀ ਤੇ ਸਾਡੇ ਆਪਣੇ ਕਿਸੇ ਨਾ ਕਿਸੇ ਰੂਪ ਵਿਚ, ਕਿਸੇ ਨਾ ਕਿਸੇ ਰੰਗ ਵਿਚ ਹਿੱਸੇਦਾਰ ਹਨ। ਬਹੁਤ ਸਾਰੇ ਖਾਮੋਸ਼ ਰਹਿੰਦੇ ਹਨ ਪਰ ਉਨ੍ਹਾਂ ਦੀਆਂ ਖਾਮੋਸ਼ੀਆਂ ਵਿਚ ਵੀ ਜੁਝਾਰੂ-ਲਹਿਰ ਦੇ ਵਿਰੋਧ ਦੀ ਸਰਗਰਮੀ ਵੇਖਣੀ ਸਾਡੇ ਲਈ ਕੋਈ ਮੁਸ਼ਕਲ ਨਹੀਂ ਹੈ।

ਜੁਝਾਰੂ-ਵਿਦਵਤਾ ਜੁਝਾਰੂ-ਲਹਿਰ ਨੂੰ ਨਵੇਂ ਅਰਥ ਪ੍ਰਦਾਨ ਕਰਦੀ ਹੈ, ਉਸ ਨੂੰ ਸੇਧ ਵੀ ਦਿੰਦੀ ਹੈ ਅਤੇ ਉਸ ਕੋਲੋਂ ਸੇਧ ਵੀ ਲੈਂਦੀ ਹੈ। ਇਹ ਦੋਵੇਂ ਵਰਤਾਰੇ ਇਕ ਦੂਜੇ ਨਾਲ ਗਲਵਕੜੀ ਪਾ ਕੇ ਤੁਰਦੇ ਹਨ। ਪਰ ਅਫ਼ਸੋਸ ਨਾਲ ਕਹਿਣਾ ਪੈਂਦਾ ਹੈ ਕਿ ਜੁਝਾਰੂ-ਵਿਦਵਤਾ ਜੁਝਾਰੂ-ਲਹਿਰ ਨਾਲੋਂ ਵਿਛੜੀ ਹੀ ਰਹੀ। ਇਹ ਵਿਛੋੜਾ ਕਿਉਂ ਪਿਆ, ਇਸ ’ਤੇ ਖਾਲਸਾਈ-ਬਹਿਸ ਹੋਣੀ ਚਾਹੀਦੀ ਹੈ ਪਰ ਹੋ ਨਹੀਂ ਰਹੀ। ਜਿਵੇਂ ਮਿਰਜ਼ਾ ਬਾਝ ਭਰਾਵਾਂ ਦੇ ਮਾਰਿਆ ਗਿਆ ਇਸ ਤਰ੍ਹਾਂ ਸਾਡੀ ਜੁਝਾਰੂ-ਲਹਿਰ ਵੀ ਬਾਝ-ਬੁੱਧੀਜੀਵੀਆਂ ਦੇ ਮਾਰੀ ਜਾ ਰਹੀ ਸੀ।

ਅਸੀਂ ਇਕ ਵਾਰ ਮੁੜ ਸ. ਅਜਮੇਰ ਸਿੰਘ ਦੀਆਂ ਲਿਖਤਾਂ ਵੱਲ ਪਰਤਦੇ ਹਾਂ, ਜਿਸ ਨੇ ਜੁਝਾਰੂ-ਵਿਦਵਤਾ ਦੀ ਲੋੜ ਅਤੇ ਇਸ ਦੀ ਇਤਿਹਾਸਕ ਅਹਿਮੀਅਤ ਨੂੰ ਪਛਾਣਿਆ ਵੀ ਅਤੇ ਪੇਸ਼ ਵੀ ਕੀਤਾ। ਅਸੀਂ ਇਹ ਨਹੀਂ ਕਹਿੰਦੇ ਕਿ ਉਸ ਦੀਆਂ ਰਚਨਾਵਾਂ ਨਾਲ ਖਾਲਸਾਈ-ਵਿਦਵਤਾ ਭਰ ਜੋਬਨ ਦੇ ਵਿਹੜੇ ਵਿਚ ਦਾਖਲ ਹੋ ਗਈ ਹੈ। ਉਸ ਨੇ ਤਾਂ ਇਸ ਵਿਦਵਤਾ ਦਾ ਉਦਾਘਟਨ ਹੀ ਕੀਤਾ ਹੈ।ਸੱਚ ਤਾਂ ਇਹ ਹੈ ਕਿ ਮਿਸਲਾਂ ਦੇ ਦੌਰ ਦੀਆਂ ਵੱਡੀਆਂ ਪ੍ਰਾਪਤੀਆਂ ਵੀ ਵਿਸ਼ਾਲ ਕੈਨਵਸ ’ਤੇ ਜੁਝਾਰੂ-ਵਿਦਵਤਾ ਵਿਚ ਪੂਰੀ ਤਰ੍ਹਾਂ ਪੇਸ਼ ਨਹੀਂ ਹੋ ਸਕੀਆਂ, ਉਥੇ ਵੀ ਬਹੁਤਾ ਕਰਕੇ ਬੇਗਾਨਿਆਂ ਨੇ ਜਾਂ ਹੋਰਨਾਂ ਨੇ ਸਾਡੇ ਕਾਰਨਾਮਿਆਂ ਦੇ ਗੀਤ ਗਾਏ ਹਨ। ਪਰ ਸਾਡੇ ਆਪਣਿਆਂ ਵਿਚੋਂ ਬਹੁਤ ਘੱਟ ਹਨ ਜਿਨ੍ਹਾਂ ਅੰਦਰ ਜੁਝਾਰੂ-ਵਿਦਵਤਾ ਦੇ ਵਿਗਾਸ ਦੀ ਰੀਝ ਨੇ ਜਨਮ ਲਿਆ ਹੋਵੇ।

ਸ. ਅਜਮੇਰ ਸਿੰਘ ਨੇ ਜੁਝਾਰੂ-ਵਿਦਵਤਾ ਨੂੰ ਸਿਧਾਂਤਕ ਬਰੀਕੀਆਂ ਵਿਚ ਪੇਸ਼ ਕੀਤਾ ਹੈ। ਉਸ ਦੀ ਪਹਿਲੀ ਪੁਸਤਕ ਵੀਹਵੀਂ ਸਦੀ ਦੇ ਸਿੱਖ ਇਤਿਹਾਸ ਦੀ ਯਾਦ ਨੂੰ ਸਾਡੇ ਅੰਦਰ ਤਾਜ਼ਾ ਕਰ ਦਿੰਦੀ ਹੈ। ਪਰ ਉਦਾਸ ਵੀ ਕਰਦੀ ਹੈ। ਪਰ ਇਹ ਉਦਾਸੀ ਢੇਰੀ ਢਾਹ ਕੇ ਬੈਠਣ ਵਾਲੀ ਨਹੀਂ ਸਗੋਂ “ਅਗਾਂਹ ਕੁ ਤ੍ਰ਼ਾਂਘ” ਦੇ ਆਦਰਸ਼ ਵੱਲ ਪ੍ਰੇਰਦੀ ਹੈ। ਅਸੀਂ ਉਦਾਸ ਉਦੋਂ ਹੁੰਦੇ ਹਾਂ ਜਦੋਂ ਕਿਤਾਬ ਦੇ ਟਾਈਟਲ ਦਾ ਛੋਟਾ ਸਿਰਲੇਖ ਸਾਨੂੰ ਇਹ ਖ਼ਬਰ ਦਿੰਦਾ ਹੈ ਕਿ ਵੀਹਵੀਂ ਸਦੀ ਵਿਚ ਖਾਲਸਾ ਪੰਥ ਦਰਅਸਲ ਇਕ ਗੁਲਾਮੀ ਤੋਂ ਨਿਕਲ ਕੇ ਦੂਜੀ ਗੁਲਾਮੀ ਵਿਚ ਪ੍ਰਵੇਸ਼ ਕਰ ਗਿਆ ਹੈ ਜਾਂ ਦੂਜੇ ਲਫਜਾਂ ਵਿਚ ਅਸੀਂ ਇਕ ਹਨ੍ਹੇਰੇ ਕਮਰੇ ਵਿਚੋਂ ਲੰਘ ਕੇ ਅਗਲੇ ਜਿਸ ਕਮਰੇ ਵਿਚ ਦਾਖਲ ਹੋਏ, ਉਹ ਪਹਿਲਾਂ ਨਾਲੋਂ ਵੀ ਘੁੱਪ ਹਨ੍ਹੇਰੇ ਵਾਲਾ ਕਮਰਾ ਸੀ। ਇਹ ਛੋਟਾ ਸਿਰਲੇਖ ਸਾਡੇ ਹੰਝੂਆਂ ਨੂੰ ਇਕ ਨਵੀਂ ਵੰਗਾਰ ਨਾਲ ਲੈਸ ਕਰਦਾ ਹੈ।

ਦੂਜੀ ਕਿਤਾਬ ਦਾ ਸਿਰਲੇਖ ਜਿੱਥੇ ਸਾਨੂੰ ਦਸਮੇਸ਼ ਪਿਤਾ ਵੱਲੋਂ ਬਖਸਿ਼ਸ਼ ਵਿਚ ਮਿਲੀ ਪਾਤਸ਼ਾਹੀ ਦੇ ਰੁਲ ਜਾਣ ਦੇ ਕਾਰਨਾਂ ’ਤੇ ਝਾਤ ਪਾਉਂਦਾ ਹੈ, ਉਥੇ ਛੋਟਾ ਸਿਰਲੇਖ ‘ਅਬ ਨਹੀ ਰਾਖਤ ਪਾਤਸ਼ਾਹੀ ਦਾਅਵਾ’ ਪੜ੍ਹ ਕੇ ਸਾਡੇ ਹੰਝੂ ਸਾਡੀ ਲੀਡਰਸਿ਼ਪ ਨੂੰ ਕਟਹਿਰੇ ਵਿਚ ਖੜ੍ਹਾ ਕਰ ਦਿੰਦੇ ਹਨ। ਉਸ ਦੀ ਤੀਜੀ ਪੁਸਤਕ 1984 ਦੇ ਸਾਕੇ ਦੀ ਦਰਦ ਭਿੱਜੀ ਦਾਸਤਾਨ ਹੈ ਅਤੇ ਜਿਹੜੇ ਜ਼ੁਲਮ, ਜਿਹੜੇ ਕਹਿਰ ਅਤੇ ਜਿਹੜੀ ਹਨ੍ਹੇਰੀ ਉਸ ਦੌਰ ਵਿਚ ਸਾਡੇ ’ਤੇ ਝੁੱਲੀ ਅਤੇ ਜਿਨ੍ਹਾਂ ਨੇ ਇਹ ਜ਼ੁਲਮ ਕੀਤੇ, ਉਨ੍ਹਾਂ ਬਾਰੇ ਅਜਮੇਰ ਸਿੰਘ ਦਰਦ ਭਿੱਜੀ ਚਿਤਵਾਨੀ ਦਿੰਦੀ ਹੋਇਆ ਖਾਲਸਾ ਪੰਥ ਨੂੰ ਹੋਕਾ ਦੇ ਰਿਹਾ ਹੈ ਕਿ ਭਾਈ, ਇਹ ਜ਼ੁਲਮ ਕਿਤੇ ਭੁਲਾ ਨਾ ਦੇਣਾ ਅਤੇ ਨਾਲ ਇਹ ਵੀ ਯਾਦ ਰੱਖਣਾ ਕਿ ਇਹ ਜ਼ੁਲਮ ਬਖਸ਼ਣ ਦੇ ਵੀ ਯੋਗ ਨਹੀਂ। ਇਹੋ ਜਿਹੀਆਂ ਰਚਨਾਵਾਂ ਸਾਨੂੰ ਉਨ੍ਹਾਂ ਕਿਤਾਬਾਂ ਵੱਲ ਲੈ ਜਾਂਦੀਆਂ ਹਨ ਜਿਨ੍ਹਾਂ ਨੂੰ ਪੜ੍ਹ ਕੇ ਅਸੀਂ ਨਵੀਂ ਰੌਸ਼ਨੀ ਨਾਲ ਸਰਸ਼ਾਰ ਹੋ ਕੇ ਅੱਗੇ ਵਧਦੇ ਹਾਂ। ਚੌਥੀ ਕਿਤਾਬ ਗ਼ਦਰ ਪਾਰਟੀ ਲਹਿਰ ਦੀ ਸਾਚੀ ਸਾਖੀ ਹੈ ਜਿਸ ਵਿਚ ਸੱਚੀ ਗੱਲ ਤਾਂ ਇਹੀ ਹੈ ਕਿ ਉਸ ਲਹਿਰ ਵਿਚ ਸਿੱਖ ਹੀ ਨਾਇਕ ਬਣ ਕੇ ਉਭਰਦੇ ਹਨ ਪਰ ਜਿਨ੍ਹਾਂ ਲੋਕਾਂ ਨੇ ਇਸ ਰੋਲ ਨੂੰ ਖੋਹ ਲਿਆ ਹੈ, ਉਨ੍ਹਾਂ ਲੋਕਾਂ ਦਾ ਅਤੇ ਉਨ੍ਹਾਂ ਦੇ ਰਵੱਈਏ ਅਤੇ ਇਤਿਹਾਸ ਪ੍ਰਤੀ ਉਨ੍ਹਾਂ ਦੀ ਸਮਝ, ਬੇਵਫ਼ਾਈ ਤੇ ਪਹੁੰਚ ਦਾ ਵੀ ਸ਼ਾਇਦ ਨਿੱਖਰਵੇਂ ਰੂਪ ਵਿਚ ਪਹਿਲੀ ਵਾਰ ਪ੍ਰਗਟਾਵਾ ਹੋਇਆ ਹੈ। ਇੰਝ ਅਜਮੇਰ ਸਿੰਘ ਦੀਆਂ ਇਨ੍ਹਾਂ ਰਚਨਾਵਾਂ ਨਾਲ ਜੁਝਾਰੂ-ਵਿਦਵਤਾ ਨਵੇਂ ਦੌਰ ਵਿਚ ਦਾਖਲ ਹੋਈ ਹੈ, ਵਿਦਵਤਾ ’ਤੇ ਨਵੀਂ ਪ੍ਰਭਾਤ ਚੜ੍ਹੀ ਹੈ, ਇਹ ਉਸ ਦੀ ਵੱਡੀ ਪ੍ਰਾਪਤੀ ਹੈ।

ਸ. ਅਜਮੇਰ ਸਿੰਘ ਦੀ ਜੁਝਾਰੂ-ਵਿਦਵਤਾ ਦੇ ਸਰਸਬਜ਼ ਚਸ਼ਮੇ ਕਿਹੜੇ ਕਿਹੜੇ ਹਨ ਜਿਹੜੇ ਦਿਸਦੇ ਅਤੇ ਅਣਦਿਸਦੇ ਰੂਪ ਵਿਚ ਉਸ ਦੀਆਂ ਰਚਨਾਵਾਂ ਦੇ ਆਰ-ਪਾਰ ਛਾਏ ਹਨ।ਸਾਡੀ ਸਮਝ ਮੁਤਾਬਕ ਗੁਰੂ ਗ੍ਰੰਥ ਸਾਹਿਬ, ਦਸ ਗੁਰੂ ਸਾਹਿਬਾਨ ਦਾ ਜੀਵਨ ਪੈਂਡਾ, ਖਾਲਸਾ ਪੰਥ ਦਾ ਇਤਿਹਾਸ, ਸ. ਹਰਿੰਦਰ ਸਿੰਘ ਮਹਿਬੂਬ ਦਾ ਸਹਿਜੇ ਰਚਿਓ ਖਾਲਸਾ, ਝਨਾ ਦੀ ਰਾਤ, ਇਲਾਹੀ ਨਦਰ ਦੇ ਪੈਂਡੇ, ਸ. ਜਗਜੀਤ ਸਿੰਘ ਦੀ ਇਤਿਹਾਸਕ ਰਚਨਾ ਸਿੱਖ ਇਨਕਲਾਬ, ਪ੍ਰੋ. ਪੂਰਨ ਸਿੰਘ ਦੀਆਂ ਰਚਨਾਵਾਂ ਅਤੇ ਕਿਤੇ ਨਾ ਕਿਤੇ ਡਾ. ਗੁਰਭਗਤ ਸਿੰਘ ਅਤੇ ਸਿਰਦਾਰ ਕਪੂਰ ਸਿੰਘ ਉਸ ਦੀ ਜੁਝਾਰੂ-ਵਿਦਵਤਾ ਨੂੰ ਬਹੁਪੱਖੀ ਰੰਗਾਂ ਨਾਲ ਇਕ ਸਦੀਵੀ ਤਾਜ਼ਗੀ ਪ੍ਰਦਾਨ ਕਰਦੇ ਹਨ

ਸਾਨੂੰ ਉਮੀਦ ਹੈ ਕਿ ਜੁਝਾਰੂ-ਵਿਦਵਤਾ ਦੀਆਂ ਨਵੀਆਂ ਕਰੂੰਬਲਾਂ ਫੁੱਟਣਗੀਆਂ ਅਤੇ ਫੁੱਟ ਵੀ ਰਹੀਆਂ ਹਨ ਜੋ ਆਪਣੇ-ਆਪਣੇ ਰੰਗਾਂ ਦਾ ਇਕ ਨਵਾਂ ਗੁਲਦਸਤਾ ਸਾਡੇ ਸਾਹਮਣੇ ਲਿਆਉਣੀਆਂ ਜਿਸ ਦੀ ਗੁਆਚੀ ਤੇ ਭੁੱਲੀ ਖੁਸ਼ਬੋ ਨੂੰ ਅੱਜ ਦੀ ਹਾਲਤਾਂ ਵਿਚ ਫੈਲਿਆ ਹੋਇਆ ਅਸੀਂ ਦੇਖਾਂਗੇ। ਸਾਡੀਆਂ ਉਮੀਦਾਂ ਨੇ ਅਜੇ ਦਮ ਨਹੀਂ ਤੋੜਿਆ।



Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top