Share on Facebook

Main News Page

ਅਜਹੂ ਸਮਝਿ ਕਛੁ ਬਿਗਰਿਓ ਨਾਹਿਨਿ !’ (ਮੋਗਾ ਕਾਂਡ ਦੇ ਸੰਦਰਭ ‘ਚ)
-: ਗੁਰਤੇਜ ਸਿੰਘ (ਸਾਬਕਾ ਆਈ. ਏ. ਐਸ.)

ਚਾਰ ਪੰਜ ਦਿਨ ਪਹਿਲਾਂ ਪੰਜਾਬ ਦੀ ਧਰਤੀ ਉੱਤੇ ਉਹ ਹੋਇਆ ਜੋ ਕਿਸੇ ਧਰਤੀ ਉੱਤੇ ਨਹੀਂ ਹੋਣਾ ਚਾਹੀਦਾ ਸੀ। ਮਾਂ ਦੇ ਪਰਛਾਵੇਂ ਬੈਠੀ ਇੱਕ ਗਰੀਬ ਬੱਚੀ ਦੀ ਪਤ ਨੂੰ ਕਿਸੇ ਜ਼ਮੀਰ ਫ਼ਰੋਸ਼, ਕੌਮ ਫ਼ਰੋਸ਼, ਪੱਥਰ-ਦਿਲ ਤਾਨਾਸ਼ਾਹ ਦੇ ਚਾਰ ਗੁੰਡਿਆਂ ਨੇ ਹੱਥ ਪਾਇਆ ਅਤੇ ਆਖਰ ਓਸ ਨੂੰ ਮਾਂ ਸਮੇਤ ਚੱਲਦੀ ਬੱਸ ਵਿੱਚੋਂ ਬਾਹਰ ਸੁੱਟ ਕੇ ਮਾਰ ਦਿੱਤਾ। ਮਾਂ ਬਚ ਰਹੀ। ਇਹ ਤਾਂ ਹਿੰਦੋਸਤਾਨ ਲਈ ਵਿਲੱਖਣ ਘਟਨਾ ਨਹੀਂ ਜਿੱਥੇ ਵੱਡੇ-ਵੱਡੇ ਦੇਵਤਿਆਂ ਅਤੇ ਰਿਸ਼ੀਆਂ-ਮੁਨੀਆਂ ਨੂੰ ਵੀ ਹਵਸ ਵਿੱਚ ਅੰਨ੍ਹੇ ਸ਼ਾਤਰਾਂ ਨੇ ਧਰਮ ਗ੍ਰੰਥਾਂ ਵਿੱਚ ਬਲਾਤਕਾਰੀ ਪ੍ਰਗਟ ਕੀਤਾ ਹੈ। ਪੰਜਾਬ ਤਾਂ ਉਹਨਾਂ ਦੀ ਖ਼ਾਸ ਧਰਤੀ ਹੈ ਜਿਨ੍ਹਾਂ ਨੇ ਔਰਤਾਂ ਦੀ ਆਬਰੂ ਅਤੇ ਮਨੁੱਖੀ ਅਣਖ ਨੂੰ ਮਹਿਫੂਜ਼ ਰੱਖਣ ਲਈ ਸਦੀਆਂ ਬੱਧੀ ਰੱਤ ਦੇ ਕੁੰਗੂ ਭਰ-ਭਰ ਪਾਏ। ਬੱਚੀ ਦੇ ਦਰਦ ਦੀ ਚੀਸ ਸਦੀਆਂ ਤੱਕ ਉਹਨਾਂ ਦੇ ਦਿਲਾਂ ਨੂੰ ਬੇਹਾਲ ਕਰਦੀ ਰਹੇਗੀ ਜਿਹੜੇ ਜਾਣਦੇ ਹਨ ਕਿ ਏਸ ਕਾਰੇ ਦੇ ਦਰਜਨ ਕੁ ਗਵਾਹ ਕੰਨੀਂ ਬੁੱਜੇ ਦੇ ਕੇ, ਅੱਖਾਂ ਉੱਤੇ ਪੱਟੀ ਬੰਨ੍ਹ ਕੇ ਕਿਸੇ ਪਖੰਡੀ ਦੇ ਬਾਂਦਰਾਂ ਵਾਂਗ ਬੈਠੈ ਰਹੇ, ਪਰ ਓਸ ਅਭਾਗੀ ਬੱਚੀ ਅਤੇ ਓਸ ਦੀ ਮਾਂ ਦੀ ਰੱਖਿਆ ਲਈ ਕੁਝ ਨਾ ਕਰ ਸਕੇ। ਕੀ ਪੰਜਾਬ ਦੇ ਨਿਰਮਲ ਪਾਣੀ ਵਿੱਚ ਏੇਨੇਂ ਮਾਰੂ ਕਿਰਮ ਪੈ ਚੁੱਕੇ ਹਨ? ਕੀ ਏਸ ਦੀ ਬੁੱਧੀ ਏਸ ਹੱਦ ਤੱਕ ਭ੍ਰਿਸ਼ਟੀ ਜਾ ਚੁੱਕੀ ਹੈ?

ਮਾਨਵ ਪੱਖੀ ਹਰ ਦਿਲ ਰੋਇਆ। ਹਰ ਜਿਊਂਦੇ ਮਨੁੱਖ ਨੇ ਲਾਅਣਤਾਂ ਪਾਈਆਂ। ਕਈਆਂ ਵੱਡੀ ਪੱਧਰ ਉੱਤੇ ਜ਼ਿੰਮੇਵਾਰ ਹਾਕਮਾਂ, ਜੋ ਬੱਸ ਦੇ ਮਾਲਕ ਵੀ ਹਨ, ਦੇ ਸਿਆਪੇ ਕੀਤੇ। ਮੀਡੀਆ ਦਾ ਪ੍ਰਚਾਰ ਸਿਖਰਾਂ ਛੂਹ ਗਿਆ। ਆਖ਼ਰ ਉਹ ਹੋਇਆ ਜਿਸ ਦੀ ਤਵੱਕੋ ਨਹੀਂ ਸੀ। ਆਪਣੀ ਕੌਮੀ ਹੋਣੀ ਨੂੰ ਪਿੱਠ ਦੇ ਕੇ, ਆਪਣੇ ਲੋਕਾਂ ਦੇ ਇਹਨਾਂ ਦੀ ਮਿਲੀਭੁਗਤ ਨਾਲ ਵੀਟੇ ਖ਼ੂਨ ਉੱਤੇ ਸੱਤਾ ਦੀਆਂ ਕੁਰਸੀਆਂ ਡਾਹ ਕੇ ਬੈਠੇ ਹਾਕਮਾਂ ਦੇ ਪੱਥਰ ਦਿਲ ਵੀ ਪਸੀਜ ਗਏ। ਉਹਨਾਂ ਆਖਿਆ, ਹੁਣ ਕੁਝ ਘੰਟੇ ਇਹ ਖ਼ੂਨੀ ‘ਬੱਸਾਂ ਨਹੀਂ ਚਲਾਵਾਂਗੇ, ਇੱਕ-ਅੱਧ ਦਿਨ ਸੂਬੇ ਦੀਆਂ ਬੱਸਾਂ ਨੂੰ ਮੁਨਾਫ਼ਾ ਕਮਾਉਣ ਦੇਵਾਂਗੇ’। ਵੱਡਾ ਹਾਕਮ ਬੋਲਿਆ ਇਹ ਸ਼ਰਮਨਾਕ ਕਾਰਾ ਸੀ, ਦੋਸ਼ੀਆ ਨੂੰ ਯੋਗ ਸ਼ਜਾ ਦੇਵਾਂਗੇ’। ਓਸ ਦੇ ਛੋਟੇ ਵਜ਼ੀਰ ਅਤੇ ਨਹੁੰਦਰਾਂ ਮਾਰ ਕੇ ਪੰਜਾਬ ਦੇ ਜਿਸਮ ਵਿੱਚੋਂ ਰੱਤ ਚੋਣ ਵਾਲੇ ‘ਕੁੱਤਿਆਂ’ ਨੇ ਓਸ ਦੀ ਦਰਿਆ-ਦਿਲੀ, ਗਰੀਬ-ਨਵਾਜ਼ੀ ਦੇ ਸੋਹਲੇ ਗਾਏ। ਕਈ ਕਹਿੰਦੇ ਸੁਣੇ ਗਏ ਕਿ ਜੋ ਦਿਲ ਤਖ਼ਤ ਦੇ ਖੰਡਰ, ਰੈਫਰੈਂਸ ਲਾਇਬ੍ਰੇਰੀ ਦੇ ਖ਼ੌਫ਼ਨਾਕ ਮੰਜ਼ਰ ਅਤੇ ਪੰਜਾਬ ਦੇ ਪਾਣੀ ਦੀ ਬੇਕਿਰਕ ਲੁੱਟ ਨੂੰ ਵੇਖ ਕੇ ਬਾਘੀਆਂ ਪਾ ਰਹੇ ਹਨ, ਉਹ ਇੱਕ ਬੱਚੀ ਉੱਤੇ ਤਰਸ ਨਹੀਂ ਕਰ ਸਕਦੇ; ਮਹਿਜ਼ ਸਮੇਂ ਨੂੰ ਧੱਕਾ ਲਾ ਕੇ ਜਿੱਲ੍ਹਣ ਵਿੱਚੋਂ ਕਾਹਲ ਨਾਲ ਨਿਕਲ ਕੇ ਆਪਣੇ ਕਾਰੋਬਾਰ ਲਈ ਮਾਹੌਲ ਸੁਖਾਵਾਂ ਬਨਾਉਣ ਲਈ ਲੋਕਾਂ ਦੇ ਅੱਖੀਂ ਘੱਟਾ ਪਾ ਰਹੇ ਹਨ।

ਇਹ ਜਿਵੇਂ ਵੀ ਹੋਵੇ, ਪੰਜਾਬ ਦੀ ਹੋਣੀ ਲਈ ਫ਼ਿਕਰਮੰਦ ਲੋਕਾਂ ਦੇ ਵਿਚਾਰਨ ਲਈ ਏਸ ਘਟਨਾ ਵਿੱਚ ਬੜਾ ਕੁਝ ਹੈ। ਜੇ ਸਮੇਂ ਸਿਰ ਵਿਚਾਰਿਆ ਨਾ ਗਿਆ, ਤਾਂ ਅੱਗੇ ਏਸ ਤੋਂ ਵੀ ਭਿਆਨਕ ਗੁੱਲ ਖਿੜਨਗੇ। ਅਜਿਹੇ ਗੁੰਡੇ ਜਿਹੜੇ ਭੈਣਾਂ, ਮਾਈਆਂ, ਬੇਟੀਆਂ ਦਾ ਲਿਹਾਜ਼ ਨਹੀਂ ਰੱਖਦੇ, ਜਿਹੜੇ ਸ਼ਰਮ ਹਯਾ ਮਹਿਸੂਸ ਨਹੀਂ ਕਰਦੇ, ਕਿਵੇਂ ਇੱਕਦਮ ਪੰਜਾਬ ਵਿੱਚ ਪਣਪ ਪਏ। ਇਹਨਾਂ ਦਾ ਬੀਜ ਨਾਸ਼ ਕਰਨ ਲਈ ਤਾਂ ਕਿਸੇ ਸਰਬੰਸਦਾਨੀ ਨੇ ਸਦੀਆਂ ਪਹਿਲਾਂ ਅੰਮ੍ਰਿਤ ਦਾ ਛੱਟਾ ਦਿੱਤਾ ਸੀ! ਉਹਨਾਂ ਦਸ-ਬਾਰਾਂ ਨਿਰਪੱਖ ਸਵਾਰੀਆਂ ਦਾ ਮਨੁੱਖੀ ਹਮਦਰਦੀ ਦਾ ਖ਼ੂਨ ਕਿਵੇਂ ਉਹਨਾਂ ਦੀਆਂ ਰਗਾਂ ਵਿੱਚ ਠੰਡਾ ਹੋ ਗਿਆ? ਓਸ ਨੂੰ ਤਾਂ ਸਦਾ ਗਰਮ ਰੱਖਣ ਲਈ ਕੋਈ ਅਰਜਣ (ਗੁਰੂ) ਤੱਤੀਆਂ ਤਵੀਆਂ ਉੱਤੇ ਬੈਠਿਆ ਸੀ? ਉਹ ਖੂਨ ਮੁੱਕ ਕਿਵੇਂ ਗਿਆ, ਓਸ ਦਾ ਅਮੁੱਕ ਸੋਮਾ ਤਾਂ ਗੁਰੂ ਤੇਗ਼ ਬਹਾਦਰ ਚਾਦਨੀਂ ਚੌਕ ਵਿੱਚ ਆਪਣਾ ਖੂਨ ਡੋਲ੍ਹ ਕੇ ਸਦਾ ਲਈ ਨੱਕੋ-ਨੱਕ ਭਰ ਗਿਆ ਸੀ?

ਸਥਾਈ ਸੱਭਿਆਚਾਰਕ ਬਹੁਗਿਣਤੀ ਦੇ ਮਨਸੂਬਿਆਂ ਨੂੰ ਭਾਂਪ ਕੇ ਸਾਡੇ ਵੱਡੇ ਦਾਨਸ਼ਵਰ, ਮਹਾਂ ਮਾਨਵ ਕਪੂਰ ਸਿੰਘ ਆਖਦੇ ਸਨ,’ਸਿੱਖੀ ਨੂੰ ਖਤਮ ਕਰਨ ਦੀ ਨੀਤੀ ਤਿਆਗ ਦਿਉ। ਮਤ ਸਮਝੋ ਕਿ ਸਿੱਖੀ ਦੇ ਕੁੰਡੇ ਤੋਂ ਮੁਕਤ ਹੋ ਕੇ ਇਹ ਨੌਜਵਾਨ ਹਿੰਦ ਦੇ ਜ਼ਰ ਖਰੀਦ ਗੁਲਾਮ ਬਣ ਜਾਣਗੇ। ਇਹ ਬੰਦਸ਼ਾਂ ਟੁੱਟਣਗੀਆਂ ਤਾਂ ਮਾਰਾਂ, ਧਾੜਿਆਂ, ਅਨਿਆਂ, ਧੱਕਿਆਂ ਉੱਤੇ ਸਦੀਆਂ ਤੋਂ ਪਲ਼ੀ ਖੂੰਖਾਰ ਮਾਨਸਿਕਤਾ ਫੇਰ ਇਹਨਾਂ ਵਿੱਚ ਉਜਾਗਰ ਹੋ ਜਾਵੇਗੀ। ਇਹ ਸਾਰੀ ਹਿੰਦ ਅਤੇ ਗਵਾਂਢੀ ਖਿੱਤਿਆਂ ਨੂੰ ਇੱਕ ਦਿਨ ਵੀ ਚੈਨ ਦੀ ਨੀਂਦ ਨਹੀਂ ਸੌਣ ਦੇਣਗੇ।’ ਇਹ ਤਾਂ ਪਤਾ ਨਹੀਂ ਕਿ ਸਿਰਦਾਰ ਦੀ ਪੇਸ਼ੀਨਗੋਈ ਸੱਚੀ ਸਾਬਤ ਹੋਣ ਦਾ ਦਿਨ ਆਣ ਪਹੁੰਚਿਆ ਹੈ ਜਾਂ ਨਹੀਂ ਪਰ ਕਿਵੇਂ ਬਹੁਗਿਣਤੀ ਨੇ ਏਸ ਨੂੰ ਨੇੜੇ ਕਰਨ ਲਈ ਤਰੱਦਦ ਕੀਤਾ ਹੈ, ਦਾ ਇਤਿਹਾਸ ਸੰਸਾਰ ਦੀਆਂ ਅੱਖਾਂ ਦੇ ਸਾਹਮਣੇ ਹੈ।

ਪਹਿਲਾਂ ਘੱਟੋ ਘੱਟ 42 ਗੁਰਦ੍ਵਾਰਿਆਂ ਉੱਤੇ ਬੇ-ਕਿਰਕ ਫ਼ੌਜੀ ਹਮਲੇ ਕਰ ਕੇ ਸਿੱਖੀ ਦੀ ਆਸਥਾ ਨੂੰ ਸੱਟ ਮਾਰੀ ਗਈ। ਸੰਤ ਬਾਬਾ ਜਰਨੈਲ ਸਿੰਘ ਖ਼ਾਲਸਾ ਵਰਗੇ ਸਿੱਖਾਂ ਦੇ ਆਗੂਆਂ ਨੂੰ ਤੋਪਾਂ ਦੇ ਗੋਲਿਆਂ, ਟੈਕਾਂ ਦੀ ਸਹਾਇਤਾ ਨਾਲ ਖ਼ਤਮ ਕਰ ਕੇ ਕੌਮ ਨੂੰ ਆਗੂ ਰਹਿਤ ਕੀਤਾ ਗਿਆ। ਫ਼ੇਰ ਅਗਾਂਹ ਨੂੰ ਅਜਿਹੇ ਲੋਕਾਂ ਦੀ ਪੈਦਾਇਸ਼ ਨੂੰ ਰੋਕਣ ਲਈ ‘ਵੱਖਵਾਦੀ-ਅੱਤਵਾਦੀ’ ਦਾ ਢੰਡੋਰਾ ਖ਼ੂਬ ਪਿੱਟਿਆ ਗਿਆ। ਨੌਜਵਾਨੀ ਨੂੰ ਲੱਚਰਤਾ, ਨਸ਼ਿਆਂ ਦੀ ਲਤ ਲਗਵਾ ਕੇ ਉਹਨਾਂ ਦੇ ਖੂਨ ਵਿੱਚ ਜ਼ਹਿਰ ਬੀਜਿਆ ਗਿਆ। ਸਿਆਸੀ ਆਗੂ ਉਹ ਥੋਪੇ ਗਏ ਜਿਨ੍ਹਾਂ ਦੇ ਡੋਗਰਾ-ਕਿਰਦਾਰ ਉੱਤੇ ਰਤਾ ਸ਼ੱਕ ਨਹੀਂ ਸੀ। ਅਕਾਲੀ ਦਲ ਨੂੰ ਪੰਜਾਬੀ ਪਾਰਟੀ ਵਿੱਚ ਤਬਦੀਲ ਕਰ ਕੇ ‘ਅਨ ਰੁਤ ਨਾਹੀ ਨਾਹੀ’ ਦੀ ਕੂਕ ਸੁਣਦਿਆਂ-ਸੁਣਦਿਆਂ ਬੇ-ਮੌਸਮੇ ਰਾਗ ਅਲਾਪਣ ਵਾਲੇ, ਤਿੰਨ ਫੁੱਟੀਆਂ ਕ੍ਰਿਪਾਨਾਂ ਅਤੇ ਪੰਜ ਫੁੱਟੇ ਨੇਜਿਆਂ ਵਾਲਿਆਂ ਨੂੰ ਹਾਰ-ਸ਼ਿੰਗਾਰ ਕੇ ਸਿਆਸੀ ਪਿੜ ਵਿੱਚ ਆਪਣੇ ਅਸਲ ਅਕੀਦਿਆਂ ਨੂੰ ਖ਼ਤਮ ਕਰਨ ਵਾਲੇ ਦਿਸ਼ਾਹੀਣ ਆਗੂਆਂ ਦੀ ਫ਼ੌਜ ਉਤਾਰੀ ਗਈ। ਦਰਿਆਈ ਪਾਣੀ ਲੁੱਟ ਕੇ ਪੰਜਾਬ ਦੇ ਭਵਿੱਖ ਨੂੰ ਸਦਾ ਲਈ ਤਬਾਹ ਕੀਤਾ ਗਿਆ। ਕਿਰਸਾਨੀ, ਜੋ ਸਾਡੇ ਸਮਾਜ ਦੀ ਰੀੜ੍ਹ ਦੀ ਹੱਡੀ ਹੈ, ਨੂੰ ਨੇਸਤੋ-ਨਾਬੂਦ ਕਰਨ ਲਈ ਅਨੇਕਾਂ ਹਰਬੇ ਵਰਤੇ ਗਏ। ਬੇਰੁਜ਼ਗਾਰੀ ਦੇ ਦੈਂਤ ਨੂੰ ਪੰਜਾਬ ਦੀ ਫ਼ਿਜ਼ਾ ਵਿਗਾੜਨ ਲਈ ਖੁੱਲ੍ਹੀ ਛੱੁਟੀ ਦਿੱਤੀ ਗਈ। ਅਕਾਲ ਤਖ਼ਤ ਉੱਤੇ ਸਦੀਵੀ ਗੁਲਾਮਾਂ ਦਾ ਕਬਜ਼ਾ ਕਰਵਾਇਆ ਗਿਆ। ਮੰਜੀ ਸਾਹਿਬ ਦੇ ਦਿਵਾਨ ਬੰਦ ਕਰ ਕੇ, ਸਦੀਵੀ ਪੰਜ ਪਿਆਰਿਆਂ ਦੇ ਜਿੰਨ ਨੂੰ ਲੋਕਾਂ ਦੇ ਜਜ਼ਬਿਆਂ ਨੂੰ ਕਾਬੂ ਰੱਖਣ ਲਈ ਸਥਾਪਤ ਕੀਤਾ ਗਿਆ।

ਪੰਜਾਬ ਦੇ ਮੀਡੀਆ ਦੀ ਲਗਾਮ ਕੱਸ ਕੇ ਕੇਵਲ ਲੋਟੂਆਂ, ਕਾਰੋਬਾਰੀ ਸਿਆਸਤਦਾਨਾਂ, ਭ੍ਰਿਸ਼ਟ ਕਰਮਚਾਰੀਆਂ ਦੀਆਂ ਕਰਤੂਤਾਂ ਉੱਤੇ ਪਰਦੇ ਪਾਉਣ ਅਤੇ ਜ਼ਾਲਮ ਹਾਕਮਾਂ ਦੀ ਪੁਸ਼ਤ ਪਨਾਹੀ ਕਰਨ ਦਾ ਕੰਮ ਸੌਂਪਿਆ ਗਿਆ। ਬਾਕੀ ਦਾ ਰਹਿੰਦਾ ਕੰਮ ਅਸੀਂ ਧੜਿਆਂ ਵਿੱਚ ਡੱਬਾ ਬੰਦ ਹੋ ਕੇ, ਚੋਣਾਂ ਦਾ ਬਾਈਕੌਟ ਕਰ ਕੇ ਆਪਣੇ-ਆਪ ਕਰ ਲਿਆ।

ਏਥੇ ਬੱਸ ਨਹੀਂ, ਯੂਨੀਵਰਸਿਟੀਆਂ ਚੰਦ ਮੂਰਿਆਂ ਨੂੰ ਸੌਂਪ ਕੇ ਵਿੱਦਿਅਕ ਪ੍ਰਣਾਲੀ ਦਾ ਖਾਤਮਾ ਕਰ ਕੇ, ਅਧਿਆਤਮਕ ਪੱਖੋਂ ਬੌਣੇ ਅਤੇ ਹੰਕਾਰ ਪੱਖੋਂ ਦਿਓ-ਕੱਦ ਮਨੁੱਖਾਂ ਦੀਆਂ ਸਤਿਕਾਰ ਕਮੇਟੀਆਂ ਬਣਾ ਕੇ ਅਤੇ ਟਕਸਾਲਾਂ ਵਿੱਚ ਗੁਲਾਮੀ ਦੇ ਡਹੇ ਧਾਰੀਆਂ ਨੂੰ ਸਥਾਪਤ ਕਰ ਕੇ ਅਸੀਂ ਆਪਣੇ ਪੈਰੀਂ ਆਪ ਕੁਹਾੜੇ ਮਾਰੇ।

ਵਿਨਾਸ਼ ਏਨਾਂ ਨੇੜੇ ਹੈ, ਕਿ ਜੇ ਅਸੀਂ ਅਜੇ ਵੀ ਇਹਨਾਂ ਲਾਮਾਂ ਤੋਂ ਮੁੜੇ ਨਾ ਤਾਂ ਚੁੰਝਾਂ ਨੂੰ ਸਵਾਰਦੀਆਂ ਗਿਰਝਾਂ ਪੰਜਾਬ ਦੇ ਖੁੱਲ੍ਹੇ ਅਸਮਾਨ ਮੱਲ ਲੈਣਗੀਆਂ ਅਤੇ ਲਹੂ ਦੀਆਂ ਤਿਹਾਈਆਂ ਕਲਜੋਗਣਾਂ ਪ੍ਰੌਮੀਥੀਅਸ ਵਾਂਗ ਪੰਜਾਬ ਦੇ ਸੀਨੇ ਦਾ ਮਾਸ ਨੋਚਣ ਲਈ ਹੋਰ ਨੇੜੇ ਹੋ ਜਾਣਗੀਆਂ। ਵੱਡੇ ਹਠੀਆਂ ਦੇ ਪੰਜਾਬ, ‘ਅਜਹੂ ਸਮਝਿ ਕਛੁ ਬਿਗਰਿਓ ਨਾਹਿਨਿ!’



Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top