Share on Facebook

Main News Page

ਕਹੇ ਜਾਂਦੇ ਦਸਮ ਗ੍ਰੰਥ ਬਾਰੇ ਇਕ ਹੱਡ-ਬੀਤੀ
-:
ਦਵਿੰਦਰ ਸਿੰਘ ਆਰਟਿਸਟ, ਖਰੜ
ਮੋਬਾਇਲ: 91-97815-09768

ਇਕ ਦਿਨ ਦੀ ਗੱਲ ਹੈ, ਮੇਰਾ ਇਕ ਦੋਸਤ ਜਿਹੜਾ ਕਿ ਸਿੰਘ ਸਜਿਆ ਹੋਇਆ ਹੈ, ਮੇਰੇ ਕੋਲ ਆ ਕੇ ਬੈਠ ਗਿਆ| ਮੈਂ ਉਸ ਨੂੰ ਇਕ ਪਰਚਾ ਪੜ੍ਹਨ ਲਈ ਦਿੱਤਾ| ਇਸ ਪਰਚੇ ਉਪਰ ਮੋਟੇ ਅੱਖਰਾਂ ਵਿਚ ਸਿਰਲੇਖ ਵਜੋਂ ਲਿਖਿਆ ਸੀ, ਕੀ ਤੁਸੀਂ ਦੱਸ ਸਕਦੇ ਹੋ? ਇਸ ਤੋਂ ਅੱਗੇ ਕਹੇ ਜਾਂਦੇ ਦਸਮ ਗ੍ਰੰਥ ਬਾਰੇ ਹੋਰ ਵੀ ਕਈ ਸਵਾਲ ਲਿਖੇ ਹੋਏ ਸਨ| ਜਿਵੇਂ ਕਿ :-

1. ਕਹੇ ਜਾਂਦੇ ਦਸਮ ਗ੍ਰੰਥ ਦਾ ਲਿਖਾਰੀ ਕੌਣ ਹੈ ?
ਇਹ ਸਵਾਲ ਪੜ੍ਹ ਕੇ ਮੇਰਾ ਦੋਸਤ ਝੱਟ ਬੋਲਿਆ, “
ਇਹ ਵੀ ਕੋਈ ਖਾਸ ਗੱਲ ਹੈ, ਦਸਮ ਗ੍ਰੰਥ ਦਾ ਲਿਖਾਰੀ ਗੁਰੂ ਗੋਬਿੰਦ ਸਿੰਘ ਹੀ ਤਾਂ ਹੈ|” ਮੈਂ ਉਸ ਦਾ ਇਹ ਉੱਤਰ ਸੁਣ ਕੇ ਬਹੁਤ ਹੈਰਾਨ ਹੋਇਆ| ਮਨ ਵਿਚ ਸੋਚਿਆ ਜੇਕਰ ਉਸ ਨੂੰ ਗੁਰਮਤਿ ਦੀ ਜਾਣਕਾਰੀ ਹੋਈ ਤਾਂ ਉਹ ਆਪਣੇ ਪਹਿਲੇ ਉੱਤਰ ਨੂੰ ਜ਼ਰੂਰ ਰੱਦ ਕਰ ਦੇਵੇਗਾ| ਇਸ ਫ਼ੈਸਲੇ ਦੀ ਉਡੀਕ ਵਿਚ ਮੈਂ ਉਸ ਨੂੰ ਕਿਹਾ, ਅੱਗੇ ਹੋਰ ਵੀ ਸਵਾਲ ਹਨ, ਉਨ੍ਹਾਂ ਦੇ ਜਵਾਬ ਵੀ ਦਿਉ|
2.    
ਕੀ ਕਹੇ ਜਾਂਦੇ ਦਸਮ ਗ੍ਰੰਥ ਦੀਆਂ ਰਚਨਾਵਾਂ ਨੂੰ ਗੁਰਬਾਣੀ ਕਿਹਾ ਜਾ ਸਕਦਾ ਹੈ ?
3.    ਕੀ ਕਹੇ ਜਾਂਦੇ ਦਸਮ ਗ੍ਰੰਥ ਉੱਤੇ ਚੰਦੋਆ ਲਗਾਇਆ ਜਾ ਸਕਦਾ ਹੈ ?
4.    
ਕੀ ਕਹੇ ਜਾਂਦੇ ਦਸਮ ਗ੍ਰੰਥ ਦਾ ਪ੍ਰਕਾਸ਼ ਗੁਰਦੁਆਰਿਆਂ ਜਾਂ ਘਰਾਂ ਵਿਚ ਕੀਤਾ ਜਾ ਸਕਦਾ ਹੈ ?
5.    ਕੀ ਕਹੇ ਜਾਂਦੇ ਦਸਮ ਗ੍ਰੰਥ ਨੂੰ ਮੱਥਾ ਟੇਕਿਆ ਜਾ ਸਕਦਾ ਹੈ ?
6.    
ਕੀ ਕਹੇ ਜਾਂਦੇ ਦਸਮ ਗ੍ਰੰਥ ਦੀਆਂ ਦੇ ਅਖੰਡ ਪਾਠ/ਸਹਿਜ ਪਾਠ ਕੀਤੇ ਜਾ ਸਕਦੇ ਹਨ ?
7.    ਕੀ ਕਹੇ ਜਾਂਦੇ ਦਸਮ ਗ੍ਰੰਥ ਅੱਗੇ ਅਰਦਾਸ ਕੀਤੀ ਜਾ ਸਕਦੀ ਹੈ ?
8.    
ਕੀ ਕਹੇ ਜਾਂਦੇ ਦਸਮ ਗ੍ਰੰਥ ਵਿਚੋਂ ਹੁਕਮਨਾਮਾ ਲਿਆ ਜਾ ਸਕਦਾ ਹੈ ?
9.    ਕੀ ਕਹੇ ਜਾਂਦੇ ਦਸਮ ਗ੍ਰੰਥ ਨੂੰ ਹਰ ਉਮਰ ਦਾ ਵਿਅਕਤੀ (ਬੱਚਾ/ਜਵਾਨ/ਬੁੱਢਾ-ਇਸਤ੍ਰੀ ਜਾਂ ਪੁਰਸ਼) ਪੜ੍ਹ ਸਕਦਾ ਹੈ ?
10.  
ਕੀ ਕਹੇ ਜਾਂਦੇ ਦਸਮ ਗ੍ਰੰਥ ਦਾ ਪਾਠ ਪਰਵਾਰ ਵਿਚ ਬੈਠ ਕੇ ਕੀਤਾ ਜਾ ਸਕਦਾ ਹੈ ?
11.  ਕਹੇ ਜਾਂਦੇ ਦਸਮ ਗ੍ਰੰਥ ਤੋਂ ਸਾਨੂੰ ਕੀ ਸਿੱਖਿਆ ਮਿਲਦੀ ਹੈ ?
12.  
ਕੀ ਕਹੇ ਜਾਂਦੇ ਦਸਮ ਗ੍ਰੰਥ ਦਾ ਪਾਠ ਲਾਊਡ ਸਪੀਕਰਾਂ ਰਾਹੀਂ ਕੀਤਾ ਜਾ ਸਕਦਾ ਹੈ ?
13.  ਜੇਕਰ ਹਾਂ ਤਾਂ ਕੀ ਕਹੇ ਜਾਂਦੇ ਦਸਮ ਗ੍ਰੰਥ ਦੀਆਂ ਹੇਠ ਲਿਖੀਆਂ ਰਚਨਾਵਾਂ ਲਾਊਡ ਸਪੀਕਰ ਰਾਹੀਂ ਆਪਣੇ ਪਰਵਾਰ ਅਤੇ ਸੰਗਤ ਵਿਚ ਪੜ੍ਹ ਕੇ ਸੁਣਾ ਸਕਦੇ ਹੋ ?

ਉਸ ਨੇ ਉਪਰੋਕਤ ਸਾਰੇ ਸਵਾਲ ਪੜ੍ਹਣੇ ਸ਼ੁਰੂ ਕਰ ਦਿੱਤੇ ਪਰ ਉਨ੍ਹਾਂ ਦੇ ਜਵਾਬ ਨਾ ਦਿੱਤੇ| ਜਿਉਂ ਜਿਉਂ ਉਹ ਉਹ ਸਵਾਲ ਪੜ੍ਹਦਾ ਗਿਆ ਤਿਉਂ ਤਿਉਂ ਇਹ ਸਵਾਲ ਉਸ ਨੂੰ ਇਹ ਅਹਿਸਾਸ ਕਰਾ ਰਹੇ ਸਨ ਕਿ ਇਸ ਗ੍ਰੰਥ ਵਿਚ ਜ਼ਰੂਰ ਕੋਈ ਗੜਬੜ ਹੈ| ਇਨ੍ਹਾਂ ਸਾਰੇ ਸਵਾਲਾਂ ਦੇ ਅਖ਼ੀਰ ਵਿਚ ਕਹੇ ਜਾਂਦੇ ਦਸਮ ਗ੍ਰੰਥ ਦੀਆਂ ਗੰਦੀਆ ਅਤੇ ਕਾਮ-ਉਕਸਾਊ ਰਚਨਾਵਾਂ ਲਿਖੀਆਂ ਹੋਈਆਂ ਸਨ| ਇਸ ਲੇਖ ਵਿਚ ਉਨ੍ਹਾਂ ਰਚਨਾਵਾਂ ਨੂੰ ਛਾਪਣਾ ਠੀਕ ਨਾ ਸਮਝਦੇ ਹੋਏ, ਇਸ ਗ੍ਰੰਥ ਵਿਚਲੀਆਂ ਉਹ ਰਚਨਾਵਾਂ  ਜਿੱਥੇ ਜਿੱਥੇ ਦਰਜ ਹਨ, ਉਨ੍ਹਾਂ ਦਾ ਕੇਵਲ ਪੰਨਾ ਨੰਬਰ ਹੀ ਦਿੱਤੇ ਜਾ ਰਹੇ ਹਨ| ਸਮਝਦਾਰ ਮਨੁੱਖ ਲਈ ਕੇਵਲ ਇਸ਼ਾਰਾ ਹੀ ਕਾਫ਼ੀ ਹੁੰਦਾ ਹੈ, ਕਿਉਂਕਿ ਇਸ ਲੇਖ ਨੇ ਹਰ ਮਾਤਾ-ਪਿਤਾ, ਧੀ-ਭੈਣ, ਭੈਣ-ਭਾਈ ਅਤੇ ਭੋਲੇ-ਭਾਲੇ ਬੱਚਿਆਂ ਨੇ ਪੜ੍ਹਨਾ ਹੈ| ਇਹ ਗੰਦੀਆਂ ਅਤੇ ਕਾਮ-ਉਕਸਾਊ ਰਚਨਾਵਾਂ ਕਹੇ ਜਾਂਦੇ ਦਸਮ ਗ੍ਰੰਥ ਦੇ ਕਰਮਵਾਰ ਪੰਨਾ ਨੰ:1082, 1352, 832, 1280, 1342, 1010, 899 èਤੇ ਦਰਜ ਹਨ| ਇਹ ਰਚਨਾਵਾਂ ਕੇਵਲ ਸਬੂਤ ਮਾਤਰ ਹਨ| ਇਨ੍ਹਾਂ ਤੋਂ ਇਲਾਵਾਂ ਹੋਰ ਵੀ ਬੇਅਤ ਰਚਨਾਵਾਂ ਹਨ, ਜਿਹੜੀਆਂ ਇਸ ਗ੍ਰੰਥ ਵਿਚ ਦਰਜ ਹਨ| ਜੇਕਰ ਕੋਈ ਆਪਣਾ ਭੁਲੇਖਾ ਦੂਰ ਕਰਨਾ ਚਾਹੁੰਦਾ ਹੈ ਤਾਂ ਕਹੇ ਜਾਂਦੇ ਦਸਮ ਗ੍ਰੰਥ ਨੂੰ ਪੜ੍ਹ ਕੇ ਆਪਣੀ ਤਸੱਲੀ ਕਰ ਸਕਦਾ ਹੈ|

ਜਦੋਂ ਮੇਰੇ ਦੋਸਤ ਨੇ ਪੰਨਾ ਨੰ:1082 ਦੀ ਕੇਵਲ ਇਕ ਹੀ ਅਸ਼ਲੀਲ ਰਚਨਾ ਪੜ੍ਹੀ ਤਾਂ ਉਸ ਦੀ ਸਿੱਖੀ-ਆਤਮਾ ਕੰਬ ਉੱਠੀ| ਉਸ ਨੇ ਅੱਖਾਂ ਬੰਦ ਕਰ ਲਈਆਂ ਅਤੇ ਵਾਹਿਗੁਰੂ…….ਵਾਹਿਗੁਰੂ…….ਵਾਹਿਗੁਰੂ ਕਹਿਣਾ ਸ਼ੁਰੂ ਕਰ ਦਿੱਤਾ| ਮੈਂ ਉਸ ਨੂੰ ਪੁਛਿਆ, “ਕੀ ਗੱਲ ਕਰੰਟ ਲੱਗਿਆ ?” ਮੇਰਾ ਸਵਾਲ ਸੁਣ ਕੇ ਉਹ ਗੁੱਸੇ ਵਿਚ ਬੋਲਿਆ, “ਇਹ ਨਹੀਂ ਹੋ ਸਕਦਾ|” ਮੈਂ ਉਸ ਨੂੰੰ ਫਿਰ ਪੁਛਿਆ, “ਕੀ ਨਹੀਂ ਹੋ ਸਕਦਾ?” ਉਸ ਨੇ ਦਾਅਵੇ ਨਾਲ ਕਿਹਾ, “ਇਨ੍ਹਾਂ ਰਚਨਾਵਾਂ ਦਾ ਲਿਖਾਰੀ ਗੁਰੂ ਗੋਬਿੰਦ ਸਿੰਘ ਨਹੀਂ ਹੋ ਸਕਦਾ|” ਉਸ ਨੂੰ ਯਾਦ ਕਰਵਾਇਆ ਕਿ ਭਾਈ ਸਾਹਿਬ ਹੁਣੇ ਤਾਂ ਤੁਸੀਂ ਕਹਿ ਰਹੇ ਸੀ,“ਇਸ ਗ੍ਰੰਥ ਦਾ ਲਿਖਾਰੀ ਗੁਰੂ ਗੋਬਿੰਦ ਸਿੰਘ ਹੈ|” ਹੁਣ ਤਹਾਨੂੰ ਕੀ ਹੋ ਗਿਆ ਹੈ ? ਉਸ ਨੇ ਹੋਰ ਰਚਨਾਵਾਂ ਨੂੰ ਪੜ੍ਹਨਾ ਪਸੰਦ ਨਾ ਕੀਤਾ ਤੇ ਮੇਰੇ ਕੋਲੋਂ ਉੱਠ ਕੇ ਚਲਾ ਗਿਆ| ਉਸ ਨੂੰ ਆਪਣੀ ਗ਼ਲਤੀ ਦਾ ਅਹਿਸਾਸ ਹੋ ਗਿਆ ਕਿ ਅੱਜ ਬਹੁਤ ਵੱਡੀ ਭੁੱਲ ਹੋ ਗਈ ਹੈ| ਮੈਂਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੋਈ ਕਿ ਮੇਰਾ ਦੋਸਤ ਹੀ ਨਹੀਂ ਸਗੋਂ ਇਕ ਗੁਰਸਿੱਖ ਭਾਈ ਜਲਦੀ ਹੀ ਇਸ ਗ੍ਰੰਥ ਦੀ ਅਸਲੀਅਤ ਨੂੰ ਸਮਝ ਗਿਆ ਹੈ|

ਕੁੱਝ ਦਿਨਾਂ ਮਗਰੋਂ ਉਹੀ ਦੋਸਤ ਮੈਂਨੂੰ ਫਿਰ ਮਿਲ ਗਿਆ| ਉਸ ਨੂੰ ਫ਼ਤਹਿ ਬੁਲਾਉਣ ਤੋਂ ਬਾਅਦ ਮੈਂ ਕਿਹਾ, “ਕਹੇ ਜਾਂਦੇ ਦਸਮ ਗ੍ਰੰਥ ਦੀਆਂ ਹੋਰ ਰਚਨਾਵਾਂ ਪੜ੍ਹਨੀਆਂ ਹਨ ਜਾਂ ਨਹੀਂ ?” ਇਹ ਗੱਲ ਸੁਣ ਕੇ ਉਸ ਨੇ ਕਿਹਾ, “ਮੇਰੇ ਕੋਲ ਅੱਗੇ ਤੋਂ ਦਸਮ ਗ੍ਰੰਥ ਦੀ ਕੋਈ ਗੱਲ ਨਹੀਂ ਕਰਨੀ|” ਮੈਂ ਉਸ ਨੂੰ ਕਿਹਾ , ਠੀਕ ਹੈ ਪਰ ਇਕ ਗੱਲ ਦੱਸੋ, ਜੇਕਰ ਤੁਹਾਨੂੰ ਇਸ ਅਸ਼ਲੀਲ ਗ੍ਰੰਥ ਤੋਂ ਐਨੀ ਨਫ਼ਰਤ ਹੋ ਗਈ ਹੈ ਤਾਂ ਤੁਸੀਂ ਅੰਮ੍ਰਿਤ-ਸੰਚਾਰ (ਖੰਡੇ-ਬਾਟੇ ਦੀ ਪਾਹੁਲ) ਸਮੇਂ ਜਾਂ ਨਿਤਨੇਮ ਵਿਚ ਸਵੇਰੇ-ਸ਼ਾਮ ਇਸ ਗ੍ਰੰਥ ਦੀ ਬਾਣੀ  ਕਿਉਂ ਪੜ੍ਹਦੇ ਹੋ? ਉਸ ਨੇ ਕਿਹਾ, “ਮੈਂ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ ਆਪਣਾ ਗੁਰੂ ਮੰਨਦਾ ਹਾਂ, ਹੋਰ ਕਿਸ ਨੂੰ ਨਹੀਂ|”
ਕਿਹੜਾ ਸਿੱਖ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਗੁਰੂ ਮੰਨਦਾ ਹੈ ਅਤੇ ਕਿਹੜਾ ਨਹੀਂ, ਇਸ ਦਾ ਫ਼ੈਸਲਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਨੇ ਹੀ ਕਰਨਾ ਹੈ| ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਗੁਰੂ ਕਿਸ ਰੂਪ ਵਿਚ ਮੰਨਦੇ ਹਾਂ, ਇਸ ਦਾ ਸਬੂਤ ਅੰਮ੍ਰਿਤ-ਸੰਚਾਰ ਸਮੇਂ ਪੜ੍ਹੀਆਂ ਜਾਣ ਵਾਲੀਆਂ ਬਾਣੀਆਂ ਜਿਵੇਂ ਕਿ :-ਜਪੁ, ਜਾਪ, ਸਵੱਯੇ (ਸ੍ਰਾਵਗ ਸੁੱਧ ਵਾਲੇ), ਚੌਪਈ (ਹਮਰੀ ਕਰੋ ਹਾਥ ਦੈ ਰੱਛਾ) ਅਤੇ ਅਨੰਦੁ ਪੜ੍ਹਨ ਸਮੇਂ ਹੀ ਮਿਲ ਜਾਂਦਾ ਹੈ| ਬਹੁਤ ਸਾਰੇ ਸਿੱਖਾਂ ਨੇ ਭਾਵੇਂ ਖੰਡੇ-ਬਾਟੇ ਦੀ ਪਾਹੁਲ ਛਕੀ ਹੋਈ ਹੈ ਪਰ ਉਨ੍ਹਾਂ ਵਿਚੋਂ ਬਹੁਤਿਆਂ ਨੂੰ ਇਹ ਵੀ ਪਤਾ ਨਹੀਂ ਹੈ ਕਿ ਅੰਮ੍ਰਿਤ-ਸੰਚਾਰ ਸਮੇਂ ਜਿਹੜੀਆਂ ਬਾਣੀਆਂ ਪੜ੍ਹੀਆਂ ਜਾਂਦੀਆਂ ਹਨ ਜਾਂ ਨਿਤਨੇਮ ਵਿਚ ਜਿਹੜੀਆਂ ਬਾਣੀਆਂ  ਉਹ ਆਪ ਪੜ੍ਹਦੇ ਹਨ, ਉਹ ਕਿਹੜੇ-ਕਿਹੜੇ ਗ੍ਰੰਥ ਵਿਚ ਦਰਜ ਹਨ|  

1708 ਈ: ਵਿਚ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਤੋਂ ਮਗਰੋਂ  ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਦਾ ਲਈ ਗੁਰਿਆਈ ਦੇ ਦਿੱਤੀ ਸੀ| ਸਿੱਖ, ਗੁਰੂ ਬਾਣੀ ਕਰਕੇ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਗੁਰੂ ਮੰਨਦੇ ਹਨ ਕਿਉਂਕਿ ਗੁਰਬਾਣੀ ਦਾ ਫ਼ੁਰਮਾਨ ਹੈ :-
ਬਾਣੀ ਗੁਰੂ, ਗੁਰੂ ਹੈ ਬਾਣੀ, ਵਿਚਿ ਬਾਣੀ ਅੰਮ੍ਰਿਤ ਸਾਰੇ||
ਗੁਰੁ ਬਾਣੀ ਕਹੈ ਸੇਵਕੁ ਜਨੁ ਮਾਨੈ, ਪਰਤਖਿ ਗੁਰੂ ਨਿਸਤਾਰੇ|| (ਗੁ.ਗ੍ਰੰ.ਸ. ਪੰਨਾ-982)

ਹੈਰਾਨੀ ਦੀ ਗੱਲ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ,  ਜਿਸ ਨੂੰ ਸਦੀਵੀ ਗੁਰਿਆਈ ਪ੍ਰਾਪਤ ਹੈ, ਉਸ ਦੀਆਂ ਅੰਮ੍ਰਿਤ-ਸੰਚਾਰ (ਖੰਡੇ-ਬਾਟੇ ਦੀ ਪਾਹੁਲ) ਸਮੇਂ ਕੇਵਲ ਦੋ ਬਾਣੀਆਂ (ਜਪੁ ਅਤੇ ਅਨੰਦੁ ਸਾਹਿਬ) ਪੜ੍ਹੀਆਂ ਜਾਂਦੀਆਂ ਹਨ ਪਰ ਜਿਸ ਕਹੇ ਜਾਂਦੇ ਦਸਮ ਗ੍ਰੰਥ ਦੀ ਗੁਰੂ ਗੋਬਿੰਦ ਸਿੰਘ ਜੀ ਦੇ ਸਰੀਰ ਤਿਆਗਣ ਸਮੇਂ ਕੋਈ ਹੋਂਦ ਹੀ ਨਹੀਂ ਸੀ, ਉਸ ਦੀਆਂ ਤਿੰਨ ਬਾਣੀਆਂ (ਜਾਪ, ਸਵੱਯੇ (ਸ੍ਰਾਵਗ ਸੁੱਧ ਵਾਲੇ), ਚੌਪਈ (ਹਮਰੀ ਕਰੋ ਹਾਥ ਦੈ ਰੱਛਾ) ਪੜ੍ਹੀਆਂ ਜਾਂਦੀਆਂ ਹਨ| 

ਹੁਣ ਤੁਸੀਂ ਆਪ ਹੀ ਦੱਸੋ, “ਸਿੱਖ, ਕੇਵਲ ਇਕ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਗੁਰੂ ਕਿਵੇਂ ਮੰਨਦੇ ਹਨ ?” ਸਿੱਖ ਆਪਣੇ ਗੁਰੂ ਤੋਂ ਇਲਾਵਾ ਹੋਰ ਗ੍ਰੰਥ ਨੂੰ ਵੀ ਆਪਣਾ ਗੁਰੂ ਮੰਨੀ ਬੈਠੇ ਹਨ| ਇਹ ਦੋਹਰੀ ਨੀਤੀ ਕਿਉਂ ?  ਕੀ ਸਿੱਖ, ਗੁਰੂ ਗੋਬਿੰਦ ਸਿੰਘ ਜੀ ਦੇ ਹੁਕਮਾਂ ਦੀ ਉਲੰਘਣਾ ਕਰਕੇ ਕੇ ਕਿਸੇ ਹੋਰ ਗ੍ਰੰਥ ਦੀ ਬਾਣੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਰਾਬਰ ਦਰਜਾ ਦੇ ਸਕਦੇ ਹਨ ? ਇਕ ਦੇ ਸਿਧਾਂਤ ਬਾਰੇ ਗੁਰਬਾਣੀ ਦਾ ਹੁਕਮ : ਇਕਾ ਬਾਣੀ  ਇਕੁ ਗੁਰ  ਇਕੋ ਸਬਦੁ ਵੀਚਾਰਿ|| (ਗੁ.ਗ੍ਰੰ.ਸਾ.ਪੰਨਾ-646) ਦਾ ਕੀ ਬਣੇਗਾ ? ਕੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ  ਕੇਵਲ ਅਖੰਡ ਪਾਠ, ਸਹਿਜ ਪਾਠ, ਗਾਉਣ ਜਾਂ ਮ੍ਰਿਤਕਾਂ ਦੇ ਭੋਗ ਪਾਉਣ ਵਾਸਤੇ ਹੀ ਹੈ ? ਕੀ ਸਿੱਖਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਹੁਕਮਾਂ ਨੂੰ ਆਪਣੇ ਜੀਵਨ ਵਿਚ ਲਾਗੂ ਕਰਨਾ ਹੈ ਜਾਂ ਨਹੀਂ ? ਇਨ੍ਹਾਂ ਸਵਾਲਾਂ ਨੂੰ ਸੁਣ ਕੇ, ਮੇਰੇ ਦੋਸਤ ਨੂੰ ਇਹ ਅਹਿਸਾਸ ਹੋ ਚੁੱਕਾ ਸੀ ਕਿ ਸਿੱਖ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਗੁਰੂ ਮੰਨਣ ਦਾ ਕੇਵਲ ਫੋਕਾ ਦਿਖਾਵਾ ਹੀ ਕਰ ਰਹੇ ਹਨ| 

ਕਿਸੇ ਦੇਸ਼ ਦੀ ਰਾਜਗੱਦੀ ਉਤੇ ਜਿਹੜਾ ਬਾਦਸ਼ਾਹ ਬੈਠਾ ਹੁੰਦਾ ਹੈ, ਉਸ ਦੇਸ਼ ਅੰਦਰ ਉਸੇ ਬਾਦਸ਼ਾਹ ਦਾ ਹੁਕਮ ਚਲਦਾ ਹੈ, ਕਿਸੇ ਹੋਰ ਵਿਅਕਤੀ ਦਾ ਨਹੀਂ| ਉਸ ਦੇਸ਼ ਦੀ ਪਰਜਾ ਨੂੰ ਵੀ ਉਸੇ ਬਾਦਸ਼ਾਹ ਦਾ ਹੁਕਮ ਮੰਨਣਾ ਪੈਂਦਾ ਹੈ| ਕੋਈ ਹੋਰ ਵਿਅਕਤੀ ਉਸ ਬਾਦਸ਼ਾਹ ਦੇ ਹੁੰਦਿਆਂ ਆਪਣਾ ਹੁਕਮ ਨਹੀਂ ਚਲਾ ਸਕਦਾ| ਇਹ ਤਾਂ ਹੀ ਹੋ ਸਕਦਾ ਹੈ ਜੇਕਰ ਪਹਿਲੇ ਬਾਦਸ਼ਾਹ ਨੂੰ ਰਾਜ ਗੱਦੀ ਤੋਂ ਲਾਹ ਕੇ ਕੋਈ ਹੋਰ ਵਿਅਕਤੀ ਉਸ ਰਾਜ ਗੱਦੀ ਦਾ ਮਾਲਕ ਬਣ ਬੈਠੇ| 

ਯਾਦ ਰੱਖੋ ! ਇਨ੍ਹਾਂ ਦੁਨਿਆਵੀ ਰਾਜਗੱਦੀਆਂ ਉਤੇ ਬੈਠਣ ਵਾਲੇ ਬਦਲਦੇ ਰਹੇ ਹਨ ਅਤੇ ਅੱਗੇ ਨੂੰ ਵੀ ਬਦਲਦੇ ਰਹਿਣਗੇ ਪਰ ਅਕਾਲ ਪੁਰਖ ਦੀ ਜੋਤਿ ਗੁਰੂ ਨਾਨਕ ਸਾਹਿਬ ਦੀ ਗੁਰਗੱਦੀ ਦੇ ਸਦੀਵੀ ਮਾਲਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਥਾਂ ਕਿਸੇ ਹੋਰ ਗ੍ਰੰਥ ਨੂੰ ਗੁਰਿਆਈ ਨਹੀਂ ਦਿੱਤੀ ਜਾ ਸਕਦੀ| ਜਦੋਂ ਤਕ ਸੰਸਾਰ ਹੈ, ਉਦੋਂ ਤਕ ਸਿੱਖ-ਕੌਮ ਅੰਦਰ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਹੀ ਹੁਕਮ ਚੱਲ ਸਕਦਾ ਹੈ, ਹੋਰ ਕਿਸੇ ਗ੍ਰੰਥ ਜਾਂ ਵਿਅਕਤੀ ਦਾ ਨਹੀਂ| ਸਿੱਖ ਦਾ ਸਤਿਗੁਰੂ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਹੈ| ਇਸ ਸਤਿਗੁਰੂ ਤੋਂ ਬਿਨਾਂ ਸਿੱਖ ਲਈ, ਹੋਰ ਬਾਣੀ ਕੱਚੀ ਹੈ| ਗੁਰਬਾਣੀ ਦਾ ਫ਼ੁਰਮਾਨ ਹੈ :-

ਕਹੈ ਨਾਨਕ ਸਤਿਗੁਰੂ ਬਾਝਹੁ ਹੋਰ ਕਚੀ ਬਾਣੀ|| (ਗੁ.ਗ੍ਰੰ.ਸਾ.ਪੰਨਾ-920)

ਸਿੱਖਾਂ ਨੂੰ ਸਾਵਧਾਨ ਹੋਣ ਦੀ ਲੋੜ ਹੈ ਕਿਉਂਕਿ ਗੁਰਮਤਿ ਵਿਰੋਧੀ ਲੋਕ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਨਾਨਕ ਸਾਹਿਬ ਦੀ ਗੁਰਗੱਦੀ ਤੋਂ ਲਾਹ ਕੇ ਜਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਕਹੇ ਜਾਂਦੇ ਦਸਮ ਗ੍ਰੰਥ (ਅਸ਼ਲੀਲ ਗ੍ਰੰਥ) ਦਾ ਪ੍ਰਕਾਸ਼ ਕਰਨ ਲਈ ਦਿਨ-ਰਾਤ ਤਰਲੋ-ਮੱਛੀ ਹੋਏ ਪਏ ਹਨ| ਗੁਰਮਤਿ ਵਿਰੋਧੀ ਲੋਕਾਂ ਦੀਆਂ ਚਾਲਾਂ ਨੂੰ ਨਾਕਾਮ ਕਰਨ ਲਈ ਗੁਰੂ ਦੇ ਸਿੱਖਾਂ ਨੂੰ ਇਕ ਫ਼ੈਸਲਾ ਕਰਨਾ ਪਵੇਗਾ ਕਿ ਸਿੱਖ ਕੇਵਲ ਗੁਰੂ ਨਾਨਕ ਸਾਹਿਬ ਦੀ ਗੁਰਗੱਦੀ ਦੇ ਸਦੀਵੀ ਮਾਲਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ ਆਪਣਾ ਗੁਰੂ ਮੰਨਣ, ਹੋਰ ਕਿਸੇ ਨੂੰ ਨਹੀਂ| ਇਹ ਕੇਵਲ ਕਹਿਣ ਮਾਤਰ ਨਹੀਂ, ਸਗੋਂ ਆਪਣੇ ਗੁਰੂ ਦੇ ਹੁਕਮਾਂ ਨੂੰ ਆਪਣੇ ਜੀਵਨ ਵਿਚ ਲਾਗੂ ਕਰ ਕੇ ਮੰਨਣਾ ਹੈ| ਜੇਕਰ ਸਿੱਖ ਆਪਣੇ ਗੁਰੂ ਦੇ ਹੁਕਮਾਂ ਨੂੰ ਮਨ-ਬਚ-ਕਰਮ ਕਰ ਕੇ ਮੰਨ ਲੈਂਦੇ ਹਨ, ਤਾਂ ਗੁਰਮਤਿ ਵਿਰੋਧੀ ਲੋਕਾਂ ਦੀਆਂ ਚਾਲਾਂ ਨੂੰ ਕਦੇ ਵੀ ਕਾਮਯਾਬ ਨਹੀਂ ਹੋਣ ਦੇਣਗੇ| 

ਗੁਰੂ ਦੇ ਸਿੱਖਾਂ ਨੂੰ ਚਾਹੀਦਾ ਹੈ ਕਿ ਗੁਰੂ ਨਾਨਕ ਸਾਹਿਬ ਦੀ ਗੁਰਗੱਦੀ ਦੇ ਸਦੀਵੀ ਮਾਲਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਹੇਠ ਚੱਲ ਕੇ ਸਰਬੱਤ ਦਾ ਭਲਾ ਕਰਨ ਲਈ, ਇਸ ਦੇ ਸਿਧਾਂਤਾਂ ਉਤੇ ਚਲਣ ਦਾ ਸਬੂਤ ਦੇਣਾ ਚਾਹੀਦਾ ਹੈ, ਤਾਂ ਜੋ ਸਿੱਖ-ਕੌਮ ਦੀ ਚੜ੍ਹਦੀ ਕਲਾ ਹਮੇਸ਼ਾ ਬਰਕਰਾਰ ਰਹੇ|



Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top